ਪਾਕਿਸਤਾਨੀ ਬੰਗਾ ਦੇ ਪਾਂਧੀ

ਗੁਲਜ਼ਾਰ ਸਿੰਘ ਸੰਧੂ
ਪਿਛਲੇ ਹਫਤੇ ਮੇਰਾ ਮਿੱਤਰ ਰਘਬੀਰ ਸਿੰਘ ਸਿਰਜਣਾ ਤੇ ਉਸਦੀ ਜੀਵਨ ਸਾਥਣ ਸੁਲੇਖਾ ਪਾਕਿਸਤਾਨ ਵਿਚ ਪੈਂਦੇ ਲਾਹੌਰ, ਫੈਸਲਾਬਾਦ ਤੇ ਇਸਲਾਮਾਬਾਦ ਹੋ ਕੇ ਆਏ ਹਨ। ਉਹ ਸੁਲੇਖਾ ਦੇ ਨਾਨਕਾ ਪਿੰਡ ਨੀਲਾ ਦੁਲਾ (ਜਿਹਲਮ) ਵੀ ਗਏ ਤੇ ਭਗਤ ਸਿੰਘ ਸ਼ਹੀਦ ਦੇ ਬੰਗਾ ਵੀ ਜਿਹੜਾ ਕਿ ਚਕ ਨੰਬਰ 105 ਵਜੋਂ ਵੀ ਜਾਣਿਆ ਜਾਂਦਾ ਹੈ।

ਜਿੱਥੇ ਨਾਨਕਾ ਪਿੰਡ ਤੋਂ ਮੋਹ, ਮੁਹੱਬਤ ਤੇ ਪਿਆਰ ਮਿਲਿਆ ਉਥੇ ਹੀ ਬੰਗਾ ਦੀ ਯਾਤਰਾ ਨੇ ਉਨ੍ਹਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਅਜ਼ਮਤ ਦਾ ਅਹਿਸਾਸ ਕਰਵਾਇਆ। ਭਗਤ ਸਿੰਘ ਦੇ ਮਾਪਿਆਂ ਦਾ ਘਰ ਤੇ ਜ਼ਮੀਨ ਸਨ ਸੰਤਾਲੀ ਵਿਚ ਏਧਰਲੇ ਬਟਾਲਾ ਤੋਂ ਪਾਕਿਸਤਾਨ ਗਏ ਚੌਧਰੀ ਰਾਇ ਮੁਹੰਮਦ ਇਕਬਾਲ ਦੇ ਮਾਪਿਆਂ ਨੂੰ ਅਲਾਟ ਹੋਈ ਸੀ। ਚੌਧਰੀ ਇਕਬਾਲ ਫੈਸਲਾਬਾਦ ਵਿਚ ਵਕਾਲਤ ਕਰਦਾ ਹੈ ਤੇ ਉਸ ਦੇ ਅੱਬਾ ਵੀ ਏਥੇ ਵਕੀਲ ਹੁੰਦੇ ਸਨ। ਉਨ੍ਹਾਂ ਦਾ ਗੋਤ ਵਿਰਕ ਹੈ। ਕੁਲਵੰਤ ਸਿੰਘ ਵਿਰਕ ਵਾਲਾ ਜਿਹੜਾ ਚੂਹੜਕਾਣਾ (ਸ਼ੇਖੂਪੁਰਾ) ਤੋਂ ਭਾਰਤ ਆਇਆ ਸੀ ਤੇ ਜਿਸਦਾ ਵੱਡਾ ਭਰਾ ਦਰਬਾਰਾ ਸਿੰਘ ਕਰਨਾਲ ਵਿਚ ਵਕਾਲਤ ਕਰਦਾ ਰਿਹਾ ਹੈ।
ਜਦੋਂ ਚੌਧਰੀ ਇਕਬਾਲ ਨੂੰ ਪਤਾ ਲਗਿਆ ਕਿ ਭਾਰਤੀ ਪਾਂਧੀ ਉਸਦਾ ਘਰ ਵੇਖਣਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਨੂੰ ਫੈਸਲਾਬਾਦ (ਲਾਇਲਪੁਰ) ਤੋਂ ਬੰਗਾ ਲੈ ਕੇ ਗਿਆ। 20-25 ਮੀਲ ਦੀ ਦੂਰੀ ਉੱਤੇ। ਉਹ ਖੁ਼ਦ ਤਾਂ ਫੈਸਲਾਬਾਦ ਰਹਿੰਦਾ ਹੈ ਪਰ ਉਸਦੇ ਕਰਿੰਦੇ ਬੰਗਾ ਰਹਿ ਕੇ ਖੇਤੀ ਦਾ ਕੰਮ ਸੰਭਾਲਦੇ ਹਨ। ਇਨ੍ਹਾਂ ਪਰਾਹੁਣਿਆਂ ਨੂੰ ਲੱਸੀ ਪਿਲਾਉਂਦਿਆਂ ਇਹ ਵੀ ਕਿਹਾ ਕਿ ਇਹ ਭਗਤ ਸਿੰਘ ਦੇ ਬੰਗਾ ਦੀ ਲੱਸੀ ਹੈ ਜਿਹੜੀ ਹੋਰ ਕਿਧਰੇ ਨਹੀਂ ਮਿਲਣੀ। ਏਸੇ ਤਰ੍ਹਾਂ ਜਦੋਂ ਸੁਲੇਖਾ ਆਪਣੇ ਨਾਨਕੇ ਪਿੰਡ ਪਹੁੰਚੀ ਤਾਂ ਉਸਨੂੰ ਸਾਰੇ ਪਿੰਡ ਵਾਲਿਆਂ ਨੇ ਆਪਣੀ ਦੋਹਤਰੀ ਵਜੋਂ ਪਿਆਰਿਆ ਤੇ ਸੁਲੇਖਾ ਦੀ ਆਮਦ ਲਈ ‘ਕਸ਼ਿਸ਼’ ਸ਼ਬਦ ਦੀ ਵਰਤੋਂ ਕੀਤੀ। ਜਿਸ ਘਰ ਇਨ੍ਹਾਂ ਨੇ ਪਰਵੇਸ਼ ਕੀਤਾ ਉਸ ਘਰ ਦੀ ਸੁਆਣੀ ਨੇ ਇਨ੍ਹਾਂ ਨੂੰ ਹਲਵਾ ਵਰਤਾਇਆ ਤੇ ਬੜੇ ਪਿਆਰ ਨਾਲ ਕਿਹਾ ਕਿ ਨਾਲ ਵੀ ਲੈਂਦੇ ਜਾਓ ਤਾਂ ਕਿ ਰਸਤੇ ਵਿਚ ਵਰਤਿਆ ਜਾ ਸਕੇ। ਇਹ ਹੈ ਭਾਰਤ-ਪਾਕਿ ਸਬੰਧਾਂ ਦੀ ਗਾਥਾ। ਭਾਰਤੀ ਪ੍ਰਾਹੁਣਿਆਂ ਨੇ ਵੇਖਿਆ ਕਿ ਉਸ ਘਰ ਦੀਆਂ ਕੰਧਾਂ ਉੱਤੇ ਗਦਰੀ ਬਾਬਿਆਂ ਤੇ ਹੋਰ ਸੁਤੰਤਰਤਾ ਸੰਗਰਾਮੀਆਂ ਦੀਆਂ ਅਨੇਕ ਤਸਵੀਰਾਂ ਲਾਈਆਂ ਹੋਈਆਂ ਹਨ ਜਿਵੇਂ ਅਜਾਇਬ ਘਰਾਂ ਵਿਚ ਹੁੰਦੀਆਂ ਹਨ।
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ
ਲੰਘੇ ਐਤਵਾਰ ਪੰਜਾਬ ਸਾਹਿਤ ਅਕਾਦਮੀ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਵਿਹੜੇ ‘ਆਵਾਸ, ਪਰਵਾਸ ਤੇ ਅਹਿਸਾਸ’ ਦੇ ਸਬੰਧ ਵਿਚ ਇਕ ਅੰਤਰਰਾਸ਼ਟਰੀ ਸਮਾਗਮ ਰਚਾਇਆ, ਜਿਸ ਵਿਚ ਹੋਰਾਂ ਤੋਂ ਬਿਨਾਂ ਜਪਾਨ ਤੋਂ ਪਰਮਿੰਦਰ ਸੋਢੀ, ਆਸਟਰੇਲੀਆ ਤੋਂ ਹਰਕੀ ਵਿਰਕ ਤੇ ਕੈਨੇਡਾ ਤੋਂ ਰਘਬੀਰ ਸਿੰਘ ਸਿਰਜਣਾ ਨੇ ਸਿ਼ਰਕਤ ਕੀਤੀ। ਸਮਾਗਮ ਵਿਚ ਪੰਜਾਬੀ ਭਾਈਚਾਰੇ ਦੇ ਆਵਾਸ ਤੇ ਪਰਵਾਸ ਬਾਰੇ ਭਰਵੀਂ ਚਰਚਾ ਹੋਈ। ਏਥੋਂ ਦੇ ਗਦਰੀ ਬਾਬਿਆਂ ਵਲੋਂ ਪਰਦੇਸਾਂ ਵਿਚ ਹੱਡ ਤੋੜਵੀਂ ਮਿਹਨਤ ਨਾਲ ਕਮਾਏ ਪੈਸੇ ਦੇ ਸਿਰ ਉੱਤੇ ਆਪਣੀ ਜਨਮ ਭੂਮੀ ਵਿਚੋਂ ਗੋਰੇ ਹਾਕਮਾਂ ਨੂੰ ਕੱਢਣ ਦੇ ਵੱਡੇ ਉਪਰਾਲਿਆਂ ਸਮੇਤ ਆਪਣੇ ਦੇਸ਼ ਨੂੰ ਅਲਵਿਦਾ ਕਹਿ ਕੇ ਸੱਤ ਸਮੰੁਦਰ ਪਾਰ ਜਾ ਕੇ ਚੰਗੇਰਾ ਜਵਨ ਜੀਊਣ ਲਈ ਪੰਜਾਬੀਆਂ ਦੀ ਹੋੜ ਅੱਜ ਵੀ ਉਦੋਂ ਵਾਂਗ ਜਾਰੀ ਹੈ। ਏਥੋਂ ਤੱਕ ਕਿ ਸਮੇਂ ਨਾਲ ਅਜਿਹੇ ਪੰਜਾਬੀਆਂ ਨੂੰ ਹਜ਼ਾਰਾਂ ਮੀਲ ਦੂਰ ਦਾ ਟਿਕਾਣਾ ਏਨਾ ਚੰਗਾ ਲੱਗਣ ਲੱਗ ਜਾਂਦਾ ਹੈ ਕਿ ਉਹ ਮੁੜ ਆਪਣੇ ਵਤਨ ਪਰਤਣ ਦਾ ਨਾਂ ਨਹੀਂ ਲੈਂਦੇ। ਉਹ ਪਿੱਛੇ ਰਹਿ ਗਏ ਆਪਣੇ ਚਾਚੇ-ਤਾਇਆਂ ਤੇ ਬਜ਼ੁਰਗਾਂ ਨੂੰ ਪੈਸੇ ਤਾਂ ਭੇਜਦੇ ਰਹਿੰਦੇ ਹਨ ਪਰ ਉਨ੍ਹਾਂ ਦੇ ਕੋਲ ਰਹਿ ਕੇ ਉਨ੍ਹਾਂ ਦੀ ਸੇਵਾ ਕਰਨ ਬਾਰੇ ਉੱਕਾ ਨਹੀਂ ਸੋਚਦੇ। ਬਾਹਰਲੇ ਵਤਨਾਂ ਤੋਂ ਪਹੁੰਚੇ ਬੁਲਾਰਿਆਂ ਸਮੇਤ ਵਤਨੀ ਬੁਲਾਰਿਆਂ (ਬਲਕਾਰ ਸਿੱਧੂ, ਸਰਬਜੀਤ ਸੋਹਲ, ਰਾਜਬੀਰ ਕੌਰ ਰੰਧਾਵਾ, ਪੰਮੀ ਸਿੱਧੂ ਸੰਧੂ) ਨੇ ਆਪਣੀਆਂ ਵਿਦੇਸ਼ ਫੇਰੀਆਂ ਦੇ ਆਧਾਰ ’ਤੇ ਇਹ ਵੀ ਕਿਹਾ ਕਿ ਇਨ੍ਹਾਂ ਦੁਆਰਾ ਦੂਰ ਦੁਰੇਡੇ ਸਭਿਆਚਾਰਾਂ ਪ੍ਰਤੀ ਨਵੀਂ ਤੇ ਨਰੋਈ ਜਾਣਕਾਰੀ ਮਿਲਦੀ ਹੈ। ਇਹ ਵੀ ਕਿ ਸਮੇਂ ਨਾਲ ਪਰਵਾਸ ਦਾ ਸਰੂਪ ਤੇ ਸੁਭਾਅ ਬਦਲ ਰਿਹਾ ਹੈ। ਅਜੋਕਾ ਪੰਜਾਬੀ ਪਰਵਾਸੀ ਹੋ ਕੇ ਆਵਾਸੀ ਹੈ ਤੇ ਆਵਾਸੀ ਹੋ ਕੇ ਪਰਵਾਸੀ।
ਅਸਲ ਵਿਚ ਮਨ ਦਾ ਪਰਦੇਸੀ ਹੋਣਾ ਆਪਣੇ ਮੂਲ ਨਾਲੋਂ ਟੁੱਟਣਾ ਹੈ। ਉਪਰਾਮ, ਉਦਾਸ ਤੇ ਉਦਾਸੀਨ ਮਹਿਸੂਸ ਕਰਨਾ। ਏਸ ਉਖੜੇਵੇਂ ਤੇ ਖਿੰਡਾਓ ਕਾਰਨ ਪਰਦੇਸੀਆਂ ਵਾਂਗ ਹੇਰਵੇ ਤੇ ਵਿਗੋਚੇ ਵਿਚ ਰਹਿਣਾ। ਜੇ ਮਨ ਹੀ ਨਹੀਂ ਟਿਕਦਾ ਤਾਂ ਸਭ ਥਾਂ ਪਰਾਈ ਹੋ ਜਾਂਦੀ ਹੈ। ਮਨ ਪਿੱਪਲ ਦੇ ਪੱਤੇ ਵਾਂਗ ਫਰਕਣ ਲਗਦਾ ਹੈ ਤੇ ਪਾਰੇ ਵਾਂਗ ਧਿਰਕਦਾ ਹੈ।
ਪੰਜਾਬੀ ਬੰਦੇ ਦੇ ਏਸ ਵਰਤਾਰੇ ਨੇ ਮਨ ਨੂੰ ਮੁੱਠੀ ਵਿਚ ਕਰਨਾ, ਮਨ ਨੂੰ ਹਵਾ ਲੁਆਉਣੀ, ਮਨ ਮਰਜ਼ੀ ਦੇ ਸਾਂਚੇ ਵਿਚ ਢਾਲਣਾ, ਮਨ ਮਾਰਨਾ, ਮਨ ਮਿਲੇ ਦਾ ਮੇਲਾ, ਆਦਿ ਅਖਾਣਾਂ ਨੂੰ ਵੀ ਜਨਮ ਦਿੱਤਾ ਹੈ।
ਇਸ ਭਾਵਨਾ ਦਾ ਵਿਸਥਾਰਤ ਵਰਣਨ ਪ੍ਰੋ. ਜਸਵੰਤ ਸਿੰਘ ਗੰਡਮ ਦੀ ਪੁਸਤਕ, ‘ਸੁੱਤੇ ਸ਼ਹਿਰ ਦਾ ਸਫਰ’ (ਪੰਜਾਬੀ ਵਿਰਸਾ ਟਰੱਸਟ, ਫਗਵਾੜਾ, ਪੰਨੇ 144, ਮੁੱਲ 200 ਰੁਪਏ) ਵਿਚ ਵੀ ਮਿਲਦਾ ਹੈ ਜਿਸ ਵਿਚ ਅੰਤਰਰਾਸ਼ਟਰੀ ਸੈਮੀਨਾਰ ਦੀ ਧਾਰਨਾ ਉੱਤੇ ਮੋਹਰ ਲਗਦੀ ਹੈ। ਇਸ ਦਾ ਸਵਾਗਤ ਕਰਨਾ ਬਣਦਾ ਹੈ।
ਅੰਤਿਕਾ
ਸੁਰਜੀਤ ਪਾਤਰ
ਜੋ ਵਿਦੇਸ਼ਾਂ ’ਚ ਰੁਲਦੇ ਨੇ ਰੋਜ਼ੀ ਲਈ,
ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ।