ਹੋਲਾ ਮਹੱਲਾ ਤੇ ਗੁਰੂ ਕਾ ਲੰਗਰ

ਗੁਲਜ਼ਾਰ ਸਿੰਘ ਸੰਧੂ
ਇਨ੍ਹਾਂ ਦਿਨਾਂ ਵਿਚ ਮੈਂ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਜਾਣਾ ਸੀ। ਵੇਖਣ ਵਿਚ ਆਇਆ ਕਿ ਹਰ ਡੇਢ-ਦੋ ਮੀਲ ਉੱਤੇ ਗੁਰੂ ਕਾ ਲੰਗਰ ਲਿਖ ਲਿਖ ਕੇ ਸੰਗਤਾਂ ਨੂੰ ਲੰਗਰ ਵਰਤਾਇਆ ਜਾ ਰਿਹਾ ਸੀ। ਲੰਗਰ, ਫਲਾਂ ਦਾ ਲੰਗਰ, ਠੰਢਾ ਲੰਗਰ ਤੇ ਗੰਨੇ ਦਾ ਰਸ ਵਰਤਾਇਆ ਜਾ ਰਿਹਾ ਸੀ। ਜਿੱਥੇ ਯਾਤਰੀ ਪ੍ਰਸ਼ਾਦਾ, ਚਾਹ, ਗੰਨੇ ਦਾ ਰਸ, ਲਿਮਕਾ, ਜੂਸ ਜਾਂ ਫਲਾਂ ਦਾ ਸੇਵਨ ਕਰ ਰਹੇ ਸਨ।

ਇਹ ਵੀ ਵੇਖਣ ਵਿਚ ਆਇਆ ਕਿ ਹਰ ਦਸ-ਪੰਦਰਾਂ ਮੀਲ ਦੀ ਦੂਰੀ ਉੱਤੇ ਆਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਉੱਤੇ ਗੁਰਮੁਖੀ ਅਤੇ ਰੋਮਨ ਲਿਪੀ ਵਿਚ ਲਿਖੀਆਂ ਤਖਤੀਆਂ ਲੱਗੀਆਂ ਹੋਈਆਂ ਸਨ। ਇਨ੍ਹਾਂ ਤਖਤੀਆਂ ਨੇ ਮੈਨੂੰ ਆਪਣੀਆਂ ਆਨੰਦਪੁਰ ਸਾਹਿਬ ਦੀਆਂ ਫੇਰੀਆਂ ਵੀ ਚੇਤੇ ਕਰਵਾ ਦਿੱਤੀਆਂ। ਖਾਸ ਕਰਕੇ ਵਿਰਾਸਤ ਏ ਖਾਲਸਾ ਦੀ ਸਿਰਜਣਾ ਦੁਆਰਾ ਖਾਲਸਾ ਸਾਜਨਾ ਦੇ ਵੱਖ ਵੱਖ ਪੜਾਵਾਂ ਨੂੰ ਉਜਾਗਰ ਕਰਨ ਦੀ ਵਿਧੀ। ਹੁਣ ਇਸ ਵਿਰਾਸਤ ਦਾ ਦੂਜਾ ਤੇ ਆਖਰੀ ਭਾਗ ਵੀ ਸੰਪੂਰਨ ਕਰ ਲਿਆ ਗਿਆ ਹੈ ਜਿਸ ਵਿਚ ਲੰਗਰ ਦੀ ਪ੍ਰਥਾ ਨੂੰ ਵਿਸ਼ੇਸ਼ ਢੰਗ ਨਾਲ ਦਰਸਾਇਆ ਗਿਆ ਹੈ। ਇਹ ਵੀ ਚੇਤੇ ਆਇਆ ਕਿ ਦਿੱਲੀ ਬਾਰਡਰ ਉੱਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲੇ ਸਾਲ ਭਰ ਦੇ ਕਿਸਾਨ ਅੰਦੋਲਨ ਵਿਚ ਗੁਰੂ ਕੇ ਲੰਗਰ ਦਾ ਵਰਤਾਰਾ ਵੇਖਣ ਵਾਲਾ ਸੀ। ਚੇਤੇ ਰਹੇ ਕਿ ਗੁਰੂ ਸਾਹਿਬਾਨ ਵਲੋਂ ਲੰਗਰ ਵਾਲੇ ਭੋਜਨ ਪਾਣੀ ਤੋਂ ਬਿਨਾਂ ਨੌਜਵਾਨਾਂ, ਬੀਬੀਆਂ ਤੇ ਬੱਚਿਆਂ ਦੀ ਸੁਰੱਖਿਆ ਲਈ ਦੇਗ ਦੇ ਨਾਲ ਤੇਗ ਨੂੰ ਵੀ ਪੂਰਾ ਮਹੱਤਵ ਦਿੱਤਾ ਗਿਆ ਹੈ। ਦੇਗ ਤੇਗ ਫਤਿਹ ਨੂੰ ਚਿਤਵ ਕੇ ਤੇ ਚਿਤਾਰ ਕੇ। ਗੁਰੂ ਦਾ ਲੰਗਰ ਜ਼ਿੰਦਾਬਾਦ।
ਰੌਸ਼ਨ ਕਲਾ ਕੇਂਦਰ ਦਾ ਸਾਲਾਨਾ ਸਮਾਗਮ
ਗ਼ਜ਼ਲਗੋ ਗੁਰਦਿਆਲ ਰੌਸ਼ਨ ਦੀ ਸ਼ਾਇਰੀ ਦੇ ਇਕ ਮੱਦਾਹ ਕਮਲਜੀਤ ਕੰਵਰ ਨੇ ਜੇਜੋਂ-ਗੜ੍ਹਸ਼ੰਕਰ ਮਾਰਗ ਉੱਤੇ ਪੈਂਦੇ ਪਿੰਡ ਗਜੱਰ ਦੀ ਪੱਥਰ ਬੂਟਿਆਂ ਵਾਲੀ ਹਰਿਆਲੀ ਧਰਤੀ ਵਿਚ ਰੌਸ਼ਨ ਕਲਾ ਕੇਂਦਰ ਦੀ ਸਥਾਪਨਾ ਕੀਤੀ ਹੈ। ਉਹਦੇ ਵਲੋਂ ਕਲਾਕਾਰਾਂ ਤੇ ਲੇਖਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਚਾਹੁਣ ਤਾਂ ਉੱਥੇ ਆਪਣੇ ਰਹਿਣ ਲਈ ਬਹੁਤ ਥੋੜੇ ਪੈਸਿਆਂ ਵਿਚ ਕੁਟੀਆ ਵੀ ਉਸਾਰ ਸਕਦੇ ਹਨ। ਉਹ ਇਸ ਕੇਂਦਰ ਵਿਚ ਹਰ ਸਾਲ ਇਕ ਸਮਾਗਮ ਵੀ ਰਚਾਉਂਦਾ ਹੈ ਜਿੱਥੇ ਕਲਾ ਤੇ ਸਾਹਿਤ ਨਾਲ ਸਬੰਧਤ ਗੋਸ਼ਟੀਆਂ ਵੀ ਹੰੁਦੀਆਂ ਹਨ, ਅਦਬੀ ਮਹਿਫਿਲਾਂ, ਕਵੀ ਦਰਬਾਰ ਤੇ ਮੌਜ ਮੇਲਾ ਵੀ।
ਏਸ ਵਰੇ੍ਹ ਦਾ ਸਮਾਗਮ 19 ਮਾਰਚ 2022 ਤੋਂ ਸ਼ੁਰੂ ਹੋ ਕੇ 20 ਮਾਰਚ ਤਕ ਚੱਲਿਆ। ਇਸਦਾ ਸਮੁੱਚਾ ਪ੍ਰਬੰਧ ਅਜੀਤ ਲੰਗੇਰੀ, ਦਲਬੀਰ, ਗੁਰਦਿਆਲ ਰੌਸ਼ਨ, ਸੰਧੂ ਵਰਿਆਣਵੀ, ਕਮਲਜੀਤ ਕੰਵਰ, ਅਮਰਜੀਤ ਕੌਰ ਅਮਰ ਤੇ ਦਲਬੀਰ ਸਿੰਘ ਜੱਸੋਵਾਲ ਵਲੋਂ ਕੀਤਾ ਗਿਆ।
ਪਹਿਲੇ ਦਿਨ ਸ਼ਾਮ ਵੇਲੇ ਰਾਤ ਦੇ ਖਾਣੇ ਤੋਂ ਬਾਅਦ, ਮਹਿਮਾਨ ਸ਼ਾਇਰਾਂ ਦੀ ਸ਼ਾਇਰੀ ਤੇ ਸੰਗੀਤ ਦਾ ਦੌਰ ਚੱਲਿਆ ਜਿਸ ਵਿਚ ਵਿਜੇ ਭੱਟੀ, ਬਲਜੀਤ ਕੌਰ ਸ਼ਰਮਾ, ਬਲਜਿੰਦਰ ਬੈਂਸ, ਸੁਲੱਖਣ ਸਰਹੱਦੀ, ਜਮੀਲ ਅਬਦਾਲੀ, ਦੇਵੀ ਪ੍ਰਸਾਦ ਪਾਂਡੇ ਅਤੇ ਸਤਿਆ ਨਾਰਾਇਣ ਨੇ ਖੂਬ ਰੰਗ ਬੰਨ੍ਹਿਆ। ਤਾਰਿਆਂ ਦੀ ਛਾਵੇਂ, ਕੁਦਰਤੀ ਮਾਹੌਲ ਤੇ ਸੁਹਾਵਣੇ ਮੌਸਮ ਵਿਚ ਦਰਸ਼ਕਾਂ, ਸਰੋਤਿਆਂ ਨੇ ਇਸ ਮਹਿਫਿਲ ਦਾ ਖੂਬ ਆਨੰਦ ਮਾਣਿਆ। ਦੂਜੇ ਦਿਨ 11 ਵਜੇ ‘ਸਾਹਿਤ ਦੇ ਬਦਲਦੇ ਰੁਝਾਨਾਂ’ ਉੱਤੇ ਗੋਸ਼ਟੀ ਹੋਈ ਜਿਸ ਵਿਚ ਡਾ. ਲਖਵਿੰਦਰ ਸਿੰਘ ਜੌਹਲ, ਡਾ. ਸੁਖਦੇਵ ਸਿੰਘ ਸਿਰਸਾ ਤੇ ਡਾ. ਸਰਬਜੀਤ ਕੌਰ ਸੋਹਲ ਨੇ ਭਾਗ ਲਿਆ।
ਇਸ ਮਗਰੋਂ ਸੁਖਦੇਵ ਸਿਰਸਾ ਦੇ ਪਰਚੇ ਵਿਚ ਸਾਹਿਤਕ ਹਵਾਲਿਆਂ ਰਾਹੀਂ ਨਵੇਂ ਰੁਝਾਨਾ ਉੱਤੇ ਰੌਸ਼ਨੀ ਪਾਈ ਗਈ। ਜਿਨ੍ਹਾਂ ਸ਼ਖਸੀਅਤਾਂ ਨੇ ਸਾਹਿਤ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਕੁਲਦੀਪ ਸਿੰਘ ਬੇਦੀ ਨੂੰ ਸ਼ਰਧਾ ਰਾਮ ਫਿਲੌਰੀ ਪੁਰਸਕਾਰ, ਅਜਮੇਰ ਸਿੱਧੂ ਨੂੰ ਦੀਪਕ ਜੈਤੋਈ ਪੁਰਸਕਾਰ, ਸਿਰੀ ਰਾਮ ਅਰਸ਼ ਨੂੰ ਚਾਨਣ ਗੋਬਿੰਦਪੁਰੀ ਗਜ਼ਲ ਪੁਰਸਕਾਰ, ਸਰਵਣ ਰਾਹੀ ਨੂੰ ਉਲਫ਼ਤ ਬਾਜਵਾ ਪੁਰਸਕਾਰ, ਹਰਜਿੰਦਰ ਬੱਲ ਨੂੰ ਕਰਤਾਰ ਸਿੰਘ ਪੰਛੀ ਪੁਰਸਕਾਰ ਤੇ ਅਮਨ ਪੰਜਾਬੀ ਨੂੰ ਮਾਸਟਰ ਮਦਨ ਪੁਰਸਕਾਰ।
