ਦਿਨੋ-ਦਿਨ ਵਧ ਰਹੀ ਹੈ ਮੀਡੀਆ ਦੀ ਜ਼ੁਬਾਨਬੰਦੀ

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਪ੍ਰੈੱਸ, ਖਾਸ ਕਰ ਨਿਧੜਕ ਪੱਤਰਕਾਰੀ ਆਰ.ਐਸ.ਐਸ. ਤੇ ਭਾਜਪਾ ਦੇ ਖਾਸ ਨਿਸ਼ਾਨੇ ‘ਤੇ ਹੈ ਅਤੇ ਉਨ੍ਹਾਂ ਦੀ ਜ਼ੁਬਾਨਬੰਦੀ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ ਕਿਉਂਕਿ ਇਹ ਆਪਣੇ ਕਿੱਤੇ ਨੂੰ ਸਮਰਪਿਤ ਇਮਾਨਦਾਰ ਪੱਤਰਕਾਰ ਹੀ ਹਨ ਜੋ ਸੱਤਾਧਾਰੀ ਧਿਰ ਦੇ ਕਥਿਤ ਵਿਕਾਸ ਦਾ ਰਾਗ ਪ੍ਰਚਾਰਨ ਵਾਲੀ ਦਰਬਾਰੀ ਪੱਤਰਕਾਰੀ ਕਰਨ ਦੀ ਬਜਾਇ ਹਕੀਕਤ ਪੇਸ਼ ਕਰ ਰਹੇ ਹਨ।

ਹਿੰਦੂਤਵੀ ਜਥੇਬੰਦੀਆਂ ਪੱਤਰਕਾਰਾਂ ਨੂੰ ਸ਼ਰੇਆਮ ਡਰਾ-ਧਮਕਾ ਰਹੀਆਂ ਹਨ ਅਤੇ ਕੁੱਟਮਾਰ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਭਾਜਪਾ ਦੀ ਹਕੂਮਤ ਵਾਲੇ ਰਾਜਾਂ ਵਿਚ ਪੁਲਿਸ ਨੂੰ ਪੱਤਰਕਾਰਾਂ ਨੂੰ ਦਹਿਸ਼ਤਜ਼ਦਾ ਕਰਨ ਲਈ ਲੱਠਮਾਰਾਂ ਵਾਂਗ ਵਰਤਿਆ ਜਾ ਰਿਹਾ ਹੈ। ਘਟਨਾਵਾਂ ਸਾਫ ਇਸ਼ਾਰਾ ਕਰ ਰਹੀਆਂ ਹਨ ਕਿ ਨਫਰਤ ਦੀ ਸਿਆਸਤ ਦਾ ਪ੍ਰਚਾਰ ਅਤੇ ਘੱਟਗਿਣਤੀਆਂ ਵਿਰੁੱਧ ਹਮਲੇ ਤੇਜ਼ ਕਰਨ ਦੇ ਨਾਲ-ਨਾਲ ਪੱਤਰਕਾਰਾਂ ਨੂੰ ਇਸ ਦੀ ਕਵਰੇਜ ਤੋਂ ਰੋਕਣ ਲਈ ਦਹਿਸ਼ਤਜ਼ਦਾ ਕਰਨ ਦੀ ਮੁਹਿੰਮ ਬਹੁਤ ਤੇਜ਼ ਕੀਤੀ ਰਹੀ ਹੈ।
ਇਸ ਪ੍ਰਸੰਗ ਵਿਚ ਮੱਧ ਪ੍ਰਦੇਸ਼ ਦੀ ਘਟਨਾ ਚਰਚਾ ਦਾ ਵਿਸ਼ਾ ਬਣੀ ਹੈ ਜਿੱਥੇ ਸੀਧੀ ਜ਼ਿਲ੍ਹੇ ਵਿਚ ਭਾਜਪਾ ਵਿਧਾਇਕ ਕੇਦਾਰਨਾਥ ਸ਼ੁਕਲਾ ਬਾਰੇ ਖਬਰਾਂ ਚਲਾਉਣ ਵਾਲੇ ਪੱਤਰਕਾਰਾਂ ਵਿਰੁੱਧ ਪੁਲਿਸ ਨੇ ਐਫ.ਆਈ.