ਦਿ ਕਸ਼ਮੀਰ ਫਾਈਲਜ਼-ਇੱਕ ਨਜ਼ਰੀਆ

ਹਰਜੀਤ ਦਿਉਲ
ਫਿਲਮ ਆਈ ‘ਕਸ਼ਮੀਰ ਫਾਈਲਜ਼’ ਬੜਾ ਰੌਲਾ ਪਿਆ। ਇਹ ਰੌਲਾ ਇਸ ਫਿਲਮ ਵਿਰੁੱਧ ਨਾ ਹੋ ਕੇ ਦਰਅਸਲ ਮੋਦੀ/ ਭਾਜਪਾ ਖਿ਼ਲਾਫ ਚੱਲ ਰਹੇ ਵਿਰੋਧੀਆਂ ਦੇ ਪ੍ਰੋਪੇਗੰਡੇ ਦਾ ਇਕ ਹਿੱਸਾ ਹੈ ਕਿਊਂਕਿ ਇਸ ਫਿਲਮ ਵਿਚ ਅਜਿਹਾ ਕੁਝ ਵੀ ਨਹੀਂ ਹੈ ਜੋ ਪਹਿਲਾਂ ਕਦੇ ਦਿਖਾਇਆ ਨਹੀਂ ਗਿਆ।

‘ਦਿ ਫਾਈਨਲ ਸਲਿਊਸ਼ਨ’, ‘ਪਰਜਾਨੀਆ’ ਵਰਗੀਆਂ ਫਿਲਮਾਂ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਫਿਲਮਾਂ ਜੋ 26/11 ਅਤੇ ਮੁੰਬਈ ਵਿਚ ਹੋਏ ਬੰਬ ਧਮਾਕਿਆਂ ਅਤੇ ਹੋਰ ਦੰਗਿਆਂ ਨਾਲ ਸੰਬੰਧਤ ਸਨ ਬਣੀਆਂ ਪਰ ਕੋਈ ਰੌਲਾ ਨਹੀਂ ਪਿਆ। ਇਸ ਫਿਲਮ ਦੇ ਨਿਰਮਾਤਾਵਾਂ ਨਾਲ ਮੋਦੀ ਹੁਰਾਂ ਦੀਆਂ ਤਸਵੀਰਾਂ ਹਨ ਅਤੇ ਸਰਕਾਰ ਇਸ ਫਿਲਮ ਦੇ ਹੱਕ ਵਿਚ ਖੜ੍ਹੀ ਹੈ ਇਸ ਲਈ ਇਸ ਦਾ ਵਿਰੋਧ ਬਹੁਤ ਜ਼ਰੂਰੀ ਹੋ ਗਿਆ ਹੈ। ਅਖੇ ਇਸ ਨਾਲ ਭਾਈਚਾਰੇ ਵਿਚ ਨਫਰਤ ਦਾ ਸੰਦੇਸ਼ ਜਾਂਦਾ ਹੈ। ਉਨ੍ਹਾਂ ਫਿਲਮਾਂ ਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ ਜਿਨ੍ਹਾਂ ਵਿਚ ਗੋਧਰਾ ਕਾਂਡ ਦੇ ਬਾਅਦ ਗੁਜਰਾਤ ਵਿਚ ਭੜਕੇ ਹਿੰਦੂਆਂ ਦੁਆਰਾ ਮੁਸਲਮਾਨਾਂ ਦਾ ਕਤਲੇਆਮ ਕੀਤਾ ਦਿਖਾਇਆ ਗਿਆ ਹੈ। ਕੀ ਉਸ ਨਾਲ ਇੱਕ ਫਿਰਕੇ ਵਿਰੁੱਧ ਨਫਰਤ ਨਹੀਂ ਭੜਕਦੀ?
ਇਸ ਫਿਲਮ ਵਿਚ ਪਾਕਿਸਤਾਨ ਪ੍ਰਸਤ ਅਤਿਵਾਦੀਆਂ ਦੁਆਰਾ ਹਿੰਦੂਆਂ ਵਿਰੁੱਧ ਕੀਤੀ ਗਈ ਹਿੰਸਾ ਨੂੰ ਫੋਕਸ ਵਿਚ ਰੱਖਿਆ ਗਿਆ ਹੈ। ਸੂਝਵਾਨ ਮੁਸਲਮਾਨ ਸਮਝਦੇ ਹਨ ਕਿ ਇਸ ਵਿਚ ਮੁਸਲਮਾਨਾਂ ਜਾਂ ਇਸਲਾਮ ਵਿਰੁੱਧ ਕੁਝ ਵੀ ਨਹੀਂ ਬਲਕਿ ਪਾਕਿਸਤਾਨ ਸਪੌਂਸਰਡ ਜਿਹਾਦੀਆਂ ਦੁਆਰਾ ਕਸ਼ਮੀਰ ਨੂੰ ਭਾਰਤ ਨਾਲੋਂ ਵੱਖ ਕਰਨ ਦੀਆਂ ਕੋਸਿ਼ਸ਼ਾਂ ਦਾ ਸਿਲਸਿਲੇਵਾਰ ਪਰਦਾਫਾਸ਼ ਹੈ। ਪਰ ਕਿਉਂਕਿ ਇਹ ਫਿਲਮ ਕਿਤੇ ਕਸ਼ਮੀਰ ਵਿਚ ਧਾਰਾ 370 ਹਟਾਉਣ ਨੂੰ ਜਾਇਜ਼ ਠਹਿਰਾਉਣ ਦਾ ਜ਼ਰੀਆ ਨਾ ਬਣ ਜਾਵੇ ਅਤੇ ਮੋਦੀ/ਭਾਜਪਾ ਦਾ ਵੋਟ ਬੈਂਕ ਨਾ ਵਧਾ ਦੇਵੇ ਇਸ ਲਈ ਇਹ ਫਿਲਮ ਬੈਨ ਕਰਾਉਣ ਲਈ ਸੱਤਾ ਵਿਰੋਧੀਆਂ ਦਾ ਸਾਰਾ ਜੋ਼ਰ ਲੱਗਾ ਹੋਇਆ ਹੈ। ਪਰ ਜੋਸ਼ ਵਿਚ ਆਏ ਵਿਰੋਧੀਆਂ ਦਾ ਪਾਸਾ ਪੁੱਠਾ ਪੈ ਰਿਹਾ ਹੈ ਕਿਉਂਕਿ ਫਿਲਮ ਸੁਪਰ-ਡੁਪਰ ਹਿੱਟ ਹੋ ਰਹੀ ਹੈ। ਇਸੇ ਤਰ੍ਹਾਂ ਹਿਜਾਬ ਵਿਵਾਦ ਨੂੰ ਹਵਾ ਦੇ ਕੇ ਸਰਕਾਰ ਵਿਰੋਧੀਆਂ ਨੇ ਦੇਸ਼ ਵਿਚ ਗੜਬੜ ਫੈਲਾਉਣ ਦੀ ਪੂਰੀ ਕੋਸਿ਼ਸ਼ ਕੀਤੀ ਪਰ ਹਾਈਕੋਰਟ ਦੇ ਫੈਸਲੇ ਅਨੁਸਾਰ ਇਹ ਸਾਬਤ ਨਹੀਂ ਹੋਇਆ ਕਿ ਹਿਜਾਬ ਇਸਲਾਮ ਦਾ ਜ਼ਰੂਰੀ ਹਿੱਸਾ ਹੈ। ਹਿਜਾਬ ਸਮਰਥਕਾਂ ਦੀ ਸਥਿਤੀ ਬੜੀ ਹਾਸੋਹੀਣੀ ਬਣ ਜਾਂਦੀ ਹੈ ਜਦ ਹਿਜਾਬ ਦੇ ਸਮਰਥਨ ਵਿਚ ਆਈਆਂ ਪਰਦਾਧਾਰੀ ਕੁੜੀਆ ਦੀਆਂ ਕਿਸੇ ਪਾਰਟੀ ਵਿਚ ਬੇਪਰਦਾ ਫੈਸ਼ਨੇਬਲ ਤਸਵੀਰਾਂ ਨਸ਼ਰ ਹੁੰਦੀਆਂ ਹਨ। ਧਾਰਮਿਕ ਕੱਟੜਤਾ ਦੀ ਹਮਾਇਤ ਕਰਦੀਆਂ ਇਨ੍ਹਾਂ ਔਰਤਾਂ ਦਾ ਹਾਲ ਵੇਖਣ ਯੋਗ ਹੁੰਦਾ ਹੈ ਜਦ ਇਹ ‘ਤਿੰਨ ਤਲਾਕ’ ਵਰਗੇ ਇਸਤਰੀ ਵਿਰੋਧੀ ਵਰਤਾਉ ਦਾ ਸਿ਼ਕਾਰ ਹੁੰਦੀਆਂ ਹਨ। ਦੇਸ਼ ਵਿਚ ‘ਯੂਨੀਫਾਰਮ ਕੋਡ ਬਿਲ’ ਲਿਆਉਣ ਦੀਆਂ ਵੀ ਕਨਸੋਆਂ ਹਨ ਜਿਸ ਨਾਲ ਇੱਕ ਵਾਰ ਫਿਰ ਹਾਏ ਤੌਬਾ ਮੱਚਣੀ ਹੈ ਪਰ ਮੈਂ ਸਮਝਦੈਂ ਕਿ ਦੇਸ਼ ਹਿਤ `ਚ ਲਏ ਗਏ ਫੈਸਲਿਆਂ ਦਾ ਸਵਾਗਤ ਕਰਨਾ ਬਣਦਾ ਹੈ। ਖੜੋਤ ਦੇ ਆਦੀ ਵਿਕਾਸ ਵਿਰੋਧੀਆਂ ਨੂੰ ਛੇਤੀ ਕਿਤੇ ਬਦਲਾਓ ਹਜ਼ਮ ਨਹੀਂ ਹੁੰਦਾ ਪਰ ਊਠ ਤਾਂ ਅੜਾਉਂਦੇ ਹੀ ਲੱਦੇ ਜਾਂਦੇ ਹਨ।