ਨਵਜੋਤ ਸਿੱਧੂ ਵੱਲੋਂ ਪ੍ਰਧਾਨਗੀ ਲਈ ਮੁੜ ਭੱਜ-ਨੱਠ

ਪਟਿਆਲਾ: ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਿਲੀ ਹਾਰ ਉਤੇ ਮੰਥਨ ਮਗਰੋਂ ਪੰਜਾਬ ਦੇ ਬਹੁਤੇ ਕਾਂਗਰਸੀ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਮੁੜ ਕਾਂਗਰਸ ਦੀ ਕਮਾਨ ਸੌਂਪਣ ‘ਤੇ ਜੋਰ ਦਿੱਤਾ ਹੈ। ਆਗੂਆਂ ਨੇ ਕਾਂਗਰਸ ਹਾਈ ਕਮਾਨ ਨੂੰ ਤਰਕ ਦਿੱਤਾ ਹੈ ਕਿ ਭਾਵੇਂ ਕੁਝ ਹੋਰ ਆਗੂ ਵੀ ਹੋਣਗੇ, ਪਰ ਮੁੱਖ ਤੌਰ ‘ਤੇ ਨਵਜੋਤ ਸਿੱਧੂ ਹੀ ਕਾਂਗਰਸ ਪਾਰਟੀ ਨੂੰ ਮੁੜ ਲੀਹ ‘ਤੇ ਲਿਆਉਣ ਦੇ ਸਮਰੱਥ ਹਨ। ਲਿਹਾਜ਼ਾ ਉਨ੍ਹਾਂ ਨੂੰ ਹੀ ਮੁੜ ਤੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਇਨ੍ਹਾਂ ਕਾਂਗਰਸੀ ਆਗੂਆਂ ਨੇ ਸਿੱਧੂ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਹ ਮੁੜ ਅੱਗੇ ਲੱਗਦੇ ਹਨ, ਤਾਂ ਕਾਂਗਰਸ ‘ਚ ਨਵੀਂ ਰੂਹ ਫੂਕਣ ਲਈ ਉਹ ਸਾਰੇ ਸ਼ਿੱਦਤ ਨਾਲ ਉਨ੍ਹਾਂ ਦੀ ਅਗਵਾਈ ਹੇਠਾਂ ਪਾਰਟੀ ਲਈ ਕੰਮ ਕਰਨਗੇ। ਨਵਜੋਤ ਸਿੱਧੂ ਦੀ ਇਥੇ ਯਾਦਵਿੰਦਰਾ ਕਲੋਨੀ ਸਥਿਤ ਰਿਹਾਇਸ਼ ਵਿਚ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਕਾਂਗਰਸੀ ਆਗੂਆਂ ਨੇ ਉਪਰੋਕਤ ਮਤਾ ਪਾਇਆ। ਪੰਜ ਘੰਟੇ ਦੇ ਕਰੀਬ ਚੱਲੇ ਵਿਚਾਰ ਵਟਾਂਦਰੇ ਵਿਚ ਸ਼ਮਸ਼ੇਰ ਸਿੰਘ ਦੂਲੋਂ, ਸ਼ੇਰ ਸਿੰਘ ਘੁਬਾਇਆ, ਅਸ਼ਵਨੀ ਸੇਖੜੀ, ਮੁਹੰਮਦ ਮੁਸਤਫਾ, ਮਹਿੰਦਰ ਸਿੰਘ ਕੇਪੀ, ਰਜੀਆ ਸੁਲਤਾਨਾ, ਹਰਦਿਆਲ ਕੰਬੋਜ, ਰਾਜਿੰਦਰ ਸਮਾਣਾ, ਹਰਮਿੰਦਰ ਗਿੱਲ, ਸੁਖਵਿੰਦਰ ਡੈਨੀ, ਸੁਰਜੀਤ ਧੀਮਾਨ, ਮਹਿਤਾਬ ਖਹਿਰਾ, ਸੁਨੀਲ ਦੱਤੀ, ਵਿਸ਼ਨੂੰ ਸ਼ਰਮਾ, ਗੁਰਪ੍ਰੀਤ ਜੀਪੀ, ਹਰਜਿੰਦਰ ਕਪੂਰਥਲਾ, ਪਿਰਮਲ ਖਾਲਸਾ, ਤਰਲੋਚਨ ਬੰਗਾ, ਸੰਤੋਸ਼ ਚੌਧਰੀ, ਦਵਿੰਦਰ ਘੁਬਾਇਆ ਸਣੇ ਕੁਝ ਹੋਰ ਆਗੂ ਮੌਜੂਦ ਸਨ।
ਆਗੂਆਂ ਨੇ ਕਿਹਾ ਕਿ ਕਾਂਗਰਸ ਨੂੰ ਮੁੜ ਤੋਂ ਪੈਰਾਂ ਸਿਰ ਕਰਨ, ਖਾਸ ਕਰਕੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਮਜ਼ਬੂਤ ਪਕੜ ਅਤੇ ਪਹਿਲੀ ਸਥਿਤੀ ਬਹਾਲ ਕਰਨ ਲਈ ਹੁਣ ਤੋਂ ਹੀ ਤਹੱਈਆ ਕਰਨਾ ਜਰੂਰੀ ਪਹਿਲੂ ਹੈ।