ਯੂਕਰੇਨ ਦੇ ਸ਼ਰਨਾਰਥੀਆਂ ਦੀ ਮਦਦ ਲਈ ਡਟੇ ਯੂਨਾਈਟਿਡ ਸਿੱਖਜ਼ ਦੇ ਵਾਲੰਟੀਅਰ

ਨਵੀਂ ਦਿੱਲੀ: ਯੂਕਰੇਨ ਦੇ ਸ਼ਰਨਾਰਥੀਆਂ ਲਈ ਐਮਰਜੈਂਸੀ ਸੇਵਾਵਾਂ ਦੇ ਰਹੇ ਸੰਯੁਕਤ ਰਾਸ਼ਟਰ ਨਾਲ ਸਬੰਧਤ ਮਨੁੱਖੀ ਅਧਿਕਾਰਾਂ ਅਤੇ ਇਸ ਦੀ ਪੈਰਵੀ ਕਰਨ ਵਾਲੇ ਸੰਗਠਨ ਯੂਨਾਈਟਿਡ ਸਿੱਖਜ਼ ਦੇ ਵਾਲੰਟੀਅਰ ਪਿਛਲੇ ਕਈ ਹਫਤਿਆਂ ਤੋਂ ਰਾਹਤ ਕਾਰਜ ਅਤੇ ਮਨੁੱਖੀ ਮਦਦ ਲਈ ਡਟੇ ਹੋਏ ਹਨ।

ਯੂਨਾਈਟਿਡ ਸਿੱਖਜ਼ ਸਿੱਖਾਂ ਦੀ ਇਕਲੌਤੀ ਸੰਸਥਾ ਹੈ ਜੋ ਜੰਗ ਦੇ ਖਤਰੇ ਦੌਰਾਨ ਵੀ ਯੂਕਰੇਨ ਅਤੇ ਇਸ ਦੇ ਗੁਆਂਢੀ ਮੁਲਕ ਪੋਲੈਂਡ ਵਿਚ ਸ਼ਰਨਾਰਥੀਆਂ ਦੀ ਮਦਦ ਕਰ ਰਹੀ ਹੈ। ਯੂਨਾਈਟਿਡ ਸਿੱਖਜ਼ ਦੇ ਅਮਰੀਕਾ, ਜਰਮਨੀ ਅਤੇ ਯੂ.ਕੇ. ਨਾਲ ਸਬੰਧਤ ਦਰਜਨ ਤੋਂ ਵੱਧ ਵਾਲੰਟੀਅਰਾਂ ਨੇ ਯੂਕਰੇਨ ਦੀ ਸਰਹੱਦ ਨੇੜੇ ਮੈਡੀਕਾ (ਪੋਲੈਂਡ) ਵਿਚ ਰਾਹਤ ਕੈਂਪ ਸਥਾਪਤ ਕੀਤਾ ਹੈ। ਯੂਨਾਈਟਿਡ ਸਿੱਖਜ਼ ਦੇ ਮਾਨਵਤਾਵਾਦੀ ਮਿਸ਼ਨ ਵੱਲੋਂ ਹੁਣ ਤੱਕ ਘੱਟੋ-ਘੱਟ ਇਕ ਲੱਖ ਸ਼ਰਨਾਰਥੀਆਂ ਦੀ ਮਦਦ ਕੀਤੀ ਜਾ ਚੁੱਕੀ ਹੈ ਅਤੇ ਹਾਲੇ ਵੀ ਰਾਹਤ ਕਾਰਜ ਜਾਰੀ ਹਨ। ਵਾਲੰਟੀਅਰਾਂ ਦੀਆਂ ਟੀਮਾਂ ਨਵ-ਜਨਮੇ ਬੱਚਿਆਂ ਲਈ ਗਰਮ ਕੱਪੜੇ, ਭੋਜਨ, ਸੈਨੀਟੇਸ਼ਨ ਕਿੱਟਾਂ, ਪਾਣੀ, ਰੋਜ਼ਾਨਾ ਵਰਤੋਂ ਦਾ ਸਾਮਾਨ ਅਤੇ ਇਥੋਂ ਤੱਕ ਕਿ ਖਿਡੌਣੇ ਵੀ ਮੁਹੱਈਆ ਕਰਵਾ ਰਹੀਆਂ ਹਨ। ਪਿਛਲੇ ਹਫਤੇ ਵਾਲੰਟੀਅਰਾਂ ਦੀ ਇਕ ਟੀਮ ਨੇ ਯੂ.ਕੇ. ਤੋਂ ਬੇਸ ਕੈਂਪ ਤੱਕ ਪਹੁੰਚਣ ਲਈ ਸਾਮਾਨ ਨਾਲ ਭਰੀ ਇਕ ਵਪਾਰਕ ਵੈਨ 36 ਘੰਟੇ ਤੱਕ ਚਲਾਈ, ਜਿਸ ਵਿਚ ਬਿਜਲੀ ਜਨਰੇਟਰ, ਵਾਟਰ ਪੰਪ, ਕੰਬਲ, ਰਜ਼ਾਈਆਂ, ਸਲੀਪਿੰਗ ਬੈਗ, ਸੈਨੇਟਰੀ ਪੈਡ, ਟੈਂਟ, ਸਟੋਵ ਅਤੇ ਭਾਂਡੇ ਆਦਿ ਸ਼ਾਮਲ ਸੀ। ਸੰਗਠਨ ਯੂਕਰੇਨ ਦੀ ਸਰਹੱਦ ‘ਤੇ ਆਰਜ਼ੀ ਰੈਣ ਬਸੇਰੇ ਮੁਹੱਈਆ ਕਰਵਾ ਰਿਹਾ ਹੈ।