ਆਪਣੇ ਹੀ ਏਜੰਡੇ `ਚ ਉਲਝੀ ਭਾਜਪਾ

ਇਸਲਾਮੀ ਮੁਲਕਾਂ ਦੇ ਰੋਹ ਨੇ ਭਗਵਾ ਧਿਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਈ
ਨਵੀਂ ਦਿੱਲੀ: ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਬਾਰੇ ਮਾੜੀਆਂ ਟਿੱਪਣੀਆਂ ਤੇ ਜੰਮੂ ਕਸ਼ਮੀਰ ਵਿਚ ਕਸ਼ਮੀਰੀ ਪੰਡਿਤਾਂ ਦੀ ਵੱਡੇ ਪੱਧਰ ਉਤੇ ਹਿਜਰਤ ਨੇ ਕੇਂਦਰ ਵਿਚ ਸੱਤਾਧਾਰੀ ਭਾਜਪਾ ਨੂੰ ਪੈਰੋਂ ਕੱਢ ਦਿੱਤਾ ਹੈ।

ਭਾਵੇਂ ਚੁਫੇਰਿਓਂ ਘਿਰੀ ਭਾਜਪਾ ਨੇ ਆਪਣੀ ਰਾਸ਼ਟਰੀ ਤਰਜਮਾਨ ਨੂਪੁਰ ਸ਼ਰਮਾ ਦੀ ਮੁਅੱਤਲੀ ਅਤੇ ਦਿੱਲੀ ਦੇ ਮੀਡੀਆ ਇੰਚਾਰਜ ਦੀ ਬਰਖ਼ਾਸਤਗੀ ਨਾਲ ਇਸ ਵਿਵਾਦ ਵਿਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਪਾਰਟੀ ਦਾ ਸੰਕਟ ਘਟ ਨਹੀਂ ਰਿਹਾ। ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਬਾਰੇ ਇਕ ਟੀਵੀ ਬਹਿਸ ਸਮੇਂ ਕੀਤੀ ਬਿਆਨਬਾਜ਼ੀ ਨੇ ਇਸਲਾਮੀ ਦੇਸ਼ਾਂ ਵਿਚ ਵਿਆਪਕ ਰੋਸ ਪੈਦਾ ਕਰ ਦਿੱਤਾ ਹੈ। 57 ਦੇਸ਼ਾਂ ਦੀ ਸੰਸਥਾ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ ਨੇ ਸੰਯੁਕਤ ਰਾਸ਼ਟਰ ਸੰਘ ਨੂੰ ਇਸ ਮਾਮਲੇ ਵਿਚ ਦਖਲ ਦੇਣ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਤੱਕ ਨੂੰ ਮੁਆਫੀ ਮੰਗਣੀ ਚਾਹੀਦੀ ਹੈ।
ਇਨ੍ਹਾਂ ਟਿੱਪਣੀਆਂ ਦਾ ਅਸਰ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦੇ ਕਤਰ ਦੌਰੇ ‘ਤੇ ਵੀ ਪਿਆ। ਆਰਥਿਕ ਤੇ ਸੁਰੱਖਿਆ ਮਾਮਲਿਆਂ ਬਾਰੇ ਡਿਪਟੀ ਅਮੀਰ ਸ਼ੇਖ ਅਬਦੁੱਲਾ ਬਿਨ ਅਹਿਮਦ ਅਲ ਥਾਨੀ ਨੇ ਅਚਾਨਕ ਹੀ ਉਨ੍ਹਾਂ ਨਾਲ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ। ਅਮੀਰ ਨੇ ਉਪ ਰਾਸ਼ਟਰਪਤੀ ਦੇ ਸਨਮਾਨ ‘ਚ ਰਾਤਰੀ ਭੋਜ ਦੇਣਾ ਸੀ। ਉਧਰ, ਕੁਵੈਤ ਦੀ ਇਕ ਸੁਪਰ ਮਾਰਕੀਟ ਨੇ ਭਾਰਤੀ ਉਤਪਾਦਾਂ ਨੂੰ ਆਪਣੀਆਂ ਅਲਮਾਰੀਆਂ ‘ਚੋਂ ਬਾਹਰ ਕਰ ਦਿੱਤਾ ਹੈ।
ਸਾਊਦੀ ਅਰਬ, ਇੰਡੋਨੇਸ਼ੀਆ, ਜਾਰਡਨ, ਬਹਿਰੀਨ ਅਤੇ ਅਫ਼ਗਾਨਿਸਤਾਨ ਨੇ ਅਰਬ ਮੁਲਕਾਂ ਦੇ ਰੋਸ ‘ਚ ਸ਼ਾਮਲ ਹੁੰਦਿਆਂ ਵਿਵਾਦਤ ਬਿਆਨਾਂ ਦੀ ਨਿਖੇਧੀ ਕਰਦਿਆਂ ਭਾਰਤ ਨੂੰ ਸਾਰੇ ਧਰਮਾਂ ਦਾ ਆਦਰ ਕਰਨ ‘ਤੇ ਜ਼ੋਰ ਦਿੱਤਾ ਤੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਜਨਤਕ ਤੌਰ ‘ਤੇ ਮੁਆਫੀ ਮੰਗੇ। ਇਸ ਤੋਂ ਪਹਿਲਾਂ ਕਤਰ, ਕੁਵੈਤ ਅਤੇ ਇਰਾਨ ਨੇ ਭਾਰਤੀ ਸਫੀਰਾਂ ਨੂੰ ਸੱਦ ਕੇ ਆਪਣਾ ਰੋਸ ਜਤਾਇਆ ਸੀ। ਇਸ ਦਬਾਅ ਦੇ ਚੱਲਦਿਆਂ ਭਾਜਪਾ ਨੇ ਇਕ ਹੋਰ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਕੋਈ ਵੀ ਬੁਲਾਰਾ ਆਪਣੇ ਆਪ ਕਿਸੇ ਟੀ.ਵੀ. ਸ਼ੋਅ ਵਿਚ ਨਹੀਂ ਜਾਵੇਗਾ; ਇਸ ਦੀ ਮੀਡੀਆ ਸੈੱਲ ਤੋਂ ਅਧਿਕਾਰਤ ਮਨਜ਼ੂਰੀ ਲੈਣੀ ਜ਼ਰੂਰੀ ਹੈ। ਪਤਾ ਲੱਗਾ ਹੈ ਕਿ ਭਾਜਪਾ ਨੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਆਪਣੇ 38 ਆਗੂਆਂ ਦੀ ਪਛਾਣ ਕਰ ਲਈ ਹੈ। ਭਾਜਪਾ ਨੇ ਇਨ੍ਹਾਂ ਵਿਚੋਂ 27 ਚੁਣੇ ਹੋਏ ਆਗੂਆਂ ਨੂੰ ਅਜਿਹੇ ਬਿਆਨ ਦੇਣ ਤੋਂ ਬਚਣ ਦੀ ਹਦਾਇਤ ਕੀਤੀ ਹੈ। ਨੂਪੁਰ ਸ਼ਰਮਾ ਤੇ ਨਵੀਨ ਕੁਮਾਰ ਜਿੰਦਲ ਖਿਲਾਫ ਕਾਰਵਾਈ ਤੋਂ ਬਾਅਦ ਭਾਜਪਾ ਨੇ ਪਿਛਲੇ ਅੱਠ ਸਾਲਾਂ ਦੌਰਾਨ ਆਪਣੇ ਆਗੂਆਂ ਵੱਲੋਂ ਦਿੱਤੇ ਬਿਆਨਾਂ ਨੂੰ ਆਈ.ਟੀ. ਮਾਹਿਰਾਂ ਦੀ ਮਦਦ ਨਾਲ ਘੋਖਿਆ ਹੈ। ਇਨ੍ਹਾਂ ਵਿਚੋਂ 5200 ਦੇ ਕਰੀਬ ਬਿਆਨ ਗੈਰ-ਜ਼ਰੂਰੀ ਤੇ 2700 ਬਿਆਨ ਸੰਵੇਦਨਸ਼ੀਲ ਮੰਨੇ ਹਨ। 38 ਆਗੂਆਂ ਦੇ ਬਿਆਨ ਧਾਰਮਿਕ ਰਵਾਇਤਾਂ ਨੂੰ ਸੱਟ ਮਾਰਨ ਦੀ ਸ਼੍ਰੇਣੀ ਵਿਚ ਸ਼ਾਮਲ ਦੱਸੇ ਜਾਂਦੇ ਹਨ।
ਭਾਵੇਂ ਭਾਜਪਾ ਇਸ ਵਿਵਾਦ ਵਿਚੋਂ ਨਿਕਲਣ ਲਈ ਹਰ ਹਰਬਾ ਵਰਤ ਰਹੀ ਹੈ ਪਰ ਇਸ ਦੇ ਬਾਵਜੂਦ ਮਾਮਲਾ ਭਗਵਾ ਧਿਰ ਦੇ ਗਲੇ ਦੀ ਹੱਡੀ ਬਣ ਗਿਆ ਹੈ। ਹਜ਼ਰਤ ਮੁਹੰਮਦ ਉਤੇ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਕਾਰਨ ਉਠੇ ਵਿਵਾਦ ਉਤੇ ਨਾਰਾਜ਼ਗੀ ਪ੍ਰਗਟਾਉਣ ਵਾਲੇ ਦੇਸ਼ਾਂ ਦੀ ਸੂਚੀ ਲੰਮੀ ਹੋ ਰਹੀ ਹੈ। ਇਸ ਸੂਚੀ ਵਿਚ ਪਾਕਿਸਤਾਨ, ਅਫ਼ਗਾਨਿਸਤਾਨ, ਕਤਰ, ਕੁਵੈਤ, ਈਰਾਨ, ਓਮਾਨ, ਸਾਊਦੀ ਅਰਬ, ਇੰਡੋਨੇਸ਼ੀਆ, ਜੌਰਡਨ ਅਤੇ 57 ਇਸਲਾਮਿਕ ਦੇਸ਼ਾਂ ਦੇ ਸੰਗਠਨ ਓ.ਆਈ.ਸੀ. ਦਾ ਨਾਂ ਸ਼ਾਮਲ ਹੈ। ਵਿਰੋਧ ਦਾ ਸੇਕ ਝੱਲ ਰਹੀ ਸਰਕਾਰ ਵੱਲੋਂ ਦਿੱਤੇ ਅਧਿਕਾਰਤ ਬਿਆਨ ਵਿਚ ਭਾਵੇਂ ਦੋਵਾਂ ਆਗੂਆਂ ਨੂੰ ਬਦਅਮਨੀ ਫੈਲਾਉਣ ਵਾਲੇ ਅਨਸਰ ਕਹਿ ਕੇ ਉਨ੍ਹਾਂ ਦੇ ਬਿਆਨ ਤੋਂ ਕਿਨਾਰਾ ਕੀਤਾ ਗਿਆ ਹੈ ਪਰ ਇਨ੍ਹਾਂ ਮੁਲਕਾਂ ਵੱਲੋਂ ਭਾਰਤੀ ਰਾਜਦੂਤਾਂ ਨੂੰ ਤਲਬ ਕਰਕੇ ਰੋਸ ਪ੍ਰਗਟਾਇਆ ਗਿਆ। ਬਾਹਰਲੇ ਮੁਲਕਾਂ ਤੋਂ ਜਤਾਏ ਜਾ ਰਹੇ ਵਿਰੋਧ ਤੋਂ ਇਲਾਵਾ ਦੇਸ਼ ਵਿਚ ਵੀ ਦੋਵਾਂ ਆਗੂਆਂ ਦੇ ਬਿਆਨਾਂ ਉਤੇ ਤਿੱਖਾ ਪ੍ਰਤੀਕਰਮ ਕਰਦਿਆਂ ਇਸ ਨੂੰ ਦੇਸ਼ ਤੋੜਨ ਦੀਆਂ ਕੋਸ਼ਿਸ਼ਾਂ ਕਰਾਰ ਦਿੱਤਾ। ਵਿਰੋਧੀ ਧਿਰਾਂ ਨੇ ਭਾਜਪਾ ਵੱਲੋਂ ਦੋਹਾਂ ਆਗੂਆਂ ਖ਼ਿਲਾਫ਼ ਕੀਤੀ ਕਾਰਵਾਈ ਨੂੰ ਢੌਂਗ ਕਰਾਰ ਦਿੰਦਿਆਂ ਕਿਹਾ ਕਿ ਇਹ ਭਾਜਪਾ ਵਲੋਂ ਕੀਤੀ ‘ਡੈਮੇਜ ਕੰਟਰੋਲ` ਕਾਰਵਾਈ ਹੈ।