ਆਰ. ਦਰਜ ਕੀਤੀ ਅਤੇ ਉਨ੍ਹਾਂ ਨੂੰ ਥਾਣੇ ਲਿਜਾ ਕੇ ਨਿਰਵਸਤਰ ਕਰਕੇ ਜ਼ਲੀਲ ਵੀ ਕੀਤਾ। ਉਨ੍ਹਾਂ ਦੀ ਨਿਰਵਸਤਰ ਕੀਤਿਆਂ ਦੀ ਫੋਟੋ ਵੀ ਸੋਸ਼ਲ ਮੀਡੀਆ ਉੱਪਰ ਪਾ ਦਿੱਤੀ। ਦਾਅਵਾ ਇਹ ਕੀਤਾ ਗਿਆ ਕਿ ਇਹ ਫਰਜ਼ੀ ਮੀਡੀਆ ਵਾਲੇ ਹਨ ਜੋ ਯੂਟਿਊਬ ਉੱਪਰ ਭਾਜਪਾ ਸਰਕਾਰ ਵਿਰੁੱਧ ਝੂਠੀਆਂ ਖਬਰਾਂ ਪ੍ਰਸਾਰਿਤ ਕਰਦੇ ਹਨ। ਹਾਲਾਤ ਦੀ ਵਿਡੰਬਨਾ ਦੇਖੋ, ਸਭ ਝੂਠੀਆਂ ਖਬਰਾਂ ਅਤੇ ਅਫਵਾਹਾਂ ਦੀ ਮੁੱਖ ਫੈਕਟਰੀ ਆਰ. ਐਸ.ਐਸ.-ਭਾਜਪਾ ਦਾ ਪ੍ਰਚਾਰ ਤੰਤਰ ਹੈ ਜਿਸ ਦੀ ਤਾਜ਼ਾ ਮਿਸਾਲ ‘ਦਿ ਕਸ਼ਮੀਰ ਫਾਈਲਜ਼’ ਫਿਲਮ ਹੈ ਪਰ ਪੁਲਿਸ ਅਧਿਕਾਰੀ ਉਨ੍ਹਾਂ ਪੱਤਰਕਾਰਾਂ ਨੂੰ ਚਿਤਾਵਨੀ ਦੇ ਰਹੇ ਹਨ ਜੋ ਸੱਚ ਸਾਹਮਣੇ ਲਿਆ ਰਹੇ ਹਨ।
ਪੱਤਰਕਾਰ ਕਨਿਸ਼ਕ ਤਿਵਾੜੀ ਨੇ ਆਪਣੀ ਹੱਡਬੀਤੀ ਦੱਸੀ ਕਿ ਕਿਵੇਂ ਉਨ੍ਹਾਂ ਨੂੰ ਥਾਣੇ ਲਿਜਾ ਕੇ ਕੁੱਟਿਆ ਗਿਆ ਅਤੇ ਜ਼ਲੀਲ ਕੀਤਾ ਗਿਆ। ਤਿਵਾੜੀ ਨਿਊਜ਼ ਨੇਸ਼ਨ ਦਾ ਸਟਿੰਗਰ ਹੈ ਅਤੇ ‘ਐਮ.ਪੀ. ਸੰਦੇਸ਼ 24’ ਨਾਂ ਦਾ ਕਾਮਯਾਬ ਯੂਟਿਊਬ ਚੈਨਲ ਚਲਾ ਰਿਹਾ ਹੈ ਜਿਸ ਉੱਪਰ ਉਹ 2018 ਤੋਂ ਸਥਾਨਕ ਖਬਰਾਂ ਰਿਪੋਰਟ ਕਰ ਰਿਹਾ ਹੈ। ਤਿਵਾੜੀ ਦੀ ਸਥਾਨਕ ਖਬਰਾਂ ਦੀ ਕਵਰੇਜ ਅਤੇ ਪ੍ਰਮਾਣਕ ਰਿਪੋਰਟਾਂ, ਸਥਾਪਤੀ ਤੇ ਪੁਲਿਸ ਵਿਰੁੱਧ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਚੁੱਭਦੀਆਂ ਹਨ।
ਦਰਅਸਲ, 2 ਅਪਰੈਲ ਨੂੰ ਵਿਰੋਧ ਪ੍ਰਦਰਸ਼ਨ ਤੋਂ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿਚ ਤਿਵਾੜੀ ਅਤੇ ਉਸ ਦਾ ਕੈਮਰਾਮੈਨ ਵੀ ਸਨ। ਉਹ ਉਸ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਸਨ। ਵਿਰੋਧ ਪ੍ਰਦਰਸ਼ਨ ਸਥਾਨਕ ਥੀਏਟਰ ਕਲਾਕਾਰ ਦੀ ਗ੍ਰਿਫਤਾਰੀ ਵਿਰੁੱਧ ਸੀ ਜਿਸ ਉੱਪਰ ਫਰਜ਼ੀ ਫੇਸਬੁੱਕ ਪ੍ਰੋਫਾਈਲ ਵਰਤਣ ਦਾ ਦੋਸ਼ ਲਗਾਇਆ ਗਿਆ ਸੀ। ਵਿਰੋਧ ਪ੍ਰਦਰਸ਼ਨ ਵਿਚ ਥੀਏਟਰ ਕਲਾਕਾਰ ਦੇ 60 ਸਾਲਾ ਪਿਤਾ ਜੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਸਮੇਤ 40 ਲੋਕ ਸ਼ਾਮਿਲ ਸਨ। ਜਦੋਂ ਤਿਵਾੜੀ ਨੇ ਕਲਾਕਾਰ ਦੇ ਪਰਿਵਾਰ ਨੂੰ ਇਹ ਸਵਾਲ ਦੁਹਰਾਇਆ ਕਿ ਜਿਸ ਨੌਜਵਾਨ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ, ਉਹ ਜੇਲ੍ਹ ‘ਚ ਕਿਉਂ ਹੈ ਤਾਂ ਪੁਲਿਸ ਵਾਲੇ ਭੜਕ ਉੱਠੇ। ਉਹ ਪਹਿਲਾਂ ਹੀ ਕਿਸੇ ਬਹਾਨੇ ਦੀ ਭਾਲ ਵਿਚ ਸਨ ਅਤੇ ਇਸ ਮੌਕੇ ਨੂੰ ਪੱਤਰਕਾਰਾਂ ਦੀ ਜ਼ੁਬਾਨਬੰਦੀ ਕਰਨ ਲਈ ਵਰਤਿਆ ਗਿਆ।
ਤਿਵਾੜੀ ਅਤੇ ਉਸ ਦੇ ਕੈਮਰਾਮੈਨ ਆਦਿਤਿਆ ਸਿੰਘ ਭਦੌੜੀਆ ਸਮੇਤ ਉਨ੍ਹਾਂ ਨੂੰ ਰਾਤ 9 ਵਜੇ ਦੇ ਕਰੀਬ ਗ੍ਰਿਫਤਾਰ ਕੀਤਾ ਗਿਆ ਅਤੇ 18 ਘੰਟੇ ਥਾਣੇ ਵਿਚ ਰੱਖਿਆ। ਇਸ ਦੌਰਾਨ ਉਨ੍ਹਾਂ ਨੂੰ ਖਾਣਾ ਅਤੇ ਹੋਰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰੱਖਿਆ। ਬਕੌਲ ਤਿਵਾੜੀ- “ਉਹ ਸਾਡੇ ਨਾਲ ਇਨਸਾਨਾਂ ਵਾਂਗ ਸਗੋਂ ਜਾਨਵਰਾਂ ਵਰਗਾ ਸਲੂਕ ਕਰ ਰਹੇ ਸਨ। ਮੇਰਾ ਕਸੂਰ ਸਿਰਫ ਇਹ ਸੀ ਕਿ ਮੈਂ ਸੱਚਾਈ ਦੱਸਣ ਦੀ ਕੋਸ਼ਿਸ਼ ਕੀਤੀ।” ਇਸ ਪਿੱਛੋਂ ਪੱਤਰਕਾਰਾਂ ਦਾ 25 ਪੁਲਿਸ ਵਾਲਿਆਂ ਦੀ ਸਖਤ ਨਿਗਰਾਨੀ ਹੇਠ ਜ਼ਿਲ੍ਹਾ ਹਸਪਤਾਲ ਤੋਂ ਡਾਕਟਰੀ ਮੁਆਇਨਾ ਕਰਵਾ ਕੇ ਇਹ ਯਕੀਨੀ ਬਣਾਇਆ ਗਿਆ ਕਿ ਉਹ ਆਪਣੇ ਨਾਲ ਹੋਈ ਬਦਸਲੂਕੀ ਬਾਰੇ ਡਾਕਟਰ ਨੂੰ ਕੁਝ ਨਹੀਂ ਦੱਸਣਗੇ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ। ਸੀਧੀ ਕੋਤਵਾਲੀ ਥਾਣੇ ‘ਚ ਉਨ੍ਹਾਂ ਨੂੰ ਸਾਫ ਸ਼ਬਦਾਂ ‘ਚ ਚਿਤਾਵਨੀ ਦਿੱਤੀ ਗਈ ਕਿ ਜੇ ਉਹ ਪੁਲਿਸ ਅਤੇ ਸਥਾਪਤੀ ਖਿਲਾਫ ਖਬਰਾਂ ਚਲਾਉਣੀਆਂ ਬੰਦ ਨਹੀਂ ਕਰਨਗੇ ਤਾਂ ਇਹ ਥਾਣੇ ਵਾਲੀ ਨਗਨ ਪਰੇਡ ਤੱਕ ਸੀਮਤ ਨਹੀਂ ਰਹੇਗੀ ਸਗੋਂ ਉਨ੍ਹਾਂ ਨੂੰ ਨੰਗੇ ਕਰਕੇ ਪੂਰੇ ਸ਼ਹਿਰ ਵਿਚ ਘੁਮਾਇਆ ਜਾਵੇਗਾ।
ਪਿੱਛੇ ਜਿਹੇ ਉੱਤਰ ਪ੍ਰਦੇਸ਼ ਦੇ ਬਲੀਆ ‘ਚ ‘ਅਮਰ ਉਜਾਲਾ’ ਦੇ ਪੱਤਰਕਾਰ ਅਜੀਤ ਓਝਾ ਨੂੰ ਥਾਣੇ ‘ਚ ਤਿੰਨ ਘੰਟੇ ਇਸ ਕਰਕੇ ਬਿਠਾਈ ਰੱਖਿਆ ਕਿ ਉਸ ਨੇ ਪੇਪਰ ਲੀਕ ਹੋਣ ਦੀ ਖਬਰ ਛਾਪ ਦਿੱਤੀ ਸੀ। ਬਾਅਦ ‘ਚ ਉਸੇ ਮਾਮਲੇ ‘ਚ ਤਿੰਨ ਪੱਤਰਕਾਰਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸੇ ਤਰ੍ਹਾਂ ਆਰ.ਟੀ.ਆਈ. ਕਾਰਕੁਨ ਡਾ. ਆਨੰਦ ਰਾਏ ਨੂੰ ਸਿੱਖਿਅਕ ਪ੍ਰੀਖਿਆ ਦਾ ਪੇਪਰ ਸੋਸ਼ਲ ਮੀਡੀਆ ਉੱਪਰ ਵਾਇਰਲ ਕਰਨ ਦੀ ਐਫ.ਆਈ.ਆਰ. ਦਰਜ ਕਰਕੇ ਗ੍ਰਿਫਤਾਰ ਕਰ ਲਿਆ। ਦਰਅਸਲ ਉਸ ਨੇ ਇਕ ਸਕ੍ਰੀਨ ਸ਼ਾਟ, ਪੋਸਟ ਕਰਕੇ ਸਿਰਫ ਇੰਨਾ ਪੁੱਛਿਆ ਸੀ ਕਿ ਇਸ ਉੱਪਰ ਜੋ ਲਕਸ਼ਮਣ ਸਿੰਘ ਨਾਂ ਲਿਖਿਆ ਹੈ, ਉਹ ਕੌਣ ਹੈ? ਭਾਵ ਜੇ ਕੋਈ ਪੇਪਰ ਲੀਕ ਹੋ ਕੇ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਜਾਵੇ ਅਤੇ ਕੋਈ ਸਮਾਜੀ ਕਾਰਕੁਨ ਜਾਂ ਪੱਤਰਕਾਰ ਇਹ ਸੂਚਨਾ ਜਨਤਕ ਕਰ ਦੇਵੇ ਤਾਂ ਲੀਕ ਕਰਨ ਵਾਲੇ ਮਾਫੀਆ ਦੀ ਸ਼ਨਾਖਤ ਕਰਕੇ ਉਸ ਵਿਰੁੱਧ ਕਾਰਵਾਈ ਕਰਨ ਦੀ ਬਜਾਇ ਸੂਚਨਾ ਜਨਤਕ ਕਰਨ ਵਾਲੇ ਨੂੰ ਮੁਜਰਿਮ ਮੰਨ ਲਿਆ ਜਾਵੇਗਾ। ਦਰਅਸਲ ਸੱਤਾ ਅਤੇ ਪੁਲਿਸ ਨੂੰ ਇਹ ਮਨਜ਼ੂਰ ਨਹੀਂ ਹੈ ਕਿ ਹੋ ਰਹੇ ਘੁਟਾਲਿਆਂ ਨੂੰ ਜਨਤਕ ਕਿਉਂ ਕੀਤਾ ਜਾਂਦਾ ਹੈ ਅਤੇ ਪੱਤਰਕਾਰ ਸੱਤਾ ਦਾ ਵਿਕਾਸ ਦਾ ਰਾਗ ਕਿਉਂ ਨਹੀਂ ਅਲਾਪ ਰਹੇ।
ਪੱਤਰਕਾਰਾਂ ਉੱਪਰ ਹਮਲਿਆਂ ਦੀ ਦੂਜੀ ਵੰਨਗੀ ਹਿੰਦੂਤਵ ਜਥੇਬੰਦੀਆਂ ਦੀਂ ਹੈ। ਹਾਲ ਹੀ ਵਿਚ ਦਿੱਲੀ ਵਿਚ ਹਿੰਦੂਤਵ ਜਥੇਬੰਦੀਆਂ ਨੇ ਵੱਖ-ਵੱਖ ਮੀਡੀਆ ਦੇ 7 ਪੱਤਰਕਾਰਾਂ ਉੱਪਰ ਆਪਣਾ ਗੁੱਸਾ ਕੱਢਿਆ। ਉਹ 3 ਅਪਰੈਲ ਨੂੰ ਦਿੱਲੀ ਦੇ ਬੁਰਾੜੀ ਮੈਦਾਨ ਵਿਚ ਕੀਤੀ ਜਾ ਰਹੀ ‘ਹਿੰਦੂ ਮਹਾਪੰਚਾਇਤ’ ਦੀ ਕਵਰੇਜ ਲਈ ਗਏ ਸਨ। ‘ਹਿੰਦੁਸਤਾਨ ਗਜ਼ਟ’ ਦੇ ਮੀਰ ਫੈਜ਼ਲ, ਫੋਟੋ ਜਰਨਲਿਸਟ ਮੁਹੰਮਦ ਮਿਹਰਬਾਨ ਅਤੇ ਨਿਊਜ਼ ਲਾਂਡਰੀ ਦੀ ਸ਼ਿਵਾਂਗੀ ਸਕਸੈਨਾ ਤੇ ਰੌਨਕ ਭੱਟ ਉੱਪਰ ਹਜੂਮ ਨੇ ਹਮਲਾ ਕਰ ਦਿੱਤਾ। ‘ਆਰਟੀਕਲ-14’ ਦੇ ਅਰਬਾਬ ਅਲੀ, ‘ਦਿ ਕੁਇੰਟ’ ਦੇ ਰਿਪੋਰਟਰ ਮੇਘਨਾਦ ਬੋਸ ਅਤੇ ਇਕ ਹੋਰ ਪੱਤਰਕਾਰ ਜੋ ਐਨਾ ਡਰ ਗਿਆ ਹੈ ਕਿ ਉਹ ਆਪਣਾ ਨਾਮ ਵੀ ਜਨਤਕ ਨਹੀਂ ਕਰਨਾ ਚਾਹੁੰਦਾ, ਨੂੰ ਹਜੂਮ ਨੇ ਗਾਲੀ-ਗਲੋਚ ਕੀਤਾ। ‘ਹਿੰਦੂ ਮਹਾਪੰਚਾਇਤ’ ਨੂੰ ਸੰਬੋਧਨ ਕਰਨ ਲਈ ਯਤੀ ਨਰਸਿੰਘਾਨੰਦ ਅਤੇ ਸੁਦਰਸ਼ਨ ਨਿਊਜ਼ ਚੈਨਲ ਦਾ ਚੀਫ ਐਡੀਟਰ ਸੁਰੇਸ਼ ਚਵਾਨਕੇ ਵੀ ਪਹੁੰਚੇ ਹੋਏ ਸਨ ਜੋ ਮੁਸਲਮਾਨਾਂ ਵਿਰੁੱਧ ਜ਼ਹਿਰ ਉਗਲਣ ਵਾਲੇ ਭਾਸ਼ਣ ਦੇਣ ਲਈ ਬਦਨਾਮ ਹਨ। ਭਗਵੇਂ ਆਗੂ ਪ੍ਰੀਤ ਸਿੰਘ ਨੇਂ ਸ਼ਿਵਾਂਗੀ ਸਕਸੈਨਾ ਦਾ ਨਾਮ ਸਟੇਜ ਤੋਂ ਲੈ ਕੇ ਹਜੂਮ ਨੂੰ ਉਸ ਵਿਰੁੱਧ ਉਕਸਾਇਆ। ਪਿਛਲੇ ਸਾਲ ਅਗਸਤ ‘ਚ ਦਿੱਲੀ ਦੇ ਜੰਤਰ-ਮੰਤਰ ਵਿਖੇ ਮੁਸਲਮਾਨਾਂ ਵਿਰੁੱਧ ਜੋ ਭੜਕਾਊ ਤਕਰੀਰਾਂ ਕੀਤੀਆਂ ਸਨ, ਉਨ੍ਹਾਂ ਦੀ ਵੀਡੀਓ ਰਿਕਾਰਡਿੰਗ ਸਕਸੈਨਾ ਨੇ ਕੀਤੀ ਸੀ। ਉਸ ਠੋਸ ਸਬੂਤ ਦੇ ਆਧਾਰ ‘ਤੇ ਪੁਲਿਸ ਨੂੰ ਪ੍ਰੀਤ ਸਿੰਘ ਨੂੰ ਜੇਲ੍ਹ ਭੇਜਣਾ ਪਿਆ ਸੀ। ਮੰਚ ਤੋਂ ਸ਼ਿਸ਼ਕੇਰੇ ਜਾਣ ‘ਤੇ ਭਗਵੇਂ ਕਾਰਕੁਨਾਂ ਦੇ ਹਜੂਮ ਨੇ ਪੱਤਰਕਾਰਾਂ ਨੂੰ ਘੇਰ ਕੇ ਉਨ੍ਹਾਂ ਦੇ ਨਾਮ ਪੁੱਛਣੇ ਸ਼ੁਰੂ ਕਰ ਦਿੱਤੇ। ਮੁਸਲਿਮ ਨਾਵਾਂ ਵਾਲੇ ਪੱਤਰਕਾਰਾਂ ਦੀ ਉਚੇਚੇ ਤੌਰ ‘ਤੇ ਕੁੱਟਮਾਰ ਕੀਤੀ ਗਈ। ਪੱਤਰਕਾਰਾਂ ਦੇ ਕੈਮਰੇ ਅਤੇ ਮੋਬਾਈਲ ਫੋਨ ਖੋਹ ਕੇ ਰਿਕਾਰਡਿੰਗ ਡਿਲੀਟ ਕਰ ਦਿੱਤੀਆਂ ਗਈਆਂ। ਪੁਲਿਸ ਉਨ੍ਹਾਂ ਨੂੰ ਥਾਣੇ ਲੈ ਗਈ ਜਿੱਥੇ ਐਫ.ਆਈ.ਆਰ ਦਰਜ ਕਰਨ ਦੇ ਬਹਾਨੇ ਉਨ੍ਹਾਂ ਨੂੰ ਲੰਮਾ ਸਮਾਂ ਖੱਜਲ-ਖੁਆਰ ਕੀਤਾ ਗਿਆ। ਨਫਰਤ ਫੈਲਾਉਣ ਵਾਲਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਸਗੋਂ ਮੀਰ ਫੈਜ਼ਲ ਅਤੇ ਆਰਟੀਕਲ-14 ਨਿਊਜ਼ ਪੋਰਟਲ ਵਿਰੁੱਧ ਭਾਈਚਾਰਿਆਂ ‘ਚ ਨਫਰਤ ਅਤੇ ਦੁਸ਼ਮਣੀ ਭੜਕਾਉਣ ਦਾ ਪਰਚਾ ਦਰਜ ਕਰ ਲਿਆ।
ਨਫਰਤੀ ਭਾਸ਼ਣ ਦੇਣ ਵਾਲਿਆਂ ਨੂੰ ਪਤਾ ਹੈ ਕਿ ਪਰਚੇ ਦਰਜ ਹੋਣ ਦੇ ਬਾਵਜੂਦ ਉਨ੍ਹਾਂ ਵਿਰੁੱਧ ਕਾਰਵਾਈ ਨਹੀਂ ਹੋਵੇਗੀ। ਇਸੇ ਲਈ ਉਹ ਵਾਰ-ਵਾਰ ‘ਹਿੰਦੂ ਮਹਾਪੰਚਾਇਤਾਂ’ ਕਰਕੇ ਜ਼ਹਿਰੀਲੇ ਭਾਸ਼ਣ ਦੇ ਰਹੇ ਹਨ। ਜੰਤਰ-ਮੰਤਰ ਵਿਖੇ ਉਨ੍ਹਾਂ ਨੇ ਮੰਚ ਤੋਂ ਭਾਸ਼ਣ ਦੇ ਕੇ ਹਿੰਦੂਆਂ ਨੂੰ ਹਥਿਆਰ ਚੁੱਕਣ ਲਈ ਉਕਸਾਇਆ ਸੀ, ਇਹ ਡਰ ਪੈਦਾ ਕਰਕੇ ਕਿ ਜੇ ਇਕ ਵਾਰ ਮੁਸਲਿਮ ਪ੍ਰਧਾਨ ਮੰਤਰੀ ਬਣ ਗਿਆ ਤਾਂ ਅਗਲੇ ਵੀਹ ਸਾਲਾਂ ‘ਚ 40% ਹਿੰਦੂ ਮਾਰ ਦਿੱਤੇ ਜਾਣਗੇ। ਉਨ੍ਹਾਂ ਨੇ ਭਵਿੱਖ ਬਚਾਉਣ ਲਈ ‘ਮਰਦ ਬਣਨ’ ਅਤੇ ਮੁਸਲਮਾਨਾਂ ਵਿਰੁੱਧ ਹਥਿਆਰ ਚੁੱਕਣ ਦੇ ਸੱਦੇ ਦਿੱਤੇ ਸਨ। 17 ਤੋਂ 19 ਦਸੰਬਰ ਨੂੰ ਹਰਦਵਾਰ ਵਿਚ ਕੀਤੀ ਧਰਮ ਸੰਸਦ ਵਿਚ ਵੀ ਭਗਵੇਂ ਸੰਤਾਂ ਦੇ ਭੇਖ ‘ਚ ਛੁਪੇ ਹਿੰਦੂ ਰਾਸ਼ਟਰ ਦੇ ਪ੍ਰਚਾਰਕ ਕਥਿਤ ਸੰਤਾਂ ਵੱਲੋਂ ਇਸੇ ਤਰ੍ਹਾਂ ਦੇ ਸੱਦੇ ਦਿੱਤੇ ਗਏ ਕਿ ਆਰਥਕ ਬਾਈਕਾਟ ਨਾਲ ਕੰਮ ਨਹੀਂ ਚੱਲੇਗਾ; ਕਿ ਹਥਿਆਰ ਖਰੀਦੋ ਤੇ ਮੁਸਲਮਾਨਾਂ ਦਾ ਬੀਜਨਾਸ ਕਰਕੇ ਉਨ੍ਹਾਂ ਦੀ ਆਬਾਦੀ ਨੂੰ ਵਧਣ ਤੋਂ ਰੋਕੋ।
ਪੱਤਰਕਾਰਾਂ ਦੀ ਜ਼ੁਬਾਨਬੰਦੀ ਦੀ ਤੀਜੀ ਵੰਨਗੀ ਨਿਧੜਕ ਆਵਾਜ਼ਾਂ ਨੂੰ ਵਿਦੇਸ਼ਾਂ ਜਾਣ ਤੋਂ ਰੋਕਣ ਦੀ ਹੈ। ਪਿਛਲੇ ਦਿਨੀਂ ਉੱਘੀ ਪੱਤਰਕਾਰ ਰਾਣਾ ਆਯੂਬ (ਮਸ਼ਹੂਰ ਕਿਤਾਬ ‘ਗੁਜਰਾਤ ਫਾਈਲਾਂ’ ਦੀ ਲੇਖਕ) ਨੂੰ ਈ.ਡੀ. ਨੇ ਏਅਰਪੋਰਟ ਉੱਪਰ ਗ੍ਰਿਫਤਾਰ ਕਰ ਲਿਆ ਅਤੇ ਦੁਬਈ ਵਿਚ ਸਮਾਗਮ ਵਿਚ ਜਾਣ ਤੋਂ ਰੋਕ ਦਿੱਤਾ। ‘ਦਿ ਕਸ਼ਮੀਰ ਫਾਈਲਜ਼’ ਦੀ ਰਾਜਨੀਤਕ ਅਤੇ ਰਾਜਕੀ ਸਰਪ੍ਰਸਤੀ ਕਰਨ ਵਾਲੀ ਆਰ.ਐਸ.ਐਸ.-ਭਾਜਪਾ ਨੇ ਅੱਜ ਤੱਕ ਰਾਣਾ ਅਯੂਬ ਦੀ ਤੱਥਪੂਰਨ ਕਿਤਾਬ ‘ਗੁਜਰਾਤ ਫਾਈਲਾਂ’ ਬਾਰੇ ਮੂੰਹ ਨਹੀਂ ਖੋਲ੍ਹਿਆ ਅਤੇ ਖੁਦ ਪ੍ਰਧਾਨ ਸੇਵਕ ਨੇ ਗੁਜਰਾਤ ਕਤਲੇਆਮ ਵਿਚ ਮੋਦੀ ਸਰਕਾਰ ਦੀ ਭੂਮਿਕਾ ਬਾਬਤ ਉਸ ਵੱਲੋਂ ਪੇਸ਼ ਕੀਤੇ ਇਕ ਵੀ ਤੱਥ ਨੂੰ ਰੱਦ ਕਰਨ ਦੀ ਹਿੰਮਤ ਨਹੀਂ ਕੀਤੀ ਪਰ ਲੇਖਕ ਦੀ ਦਿਨ-ਰਾਤ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਦੋਂ ਉਸ ਦੀ ਕਲਮ ਫਿਰ ਵੀ ਨਹੀਂ ਰੁਕੀ ਤਾਂ ਉਸ ਦੇ ਮਗਰ ਈ.ਡੀ. ਨੂੰ ਲਾ ਦਿੱਤਾ ਕਿ ਉਸ ਨੇਂ ਕਰੋਨਾ ਰਾਹਤ ਫੰਡ ਦੇ ਨਾਂ ‘ਤੇ ਗਲਤ ਤਰੀਕੇ ਨਾਲ ਰਾਹਤ ਫੰਡ ਇਕੱਠੇ ਕੀਤੇ ਹਨ। ਈ.ਡੀ. ਦੇ ਕਥਿਤ ਲੁੱਕ ਆਊਟ ਨੋਟਿਸ ਦੇ ਆਧਾਰ ‘ਤੇ ਉਸ ਨੂੰ ਮੁੰਬਈ ਏਅਰਪੋਰਟ ਅਥਾਰਟੀ ਨੇ ਲੰਡਨ ਜਾਣ ਤੋਂ ਰੋਕ ਦਿੱਤਾ ਅਤੇ ਈ.ਡੀ. ਨੇ ਉਸ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ। ਇਸੇ ਤਰ੍ਹਾਂ ਐਮਨੈਸਟੀ ਇੰਟਰਨੈਸ਼ਨਲ ਦੇ ਭਾਰਤ ਦੇ ਸਾਬਕਾ ਮੁਖੀ ਅਤੇ ਉੱਘੇ ਲੇਖਕ/ਪੱਤਰਕਾਰ ਆਕਾਰ ਪਟੇਲ ਨੂੰ ਸੀ.ਬੀ.ਆਈ. ਨੇ ਏਅਰਪੋਰਟ ਉੱਪਰ ਰੋਕ ਲਿਆ ਅਤੇ ਅਮਰੀਕਾ ਨਹੀਂ ਜਾਣ ਦਿੱਤਾ ਜਿੱਥੇ ਉਸ ਨੇ ਤਿੰਨ ਯੂਨੀਵਰਸਿਟੀਆਂ ਵਿਚ ਭਾਸ਼ਣ ਦੇਣੇ ਸਨ। ਇਹ ਦੋਨੋਂ ਸ਼ਖਸੀਅਤਾਂ ਹਿੰਦੂਤਵ ਦੀ ਨਫਰਤ ਦੀ ਸਿਆਸਤ ਵਿਰੁੱਧ ਧੜੱਲੇ ਨਾਲ ਆਵਾਜ਼ ਉਠਾ ਰਹੀਆਂ ਹਨ। ਫਰਵਰੀ ਮਹੀਨੇ ਨਿਊਜ਼ ਪੋਰਟਲ ਨਿਊਜ਼ ਕਲਿੱਕ ਦੇ ਦਫਤਰ ਉੱਪਰ ਵੀ ਈ.ਡੀ. ਤੋਂ ਛਾਪੇ ਮਰਵਾਏ ਗਏ ਸਨ।
ਕਸ਼ਮੀਰ ਦੇ ਪੱਤਰਕਾਰ ਫਾਹਦ ਸ਼ਾਹ ਤੇ ਆਸਿਫ ਸੁਲਤਾਨ ਅਤੇ ਭਾਰਤ ਦੇ ਕਈ ਉੱਘੇ ਪੱਤਰਕਾਰ/ਕਾਲਮਨਵੀਸ ਜੇਲ੍ਹਾਂ ਵਿਚ ਬੰਦ ਹਨ। ਕਈ ਹੋਰ ਕਸ਼ਮੀਰੀ ਪੱਤਰਕਾਰਾਂ ਉੱਪਰ ਸੰਗੀਨ ਧਾਰਾਵਾਂ ਲਗਾ ਕੇ ਪਰਚੇ ਦਰਜ ਕੀਤੇ ਹੋਏ ਹਨ ਅਤੇ ਪੱਤਰਕਾਰਾਂ ਨੂੰ ਥਾਣੇ ਤੇ ਸੁਰੱਖਿਆ ਬਲਾਂ ਦੇ ਕੈਂਪਾਂ ਵਿਚ ਬੁਲਾ ਕੇ ਪ੍ਰੇਸ਼ਾਨ ਕਰਨਾ ਆਮ ਗੱਲ ਹੈ। ਮਲਿਆਲਮ ਪੱਤਰਕਾਰ ਸਿਦੀਕ ਕੱਪਨ ਨੂੰ ਦੋ ਸਾਲ ਤੋਂ ਉੱਤਰ ਪ੍ਰਦੇਸ਼ ਦੀ ਜੇਲ੍ਹ ਵਿਚ ਬਿਨਾਂ ਜ਼ਮਾਨਤ, ਬਿਨਾਂ ਮੁਕੱਦਮਾ ਡੱਕਿਆ ਹੋਇਆ ਹੈ ਕਿਉਂਕਿ ਉਹ ਹਾਥਰਸ ਵਿਚ ਦਲਿਤ ਲੜਕੀ ਦੇ ਬਲਾਤਕਾਰ ਅਤੇ ਕਤਲ ਕਾਂਡ ਦੀ ਰਿਪੋਰਟ ਕਰਨ ਲਈ ਦਿੱਲੀ ਤੋਂ ਉਸ ਇਲਾਕੇ ਵਿਚ ਜਾ ਰਿਹਾ ਸੀ।
ਪ੍ਰੈੱਸ ਅਤੇ ਆਧੁਨਿਕ ਮੀਡੀਆ ਦੀ ਜ਼ੁਬਾਨਬੰਦੀ ਗਿਣਿਆ-ਮਿਥਿਆ ਏਜੰਡਾ ਹੈ ਜਿਸ ਨੂੰ ਨਾਕਾਮ ਬਣਾਉਣਾ ਪੱਤਰਕਾਰਾਂ ਸਮੇਤ ਸਮਾਜ ਦੇ ਸਮੂਹ ਇਨਸਾਫਪਸੰਦ ਹਿੱਸਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।