ਮੌਸਮ ਦੀ ਮਾਰ ਅਤੇ ਘੱਟ ਝਾੜ ਨੇ ਭੁੰਜੇ ਲਾਹੀ ਕਿਸਾਨੀ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਭਰ ‘ਚੋਂ ਇਕੱਠੇ ਕੀਤੇ ਗਏ ਨਮੂਨਿਆਂ ਦੇ ਨਿਰੀਖਣ ਮਗਰੋਂ ਕਣਕ ਦੇ ਝਾੜ ਵਿਚ ਇਸ ਵਾਰ ਦਸ ਫੀਸਦ ਦੀ ਕਮੀ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਕਿਸਾਨ ਝਾੜ ਵਿਚ 20 ਫੀਸਦ ਦੀ ਕਮੀ ਹੋਣ ਦੀ ਗੱਲ ਕਹਿ ਰਹੇ ਹਨ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਕਣਕ ਦੇ ਘਟੇ ਝਾੜ ਦੀ ਸਥਿਤੀ ਜਾਣਨ ਲਈ ਖੇਤੀ ਮਹਿਕਮੇ ਦੀ ਇਕ ਕਮੇਟੀ ਬਣਾ ਕੇ ਸਥਿਤੀ ਜਾਨਣ ਦਾ ਹੁਕਮ ਦਿੱਤਾ ਸੀ। ਖੇਤੀ ਮਹਿਕਮੇ ਨੇ ਆਪਣੇ ਤੌਰ ‘ਤੇ 2200 ਨਮੂਨੇ ਲਏ ਸਨ, ਜਿਨ੍ਹਾਂ ‘ਚੋਂ 1200 ਨਮੂਨਿਆਂ ਦੇ ਨਤੀਜੇ ਆਏ ਹਨ।
ਜਾਣਕਾਰੀ ਅਨੁਸਾਰ ਪੰਜਾਬ ‘ਚ ਐਤਕੀਂ 35 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਗਈ ਸੀ ਤੇ ਪੰਜਾਬ ਸਰਕਾਰ ਦਾ 132 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਸੀ। ਮਾਰਚ ਮਹੀਨੇ ਵਿਚ ਇਕਦਮ ਤਾਪਮਾਨ ‘ਚ ਹੋਏ ਵਾਧੇ ਕਾਰਨ ਕਣਕ ਦਾ ਦਾਣਾ ਮੁਕੰਮਲ ਨਹੀਂ ਬਣ ਸਕਿਆ, ਜਿਸ ਕਰਕੇ ਝਾੜ ਵਿਚ ਕਮੀ ਆਈ ਹੈ। ਖੇਤੀ ਮਹਿਕਮੇ ਅਨੁਸਾਰ ਪਿਛਲੇ ਸਾਲ ਪ੍ਰਤੀ ਹੈਕਟੇਅਰ ਕਣਕ ਦਾ ਝਾੜ 48.68 ਕੁਇੰਟਲ ਸੀ ਜਦਕਿ ਇਸ ਵਾਰ ਇਹ ਅੰਕੜਾ 43 ਕੁਇੰਟਲ ਹੈ।
ਖੇਤੀ ਮਹਿਕਮੇ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ 26 ਲੱਖ ਟਨ ਕਣਕ ਦਾ ਝਾੜ ਘਟਿਆ ਹੈ। ਇਸ ਲਿਹਾਜ਼ ਨਾਲ ਕਿਸਾਨਾਂ ਦਾ ਕਰੀਬ 2500 ਕਰੋੜ ਦਾ ਵਿੱਤੀ ਨੁਕਸਾਨ ਹੋਇਆ ਹੈ। ਕਿਸਾਨਾਂ ਦੇ ਨਜ਼ਰੀਏ ਤੋਂ ਦੇਖੀਏ ਤਾਂ ਝਾੜ ਵਿਚ 20 ਫੀਸਦ ਕਟੌਤੀ ਹੋਈ ਹੈ, ਜਿਸ ਤਹਿਤ 5,239 ਕਰੋੜ ਦਾ ਮਾਲੀ ਨੁਕਸਾਨ ਹੋਇਆ ਹੈ। ਇਸ ਨਾਲ ਸਰਕਾਰੀ ਖਜਾਨੇ ਨੂੰ ਵੀ 314 ਕਰੋੜ ਦੇ ਟੈਕਸਾਂ ਦੀ ਸੱਟ ਵੱਜਣ ਦਾ ਅਨੁਮਾਨ ਹੈ। ਪੰਜਾਬ ਦੀਆਂ ਮੰਡੀਆਂ ਵਿਚ ਹੁਣ ਤੱਕ 65 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਮਾਹਿਰ ਆਖਦੇ ਹਨ ਕਿ ਪੰਜਾਬ ਸਰਕਾਰ ਲਈ ਇਸ ਵਾਰ ਟੀਚਾ ਪੂਰਾ ਕਰਨਾ ਮੁਸ਼ਕਲ ਹੈ। ਅੰਦਾਜ਼ੇ ਹਨ ਕਿ ਮੰਡੀਆਂ ਵਿਚ ਕਣਕ ਦੀ ਖਰੀਦ ਮਸਾਂ ਹੀ 100 ਲੱਖ ਮੀਟ੍ਰਿਕ ਟਨ ਨੂੰ ਛੂਹੇਗੀ। ਭਾਰਤ ਸਰਕਾਰ ਨੇ ਚਾਲੂ ਮਾਲੀ ਵਰ੍ਹੇ ਦੌਰਾਨ 100 ਲੱਖ ਮੀਟ੍ਰਿਕ ਟਨ ਕਣਕ ਬਾਹਰ ਭੇਜਣ ਦਾ ਟੀਚਾ ਮਿਥਿਆ ਹੈ। ਕਿਸਾਨਾਂ ਨੂੰ ਘੱਟ ਝਾੜ ਨੇ ਭੁੰਜੇ ਲਾਹ ਦਿੱਤਾ ਹੈ।
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਹੁਣ ਤੱਕ 1200 ਨਮੂਨਿਆਂ ਦੇ ਨਤੀਜੇ ਹਾਸਲ ਹੋਏ ਹਨ, ਜਿਨ੍ਹਾਂ ਅਨੁਸਾਰ ਪੰਜਾਬ ਵਿਚ ਕਣਕ ਦਾ ਝਾੜ ਪ੍ਰਤੀ ਏਕੜ ਪਿੱਛੇ ਦੋ ਕੁਇੰਟਲ ਘੱਟ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਤੇ ਮਾਨਸਾ ਇਲਾਕੇ ਵਿਚ ਕਣਕ ਦਾ ਝਾੜ ਜ਼ਿਆਦਾ ਪ੍ਰਭਾਵਿਤ ਹੋਇਆ ਹੈ।
ਖੁਦਕੁਸ਼ੀਆਂ ਦੀਆਂ ਖਬਰਾਂ ਮੁੜ ਸੁਰਖੀਆਂ ਬਣਨ ਲੱਗੀਆਂ
ਚੰਡੀਗੜ੍ਹ: ਇਨ੍ਹਾਂ ਦਿਨਾਂ ਵਿਚ ਮਾਲਵੇ ਦੇ ਖੇਤਰ ਤੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਮੁੜ ਸੁਰਖੀਆਂ ਬਣਨ ਲੱਗੀਆਂ ਹਨ। ਝਾੜ ਘੱਟ ਨਿਕਲਣ ਕਾਰਨ ਨਿੱਤ ਦਿਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਆ ਰਹੀਆਂ ਹਨ। ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਕਿਸਾਨ ਪਹਿਲਾਂ ਹੀ ਕਣਕ ਦਾ ਭਾਅ ਸਵਾਮੀਨਾਥਨ ਕਮਿਸ਼ਨ ਮੁਤਾਬਕ ਦੇਣ ਦੀ ਮੰਗ ਕਰ ਰਹੇ ਹਨ ਕਿਉਂਕਿ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਭਾਅ ਵਿਚ ਆਪਣੀ ਜ਼ਮੀਨ ਦੇ ਠੇਕੇ ਸਮੇਤ ਬਹੁਤ ਸਾਰੇ ਖਰਚੇ ਨਹੀਂ ਜੋੜੇ ਜਾ ਰਹੇ। ਘੱਟੋ-ਘੱਟ ਸਮਰਥਨ ਮੁੱਲ ਘੱਟ ਰਹਿਣ ਦੇ ਨਾਲ-ਨਾਲ ਝਾੜ ਵਿਚ ਕਮੀ ਹੋਰ ਪਰੇਸ਼ਾਨ ਕਰਨ ਵਾਲੀ ਹੈ। ਇਸ ਤੋਂ ਇਲਾਵਾ ਮੰਡੀਆਂ ਵਿਚ ਪਈ ਕਣਕ ਉਤੇ ਮੌਸਮ ਦੀ ਮਾਰ ਪੈ ਰਹੀ ਹੈ। ਕਣਕ ਭਾਵੇਂ ਕਾਫੀ ਮਾਤਰਾ ਵਿਚ ਵਿਕ ਗਈ ਹੈ ਪਰ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ।
ਵੱਧ ਕਣਕ ਤੋਲਣ ਵਾਲੇ 30 ਆੜ੍ਹਤੀਆਂ ਨੂੰ ਜੁਰਮਾਨਾ
ਰੂਪਨਗਰ: ਜ਼ਿਲ੍ਹਾ ਰੂਪਨਗਰ ਦੀਆਂ ਅਨਾਜ ਮੰਡੀਆਂ ‘ਚ ਆੜ੍ਹਤੀਆਂ ਵੱਲੋਂ ਕਿਸਾਨਾਂ ਦੀ ਫਸਲ ਦੀ ਤੁਲਾਈ ਸਮੇਂ ਹੇਰਾਫੇਰੀ ਸਬੰਧੀ ਜੀ.ਓ.ਜੀ. ਦੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਡੀਸੀ ਡਾ. ਪ੍ਰੀਤੀ ਯਾਦਵ ਨੇ 30 ਆੜ੍ਹਤੀਆਂ ਵਿਰੁੱਧ ਕਾਰਵਾਈ ਕੀਤੀ ਹੈ। ਜ਼ਿਲ੍ਹਾ ਮੰਡੀ ਅਫਸਰ ਨਿਰਮਲ ਸਿੰਘ ਪੁਹਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਘਨੌਲੀ ਮੰਡੀ ਵਿਚ ਗੁਰੂ ਨਾਨਕ ਟਰੇਡਰਜ਼ ਨੂੰ 200 ਗਰਾਮ ਵਾਧੂ ਤੋਲਦਿਆਂ ਫੜਿਆ ਗਿਆ। ਇਸੇ ਤਰ੍ਹਾਂ ਅਗੰਮਪੁਰ ਵਿਚ ਪਵਨ ਕੁਮਾਰ ਸੋਨੀ ਦੀ ਫਰਮ, ਨੰਗਲ ਦੀ ਕਿਸ਼ੋਰੀ ਲਾਲ ਐਂਡ ਸੰਨਜ਼ ਨੂੰ ਮੌਕੇ ‘ਤੇ ਕਾਬੂ ਕਰਕੇ ਜਰਮਾਨੇ ਵਸੂਲ ਕੀਤੇ ਗਏ। ਉਨ੍ਹਾਂ ਦੱਸਿਆ ਸਮੁੱਚੇ ਜ਼ਿਲ੍ਹੇ ਵਿਚ 30 ਆੜ੍ਹਤੀਆਂ ਨੂੰ 41, 900 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।