ਅਡਾਨੀ ਦੇ ਸਾਇਲੋ ਵਿਚ ਕਣਕ ਵੇਚਣ ਲਈ ਲੱਗੀਆਂ ਕਤਾਰਾਂ

ਮੋਗਾ: ਇਥੇ ਫਿਰੋਜ਼ਪੁਰ ਰੋਡ ‘ਤੇ ਸਥਿਤ ਆਧੁਨਿਕ ਅਡਾਨੀ ਸਾਇਲੋ ਪਲਾਂਟ ਕਿਸਾਨ ਅੰਦੋਲਨ ਦੌਰਾਨ ਤਕਰੀਬਨ ਸਾਲ ਭਰ ਬੰਦ ਰਿਹਾ ਪਰ ਖੇਤੀ ਕਾਨੂੰਨ ਵਾਪਸ ਲੈਣ ਕਾਰਨ ਸਥਿਤੀ ਬਦਲ ਗਈ ਹੈ। ਹੁਣ ਕਣਕ ਵੇਚਣ ਲਈ ਇਹ ਕਿਸਾਨਾਂ ਦੀ ਪਹਿਲੀ ਪਸੰਦ ਬਣ ਗਿਆ ਹੈ।

ਕਿਸਾਨਾਂ ਵੱਲੋਂ ਇਸ ਪਲਾਂਟ ਨੂੰ ਤਰਜੀਹ ਦੇਣ ਦਾ ਮੁੱਖ ਕਾਰਨ ਇਹ ਹੈ ਕਿ ਇਥੇ ਬਾਰਦਾਨੇ ਦੀ ਲੋੜ ਨਹੀਂ ਪੈਂਦੀ, ਜਦਕਿ ਮੰਡੀਆਂ ਵਿਚ ਕਣਕ ਵੇਚਣ ਲਈ ਕਿਸਾਨਾਂ ਨੂੰ ਚਾਰ-ਪੰਜ ਦਿਨ ਦੀ ਉਡੀਕ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਮੰਡੀਆਂ ਵਿਚ ਖਰੀਦ ਏਜੰਸੀਆਂ ਜ਼ਿਆਦਾ ਨਮੀ ਦੱਸ ਕੇ ਕਣਕ ਖਰੀਦਣ ਤੋਂ ਟਾਲਾ ਵੱਟ ਰਹੀਆਂ ਹਨ। ਕਿਸਾਨ ਟਰਾਲੀਆਂ ਵਿਚ ਖੁੱਲ੍ਹੀ ਕਣਕ ਭਰ ਕੇ ਸਾਇਲੋ ਵਿਚ ਲਿਆਉਂਦੇ ਹਨ। ਇਥੇ ਕਰੀਬ ਡੇਢ ਕਿਲੋਮੀਟਰ ਤੱਕ ਕਣਕ ਦੀਆਂ ਭਰੀਆਂ ਟਰਾਲੀਆਂ ਦੀ ਕਤਾਰ ਲੱਗ ਹੋਈ ਹੈ। ਕਣਕ ਦੀ ਆਮਦ ਵਿਚ ਅਚਾਨਕ ਵਾਧਾ ਹੋਣ ਕਾਰਨ ਪਲਾਂਟ ਵਿਚ ਕਣਕ ਵੇਚਣ ਆਏ ਕਿਸਾਨਾਂ ਨੂੰ 12-12 ਘੰਟੇ ਧੁੱਪ ‘ਚ ਖੜ੍ਹਨਾ ਪੈ ਰਿਹਾ ਹੈ, ਜਦਕਿ ਪਲਾਂਟ ਵਿਚ ਦਾਖਲ ਹੋਣ ‘ਤੇ ਕਿਸਾਨ ਨੂੰ ਕਣਕ ਸਟੋਰ ਕਰਨ ਮਗਰੋਂ ਅੱਧੇ ਘੰਟੇ ਵਿਚ ਹੀ ਪੇਮੈਂਟ ਸਲਿੱਪ ਮਿਲ ਜਾਂਦੀ ਹੈ। ਮੰਡੀਆਂ ਵਿਚ ਜਿੱਥੇ ਮਜ਼ਦੂਰਾਂ ਵੱਲੋਂ ਸਫਾਈ ਕਰਕੇ ਕਣਕ ਭਰੀ ਜਾਂਦੀ ਹੈ, ਉਥੇ ਹੀ ਸਾਇਲੋ ਵਿਚ ਕਣਕ ਦੀ ਭਰੀ ਟਰਾਲੀ ਨੂੰ ਤੋਲ ਕੇ ਉਤਾਰਿਆ ਜਾਂਦਾ ਹੈ, ਜਿਸ ਨਾਲ ਸਮੇਂ ਦੀ ਵੀ ਬੱਚਤ ਹੁੰਦੀ ਹੈ, ਉਥੇ ਪ੍ਰਤੀ ਟਰਾਲੀ 3 ਤੋਂ 4 ਹਜ਼ਾਰ ਦਾ ਮੁਨਾਫਾ ਵੀ ਹੁੰਦਾ ਹੈ, ਕਿਉਂਕਿ ਅਡਾਨੀ ਗਰੁੱਪ ਦੇ ਸਾਇਲੋ ਗੋਦਾਮ ਵਿਚ ਸਟੋਰ ਕਰਨ ਲਈ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਵੱਲੋਂ ਕਿਸਾਨਾਂ ਤੋਂ ਸਿੱਧੀ ਕਣਕ ਖਰੀਦੀ ਜਾ ਰਹੀ ਹੈ। ਅਡਾਨੀ ਸਾਇਲੋ ਪਲਾਂਟ ਦੇ ਮੈਨੇਜਰ ਅਮਨਦੀਪ ਸਿੰਘ ਸੋਨੀ ਨੇ ਦੱਸਿਆ ਕਿ ਸਾਇਲੋ ਪਲਾਂਟ ਵਿਚ ਹਰ ਰੋਜ਼ ਕਰੀਬ 1100 ਟਰਾਲੀਆਂ ਵਿਚੋਂ ਕਣਕ ਉਤਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 48 ਤੋਂ 72 ਘੰਟਿਆਂ ‘ਚ ਕਣਕ ਦੀ ਅਦਾਇਗੀ ਕੀਤੀ ਜਾ ਰਹੀ ਹੈ।
ਬੀ.ਕੇ.ਯੂ. ਕਾਦੀਆਂ ਦੇ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਤੇ ਗੁਲਜ਼ਾਰ ਸਿੰਘ ਘਾਲੀ ਨੇ ਆਖਿਆ ਕਿ ਪਲਾਂਟ ਵਿਚ ਕਣਕ ਵੇਚਣ ਲਈ ਆੜ੍ਹਤੀਏ ਤੋਂ ਪਰਚੀ ਲਈ ਜਾਂਦੀ ਹੈ ਤੇ ਐਫ.ਸੀ.ਆਈ. ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਣਕ ਵਿਕ ਰਹੀ ਹੈ। ਐਫ.ਸੀ.ਆਈ. ਚੈੱਕ ਰਾਹੀਂ ਸਿੱਧਾ ਭੁਗਤਾਨ ਕਿਸਾਨ ਦੇ ਖਾਤੇ ਵਿਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਾਫ ਹੈ ਕਿ ਕੇਂਦਰ ਦੀਆਂ ਨੀਤੀਆਂ ਸਰਕਾਰੀ ਮੰਡੀਆਂ ਨੂੰ ਬੰਦ ਕਰਨ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਟਲੇ ਹਨ, ਪਰ ਮੰਡੀਕਰਨ ਦੇ ਨਿੱਜੀਕਰਨ ਦੀ ਨੀਤੀ ਨਹੀਂ ਟਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਇਲੋ ਰਹਿਣਗੇ ਤਾਂ ਐਫ.ਸੀ.ਆਈ. ਦੇ ਆਪਣੇ ਗੁਦਾਮ ਢਹਿਣੇ ਤੈਅ ਹਨ।
ਕਣਕ ਦਾ ਝਾੜ ਘਟਣ ਤੋਂ ਸਰਕਾਰ ਫਿਕਰਮੰਦ: ਚੀਮਾ
ਲਹਿਰਾਗਾਗਾ: ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਨਾਜ ਮੰਡੀ ਦਾ ਦੌਰਾ ਕਰਦਿਆਂ ਆਖਿਆ ਕਿ ਕਣਕ ਦਾ ਝਾੜ ਕੁਦਰਤੀ ਤੌਰ ‘ਤੇ ਘੱਟ ਹੋਇਆ ਹੈ, ਜਿਸ ਪ੍ਰਤੀ ਸਰਕਾਰ ਚਿੰਤਤ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਖਰੀਦ ਏਜੰਸੀ ਐਫ.ਸੀ.ਆਈ. ਨੇ ਕਣਕ ਦੀ ਗੁਣਵੱਤਾ ਵਿਚ ਕੁਝ ਸ਼ੱਕ ਜ਼ਾਹਿਰ ਕੀਤਾ ਸੀ, ਜਿਸ ਲਈ ਕੇਂਦਰੀ ਟੀਮ ਵੱਲੋਂ ਪੰਜਾਬ ਦੀਆਂ ਮੰਡੀਆਂ ਵਿਚੋਂ ਸੈਂਪਲ ਭਰੇ ਗਏ ਹਨ। ਮੰਤਰੀਆਂ ਤੇ ਵਿਧਾਇਕਾਂ ਲਈ ਗੱਡੀਆਂ ਖਰੀਦਣ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ 18 ਕਰੋੜ ਰੁਪਏ ਦੀਆਂ ਗੱਡੀਆਂ ਖਰੀਦਣ ਬਾਰੇ ਨਾ ਤਾਂ ਟਰਾਂਸਪੋਰਟ ਵਿਭਾਗ ਨੇ ਉਨ੍ਹਾਂ ਨੂੰ ਕੋਈ ਚਿੱਠੀ ਲਿਖੀ ਹੈ, ਨਾ ਹੀ ਕੋਈ ਅਜਿਹੀ ਯੋਜਨਾ ਹੈ।