‘ਆਪ’ ਨੇ ਵਾਅਦਾ ਪੁਗਾਇਆ, 300 ਯੂਨਿਟ ਮੁਫਤ ਬਿਜਲੀ ਦਾ ਐਲਾਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ` ਸਰਕਾਰ ਦਾ ਇਕ ਮਹੀਨਾ ਪੂਰਾ ਹੋਣ `ਤੇ ਪੰਜਾਬ `ਚ ਪਹਿਲੀ ਜੁਲਾਈ ਤੋਂ ਹਰੇਕ ਘਰ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸਰਦੇ-ਪੁੱਜਦੇ ਪਰਿਵਾਰਾਂ ਨੂੰ ‘ਦਿੱਲੀ ਮਾਡਲ` ਵਾਂਗ ਸ਼ਰਤਾਂ ਤਹਿਤ 300 ਯੂਨਿਟ ਬਿਜਲੀ ਮੁਆਫੀ ਦਿੱਤੀ ਹੈ। ਮੁੱਖ ਮੰਤਰੀ ਨੇ ‘ਆਪ` ਵੱਲੋਂ ਕੀਤੇ ਪਹਿਲੇ ਵਾਅਦੇ ਨੂੰ ਪੂਰਾ ਕਰਦਿਆਂ ਆਪਣੀ ਸਰਕਾਰ ਦੇ ਪਹਿਲੇ ਮਹੀਨੇ ਦਾ ਰਿਪੋਰਟ ਕਾਰਡ ਪੇਸ਼ ਕੀਤਾ ਜਿਸ ਵਿਚ ਦਫਤਰਾਂ `ਚੋਂ ਰਿਸ਼ਵਤਖੋਰੀ ਬੰਦ ਕੀਤੇ ਜਾਣ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਦੀ ਦੋ ਮਹੀਨੇ ਦੀ ਬਿਜਲੀ ਖਪਤ 600 ਯੂਨਿਟ ਤੋਂ ਵਧੇਗੀ ਤਾਂ ਉਨ੍ਹਾਂ ਨੂੰ ਪੂਰਾ ਬਿਜਲੀ ਬਿੱਲ ਤਾਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਰਦੇ-ਪੁੱਜਦੇ ਪਰਿਵਾਰ ‘ਬਿਜਲੀ ਮੁਆਫੀ ਸਹੂਲਤ` ਦਾ ਲਾਭ ਲੈਣ ਲਈ ਸੰਜਮ ਨਾਲ ਬਿਜਲੀ ਬਾਲਣ। ਐਸ.ਸੀ/ਬੀ.ਸੀ/ਬੀ.ਪੀ.ਐਲ. ਪਰਿਵਾਰਾਂ ਨੂੰ ਅਜਿਹੀ ਸ਼ਰਤ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਇਨ੍ਹਾਂ ਪਰਿਵਾਰਾਂ ਦੀ ਜੇਕਰ ਦੋ ਮਹੀਨੇ ਦੀ ਖਪਤ 600 ਯੂਨਿਟ ਤੋਂ ਵਧਦੀ ਹੈ ਤਾਂ ਉਨ੍ਹਾਂ ਨੂੰ ਸਿਰਫ ਵਾਧੂ ਯੂਨਿਟਾਂ (600 ਯੂਨਿਟਾਂ ਤੋਂ ਉਪਰਲੀ ਖਪਤ) ਦਾ ਬਿੱਲ ਤਾਰਨਾ ਪਵੇਗਾ। ਵੇਰਵਿਆਂ ਅਨੁਸਾਰ ਇਕ ਕਿਲੋਵਾਟ ਤੱਕ ਵਾਲੇ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਆਫੀ ਨਾਲ ਮਾਲੀ ਤੌਰ `ਤੇ 1564 ਰੁਪਏ ਪ੍ਰਤੀ ਮਹੀਨਾ ਦੀ ਰਾਹਤ ਮਿਲੇਗੀ। ਜਿਨ੍ਹਾਂ ਦਾ ਲੋਡ ਵੱਧ ਹੋਵੇਗਾ, ਉਨ੍ਹਾਂ ਦੀ ਰਾਹਤ ਰਾਸ਼ੀ ਵੀ ਲੋਡ ਅਨੁਸਾਰ ਵੱਧ ਹੋਵੇਗੀ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਾਰਜਕਾਲ ਦੇ ਪਹਿਲੇ ਮਹੀਨੇ `ਚ ਹੀ ਪਹਿਲੀ ਗਾਰੰਟੀ ਨੂੰ ਪੂਰਾ ਕਰਕੇ ਇਤਿਹਾਸ ਬਣਾ ਦਿੱਤਾ ਹੈ ਜਦੋਂ ਕਿ ਰਵਾਇਤੀ ਸਿਆਸੀ ਧਿਰਾਂ ਵਾਅਦਿਆਂ ਨੂੰ ਵਿਸਾਰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪੰਜ ਸਾਲਾਂ ਵਿਚ ਇਕ-ਇਕ ਕਰਕੇ ਸਾਰੇ ਵਾਅਦੇ ਪੂਰੇ ਕਰਨਗੇ।
ਮੁੱਖ ਮੰਤਰੀ ਨੇ ਦੋ ਕਿਲੋਵਾਟ ਵਾਲੇ ਖਪਤਕਾਰਾਂ ਦੇ 31 ਦਸੰਬਰ, 2021 ਤੱਕ ਦੇ ਸਾਰੇ ਬਿਜਲੀ ਬਕਾਏ ਮੁਆਫ ਕਰਨ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 300 ਯੂਨਿਟ ਬਿਜਲੀ ਮੁਆਫੀ ਨਾਲ ਪਰਿਵਾਰਾਂ ਦੇ ਪੈਸਿਆਂ ਦੀ ਬੱਚਤ ਹੋਵੇਗੀ ਅਤੇ ਉਹ ਇਸ ਬੱਚਤ ਨੂੰ ਜਿੰਦਗੀ ਸੌਖੀ ਕਰਨ ਲਈ ਖਰਚ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪੁਰਾਣਿਆਂ ਦੀ ਤਰ੍ਹਾਂ ਉਹ ਆਪਣੀਆਂ ਜੇਬਾਂ ਨਹੀਂ ਭਰਨਗੇ ਬਲਕਿ ਲੋਕਾਂ ਦੀਆਂ ਜੇਬਾਂ ਵਿਚ ਪੈਸਾ ਪਾਇਆ ਜਾਵੇਗਾ। ਭਗਵੰਤ ਮਾਨ ਨੇ ਵਾਅਦਾ ਕੀਤਾ ਕਿ ਰੰਗਲਾ ਪੰਜਾਬ ਬਣਾਉਣ ਅਤੇ ਚੰਗੀਆਂ ਗੱਲਾਂ ਸਿੱਖਣ ਲਈ ਉਹ ਹਰ ਥਾਂ ਜਾਣਗੇ ਅਤੇ ਚੰਗੀਆਂ ਸਕੀਮਾਂ ਲੈ ਕੇ ਆਉਣਗੇ।
ਕਾਂਗਰਸ ਨੇ ਚੁੱਕੇ ਸਵਾਲ
ਚੰਡੀਗੜ੍ਹ: ‘ਆਪ` ਵੱਲੋਂ ਪੰਜਾਬ `ਚ ਪਹਿਲੀ ਜੁਲਾਈ ਤੋਂ 300 ਯੂਨਿਟ ਮੁਫਤ ਬਿਜਲੀ ਦੇਣ ਦੇ ਐਲਾਨ `ਤੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਕਿਹਾ ਕਿ ਸਰਕਾਰ ਵੱਲੋਂ ਚੋਣ ਵਾਅਦਾ ਪੂਰਾ ਕਰਨ `ਚ ਦੇਰੀ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫਤ ਬਿਜਲੀ ਸਹੂਲਤ ਦੇਣ ਲਈ ਪਹਿਲੀ ਜੁਲਾਈ ਤੱਕ ਦੀ ਉਡੀਕ ਕਿਉਂ ਕਰਵਾਈ ਜਾ ਰਹੀ ਹੈ। ਪੰਜਾਬ ਵਿਧਾਨ ਸਭਾ `ਚ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ‘ਆਪ` ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਹੁਕਮਾਂ ਨੂੰ ਵਿਸਥਾਰ `ਚ ਘੋਖਣਗੇ ਤਾਂ ਜੋ ਇਸ `ਚ ਕੋਈ ਛੁਪਿਆ ਹੋਇਆ ਏਜੰਡਾ ਤਾਂ ਨਹੀਂ ਹੈ।
ਖੇਤੀ ਮੋਟਰਾਂ ਨੂੰ ਮੁਫਤ ਬਿਜਲੀ ਜਾਰੀ ਰਹੇਗੀ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਐਲਾਨ ਕੀਤਾ ਕਿ ਪੰਜਾਬ ਵਿਚ ਖੇਤੀ ਮੋਟਰਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਵਪਾਰਕ ਅਤੇ ਸਨਅਤੀ ਬਿਜਲੀ ਦੀਆਂ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਆਉਂਦੇ ਦੋ-ਤਿੰਨ ਵਰ੍ਹਿਆਂ ਵਿਚ ਸੂਬੇ ਦੇ ਸਾਰੇ ਪਿੰਡਾਂ ਅਤੇ ਕਸਬਿਆਂ ਨੂੰ 24 ਘੰਟੇ ਦੀ ਬਿਜਲੀ ਸਹੂਲਤ ਦਿੱਤੀ ਜਾਵੇਗੀ।