ਦਰਅਸਲ, ਭਾਜਪਾ ਲਈ ਇਹ ਵਿਵਾਦ ਉਸ ਸਮੇਂ ਖੜ੍ਹਾ ਹੋਇਆ ਹੈ ਜਦੋਂ ਇਹ ਜੰਮੂ ਕਸ਼ਮੀਰ ਵਿਚ ਕਸ਼ਮੀਰੀ ਪੰਡਿਤਾਂ ਦੀਆਂ ਮਿਥ ਕੇ ਹੋ ਰਹੀਆਂ ਹੱਤਿਆਵਾਂ ਦੇ ਮਾਮਲੇ ਉਤੇ ਘਿਰੀ ਹੋਈ ਹੈ। ਇਥੋਂ ਵੱਡੀ ਗਿਣਤੀ ਕਸ਼ਮੀਰੀ ਪੰਡਿਤ ਹਿਜਰਤ ਕਰ ਰਹੇ ਹਨ। ਭਾਜਪਾ ਨੇ ਧਾਰਾ 370 ਖਤਮ ਕਰਕੇ ਦਾਅਵਾ ਕੀਤਾ ਸੀ ਕਿ ਹੁਣ ਮਾਹੌਲ ਬਿਲਕੁਲ ਸ਼ਾਂਤ ਹੋ ਗਿਆ ਹੈ ਤੇ ਕਸ਼ਮੀਰੀ ਪੰਡਿਤ ਆਪਣੇ ਘਰਾਂ ਨੂੰ ਪਰਤ ਆਏ ਹਨ। ਭਗਵਾ ਧਿਰ ਨੇ ਇਸ ਦਾ ਸਿਆਸੀ ਲਾਹਾ ਲੈਣ ਲਈ ਇਸ ‘ਪ੍ਰਾਪਤੀ` ਨੂੰ ਖੂਬ ਪ੍ਰਚਾਰਿਆ ਸੀ ਪਰ ਪਿਛਲੇ ਦਿਨਾਂ ਤੋਂ ਮਿਥ ਕੇ ਹੱਤਿਆਵਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਦੋਸ਼ ਲੱਗ ਰਹੇ ਹਨ ਕਿ ਭਾਜਪਾ ਵੱਲੋਂ ਉਤਰ ਪ੍ਰਦੇਸ਼ ਵਿਚ ਮੁਸਲਿਮ ਪਰਿਵਾਰਾਂ ਦੇ ਘਰਾਂ ਉਤੇ ਬੁਲਡੋਜ਼ਰ ਚਲਾਉਣ, ਗਿਆਨਵਾਪੀ ਸਣੇ ਮਸੀਤਾਂ ਦੀ ਕੀਤੀ ਜਾ ਰਹੀ ਖੁਦਾਈ ਦੇ ਰੋਸ ਵਜੋਂ ਕਸ਼ਮੀਰੀ ਪੰਡਿਤਾਂ ਉਤੇ ਹਮਲੇ ਹੋ ਰਹੇ ਹਨ। ਇਸ ਤੋਂ ਇਲਾਵਾ ਕਸ਼ਮੀਰੀ ਪੰਡਿਤ ਉਤੇ ਬਣੀ ਫਿਲਮ ‘ਦਿ ਕਸ਼ਮੀਰ ਫਾਈਲ` ਨੇ ਅੱਗ ਵਿਚ ਘਿਓ ਦਾ ਕੰਮ ਕੀਤਾ ਹੈ, ਜਿਸ ਵਿਚ ਮਿਥ ਕੇ ਇਕ ਘੱਟ ਗਿਣਤੀ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਯਾਦ ਰਹੇ ਕਿ ਭਾਜਪਾ ਦੀ ਘੱਟ ਗਿਣਤੀਆਂ ਅਤੇ ਖਾਸ ਤੌਰ ਉੱਤੇ ਮੁਸਲਿਮ ਭਾਈਚਾਰੇ ਬਾਰੇ ਪਹੁੰਚ ਇਸ ਤੱਥ ਤੋਂ ਵੀ ਦੇਖੀ ਜਾ ਰਹੀ ਹੈ ਕਿ ਇਸ ਸਮੇਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦਾ ਸੰਸਦ ਦੇ ਦੋਵਾਂ ਸਦਨਾਂ (ਲੋਕ ਸਭਾ ਤੇ ਰਾਜ ਸਭਾ) ਅਤੇ ਵਿਧਾਨ ਸਭਾਵਾਂ ਵਿਚ ਇਕ ਵੀ ਮੁਸਲਮਾਨ ਮੈਂਬਰ ਨਹੀਂ ਹੈ। ਗਿਆਨਵਾਪੀ ਸਮੇਤ ਅਨੇਕ ਟਕਰਾਵੇਂ ਮੁੱਦੇ ਉਭਾਰਨੇ ਅਤੇ ਬੁਲਡੋਜ਼ਰ ਚਲਾਉਣ ਦੀ ਸਿਆਸਤ ਬੇਹੱਦ ਸੰਵੇਦਨਸ਼ੀਲ ਮਸਲੇ ਹਨ। ਕਸ਼ਮੀਰ ਵਿਚ ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ ਦੇ ਹਵਾਲੇ ਨਾਲ ਨਰਿੰਦਰ ਮੋਦੀ ਸਰਕਾਰ ‘ਤੇ ਤਨਜ਼ ਕਸਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਲੋਕ ਸੰਤਾਪ ਝੱਲ ਰਹੇ ਹਨ, ਪਰ ‘ਰਾਜਾ‘ ਜਸ਼ਨਾਂ ਵਿਚ ਰੁੱਝਿਆ ਹੋਇਆ ਹੈ। ਪਾਰਟੀ ਦੇ ਰੋਜ਼ਨਾਮਚੇ ‘ਸਾਮਨਾ‘ ਦੀ ਸੰਪਾਦਕੀ ਵਿਚ ਮੋਦੀ ਸਰਕਾਰ ਦੇ ਅੱਠ ਸਾਲ ਦੇ ਕਾਰਜਕਾਲ ਦੀ 8ਵੀਂ ਵਰ੍ਹੇਗੰਢ ‘ਤੇ ਤਨਜ਼ ਕਸਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਭਾਜਪਾ ਧਾਰਾ 370 ਦੀਆਂ ਵਿਵਸਥਾਵਾਂ ਨੂੰ ਮਨਸੂਖ ਕਰਨ ਤੇ ਪਾਕਿਸਤਾਨ ਆਧਾਰਿਤ ਦਹਿਸ਼ਤਗਰਦਾਂ ‘ਤੇ ਕੀਤੇ ਸਰਜੀਕਲ ਹਮਲਿਆਂ ਦੇ ਪ੍ਰਚਾਰ ਪਾਸਾਰ ਵਿਚ ਰੁੱਝੀ ਹੈ ਪਰ ਇਸ ਗੱਲੋਂ ਹੈਰਾਨੀ ਹੁੰਦੀ ਹੈ ਕਿ ਉਹ ਕਸ਼ਮੀਰੀ ਪੰਡਿਤਾਂ ਦੀਆਂ ਦੁੱਖ ਤਕਲੀਫਾਂ ਤੋਂ ਪੂਰੀ ਤਰ੍ਹਾਂ ਅਣਜਾਣ ਬਣੀ ਹੋਈ ਹੈ।
ਇਸੇ ਦੌਰਾਨ ਨੂਪੁਰ ਸ਼ਰਮਾ ਤੇ ਮੀਡੀਆ ਇੰਚਾਰਜ ਨਵੀਨ ਕੁਮਾਰ ਜਿੰਦਲ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਵਿਵਾਦਿਤ ਟਿੱਪਣੀਆਂ ਲਈ ਭਾਜਪਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਾਂਗਰਸ ਨੇ ਦੋਸ਼ ਲਾਇਆ ਕਿ ਭਗਵਾ ਪਾਰਟੀ ਕੌਮਾਂਤਰੀ ਪੱਧਰ ‘ਤੇ ਦੇਸ਼ ਨੂੰ ਬਦਨਾਮ ਕਰ ਰਹੀ ਹੈ। ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਭਾਜਪਾ ਦੀਆਂ ਗਲਤੀਆਂ ਲਈ ਦੇਸ਼ ਨੂੰ ਮੁਆਫੀ ਮੰਗਣੀ ਪਏ, ਇਹ ਸਵੀਕਾਰ ਨਹੀਂ ਹੈ। ਕਾਂਗਰਸ ਨੇ ਪੈਗੰਬਰ ਖਿਲਾਫ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਦੋਵੇਂ ਭਾਜਪਾ ਕਾਰਕੁਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ।