ਜੂਨ ਚੁਰਾਸੀ: ਟੀਸ ਦਾ ਮੁਜੱਸਮਾ

ਅਵਤਾਰ ਸਿੰਘ
ਫ਼ੋਨ: 94175-18384
ਬੰਗਿਆਂ ਦੇ ਸਿੱਖ ਨੈਸ਼ਨਲ ਕਾਲਜ ਵਿਚ ਮੈਂ ਬੀ ਏ ਦੇ ਤੀਜੇ ਸਾਲ ਵਿਚ ਸੀ। ਕਿਸੇ ਕਾਰਨ ਮੇਰੇ ਲੈਕਚਰ ਪੂਰੇ ਨਾ ਹੋਏ। ਪ੍ਰੋ. ਗਿੱਲ ਨੇ ਮੈਨੂੰ ਦੱਸੇ ਬਿਨਾ ਮੇਰੇ ਲੈਕਚਰ ਕੰਡੋਨ ਕਰਵਾ ਦਿੱਤੇ। ਮੈਂ ਰੋਲ ਨੰਬਰ ਲੈਣ ਗਿਆ ਤਾਂ ਕਲਰਕ ਨੇ ਦੱਸਿਆ ਮੇਰੀਆਂ ਫੀਸਾਂ ਵੀ ਰਹਿੰਦੀਆਂ ਹਨ। ਫੀਸਾਂ ਦਾ ਬੰਦੋਬਸਤ ਨਾ ਹੋਣ ਕਾਰਨ, ਪੇਪਰ ਦੇਣੇ ਤਾਂ ਕਿਤੇ ਰਹੇ, ਮੈਂ ਆਪਣਾ ਰੋਲ ਨੰਬਰ ਹੀ ਨਾ ਲਿਆ। ਪ੍ਰੋ. ਗਿੱਲ ਨੂੰ, ਜੇ ਮੈਂ ਫ਼ੀਸ ਲਈ ਕਹਿ ਦਿੰਦਾ ਤਾਂ ਸ਼ਾਇਦ ਉਹ ਵੀ ਮੁਆਫ਼ ਹੋ ਜਾਂਦੀ। ਮੈਂ ਕਹਿ ਹੀ ਨਾ ਸਕਿਆ ਤੇ ਆਪਣਾ ਸਾਲ ਮਰਵਾ ਲਿਆ ਕਿ ਅਗਲੇ ਸਾਲ ਪ੍ਰਾਈਵੇਟ ਸਹੀ।

ਅਗਲੇ ਸਾਲ ਪ੍ਰਾਈਵੇਟ ਦਾਖਲਾ ਭਰ ਕੇ, ਪਹਿਲਾਂ ਘਰੇ ਪੜ੍ਹਦਾ ਰਿਹਾ, ਫਿਰ ਪ੍ਰੋ. ਹਰਪਾਲ ਸਿੰਘ ਦੇ ਦੋਸਤ ਜਸਮੇਰ ਸਿੰਘ ਕੋਲ, ਮੈਂ ਅੰਗਰੇਜ਼ੀ ਦੀ ਟਿਊਸ਼ਨ ਰੱਖ ਲਈ ਤੇ ਚਰਨ ਕੰਵਲ ਗੁਰਦੁਆਰੇ ਦੀ ਸਰਾਂ ਵਿਚ ਕਮਰਾ ਲੈ ਲਿਆ। ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਸਨ ਤੇ ਸਿੱਖ ਮੁੰਡਿਆਂ ਦੀ ਫੜੋਫੜੀ ਜੋ਼ਰਾਂ `ਤੇ ਸੀ, ਜਿਸ ਕਰਕੇ ਮੇਰਾ ਦੋਸਤ ਪਰਗਣ ਵੀ ਮੇਰੇ ਨਾਲ ਹੀ ਰਹਿਣ ਲੱਗ ਪਿਆ ਤੇ ਕੁਝ ਦਿਨਾਂ ਬਾਅਦ, ਮੂਸਾ ਪੁਰ ਵਾਲਾ ਰਾਜਾ ਵੀ ਸਾਡੇ ਨਾਲ ਆ ਗਿਆ। ਮਿਲਦੇ ਅਸੀਂ ਪਹਿਲਾਂ ਵੀ ਸਾਂ, ਪਰ ਇਕੱਠੇ ਰਹਿਣ ਕਾਰਨ ਅਸੀਂ ਏਨੇ ਘੁਲ-ਮਿਲ ਗਏ ਕਿ ਰਲ-ਮਿਲ ਕੇ ਖ਼ੂਬ ਪੜ੍ਹਦੇ, ਗੱਲਾਂ ਕਰਦੇ, ਹੱਸਦੇ, ਖੇਡਦੇ ਤੇ ਬੜਾ ਕੁਝ ਸਿੱਖਣ ਦੀ ਕੋਸ਼ਿਸ਼ ਕਰਦੇ; ਵਿਚ ਵਿਚ ਮੱਛਰਦੇ।
ਅੱਜ ਵੀ ਯਾਦ ਹੈ, ਲੌਢੇ ਵੇਲੇ ਸਰੋਵਰ ਵਿਚ ਇਸ਼ਨਾਨ ਕਰਨਾ, ਸ਼ਾਮ ਨੂੰ ਤੇਗ ਸਾਹਿਬ ਨਾਲ ਸਰੋਵਰ ਦੀ ਪਰਿਕਰਮਾ ਵਿਚ ਸ਼ਤਰੰਜ ਖੇਡਣੀ। ਰਾਤ ਨੂੰ ਲੰਗਰ ਛਕ ਕੇ ਕਾਲਜ ਵਿਚ ਘੁੰਮਣ ਚਲੇ ਜਾਣਾ ਤੇ ਆ ਕੇ ਦੇਰ ਰਾਤ ਤੱਕ ਪੜ੍ਹਦੇ ਰਹਿਣਾ। ਤੜਕੇ ਫਿਰ ਚਾਹ ਪੀਣੀ ਤੇ ਪੜ੍ਹਨ ਬੈਠ ਜਾਣਾ। ਤਿਆਰ ਹੋ ਕੇ ਰਾਜੇ ਤੇ ਪਰਗਣ ਨੇ ਕਾਲਜ ਚਲੇ ਜਾਣਾ ਤੇ ਮੈਂ ਜਸਮੇਰ ਸਿੰਘ ਕੋਲ ਟਿਊਸ਼ਨ ਲਈ ਚਲੇ ਜਾਣਾ।
ਕਦੇ ਕਦੇ ਸ਼ਾਮ ਨੂੰ ਪ੍ਰੋ. ਹਰਪਾਲ ਸਿੰਘ ਨੇ ਸਾਡੇ ਕੋਲ ਆ ਜਾਣਾ। ਉਨ੍ਹਾਂ ਨੂੰ ਦੇਖ ਕੇ ਚਰਨ ਕੰਵਲ ਦੇ ਮੈਨੇਜਰ, ਤੇਗ ਸਾਹਿਬ ਨੇ ਵੀ ਆ ਜਾਣਾ ਤਾਂ ਦੇਰ ਰਾਤ ਤੱਕ ਕਿਸੇ ਨਾ ਕਿਸੇ ਵਿਸ਼ੇ `ਤੇ ਚਰਚਾ ਛਿੜ ਜਾਣੀ। ਕਦੇ ਪ੍ਰੋ. ਹਰਪਾਲ ਸਿੰਘ ਨਾਲ ਪ੍ਰੋ. ਸ਼ਰਮਾ ਆ ਜਾਂਦੇ, ਕਦੇ ਜਸਮੇਰ ਸਿੰਘ ਤੇ ਕਦੇ ਦਿਲਬਾਗ ਸਿੰਘ ਗ਼ਾਲਿਬ। ਉਹ ਕਿਹੜਾ ਵਿਸ਼ਾ ਸੀ, ਜਿਹਦੇ ਬਾਰੇ ਉਥੇ ਗੱਲ ਨਾ ਹੁੰਦੀ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨ ਕੰਵਲਾਂ ਵਿਚ ਸਜਦਾ ਗਿਆਨ ਆਸ਼ਰਮ ਮੇਰੀ ਜ਼ਿੰਦਗੀ ਦਾ ਸੁਰਗ ਸੀ, ਜਿੱਥੇ ਮੈਨੂੰ ਗਿਆਨ ਦੀ ਲੋਅ ਨਜ਼ਰ ਆਈ।
ਤੇਗ ਸਾਹਿਬ ਕੋਲ ਬੜਾ ਅੱਛਾ ਰੇਡੀਓ ਸੀ, ਜਿਹਦਾ ਉਹ ਕਦੇ ਵਿਸਾਹ ਨਾ ਖਾਂਦੇ ਤੇ ਸ਼ਾਮ ਨੂੰ ਹਰ ਰੋਜ਼ ਸਾਡੇ ਨਾਲ ਬਹਿ ਕੇ ਬੀ ਬੀ ਸੀ ਸੁਣਦੇ। ਮਾਰਕ ਟੱਲੀ ਤੇ ਸਤੀਸ਼ ਜੈਕਬ ਦਾ ਨਾਂ ਸੁਣਦੇ ਹੀ ਸਾਡਾ ਸਾਹ ਰੁਕ ਜਾਂਦਾ ਤੇ ਸਾਡੀ ਸੁਰਤ ਅੰਮ੍ਰਿਤਸਰ ਦੇ ਮੰਜੀ ਸਾਹਿਬ ਦੀਵਾਨ ਹਾਲ ਵਿਚ ਪੁੱਜ ਜਾਂਦੀ ਕਿ ਸੰਤ ਲੌਂਗੋਵਾਲ ਕੀ ਬੋਲੇ, ਬਾਦਲ ਨੇ ਕੀ ਕਿਹਾ, ਟੌਹੜਾ ਕੀ ਬੋਲਿਆ ਤੇ ਸਰਕਾਰ ਨੇ ਕੀ ਕਿਹਾ। ਬੀ ਬੀ ਸੀ ਦੀ ਸੂਈ ਬਹੁਤੀ ਦੇਰ ਭਿੰਡਰਾਂਵਾਲੇ `ਤੇ ਟਿਕਦੀ ਤੇ ਬੜੀ ਤਫ਼ਸੀਲ ਵਿਚ ਚਰਚਾ ਹੁੰਦੀ। ਆਲ ਇੰਡੀਆ ਰੇਡੀ ਦੀਆਂ ਖਬਰਾਂ ਤਸੱਲੀ ਨਾ ਦਿੰਦੀਆਂ ਤੇ ਸ਼ੱਕੀ ਲੱਗਦੀਆਂ। ਸਵੇਰ ਨੂੰ ਤੇਗ ਸਾਹਿਬ ਦੇ ਦਫਤਰ ਵਿਚ ਕਈ ਅਖਬਾਰਾਂ ਆਉਂਦੀਆਂ ਤੇ ਅਸੀਂ ਉਨ੍ਹਾਂ ਵਿਚੋਂ, ਰਾਤੀਂ ਸੁਣੀਆਂ ਬੀ ਬੀ ਸੀ ਦੀਆਂ ਖਬਰਾਂ ਦੀ ਪੁਸ਼ਟੀ ਕਰਦੇ। ਕਈ ਬਜ਼ੁਰਗ ਅਖਬਾਰ ਪੜ੍ਹਨ ਦੀ ਬਜਾਏ ਤੇਗ ਸਾਹਿਬ ਕੋਲੋਂ ਹੀ ਖਬਰਾਂ ਦੀ ਤਫ਼ਸੀਰ ਪੁੱਛਦੇ।
ਇਕ ਦਿਨ ਤੜਕੇ ਤੇਗ ਸਾਹਿਬ ਨੇ ਸਾਨੂੰ ਉਠਾਇਆ। ਉਹ ਤਿਆਰ ਬਰ ਤਿਆਰ ਸਨ। ਉਨ੍ਹਾਂ ਨੇ ਦੱਸਿਆ ਕਿ ਉਹ ਇੰਗਲੈਂਡ ਰਹਿੰਦੇ ਆਪਣੇ ਭਾਈ ਕੋਲ ਚੱਲੇ ਹਨ। ਉਨ੍ਹਾਂ ਨੇ ਸਾਨੂੰ ਚੇਤੰਨ ਰਹਿਣ ਲਈ ਕਿਹਾ ਤੇ ਆਪਣਾ ਰੇਡੀਓ ਸਾਨੂੰ ਦੇ ਗਏ।
ਤੇਗ ਸਾਹਿਬ ਨੂੰ ਗਿਆਂ ਹਾਲੇ ਚਾਰ ਦਿਨ ਹੀ ਹੋਏ ਸਨ, ਖ਼ਬਰ ਆਈ ਕਿ ਸਾਰੇ ਪੰਜਾਬ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ। ਖ਼ਬਰ ਸੁਣ ਕੇ, ਪਿੰਡੋਂ ਆਏ ਮੇਰੇ ਦੋਸਤ, ਪਾਲਾ ਤੇ ਹਰਜਿੰਦਰ ਵਾਪਸ ਚਲੇ ਗਏ ਤੇ ਅਸੀਂ ਸਹਿਮੇ-ਸਹਿਮੇ ਸਰਾਂ ਦੇ ਬਾਹਰ ਮੰਜੇ ਡਾਹ ਕੇ ਸੌਂ ਗਏ। ਅੱਧੀ ਰਾਤ ਨੂੰ ਗੱਡੀਆਂ ਦੀਆਂ ਅੰਧਾ-ਧੁੰਦ ਅਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਅਸੀਂ ਖ਼ੌਫ਼ਜ਼ਦਾ ਹੋ ਗਏ ਤੇ ਚਾਦਰਾਂ ਨਾਲ ਮੂੰਹ ਢੱਕ ਕੇ ਇਸ ਤਰ੍ਹਾਂ ਪਏ ਰਹੇ, ਜਿਵੇਂ ਕੁਝ ਵੀ ਨਾ ਹੋਇਆ ਹੋਵੇ। ਫਿਰ ਸਾਨੂੰ ਫੌਜੀ ਬੂਟਾਂ ਦੀ ਟਾਪ ਸੁਣਾਈ ਦਿੱਤੀ ਤੇ ਅਸੀਂ ਉਠ ਕੇ ਦੇਖਿਆ ਤਾਂ ਸਰਾਂ ਦੀ ਛੱਤ ਉਤੇ ਸਰਚ ਲਾਈਟਾਂ ਵੱਜ ਰਹੀਆਂ ਸਨ। ਸਾਨੂੰ ਸਮਝ ਨਾ ਲੱਗੇ ਕਿ ਮਾਜਰਾ ਕੀ ਹੈ। ਫਿਰ ਚੁੱਪ ਪਸਰ ਗਈ ਤੇ ਅਸੀਂ ਫਿਰ ਸੌਣ ਦਾ ਯਤਨ ਕਰਨ ਲੱਗੇ। ਦਿਲ ਨੂੰ ਚੈਨ ਨਾ ਆਵੇ, ਸੰਸਾ ਵੱਢ ਵੱਢ ਖਾਵੇ ਤੇ ਨੀਂਦ ਦਾ ਨਾਮੋ ਨਿਸ਼ਾਨ ਨਾ ਰਿਹਾ।
ਰਤਾ ਲੋਅ ਹੋਈ ਤਾਂ ਦੇਖਿਆ ਕਿ ਸਾਨੂੰ ਫੌਜ ਨੇ ਚਾਰੇ ਪਾਸਿਓਂ ਘੇਰਿਆ ਹੋਇਆ ਸੀ ਤੇ ਸਰਾਂ ਵਾਲੇ ਪਾਸੇ ਛੱਤ ਉਪਰ ਸਾਡੇ ਵੱਲ ਨੂੰ ਰਫ਼ਲਾਂ ਤਾਣ ਕੇ ਫੌਜੀ ਲੇਟੇ ਹੋਏ ਸਨ। ਉਹ ਬਹੁਤੀ ਹਿਲ-ਜੁਲ ਨਹੀਂ ਸੀ ਕਰ ਰਹੇ ਤੇ ਵਾਕੀ ਟਾਕੀ ਰਾਹੀਂ ਸਾਡੇ ਬਾਰੇ ਪਿੱਛੇ ਖਬਰਾਂ ਭੇਜ ਰਹੇ ਸਨ। ਸਾਨੂੰ ਲੱਗਿਆ, ਜਿਵੇਂ ਉਹ ਸਾਡੀ ਗਿਣਤੀ ਕਰ ਰਹੇ ਹੋਣ। ਦੋ ਰਾਤਾਂ ਤੇ ਦੋ ਦਿਨ ਉਨ੍ਹਾਂ ਨੇ ਸਾਨੂੰ ਘੇਰੀ ਰੱਖਿਆ। ਸਾਨੂੰ ਆਪਣੇ ਉਤੇ ਵਿਸ਼ਵਾਸ ਤਾਂ ਸੀ, ਪਰ ਇਹ ਵੀ ਵਿਸ਼ਵਾਸ ਸੀ ਕਿ ਸਾਡੇ ਦੇਸ਼ ਵਿਚ, ਅਜਿਹੇ ਵੇਲੇ, ਵਿਸ਼ਵਾਸ ਕੰਮ ਨਹੀਂ ਆਉਂਦੇ। ਅਸੀਂ ਸੋਚਾਂ ਵਿਚ ਡੁੱਬੇ ਹੋਏ ਸਾਂ ਤੇ ਕੁਝ ਵੀ ਸੁੱਝ ਨਹੀਂ ਸੀ ਰਿਹਾ, ਕੀ ਕਰੀਏ ਕੀ ਨਾ ਕਰੀਏ।
ਸ਼ਾਮ ਨੂੰ ਬੀ ਬੀ ਸੀ ਤੋਂ ਪਤਾ ਲੱਗਾ ਕਿ ਫੌਜ ਨੇ ਕਈ ਗੁਰਦੁਆਰੇ ਘੇਰੇ ਹੋਏ ਹਨ ਤੇ ਸਭ ਤੋਂ ਵੱਡਾ ਘੇਰਾ ਹਰਿਮੰਦਰ ਸਾਹਿਬ ਨੂੰ ਪਿਆ ਹੋਇਆ ਹੈ। ਦਿਲ ਨੂੰ ਡੋਬੂ ਪੈਣ ਲੱਗੇ ਤੇ ਅਸੀਂ ਗੁਰਦੁਆਰੇ ਦੇ ਕੀਰਤਨੀਏ ਭਾਈ ਜੋਗਾ ਸਿੰਘ ਨਾਲ ਸਲਾਹ ਕੀਤੀ। ਉਹ ਬੇਹੱਦ ਚਿੰਤਾ ਵਿਚ ਸੀ ਤੇ ਉਹਦੇ ਤਬਲਚੀ ਮਨਜੀਤ ਸਿੰਘ ਦਾ ਤਾਂ ਪੁੱਛੋ ਕੁਝ ਨਾ। ਸਰਾਂ ਵਿਚ ਰੁਕੇ ਹੋਏ, ਖੇਸ ਖੇਸੀਆਂ ਵੇਚਣ ਵਾਲੇ ਦੋ ਭਾਈ ਡੌਰ-ਭੌਰ ਸਨ। ਲਾਂਗਰੀ ਬਾਬਾ, ਮੁੱਖ ਗ੍ਰੰਥੀ, ਭਾਈ ਜੋਗਾ ਸਿੰਘ, ਖ਼ਜ਼ਾਨਚੀ, ਜੋੜੇਦਾਰ ਤੇ ਅਸੀਂ ਮਿਲ ਕੇ ਗੁਰਦੁਆਰੇ ਦਾ ਨਿੱਤ-ਨੇਮ ਜਾਰੀ ਰੱਖਿਆ ਤੇ ਆਪਸ ਵਿਚ ਸਲਾਹ ਮਸ਼ਵਰਾ ਵੀ ਕਰਦੇ ਰਹੇ। ਵੈਸੇ ਸਾਡੇ ਕੋਲ ਸਲਾਹ ਮਸ਼ਵਰਾ ਕਰਨ ਲਈ ਕੁਝ ਨਹੀਂ ਸੀ ਬਚਿਆ। ਜੋ ਕਰਨਾ ਸੀ ਫੌਜ ਨੇ ਕਰਨਾ ਸੀ। ਅਸੀਂ ਤਾਂ ਜਿਵੇਂ, ਕਿਸੇ ਭਾਂਬੜ ਦਾ ਬਾਲਣ ਬਣਨਾ ਹੋਵੇ।
ਤੀਜੇ ਦਿਨ ਤੜਕੇ ਸਾਨੂੰ ਅਨਾਊਂਸਮੈਂਟ ਸੁਣਾਈ ਦਿੱਤੀ। ਮਿਲਟਰੀ ਵਾਲੇ ਸਾਨੂੰ ਨਿਸ਼ਾਨ ਸਾਹਿਬ ਕੋਲ ਬੁਲਾ ਰਹੇ ਸਨ। ਰਾਜਾ, ਪਰਗਣ ਤੇ ਮੈਂ ਅੱਭੜਵਾਹੇ ਉਠੇ ਤੇ ਅਸੀਂ ਭਾਈ ਜੋਗਾ ਸਿੰਘ ਨੂੰ ਉਠਾਇਆ। ਵਾਰ ਵਾਰ ਅਨਾਊਂਸਮੈਂਟ ਹੋ ਰਹੀ ਸੀ ਤੇ ਫੌਜੀ ਚੇਤਾਵਨੀ ਦੇ ਰਹੇ ਸਨ। ਸਾਰੇ ਉਠ ਖੜ੍ਹੇ ਹੋਏ ਤੇ ਆਪਣੇ ਆਪ ਹੀ ਤੇਗ ਸਾਹਿਬ ਦੇ ਦਫਤਰ ਮੋਹਰੇ ਇਕੱਠੇ ਹੋ ਗਏ। ਫੌਜ ਨੇ ਸਾਨੂੰ ਇਕ ਦਮ ਘੇਰਾ ਪਾ ਲਿਆ ਤੇ ਗ੍ਰਿਫਤਾਰ ਕਰ ਕੇ ਸਾਡੀ ਜਾਮਾ ਤਲਾਸ਼ੀ ਲਈ। ਫਿਰ ਸਾਡੇ ਹੱਥ ਬੰਨ੍ਹ ਕੇ ਕਾਲਜ ਲੈ ਗਏ, ਜਿੱਥੇ ਸਾਨੂੰ ਇਕ ਇਕ ਕਰਕੇ ਕਮਰਿਆਂ ਵਿਚ ਬੰਦ ਕਰ ਦਿੱਤਾ। ਸੱਤ ਨੰਬਰ ਕਮਰੇ ਵਿਚ ਮੈਂ ਸੀ, ਨਾਲ ਦੇ ਕਮਰੇ ਵਿਚ ਪਰਗਣ, ਉਸ ਤੋਂ ਅੱਗੇ ਰਾਜਾ ਤੇ ਬਾਕੀ ਸਾਰੇ ਅਲੱਗ ਅਲੱਗ ਕਮਰਿਆਂ ਵਿਚ ਬੰਦ ਸਨ, ਜਿਵੇਂ ਅਸੀਂ ਨਮੋਸ਼ੀ ਤੇ ਘਿਰਣਾ ਦੀ ਖੱਡ ਵਿਚ ਗ਼ਰਕ ਹੋ ਗਏ ਹੋਈਏ।
ਦਿਨ ਚੜ੍ਹੇ ਸਾਨੂੰ ਫੌਜੀ ਸੱਦਣ ਆਏ ਤੇ ਕੱਲੇ ਕੱਲੇ ਨੂੰ ਪੁੱਛ-ਗਿੱਛ ਲਈ ਪ੍ਰਿੰਸੀਪਲ ਦੇ ਦਫਤਰ ਲਿਜਾਣ ਲੱਗੇ। ਉਥੇ ਬੈਠਾ ਫੌਜੀ ਅਫਸਰ ਪੁੱਛ-ਗਿੱਛ ਕਰ ਰਿਹਾ ਸੀ ਤੇ ਨਵੇਂ ਸ਼ਹਿਰ ਦਾ ਐਸ ਡੀ ਐਮ ਇਸ ਤਰ੍ਹਾਂ ਬੈਠਾ ਸੀ, ਜਿਵੇਂ ਉਡਦੀ ਪਤੰਗ ਦੇਖ ਰਿਹਾ ਹੋਵੇ। ਫੌਜੀ ਅਫਸਰ ਇਲਾਕੇ ਵਿਚ ਹੋਈਆਂ ਵਾਰਦਾਤਾਂ ਬਾਰੇ ਪੁੱਛ ਰਿਹਾ ਸੀ, ਜਿਨ੍ਹਾਂ ਦਾ ਸਾਨੂੰ ਓਨਾ ਹੀ ਪਤਾ ਸੀ, ਜਿੰਨਾ ਅਖਬਾਰਾਂ ਵਿਚ ਛਪਿਆ ਸੀ।
ਇਸਦੇ ਇਲਾਵਾ ਸਾਨੂੰ ਪਤਾ ਸੀ ਕਿ ਸਰਾਂ ਦੇ ਕਮਰੇ ਵਿਚ ਦੋ ਜਣੇ ਅਕਸਰ ਆਉਂਦੇ ਹਨ, ਰਾਤ ਰਹਿੰਦੇ ਹਨ ਤੇ ਸਵੇਰ ਨੂੰ ਪਤਾ ਨਹੀਂ ਕਿਹੜੇ ਵੇਲੇ ਨਿਕਲ ਜਾਂਦੇ ਸਨ। ਉਹ ਯਾਤਰੂ ਸਨ ਜਾਂ ਤੇਗ ਸਾਹਿਬ ਦੇ ਮਹਿਮਾਨ ਸਨ, ਕੁਝ ਪਤਾ ਨਹੀਂ ਸੀ ਤੇ ਨਾ ਕਦੀ ਸਾਡਾ ਹੌਸਲਾ ਪਿਆ ਸੀ ਕਿ ਤੇਗ ਸਾਹਿਬ ਨੂੰ ਉਨ੍ਹਾਂ ਬਾਬਤ ਕੁਝ ਪੁੱਛੀਏ। ਉਹ ਪੈਦਲ ਆਉਂਦੇ ਤੇ ਪੈਦਲ ਨਿਕਲ ਜਾਂਦੇ। ਉਹ ਕਿਹਦੇ ਬੰਦੇ ਸਨ, ਕੀ ਕਰਦੇ ਸਨ, ਕਿੱਥੋਂ ਆਉਂਦੇ ਸਨ ਤੇ ਕਿੱਥੇ ਜਾਂਦੇ ਸਨ, ਕਿਸੇ ਨੂੰ ਕੁਝ ਪਤਾ ਨਹੀਂ ਸੀ। ਉਨ੍ਹਾਂ ਲਈ ਸਦਾ ਇਕ ਹੀ ਕਮਰਾ ਖੁੱਲ੍ਹਦਾ। ਸ਼ਾਇਦ ਉਹ ਤੇਗ ਸਾਹਿਬ ਦਾ ਕੋਈ ਰਾਜ਼ ਸੀ, ਜਿਸ ਬਾਰੇ ਸਾਡੇ ਕੋਲ ਕੁਝ ਵੀ ਦੱਸਣ ਜੋਗਾ ਨਹੀਂ ਸੀ।
ਫੌਜ ਨੇ ਸਰਾਂ ਦੀ ਤਲਾਸ਼ੀ ਲਈ। ਸਾਡੇ ਖੁੱਲ੍ਹੇ ਕਮਰੇ ਵਿਚੋਂ ਤਾਂ ਉਨ੍ਹਾਂ ਨੂੰ ਸਾਡੀਆਂ ਕਿਤਾਬਾਂ, ਕਾਪੀਆਂ, ਪੈਨ ਅਤੇ ਸ਼ਿਆਹੀ ਦੀ ਦਵਾਤ ਦੇ ਇਲਾਵਾ ਕੁਝ ਨਾ ਮਿਲਿਆ। ਸਿਵਾਇ ਤੇਗ ਸਾਹਿਬ ਵਾਲੀ ਚੈੱਸ ਦੇ, ਬੀ ਬੀ ਸੀ ’ਤੇ ਪੱਕੀ ਟਿਕੀ ਹੋਈ ਸੂਈ ਵਾਲੇ ਰੇਡੀਓ ਦੇ ਤੇ ਇੱਕ ਬੰਸਰੀ ਦੇ, ਜਿਸਨੂੰ ਅਸੀਂ ਕਦੇ ਕਦੇ ਬੇਹੱਦ ਬੇਸੁਰੇ ਅੰਦਾਜ਼ ਵਿਚ ਵਜਾਉਣ ਦੀ ਕੋਸ਼ਿਸ਼ ਕਰਦੇ। ਇਕ ਮੇਰਾ ‘ਦੀਵਾਨਿ ਗ਼ਾਲਿਬ’ ਸੀ, ਜਿਸਦੇ ਇਕ ਸ਼ਿਅਰ ਨੂੰ ਸਮਝਣ ਲਈ ਅਸੀਂ ਸਾਰਾ ਦਿਨ ਬਹਿਸਦੇ ਰਹਿੰਦੇ।
ਫੌਜ ਨੇ ਦੱਸਿਆ ਕਿ ਇਕ ਬੰਦ ਕਮਰੇ ਦੀ ਬੰਦ ਅਲਮਾਰੀ ਵਿਚੋਂ ਉਨ੍ਹਾਂ ਨੂੰ ਗਰਨੇਡ ਮਿਲਿਆ ਹੈ। ਇਹ ਕਮਰਾ ਉਹੀ ਸੀ, ਜਿਹੜਾ ਉਨ੍ਹਾਂ ਦੋ ਜਣਿਆਂ ਲਈ ਹਮੇਸ਼ਾ ਬੰਦ ਰਹਿੰਦਾ ਸੀ। ਸਾਨੂੰ ਨਹੀਂ ਪਤਾ ਕਿ ਉਸ ਕਮਰੇ ਵਿਚੋਂ ਗਰਨੇਡ ਮਿਲਿਆ ਸੀ ਕਿ ਨਹੀਂ, ਪਰ ਉਸ ਕਾਰਨ ਸਾਡੇ ਬੇਹੱਦ ਕੁੱਟ ਪਈ ਤੇ ਅਸੀਂ ਰੱਜ ਕੇ ਗਾਲ਼ਾਂ ਖਾਧੀਆਂ।
ਕਾਲਜ ਦੇ ਕਮਰਿਆਂ ਵਿਚ ਸਾਨੂੰ ਛੇ-ਸੱਤ ਦਿਨ ਬੰਦ ਰੱਖਿਆ ਗਿਆ। ਮੈਂ ਆਪਣਾ ਸਿਰ ਦਾ ਸਾਫ਼ਾ ਹੇਠਾਂ ਵਿਛਾਉਂਦਾ, ਕਮੀਜ਼ ਉਤਾਰ ਕੇ ਕੱਠੀ ਕਰ ਕੇ ਸਿਰਹਾਣਾ ਬਣਾਉਂਦਾ ਤੇ ਭੁੰਜੇ ਲੇਟ ਜਾਂਦਾ। ਕੀ ਪਤਾ ਸੀ ਕਿ ਜਿੱਥੇ ਸ਼ਾਨ ਨਾਲ ਮੈਂ ਕਲਾਸਾਂ ਲਾਉਂਦਾ ਰਿਹਾ ਸਾਂ, ਉਸ ਕਮਰੇ ਵਿਚ ਕਦੇ ਸੌਣਾ ਵੀ ਪਵੇਗਾ। ਰੋਟੀ ਦੇਣ ਆਏ ਫ਼ੌਜੀਆਂ ਦੇ ਇਕ ਹੱਥ ਵਿਚ ਬੀੜੀ ਹੁੰਦੀ ਤੇ ਦੂਜੇ ਹੱਥ ਵਿਚ ਥਾਲ ਹੁੰਦਾ। ਉਹ ਇਸ ਤਰ੍ਹਾਂ ਦੇਖਦੇ, ਜਿਵੇਂ ਅਸੀਂ ਬਹੁਤ ਵੱਡੇ ਦਰਿੰਦੇ, ਡਾਕੂ ਜਾਂ ਚੋਰ ਹੋਈਏ।
ਸਾਨੂੰ ਵਾਸ਼ਰੂਮ ਲਿਜਾਣ ਵੇਲੇ ਅਗਲੇ ਫ਼ੌਜੀਆਂ ਨੇ ਰਫ਼ਲਾਂ ਦੇ ਮੂੰਹ ਪਿੱਛੇ ਵੱਲ ਕੀਤੇ ਹੁੰਦੇ ਤੇ ਪਿਛਲੇ ਫ਼ੌਜੀਆਂ ਨੇ ਅੱਗੇ ਵੱਲ ਰਫ਼ਲਾਂ ਤਾਣੀਆਂ ਹੁੰਦੀਆਂ। ਨਹਾਉਣਾ ਤਾਂ ਕਿਤੇ ਰਿਹਾ ਅਸੀਂ ਹਫ਼ਤਾ ਭਰ ਕੁਰਲੀ ਵੀ ਨਾ ਕਰ ਸਕੇ। ਏਨੀ ਗਰਮੀ ਵਿਚ ਬੂੰਦ-ਬੂੰਦ ਪਾਣੀ ਮਿਲਦਾ।
ਅਸੀਂ ਉਥੇ ਦੱਬ ਕੇ ਕੁੱਟ ਖਾਧੀ ਤੇ ਰੱਜ ਕੇ ਜ਼ਲੀਲ ਹੋਏ। ਸਾਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਸੀ ਤੇ ਅਸੀਂ ਦੱਸਦੇ ਵੀ ਕੀ। ਦੱਸਦੇ ਵੀ ਤਾਂ ਉਸ ਉਤੇ ਕਿਸੇ ਨੂੰ ਯਕੀਨ ਨਹੀਂ ਸੀ। ਲੱਗਦਾ ਸੀ ਕਿ ਫੌਜ ਨੂੰ ਗੁਰਦੁਆਰੇ ਅੰਦਰ ਹੋਣ ਵਾਲੀ ਹਰ ਹਰਕਤ ਦਾ ਪਤਾ ਸੀ। ਉਨ੍ਹਾਂ ਨੂੰ ਇਹ ਤਾਂ ਪਤਾ ਸੀ ਕਿ ਅਸੀਂ ਅਤਿਵਾਦੀ ਨਹੀਂ ਹਾਂ, ਪਰ ਉਹ ਇਹ ਨਹੀਂ ਸੀ ਮੰਨ ਰਹੇ ਕਿ ਸਾਨੂੰ ਕਿਸੇ ਅਤਿਵਾਦੀ ਦਾ ਪਤਾ ਨਹੀਂ ਹੈ।
ਮੇਰਾ ਕਮਰਾ ਪ੍ਰਿੰਸੀਪਲ ਦੇ ਦਫਤਰ ਦੇ ਸਾਹਮਣੇ ਸੀ ਤੇ ਮੈਂ ਇਕ-ਦੋ ਵਾਰੀ ਪਰਗਣ ਨੂੰ ਆਉਂਦੇ ਦੇਖਿਆ। ਉਸਦੇ ਚਿਹਰੇ `ਤੇ ਕੁੱਟ ਦੀ ਟੀਸ ਤੇ ਸ਼ਿਕਨ ਦੇ ਨਿਸ਼ਾਨ ਸਨ। ਜੇ ਮੈਂ ਆਪਣਾ ਚਿਹਰਾ ਦੇਖ ਸਕਦਾ ਤਾਂ ਉਸਤੋਂ ਵੀ ਵਧੇਰੇ ਸ਼ਿਕਨ ਨਜ਼ਰ ਆਉਣੇ ਸਨ ਤੇ ਕੁੱਟ ਵੱਖਰੀ। ਰਾਜੇ ਨੂੰ ਦੇਖਿਆ ਤਾਂ ਉਹ ਡਰਿਆ ਹੋਇਆ ਸੀ, ਜਿਵੇਂ ਉਹ ਸਾਨੂੰ ਹੀ ਆਪਣੇ ਦੁਸ਼ਮਣ ਸਮਝਣ ਲੱਗ ਪਿਆ ਹੋਵੇ।
ਸਾਡੇ ਕਿਸੇ ਦੇ ਵੀ ਘਰ ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਅਸੀਂ ਕਿਸ ਹਾਲ ਵਿਚ ਹਾਂ; ਮਰੇ ਹਾਂ ਕਿ ਜਿਉਂਦੇ। ਸੁਨੇਹਾ ਭੇਜ ਸਕਣ ਦਾ ਕੋਈ ਜ਼ਰੀਆ ਨਹੀਂ ਸੀ। ਸਾਡਾ ਕਾਲਜ ਸਾਡੇ ਲਈ ਦੇਸ਼ ਨਿਕਾਲੇ ਤੋਂ ਵੱਧ, ਕਾਲ਼ੇ ਪਾਣੀ ਬਣਿਆ ਹੋਇਆ ਸੀ। ਉਨ੍ਹਾਂ ਸੱਤ ਦਿਨ੍ਹਾਂ ਦੀ ਜ਼ਿੱਲਤ ਸਾਡੇ ਲਈ ਜੰਨਤ ਦਾ ਵਿਰੋਧੀ ਸ਼ਬਦ ਬਣ ਗਿਆ ਸੀ।
ਇਕ ਦਿਨ ਮੈਂ ਦੇਖਿਆ ਕਿ ਫੌਜ ਵਿਚ ਅਫਰਾ-ਤਫਰੀ ਮਚੀ ਹੋਈ ਸੀ। ਮਿਲਟਰੀ ਦੀਆਂ ਗੱਡੀਆਂ ਦੀ ਅੰਧਾ-ਧੁੰਦ ਘੂੰ-ਘੂੰ ਸੁਣਾਈ ਦਿੱਤੀ। ਮੈਂ ਸੱਤ ਨੰਬਰ ਕਮਰੇ ਦੇ ਪਿਛਲੇ ਪਾਸਿਓਂ ਦੇਖਿਆ, ਗਰਾਊਂਡ ਵਿਚ ਹੈਲੀਕਾਪਟਰ ਉਤਰਿਆ। ਕੋਈ ਪ੍ਰਿੰਸੀਪਲ ਦੇ ਦਫਤਰ ਵਿਚ ਆਇਆ ਤੇ ਕੁਝ ਚਿਰ ਰੁਕਿਆ ਤੇ ਉਡੰਤਰ ਹੋ ਗਿਆ। ਦਿਲ ਵਿਚ ਸੰਸਾ ਵਧ ਗਿਆ ਤੇ ਅੱਖਾਂ ਅੱਗੇ ਹਨੇਰਾ ਆ ਗਿਆ।
ਰਾਤ ਨੂੰ ਇਕ ਇਕ ਕਰ ਕੇ ਸਾਡੇ ਦਰਵਾਜ਼ੇ ਖੁੱਲ੍ਹੇ ਤੇ ਸਾਨੂੰ ਗੁਰਦੁਆਰੇ ਦੇ ਮੋਹਰੇ ਲਿਜਾ ਕੇ ਟਰੱਕ ਵਿਚ ਚਾੜ੍ਹ ਲਿਆ ਗਿਆ। ਅਸੀਂ ਬਿਨ ਬੋਲੇ ਇਕ ਦੂਜੇ ਨੂੰ ਛੂਹ ਕੇ ਦੇਖਿਆ ਤੇ ਖ਼ਾਮੋਸ਼ ਭਾਸ਼ਾ ਵਿਚ ਆਪੋ-ਆਪਣਾ ਹਾਲ ਦੱਸਿਆ। ਅਸੀਂ ਬੇਹੱਦ ਘਬਰਾਏ ਹੋਏ ਸਾਂ। ਬੇਸ਼ੱਕ ਅਸੀਂ ਨਿਰਦੋਸ਼ ਸਾਂ, ਪਰ ਏਹੋ ਜਿਹੇ ਸਮੇਂ ਨਿਰਦੋਸ਼ਤਾ ਸਾਬਤ ਹੋਣ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਸਾਨੂੰ ਲੱਗਿਆ ਕਿ ਸਾਡੀ ਇਹ ਆਖ਼ਰੀ ਰਾਤ ਹੈ ਤੇ ਹੁਣ ਸਾਡਾ ਮੁਕਾਬਲਾ ਬਣਾ ਕੇ ਕਹਾਣੀ ਖਤਮ ਕਰ ਦਿੱਤੀ ਜਾਣੀ ਹੈ। ਸਾਡੀਆਂ ਡੌਰ-ਭੌਰ ਅੱਖਾਂ ਵਿਚ ਏਨੀ ਖੁਸ਼ਕੀ ਉਤਰੀ ਹੋਈ ਸੀ ਕਿ ਚਾਹੁਣ `ਤੇ ਵੀ ਅੱਥਰੂ ਨਹੀਂ ਸੀ ਵਗ ਰਹੇ। ਸਾਡੇ ਨਿਰਅੱਥਰੂ ਨੇਤਰ ਇਸ ਤਰ੍ਹਾਂ ਅੱਡੇ ਹੋਏ ਸਨ, ਜਿਵੇਂ ਅਸੀਂ ਯਹੂਦੀ ਹੋਈਏ ਤੇ ਅਸੀਂ ਜਲਦੀ ਹੀ ਕਿਸੇ ਗੈਸ ਚੈਂਬਰ ਵਿਚ ਸੁੱਟੇ ਜਾਣਾ ਹੋਵੇ।
ਅਚਾਨਕ ਭਾਈ ਜੋਗਾ ਸਿੰਘ ਖੜ੍ਹੇ ਹੋ ਗਏ ਤੇ ਚਰਨ ਕੰਵਲ ਵੱਲ ਮੂੰਹ ਕਰ ਕੇ ਅਰਦਾਸ ਕਰਨ ਲੱਗ ਪਏ। ਫੌਜੀ ਟਰੱਕ ਵਿਚ ਅਸੀਂ ਸਾਰੇ ਖੜ੍ਹੇ ਸਾਂ, ਜਿਵੇਂ ਆਪਣੀ ਅੰਤਮ ਅਰਦਾਸ ਕਰ ਰਹੇ ਹੋਈਏ। ਅੰਤ ਵਿਚ ਭਾਈ ਜੋਗਾ ਸਿੰਘ ਨੇ ਕਿਹਾ, “ਹੇ ਸੱਚੇ ਪਾਤਸ਼ਾਹ ਅਸੀਂ ਅਦਨੇ ਇਨਸਾਨ ਹਾਂ, ਸਾਡੀ ਭੁੱਲ ਚੁੱਕ ਮਾਫ ਕਰਨੀ ਤੇ ਆਪਣੇ ਚਰਨਾਂ ਵਿਚ ਥਾਂ ਬਖਸ਼ਣੀ”। ਏਨੀ ਗੱਲ ਸੁਣਦੇ ਸਾਰ ਪਤਾ ਨਹੀਂ ਸਾਡੀਆਂ ਖ਼ੁਸ਼ਕ ਅੱਖਾਂ ਵਿਚ ਏਨਾ ਪਾਣੀ ਕਿੱਥੋਂ ਸਿੰਮ ਆਇਆ ਕਿ ਉਧਰੋਂ ਟਰੱਕ ਚੱਲ ਪਿਆ ਤੇ ਇੱਧਰੋਂ ਅੱਥਰੂ ਵਗ ਪਏ। ਅਸੀਂ ਇਕ ਦੂਜੇ ਨੂੰ ਨਾ ਕੁਝ ਪੁੱਛ ਰਹੇ ਸਾਂ ਨਾ ਦੱਸ ਰਹੇ ਸਾਂ, ਸਿਰਫ ਰੋ ਰਹੇ ਸਾਂ ਤੇ ਹਨੇਰੇ ਵਿਚ ਸਾਨੂੰ ਇਕ ਦੂਜੇ ਦਾ ਕੁਝ ਪਤਾ ਨਹੀਂ ਸੀ ਲੱਗ ਰਿਹਾ। ਰੋਣ ਦਾ ਪਤਾ ਵੀ ਸਿਰਫ ਸਿਸਕੀਆਂ ਤੋਂ ਲੱਗ ਰਿਹਾ ਸੀ। ਇਸ ਤਰ੍ਹਾਂ ਲੱਗਦਾ ਸੀ, ਜਿਵੇਂ ਪਹਿਲੀ ਵਾਰੀ ਅਰਦਾਸ ਸੁਣੀ ਹੋਵੇ। ਨਾ ਹੀ ਏਨੀ ਆਸਥਾ ਨਾਲ ਭਾਈ ਜੋਗਾ ਸਿੰਘ ਨੇ ਕਦੇ ਅਰਦਾਸ ਕੀਤੀ ਸੀ ਤੇ ਨਾ ਹੀ ਅਸੀਂ ਏਨੀ ਨਿਰਬਲਤਾ ਨਾਲ ਕਦੇ ਅਰਦਾਸ ਵਿਚ ਸ਼ਾਮਲ ਹੋਏ ਸਾਂ।
ਸਾਨੂੰ ਏਨਾ ਪਤਾ ਸੀ ਕਿ ਟਰੱਕ ਚੱਲਦਾ ਹੈ, ਪਰ ਇਹ ਜਾ ਕਿੱਥੇ ਰਿਹਾ ਹੈ, ਕੁਝ ਪਤਾ ਨਹੀਂ ਸੀ। ਘੰਟੇ ਕੁ ਬਾਅਦ ਸਾਨੂੰ ਉਤਰਨ ਲਈ ਕਿਹਾ ਗਿਆ ਤੇ ਕਿਸੇ ਠਾਣੇ ਦੀ ਹਵਾਲਾਤ ਵਿਚ ਹੁਬੜ ਦਿੱਤਾ ਗਿਆ। ਸਵੇਰ ਨੂੰ ਪਤਾ ਲੱਗਾ ਕਿ ਉਹ ਫਿਲੌਰ ਦਾ ਠਾਣਾ ਸੀ ਤੇ ਠਾਣੇਦਾਰ ਸਾਡੇ ਪ੍ਰਤੀ ਰਹਿਮ-ਦਿਲ ਸੀ। ਕਹਿਣ ਲੱਗਾ ਉਹ ਸਾਨੂੰ ਛੱਡ ਨਹੀਂ ਸਕਦਾ, ਪਰ ਸਾਡਾ ਹਰ ਤਰ੍ਹਾਂ ਨਾਲ ਖ਼ਿਆਲ ਰੱਖੇਗਾ। ਉਸਨੇ ਤਿੰਨ ਵੇਲੇ ਕਿਸੇ ਦੇ ਘਰੋਂ ਮੰਗਵਾ ਕੇ ਸਾਨੂੰ ਖਾਣਾ ਖਵਾਉਣਾ, ਵਧੀਆ ਚਾਹ ਪਿਲਾਉਣੀ ਤੇ ਡਿਓੜ੍ਹੀ `ਚ ਖੜ੍ਹ ਕੇ ਸਾਡੇ ਨਾਲ ਗੱਪ-ਸ਼ੱਪ ਮਾਰਨੀ। ਸਾਡੇ ਬੁੱਝੇ ਹੋਏ ਮਨ ਕੁਝ ਕੁਝ ਜਾਗ ਪਏ ਤੇ ਲੱਗਣ ਲੱਗਾ ਕਿ ਅਸੀਂ ਹੁਣ ਮਾਰੇ ਨਹੀਂ ਜਾਵਾਂਗੇ।
ਨਿੱਕੀ ਜਿਹੀ ਉਸ ਹਵਾਲਾਤ ਵਿਚ ਦਸ-ਬਾਰਾਂ ਜਣਿਆਂ ਦੇ ਬਹਿਣ ਜੋਗੀ ਥਾਂ ਸੀ ਤੇ ਅਸੀਂ ਦਿਨ-ਰਾਤ ਬੈਠੇ ਰਹਿੰਦੇ ਤੇ ਕੱਠੇ ਜਿਹੇ ਹੋ ਕੇ ਦੋ ਜਣਿਆਂ ਦੇ ਲੇਟਣ ਲਈ ਥਾਂ ਬਣਾਉਂਦੇ। ਪੱਖੇ ਦੇ ਬਗੈਰ ਏਨੀ ਗਰਮੀ ਵਿਚ ਸਾਹ ਘੁੱਟਦਾ ਤੇ ਅਸੀਂ ਖਜੂਰ ਦੇ ਪੱਖਿਆਂ ਨੂੰ ਬਿਜਲੀ ਦੇ ਪੱਖੇ ਨਾਲੋਂ ਵੀ ਤੇਜ਼ ਹਿਲਾਉਂਦੇ। ਉਸ ਹਵਾਲਾਤ ਵਿਚ ਅਸੀਂ ਸੱਤ ਦਿਨ ਰਹੇ ਤੇ ਜਿੰਨਾ ਅਸੀਂ ਉਥੇ ਜਾਗੇ, ਜਿੰਨੀਆਂ ਗੱਲਾਂ ਕੀਤੀਆਂ ਤੇ ਜਿੰਨਾ ਪੱਖਾ ਝੱਲਿਆ, ਪੁੱਛੋ ਕੁਝ ਨਾ।
ਸੱਤ ਦਿਨ ਬਾਅਦ, ਅੱਧੀ ਰਾਤ ਨੂੰ ਫੌਜੀ ਫਿਰ ਆਏ ਤੇ ਸਾਨੂੰ ਉਸੇ ਟਰੱਕ ਵਿਚ ਲੱਦ ਕੇ ਲੈ ਤੁਰੇ। ਹੁਣ ਸਾਨੂੰ ਮਾਰੇ ਜਾਣ ਦਾ ਡਰ ਨਹੀਂ ਸੀ, ਪਰ ਪਤਾ ਵੀ ਕੁਝ ਨਹੀਂ ਸੀ ਲੱਗ ਰਿਹਾ ਕਿ ਇਹ ਜਾ ਕਿੱਥੇ ਰਹੇ ਹਨ। ਟਰੱਕ ਦੇ ਚੱਲਣ ਦਾ ਪਤਾ ਲੱਗੇ, ਪਰ ਜਾਣਾ ਕਿੱਥੇ ਹੈ ਕੁਝ ਪਤਾ ਨਹੀਂ ਸੀ। ਘੰਟੇ ਕੁ ਬਾਅਦ ਸਾਨੂੰ ਟਰੱਕ ਵਿਚੋਂ ਉਤਾਰ ਲਿਆ ਗਿਆ ਤੇ ਕਿਸੇ ਨਵੇਂ ਬਣੇ ਸਰਕਾਰੀ ਕੁਆਰਟਰਾਂ ਵਿਚ ਕੱਲੇ ਕੱਲੇ ਨੂੰ ਹੁੱਬੜ ਕੇ ਬਾਹਰੋਂ ਜਿੰਦਰਾ ਮਾਰ ਦਿੱਤਾ ਗਿਆ। ਸਾਨੂੰ ਕੁਝ ਨਹੀਂ ਸੀ ਪਤਾ ਕਿ ਇਹ ਕਿਹੜੀ ਥਾਂ ਹੈ।
ਮੇਰੇ ਵਾਲੇ ਕੁਆਰਟਰ ਵਿਚ ਪਾਣੀ ਖੜ੍ਹਾ ਸੀ, ਮੱਛਰ ਦਾ ਕੋਈ ਅੰਤ ਨਹੀਂ ਸੀ ਤੇ ਵਿਚ ਵਿਚ ਡੱਡੂ ਵੀ ਬੂਥੀਆਂ ਚੁੱਕ ਚੁੱਕ ਦੇਖਦੇ ਸਨ। ਇਕ ਖੂੰਜੇ ਵਿਚ ਕੁਝ ਥਾਂ ਸੁੱਕੀ ਸੀ, ਜਿੱਥੇ ਮੈਂ ਆਪਣਾ ਸਾਫ਼ਾ ਵਿਛਾ ਕੇ ਗੁੱਛਮੁਛ ਕਰ ਕੇ ਕਮੀਜ਼ ਦਾ ਸਿਰਹਾਣਾ ਬਣਾਇਆ ਤੇ ਲੇਟ ਗਿਆ। ਉਹ ਘੜੀ ਅਜਿਹੀ ਸੀ ਕਿ ਨਾ ਸਹਿਮ ਸੌਣ ਦੇਵੇ ਨਾ ਮੱਛਰ ਤੇ ਪਾਣੀ `ਚ ਘੁੰਮਦੇ ਡੱਡੂਆਂ ਦਾ ਡਰ ਵੱਖਰਾ।
ਸਵੇਰ ਹੋਈ, ਖਿੜਕੀ ਦੇ ਬਾਹਰ ਦੇਖਿਆ ਤਾਂ ਫੌਜੀ ਪਹਿਰਾ ਦੇ ਰਹੇ ਸਨ। ਬਾਹਰ ਖੜ੍ਹੇ ਫੌਜੀ ਨੂੰ ਮੈਂ ਜਗ੍ਹਾ ਬਾਰੇ ਪੁੱਛਿਆ। ਉਹਨੇ ਦੱਸਿਆ ਕਿ ਇਹ ਜਲੰਧਰ ਛਾਉਣੀ ਹੈ ਤੇ ਅਸੀਂ ਮਿਲਟਰੀ ਦੇ ਕੁਆਰਟਰਾਂ ਵਿਚ ਕੈਦ ਹਾਂ। ਉਥੇ ਵੀ ਰੋਜ਼ ਸ਼ਾਮ ਨੂੰ ਸਾਨੂੰ ਕੱਲੇ ਕੱਲੇ ਨੂੰ ਕਿਸੇ ਅਫਸਰ ਮੋਹਰੇ ਪੇਸ਼ ਕਰਦੇ। ਇਕ ਫੌਜੀ ਮੋਢੇ `ਤੇ ਡਾਂਗ ਰੱਖ ਦਿੰਦਾ ਤੇ ਦੂਜਾ ਪਿਛਲੇ ਪਾਸੇ ਡਾਂਗ ਲੈ ਕੇ ਬਹਿ ਜਾਂਦਾ। ਅਫਸਰ ਸਵਾਲ ਕਰਦਾ ਤੇ ਫੌਜੀ ਡਾਂਗ ਦਿਖਾਉਂਦੇ। ਉਨ੍ਹਾਂ ਮੁਤਾਬਕ ਤਸੱਲੀਬਖ਼ਸ਼ ਜਵਾਬ ਨਾ ਮਿਲਣ `ਤੇ ਪਿਛਲੇ ਪਾਸਿਓਂ ਡਾਂਘ ਉਲ੍ਹਰਦੀ ਤੇ ਉਹ ਅਸਹਿ ਤੇ ਅਕਹਿ ਡਰਾਵੇ ਦਿੰਦੇ। ਮੈਂ ਹੈਰਾਨ ਸੀ ਕਿ ਉਨ੍ਹਾਂ ਨੂੰ ਮੇਰੇ ਹਰ ਰਿਸ਼ਤੇਦਾਰ ਦਾ ਪਤਾ ਸੀ ਕਿ ਉਹ ਕਿੱਥੇ ਰਹਿੰਦੇ ਹਨ ਤੇ ਕੀ ਕਰਦੇ ਹਨ। ਉਹ ਇਹ ਵੀ ਕਹਿੰਦੇ ਕਿ ਮੇਰੇ ਭੈਣ ਭਾਈ ਸਾਰੇ ਗ੍ਰਿਫਤਾਰ ਕਰ ਲਏ ਗਏ ਹਨ ਤੇ ਉਹ ਤਾਂ ਬਚਣਗੇ, ਜੇ ਮੈਂ ਸੱਚੋ ਸੱਚ ਦੱਸ ਦੇਵਾਂ। ਉਸ ਵਕਤ ਮੈਂ ਉਨ੍ਹਾਂ ਨੂੰ ਜੋ ਵੀ ਦੱਸਦਾ, ਉਹੀ ਸੱਚ ਸੀ, ਸਿਰਫ ਉਸ ਸੱਚ `ਤੇ ਯਕੀਨ ਕਰਾਉਣ ਦਾ ਕੋਈ ਚਾਰਾ ਨਹੀਂ ਸੀ।
ਇਕ ਦਿਨ ਦੁਪਹਿਰ ਵੇਲੇ ਖਿੜਕੀ ਦੇ ਬਾਹਰ ਖੜ੍ਹੇ ਫੌਜੀ ਨੇ ਮੈਨੂੰ ਪੁੱਛਿਆ, “ਯੇ ਭੀਂਡਰੀ ਕੌਨ ਹੈ?” ਮੈਂ ਕੁਝ ਨਾ ਦੱਸਿਆ ਤੇ ਚੁੱਪ ਹੀ ਰਿਹਾ। ਉਹਨੇ ਦੱਸਿਆ ਕਿ ਅੰਮ੍ਰਿਤਸਰ ਦਾ ਸਫਾਇਆ ਕਰ ਦਿੱਤਾ ਗਿਆ ਹੈ ਤੇ ਸਾਰੇ ਅਤਿਵਾਦੀ ਮਾਰ ਦਿੱਤੇ ਗਏ ਹਨ। ਮੈਨੂੰ ਉਸ ਵੇਲੇ ਤੱਕ ਪਤਾ ਨਹੀਂ ਸੀ ਕਿ ਪੰਜਾਬ ਵਿਚ ਕੀ ਹੋ ਰਿਹਾ ਹੈ ਤੇ ਅੰਮ੍ਰਿਤਸਰ ਵਿਚ ਕੀ ਵਾਪਰਿਆ ਹੈ। ਉਹਦੀ ਗੱਲ ਸੁਣ ਕੇ ਦਿਲ ਨੂੰ ਡੋਬੂ ਪੈਣ ਲੱਗ ਪਏ ਤੇ ਅੱਖਾਂ ਅੱਗੇ ਅੰਮ੍ਰਿਤਸਰ ਦੇ ਖ਼ੂਨ ਨਾਲ ਲੱਥ-ਪਥ ਨਕਸ਼ੇ ਬਣਨ ਲੱਗੇ। ਲਿੱਬੜੀਆਂ ਦਾਹੜੀਆਂ ਤੇ ਰੁਲ਼ਦੀਆਂ ਪੱਗਾਂ ਦੇ ਸੀਨ ਸਾਕਾਰ ਹੋਣ ਲੱਗੇ। ਮੈਂ ਅੱਖਾਂ ਬੰਦ ਕਰ ਲਈਆਂ ਤੇ ਰੂਹ ਸੁੰਨ ਹੋ ਗਈ।
ਮੈਂ ਉਸ ਕੁਆਰਟਰ ਵਿਚ ਪਲ-ਪਲ ਪਾਠ ਕਰਦਾ ਰਿਹਾ ਤੇ ਬਾਣੀ ਦੇ ਜਿੰਨੇ ਸ਼ਬਦ, ਤੁਕਾਂ ਤੇ ਅੱਖਰ ਮੈਨੂੰ ਯਾਦ ਸਨ, ਮੈਂ ਰਾਤ-ਦਿਨ ਉਚੀ-ਉਚੀ ਬੋਲਦਾ ਰਿਹਾ ਪਰ ਉਹ ਲਹੂ-ਲੁਹਾਨ ਨਕਸ਼ੇ ਮਨ ਨੂੰ ਚੈਨ ਨਾ ਲੈਣ ਦਿੰਦੇ, ਬਲਕਿ ਹੋਰ ਪ੍ਰਤੱਖ ਹੁੰਦੇ। ਇਕ ਦਿਨ ਪਰਗਣ ਦੀ ਆਵਾਜ਼ ਮੇਰੇ ਕੰਨੀਂ ਪਈ। ਉਹ ਦਸਮ ਪਾਤਸ਼ਾਹ ਦੇ ਸਵੱਈਏ ਵੀ ਇੰਝ ਗਾਉਂਦਾ ਸੀ, ਜਿਵੇਂ ਨੌਵੇਂ ਪਾਤਸ਼ਾਹ ਦੇ ਸਲੋਕ ਹੋਣ। ਮੈਂ ਸਮਝ ਗਿਆ ਕਿ ਉਹਦਾ ਕੁਆਰਟਰ ਵੀ ਮੇਰੇ ਨਜ਼ਦੀਕ ਹੀ ਹੈ ਤੇ ਉਹਨੂੰ ਵੀ ਪਤਾ ਲੱਗ ਗਿਐ, ਅੰਮ੍ਰਿਤਸਰ ਕੀ ਵਾਪਰਿਆ ਹੈ। ਉਸ ਵੇਲੇ ਮਨ ਨੂੰ ਜੇ ਕੋਈ ਚੀਜ਼ ਤਾਕਤ ਦਿੰਦੀ ਸੀ ਤਾਂ ਉਹ ਕੰਠ ਹੋਈ ਬਾਣੀ ਸੀ ਤੇ ਉਸ ਵੇਲੇ ਆਪਣੇ ਆਪ `ਤੇ ਖਿਝ ਆਉਂਦੀ ਸੀ ਕਿ ਜੇ ਸਿੱਖਾਂ ਦੇ ਘਰ ਜਨਮ ਲੈਣਾ ਸੀ ਤਾਂ ਹੋਰ ਬਾਣੀ ਕੰਠ ਕਿਉਂ ਨਾ ਕੀਤੀ। ਮੈਂ ਅੱਖਾਂ ਬੰਦ ਕਰ ਕੇ ਬੈਠ ਜਾਂਦਾ, ਨੌਵੇਂ ਪਾਤਸ਼ਾਹ ਦਾ ਧਿਆਨ ਧਰਦਾ ਤੇ ਮੈਨੂੰ ਉਨ੍ਹਾਂ ਦੇ ਸਲੋਕ ਯਾਦ ਆਉਂਦੇ।
ਇਕ ਦਿਨ ਮੈਨੂੰ ਪੁੱਛ-ਗਿੱਛ ਲਈ ਬੁਲਾਇਆ ਗਿਆ ਤੇ ਫੌਜੀ ਅਫਸਰ ਕਹਿਣ ਲੱਗਾ ਰਾਜੇ ਤੇ ਪਰਗਣ ਨੇ ਉਨ੍ਹਾਂ ਨੂੰ ਮੇਰੇ ਬਾਰੇ ਸਭ ਕੁਝ ਦੱਸ ਦਿੱਤਾ ਹੈ ਹੁਣ ਮੈਂ ਉਨ੍ਹਾਂ ਨੂੰ ਰਾਜੇ ਤੇ ਪਰਗਣ ਬਾਰੇ ਦੱਸਾਂ। ਮੈਂ ਸਮਝ ਗਿਆ ਕਿ ਇਹ ਇਨ੍ਹਾਂ ਦੀ ਚਾਲ ਹੈ। ਮੈਂ ਉਨ੍ਹਾਂ ਬਾਰੇ ਉਹੀ ਕੁਝ ਦੱਸਿਆ, ਜਿਸਦਾ ਮੈਨੂੰ ਪਤਾ ਸੀ ਤੇ ਜਿਸ ਵਿਚ ਕੁਝ ਵੀ ਖ਼ਤਰਨਾਕ ਨਹੀਂ ਸੀ।
ਇਕ ਦਿਨ ਅਫਸਰ ਨੇ ਕੁਝ ਹੋਰ ਪੁੱਛਿਆ ਤੇ ਮੈਂ ਕੁਝ ਹੋਰ ਬੋਲ ਦਿੱਤਾ ਤਾਂ ਪਿੱਛੇ ਬੈਠੇ ਫੌਜੀ ਨੇ ਮੇਰੀ ਧੌਣ ਕੋਲ ਡੰਡਾ ਮਾਰਿਆ ਤੇ ਮੇਰੇ ਏਨੀ ਕਸੂਤੀ ਸੱਟ ਵੱਜੀ ਕਿ ਬੜੀ ਦੇਰ ਤੱਕ ਦਰਦ ਨਾ ਗਿਆ। ਨਾ ਕੋਈ ਧੌਣ ਨੂੰ ਦੁਆਈ ਮਿਲੀ ਤੇ ਨਾ ਕਿਸੇ ਨੇ ਮਲਿਆ। ਧੌਣ ਵਿੰਗੀ ਰਹਿਣ ਕਾਰਨ ਟੇਢਾ ਜਿਹਾ ਤੁਰਨ ਦੀ ਮੈਨੂੰ ਆਦਤ ਪੈ ਗਈ।
ਸਿੱਲ੍ਹੇ ਕੁਆਰਟਰ ਦੇ ਫ਼ਰਸ਼ `ਤੇ ਖੜ੍ਹੇ ਪਾਣੀ ਵਿਚ ਡੱਡੂ ਛੜੱਪੇ ਮਾਰਦੇ, ਮੱਛਰ ਭੀਂ ਭੀਂ ਕਰਦਾ, ਨਾ ਚਿੜੀ ਨਾ ਪਰਿੰਦਾ। ਬੀਆਬਾਨ ਜਿਹੀ ਭਿਆਨਕ ਇਕੱਲਤਾ ਤੇ ਮਿਲਟਰੀ ਦੇ ਖ਼ੌਫ਼ ਵਿਚ ਬਿਤਾਇਆ ਉਹ ਸਮਾਂ ਮੇਰੀ ਸਿਮਰਤੀ ਦਾ ਰਿਸਦਾ ਨਾਸੂਰ ਹੈ।
ਇਕ ਦਿਨ ਸਵੇਰੇ ਦਸ ਵਜੇ ਹੀ ਸਾਨੂੰ ਬੁਲਾ ਲਿਆ ਗਿਆ ਤੇ ਕਾਫੀ ਸਾਰੀ ਕਾਗਜ਼ੀ ਕਾਰਵਾਈ ਕਰਨ ਉਪਰੰਤ ਸਾਨੂੰ ਫਿਰ ਟਰੱਕ ਉਤੇ ਚਾੜ੍ਹ ਕੇ ਜਲੰਧਰ ਜੇਲ੍ਹ ਵਿਚ ਛੱਡ ਦਿੱਤਾ ਗਿਆ। ਹੁਣ ਸਾਨੂੰ, ਜਿਵੇਂ ਸਾਹ ਆਇਆ ਤੇ ਅਸੀਂ ਕਿਸੇ ਨੂੰ ਮਿਲਣ ਜੋਗੇ ਹੋਏ। ਤਸੱਲੀ ਹੋਈ ਕਿ ਹੁਣ ਅਸੀਂ ਕਦੀ ਨਾ ਕਦੀ ਘਰ ਪਰਤ ਜਾਵਾਂਗੇ।
ਸਾਨੂੰ ਉਥੇ ਚੱਕੀਆਂ ਵਿਚ ਹੁਬੜ ਦਿੱਤਾ ਗਿਆ। ਚੱਕੀਆਂ ਖੁੱਲ੍ਹਦੀਆਂ ਤੇ ਅਸੀਂ ਇਕ ਦੂਜੇ ਨੂੰ ਮਿਲਦੇ, ਦੁੱਖ ਸਾਂਝੇ ਕਰਦੇ ਤੇ ਕਿਸਮਤ ਨੂੰ ਕੋਸਦੇ। ਸਾਨੂੰ ਉਥੇ ਕਿੰਨੇ ਹੀ ਜਾਣ-ਪਛਾਣ ਵਾਲੇ ਅਕਾਲੀ ਮਿਲੇ, ਜਿਨ੍ਹਾਂ ਨੂੰ ਘਰਾਂ `ਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇਨ੍ਹਾਂ ਵਿਚ ਅਜਿਹਾ ਜਥੇਦਾਰ ਵੀ ਸੀ, ਜਿਹੜਾ ਕਿਸੇ ਅਕਾਲੀ ਦਲ ਦਾ ਪ੍ਰੌਪੇਗੈਂਡਾ ਸਕੱਤਰ ਸੀ। ਉਹਦੇ ਚਿਹਰੇ ਉਤੇ ਗ਼ਮ, ਉਦਾਸੀ ਅਤੇ ਸ਼ਿਕਨ ਦਾ ਨਾਮੋ-ਨਿਸ਼ਾਨ ਨਹੀਂ ਸੀ, ਜਿਵੇਂ ਪੰਜਾਬ ਵਿਚ ਕੱਖ ਵੀ ਨਾ ਹੋਇਆ ਹੋਵੇ। ਗਾਲ੍ਹਾਂ ਕੱਢਣਾ ਉਹਦਾ ਨਿੱਤ-ਨੇਮ ਸੀ। ਹਰੇਕ ਨੂੰ ਉਹ ਗਾਲ੍ਹ ਕੱਢ ਕੇ ਬੁਲਾਉਂਦਾ। ਉਹਦੀਆਂ ਗਾਲ੍ਹਾਂ ਵੀ ਮੀਲ-ਮੀਲ ਲੰਮੀਆਂ ਹੁੰਦੀਆਂ। ਪਤਾ ਨਾ ਲੱਗਦਾ, ਕੱਢੀ ਕਿਹਨੂੰ ਤੇ ਲੱਗੀ ਕਿਹਨੂੰ ਹੈ। ਉਹਦੇ ਮੂੰਹ `ਚੋਂ ਗਾਲ੍ਹਾਂ ਦੇ ਰੱਸੇ ਨਿਕਲ਼ਦੇ, ਜਿਨ੍ਹਾਂ ਦੀ ਲਪੇਟ ’ਚ ਉਹ ਆਪ ਹੀ ਆ ਜਾਂਦਾ। ਕੋਈ ਦੱਸਦਾ ਤਾਂ ਇਸ ਤਰ੍ਹਾਂ ਹੱਸਦਾ, ਜਿਵੇਂ ਤੌੜੀ ’ਚ ਗੰਦ ਉਬਲ਼ਦਾ ਹੋਵੇ। ਉਹ ਪੱਕਾ ਅਕਾਲੀ ਸੀ ਤੇ ਦੇਖਣ ਨੂੰ ਲੱਗਦਾ, ਜਿਵੇਂ ਗੁਰੂਘਰ ਦਾ ਕੀਰਤਨੀਆ ਹੋਵੇ। ਮੈਂ ਸੋਚਦਾ ਕਿ ਅਜਿਹੇ ਲੋਕ ਹੀ ਪੰਜਾਬ ਨੂੰ ਨਮੋਸ਼ੀ ਅਤੇ ਨਰਕ ਦੀ ਖੱਡ ਵਿਚ ਸੁੱਟਣ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਦੇ ਦਿਲ ਪੱਥਰ ਤੇ ਮਸਤਕ, ਜਿਵੇਂ ਹੋਵੇ ਹੀ ਨਾ।
ਬੜੀ ਦੇਰ ਬਾਅਦ ਸਾਡੇ ਘਰ ਪਤਾ ਲੱਗਾ ਕਿ ਅਸੀਂ ਕਿੱਥੇ ਹਾਂ। ਪੁੱਛਦੇ-ਪੁਛਾਉਂਦੇ ਉਹ ਜਲੰਧਰ ਜੇਲ੍ਹ ਤੱਕ ਪੁੱਜ ਗਏ। ਵਾਰੀ-ਵਾਰੀ ਰਿਸ਼ਤੇਦਾਰ ਜੇਲ੍ਹ ਵਿਚ ਮਿਲਣ ਆਉਂਦੇ ਤੇ ਸਭ ਦੇ ਹਾਲ ਮਾਲੂਮ ਹੁੰਦੇ। ਪਤਾ ਲੱਗਾ ਕਿ ਮੇਰੀ ਮਾਂ ਨੇ ਕਦੀ ਰੱਜ ਕੇ ਰੋਟੀ ਨਹੀਂ ਖਾਧੀ। ਉਹ ਢਿੱਡ `ਚ ਮੁੱਕੀਆਂ ਦੇ ਦੇ ਰੋਂਦੀ ਹੈ। ਮੈਂ ਸੁਨੇਹਾ ਘੱਲਿਆ ਕਿ ਬੀਬੀ ਰੋਵੇ ਨਾ। ਹੁਣ ਅਸੀਂ ਮਰਨ ਤੋਂ ਬਚ ਗਏ ਹਾਂ ਤੇ ਜਲਦੀ ਘਰ ਵਾਪਸ ਆਵਾਂਗੇ।
ਨਵੇਂ ਸ਼ਹਿਰ ਦੇ ਲੋਕਾਂ ਨੇ ਇਕੱਠੇ ਹੋ ਕੇ ਵਕੀਲ ਕਰ ਲਏ ਤੇ ਸਾਡੀ ਸਾਰਿਆਂ ਦੀ ਪੈਰਵੀ ਸ਼ੁਰੂ ਕਰ ਦਿੱਤੀ। ਸਾਡੀ ਤਰੀਕ ਪੈਂਦੀ ਤਾਂ ਡੰਡਾ ਬੇੜੀਆਂ ਲਗਾ ਕੇ ਸਾਨੂੰ ਨਵੇਂ ਸ਼ਹਿਰ ਐਸ ਡੀ ਐਮ ਦੇ ਪੇਸ਼ ਕੀਤਾ ਜਾਂਦਾ। ਵਕੀਲ ਜਿਰ੍ਹਿਆ ਕਰਦੇ ਤੇ ਅਸੀਂ ਮੁੜ ਜੇਲ੍ਹ ਵਿਚ ਡੱਕ ਦਿੱਤੇ ਜਾਂਦੇ। ਸਾਨੂੰ ਲੱਗਦਾ, ਜਿਵੇਂ ਅਸੀਂ ਬਹੁਤ ਵੱਡੇ ਯੋਧੇ ਹੋਈਏ ਤੇ ਬਹੁਤ ਵੱਡੀ ਜੰਗ ਹਾਰ ਗਏ ਹੋਈਏ।
ਇੱਕ ਦਿਨ ਸ਼ਾਮ ਨੂੰ ਚਾਰ ਵਜੇ ਪਤਾ ਲੱਗਿਆ ਕਿ ਮੇਰੇ ਘਰਦਿਆਂ ਨੇ ਮੇਰੀ ਜ਼ਮਾਨਤ ਕਰਵਾ ਲਈ ਹੈ। ਉਹ ਮੈਨੂੰ ਲੈਣ ਆਏ ਤੇ ਮੈਂ ਉਨ੍ਹਾਂ ਨਾਲ ਪਿੰਡ ਪਰਤ ਗਿਆ। ਮੇਰੀ ਬੀਬੀ ਮੈਨੂੰ ਏਦਾਂ ਮਿਲੀ, ਜਿਵੇਂ ਮੈਂ ਜਲਾਦਾਂ ਕੋਲੋਂ ਛੁੱਟ ਕੇ ਆਇਆ ਹੋਵਾਂ। ਉਹ ਮੈਨੂੰ ਕਲਾਵੇ ਵਿਚ ਲੈ ਕੇ ਘੰਟਾ ਭਰ ਰੋਂਦੀ ਰਹੀ ਤੇ ਬਿਆਨ ਤੋਂ ਬਾਹਰਾ ਮੰਜ਼ਰ ਦੇਖ ਕੇ, ਲੁਕ ਲੁਕ ਕੇ ਮਿਲਣ ਆਏ ਲੋਕ ਵੀ ਭਾਵੁਕ ਹੋ ਗਏ।
ਯਕੀਨ ਨਹੀਂ ਸੀ ਹੋ ਰਿਹਾ ਕਿ ਮੈਂ ਘਰੇ ਪਰਤ ਆਇਆ ਹਾਂ। ਮੁੜ-ਮੁੜ ਮੈਂ ਆਪਣੇ ਘਰ ਦੀਆਂ ਕੰਧਾਂ ਵੱਲ ਦੇਖਦਾ, ਦਰਵਾਜ਼ੇ ਦੇਖਦਾ ਤੇ ਕਿੰਨੀ ਦੇਰ ਛੱਤ ਵੱਲ ਦੇਖਦਾ ਰਿਹਾ। ਮੈਂ ਆਪਣੀ ਟੇਪ ਚਲਾ ਕੇ ਦੇਖੀ, ਨਲ਼ਕਾ ਗੇੜ ਕੇ ਦੇਖਿਆ, ਪੈਨ ਚਲਾ ਕੇ ਦੇਖਿਆ ਤੇ ਆਪਣੀ ਨਿੰਮ ਦੇਖੀ। ਸਭ ਕੁਝ ਉਹੀ ਸੀ ਤੇ ਉਸੇ ਤਰ੍ਹਾਂ ਸੀ। ਮੈਨੂੰ ਲੱਗਦਾ, ਜਿਵੇਂ ਮੈਂ ਕੋਈ ਹੋਰ ਹੋਵਾਂ। ਮੇਰੇ ਅਤੇ ਮੇਰੇ ਘਰ ਦੇ ਵਿਚਕਾਰ ਗ਼ਮ, ਉਦਾਸੀ, ਪੀੜ ਅਤੇ ਹੰਝੂਆਂ ਦੀ ਨਦੀ ਵਗਦੀ ਸੀ, ਜਿਹਨੂੰ ਪਾਰ ਕਰਨ ਲਈ ਸਮਾਂ, ਤਾਕਤ ਅਤੇ ਮੁਹੱਬਤ ਚਾਹੀਦੀ ਸੀ। ਏਨਾ ਸਮਾਂ, ਏਨੀ ਤਾਕਤ ਤੇ ਏਨੀ ਮੁਹੱਬਤ ਬੱਚਿਆਂ ਤੋਂ ਹੀ ਮਿਲ਼ਦੀ ਹੈ।
ਮੈਂ ਆਪਣੇ ਭਤੀਜੇ ਹਰਦੀਪ, ਬੱਲੀ ਤੇ ਨਿੱਕੀ ਜਿਹੀ ਬਾਵੀ ਨੂੰ ਵਾਰ ਵਾਰ ਚੁੱਕਦਾ, ਚੁੰਮਦਾ ਤੇ ਘੁੱਟ-ਘੁੱਟ ਗਲੇ ਲਾਉਂਦਾ। ਰਾਤ ਨੂੰ ਕਦੇ ਬੱਲੀ ਮੇਰੇ ਨਾਲ ਸੌਂਦਾ, ਕਦੇ ਹਰਦੀਪ, ਜਿਹਨੂੰ ਉਦੋਂ ਸੋਨੂੰ ਕਹਿੰਦੇ ਸਾਂ। ਮੈਂ ਉਨ੍ਹਾਂ ਨੂੰ ਛੇੜਦਾ, ਤੰਗ ਕਰਦਾ ਤੇ ਉਹ ਮੇਰੇ ਨਾਲ ਖ਼ੂਬ ਮੱਛਰਦੇ। ਉਨ੍ਹਾਂ ਦੇ ਤੋਤਲੇ ਬੋਲ ਮੇਰੇ ਜ਼ਖ਼ਮਾਂ ’ਤੇ ਮੱਲ੍ਹਮ ਵਾਂਗ ਲਗਦੇ। ਉਹ ਮੈਨੂੰ ‘ਚਾਚਾ ਜੀ’ ਕਹਿੰਦੇ ਤਾਂ ਲੱਗਦਾ, ਜਿਵੇਂ ਕੋਈ ਸੰਗੀਤ ਦੀ ਧੁਨ ਕੰਨੀ ਪਈ ਹੋਵੇ। ਉਹ ਮੇਰੇ ਕੋਲ ਹੁੰਦੇ ਤਾਂ ਮੈਂ ਉਨ੍ਹਾਂ ਕੋਲ ਹੁੰਦਾ; ਪਰੇ ਹੁੰਦੇ ਤਾਂ ਮੁੜ ਮੈਂ ਉਥੇ ਪੁੱਜ ਜਾਂਦਾ, ਜਿੱਥੋਂ ਮਸਾਂ ਬਚ ਕੇ ਆਇਆ ਸੀ ਤੇ ਸੋਚਣ ਲੱਗ ਪੈਂਦਾ-ਤੇਗ ਸਾਹਿਬ ਦੀ ਸ਼ਤਰੰਜ ਬਾਰੇ, ਸਰਾਂ ਦੇ ਬੰਦ ਕਮਰੇ ਬਾਰੇ, ਨਵੇਂ ਸ਼ਹਿਰ ਦੇ ਐਸ ਡੀ ਐਮ ਬਾਰੇ, ਜਿਹੜਾ ਕਿਸੇ ਦੀ ਕੁੱਟ ਨੂੰ ਉਡਦੇ ਪਤੰਗ ਵਾਂਗ ਦੇਖ ਸਕਦਾ ਸੀ, ਉਸ ਫੌਜੀ ਅਫਸਰ ਬਾਰੇ, ਜਿਹਦੇ ਦਿਲ ਵਿਚ ਰੱਤੀ ਭਰ ਰਹਿਮ ਨਹੀਂ ਸੀ ਤੇ ਉਸ ਅਕਾਲੀ ਬਾਰੇ, ਜਿਹਦੇ ਮੱਥੇ ਉਤੇ ਪੰਜਾਬ ਵਿਚ ਮਚੇ ਭਾਂਬੜ ਦਾ ਕੋਈ ਸ਼ਿਕਨ ਨਹੀਂ ਸੀ, ਜਿਹਨੂੰ ਗਾਲ੍ਹਾਂ ਦੀ ਏਨੀ ਲਤ ਸੀ ਕਿ ਉਹ ਕਿਸੇ ਦੀ ਵੀ ਧੀ, ਭੈਣ ਅਤੇ ਭਰਜਾਈ ਦੀ ਸ਼ਰਮ ਨਹੀਂ ਸੀ ਕਰਦਾ।
ਕਈ ਦਿਨ ਮੇਰੇ ਦੋਸਤ ਮਿਲਣ ਆਉਂਦੇ ਰਹੇ ਤੇ ਇਕਬਾਲ ਤਾਂ ਮੈਨੂੰ ਦੇਖ ਕੇ ਰੋਣ ਹੀ ਲੱਗ ਪਿਆ। ਦੋਸਤਾਂ ਦੇ ਪਿਆਰ ਨਾਲ ਮੇਰੇ ਦਿਲ ਦੇ ਜ਼ਖ਼ਮ ਠੀਕ ਹੋਣ ਲੱਗੇ। ਧੌਣ ਦੀ ਸੱਟ ਦਾ ਚੇਤਾ ਭੁੱਲਣ ਲੱਗਾ। ਮੈਂ ਕੱਲਾ ਹੋਣਾ ਤਾਂ ਬੀਬੀ ਨੇ ਮੇਰੇ ਕੋਲ ਆ ਬਹਿਣਾ ਤੇ ਵਾਰ ਵਾਰ ‘ਪੁੱਤ, ਜੱਲਾਦਾਂ ਨੇ ਬਹੁਤ ਮਾਰਿਆ’ ਪੁੱਛ ਕੇ ਮੇਰੇ ਹੱਥ ਚੁੰਮਣ ਲੱਗ ਜਾਣਾ। ਮੈਂ ਕੁਝ ਨਾ ਦੱਸਣਾ ਤੇ ਫਿੱਕਾ ਜਿਹਾ ਹੱਸਣਾ। ਬੀਬੀ ਸਮਝ ਜਾਂਦੀ ਤੇ ਰੋਣ ਲੱਗ ਪੈਂਦੀ। ਬੇਸ਼ੱਕ ਉਸਦੇ ਅੱਥਰੂ ਮਮਤਾ ਦਾ ਹੜ੍ਹ ਬਣ ਜਾਂਦੇ, ਜਿਸ ਵਿਚ ਮੇਰਾ ਗ਼ਮ ਮਿਟ ਜਾਂਦਾ ਤੇ ਉਦਾਸੀ ਸਿਮਟ ਜਾਂਦੀ। ਪਰ ਇਕ ਟੀਸ ਬਚ ਜਾਂਦੀ ਤੇ ਮੈਨੂੰ ਲੱਗਦਾ, ਜਿਵੇਂ ਮੈਂ ਉਸ ਟੀਸ ਦਾ ਮੁਜੱਸਮਾ ਹੋਵਾਂ, ਜਿਸਦਾ ਕੋਈ ਇਲਾਜ ਨਾ ਹੋਵੇ।