ਜਾਖੜ ਦੀ ਦਲ ਬਦਲੀ ਅਤੇ ਸਿੱਧੂ ਨੂੰ ਜੇਲ੍ਹ ਨੇ ਨਮੋਸ਼ੀ ਵੱਲ ਧੱਕੀ ਕਾਂਗਰਸ ਪਾਰਟੀ

ਚੰਡੀਗੜ੍ਹ: ਪੰਜਾਬ ਦੀਆਂ ਹਾਲੀਆ ਵਿਧਾਨ ਸਭਾ ਚੋਣਾਂ ‘ਚ ਹਾਰਨ ਤੋਂ ਬਾਅਦ ਕਾਂਗਰਸ ਨੂੰ ਦੋ ਵੱਡੇ ਝਟਕੇ ਲੱਗੇ ਹਨ। ਇਨ੍ਹਾਂ ਵਿਚ ਸੁਨੀਲ ਜਾਖੜ ਦਾ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣਾ ਅਤੇ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਇਕ ਸਾਲ ਦੀ ਸਜ਼ਾ ਸੁਣਾਉਣਾ ਹੈ।

ਪਾਰਟੀ ਦੇ ਦੋ ਸਾਬਕਾ ਸੂਬਾ ਪ੍ਰਧਾਨਾਂ ਦੇ ਮਾਮਲੇ ‘ਤੇ ਵਾਪਰੀਆਂ ਘਟਨਾਵਾਂ ਨੇ ਕਾਂਗਰਸੀ ਆਗੂਆਂ ਨੂੰ ਡੂੰਘੀ ਚਿੰਤਾ ‘ਚ ਧੱਕ ਦਿੱਤਾ ਹੈ। ਕਾਂਗਰਸ ਦੇ ਸੱਤਾ ‘ਚ ਰਹਿੰਦਿਆਂ ਸ੍ਰੀ ਜਾਖੜ ਤੇ ਸਿੱਧੂ ਨੇ ਕਾਂਗਰਸੀ ਵਰਕਰਾਂ ਤੇ ਪੰਜਾਬ ਦੇ ਲੋਕਾਂ ਵਿਚ ਆਪਣੀ ਥਾਂ ਬਣਾ ਲਈ ਸੀ। ਹਿੰਦੂ ਜਾਟ ਆਗੂ ਵਜੋਂ ਸਥਾਪਤ ਸ੍ਰੀ ਜਾਖੜ ਨੇ ਭਾਵੇਂ ਸਿਆਸੀ ਸਰਗਰਮੀਆਂ ਘਟਾ ਦਿੱਤੀਆਂ ਸਨ ਪਰ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਮੈਦਾਨ ‘ਚ ਨਿੱਤਰੇ ਹੋਏ ਹਨ। ਅਹਿਮ ਤੱਥ ਇਹ ਹੈ ਕਿ ਕਾਂਗਰਸ ਹਾਈ ਕਮਾਨ ਵੱਲੋਂ ਅਨੁਸ਼ਾਸਨਹੀਣਤਾ ਨੂੰ ਆਧਾਰ ਬਣਾ ਕੇ ਜਾਖੜ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ ਜਦਕਿ ਸਿੱਧੂ ਖਿਲਾਫ ਅਨੁਸ਼ਾਸਨਹੀਣਤਾ ਦੀ ਕਾਰਵਾਈ ਵਿਚਾਰ ਅਧੀਨ ਹੈ।
ਪੰਜਾਬ ਦੀ ਸਿਆਸਤ ਵਿਚ ਪੱਕੇ ਪੈਰੀਂ ਹੋਣ ਲਈ ਜੂਝ ਰਹੀ ਭਾਜਪਾ ਨੂੰ ਸ੍ਰੀ ਜਾਖੜ ਦੀ ਸ਼ਮੂਲੀਅਤ ਨਾਲ ਵੱਡਾ ਹੁਲਾਰਾ ਮਿਲਿਆ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਕਈ ਆਗੂਆਂ ਨੇ ਭਾਜਪਾ ਦਾ ਪੱਲਾ ਫੜਿਆ ਸੀ ਪਰ ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਸ੍ਰੀ ਜਾਖੜ ਦਾ ਸਾਫ ਸੁਥਰਾ ਅਕਸ, ਲੋਕਾਂ ਨਾਲ ਪ੍ਰਤੀਬੱਧਤਾ ਅਤੇ ਨਿਡਰ ਆਗੂ ਵਜੋਂ ਵਿਚਰਨ ਕਾਰਨ ਭਗਵਾਂ ਪਾਰਟੀ ਲਈ ਸਿਆਸੀ ਤੌਰ ‘ਤੇ ਜ਼ਿਆਦਾ ਲਾਹੇਵੰਦ ਰਹੇਗਾ। ਦੇਖਿਆ ਜਾਵੇ ਤਾਂ ਭਾਜਪਾ ਨੇ 2024 ਦੀਆਂ ਸੰਸਦੀ ਚੋਣਾਂ ਦੌਰਾਨ ਪੰਜਾਬ ਵਿਚ ਪੂਰੀ ਤਿਆਰੀ ਨਾਲ ਆਉਣ ਦਾ ਮੁੱਢ ਬੰਨ੍ਹ ਦਿੱਤਾ ਹੈ। ਪੰਜਾਬ ਦੀ ਸਿਆਸਤ ਵਿਚ ਸੁਨੀਲ ਜਾਖੜ ਇਕ ਕੱਦਾਵਰ ਆਗੂ ਦੇ ਤੌਰ ‘ਤੇ ਜਾਣੇ ਜਾਂਦੇ ਸਨ। ਸਾਲ 2021 ਵਿਚ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਅਹੁਦੇ ‘ਤੇ ਬਿਠਾਉਣ ਦੇ ਯਤਨਾਂ ਨੂੰ ਜਦੋਂ ਬੂਰ ਨਾ ਪਿਆ ਤਾਂ ਜਾਖੜ ਦੀਆਂ ਪਾਰਟੀ ਨਾਲੋਂ ਦੂਰੀਆਂ ਵਧਣ ਲੱਗੀਆਂ। ਉਸ ਤੋਂ ਬਾਅਦ ਪਾਰਟੀ ਨੇ ਜਦੋਂ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਤਾਂ ਕਾਂਗਰਸ ਅਤੇ ਜਾਖੜ ਦਰਮਿਆਨ ਸਪਸ਼ਟ ਲਕੀਰ ਖਿੱਚੀ ਗਈ।
ਸੁਨੀਲ ਜਾਖੜ ਦੂਜੀ ਪੀੜ੍ਹੀ ਦੇ ਅਜਿਹੇ ਆਗੂ ਸਨ ਜਿਨ੍ਹਾਂ ਦਾ ਸਬੰਧ ਦਹਾਕਿਆਂ ਤੋਂ ਕਾਂਗਰਸ ਨਾਲ ਬਣਿਆ ਆ ਰਿਹਾ ਸੀ। ਉਨ੍ਹਾਂ ਦੇ ਪਿਤਾ ਬਲਰਾਮ ਜਾਖੜ ਨੂੰ ਕਾਂਗਰਸ ਨੇ ਰਾਜਪਾਲ, ਕੇਂਦਰੀ ਮੰਤਰੀ, ਲੋਕ ਸਭਾ ਸਪੀਕਰ, ਪੰਜਾਬ ਦਾ ਮੰਤਰੀ ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦਾ ਆਗੂ ਵੀ ਬਣਾਇਆ ਸੀ। ਉਨ੍ਹਾਂ ਦੇ ਭਰਾ ਸੱਜਣ ਕੁਮਾਰ ਜਾਖੜ ਪੰਜਾਬ ‘ਚ ਮੰਤਰੀ ਤੇ ਸੁਨੀਲ ਜਾਖੜ ਖੁਦ ਤਿੰਨ ਵਾਰੀ ਵਿਧਾਇਕ, ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਅਤੇ ਪ੍ਰਦੇਸ਼ ਕਾਂਗਰਸ ਦੇ 4 ਸਾਲਾਂ ਤੱਕ ਪ੍ਰਧਾਨ ਸਮੇਤ ਸੰਸਦ ਮੈਂਬਰ ਵੀ ਰਹੇ। ਉਧਰ, ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਆਗੂਆਂ ਨੇ ਕਾਂਗਰਸ ਨੂੰ ਇਥੇ ਤੱਕ ਪਹੁੰਚਾਉਣ ਵਿਚ ਵੱਡਾ ਰੋਲ ਅਦਾ ਕੀਤਾ ਹੈ ਕਿਉਂਕਿ ਦੋਵਾਂ ਨੇ ਛੇ ਮਹੀਨੇ ਪਹਿਲਾਂ ਹੀ ਪਾਰਟੀ ਨੂੰ ਕਮਜ਼ੋਰ ਕਰਨ ਲਈ ਵਿਰੋਧੀ ਪਾਰਟੀ ਨਾਲ ਸਮਝੌਤਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਦੀ ਮਜ਼ਬੂਤੀ ਲਈ ਕਾਂਗਰਸ ਇੱਕਜੁੱਟ ਹੈ ਤੇ ਕਮੀਆਂ ਨੂੰ ਦੂਰ ਕਰਕੇ ਮੁੜ ਸੂਬੇ ਵਿਚ ਸਰਕਾਰ ਬਣਾਉਣ ਦੀ ਤਿਆਰੀ ਕੀਤੀ ਜਾਵੇਗੀ ਤੇ ਪਾਰਟੀ ਨੂੰ ਕਮਜ਼ੋਰ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਾਰਟੀ ਨੂੰ ਕਮਜ਼ੋਰ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਾਂਗੇ: ਰਾਜਾ ਵੜਿੰਗ
ਸੰਗਰੂਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ‘ਮੈਂ-ਮੈਂ` ਕਰਨ ਵਾਲੇ ਤੇ ਬੇਸਬਰੇ ਲੋਕਾਂ ਨੇ ਹੀ ਕਾਂਗਰਸ ਦਾ ਜਨਾਜ਼ਾ ਕੱਢਿਆ ਹੈ ਤੇ ਹਰ ਆਗੂ ਇਹ ਸਮਝਦਾ ਹੈ ਕਿ ਉਸ ਤੋਂ ਬਗੈਰ ਕਾਂਗਰਸ ਨਹੀਂ ਚੱਲ ਸਕਦੀ। ਰਾਜਾ ਵੜਿੰਗ ਸੂਬਾ ਪ੍ਰਧਾਨ ਬਣਨ ਮਗਰੋਂ ਇਥੇ ਪਾਰਟੀ ਆਗੂ ਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਿਹਾਇਸ਼ `ਤੇ ਪਾਰਟੀ ਵਰਕਰਾਂ ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਉਹ ਇਕ ਮਹੀਨਾ ਹੋਰ ਵੇਖਣਗੇ, ਉਸ ਮਗਰੋਂ ਪਾਰਟੀ ਨੂੰ ਕਮਜ਼ੋਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਵਿਚ ਕਾਂਗਰਸ ਦਾ ਮੁਕੰਮਲ ਪਤਨ ਹੋਇਆ: ਕੈਪਟਨ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਨੀਲ ਜਾਖੜ ਨੂੰ ਭਾਜਪਾ ‘ਚ ਸ਼ਾਮਲ ਹੋਣ ‘ਤੇ ਵਧਾਈ ਦਿੰਦਿਆਂ ਕਿਹਾ, ‘ਸਹੀ ਪਾਰਟੀ ਵਿਚ ਸਹੀ ਆਦਮੀ।‘ ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਹੋਰ ਆਗੂ ਵੀ ਕਾਂਗਰਸ ਦੇ ਡੁੱਬਦੇ ਜਹਾਜ਼ ਨੂੰ ਛੱਡ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚੋਂ ਵੱਡੇ ਲੀਡਰਾਂ ਦਾ ਬਾਹਰ ਨਿਕਲਣਾ ਜਾਰੀ ਰਹੇਗਾ ਤੇ ਪਾਰਟੀ ਹੁਣ ਆਪਣੀ ਤਬਾਹੀ ਵੱਲ ਵੱਧ ਰਹੀ ਹੈ। ਕੈਪਟਨ ਨੇ ਕਿਹਾ, ‘ਉਨ੍ਹਾਂ (ਸੁਨੀਲ) ਵਰਗੇ ਸੱਚੇ ਤੇ ਇਮਾਨਦਾਰ ਆਗੂ ਹੁਣ ਕਾਂਗਰਸ ਵਿਚ ਸਾਹ ਨਹੀਂ ਲੈ ਸਕਦੇ।‘ ਉਨ੍ਹਾਂ ਕਿਹਾ ਕਿ ਜਦੋਂ ਸੁਨੀਲ ਸੂਬਾ ਪ੍ਰਧਾਨ ਸਨ ਤੇ ਪਾਰਟੀ ਵਿੱਚ ਸਭ ਕੁਝ ਵਧੀਆ ਚੱਲ ਰਿਹਾ ਸੀ, ਪਰ ਲੀਡਰਸ਼ਿਪ ਦੇ ਇਕ ਗਲਤ ਫੈਸਲੇ ਨਾਲ ਪਾਰਟੀ ਦਾ ਮੁਕੰਮਲ ਤੌਰ ‘ਤੇ ਪਤਨ ਹੋ ਗਿਆ ਹੈ।
ਸੁਨੀਲ ਜਾਖੜ ਦੇ ਫੈਸਲੇ `ਤੇ ਸਿਆਸੀ ਧਿਰਾਂ ਹੈਰਾਨ!
ਚੰਡੀਗੜ੍ਹ: ਪੁਰਾਣੇ ਕਾਂਗਰਸੀ ਆਗੂ ਸੁਨੀਲ ਜਾਖੜ ਦੇ ਭਾਰਤੀ ਜਨਤਾ ਪਾਰਟੀ ਵਿਚ ਚਲੇ ਜਾਣ ‘ਤੇ ਕਈ ਸਿਆਸੀ ਆਗੂਆਂ ਨੇ ਹੈਰਾਨੀ ਜ਼ਾਹਿਰ ਕੀਤੀ ਹੈ। ਉਂਝ, ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪਹਿਲਾਂ ਜਿਸ ਢੰਗ ਨਾਲ ਸੁਨੀਲ ਜਾਖੜ ਤੋਂ ਪ੍ਰਧਾਨਗੀ ਲੈ ਕੇ ਨਵਜੋਤ ਸਿੱਧੂ ਨੂੰ ਸੌਂਪੀ ਗਈ, ਉਸ ਤੋਂ ਉਹ ਬਹੁਤ ਪ੍ਰੇਸ਼ਾਨ ਹੋਏ ਸਨ ਅਤੇ ਆਪਣੀ ਇਹ ਪ੍ਰੇਸ਼ਾਨੀ ਉਨ੍ਹਾਂ ਨਵਜੋਤ ਸਿੱਧੂ ਦੀ ਤਾਜਪੋਸ਼ੀ ਵਾਲੇ ਦਿਨ ਵੀ ਜ਼ਾਹਿਰ ਕੀਤੀ ਸੀ। ਫਿਰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਨਵਾਂ ਮੁੱਖ ਮੰਤਰੀ ਲਾਉਣ ਬਾਰੇ ਗੱਲ ਤੁਰੀ ਤਾਂ ਬਹੁਗਿਣਤੀ ਵਿਧਾਇਕਾਂ ਨੇ ਸੁਨੀਲ ਜਾਖੜ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਸੀ ਪਰ ਉਨ੍ਹਾਂ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ।