ਕੈਨੇਡਾ ਡਾਇਰੀ-(1)

ਨਿੰਦਰ ਘੁਗਿਆਣਵੀ
ਸੰਨ 2001 ਦੀਆਂ ਗਰਮੀਆਂ ਵਿਚ ਮੈਂ ਪਹਿਲੀ ਵਾਰੀ ਕੈਨੇਡਾ ਗਿਆ ਸਾਂ। ਉਦੋਂ ਉਥੋਂ ਦਾ ਆਰਥਿਕ, ਸਮਾਜਿਕ ਤੇ ਧਾਰਮਿਕ ਮਾਹੌਲ ਬਿਲਕੁਲ ਹੋਰ ਤਰ੍ਹਾਂ ਦਾ ਸੀ, ਹੁਣ ਹੋਰ ਤਰ੍ਹਾਂ ਦਾ ਹੈ। ਲੋਕ ਭਾਰਤ ਤੋਂ ਆਉਣ ਵਾਲੇ ਆਪਣੇ ਰਿਸ਼ਤੇਦਾਰਾਂ ਦੇ ਦਰਸ਼ਨਾਂ ਨੂੰ ਬੁਰੀ ਤਰ੍ਹਾਂ ਤਰਸੇ ਪਏ ਸਨ। ਬੜਾ ਉਦਰੇਵਾਂ ਸੀ ਲੋਕਾਂ ਵਿਚ ਆਪਣਿਆਂ ਨੂੰ ਮਿਲਣ ਦਾ।

ਮਿਲਾਪ ਦੀ ਤਾਂਘ ਦਿਨ ਰਾਤ ਠਾਠਾਂ ਮਾਰਦੀ। ਉਦੋਂ ਉਥੇ ਭੀੜ ਬੜੀ ਘੱਟ ਸੀ ਤੇ ਲੋਕਾਂ ਕੋਲ ਕੰਮਕਾਰ ਬਹੁਤ ਵੱਧ ਸਨ। ਇਧਰੋਂ ਗਏ ਲੋਕਾਂ ਵਿਚ ਕਾਹਲ ਵੀ ਨਹੀਂ ਸੀ ਦਿਸਦੀ ਤੇ ਪੰਜਾਬੀ ਲੋਕ ਏਧਰ-ਓਧਰ ਤੁਰੇ ਫਿਰਦੇ ਖੁਸ਼-ਖੁਸ਼ ਦਿਖਾਈ ਦਿੰਦੇ ਸਨ। ਮੈਂ ਦੇਖਿਆ ਕਿ ਉਦੋਂ ਵਿਦਿਆਰਥੀ ਵੀਜ਼ੇ ਦਾ ਕਿਸੇ ਨੇ ਨਾਂ ਤੱਕ ਨਹੀਂ ਸੀ ਸੁਣਿਆ ਹੋਇਆ। ਉਸ ਵੇਲੇ ਲੋਕਾਂ ਨੂੰ ਪੀ-ਆਰਾਂ ਪਲੋ-ਪਲੀ ਮਿਲੀ ਜਾਂਦੀਆਂ ਸਨ ਤੇ ਵਰਕ ਪਰਮਿਟ ਜਾਂ ਪੁਆਇੰਟਾਂ ਉਤੇ ਵੀ ਬਹੁਤ ਸਾਰੇ ਪਰਿਵਾਰ ਇੰਡੀਆ ਤੋਂ ਕੈਨੇਡਾ ਵੱਲ ਨੂੰ ਦੌੜੇ ਜਾ ਰਹੇ ਸਨ। ਉਦੋਂ ਕੁ ਜਿਹੇ ਹੀ ਏਧਰੋਂ ਪਤੀ-ਪਤਨੀ, ਚੰਗੀਆਂ-ਚੰਗੀਆਂ ਨੌਕਰੀਆਂ ਛੱਡ ਕੇ, ਸਮੇਤ ਬੱਚਿਆਂ ਦੇ, ਕੈਨੇਡਾ ਜਾ ਅੱਪੜੇ ਤੇ ਬੇਸਮੈਂਟਾਂ ਵਿਚ ਬੈਠੇ ਆਪਣੀ ਕਿਸਮਤ ਉਤੇ ਝੂਰਨ ਲੱਗੇ। ਬੇਸਮੈਟਾਂ ਬਹੁਤ ਸਸਤੀਆਂ ਮਿਲ ਰਹੀਆਂ ਸਨ ਤੇ ਖਾਣ-ਪੀਣ ਵੀ ਸਸਤਾ ਸੀ। ਇੰਡੀਆ ਤੋਂ ਨਵੇਂ- ਨਵੇਂ ਆਏ ਉਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਇੰਡੀਆ ਵਿਚੋਂ ਅਸੀਂ ਏਡੀਆਂ ਸੋਹਣੀਆਂ ਤੇ ਵੱਡੀਆਂ-ਵੱਡੀਆਂ ਨੌਕਰੀਆਂ ਗੁਆ ਕੇ ਤੇ ਆਬਦੇ ਵੱਡੇ-ਵੱਡੇ ਸ਼ਾਨਦਾਰ ਘਰ ਛੱਡ ਕੇ ਏਥੇ ਇਨ੍ਹਾਂ ਘੁਰਨਿਆਂ (ਬੇਸਮੈਂਟਾਂ) ਵਿਚ ਆ ਬੈਠੇ ਆਂ ਤੇ ਹੁਣ ਏਧਰ-ਓਧਰ ਦਿਹਾੜੀਆਂ ਕਰਨ ਜਾਂਦੇ ਆਂ, ਕੀ ਹੈ ਕਿਸਮਤ ਸਾਡੀ? ਕੀ ਹੈ ਏਹ ਕੈਨੇਡਾ ਕਨੂਡਾ ਜਿਹਾ? ਅਸੀਂ ਆਪਣੇ ਮੁਲਕ ਵਿਚ ਹੀ ਬਹੁਤ ਵਧੀਆ ਸਾਂ, ਹੁਣ ਧੋਬੀ ਦੇ ਕੁੱਤੇ ਆਂ ਅਸੀਂ, ਨਾ ਘਰ ਦੇ ਆਂ, ਨਾ ਘਾਟ ਦੇ ਆਂ, ਵਾਪਸ ਜਾਵਾਂਗੇ ਤਾਂ ਜੱਗ ਹਸਾਈ ਹੋਵੇਗੀ ਤੇ ਸ਼ਰੀਕੇ ਕਬੀਲੇ ਦੇ ਤਾਹਣੇ-ਮਿਹਣੇ ਸੁਣਾਂਗੇ ਜਾ ਕੇ? ਅਸੀਂ ਏਥੇ ਭੁੱਖੇ ਚਾਹੇ ਮਰ ਜਾਈਏ ਪਰ ਵਾਪਸ ਨਹੀਂ ਅਸਾਂ ਜਾਣਾ।
ਮੈਂ ਅਜਿਹੇ ਲੋਕਾਂ ਨੂੰ ਮਿਲ-ਸੁਣ ਕੇ ਮਹਿਸੂਸ ਕੀਤਾ ਕਿ ਜਿਹੜੇ ਇਨ੍ਹਾਂ ਦੇ ਰਿਸ਼ਤੇਦਾਰਾਂ ਨੇ ਇਨ੍ਹਾਂ ਨੂੰ ਵਰਕ ਪਰਮਿਟ ਜਾਂ ਪੁਆਇੰਟਾਂ ਉਤੇ ਕੈਨੇਡਾ ਆਉਣ ਦੀ ਦੱਸ ਪਾਈ ਸੀ, ਜਾਂ ਸਲਾਹ ਦੇ ਕੇ ਬਣਦੀ-ਸਰਦੀ ਮਦਦ ਕੀਤੀ ਸੀ, ਉਨ੍ਹਾਂ ਨਾਲ ਹੁਣ ਇਨ੍ਹਾਂ ਦੀ ਸਖ਼ਤ ਨਾਰਾਜ਼ਗੀ ਬਣੀ ਹੋਈ ਹੈ, ਤੇ ਇਹ ਉਨ੍ਹਾਂ ਨੂੰ ਦੇਖ-ਮਿਲ ਕੇ ਭੋਰਾ ਵੀ ਰਾਜ਼ੀ ਨਹੀਂ ਹਨ, ਹੋ ਸਕਦੈ ਕਿ ਉਹ ਵਿਚਾਰੇ ਇਨ੍ਹਾਂ ਦੀਆਂ ਇੱਛਾਵਾਂ ਉਤੇ ਪੂਰੀ ਤਰ੍ਹਾਂ ਖਰੇ ਨਾ ਉਤਰ ਸਕੇ ਹੋਣ! ਮੈਂ ਦੇਖਿਆ ਕਿ ਰਿਸ਼ਤਿਆਂ ਵਿਚ ਤਰੇੜਾਂ ਆ ਚੁੱਕੀਆਂ ਸਨ ਤੇ ਮੋਹ-ਮਾਣ ਉੱਡ-ਪੁੱਡ ਗਿਆ ਸੀ। ਉਸ ਸਮੇਂ ਮੈਂ ਇਹੋ ਜਿਹੇ ਕਾਫੀ ਸਾਰੇ ਲੋਕਾਂ ਨੂੰ ਮਿਲਿਆ-ਗਿਲਿਆ ਸਾਂ, ਜਾਂ ਉਹ ਲੋਕ ਮੈਨੂੰ ਆਪ ਹੀ ਲੱਭ ਕੇ ਮਿਲੇ ਸਨ ਤੇ ਭਾਰਤ ਤੋਂ ਹੀ ਮੇਰੀਆਂ ਲਿਖਤਾਂ ਸਦਕਾ ਮੈਨੂੰ ਜਾਣਦੇ ਵੀ ਸਨ। ਚਲੋ, ਖੈਰ!
ਉਦੋਂ ਜਿਹੜੇ ਲੋਕ ਉਥੇ ਬੜੇ ਔਖੇ ਸਨ, ਹੁਣ ਉਹੀ ਲੋਕ ਉਥੇ ਬੜੇ ਸੌਖੇ ਹਨ ਤੇ ਹੁਣ ਉਹੀ ਲੋਕ ਮੈਨੂੰ ਇਹ ਆਖ ਰਹੇ ਹਨ ਕਿ ਅਸੀਂ ਬਹੁਤ ਚੰਗੇ ਤੇ ਬਿਲਕੁਲ ਠੀਕ ਰਹਿ ਗਏ ਆਂ, ਹੁਣ ਤਾਂ ਸਾਨੂੰ ਸੁਖ ਨਾਲ ਵੀਹ-ਬਾਈ ਸਾਲ ਬੀਤ ਚੱਲੇ ਨੇ ਕੈਨੇਡਾ ਆਇਆਂ ਨੂੰ, ਹੁਣ ਤਾਂ ਸਾਡੇ ਬੱਚੇ ਵੀ ਏਥੇ ਜੁਆਨ ਹੋਏ ਐ, ਖੂਬ ਪੜ੍ਹੇ-ਲਿਖੇ ਐ, ਵਧੀਆ ਜਾਬਾਂ ਕਰਦੇ ਐ ਤੇ ਵਿਆਹੇ ਵਰੇ ਵੀ ਗਏ ਐ। ਸਾਡੀਆਂ ਵੀ ਸੁਖ ਨਾਲ ਹੁਣ ਪੈਨਸ਼ਨਾਂ ਲੱਗ ਗਈਆਂ ਨੇ, ਤੇ ਸਾਡੇ ਘਰ-ਘਾਟ ਵੀ ਵਾਧੂ ਵਧੀਆ ਨੇ। ਬਿਜ਼ਨਸ ਵੀ ਸਾਡੇ ਵਧ ਫੁਲ ਗਏ ਨੇ। ਮੈਨੂੰ ਉਨ੍ਹਾਂ ਲੋਕਾਂ ਪਾਸੋਂ ਇਹ ਬੋਲ ਸੁਣ ਕੇ ਖੁਸ਼ੀ ਹੁੰਦੀ ਹੈ ਕਿ ਇਹ ਲੋਕ ਕਰੜੇ ਸੰਘਰਸ਼ ਵਿਚੋਂ ਨਿਕਲ ਕੇ ਹੀ ਹੁਣ ਆਪਣੇ ਸੁਖੀ ਹੋਣ ਦਾ ਦਾਅਵਾ ਕਰ ਰਹੇ ਹਨ, ਇਹ ਚੰਗੀ ਗੱਲ ਹੈ, ਮਨੁੱਖ ਸਦਾ ਸੁਖੀ ਹੀ ਹੋਣਾ ਚਾਹੀਦਾ ਹੈ, ਚਾਹੇ ਕਿਹੋ ਜਿਹੀ ਵੀ ਧਰਤੀ ਹੋਵੇ ਉਹਦੇ ਵੱਸਣ ਵਾਸਤੇ! ਸੋ, ਦੋਸਤੋ, ਇਹੋ ਜਿਹੇ ਕਾਫੀ ਪਰਿਵਾਰ ਮੇਰੇ ਨਾਲ ਉਦੋਂ ਦੇ ਜੁੜੇ ਹੋਏ ਹਨ, ਤੇ ਫੋਨ ਉਤੇ ਗੱਲਾਂ ਬਾਤਾਂ ਵੀ ਅਕਸਰ ਹੀ ਕਰਦੇ ਹੀ ਰਹਿੰਦੇ ਹਨ।
****
ਉਦੋਂ, (ਇੱਕੀ ਸਾਲ ਪਹਿਲਾਂ) ਕੈਨੇਡਾ ਦੇ ਪ੍ਰਧਾਨ ਮੰਤਰੀ ਜੌਂ ਕਰੈਚੀਆਂ ਸਨ ਤੇ ਲਿਬਰਲ ਦੀ ਸਰਕਾਰ ਸੀ। ਗੁਰਬਖਸ਼ ਸਿੰਘ ਮੱਲ੍ਹੀ ਟੋਰਾਂਟੋ ਦੇ ਬਰੈਮਲੀ ਗੌਰ ਮਾਲਟਨ ਹਲਕਾ ਵਿਚੋਂ, (ਪਹਿਲੇ ਪਗੜੀਧਾਰੀ ਸਿੱਖ) ਮੈਂਬਰ ਪਾਰਲੀਮੈਂਟ ਸਨ ਤੇ ਲੇਬਰ ਦੇ ਪਾਰਲੀਮਾਨੀ ਸੈਕਟਰੀ ਵੀ ਸਨ। ਉਹ ਤੀਜੀ ਵਾਰ ਚੋਣ ਜਿੱਤੇ ਸਨ। ਉਨ੍ਹਾਂ ਦਾ ਪਿੰਡ ਚੁੱਘਾ ਕਲਾਂ ਮੋਗਾ ਜਿ਼ਲ੍ਹੇ ਵਿਚ ਪੈਂਦਾ ਹੈ। ਅਖਬਾਰ ਅਜੀਤ ਵੀਕਲੀ ਵਿਚੋਂ ਪੜ੍ਹ ਕੇ ਤੇ ਰੇਡੀਓ ਟੀਵੀ ਉਤੋਂ ਸੁਣ ਕੇ ਮੱਲ੍ਹੀ ਜੀ ਨੇ ਆਪੇ ਮੇਰਾ ਫੋਨ ਨੰਬਰ ਲੱਭਿਆ ਸੀ ਤੇ ਆਖ ਰਹੇ ਸਨ ਕਿ ਮੇਰੇ ਵਾਸਤੇ ਏਹ ਬੜੀ ਖੁਸ਼ੀ ਦੀ ਗੱਲ ਹੋਵੇਗੀ ਕਿ ਜਿੰਨੀ ਉਮਰ ਐ ਤੇ ਉਸ ਤੋਂ ਵੱਧ ਕਿਤਾਬਾਂ ਦੇ ਲੇਖਕ ਲੜਕੇ ਨੂੰ ਮੈਂ ਆਪਣੇ ਮੁਲਕ ਦੇ ਪ੍ਰਧਾਨ ਮੰਤਰੀ ਕੋਲ ਲੈ ਕੇ ਜਾਵਾਂਗਾ ਤੇ ਤੇਰਾ ਉਨ੍ਹਾਂ ਪਾਸੋਂ ਸਨਮਾਨ ਕਰਵਾਵਾਂਗਾ। ਮੱਲ੍ਹੀ ਜੀ ਕੋਲੋਂ ਇਹ ਸੁਣ ਮੈਂ ਵੀ ਪ੍ਰਸੰਨ ਹੋਇਆ ਨਿਆਣਾ, ਨਿਮਾਣਾ ਤੇ ਨਿਤਾਣਾ।
ਬੜਾ ਕਮਾਲ ਦਾ ਸਬੱਬ ਬਣਿਆ ਸੀ। ਇਹ ਸਾਰਾ ਕੁਝ ਖੂਬ ਹੋਇਆ। ਹਰਭਜਨ ਮਾਨ ਦੇ ਸਹੁਰਾ ਸਾਹਿਬ ਹਰਚਰਨ ਸਿੰਘ ਮਾਸਟਰ ਜੀ, (ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੇ ਵੱਡੇ ਬੇਟੇ) ਮੈਨੂੰ ਟੋਰਾਂਟੋ ਤੋਂ ਕੈਨੇਡਾ ਦੀ ਪਾਰਲੀਮੈਂਟ ਔਟਾਵਾ ਲੈ ਗਏ। ਮੈਂ ਹੈਰਾਨ ਹੋ ਰਿਹਾ ਸਾਂ ਕੈਨੇਡਾ ਦੀ ਪਾਰਲੀਮੈਂਟ ਦੇਖ-ਦੇਖ ਕੇ, ਕਿਉਂਕਿ ਪੰਜਾਬ ਦੀ ਅਸੈਂਬਲੀ ਦੇ ਕਿਸੇ ਦਰਸ਼ਨ ਕਰਨ ਵਾਸਤੇ ਹੁਣ ਤਕ ਵੀ ਸੁਭਾਗ ਨਹੀਂ ਸੀ ਮਿਲਿਆ। (ਹੁਣ ਤਾਂ ਭਾਵੇ ਕਿ ਮੇਰੇ ਇਲਾਕੇ ਦਾ ਸ. ਕੁਲਤਾਰ ਸਿੰਘ ਸੰਧਵਾਂ ਇਸ ਵੇਲੇ ਪੰਜਾਬ ਵਿਧਾਨ ਸਭਾ ਦਾ ਸਪੀਕਰ ਵੀ ਹੈ ਤੇ ਜਲਦੀ ਗੇੜਾ ਪੰਜਾਬ ਵਿਧਾਨ ਸਭਾ ਦਾ ਕੱਢਾਂਗੇ)।
(ਬਾਕੀ ਅਗਲੇ ਹਫਤੇ)