ਲਾਰੈਂਸ ਬਿਸ਼ਨੋਈ ਦੇ ਗਰੋਹ ਨੇ ਘੜੀ ਸੀ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼

ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਨੂੰ ਮਰਵਾਉਣ ਦੀ ਸਾਜ਼ਿਸ਼ ਕੈਨੇਡਾ ਬੈਠੇ ਗੋਲਡੀ ਬਰਾੜ ਸਣੇ ਉਸ ਦੇ ਗਰੋਹ ਮੈਂਬਰਾਂ ਵੱਲੋਂ ਘੜੇ ਜਾਣ ਦੀ ਗੱਲ ਕਬੂਲੀ ਹੈ। ਬਿਸ਼ਨੋਈ, ਜੋ ਇਸ ਵੇਲੇ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੀ ਹਿਰਾਸਤ ਵਿਚ ਹੈ, ਮੁਤਾਬਕ ਮੂਸੇਵਾਲਾ ਅਕਾਲੀ ਦਲ ਦੇ ਨੌਜਵਾਨ ਆਗੂ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂਖੇੜਾ ਦੀ ਪਿਛਲੇ ਸਾਲ 7 ਅਗਸਤ ਨੂੰ ਹੋਈ ਹੱਤਿਆ ਵਿਚ ਸ਼ਾਮਲ ਸੀ, ਜੋ ਉਸ ਅਤੇ ਪੰਜਾਬੀ ਗਾਇਕ ਦਰਮਿਆਨ ‘ਟਕਰਾਅ` ਦੀ ਵਜ੍ਹਾ ਸੀ।

ਤਫਤੀਸ਼ੀ ਅਧਿਕਾਰੀਆਂ ਨੇ ਕਿਹਾ ਕਿ ਬਿਸ਼ਨੋਈ ਜਾਂਚ ਵਿਚ ਸਹਿਯੋਗ ਦੇਣ ਤੋਂ ਇਨਕਾਰੀ ਹੈ ਅਤੇ ਉਸ ਨੇ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਘੜਨ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਸਲ ਬੰਦਿਆਂ ਦੇ ਨਾਂ ਅਜੇ ਤੱਕ ਨਹੀਂ ਦੱਸੇ। ਗਾਇਕੀ ਤੋਂ ਸਿਆਸਤ ਦੇ ਪਿੜ ਵਿਚ ਨਿੱਤਰੇ ਸਿੱਧੂ ਮੂਸੇਵਾਲਾ ਦੀ ਕੁਝ ਅਣਪਛਾਤੇ ਹਮਲਾਵਰਾਂ ਨੇ 29 ਮਈ ਨੂੰ ਮਾਨਸਾ ਜਿਲ੍ਹੇ ਦੇ ਪਿੰਡ ਜਵਾਹਰਕੇ ਵਿਚ ਹੱਤਿਆ ਕਰ ਦਿੱਤੀ ਸੀ। ਹਮਲੇ ਤੋਂ ਇਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਗਾਇਕ ਦੀ ਸੁਰੱਖਿਆ ‘ਚ ਕਟੌਤੀ ਕੀਤੀ ਸੀ।
ਤਿਹਾੜ ਜੇਲ੍ਹ ਵਿਚ ਬੰਦ ਲਾਰੈਸ਼ ਬਿਸ਼ਨੋਈ ਤੋਂ ਦਿੱਲੀ ਪੁਲਿਸ ਦਾ ਵਿਸ਼ੇਸ਼ ਸੈੱਲ ਆਰਮਜ ਐਕਟ ਤਹਿਤ ਦਰਜ ਕੇਸ ਵਿਚ ਪੁੱਛਗਿੱਛ ਕਰ ਰਿਹਾ ਹੈ। ਵਿਸ਼ੇਸ਼ ਸੈੱਲ ਨੇ ਬਿਸ਼ਨੋਈ ਨੂੰ ਤਿਹਾੜ ਜੇਲ੍ਹ ‘ਚੋਂ ਗ੍ਰਿਫਤਾਰ ਕਰਕੇ ਪੁੱਛਗਿੱਛ ਲਈ ਰਿਮਾਂਡ ਤਹਿਤ ਹਿਰਾਸਤ ਵਿਚ ਲਿਆ ਸੀ। ਪੁਲਿਸ ਅਧਿਕਾਰੀ ਨੇ ਕਿਹਾ, ”ਬਿਸ਼ਨੋਈ, ਹੁਣ ਤੱਕ ਜਾਂਚ ਵਿਚ ਸਹਿਯੋਗ ਦੇਣ ਤੋਂ ਇਨਕਾਰੀ ਹੈ, ਪਰ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਹੈ ਕਿ ਉਸ ਦੀ ਮੂਸੇਵਾਲਾ ਨਾਲ ਸ਼ਰੀਕੇਬਾਜ਼ੀ ਸੀ ਤੇ ਇਹ ਦਾਅਵਾ ਵੀ ਕੀਤਾ ਕਿ ਉਹਦੇ ਗਰੋਹ ਮੈਂਬਰਾਂ ਨੇ ਗਾਇਕ ਦੀ ਹੱਤਿਆ ਕੀਤੀ ਹੈ। ਉਸ ਨੇ ਖੁਲਾਸਾ ਕੀਤਾ ਕਿ ਸਿੱਧੂ ਮੂਸੇਵਾਲਾ ‘ਤੇ ਹਮਲੇ ਤੇ ਹੱਤਿਆ ਦੀ ਸਾਜ਼ਿਸ਼ ਘੜਨ ਵਾਲੇ ਗਰੋਹ ਮੈਂਬਰਾਂ ‘ਚੋਂ ਗੋਲਡੀ ਬਰਾੜ ਇਕ ਸੀ, ਪਰ ਉਸ ਨੇ ਗਾਇਕ ਦੀ ਹੱਤਿਆ ਦੇ ਅਸਲ ਸਾਜ਼ਿਸ਼ਘਾੜਿਆਂ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਦੇ ਨਾਵਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।“ ਅਧਿਕਾਰੀ ਨੇ ਕਿਹਾ ਕਿ ਬਿਸ਼ਨੋਈ ਨੇ ਮੂਸੇਵਾਲਾ ਦੀ ਹੱਤਿਆ ਪਿਛਲੇ ਅਸਲ ਮੰਤਵ ਬਾਰੇ ਕੁਝ ਨਹੀਂ ਦੱਸਿਆ ਤੇ ਉਹ ਕਤਲ ਬਾਰੇ ਹੋਰ ਤਫ਼ਸੀਲ ਦੇਣ ਤੋਂ ਆਨਾ-ਕਾਨੀ ਕਰ ਰਿਹਾ ਹੈ।“ ਬਿਸ਼ਨੋਈ, ਜਿਸ ਖਿਲਾਫ 60 ਦੇ ਕਰੀਬ ਕੇਸ ਦਰਜ ਹਨ, ਨੂੰ ਤਿਹਾੜ ਦੀ 8 ਨੰਬਰ ਕੇਂਦਰੀ ਜੇਲ੍ਹ ਵਿਚ ਰੱਖਿਆ ਗਿਆ ਹੈ।
ਗੈਂਗਸਟਰ ਕਾਲਾ ਜਠੇੜੀ ਤੇ ਉਸ ਦਾ ਸਾਥੀ ਕਾਲਾ ਰਾਣਾ, ਜੋ ਇਕ ਵੱਖਰੇ ਕੇਸ ਵਿਚ ਪੁਲਿਸ ਦੀ ਹਿਰਾਸਤ ਵਿਚ ਹਨ, ਤੋਂ ਵੀ ਮੂਸੇਵਾਲਾ ਕਤਲ ਕੇਸ ਵਿਚ ਪੁੱਛਗਿਛ ਕੀਤੀ ਗਈ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਅਪਰਾਧੀਆਂ ਨੇ ਦੱਸਿਆ ਸੀ ਕਿ ਉਨ੍ਹਾਂ ਕੋਲੋਂ ਬਰਾਮਦ ਹਥਿਆਰ ਬਿਸ਼ਨੋਈ ਨੇ ਸਪਲਾਈ ਕੀਤੇ ਸਨ।
ਲਾਰੈਂਸ ਨੇ ਹਥਿਆਰ ਸਪਲਾਈ ਕਰਨ ਵਾਲਿਆਂ ਦੇ ਨਾਮ ਦੱਸੇ
ਨਵੀਂ ਦਿੱਲੀ: ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਦੇ ਨਾਮ ਅਤੇ ਟਿਕਾਣਿਆਂ ਬਾਰੇ ਖੁਲਾਸਾ ਕੀਤਾ ਹੈ ਜੋ ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਰਾਜਸਥਾਨ ਆਧਾਰਿਤ ਹਨ। ਪੁਲਿਸ ਨੂੰ ਸ਼ੱਕ ਹੈ ਕਿ ਹਥਿਆਰ ਸਪਲਾਈ ਕਰਨ ਵਾਲਿਆਂ ਨੇ ਹੀ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਸਹਾਇਤਾ ਕੀਤੀ ਹੈ। ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ‘ਚ ਫਰੀਦਕੋਟ ਦਾ ਵਸਨੀਕ ਰਣਜੀਤ, ਹਰਿਆਣਾ-ਰਾਜਸਥਾਨ ਸਰਹੱਦ ਨੇੜੇ ਰਹਿੰਦਾ ਵਿਜੈ ਅਤੇ ਰਾਕਾ ਸ਼ਾਮਲ ਹਨ। ਬਿਸ਼ਨੋਈ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਘੜੀ ਸੀ।