‘ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਇੱਕ ਬੇਨਤੀ’

‘ਹਜ਼ੂਰੀ ਰਾਗੀ ਦਰਬਾਰ ਸਾਹਿਬ’ ਇਕ ਬੜਾ ਹੀ ਪਵਿੱਤਰ ਅਤੇ ਮੁਕੱਦਸ ਰੁਤਬਾ ਹੈ। ਆਮ ਸਿੱਖ ਵਾਸਤੇ ਦਰਬਾਰ ਸਾਹਿਬ ਰਾਗੀ ਸਿੰਘਾਂ ਦੇ ਪਿੱਛੇ ਬੈਠ ਕੇ ਕੀਰਤਨ ਸਰਵਣ ਕਰਨਾ ਹੀ ਬੜਾ ਵਡਭਾਗੀ ਸਮਾਂ ਸਮਝਿਆ ਜਾਂਦਾ ਹੈ। ਪਰ ਇਸ ਅਸਥਾਨ `ਤੇ ਕੀਰਤਨ ਕਰਨਾ, ਕਈ ਜਨਮਾਂ ਦੇ ਕੀਤੇ ਹੋਏ ਚੰਗੇ ਕਰਮਾਂ ਦੀ ਬਦੌਲਤ ਹੈ।

ਬੈਰੂਨੇ ਮੁਲਕ ਜਾਂ ਵਿਦੇਸ਼ ਵਿਚ ਜਦੋਂ ਵੀ ਕੋਈ ਹਜ਼ੂਰੀ ਰਾਗੀ ਦਰਬਾਰ ਸਾਹਿਬ, ਆਉਂਦੇ ਹਨ ਤਾਂ ਉਨ੍ਹਾਂ ਦੇ ਕੀਰਤਨ ਵਿਚੋਂ ਦਰਬਾਰ ਸਾਹਿਬ ਦੀ ਪਰੰਪਰਾਗਤ ਖੁਸ਼ਬੂ ਦੀ ਆਸ ਹੁੰਦੀ ਹੈ। ਆਸ ਹੁੰਦੀ ਹੈ ਕਿ ਇਨ੍ਹਾਂ ਜਥਿਆਂ ਪਾਸੋਂ ਕੀਰਤਨ ਸੁਣਦਿਆਂ, ਦਰਬਾਰ ਸਾਹਿਬ ਦੀਆਂ ਪਰਿਕਰਮਾ ਮਨ ਵਿਚ ਵਸੇ। ਇੰਝ ਮਹਿਸੂਸ ਹੋਵੇ ਕਿ ਅਸੀਂ ਪਰਿਕਰਮਾ ਵਿਚ ਬੈਠੇ ਹੋਏ ਹਾਂ।
ਇਹ ਕੁਦਰਤਨ ਇੱਛਾ ਹੁੰਦੀ ਹੈ ਕਿ ਹਜ਼ੂਰੀ ਰਾਗੀ ਜਥੇ ਜਦੋਂ ਗਾਉਣ ਤੇ ਕੋਈ ਮਲ੍ਹਾਰ ਜਾਂ ਬਸੰਤ ਦੀ ਬੰਦਿਸ਼ ਸੁਣੀਏ। ਕੋਈ ਰਾਗ ਕਲਿਆਣ ਜਾਂ ਕਾਨੜਾ ਸੁਣੀਏ। ਕੋਈ ਪੜਤਾਲ ਦਾ ਆਨੰਦ ਮਾਣੀਏ। ਦਸਮ ਦੇ ਕਿਸੇ ਅਦਭੁਤ ਤਰਾਨੇ ਦੀ ਬੰਦਿਸ਼ ਕੰਨਾਂ ਵਿਚ ਠੰਡਕ ਪਾਵੇ।
ਪਰ ਬੜਾ ਦੁੱਖ ਲੱਗਦਾ ਜਦੋਂ ਹਜ਼ੂਰੀ ਰਾਗੀ ਵੀ ਸਿੱਧੀਆਂ-ਸਿੱਧੀਆਂ ਕਹਿਰਵੇ ਦੀਆਂ ਬੰਦਸ਼ਾਂ ਸੁਣਾ ਕੇ, ਇਹ ਕਹਿ ਤੁਰ ਜਾਂਦੇ ਨੇ ਕਿ ‘ਸੰਗਤ ਰਾਗਬੱਧ ਕੀਰਤਨ’ ਪਸੰਦ ਨਹੀਂ ਕਰਦੀ। ਰਾਗਬੱਧ ਕੀਰਤਨ, ਗੁਰ ਦਾ ਹੁਕਮ ਵੀ ਹੈ ਅਤੇ ਪੰਥਕ ਮਰਿਯਾਦਾ ਵੀ। ਇਹਦੇ ਵਿਚ ਤਰੁੱਟੀ ਗੁਰੂ ਦੀ ਅਮਾਨਤ ਨਾਲ ਖਿਆਨਤ ਹੈ।
ਗੱਲ ਸੰਗਤ ਦੀ ਪਸੰਦ ਜਾਂ ਨਾਪਸੰਦ ਦੀ ਕਦਾਚਿਤ ਵੀ ਨਹੀਂ। ਪ੍ਰਚਾਰਕ ਨੇ ਗੁਰਮਤਿ ਦਾ ਹੋਕਾ ਦੇਣਾ ਹੈ। ਜੇਕਰ ਹਜ਼ੂਰੀ ਰਾਗੀ, ਇਸ ਕਮਾਲ ਦੇ ਖਜ਼ਾਨੇ ਨੂੰ ਸੰਗਤਾਂ ਦੀ ਝੋਲੀ ਨਹੀਂ ਪਾਉਣਗੇ ਤੇ ਫਿਰ ਕੌਣ ਪਾਊਗਾ।
ਕੌਣ ਗਾਏਗਾ, ਅਲੌਣੀਆਂ?, ਕੌਣ ਪੜਤਾਲਾਂ ਦਾ ਫਰਕ ਦੱਸੇਗਾ?, ਕੌਣ ਤਰਾਨੇ ਅਤੇ ਵਾਰਾਂ ਦਾ ਫਰਕ ਸਮਝਾਵੇਗਾ। ਕੌਣ ਗਾ ਕੇ, ਸ਼ੁੱਧ ਰਾਗ ਅਤੇ ਮਿਸ਼ਰਤ ਰਾਗ ਵਿਚਲਾ ਫਰਕ ਸਮਝਾਵੇਗਾ?, ਕੌਣ ਦੱਸੇਗਾ ਕਿ ਗੁਰੂ ਘਰ ਦੀ ਮਰਿਯਾਦਾ, ਸ਼ੁੱਧ ਬਸੰਤ ਹੈ ਪੂਰਬੀ ਬਸੰਤ? ਕੌਣ ਦੱਸੇਗਾ ਕਿ ਮਾਝ ਰਾਗ ਸਭ ਤੋਂ ਪਹਿਲੀ ਵਾਰ ਗੁਰੂ ਸਾਹਿਬਾਨ ਨੇ ਹੀ ਗਾਇਆ ਹੈ?। ਕੌਣ ਦੱਸੇਗਾ ਕਿ ਸੰਗੀਤ ਜਗਤ ਦਾ ਧੁਰੰਤਰ, ‘ਵਿਸ਼ਨੂੰ ਦਿਗੰਬਰ ਪੁਲਸਕਰ’ ਆਸਾ ਰਾਗ ਸਿੱਖਣ ਲਈ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿਚ ਘੰਟਿਆਂਬੱਧੀ ਬੈਠਾ ਰਹਿੰਦਾ ਸੀ।
ਗੁਰੂ ਘਰਾਂ ਦੀਆਂ ਕਮੇਟੀਆਂ ਦੇ ਸਤਿਕਾਰਯੋਗ ਸੇਵਾਦਾਰ, ਜਿਹੜੇ ਇਹਦੇ ਪ੍ਰਤੀ ਸੁਚੇਤ ਹਨ, ਉਨ੍ਹਾਂ ਦੇ ਬਲਿਹਾਰ, ਬਲਿਹਾਰ। ਪਰ ਬਾਕੀ ਸੇਵਾਦਾਰਾਂ ਦੇ ਚਰਨਾਂ ਵਿਚ ਅਤਿ ਨਿਮਰਤਾ ਸਾਹਿਤ ਬੇਨਤੀ ਹੈ ਕਿ ਹਜ਼ੂਰੀ ਰਾਗੀ ਸਿੰਘਾਂ ਨੂੰ ਉਨ੍ਹਾਂ ਦੀ ਜਿ਼ਮੇਵਾਰੀ ਦਾ ਅਹਿਸਾਸ ਕਰਵਾਓ। ਉਨ੍ਹਾਂ ਨੂੰ ਬੇਨਤੀ ਕਰੋ ਕਿ ‘ਭਾਈ, ਇਹ ਪਿਓ ਦਾਦੇ ਦਾ ਖਜ਼ਾਨਾ ਖੋਲ੍ਹਣ ਦੇ ਤੁਸੀਂ ਸਮਰੱਥ ਹੋ, ਖਜ਼ਾਨਾ ਖੋਲ੍ਹ ਕੇ ਸੰਗਤ ਨੂੰ ਦਰਸ਼ਨ ਕਰਵਾਓ’ ਵਰਨਾ ਆਉਣ ਵਾਲੇ ਸਮੇਂ ਵਿਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਕੀਮਤੀ ਖਜ਼ਾਨਾ ਕੋਲ ਹੁੰਦੇ ਹੋਏ ਵੀ, ਦੀਵਾਲੀਆ ਨਾ ਹੋ ਜਾਣ।
– ਰਾਜਿੰਦਰ ਸਿੰਘ ਟਾਂਡਾ