ਹਿੰਦੀ ਕਹਾਣੀ: ਉੱਜਲ ਭਵਿੱਖ

ਸਵੈਮ ਪ੍ਰਕਾਸ਼
ਅਨੁਵਾਦ: ਜਸਵੰਤ ਮੁਹਾਲੀ
ਸਵੈਮ ਪ੍ਰਕਾਸ਼ (1947-2019) ਦਾ ਹਿੰਦੀ ਗਲਪ ਸਾਹਿਤ ਵਿਚ ਵਿਸ਼ੇਸ਼ ਮੁਕਾਮ ਹੈ। ਉਹਨੇ ਕਹਾਣੀਆਂ ਅਤੇ ਨਾਵਲਾਂ ਤੋਂ ਇਲਾਵਾ ਵਾਰਤਕ ਵੀ ਲਿਖੀ। ਉਸ ਦੀਆਂ ਰਚਨਾਵਾਂ ਵਿਚ ਆਮ ਲੋਕਾਂ ਦੀ ਗੱਲ ਬਹੁਤ ਜ਼ੋਰਦਾਰ ਢੰਗ ਨਾਲ ਕੀਤੀ ਗਈ ਹੈ। ‘ਉੱਜਲ ਭਵਿੱਖ’ ਕਹਾਣੀ ਵਿਚ ਉਸ ਨੇ ਹਿੰਦੋਸਤਾਨ ਦੇ ਨਾ-ਅਹਿਲ ਢਾਂਚੇ ਉਤੇ ਤਿੱਖੀਆਂ ਚੋਟਾਂ ਕੀਤੀਆਂ ਹਨ।

ਗੱਡੀ ਨੇ ਪਲੇਟਫਾਰਮ ਛੱਡਿਆ ਤਾਂ ਅਲਸਾਉਂਦੇੇ ਹੋਏ ਸਪੈਕਟਰਾ ਇੰਜਨੀਅਰਿੰਗ ਗਰੁੱਪ ਦੇ ਮੁਖੀ, ਪ੍ਰਬੰਧ ਨਿਰਦੇਸ਼ਕ ਤੇ ਮਾਲਕ ਮਿੱਤਲ ਸਾਹਿਬ ਨੇ ਅਲਵਿਦਾ ਆਖਣ ਵਾਲਿਆਂ ਦੇ ਜੁਆਬ ਵਿਚ ਹੱਥ ਹਿਲਾਇਆ ਅਤੇ ਫਿਰ ਜੁੱਤੀ ਉਤਾਰ ਕੇ ਲੱਤਾਂ ਪਸਾਰ ਲਈਆਂ। ਚਲੋ! ਹੁੁਣ ਅਸੀਂ ਹਾਂ ਅਤੇ ਇਹ ਸਫਰ ਹੈ। ਨਾਲ ਵਾਲੀ ਖਾਲੀ ਬਰਥ ‘ਤੇ ਨਜ਼ਰ ਮਾਰੀ। ਡੱਬੇ ਦੇ ਤਿੰਨੋਂ ਬਰਥ ਖਾਲੀ ਸਨ ਤੇ ਖਾਲੀ ਹੀ ਰਹਿਣ ਵਾਲੇ ਸਨ। ਇਹਦੇ ਨਾਲੋਂ ਤਾਂ ਕੋਈ ਹੁੰਦਾ! ਪਰ ਕੀ ਪਤਾ ਕੌਣ ਹੁੰਦਾ? ਕੋਈ ਬੋਰ ਕਰਨ ਵਾਲਾ ਹੁੰਦਾ, ਤਾਂ? ਨਹੀਂ, ਇਸ ਤਰ੍ਹਾਂ ਹੀ ਠੀਕ ਹੈ।
ਅਜੇ ਡੱਬੇ ਦਾ ਦਰਵਾਜ਼ਾ ਬੰਦ ਕਰਨ ਦੀ ਸੋਚ ਹੀ ਰਹੇ ਸਨ ਕਿ ਕੋਈ ਲੜਕਾ ਦੌੜਦਾ ਹੋਇਆ ਆਉਂਦਾ ਦਿਖਾਈ ਦਿੱਤਾ। ਉਹ ਪਲੇਟਫਾਰਮ ਦੇ ਐਨ ਸਿਰੇ ‘ਤੇ ਪਹੁੰਚ ਚੁੱਕਾ ਸੀ ਕਿ ਰਫਤਾਰ ਫੜ ਚੁੱਕੀ ਗੱਡੀ ਵਿਚ ਛਾਲ ਮਾਰ ਕੇ ਚੜ੍ਹ ਗਿਆ – ਤੇ ਸਿੱਧਾ ਮਿੱਤਲ ਸਾਹਿਬ ਦੇ ਡੱਬੇ ਵਿਚ ਘੁਸ ਕੇ ਦਰਵਾਜ਼ਾ ਬੰਦ ਕਰਨ ਲੱਗਾ।
“ਕੀ ਗੱਲ ਐ ਬਈ? ਕੀ ਗੱਲ ਐ? ਕੀ ਚਾਹੀਦਾ ਹੈ?” ਮਿੱਤਲ ਸਾਹਿਬ ਉੱਖੜ ਗਏ।
ਲੜਕੇ ਨੇ ਹੱਥ ਜੋੜੇ, ਸਾਹ ਨੂੰ ਟਿਕਾਣੇ ਸਿਰ ਕਰਦਿਆਂ ਬੋਲਿਆ, “ਘਬਰਾਓ ਨਾ, ਚੋਰ ਡਾਕੂ ਨਹੀਂ ਹਾਂ। ਪਲੀਜ਼! ਦੋ ਮਿੰਟ ਦਾ ਮੌਕਾ ਦਿਓ।”
ਦੋ ਮਿੰਟ ਤੱਕ ਕੁਝ ਨਹੀਂ ਹੋਇਆ ਤਾਂ ਮਿੱਤਲ ਸਾਹਿਬ ਦਾ ਆਤਮ-ਵਿਸ਼ਵਾਸ਼ ਪਰਤਣ ਲੱਗਾ। ਬੋਲੇ, “ਕੌਣ ਹੈਂ? ਕੀ ਚਾਹੀਦਾ ਹੈ?”
ਲੜਕੇ ਨੇ ਕਮੀਜ਼ ਦੀ ਬਾਂਹ ਨਾਲ ਪਸੀਨਾ ਪੂੰਝਿਆ, ਥੁੱਕ ਅੰਦਰ ਲੰਘਾਇਆ ਤੇ ਹੱਥ ਜੋੜ ਕੇ ਬੋਲਿਆ, “ਨੌਕਰੀ ਚਾਹੀਦੀ ਹੈ।”
ਪਲ ਭਰ ਲਈ ਤਾਂ ਮਿੱਤਲ ਸਾਹਿਬ ਨੂੰ ਵਿਸ਼ਵਾਸ ਨਾ ਹੋਇਆ ਕਿ ਉਨ੍ਹਾਂ ਠੀਕ ਸੁਣਿਆ ਹੈ। ਬੋਲੇ, “ਹੈਂ?”
“ਨੌਕਰੀ।” ਲੜਕੇ ਨੇ ਦੁਹਰਾਇਆ।
ਮਿੱਤਲ ਸਾਹਿਬ ਇਕਦਮ ਰਿਲੈਕਸ ਹੋ ਗਏ ਸਗੋਂ ਉਨ੍ਹਾਂ ਨੂੰ ਮਜ਼ਾ ਆਉਣ ਲੱਗਾ। ਉਹ ਮੁਸਕਰਾਏ। ਮੁਸਕਰਾਹਟ ਅਚਾਨਕ ਠਹਾਕੇ ਵਿਚ ਬਦਲ ਗਈ। ਬੋਲੇ, “ਓ! ਕੀ ਨਾਟਕੀ ਸਥਿਤੀ ਬਣ ਗਈ ਹੈ? ਵਾਹ! ਰੀਅਲੀ ਡ੍ਰਾਮੈਟਿਕ! ਥੀਏਟਰੀਕਲ ਰਾਦਰ! ਜ਼ਿੰਦਗੀ ਵਿਚ ਕਦੇ ਕਿਸੇ ਨੇ ਮੇਰੇ ਕੋਲੋਂ ਚਲਦੀ ਟਰੇਨ ਵਿਚ ਇਸ ਤਰ੍ਹਾਂ ਦੌੜ ਕੇ ਨੌਕਰੀ ਨਹੀਂ ਮੰਗੀ। ਹਾਂ! ਹਵਾਈ ਜਹਾਜ਼ ਵਿਚ ਇੱਕ ਵਾਰ ਇੱਕ ਆਦਮੀ ਨੇ ਜ਼ਰੂਰ ਨੌਕਰੀ ਮੰਗੀ ਸੀ ਪਰ ਆਪਣੇ ਲਈ ਨਹੀਂ, ਆਪਣੇ ਨਾਲਾਇਕ ਭਤੀਜੇ ਲਈ। ਨਾਲਾਇਕ ਲੋਕ ਮੈਨੂੰ ਬਹੁਤ ਚੰਗੇ ਲਗਦੇ ਨੇ, ਸੋ ਮੈਂ ਉਹਨੂੰ ਰੱਖ ਲਿਆ। ਅੱਜ ਉਹ ਮੇਰੀ ਇੱਕ ਫਰਮ ਦਾ ਚੀਫ ਮੈਨੇਜਰ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਇਹ ਕਿੱਸਾ ਮੈਂ ਇੱਕ ਇੰਟਰਵਿਊ ਵਿਚ ਸਾਂਝਾ ਕੀਤਾ ਸੀ। ਤੂੰ ਜ਼ਰੂਰ ਹੀ ਉਹ ਇੰਟਰਵਿਊ ਪੜ੍ਹੀ ਹੋਵੇਗੀ। ਇਸੇ ਲਈ ਤੂੰ ਵੀ ਨੌਕਰੀ ਮੰਗਣ ਦਾ ਇਹੀ ਤਰੀਕਾ ਅਜ਼ਮਾਇਆ ਹੈ। ਐਮ ਆਈ ਰਾਈਟ? ਪਰ ਜ਼ਰਾ ਸੋਚ, ਕਿੰਨਾ ਖਤਰਨਾਕ ਹੈ ਇਹ ਤਰੀਕਾ? ਮੰਨ ਲੈ ਜੇ ਘਬਰਾਹਟ ਵਿਚ ਗੱਡੀ ਚੜ੍ਹਦਿਆਂ ਡਿੱਗ ਜਾਂਦਾ! ਜਾਂ ਮੈਂ ਜੇ ਹੁਣੇ ਕੰਡਕਟਰ ਨੂੰ ਬੁਲਾ ਕੇ ਕਹਿ ਦਿਆਂ ਕਿ… ਫਸਟ ਦਾ ਟਿਕਟ ਤਾਂ ਕੀ ਹੋਊ ਤੇਰੇ ਕੋਲ?”
ਲੜਕਾ ਖੱਬੇ ਸੱਜੇ ਝਾਕਣ ਲੱਗਾ।
“ਤੂੰ ਦਫਤਰ ਕਿਉਂ ਨਹੀਂ ਅਇਆ?”
“ਆਇਆ ਸੀ ਪਰ ਉਨ੍ਹਾਂ ਨੇ ਤੁਹਾਨੂੰ ਮਿਲਣ ਨਹੀਂ ਦਿੱਤਾ।”
“ਤਾਂ ਘਰ ਆ ਜਾਂਦਾ।”
“ਵੜਨ ਨਹੀਂ ਦਿੱਤਾ।”
“ਕਲੱਬ?”
“ਕੱਪੜੇ ਨਹੀਂ ਸਨ।”
“ਪਾਰਕਿੰਗ?”
“ਤੁਹਾਡੇ ਸੁਰੱਖਿਆ ਕਰਮਚਾਰੀ ਸਾਰੇ ਬੇਰੁਜ਼ਗਾਰਾਂ ਨੂੰ ਅਤਿਵਾਦੀ ਸਮਝਦੇ ਹਨ।”
“ਹਾਂ ਇਹ ਗੱਲ ਤਾਂ ਹੈ। ਤੂੰ ਟੈਲੀਫੋਨ…?”
“ਤੁਹਾਡਾ ਪੀ.ਏ. ਗੱਲ ਨਹੀਂ ਕਰਾਉਂਦਾ।”
“ਫਿਰ ਤਾਂ ਇਹੀ ਤਰੀਕਾ ਬਚਿਆ। ਖੈਰ! ਚਲੋ ਬੈਠੋ।”
ਲੜਕਾ ਜ਼ਮੀਨ ‘ਤੇ ਬੈਠਣ ਲੱਗਾ।
“ਨਹੀਂ ਨਹੀਂ, ਸਾਹਮਣੇ ਬੈਠੋ।”
ਲੜਕਾ ਸਾਹਮਣੇ ਵਾਲੀ ਬਰਥ ‘ਤੇ ਟਿਕ ਗਿਆ। ਇਸ ਤਰ੍ਹਾਂ ਕਿ ਇਹ ਵੀ ਨਾ ਲੱਗੇ ਕਿ ਇਕਦਮ ਬੈਠ ਹੀ ਗਿਆ ਹੈ ਅਤੇ ਇਹ ਵੀ ਨਹੀਂ ਕਿ ਉਹਨੇ ਮਿੱਤਲ ਸਾਹਿਬ ਦੀ ਹੁਕਮ-ਅਦੂਲੀ ਕੀਤੀ ਹੈ।
ਮਿੱਤਲ ਸਾਹਿਬ ਨੇ ਸੁਰਾਹੀ ਵਿਚੋਂ ਪਾਣੀ ਕੱਢਿਆ। ਪੀਂਦੇ-ਪੀਂਦੇ ਫਿਰ ਲੜਕੇ ਵੱਲ ਵਧਾ ਦਿੱਤਾ, “ਲਉ ਪਾਣੀ ਪੀਓ।”
“ਜੀ ਬੱਸ ਠੀਕ ਹੈ। ਮੈਂ ਪੀ ਕੇ ਹੀ ਚੱਲਿਆ ਸੀ।”
“ਪੀਓ ਪੀਓ। ਕੋਈ ਗੱਲ ਨਹੀਂ। ਜੂਠਾ ਹੋ ਜਾਏਗਾ ਤਾਂ ਹੋਰ ਕੱਪ ਹੈ। ਕਹਿ ਰਿਹਾ ਹਾਂ ਨਾ ਕਿ ਪੀਓ। ਕਦੋਂ ਦਾ ਥੁੱਕ ਨਿਗਲੀ ਜਾ ਰਿਹਾ ਹੈਂ।”
ਲੜਕੇ ਨੇ ਪਾਣੀ ਪੀਤਾ। ਏਨੇ ਕੁ ਪਾਣੀ ਨਾਲ ਕੀ ਹੋਣਾ ਸੀ ਪਰ ਉਸ ਨੇ ਹੋਰ ਨਹੀਂ ਮੰਗਿਆ। ਮਿੱਤਲ ਨੇ ਹੋਰ ਪੁੱਛਿਆ ਵੀ ਨਹੀਂ। ਏਨੀ ਕੁ ਇਨਸਾਨੀਅਤ ਬਹੁਤ ਸੀ। ਖੁਦ ਪੀਣ ਲੱਗੇ। ਲੜਕਾ ਕੱਪ ਹੱਥ ਵਿਚ ਲੈ ਕੇ ਬੈਠਾ ਰਿਹਾ। ਦੋਵੇਂ ਹੱਥਾਂ ਵਿਚ। ਜਿਵੇਂ ਕੱਪ ਧਾਰਨ ਕਰ ਲਿਆ ਹੋਵੇ। ਵਾਪਸ ਦਿੰਦਾ ਵੀ ਤਾਂ ਕਿਵੇਂ? ਜੂਠਾ ਕੱਪ ਮਿੱਤਲ ਸਾਹਿਬ ਨੂੰ ਕਿਵੇਂ ਦੇਵੇ? ਉੱਥੇ ਰੱਖੇ ਵੀ ਕਿਵੇਂ? ਬਾਹਰ ਦੇ ਪਾਣੀ ਨਾਲ ਧੋ ਕੇ ਲਿਆਉਣ ਨਾਲ ਵੀ ਗੱਲ ਨਹੀਂ ਬਣਦੀ। ਇਸ ਲਈ ਹੱਥਾਂ ਵਿਚ ਹੀ ਫੜੀ ਰੱਖਿਆ। ਬੱਸ ਧਾਰਨ ਕਰ ਲਿਆ।
ਮਿੱਤਲ ਸਾਹਿਬ ਨੇ ਇਲੈਚੀ ਕੱਢ ਕੇ ਮੂੰਹ ਵਿਚ ਪਾ ਲਈ। ਸੁਆਦ ਲੈਂਦੇ ਹੋਏ ਬੋਲੇ, “ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਮੈਂ ਇਸ ਟਰੇਨ ਵਿਚ ਸਫਰ ਕਰ ਰਿਹਾ ਹਾਂ? ਮੈਂ ਤਾਂ ਕਦੇ ਟਰੇਨ ਵਿਚ ਸਫਰ ਕਰਦਾ ਨਹੀਂ।”
“ਸਰ, ਆਪ ਜੀ ਨੂੰ ਕੌਣ ਨਹੀਂ ਜਾਣਦਾ?” ਲੜਕੇ ਨੇ ਕਿਹਾ।
ਇਸ ਜੁਆਬ ਦੀ ਕੋਈ ਤੁਕ ਨਹੀਂ ਸੀ ਪਰ ਮਿੱਤਲ ਇਹ ਸੁਣ ਕੇ ਕੁਝ ਸੰਤੁਸ਼ਟ ਸਨ। ਲੜਕਾ ਥੋੜ੍ਹੀ ਬਹੁਤ ਗੱਲ ਕਰਨੀ ਜਾਣਦਾ ਹੈ। ਦਸ ਪੰਦਰਾਂ ਮਿੰਟ ਇਹਦੇ ਨਾਲ ਗੱਲ ਕਰਕੇ ਸਮਾਂ ਪਾਸ ਕਰਾਂਗਾ। ਫਿਰ ਕੱਪੜੇ ਬਦਲਾਂਗਾ, ਫਿਰ ਕਰਾਸ ਵਰਡ ਕੱਢ ਕੇ ਖੇਡਾਂਗਾ ਜੋ ਮਿਤਰੀ ਨੇ ਰਸਤੇ ਵਿਚ ਖੇਡਣ ਵਾਸਤੇ ਸਟੋਰ ਕਰ ਦਿੱਤੀਆਂ ਹਨ। ਜਾਂ ਕੁਝ ਸੋਚਾਂਗਾ।
“ਅੱਛਾ ਤਾਂ ਤੈਨੂੰ ਨੌਕਰੀ ਚਾਹੀਦੀ ਹੈ?”
“ਜੀ।”
“ਓ ਭਾਈ, ਆਰਾਮ ਨਾਲ ਬੈਠ ਜਾ।”
“ਜੀ ਬੱਸ ਠੀਕ ਹੈ।”
“ਫਿਕਰ ਨਾ ਕਰ। ਟੀਟੀ ਤੈਨੂੰ ਨਹੀਂ ਉਠਾਵੇਗਾ। ਮੈਂ ਚਾਰੇ ਬਰਥ ਰਿਜ਼ਰਵ ਕਰਵਾਏ ਹੋਏ ਨੇ। ਬੈਠ ਜਾ। ਕੰਡਕਟਰ ਪੁੱਛੇਗਾ ਤਾਂ ਕਹਿ ਦੇਵਾਂਗਾ ਕਿ ਤੂੰ ਮੇਰੇ ਨਾਲ ਹੈਂ। ਵੈਸੇ ਉਹ ਪੁੱਛੇਗਾ ਨਹੀਂ।”
ਲੜਕਾ ਕੁਝ ਠੀਕ ਹੋ ਕੇ ਬੈਠ ਗਿਆ।
“ਅੱਛਾ, ਤਾਂ ਤੈਨੂੰ ਨੌਕਰੀ ਚਾਹੀਦੀ ਹੈ? ਕਿਉਂ?” ਮਿੱਤਲ ਨੇ ਫਿਰ ਪੁੱਛਿਆ ਤੇ ਲੜਕੇ ਨੂੰ ਸਿਰ ਤੋਂ ਪੈਰਾਂ ਤੱਕ ਧਿਆਨ ਨਾਲ ਦੇਖਿਆ। ਕੁਝ ਵੀ ਖਾਸ ਨਹੀਂ। ਸਿਰ ਤੋਂ ਪੈਰਾਂ ਤੱਕ ਬੇਰੁਜ਼ਗਾਰ। ਹਿੰਦੋਸਤਾਨ ਵਿਚ ਕਿਤੇ ਵੀ ਇਹੋ ਜਿਹੇ ਦ੍ਰਿਸ਼ ਦੇਖੇ ਜਾ ਸਕਦੇ ਹਨ। ਆਪਣੀ ਭੁੱਖ ਮਾਰਨੀ ਹੋਵੇ ਤਾਂ। ਆਪਣਾ ਮੂਡ ਔਫ ਕਰਨਾ ਹੋਵੇ ਤਾਂ। ਨਹੀਂ, ਇਸ ਵਿਚ ਕੁਝ ਵੀ ਖਾਸ ਨਹੀਂ।
ਮਿੱਤਲ ਨੇ ਤੀਸਰੀ ਵਾਰ ਕਿਹਾ, “ਅੱਛਾ ਤਾਂ ਨੌਕਰੀ ਚਾਹੀਦੀ ਹੈ” ਤੇ ਸੋਚਣ ਲੱਗੇ ਕਿ ਜਦੋਂ ਇਸ ਵਿਚ ਕੁਝ ਵੀ ਖਾਸ ਨਹੀਂ ਹੈ ਤਾਂ ਉਹ ਇਸ ਨੂੰ ਭਜਾ ਕਿਉਂ ਨਹੀਂ ਦਿੰਦੇ। ਕੀ ਉਸ ਦੀਆਂ ਅਨੁਭਵੀ ਅੱਖਾਂ ਧੋਖਾ ਖਾ ਰਹੀਆਂ ਹਨ। ਉਸ ਨੂੰ ਲੱਗਿਆ ਜਿਵੇਂ ਕੋਈ ਮੁਸ਼ਕਿਲ ਪਰ ਦਿਲਚਸਪ ਕ੍ਰਾਸਵਰਡ ਪਜ਼ਲ ਉਸ ਦੇ ਸਾਹਮਣੇ ਹੈ। ਭਿੜ ਜਾਣ ਸੁਲਝਾਉਣ ਲਈ? ਘੜੀ ਦੇਖੀ। ਹਾਂ ਕੁਝ ਦੇਰ ਭਿੜਿਆ ਜਾ ਸਕਦਾ ਹੈ।
“ਕਿੰਨਾ ਪੜ੍ਹੇ ਹੋ?”
“ਜੀ ਐਮ.ਕੌਮ, ਐਲ.ਐਲ.ਬੀ., ਆਈ.ਸੀ.ਡਬਲਿਊ.ਏ. ਇੰਟਰ-ਮੀਡੀਏਟ, ਡਿਪਲੋਮਾ ਇਨ ਜਰਨਲਿਜ਼ਮ…।”
“ਇਹੋ ਜਿਹੀਆਂ ਬੇਤੁਕੀਆਂ ਡਿਗਰੀਆਂ ਤਾਂ ਬਹੁਤ ਲੋਕ ਚੁੱਕੀ ਫਿਰਦੇ ਹਨ। ਦੇਸ਼ ਵਿਚ ਏਨੀਆਂ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਹਨ ਕਿ ਜਿੱਧਰ ਵੀ ਪੱਥਰ ਸੁੱਟੋ, ਕਿਸੇ ਡਿਗਰੀਧਾਰੀ ਦੇ ਹੀ ਵੱਜੇਗਾ। ਤੇਰੇ ਵਿਚ ਕੀ ਖਾਸ ਹੈ?”
“ਇੱਕ ਵਾਰ ਮੌਕਾ ਦੇ ਕੇ ਦੇਖੋ, ਮੈਂ ਕਾਬਲੀਅਤ ਸਾਬਤ ਕਰ ਦਿਆਂਗਾ।”
“ਓ! ਤਾਂ ਤੂੰ ਕਾਬਲ ਹੈਂ!” ਲੰਮੀ ਹੇਕ ਜਿਹਾ ਅੰਦਾਜ਼ ਲਾ ਕੇ ਕਿਹਾ। ਵਿਅੰਗ ਨਾਲ।
“ਜੀ।”
“ਪਰ ਮੈਨੂੰ ਕਾਬਲ ਨਹੀਂ, ਹੁਸ਼ਿਆਰ ਬੰਦਿਆਂ ਦੀ ਜ਼ਰੂਰਤ ਹੈ।”
ਲੜਕਾ ਕੁਝ ਨਹੀਂ ਸਮਝਿਆ। ਬਿਟਰ-ਬਿਟਰ ਦੇਖਦਾ ਰਿਹਾ।
ਮਿੱਤਲ ਨੇ ਸਮਝਾਇਆ, “ਕਾਬਲ ਬੰਦਾ ਚੰਗਾ ਕੰਮ ਕਰ ਸਕਦਾ ਹੈ ਪਰ ਹੁਸ਼ਿਆਰ ਬੰਦੇ ਦੇ ਮੁਕਾਬਲੇ ਵਿਚ ਆ ਕੇ ਬੌਂਦਲ ਜਾਂਦਾ ਹੈ ਤੇ ਹਾਰ ਜਾਂਦਾ ਹੈ। ਹੁਸ਼ਿਆਰ ਆਦਮੀ ਭਾਵੇਂ ਓਨਾ ਕਾਬਲ ਨਾ ਵੀ ਹੋਵੇ ਪਰ ਕਾਬਲ ਬੰਦਿਆਂ ਕੋਲੋਂ ਕੰਮ ਕਢਾਉਣਾ ਜਾਣਦਾ ਹੈ। ਬੋਲੋ? ਕੀ ਕਹਿੰਦੇ ਹੋ?”
ਲੜਕਾ ਮਿੱਤਲ ਸਾਹਿਬ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ।
“ਤੇ ਜੀਹਨੂੰ ਤੁਸੀਂ ਕਾਬਲੀਅਤ ਸਮਝ ਰਹੇ ਹੋ, ਉਹ ਹੈ ਕੀ?” ਮਿੱਤਲ ਨੇ ਪੁੱਛਿਆ।
ਲੜਕੇ ਨੂੰ ਕੁਝ ਨਹੀਂ ਅਹੁੜਿਆ।
“ਸ਼ਾਇਦ ਤੁਸੀਂ ਕੈਸ਼ਬੁੱਕ ਨੂੰ ਬਰਾਬਰ ਮੇਨਟੇਨ ਰੱਖ ਸਕਦੇ ਹੋ, ਲੈਜਰ ਅਪ-ਟੂ-ਡੇਟ ਰੱਖ ਸਕਦੇ ਹੋ, ਬੈਲੇਂਸ ਸ਼ੀਟ ਪੜ੍ਹ ਸਕਦੇ ਹੋ, ਐਸਟੀਮੇਟ ਠੀਕ ਤਰ੍ਹਾਂ ਚੈੱਕ ਕਰ ਸਕਦੇ ਹੋ, ਕੌਸਟ ਸ਼ੀਟ ਚੰਗੀ ਤਿਆਰ ਕਰ ਸਕਦੇ ਹੋ… ਪੈਸੇ-ਕੌਡੀ, ਜਮ੍ਹਾਂ-ਖਰਚ, ਲੈਣ-ਦੇਣ ਦਾ ਹਿਸਾਬ ਏਨਾ ਸਾਫ ਰੱਖ ਸਕਦੇ ਹੋ ਕਿ ਇਕ ਪੈਸੇ ਦੀ ਵੀ ਗੜਬੜ ਨਾ ਹੋ ਸਕੇ।”
“ਜੀ, ਜੀ।” ਲੜਕਾ ਬੋਲਿਆ।
“ਤੇ ਇਹਨੂੰ ਤੁਸੀਂ ਕਾਬਲੀਅਤ ਸਮਝਦੇ ਹੋ!”
ਲੜਕਾ ਫਿਰ ਫੱਕ।
ਮਿੱਤਲ ਸਾਹਿਬ ਹੋਰ ਪਸਰ ਗਏ। ਬੋਲੇ, “ਮੰਨ ਲਓ, ਸੋਨੇ ਦਾ ਪਹਾੜ ਹੈ ਸਾਡੀ ਇਨਵੈਂਟਰੀ ਵਿਚ, ਉਸ ਦੀ ਕੀਮਤ ਪਤਾ ਕਰਨੀ ਹੈ। ਕਿਵੇਂ ਕਰੋਗੇ?”
“ਸਰ, ਇੱਕ ਤਰੀਕਾ ਤਾਂ ਇਹ ਹੈ ਕਿ ਬਾਜ਼ਾਰ ਦੀ ਕੀਮਤ ਨਾਲ ਪਏ ਮਾਲ ਦੀ ਮਾਤਰਾ ਨੂੰ ਗੁਣਾ ਕਰ ਦਿਓ… ਅਤੇ ਜੇ ਲਾਗਤ ਮੁੱਲ ਪਤਾ ਲਾਉਣਾ ਹੈ ਤਾਂ…।”
“ਸਿੰਪਲ ਆਂਸਰ ਹੈ ਇੱਕ ਰੁਪਿਆ।”
“ਜੀ!”
“ਸੋਨੇ ਦੇ ਪਹਾੜ ਦੀ ਕੀਮਤ ਇਕ ਰੁਪਇਆ।”
“ਜੀ ਜੇ ਐਜ਼ਿਊਮ ਹੀ ਕਰਨਾ ਹੈ ਤਾਂ ਸੰਭਵ ਹੈ ਕਿ ਬੁੱਕ ਵੈਲਯੂ…।”
“ਮੈਂ ਕਿਹਾ ਨਾ ਕਿ ਇੱਕ ਰੁਪਿਆ”, ਇਸ ਵਾਰ ਮਿੱਤਲ ਨੇ ਝਿੜਕ ਕੇ ਕਿਹਾ। ਫਿਰ ਗੱਲ ਨੂੰ ਖੋਲ੍ਹ ਕੇ ਸਮਝਾਇਆ, “ਮੇਰੀ ਅਕਾਊਂਟ ਬੋਰਡ ਮੀਟਿੰਗ ਤੋਂ ਐਨ ਪਹਿਲਾਂ ਮੇਰੇ ਹੁਕਮ ਮੁਤਾਬਿਕ ਸਾਲ ਭਰ ਦੇ ਨਫਾ-ਨੁਕਸਾਨ, ਉਤਪਾਦਨ-ਵਿਕਰੀ, ਜਮ੍ਹਾਂ-ਖਰਚ ਦੇ ਹਿਸਾਬ ਕਿਤਾਬ ਵਿਚ ਗੜਬੜੀਆਂ ਪੈਦਾ ਕਰ ਸਕਦੇ ਹੋ ਜਾਂ ਨਹੀਂ। ਅਗਰ ਹਾਂ ਤਾਂ ਕਿੰਨੀ ਦੇਰ ਵਿਚ? ਉਹ ਵੀ ਇਸ ਤਰ੍ਹਾਂ ਕਿ ਗੜਬੜੀ ਵਿਚ ਕੋਈ ਗੜਬੜੀ ਨਾ ਲੱਭੇ।”
ਲੜਕਾ ਫਿਰ ਕੋਈ ਜੁਆਬ ਨਾ ਦੇ ਸਕਿਆ।
“ਅੱਛਾ ਛੱਡੋ, ਇਹ ਦੱਸੋ ਇਸੇ ਕਾਬਲੀਅਤ ਵਾਲੇ ਜੇ ਪੰਜ ਆਦਮੀ ਹੋਰ ਮਿਲ ਰਹੇ ਹੋਣ ਤਾਂ ਤੈਨੂੰ ਹੀ ਕਿਉਂ ਲਿਆ ਜਾਵੇ?”
“ਜੀ, ਮੈਂ ਇਮਾਨਦਾਰ ਹਾਂ। ਤੁਸੀਂ ਅੱਖਾਂ ਮੀਚ ਕੇ ਮੇਰੇ ‘ਤੇ ਭਰੋਸਾ ਕਰ ਸਕਦੇ ਹੋ।”
ਮਿੱਤਲ ਚੌਂਕ ਗਏ। ਫਿਰ ਮੂੰਹ ਬਣਾ ਕੇ ਬੋਲੇ, “ਹੁਣ ਤੱਕ ਤਾਂ ਤੁਸੀਂ ਮੈਨੂੰ ਹਸਾ ਰਹੇ ਸੀ, ਹੁਣ ਤਾਂ ਤੁਸੀਂ ਮੈਨੂੰ ਡਰਾ ਰਹੇ ਹੋ। ਮੈਂ ਏਨੇ ਸਾਲਾਂ ਵਿਚ ਜੋ ਐਂਪਾਇਰ ਖੜ੍ਹੀ ਕੀਤੀ ਹੈ, ਉਹਨੂੰ ਕਿਸੇ ਇਮਾਨਦਾਰ ਆਦਮੀ ‘ਤੇ ਭਰੋਸਾ ਕਰ ਕੇ ਮਿੱਟੀ ਵਿਚ ਮਿਲ ਜਾਣ ਦਿਆਂ? ਮੇਰਾ ਸਿਰ ਫਿਰ ਗਿਆ ਹੈ? ਨਹੀਂ, ਸ਼ਾਇਦ ਤੁਸੀਂ ਮਜ਼ਾਕ ਕਰ ਰਹੇ ਹੋ?”
“ਕਿਉਂ ਸਰ, ਇਮਾਨਦਾਰ ਹੋਣਾ ਕੀ ਕੋਈ ਬੁਰੀ ਗੱਲ ਹੈ?”
ਮਿੱਤਲ ਸਾਹਿਬ ਨੇ ਫਿਰ ਬੁਰਾ ਜਿਹਾ ਮੂੰਹ ਬਣਾਇਆ ਤੇ ਖਿੜਕੀ ਵਿਚੋਂ ਬਾਹਰ ਝਾਕਣ ਲੱਗੇ। ਜਿਵੇਂ ਸੋਚ ਰਹੇ ਹੋਣ, ਇਹ ਕਰਾਸ ਵਰਡ ਪਜ਼ਲ ਤਾਂ ਬਹੁਤ ਹੀ ਬੋਰਿੰਗ ਹੈ।
ਕੁਝ ਪਲ ਏਦਾਂ ਹੀ ਬੀਤ ਗਏ। ਲੜਕਾ ਇੱਕ ਹੱਥ ਨਾਲ ਦੂਜੇ ਹੱਥ ਨੂੰ ਮਲਦਾ ਰਿਹਾ ਜਿਵੇਂ ਹੱਥ ਧੋ ਰਿਹਾ ਹੋਵੇ। ਰੇਲਗੱਡੀ ਹੁਣ ਸਹਿਜ ਤਾਲ ਵਿਚ ਚੱਲ ਰਹੀ ਸੀ। ਉਸ ਦੀ ਛੁੱਕ-ਛੁੱਕ ਇਕਸੁਰ ਹੋ ਗਈ ਸੀ ਤੇ ਗੱਲ ਕਰਨ ਲਈ ਉਚੀ ਬੋਲਣ ਦੀ ਲੋੜ ਨਹੀਂ ਸੀ।
“ਤੁਹਾਡੇ ਕੰਸੈਪਟ ਬਹੁਤ ਪੁਰਾਣੇ ਹੋ ਚੁੱਕੇ ਹਨ। ਤੁਸੀਂ ਕਿਸੇ ਅਧਿਆਪਕ ਦੇ ਪੁੱਤਰ ਤਾਂ ਨਹੀਂ?” ਕੁਝ ਦੇਰ ਬਾਅਦ ਮਿੱਤਲ ਸਾਹਿਬ ਨੇ ਪੁੱਛਿਆ।
ਲੜਕਾ ਕੀ ਕਹਿੰਦਾ। ਉਹ ਸੱਚੀਂ ਅਧਿਆਪਕ ਦਾ ਪੁੱਤਰ ਸੀ।
“ਮੇਰੀ ਧੀ ਮਿਤਰੀ ਵੀ ਤੇਰੇ ਵਰਗੀ ਹੀ ਹੈ। ਚੌਦਾਂ ਸਾਲਾਂ ਦੀ ਹੋ ਗਈ ਹੈ ਤੇ ਹੁਣੇ ਹੀ ਆਦਰਸ਼ਵਾਦ ਦੀ ਜਕੜ ਵਿਚ ਹੈ। ਦੇਖਿਆ ਜਾਵੇ ਤਾਂ ਉਸੇ ਕਰਕੇ ਮੈਨੂੰ ਤੇਰੇ ਵਰਗੇ… ਕੀ ਕਹਾਂ ਤੈਨੂੰ… ਸੁਪਨਸਾਜ਼ ਨਾਲ ਮੱਥਾ ਮਾਰਨਾ ਪੈ ਰਿਹਾ ਹੈ। ਕਹਿੰਦੀ ਹੈ ਕਿ ਜਦੋਂ ਮੈਨੂੰ ਡਾਕਟਰਾਂ ਨੇ ਮਨ੍ਹਾ ਕੀਤਾ ਹੈ ਤਾਂ ਮੈਨੂੰ ਹਵਾਈ ਜਹਾਜ਼ ਵਿਚ ਸਫਰ ਨਹੀਂ ਕਰਨਾ ਚਾਹੀਦਾ। ਉਸੇ ਨੇ ਇਹ ਸਾਰਾ…,” ਲੰਮੇ ਚੌੜੇ ਤਾਮ-ਝਾਮ ਵੱਲ ਇਸ਼ਾਰਾ ਕਰਦਿਆਂ, “ਪ੍ਰਬੰਧ ਕੀਤਾ ਹੈ। ਸਾਰਾ ਡੱਬਾ ਮੇਰੇ ਵਾਸਤੇ ਰਿਜ਼ਰਵ ਕਰਵਾ ਦਿੱਤਾ। ਸਮਝਦੀ ਨਹੀਂ ਕਿ ਡਾਕਟਰ ਵੀ ਧੰਦਾ ਕਰ ਰਿਹਾ ਹੈ। ਹੁਣ ਦੱਸੋ?”
ਲੜਕੇ ਨੂੰ ਸਮਝ ਨਹੀਂ ਆਇਆ ਕਿ ਕੀ ਕਹੇ।
ਮਿੱਤਲ ਸਾਹਿਬ ਨੇ ਫਿਰ ਲੈਚੀ ਜੇਬ ਵਿਚੋਂ ਕੱਢ ਕੇ ਮੂੰਹ ਵਿਚ ਪਾਈ ਤੇ ਜਾੜ੍ਹ ਹੇਠ ਚੱਬ ਕੇ ਬੋਲੇ, “ਪਹਿਲਾਂ ਕਿਹਾ ਜਾਂਦਾ ਸੀ ਕਿ ਬੰਦਾ ਇਮਾਨਦਾਰੀ ਕਿਤਾਬਾਂ ਵਿਚੋਂ ਸਿੱਖਦਾ ਹੈ ਤੇ ਬੇਈਮਾਨੀ ਕਰਨੀ ਤਜਰਬੇ ਵਿਚੋਂ ਪਰ ਹੁਣ ਤਾਂ ਏਨਾ ਟਾਈਮ ਹੀ ਨਹੀਂ ਹੈ ਕਿ ਤੁਹਾਨੂੰ ਅਨੁਭਵੀ ਬਣਾਉਣ ਲਈ ਦਸ ਸਾਲਾਂ ਤੱਕ ਬਚਗਾਨਾ ਇਮਾਨਦਾਰੀ ਭੁਗਤੀ ਜਾਵੇ। ਹੁਣ ਤਾਂ ਇੰਡਸਟਰੀ ਨੂੰ ਇਹੋ ਜਿਹੇ ਯੰਗਸਟਰ ਚਾਹੀਦੇ ਹਨ ਜੋ ਬੇਈਮਾਨੀ ਵਿਚ ਕੁਸ਼ਲ ਹੋਣ। ਇਸ ਨੂੰ ਕਹਿੰਦੇ ਹਨ ਪਰੈਗਮੈਟਿਕ ਯਾਨੀ ਵਿਹਾਰਕ ਹੋਣਾ। ਐਥਿਕਸ ਦੀ ਜਗ੍ਹਾ ਚਰਚ ਵਿਚ ਹੈ, ਬਿਜ਼ਨਸ ਵਿਚ ਨਹੀਂ। ਇਸ ਲਈ ਬ੍ਰੀਡਿੰਗ ਹੀ ਅਜਿਹੀ ਹੁੰਦੀ ਹੈ ਕਿ ਚੰਗੇ ਘਰਾਣੇ ਦੇ ਬੱਚਿਆਂ ਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ, ਕਿਵੇਂ ਦੂਜਿਆਂ ਤੋਂ ਕੰਮ ਲੈਣਾ ਹੈ… ਕਦੋਂ ਕੀ ਬੋਲਣਾ ਹੈ… ਕਦੋਂ ਕੀ ਨਹੀਂ ਬੋਲਣਾ… ਕਿਸ ਨੂੰ ਦਿਲ ਦੀ ਗੱਲ ਦੱਸਣੀ ਹੈ, ਕਿਸ ਨੂੰ ਨਹੀਂ… ਯਾਨੀ ਤੁਹਾਡੀ ਭਾਸ਼ਾ ਵਿਚ ਬੇਈਮਾਨੀ ਕਿਵੇਂ ਕਰਨੀ ਹੈ, ਚੀਟਿੰਗ ਕਿਵੇਂ ਕਰਨੀ ਹੈ… ਖਾਸ ਸਕੂਲਾਂ ਵਿਚ ਉਨ੍ਹਾਂ ਨੂੰ ਭੇਜਿਆ ਜਾਂਦਾ ਹੈ… ਉੱਥੇ ਸਿਖਾਇਆ ਜਾਂਦਾ ਹੈ ਕਿ ਤੁਹਾਡੇ ਕੰਮ ਕੀ-ਕੀ ਹਨ ਤੇ ਦੂਜਿਆਂ ਦੇ ਕੰਮ ਕੀ ਹਨ? ਤੁਹਾਡੇ ਲਈ ਠੀਕ ਗ਼ਲਤ ਕੀ ਹੈ ਤੇ ਦੂਜਿਆਂ ਲਈ ਠੀਕ ਗਲਤ ਕੀ? ਵਗੈਰਾ। ਫਿਰ ਦੇਖੋ ਇਨ੍ਹਾਂ ਬੱਚਿਆਂ ਸਾਹਮਣੇ ਕਦੇ ਅੰਤਰ-ਆਤਮਾ ਦਾ ਸੰਕਟ ਨਹੀਂ ਆਉਂਦਾ। ਦੇਅ ਆਰ ਰੀਅਲੀ ਬ੍ਰਿਲੀਐਂਟ ਐਂਡ ਆਫਕੋਰਸ ਸਕਸੈੱਸਫੁੱਲ ਇਨ ਮੋਸਟ ਆਫ ਦਿ ਕੇਸਜ਼।”
“ਲੇਕਿਨ ਸਰ ਇਮਾਨਦਾਰੀ…?”
“ਕਿੱਥੇ ਐ ਇਮਾਨਦਾਰੀ ਇਸ ਦੇਸ਼ ਵਿਚ? ਸਿਆਸਤਦਾਨ? ਨੌਕਰਸ਼ਾਹੀ? ਨਿਆਂਪਾਲਿਕਾ? ਪੱਤਰਕਾਰ? ਕਲਾਕਾਰ? ਸਮਾਜਕ ਕਾਰਕੁਨ? ਸਮਾਜਕ ਸੰਸਥਾਵਾਂ? ਕੌਣ ਹੈ ਇਮਾਨਦਾਰ? ਕਿਸ ਨੂੰ ਜ਼ਰੂਰਤ ਹੈ ਤੁਹਾਡੀ ਇਮਾਨਦਾਰੀ ਦੀ?”
“ਲੇਕਿਨ ਸਰ ਇਹੀ ਤਾਂ ਸਭ ਕੁਝ ਨਹੀਂ ਹੈ। ਦੇਸ਼ ਵਿਚ ਕਰੋੜਾਂ ਲੋਕ ਹਨ ਜੋ ਬੇਈਮਾਨ ਨਹੀਂ ਹਨ। ਖੇਤਾਂ ਵਿਚ ਹਲ ਵਾਹੁੰਦਾ ਕਿਸਾਨ, ਮਸ਼ੀਨਾਂ ‘ਤੇ ਕੰਮ ਕਰਦਾ ਆਦਮੀ… ਪਿੰਡ ਦੇ ਸਕੂਲ ਵਿਚ ਬੱਚਿਆਂ ਨੂੰ ਪੜ੍ਹਾਉਂਦਾ ਅਧਿਆਪਕ… ਸੜਕਾਂ ‘ਤੇ ਝਾੜੂ ਮਾਰਦਾ ਸਵੀਪਰ… ਰਸੋਈ ਵਿਚ ਰੋਟੀ ਸੇਕਦੀ ਔਰਤ… ਕੀ ਇਨ੍ਹਾਂ ਨੂੰ ਅਸੀਂ ਬੇਈਮਾਨ ਕਹਿ ਸਕਦੇ ਹਾਂ? ਤੇ ਕੀ ਸਾਡਾ ਦੇਸ਼ ਇਨ੍ਹਾਂ ਸਾਰਿਆਂ ਦੀ ਸਿਆਣਪ, ਇਨ੍ਹਾਂ ਸਾਰਿਆਂ ਦੇ ਯੋਗਦਾਨ ਨਾਲ ਨਹੀਂ ਬਣਦਾ? ਬੱਸ ਇਮਾਨਦਾਰੀ ਦੀ ਚਰਚਾ ਨਹੀਂ ਹੁੰਦੀ। ਅਖਬਾਰ ਦੀ ਖਬਰ ਨਹੀਂ ਬਣਦੀ। ਕੋਈ ਆਦਮੀ ਜੇਬ ਕੱਟਦਾ ਹੈ ਤਾਂ ਖਬਰ ਬਣ ਜਾਂਦਾ ਹੈ ਜੋ ਬਾਕੀ ਨੜਿੱਨਵੇਂ ਹਨ, ਉਹ ਖਬਰ ਨਹੀਂ ਬਣਦੇ। ਕੀ ਧਰਤੀ ਐਵੇਂ ਹੀ ਖੜ੍ਹੀ ਹੈ? ਸਰ ਏਨੀ ਵੱਡੀ ਚੀਜ਼ ਨੂੰ ਸਾਂਭ ਕੇ ਰੱਖਣ ਲਈ ਕੁਝ ਖੰਭੇ ਤਾਂ ਹੁੰਦੇ ਹੋਣਗੇ? ਇਹ ਲੱਖਾਂ ਕਰੋੜਾਂ ਗੁਮਨਾਮ ਇਮਾਨਦਾਰ ਆਦਮੀ ਇਸੇ ਤਰ੍ਹਾਂ ਦੇ ਖੰਭੇ ਹੀ ਹਨ!”
ਲੜਕੇ ਦੇ ਇਸ ਅਚਾਨਕ ਅਤੇ ਚੁਸਤ ਭਾਸ਼ਣ ਨਾਲ ਮਿੱਤਲ ਸਾਹਿਬ ਬੱਸ ਦੇਖਦੇ ਹੀ ਰਹਿ ਗਏ। ਪੈਂਤੜਾ ਬਦਲ ਕੇ ਬੋਲੇ, “ਦੇਖੋ ਕਿੰਨੇ ਅੱਛੇ ਵਿਚਾਰ ਨੇ ਤੁਹਾਡੇ। ਕਿੰਨੇ ਸੁਲਝੇ ਹੋਏ। ਤੁਹਾਨੂੰ ਤਾਂ ਸਿਆਸਤ ਵਿਚ ਹੋਣਾ ਚਾਹੀਦਾ ਹੈ।”
ਲੜਕੇ ਨੂੰ ਤੁਰੰਤ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਤੇ ਉਹ ਝੇਂਪ ਗਿਆ।
ਮਿੱਤਲ ਸਾਹਿਬ ਚੁੱਪ-ਚਾਪ ਉਸ ਦੀ ਦੁਰਦਸ਼ਾ ਦਾ ਮਜ਼ਾ ਲੈਂਦੇ ਰਹੇ। ਫਿਰ ਬਿਸਕੁਟ ਕੱਢ ਕੇ ਖਾਣ ਲੱਗੇ। ਲੜਕੇ ਨੂੰ ਪੁੱਛਿਆ ਤੱਕ ਨਹੀਂ।
ਕੁਝ ਦੇਰ ਬਾਅਦ ਲੜਕਾ ਬੋਲਿਆ, “ਸਰ, ਮੈਨੂੰ ਮੁਆਫ ਕਰਨਾ।”
ਮਿੱਤਲ ਸਾਹਿਬ ਦੇ ਮੂੰਹ ਵਿਚ ਬਿਸਕੁਟ ਸੀ। ਖਾਂਦੇ-ਖਾਂਦੇ ਰੁਕ ਗਏ। ਅੱਖਾਂ ਗੋਲ-ਗੋਲ ਹੋ ਗਈਆਂ। ਜਿਵੇਂ ਪੁੱਛ ਰਹੇ ਹੋਣ, “ਕਿਉਂ ਕਿਉਂ?”
ਗੱਡੀ ਹੌਲੀ ਹੋ ਗਈ। ਸ਼ਾਇਦ ਕੋਈ ਸਟੇਸ਼ਨ ਆ ਰਿਹਾ ਸੀ।
ਅਚਾਨਕ ਲੜਕਾ ਖੜ੍ਹਾ ਹੋ ਗਿਆ। ਸੰਕਲਪ ਲੈਣ ਵਰਗੇ ਅੰਦਾਜ਼ ਵਿਚ ਬੋਲਿਆ, “ਸਰ ਮੈਂ ਸਕਸੈੱਸਫੁੱਲ ਬਣਾਂਗਾ!” ਤੇ ਬਾਹਰ ਜਾਣ ਲੱਗਾ। ਮਿੱਤਲ ਸਾਹਿਬ ਆਵਾਜ਼ ਮਾਰ ਕੇ ਬੋਲੇ, “ਇੱਕ ਗੱਲ ਧਿਆਨ ਨਾਲ ਸੁਣੋ। ਕਿਸੇ ਵੀ ਇੰਟਰਵਿਊ ਲਈ ਜਾਓ ਤਾਂ ਸਾਰੇ ਸੁਆਲਾਂ ਦੇ ਸਹੀ ਜੁਆਬ ਕਦੇ ਨਾ ਦਿਓ। ਆਉਂਦੇ ਹੋਣ ਤਾਂ ਵੀ ਨਹੀਂ। ਨਹੀਂ ਤਾਂ ਨੌਕਰੀ ਦੇਣ ਵਾਲੇ ਨੂੰ ਤੇਰੇ ‘ਤੇ ਅਹਿਸਾਨ ਕਰਨ ਦਾ ਸੁੱਖ ਕਿਵੇਂ ਮਿਲੇਗਾ? ਕੁਝ ਗੁੰਜਾਇਸ਼ ਛੱਡਣਾ ਉਸ ਵਿਚਾਰੇ ਲਈ ਵੀ। ਇਸ ਤੋਂ ਬਿਨਾ ਕੋਈ ਭਲਾਈ ਦਾ ਕੰਮ ਉਸ ਨੂੰ ਨਹੀਂ ਆਉਂਦਾ।”
ਲੜਕਾ ਬਗੈਰ ਕੋਈ ਜੁਆਬ ਦਿੱਤੇ ਉੱਤਰ ਗਿਆ।
ਮਿੱਤਲ ਸਾਹਿਬ ਮੁਸਕਰਾਏ। ਉਨ੍ਹਾਂ ਨੇ ਸੋਚਿਆ, ਹੁਣ ਜੇ ਇਹ ਲੜਕਾ ਮਿਲਣ ਆਇਆ- ਆ ਸਕਦਾ ਹੈ- ਤਾਂ ਉਹ ਜ਼ਰੂਰ ਉਸ ਨੂੰ ਮਿੱਤਰੀ ਨਾਲ ਮਿਲਾਉਣਗੇ। ਮਿੱਤਰੀ ਨੂੰ ਚੰਗਾ ਲੱਗੇਗਾ ਸਗੋਂ ਉਹ ਤਾਂ ਚਾਹੁਣਗੇ ਕਿ ਮਿੱਤਰੀ ਆਪਣੇ ਵਾਸਤੇ ਇਸ ਤਰ੍ਹਾਂ ਦਾ ਹੀ ਲੜਕਾ ਪਸੰਦ ਕਰੇ। ਬਜਰਵੱਟੂ! ਇਹਦਾ ਭਵਿੱਖ ਉੱਜਲ ਹੈ। ਢੰਗ ਦੀ ਟਰੇਨਿੰਗ ਮਿਲ ਗਈ ਤਾਂ ਅੱਗੇ ਚੱਲ ਕੇ ਚੰਗਾ ਬੇਈਮਾਨ ਬਣ ਸਕਦਾ ਹੈ।