ਜੰਗ-ਏ-ਆਜ਼ਾਦੀ ਦੇ ਮਈ ਮਹੀਨੇ ਨਾਲ ਸਬੰਧਤ ਸ਼ਹੀਦ ਯੋਧੇ

ਮਨਮੋਹਨ ਪੂਨੀ
( 347-753-5940 )
ਅਣਖੀ ਹਿੰਦੋਸਤਾਨੀ ਜਦੋਂ ਅੰਗਰੇਜ਼ ਰਾਜ ਦੇ ਖਾਤਮੇ ਲਈ ਕਦਮ ਨਾਲ ਕਦਮ ਮਿਲਾ ਕੇ ਤੁਰੇ ਤਾਂ ਉਹ ਕਿਸੇ ਵੀ ਜੋਖ਼ਮ ਨੂੰ ਮੁੱਲ ਲੈਣ ਤੋਂ ਪਿੱਛੇ ਨਹੀਂ ਹਟੇ। ਹਰੇਕ ਹਿੰਦੋਸਤਾਨੀ ਨੇ ਆਪਣੀ ਜਥਾ-ਸ਼ਕਤੀ ਮੁਤਾਬਕ ਹਿੱਸਾ ਲਿਆ। ਉਹ ਭਲੀ ਭਾਂਤ ਜਾਣਦੇ ਸਨ ਕਿ ਆਜ਼ਾਦੀ ਸੰਗਰਾਮ ਬਲੀਦਾਨ ਮੰਗਦਾ ਹੈ। ਜਿਸ ਬਾਰੇ ਇਤਿਹਾਸ ਗਵਾਹ ਹੈ ਕਿ ਗ਼ੁਲਾਮ ਮਾਂ-ਭੂਮੀ ਦੇ ਸੰਗਲ ਨੂੰ ਤੋੜਨ ਲਈ ਅਣਖੀ ਯੋਧਿਆਂ ਨੇ ਆਪਣੀਆਂ ਜਾਇਦਾਦਾਂ ਦੀਆਂ ਕੁਰਕੀਆਂ ਕਰਵਾਈਆਂ, ਤਸ਼ੱਦਦ ਸਹੇ, ਜਲਾਵਤਨ ਹੋਏ, ਜੇਲ੍ਹਾਂ ਕੱਟੀਆਂ ਅਤੇ ਫ਼ਾਂਸੀਆਂ ਦੇ ਰੱਸੇ ਚੁੰਮੇ।

ਹਜ਼ਾਰਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਖੂਨ ਨਾਲ ਹਿੰਦੋਸਤਾਨ ਦੀ ਆਜ਼ਾਦੀ ਦਾ ਇਤਿਹਾਸ ਲਿਖਿਆ ਗਿਆ ਹੈ। ਅਸੀਂ ਸਾਰੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਆਜ਼ਾਦੀ ਦੇ ਉਸਰੇ ਮਹਿਲ ਦਾ ਅਨੰਦ ਲੈ ਰਹੇ ਹਾਂ ਪਰ ਇਸ ਗੱਲ ਤੋਂ ਅਣਗੌਲੇ ਹਾਂ ਕਿ ਬਹੁਤੇ ਸ਼ਹੀਦ ਇਤਿਹਾਸ ਦੇ ਪੰਨਿਆਂ ਤੋਂ ਵਿਰਵੇ ਹਨ।
ਹਿੰਦੋਸਤਾਨ ਦੀ ਅੰਗਰੇਜ਼ ਸਾਮਰਾਜ ਵਿਰੁੱਧ ਆਜ਼ਾਦੀ ਦੀ ਜੰਗ ਵਿਚ ਹਰ ਧਰਮ ਦੇ ਆਜ਼ਾਦੀ ਪਸੰਦ ਯੋਧਿਆਂ ਨੇ ਹਿੱਸਾ ਲਿਆ। ਆਪਣੇ ਨਿੱਜੀ ਮੁਫ਼ਾਦਾਂ ਨੂੰ ਇਕ ਪਾਸੇ ਰੱਖ ਕੇ ਦੇਸ਼ ਨੂੰ ਆਪਣਾ ਘਰ ਜਾਣਿਆ। ਗ਼ੁਲਾਮ ਹਿੰਦੋਸਤਾਨ ਨੂੰ ਆਜ਼ਾਦੀ ਤਕ ਲੈ ਕੇ ਜਾਣ ਦਾ ਔਕੜਾਂ ਭਰਿਆ ਸਮਾਂ ਤੈਅ ਕੀਤਾ।
ਸ਼ਹੀਦ, ਲੋਕ-ਹਿਤੈਸ਼ੀ ਹੁੰਦੇ ਹਨ ਅਤੇ ਸਰਕਾਰਾਂ ਦੀਆਂ ਅਣਮਨੁੱਖੀ ਕਾਰਵਾਈਆਂ ਦੇ ਵਿਰੋਧ ‘ਚ ਖੜ੍ਹਨ ਦੀ ਤਾਕਤ ਹੁੰਦੇ ਹਨ। ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਵੇਰਵਾ ਤਾਂ ਸ਼ਾਇਦ ਕਦੀ ਵੀ ਪੂਰਾ ਨਹੀਂ ਹੋਵੇਗਾ ਅਤੇ ਨਾ ਹੀ ਲਿਖਿਆ ਜਾ ਸਕਦਾ ਹੈ। ਅਸੀਂ ਆਪਣੀ ਜਥਾ-ਸ਼ਕਤੀ ਨਾਲ ਭੁੱਲੇ ਵਿਸਰੇ ਸ਼ਹੀਦਾਂ ਨੂੰ ਲੱਭਣ ਦੇ ਯਤਨ ਕਰ ਰਹੇ ਹਾਂ।
ਮਈ ਮਹੀਨੇ ਦੇ ਸ਼ਹੀਦਾਂ ਨੂੰ ਚੇਤਿਆਂ ਦਾ ਹਿੱਸਾ ਬਣਾਉਣ ਅਤੇ ਵਿਰਸੇ ਨਾਲ ਜੋੜਨ ਲਈ ਜਾਣਕਾਰੀ ਸਮਰਪਿਤ ਹੈ:
1. 3, ਮਈ 1860 ਸ਼ਹੀਦ ਜਵਾਲਾ ਪ੍ਰਸਾਦ ਜੀ ਨੂੰ ਕਾਨ੍ਹਪੁਰ ਵਿਖੇ ਫ਼ਾਂਸੀ ਦੇ ਕੇ ਸ਼ਹੀਦ ਕਰ ਦਿੱਤਾ। 1857 ਦੇ ਗ਼ਦਰ ਦੇ ਸਮੇਂ ਆਪ ਨਾਨਾ ਸਾਹਿਬ ਦੀ ਫ਼ੌਜ ਦੇ ਕਮਾਂਡਰ ਸਨ।
2. 3 , ਮਈ 1915 ਨੂੰ ਕਾਸਮ ਇਸਮਾਈਲ ਮਨਸੂਰ ਜੀ ਨੂੰ ਸਿੰਘਾਪੁਰ ਵਿਚ ਅੰਗਰੇਜ਼ੀ ਹਕੂਮਤ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ।
3. 4, ਮਈ 1933 ਨੂੰ ਸ੍ਰੀ ਗੋਬਿੰਦ ਰਾਮ ਜੀ ਵਰਮਾ ਇਕ ਬੈਂਕ ਡਾਕੇ ਵਿਚ ਸ਼ਹੀਦੀ ਪਾ ਗਏ। ਆਪ ਆਜ਼ਾਦੀ ਘੁਲਾਟੀਏ ਸਨ।
4. 6 ਮਈ 1950 ਨੂੰ ਮਿਸ ਐਗਨਸ ਸਮੈਡਲੀ ਜੋ ਮਿਸਟਰ ਚਾਰਲਸ ਅਤੇ ਮਿਸ ਸਾਰਾਹ ਦੀ ਬੇਟੀ ਚੀਨ ਦੇ ਇਨਕਲਾਬੀਆਂ ਦਾ ਸਾਥ ਦੇਂਦੀ ਬੀਮਾਰੀ ਕਾਰਨ ਦਮ ਤੋੜ ਗਈ। ਉਹ ਆਜ਼ਾਦੀ ਦੀ ਲੜਾਈ ਲੜ ਰਹੇ ਹਿੰਦੋਸਤਾਨੀਆਂ ਦੀ ਦੋਸਤ ਸੀ ਇੰਙ ਕਹੀਏ ਸਾਰੇ ਸੰਸਾਰ ਦੇ ਆਜ਼ਾਦੀ ਪਸੰਦੀਆਂ ਦੀ ਦੋਸਤ ਸੀ।
5. 7 ਮਈ, 1979 ਨੂੰ ਗੁਰਚਰਨ ਸਿੰਘ ਸਹਿੰਸਰਾ ਜੀ ਸਦੀਵੀ ਵਿਛੋੜਾ ਦੇ ਕੇ ਆਜ਼ਾਦੀ ਦੇ ਸ਼ਹੀਦਾਂ ਦੀ ਕਤਾਰ ਵਿਚ ਖਲੋਅ ਗਏ। ਆਪ 1927-1930 ਤਕ ਡੀ.ਸੀ. ਦਫ਼ਤਰ ਅੰਮ੍ਰਿਤਸਰ ਵਿਚ ਬਤੌਰ ਬਾਬੂ ਸਨ। 1930 ਦੀ ਸਿਵਲ ਨਾਫ਼ਰਮਾਨੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਨੌਕਰੀ ਛੱਡ ਦਿੱਤੀ। ਨੌਜਵਾਨ ਭਾਰਤ ਸਭਾ ਦੇ ਮੈਂਬਰ ਬਣੇ। ਕਈ ਵਾਰ ਜੇਲ੍ਹ ਯਾਤਰਾ ਕੀਤੀ। ਕਿਰਤੀ ਲਹਿਰ ਦੇ ਪਰਚੇ ਦੇ ਐਡੀਟਰ ਰਹੇ। ਗ਼ਦਰੀ ਬਾਬਿਆਂ ਦੀ ਕਮੇਟੀ ਨਾਲ ਮਿਲ ਕੇ ਗ਼ਦਰ ਪਾਰਟੀ ਦਾ ਇਤਿਹਾਸ ਲਿਖਿਆ। ਅੰਤਮ ਸਾਹ ਤਕ ਦੇਸ਼ ਦੀ ਕਿਰਤੀ ਲਹਿਰ ਨਾਲ ਜੁੜੇ ਰਹੇ।
6. 8 ਮਈ, 1899 ਵਾਸੂਦੇਵਾ ਚਾਪੇਕਰ ਜੀ ਨੂੰ ਫ਼ਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਆਪ ਨੂੰ ਗ਼ਦਾਰ ਦਰਾਵੜਾਂ ਨੂੰ ਮੌਤ ਦੇ ਘਾਟ ਉਤਾਰ ਕੇ ਮਾਂ-ਭੂਮੀ ਦਾ ਕਰਜ਼ ਉਤਾਰਨ ਦੇ ਦੋਸ਼ ‘ਚ ਫ਼ਾਂਸੀ ਹੋਈ ਸੀ। ਇਹ ਮਹਾਰਾਸ਼ਟਰ ਦੇ ਅਣਖੀ ਯੋਧਾ ਸਨ।
7. 8 ਮਈ, 1915 ਨੂੰ ਸ਼੍ਰੀ ਬਾਲ ਮੁਕੰਦ ਜੀ ਨੂੰ ਦਿੱਲੀ ਬੰਬ ਕਾਂਡ ‘ਚ ਦੋਸ਼ੀ ਠਹਿਰਾ ਕੇ ਫ਼ਾਂਸੀ ਹੋਈ ਸੀ। ਆਪ ਸ਼ਹੀਦਾਂ ਦੀ ਕਤਾਰ ਦਾ ਚਮਕਦਾ ਲਾਲ ਸਿਤਾਰਾ ਹਨ। ਉਨ੍ਹਾਂ ਦੀ ਪਤਨੀ ਬੀਬੀ ਰਾਮ ਰੱਖੀ ਵੀ ਫ਼ਾਂਸੀ ਦਾ ਪਤਾ ਲੱਗਣ ਉਪਰੰਤ ਹੀ ਦਮ ਤੋੜ ਗਏ ਸਨ।
8. 8 ਮਈ, 1915 ਅਵੱਧ ਬਿਹਾਰੀ ਜੀ ਨੂੰ ਦਿੱਲੀ ਚਾਂਦਨੀ ਚੌਕ ‘ਚ ਲਾਰਡ ਹਾਰਡਿੰਗ ਉੱਪਰ ਬੰਬ ਸੁੱਟਣ ਦੇ ਦੋਸ਼ ਵਿਚ ਫ਼ਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ।
9. 8 ਮਈ, 1915 ਨੂੰ ਮਾਸਟਰ ਅਮੀਰ ਚੰਦ ਜੀ ਨੂੰ ਦਿੱਲੀ ਬੰਬ ਕਾਂਡ ਦੇ ਦੋਸ਼ ਤਹਿਤ ਫ਼ਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
10. 9 ਮਈ, 1938 ਨੂੰ ਬਾਬਾ ਜਵਾਲਾ ਸਿੰਘ ਠੱਠੀਆਂ ਜੀ ਬੱਸ ਹਾਦਸੇ ਵਿਚ ਸਦੀਵੀ ਵਿਛੋੜਾ ਦੇ ਕੇ ਸ਼ਹੀਦਾਂ ਦੇ ਮਾਣਮੱਤੇ ਇਤਿਹਾਸ ਦਾ ਪੰਨਾ ਬਣ ਗਏ। ਆਪ ਗ਼ਦਰ ਪਾਰਟੀ ਦੇ ਬਾਨੀਆਂ ਵਿਚ ਮੋਹਰਲੀ ਕਤਾਰ ਦੇ ਆਗੂ ਸਨ। ਗ਼ਦਰ ਅਖ਼ਬਾਰ ਸ਼ੁਰੂ ਕੀਤੀ। ਅਮਰੀਕਾ ਵਿਚ ਉੱਚੇ ਕੱਦ ਦੇ ਜਿ਼ਮੀਂਦਾਰ ਅਤੇ ਆਲੂਆਂ ਦੇ ਬਾਦਸ਼ਾਹ ਸਨ। ਹਿੰਦੋਸਤਾਨ ਨੂੰ ਅੰਗਰੇਜ਼ ਤੋਂ ਆਜ਼ਾਦ ਕਰਾਉਣ ਲਈ ਅਮਰੀਕਾ ਤੋਂ ਵਾਪਸੀ ਕੀਤੀ। ਕਿਸਾਨਾਂ ਦੀ ਅਗਵਾਈ ਕੀਤੀ, ਮੁਜ਼ਾਰਾ ਲਹਿਰ ਚਲਾਈ। ਜ਼ਮੀਨ ਹਲ ਵਾਹਕ ਦੀ ਲੜਾਈ ਲੜੀ ( ਼ਅਨਦ ਟੋ ਠਲਿਲੲਰ) ਗ਼ਦਰ ਲਹਿਰ ਦੇ ਮੋਹਰੀ ਆਗੂ ਹਮੇਸ਼ਾਂ ਯਾਦ ਰਹਿਣਗੇ।
11. 10 ਮਈ, 1915 ਨੂੰ ਬਸੰਤ ਕੁਮਾਰ ਜੀ ਨੂੰ ਫ਼ਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਉਨ੍ਹਾਂ ਉੱਤੇ 23 ਦਸੰਬਰ, 1912 ਨੂੰ ਦਿੱਲੀ ਚਾਂਦਨੀ ਚੌਕ ਵਿਚ ਲਾਰਡ ਹਾਰਡਿੰਗ ਉੱਪਰ ਬੰਬ ਸੁੱਟਣ ਦੇ ਦੋਸ਼ ਸਨ।
12. 10 ਮਈ, 1991 ਨੂੰ ਸ. ਪ੍ਰੀਤਮ ਸਿੰਘ ਜੀ ਲਿੱਤਰਾਂ, ਡਿਸਟ੍ਰਿਕਟ ਹੁਸਿ਼ਆਰਪੁਰ ਸਦੀਵੀ ਵਿਛੋੜਾ ਦੇ ਗਏ ਤੇ ਆਜ਼ਾਦੀ-ਏ-ਹਿੰਦੋਸਤਾਨ ਦੇ ਸ਼ਹੀਦਾਂ ਦੀ ਕਤਾਰ ਵਿਚ ਖਲੋਅ ਗਏ। ਆਪ ਆਜ਼ਾਦੀ ਘੁਲਾਟੀਏ ਸਨ, ਕਿਸਾਨ ਜਥੇਬੰਦੀਆਂ ਵਿਚ ਅਗਲੀਆਂ ਕਤਾਰਾਂ ਦੇ ਆਗੂ ਸਨ। ਆਖ਼ਰੀ ਦਮ ਤਕ ਮਜ਼ਦੂਰ-ਕਿਸਾਨ ਦੀ ਲੁੱਟ ਦੇ ਵਿਰੋਧ ਵਿਚ ਲੜੇ। ਕਈ ਵਾਰ ਜੇਲ੍ਹ ਯਾਤਰਾ ਕੀਤੀ।
13. 12 ਮਈ, 1899 ਨੂੰ ਸ਼੍ਰੀ ਬਾਲ ਕ੍ਰਿਸ਼ਨ ਜੀ ਨੂੰ ਜ਼ਰਵਦਾ ਜੇਲ੍ਹ ਵਿਚ ਫ਼ਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ `ਤੇ ਮਹਾਰਾਣੀ ਦੇ ਬੁੱਤ ਨੂੰ ਕਾਲਖ਼ ਮਲਣ ਤੇ ਏਅਰ-ਕਮਾਂਡਰ ਅਤੇ ਪੁਲਿਸ ਅਫ਼ਸਰ ਰੈੱਡ ਨੂੰ ਗੋਲੀਆਂ ਮਾਰ ਕੇ ਹਲਾਕ ਕਰਨ ਦਾ ਦੋਸ਼ ਸੀ।
14. 12 ਮਈ, 1973 ਨੂੰ ਜਥੇਦਾਰ ਚੰਨਣ ਸਿੰਘ ਸੀਹਰਾ ਜੀ ਸਦੀਵੀ ਵਿਛੋੜਾ ਦੇ ਕੇ ਸ਼ਹੀਦਾਂ ਦੀ ਕਤਾਰ ਵਿਚ ਖਲੋਅ ਗਏ। ਆਪ ਜੈਤੋ ਦੇ ਮੋਰਚੇ ਵਿਚ ਗਏ ਪਰ ਛੋਟੀ ਉਮਰ ਕਰ ਕੇ ਵਾਪਸ ਭੇਜ ਦਿੱਤਾ ਗਿਆ। ਕਿਰਪਾਨ ਮੋਰਚਾ (ਲਾਹੌਰ) ਵਿਚ ਬਾਬਾ ਗੰਗਾ ਸਿੰਘ ਨਾਲ ਜੇਲ੍ਹ ਯਾਤਰਾ ਕੀਤੀ। ਆਪ ਅੰਗਰੇਜ਼ ਵਿਰੋਧੀ ਅਤੇ ਦੇਸ਼ ਭਗਤ ਸਨ।
15. 13 , ਮਈ 1951 ਮੌਲਾਨਾ ਹਸਰਤ ਮੋਹਾਨੀ ਜੀ ਲਖਨਊ ‘ਚ ਸਦੀਵੀ ਵਿਛੋੜਾ ਦੇ ਗਏ ਤੇ ਸ਼ਹੀਦਾਂ ਦੀ ਕਤਾਰ ਵਿਚ ਸ਼ਾਮਲ ਹੋ ਗਏ। ਆਪ ਗ਼ਦਰ ਲਹਿਰ ਵਿਚ ਕੰਮ ਕਰਨ ਦੇ ਦੋਸ਼ ਵਿਚ ਦੋ ਸਾਲ ਜੇਲ੍ਹ ਗਏ। ਸਾਰੀ ਜਿ਼ੰਦਗੀ ਦੇਸ਼ ਦੀ ਆਜ਼ਾਦੀ ਲਈ ਲੜੇ, 1946 ‘ਚ ਯੂ.ਪੀ ਅਸੈਂਬਲੀ ਅਤੇ ਉਸੇ ਸਮੇਂ ਪਾਰਲੀਮੈਂਟ ਦੇ ਮੈਂਬਰ ਬਣੇ। ਅੰਗਰੇਜ਼ ਜਾਣ ਤੋਂ ਬਾਅਦ ਦੇਸ਼ ਦੀ ਬੇਹਤਰੀ ਅਤੇ ਜਨਤਾ ਲਈ ਹੱਕ ਸੱਚ ਦੀ ਲੜਾਈ ਲੜਦੇ ਰਹੇ।
16. 14 ਮਈ, 1934 ਨੂੰ ਬੈਕੁੰਠ ਸ਼ੁਕਲ ਜੀ ਜਲਾਲਪੁਰ(ਬਿਹਾਰ) ਦੀ ਗਯਾ ਜੇਲ੍ਹ ‘ਚ ਸ਼ਹੀਦ ਹੋਏ। ਆਪ ਨੌਜਵਾਨ ਭਾਰਤ ਸਭਾ ਦੇ ਇਨਕਲਾਬੀ ਸਨ। ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਖਿ਼ਲਾਫ਼ ਗਵਾਹੀ ਦੇਣ ਵਾਲੇ ਲਾਹੌਰ ਸਾਜਿ਼ਸ਼ ਕੇਸ ਦੇ ਸਰਕਾਰੀ ਗਵਾਹ ਫ਼ਨਿੰਦਰ ਘੋਸ਼ ਦੇ ਕਤਲ ਦੇ ਦੋਸ਼ ‘ਚ ਫ਼ਾਂਸੀ ਹੋਈ।
16. 16 ਮਈ, 1916 ਨੂੰ ਭਗਤ ਸਿੰਘ ਉਰਫ਼ ਗਾਂਧਾ ਜੀ ਨੂੰ ਲਾਹੌਰ ਜੇਲ੍ਹ ਵਿਚ ਫ਼ਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਉਨ੍ਹਾਂ ਉੱਪਰ ਫੇਰੂ ਸਾਕੇ ਵਿਚ ਸ਼ਮੂਲੀਅਤ, ਥਾਣੇਦਾਰ ਤੇ ਜ਼ੈਲਦਾਰ ਨੂੰ ਗੋਲੀਆਂ ਮਾਰ ਕੇ ਪਾਰ ਬੁਲਾਉਣ ਦੇ ਦੋਸ਼ ਸਨ।
17. 16 ਮਈ, 1931 ਨੂੰ ਅਕਾਲੀ ਬੱਬਰ ਲਾਭ ਸਿੰਘ ਜੀ ਅਤੇ ਭਾਨ ਸਿੰਘ ਜੀ ਵਾਸੀ ਰੰਧਾਵਾ ਮਸੰਦਾਂ (ਜਲੰਧਰ), ਸਾਧੂ ਸਿੰਘ ਜੀ ਸਾਧੜਾ (ਹੁਸਿ਼ਆਰਪੁਰ) ਜਲੰਧਰ ਜੇਲ੍ਹ ‘ਚ ਫ਼ਾਂਸੀ ਦੇ ਕੇ ਸ਼ਹੀਦ ਕਰ ਦਿੱਤੇ ਗਏ। ਉਨ੍ਹਾਂ `ਤੇ ਪੁਲਿਸ ਅਫ਼ਸਰਾਂ ਤੇ ਮੁਖ਼ਬਰਾਂ ਨੂੰ ਮਾਰਨ ਦਾ ਦੋਸ਼ ਸੀ। ਇਹ ਮੁਖ਼ਬਰ ਬੱਬਰਾਂ ਦੇ ਪਰਿਵਾਰਾਂ ਨੂੰ ਤੰਗ ਕਰਦੇ ਸਨ ਜਦਕਿ ਬੱਬਰ ਆਜ਼ਾਦੀ ਦੇ ਮੈਦਾਨ-ਏ-ਜੰਗ ਵਿਚ ਸਨ।
18. 17 ਮਈ, 1933 ਨੂੰ ਮਹਾਂਬੀਰ ਸਿੰਘ ਜੀ ਅੰਡੇਮਾਨ, ਕਾਲਾ ਪਾਣੀ ਜੇਲ੍ਹ ‘ਚ ਸੁਵਿਧਾਵਾਂ ਵਿਰੁੱਧ ਰੱਖੀ ਭੁੱਖ ਹੜਤਾਲ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ।
19. 18 ਮਈ, 1986 ਨੂੰ ਦੇਸ਼ ਭਗਤ ਬਾਬਾ ਖੜਕ ਸਿੰਘ (ਕਾਰ ਸੇਵਾ ਵਾਲੇ) ਅਕਾਲ ਚਲਾਣਾ ਕਰ ਗਏ ਤੇ ਸ਼ਹੀਦਾਂ ਦੀ ਲੰਬੀ ਕਤਾਰ ਦਾ ਹਿੱਸਾ ਬਣੇ। ਜੈਤੋ ਦੇ ਮੋਰਚੇ ‘ਚ ਹਿੱਸਾ ਲਿਆ, ਕਈ ਗੁਰੂ ਘਰਾਂ ਦੀ ਕਾਰ ਸੇਵਾ ਕੀਤੀ ਤੇ ਸਕੂਲ ਕਾਲਜ ਖੋਲ੍ਹੇ।
20. 19 ਮਈ, 1927 ਨੂੰ ਭਾਈ ਸ. ਸੰਤੋਖ ਸਿੰਘ ਜੀ ਪੁੱਤਰ ਸ. ਜਵਾਲਾ ਸਿੰਘ ਪਿੰਡ ਧਰਦਿਉ ਜਿ਼ਲ੍ਹਾ ਅੰਮ੍ਰਿਤਸਰ ਸਦੀਵੀ ਵਿਛੋੜਾ ਦੇ ਕੇ ਸ਼ਹੀਦਾਂ ਦੀ ਕਤਾਰ ‘ਚ ਦਾਖਲ ਹੋ ਗਏ। ਆਪ ਕਹਿਣੀ ਤੇ ਕਰਨੀ ਦੇ ਸੂਰੇ ਸਨ। ਆਪ ਪਹਿਲਾਂ ਕੈਨੇਡਾ ਫਿਰ ਅਮਰੀਕਾ ਗਏ। ਗ਼ਦਰ ਪਾਰਟੀ ਦੇ ਆਗੂ ਸਨ। ਆਪ ਨੇ 1926 ‘ਚ ਕਿਰਤੀ ਪਰਚਾ ਸ਼ੁਰੂ ਕੀਤਾ, ਜੋ ਅੰਗਰੇਜ਼ ਵਿਰੁੱਧ ਲੜਾਈ ਦਾ ਬੁਲਾਰਾ ਸੀ।
21. 19 ਮਈ, 1939 ਨੂੰ ਬੱਬਰ ਅਕਾਲੀ ਗਿਆਨੀ ਗੁਰਦਿੱਤ ਸਿੰਘ ਜੀ ਦਲੇਰ, ਮੰਢਾਲੀ (ਨਵਾਂ ਸ਼ਹਿਰ) ਗ਼ਦਾਰ ਅਨੂਪ ਸਿੰਘ ਨੂੰ ਪਾਰ ਬੁਲਾਉਣ ਦੇ ਦੋਸ਼ ‘ਚ ਫ਼ਾਂਸੀ ਦਾ ਰੱਸਾ ਚੁੰਮ ਕੇ ਸ਼ਹੀਦ ਹੋ ਗਏ।
22. 19 ਮਈ, 1987 ਨੂੰ ਦੀਪਕ ਧਵਨ ਜੀ ਨੂੰ ਸਮਾਜ ਵਿਰੋਧੀ ਸਿਰ ਫਿਰਿਆਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਮਜ਼ਦੂਰਾਂ-ਕਿਸਾਨਾਂ ਨੂੰ ਆਪਣੇ ਹੱਕਾਂ ਲਈ ਜਾਗ੍ਰਿਤ ਕਰਨਾ, ਲੁੱਟ ਰਹਿਤ ਸਮਾਜ ਦੀ ਸਿਰਜਣਾ ਅਤੇ ਆਜ਼ਾਦੀ ਨੂੰ ਬਚਾਉਣਾ ਉਨ੍ਹਾਂ ਦਾ ਨਿਸ਼ਾਨਾ ਸੀ। ਦੀਪਕ ਧਵਨ ਸੱਚ ਹੀ ਦੀਪਕ ਵਰਗੀ ਸੋਚ ਦੇ ਮਾਲਿਕ ਸਨ, ਜਿਸ ਦੀ ਲੋਅ ਅੱਜ ਵੀ ਮਜ਼ਦੂਰ ਜਗਤ ਨੂੰ ਰੌਸ਼ਨ ਕਰ ਰਹੀ ਹੈ।
23. 25 ਮਈ, 1919 ਨੂੰ ਅਹਿਮਦ ਉੱਲ੍ਹਾ ਜੀ ਸ਼ਹੀਦੀ ਜਾਮ ਪੀ ਗਏ। ਆਪ ਜਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਵਿਚ ਜ਼ਖ਼ਮੀ ਹੋ ਗਏ ਸਨ।
24. 26 ਮਈ, 1917 ਨੂੰ ਸ਼ਹੀਦ ਸ. ਇੰਦਰ ਸਿੰਘ ਜੀ ਤੇ ਉਸਦੇ ਸਾਥੀਆਂ ਨੇ ਪੁਲਿਸ ਦੇ ਮੁਖ਼ਬਰ ਗੁਰਮੁਖ ਸਿੰਘ ਪੱਧਰੀ ਕਲਾਂ ਨੂੰ ਮਾਰਨ ਦੇ ਦੋਸ਼ ਵਿਚ ਫ਼ਾਸੀ ਦਾ ਰੱਸਾ ਚੁੰਮਿਆ।
25. 26 ਮਈ, 1917 ਨੂੰ ਸ. ਜਵੰਦ ਸਿੰਘ ਉਰਫ਼ ਜਸਵੰਤ ਸਿੰਘ ਜੀ ਨੰਗਲ ਕਲਾਂ (ਹੁਸਿ਼ਆਰਪੁਰ) ਪੰਜਵੇਂ ਲਾਹੌਰ ਸਾਜਿ਼ਸ਼ ਕੇਸ ਵਿਚ ਫ਼ਾਂਸੀ ਦੇ ਕੇ ਸ਼ਹੀਦ ਕਰ ਦਿੱਤੇ ਗਏ।
26. 26 ਮਈ, 1917 ਨੂੰ ਕੈਨੇਡਾ ਦੇ ਗ਼ਦਰੀ ਯੋਧੇ ਨਾਮ੍ਹਾ ਜੀ, ਬਾਬੂ ਜੀ ਅਤੇ ਸੁਰਜਨ ਸਿੰਘ ਜੀ ਫ਼ਤਿਹਗੜ੍ਹ (ਹੁਸਿ਼ਆਰਪੁਰ) ਹੁਰੀਂ ਫ਼ੇਰੂ ਮੁਕੱਦਮੇ ਵਿਚ ਫ਼ਾਂਸੀ ਦੇ ਰੱਸੇ ਨੂੰ ਚੁੰਮ ਕੇ ਸ਼ਹੀਦ ਹੋ ਗਏ। ਨਾਮ੍ਹਾ ਅਤੇ ਬਾਬੂ ਉੱਪਰ ਇਹ ਵੀ ਦੋਸ਼ ਸੀ ਕਿ ਉਹ ਮੰਡੀ ਦੇ ਰਾਜੇ ਦੇ ਭਤੀਜੇ ਠਾਕਰ ਜਵਾਹਰ ਸਿੰਘ ਨੂੰ ਗ਼ਦਰ ਪਾਰਟੀ ਨਾਲ ਜੁੜਨ ਵਾਸਤੇ ਕਹਿੰਦੇ ਸਨ।
27. 28 ਮਈ, 1930 ਨੂੰ ਸ਼੍ਰੀ ਭਗਵਤੀ ਚਰਨ ਵੋਹਰਾ ਜੀ ਸ਼ਹੀਦੀ ਜਾਮ ਪੀ ਕੇ ਸ਼ਹੀਦਾਂ ਦੀ ਮਾਲਾ ਦੇ ਮਣਕੇ ਬਣੇ। ਸ਼ਹੀਦ ਵੋਹਰਾ ਜੀ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਨੂੰ ਬਾਹਰ ਕੱਢਣ ਲਈ ਜੇਲ੍ਹ ਤੋੜਨ ਵਾਸਤੇ ਬੰਬ ਬਣਾ ਰਹੇ ਸਨ ਜੋ ਟੈਸਟਿੰਗ ਵਿਚ ਹੀ ਚੱਲ ਜਾਣ ਕਰਕੇ ਸ਼ਹੀਦ ਹੋ ਗਏ।
28. ਮਈ 1944 ਨੂੰ ਸ. ਜੈਮਲ ਸਿੰਘ ਜੀ ਬਰਮਾ ਜੇਲ੍ਹ ‘ਚ ਸ਼ਹੀਦ ਹੋਏ। ਆਪ ਆਜ਼ਾਦ ਹਿੰਦ ਫ਼ੌਜ਼ ਦੀ ਤੀਸਰੀ ਗ਼ੁਰੀਲਾ ਰਜਮੈਂਟ ਵਿਚ ਸਨ। ਪਿੰਡ ਪਾਂਡੂਵਾ, ਡਾਕਖਾਨਾ ਦਾਲੀਆ ਦੱਦਰੀ (ਮਹਿੰਦਰਗੜ੍ਹ) ਦੇ ਵਸਨੀਕ ਸਨ। ਸ਼ਹੀਦੀ ਤਾਰੀਖ਼ ਨਹੀਂ ਮਿਲ ਸਕੀ।
29. ਮਈ 1915 ਨੂੰ ਜਮਨ ਸਿੰਘ ਜੀ ਪਿੰਡ ਠੱਕੋਵਾਲ, ਗੜ੍ਹਸ਼ੰਕਰ (ਹੁਸਿ਼ਆਰਪੁਰ) ਕੈਨੇਡਾ ਤੋਂ ਦੇਸ਼ ਆਜ਼ਾਦੀ ਲਈ ਵਾਪਿਸ ਆ ਕੇ ਗ਼ਦਰ ਪਾਰਟੀ ਦਾ ਹਿੱਸਾ ਬਣੇ। ਉਹ ਬਰ੍ਹਮਾ ਜੇਲ੍ਹ ‘ਚ ਸ਼ਹੀਦੀ ਪਾ ਗਏ। ਸ਼ਹੀਦੀ ਤਾਰੀਖ਼ ਨਹੀਂ ਮਿਲ ਸਕੀ।
30. ਮਈ, 2001 ਨੂੰ ਸ. ਮਹਿੰਮਾ ਸਿੰਘ ਨੰਨੜਾ ਜੀ ਸਦੀਵੀ ਵਿਛੋੜਾ ਦੇ ਕੇ ਸ਼ਹੀਦਾਂ ਦੀ ਕਤਾਰ ਵਿਚ ਖਲੋਅ ਗਏ। ਆਪ ਆਜ਼ਾਦ ਹਿੰਦ ਫ਼ੌਜ ਦੇ ਸਿਪਾਹੀ ਸਨ। ਸਾਰਾ ਜੀਵਨ ਦੇਸ਼ ਲਈ ਸਮਰਪਿਤ ਕੀਤਾ। ਸੰਗਰੂਰ ਜਿ਼ਲ੍ਹੇ ਦੇ ਪਿੰਡ ਰੰਗੀਆਂ ਤੋਂ ਸਨ।
31. 31 ਮਈ, 1930 ਨੂੰ ਡਾ. ਗੰਗਾ ਸਿੰਘ ਜੀ ਆਪਣੇ ਪਰਿਵਾਰ ਨਾਲ ਟਾਂਗੇ ਵਿਚ ਬੈਠ ਗੁਰੂਘਰ ਨੂੰ ਜਾ ਰਹੇ ਸਨ। ਗੁਰੂ ਅਰਜਨ ਦੇਵ ਜੀ ਦਾ ਪੁਰਬ ਦਿਹਾੜਾ ਸੀ। ਡਾ. ਗੰਗਾ ਸਿੰਘ ਕਦੀ ਵੀ ਕਿਸੇ ਗ਼ੋਰੇ ਅਫ਼ਸਰ ਨੂੰ ਸਲੂਟ ਨਹੀਂ ਸਨ ਮਾਰਦੇ। ਟਾਂਗਾ ਕਾਬਲੀ ਦਰਵਾਜ਼ੇ ਥਾਈਂ ਲੰਘਣ ਲੱਗਿਆ ਤਾਂ ਉਸ ਪਿੱਕਟ ਦਾ ਇੰਚਾਰਜ ਲੈਫ਼ਟੀਨੈਂਟ ਬਰ ਸੀ ਜੋ ਪਹਿਲਾਂ ਹੀ ਡਾ. ਹੁਰਾਂ ਨਾਲ ਔਖਾ ਸੀ ਨੇ ਬਿਨਾਂ ਕਾਰਨ ਗੋਲ਼ੀ ਦਾ ਹੁਕਮ ਦੇ ਦਿੱਤਾ ਜਿਸ ਦੌਰਾਨ ਸਵਾ ਸਾਲ ਦੀ ਬੇਟੀ ਹਰਪਾਲ ਕੌਰ ਤੇ 9 ਸਾਲ ਦਾ ਬੇਟਾ ਬਚਿੱਤਰ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਦੇਸ਼ ਦੀ ਆਜ਼ਾਦੀ ਲਈ ਲੜਨ ਵਾਲਿਆਂ ਨੇ ਆਪਣੇ ਬੱਚੇ ਵੀ ਸ਼ਹੀਦ ਕਰਵਾਏ।
ਸਾਡੇ ਯਤਨ ਹਨ ਕਿ ਹਿੰਦੋਸਤਾਨ ਦੀ ਆਜ਼ਾਦੀ ਲਈ ਜਿਹੜੇ ਯੋਧਿਆਂ ਨੇ ਆਪਣੀਆਂ ਜਾਨਾਂ ਵਾਰੀਆਂ, ਸ਼ਹੀਦੀਆਂ ਪਾਈਆਂ ਉਨ੍ਹਾਂ ਦੀ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰ ਕੇ ਸ਼ਹੀਦਾਂ ਦੇ ਅਣਖੀ ਵਿਰਸੇ ਬਾਰੇ ਪਾਠਕਾਂ ਨੂੰ ਦੱਸੀਏ। ਬਹੁਤ ਸ਼ਹੀਦ ਜਿਨ੍ਹਾਂ ਆਪਣੀਆਂ ਜਾਨਾਂ ਹਿੰਦੋਸਤਾਨ ਦੀ ਆਜ਼ਾਦੀ ਲਈ ਨਿਸ਼ਾਵਰ ਕੀਤੀਆਂ ਭੁੱਲੇ ਵਿਸਰੇ ਹੋਏ ਹਨ। ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਸਾਂਝੀ ਕਰੋ ਤਾਂ ਕਿ ਉਨ੍ਹਾਂ ਨੂੰ ਬਣਦਾ ਮਾਣ ਮਿਲ ਸਕੇ। ਅੰਗਰੇਜ਼ ਸਾਮਰਾਜ ਦੀ ਗ਼ੁਲਾਮੀ ਦਾ ਜੂਲ਼ਾ ਉਤਾਰਨ ਲਈ, ਆਜ਼ਾਦੀ ਵਾਸਤੇ ਵੱਖ ਵੱਖ ਲਹਿਰਾਂ, ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ, ਆਜ਼ਾਦੀ ਘੁਲ਼ਾਟੀਆਂ, ਗ਼ਦਰੀ ਬਾਬਿਆਂ ਅਤੇ ਅਕਾਲੀ ਬੱਬਰਾਂ ਦੇ ਕੀਤੇ ਹੋਏ ਕੰਮ ਨੂੰ ਯਾਦ ਕਰਨਾ ਚਾਹੀਦਾ ਹੈ।
ਸ਼ਹੀਦਾਂ ਨੂੰ ਸ਼ਰਧਾਂਜ਼ਲੀ। – ਵਲੋਂ: ਇੰਡੋ-ਅਮੈਰੀਕਨ ਹੈਰੀਟੇਜ ਫ਼ਾਉਂਡੇਸ਼ਨ, ਨਿਊਯਾਰਕ।