ਟਾਈਟਲਰ ਦੀ ਸੋਨੀਆ ਨਾਲ ਮੁਲਾਕਾਤ `ਤੇ ਉਠੇ ਸਵਾਲ

ਨਵੀਂ ਦਿੱਲੀ: 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਈਟਲਰ ਦੀ ਕੌਮੀ ਰਾਜਧਾਨੀ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਭੜਕ ਉਠੇ। ਬੀਤੇ ਮਹੀਨਿਆਂ ਤੋਂ ਜਗਦੀਸ਼ ਟਾਈਟਲਰ ਦਿੱਲੀ ਪ੍ਰਦੇਸ਼ ਕਾਂਗਰਸ ਦੇ ਸਮਾਗਮਾਂ ਵਿਚ ਵੀ ਸਰਗਰਮ ਨਜ਼ਰ ਆ ਰਹੇ ਹਨ ਜਦਕਿ ਕੁਝ ਸਾਲ ਪਹਿਲਾਂ ਤੱਕ ਟਾਈਟਲਰ ਨੂੰ ਨੁੱਕਰੇ ਲਾਇਆ ਗਿਆ ਸੀ।

ਟਾਈਟਲਰ ਦੇ ਸ੍ਰੀਮਤੀ ਗਾਂਧੀ ਨਾਲ ਮੁਲਾਕਾਤ ਦੇ ਵੇਰਵੇ ਤਾਂ ਸਾਹਮਣੇ ਨਹੀਂ ਆਏ ਪਰ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਕੌਮੀ ਪੱਧਰ ‘ਤੇ ਹਾਸ਼ੀਏ ‘ਤੇ ਜਾਣ ਕਾਰਨ ਸੀਨੀਅਰ ਕਾਂਗਰਸੀ ਆਗੂਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਕਾਰਨ ਟਕਸਾਲੀ ਕਾਂਗਰਸੀ ਆਗੂ ਹੁਣ ਮੁੜ ਸਰਗਰਮ ਹੋਣ ਲੱਗੇ ਹਨ। ਮੀਡੀਆ ਨਾਲ ਗੱਲ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਵਰਤਾਰਾ ਕਾਂਗਰਸ ਦਾ ਸਿੱਖਾਂ ਤੇ ਪੂਰੇ ਪੰਜਾਬ ਪ੍ਰਤੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿਉਂਕਿ ਟਾਈਟਲਰ ਦੀ ਸਿੱਖ ਕਤਲੇਆਮ ਵਿਚ ਮੋਹਰੀ ਭੂਮਿਕਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਬੰਧੀ ਗਾਂਧੀ ਪਰਿਵਾਰ ਨੇ ਕਦੇ ਮੁਆਫੀ ਨਹੀਂ ਮੰਗੀ। ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਕਾਂਗਰਸ ਦੀ ਪੰਜਾਬ ਪ੍ਰਤੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਕਾਂਗਰਸ ਦਾ ਉਸ ਵਿਅਕਤੀ ਨਾਲ ਕਿੰਨਾ ਪਿਆਰ ਹੈ ਜਿਸ ਦਾ ਨਾਂ 1984 ਦੇ ਕਤਲੇਆਮ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਕਤਲੇਆਮ ਹੋਇਆ ਅਤੇ ਸਿੱਖ ਭਰਾਵਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ।