ਕਾਂਗਰਸ ਦੀ ਧੜੇਬੰਦੀ ਤਿੱਖੀ

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀ ਵਾਲੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਨਵਾਂ ਮੋੜ ਲੈ ਰਹੀ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਇਕ-ਦੂਜੇ ਖਿਲਾਫ ਬਿਆਨਬਾਜ਼ੀ ਹੋਰ ਤਿੱਖੀ ਹੋ ਗਈ ਹੈ।

ਹਾਈਕਮਾਨ ਨੇ ਚਰਚਾ ਵਿਚ ਚੱਲ ਰਹੇ ਸਾਰੇ ਨਾਵਾਂ ਨੂੰ ਦਰਕਿਨਾਰ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੂੰ ਵਿਰੋਧੀ ਧਿਰ ਦਾ ਨੇਤਾ ਅਤੇ ਰਾਜਾ ਵੜਿੰਗ ਨੂੰ ਸੂਬੇ ਦਾ ਪ੍ਰਧਾਨ ਥਾਪ ਦਿੱਤਾ ਹੈ।
ਇਹ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਬਕਾ ਵਿਧਾਇਕਾਂ ਤੇ ਮੰਤਰੀਆਂ ਨਾਲ ਮੀਟਿੰਗਾਂ ਕਰਕੇ ਆਪਣੀ ਤਾਕਤ ਦਿਖਾ ਰਹੇ ਸਨ ਅਤੇ ਸੁਨੀਲ ਜਾਖੜ ਦਾਅਵਾ ਕਰ ਰਹੇ ਸਨ ਕਿ ਪੰਜਾਬ ਦੀ ਜ਼ਮੀਨੀ ਹਕੀਕਤ ਜਾਣੇ ਬਿਨਾਂ ਵਿਧਾਨ ਸਭਾ ਚੋਣਾਂ ਵਿਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਣਾ ਕਾਂਗਰਸ ਨੂੰ ਮਹਿੰਗਾ ਪਿਆ। ਪੰਜਾਬ ਲੀਡਰਸ਼ਿਪ ਦੇ ਮਨ ਵਿਚ ਹੁਣ ਵੀ ਉਹੀ ਡਰ ਹੈ ਕਿ ਨਵੀਆਂ ਨਿਯੁਕਤੀਆਂ ਅੰਦਰੂਨੀ ਕਲੇਸ਼ ਨੂੰ ਸਿਖਰਾਂ ਵੱਲ ਲੈ ਕੇ ਜਾਣਗੀਆਂ।
ਉਧਰ, ਹਾਈਕਮਾਨ ਇਸ ਕਲੇਸ਼ ਤੋਂ ਇੰਨੀ ਅੱਕੀ ਜਾਪ ਰਹੀ ਹੈ ਕਿ ਉਸ ਨੇ ਬਾਗੀ ਸੁਰਾਂ ਅਲਾਪਣ ਵਾਲੇ ਆਗੂਆਂ ਖਿਲਾਫ ਕਾਰਵਾਈ ਕਾਰਵਾਈ ਦਾ ਮਨ ਬਣਾ ਲਿਆ ਹੈ। ਹਾਈਕਮਾਨ ਨੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ। ਧੀਮਾਨ ਨੇ ਨਵ-ਨਿਯੁਕਤ ਪ੍ਰਧਾਨ ਰਾਜਾ ਵੜਿੰਗ ‘ਤੇ ਸਿਆਸੀ ਵਾਰ ਕੀਤੇ ਸਨ। ਕੁੱਲ ਹਿੰਦ ਕਾਂਗਰਸ ਕਮੇਟੀ ਨੇ ਪੰਜਾਬ ਇਕਾਈ ਵਿਚ ਅਨੁਸ਼ਾਸਨਹੀਣਤਾ ਨੂੰ ਠੱਲ੍ਹਣ ਲਈ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਹੈ, ਹਾਲਾਂਕਿ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਰੇ ਚੁੱਪ ਉਤੇ ਸਵਾਲ ਜ਼ਰੂਰ ਉਠ ਰਹੇ ਹਨ। ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਹਾਈਕਮਾਨ ਕੋਲ ਸੁਨੀਲ ਜਾਖੜ ਖਿਲਾਫ ਸ਼ਿਕਾਇਤਾਂ ਭੇਜੀਆਂ ਗਈਆਂ ਸਨ ਅਤੇ ਇਨ੍ਹਾਂ ਨਾਲ ਜਾਖੜ ਵੱਲੋਂ ਕੀਤੇ ਟਵੀਟ ਨੂੰ ਨੱਥੀ ਕੀਤਾ ਗਿਆ ਸੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪਿਛਲੇ ਦਿਨਾਂ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਤੇ ਜਾਖੜ ਖਿਲਾਫ ਆਪਣਾ ਵਿਰੋਧ ਦਰਜ ਕਰਾਇਆ ਸੀ। ਸੁਨੀਲ ਜਾਖੜ ਨੂੰ ਦਲਿਤ ਭਾਈਚਾਰੇ ਖਿਲਾਫ ਇਕ ਟਿੱਪਣੀ ਨੂੰ ਆਧਾਰ ਬਣਾ ਕੇ ਘੇਰਿਆ ਜਾ ਰਿਹਾ ਹੈ।
ਦਰਅਸਲ, ਹਾਈਕਮਾਨ ਇਸ ਗੱਲ ਨੂੰ ਮੰਨਦੀ ਹੈ ਕਿ ਅੰਦਰੂਨੀ ਕਲੇਸ਼ ਕਾਰਨ ਉਸ ਨੇ ਪੰਜਾਬ ਨੂੰ ਹੱਥੋਂ ਗੁਆ ਲਿਆ। ਯਾਦ ਰਹੇ ਕਿ ਪੰਜਾਬ ਲੀਡਰਸ਼ਿਪ ਦੇ ਕਈ ਆਗੂ ਹਾਈਕਮਾਨ ਦੀ ਪਰਵਾਹ ਹੀ ਨਹੀਂ ਕਰ ਰਹੇ। ਕਾਫੀ ਸਮਾਂ ਪਹਿਲਾਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਵੀ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਸੀ। ਬਾਅਦ ਵਿਚ ਇਸ ਮਾਮਲੇ ‘ਤੇ ਕਾਂਗਰਸ ਨੇ ਚੁੱਪ ਹੀ ਵੱਟ ਲਈ। ਇਥੋਂ ਤੱਕ ਕਿ ਹੁਣ ਧੀਮਾਨ ਨੇ ਪਾਰਟੀ ਤੋਂ ਕੱਢੇ ਜਾਣ ਪਿੱਛੋਂ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ। ਸਿੱਧੂ ਵੀ ਹਾਈਕਮਾਨ ਦੀ ਘੂਰੀ ਦੇ ਬਾਵਜੂਦ ਪਾਰਟੀ ਆਗੂਆਂ ਉਤੇ ਸਵਾਲ ਖੜ੍ਹੇ ਕਰਨ ਵਾਲੀ ਆਪਣੀ ‘ਆਦਤ’ ਉਤੇ ਕਾਇਮ ਹਨ। ਪੰਜਾਬ ਕਾਂਗਰਸ ਇਸ ਪੱਧਰ ਤੱਕ ਧੜੇਬੰਦੀ ਦਾ ਸ਼ਿਕਾਰ ਹੋ ਗਈ ਹੈ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਖਿਲਾਫ ਮਹਿੰਗਾਈ ਦੇ ਮੁੱਦੇ ਉਤੇ ਚੰਡੀਗੜ੍ਹ ਵਿਖੇ ਧਰਨਾ ਉਤੇ ਨਵਜੋਤ ਸਿੰਘ ਸਿੱਧੂ ਅਤੇ ਰੋਪੜ ਤੋਂ ਚੋਣ ਲੜੇ ਬਰਿੰਦਰ ਸਿੰਘ ਢਿੱਲੋਂ ਆਪਸ ਵਿਚ ਭਿੜ ਗਏ। ਬਰਿੰਦਰ ਢਿੱਲੋਂ ਨੇ ਸਿੱਧ ਨੂੰ ਡਰਾਮੇਬਾਜ਼ ਤੱਕ ਕਰਾਰ ਦੇ ਦਿੱਤਾ।
ਕਾਂਗਰਸ ਹਾਈਕਮਾਨ ਵੱਲੋਂ ਸੂਬੇ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀਆਂ ਨਿਯੁਕਤੀਆਂ ਨਾਲ ਜਥੇਬੰਦਕ ਢਾਂਚਾ ਮੁੜ ਖੜ੍ਹਾ ਕਰਨ ਤੇ ਪਾਰਟੀ ਵਿਚਲੀ ਅਨੁਸ਼ਾਸਨਹੀਣਤਾ ਪ੍ਰਤੀ ਸਖਤ ਰਵੱਈਆ ਅਪਣਾਉਣ ਦੀ ਰਣਨੀਤੀ ਅਪਣਾਈ ਹੈ, ਕਿਉਂਕਿ ਹਾਈਕਮਾਨ ਨੂੰ ਖਦਸ਼ਾ ਹੈ ਕਿ ਕਿਤੇ ਕਾਂਗਰਸ ਵਿਚ ਨਵੀਂ ਟੀਮ ਬਣਾਏ ਜਾਣ ਮਗਰੋਂ ਵੀ ਨਵੀਂ ਕਤਾਰਬੰਦੀ ਖੜ੍ਹੀ ਨਾ ਹੋ ਜਾਵੇ। ਹਾਲਾਂਕਿ ਹਾਈਕਮਾਨ ਦੇ ਨਵੀਆਂ ਨਿਯੁਕਤੀਆਂ ਵਾਲੇ ਫੈਸਲੇ ਨੂੰ ਨਵੇਂ ਕਲੇਸ਼ ਤੇ ਗੁੱਟਬੰਦੀ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਤਾਪ ਬਾਜਵਾ ਨਾਲ ਲੰਮੇ ਸਮੇਂ ਤੋਂ ਸਿਆਸੀ ਅਣਬਣ ਰਹੀ ਹੈ। ਇਹੋ ਮਾਝਾ ਬ੍ਰਿਗੇਡ ਸੀ ਜਿਸ ਨੇ ਪ੍ਰਤਾਪ ਬਾਜਵਾ ਨੂੰ ਉਤਾਰ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਮਾਨ ਦਿਵਾਈ ਸੀ। ਇਹ ਮਾਝਾ ਬ੍ਰਿਗੇਡ ਅਮਰਿੰਦਰ ਸਿੰਘ ਖਿਲਾਫ ਡਟੀ ਸੀ ਤਾਂ ਉਦੋਂ ਪ੍ਰਤਾਪ ਬਾਜਵਾ ਵੀ ਅਮਰਿੰਦਰ ਦੇ ਸਮਰਥਨ ਵਿਚ ਖੜ੍ਹ ਗਏ ਸਨ। ਅਜਿਹੇ ਮਾਹੌਲ ਵਿਚ ਅਨੁਸ਼ਾਸਨ ਬਣੇ ਰਹਿਣ ਨਵਜੋਤ ਸਿੰਘ ਸਿੱਧੂ ਵੱਲੋਂ ਨਵੀਆਂ ਨਿਯੁਕਤੀਆਂ ਦਾ ਭਾਵੇਂ ਸਵਾਗਤ ਕਰ ਦਿੱਤਾ ਗਿਆ ਹੈ ਪਰ ਪਾਰਟੀ ਅੰਦਰ ਉਨ੍ਹਾਂ ਦੀ ਹੁਣ ਕੀ ਥਾਂ ਰਹੇਗੀ ਅਤੇ ਸੂਬੇ ਅੰਦਰ ਉਨ੍ਹਾਂ ਵੱਲੋਂ ਆਪਣੇ ਸਮਰਥਕਾਂ ਦਾ ਜੋ ਧੜਾ ਖੜ੍ਹਾ ਕੀਤਾ ਜਾ ਰਿਹਾ ਸੀ, ਉਸ ਦਾ ਕੀ ਹੋਵੇਗਾ, ਇਹ ਸਵਾਲ ਅਜੇ ਖੜ੍ਹੇ ਹਨ। ਪਾਰਟੀ ਹਲਕਿਆਂ ਵਿਚ ਚਰਚਾ ਹੈ ਕਿ ਹਾਈਕਮਾਨ ਵੱਲੋਂ ਪੰਜਾਬ ਮਾਮਲਿਆਂ ਨਾਲ ਨਜਿੱਠਣ ਲਈ ਹਰੀਸ਼ ਚੌਧਰੀ ਨੂੰ ਕਾਫੀ ਅਧਿਕਾਰ ਦੇ ਦਿੱਤੇ ਹਨ ਅਤੇ ਤਾਜ਼ਾ ਨਿਯੁਕਤੀਆਂ ਤੇ ਦੂਜੇ ਫੈਸਲਿਆਂ ਉਤੇ ਉਨ੍ਹਾਂ ਦੀ ਰਾਏ ਕਾਫੀ ਭਾਰੂ ਹੈ। ਸ੍ਰੀ ਚੌਧਰੀ ਜਿਨ੍ਹਾਂ ਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵੀ ਕਾਫੀ ਨੇੜਤਾ ਸਮਝੀ ਜਾਂਦੀ ਹੈ ਉਸ ਕਾਰਨ ਚੰਨੀ ਵੀ ਹੁਣ ਅਹਿਮ ਬਣ ਗਏ ਹਨ। ਹਾਲਾਂਕਿ ਚੰਨੀ ਉਤੇ ਭਰੋਸਾ ਹਾਈਕਮਾਨ ਨੂੰ ਮਹਿੰਗਾ ਪਿਆ ਤੇ ਸੂਬੇ ਵਿਚ ਨਮੋਸ਼ੀ ਵਾਲੀ ਹਾਰ ਮਿਲੀ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਹਾਈਕਮਾਨ ਅਜੇ ਵੀ ਆਪਣੀ ‘ਧੌਂਸ’ ਦਿਖਾਉਣ ਦੇ ਚੱਕਰ ਵਿਚ ਉਹੀ ਗਲਤੀਆਂ ਕਰ ਰਹੀ ਹੈ ਜੋ ਉਸ ਨੇ ਬੀਤੇ ਵਿਚ ਕੀਤੀਆਂ ਹਨ। ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਸਮਝਣ ਦੀ ਥਾਂ ਲੀਡਰਸ਼ਿਪ ਬਾਰੇ ਦਿੱਲੀ ਤੋਂ ਲਏ ਜਾ ਰਹੇ ਫੈਸਲੇ ਪਾਰਟੀ ਨੂੰ ਆਉਂਦੇ ਸਮੇਂ ਵਿਚ ਹੋਰ ਮਹਿੰਗੇ ਪੈਣ ਦਾ ਖਦਸ਼ਾ ਹੈ।