ਇਸ ਤੋਂ ਬਾਅਦ ਦਿਨ ਵਾਲਾ ਕਵੀ ਦਰਬਾਰ ਸ਼ੁਰੂ ਹੋਇਆ ਜਿਸ ਵਿਚ ਸਿਰੀ ਰਾਮ ਅਰਸ਼, ਹਰਜਿੰਦਰ ਬੱਲ, ਭੁਪਿੰਦਰ ਦੁਲੇ, ਸਰਵਣ ਰਾਹੀ, ਗੁਰਚਰਨ ਕੌਰ ਕੋਚਰ, ਆਦੇਸ਼ ਅੰਕੁਸ਼, ਰੇਸ਼ਮ ਚਿਤਰਕਾਰ, ਸੁਖਰਾਜ ਸਿੰਘ, ਰਿਤੂ ਵਾਸੂਦੇਵ, ਜਗਜੀਤ ਕੌਰ ਢਿੱਲਵਾਂ, ਕੁਲਜੀਤ ਕੌਰ ਮੰਡ, ਪ੍ਰੀਤ ਲੱਧੜ, ਪਰਮਿੰਦਰ ਕੌਰ ਅਮਨ, ਗਾਇਕ ਗੁਰਦੀਪ, ਗੁਰਦਿਆਲ ਰੌਸ਼ਨ, ਵਿਸ਼ਾਲ, ਨੱਕਾਸ਼ ਚਿਤੇਵਾਣੀ, ਲਖਵਿੰਦਰ ਜੌਹਲ, ਅਸ਼ੋਕ ਭੰਡਾਰੀ, ਸੁਰਿੰਦਰ ਚੋਕਾ, ਇੰਦਰਪਾਲ, ਜਤਿੰਦਰ ਢਿੱਲੋਂ ਰੰਧਾਵਾ, ਸਤਪਾਲ ਸਾਹਲੋਂ, ਜਗਦੀਸ਼ ਰਾਣਾ, ਅਜੀਤ ਲੰਗੇਰੀ, ਮਨ ਮਾਨ, ਡਾ. ਸੈਂਹਬੀ ਆਦਿ ਨੇ ਆਪਣੀ ਸ਼ਾਇਰੀ ਤੇ ਗੀਤਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।
ਇਸ ਸਮਾਗਮ ਦੌਰਾਨ ਗੁਰਦਿਆਲ ਰੌਸ਼ਨ ਦਾ ਗਜ਼ਲ ਸੰਗ੍ਰਹਿ ‘ਕਾਲਾ ਸੂਰਜ’ ਅਤੇ ਕਿਸਾਨੀ ਸੰਘਰਸ਼ ਦੇ ਸੰਦਰਭ ਵਿਚ ਲਿਖੀ ਗ਼ਜ਼ਲਾਂ ਦੀ ‘ਖੇਤਾਂ ਤੋਂ ਦਿੱਲੀ ਤਕ’ ਪੁਸਤਕ ਅਤੇ ਬਲਬੀਰ ਕੌਰ ਰੀਹਲ ਦੀ ਕਿਤਾਬ ‘ਚੜ੍ਹਦੇ ਸੂਰਜ ਦੀ ਲਾਲੀ’ ਲੋਕ ਅਰਪਣ ਕੀਤੀਆਂ ਗਈਆਂ।
ਚਾਹ ਪਾਣੀ ਤੇ ਲੰਗਰ ਵਜੋਂ ਏਥੇ ਵੀ ਹੋਲਾ ਮਹੱਲਾ ਹੀ ਸੀ।
ਚੁਰਾਸੀ ਦੇ ਗੇੜ ਤੋਂ ਅੱਗੇ ਦੀ ਗਾਥਾ
ਇਸ ਮਹੀਨੇ ਦੀ 22 ਮਾਰਚ ਨੂੰ ਮੈਂ ਅਠਾਸੀਆਂ ਦਾ ਹੋ ਗਿਆ ਹਾਂ। ਚੁਰਾਸੀ ਤੋਂ ਚਾਰ ਉੱਤੇ। ਕੋਈ ਅਜਿਹਾ ਕੰਮ ਨਹੀਂ ਜਿਹੜਾ ਮੈਂ ਕਰਨਾ ਚਾਹੰੁਦਾ ਸੀ ਪਰ ਕਰ ਨਹੀਂ ਸਕਿਆ। ਹੁਣ ਤਾਂ ਭੱਜ ਦੌੜ ਤੋਂ ਮਨ ਕਤਰਾਉਂਦਾ ਹੈ। ਰੌਲਾ ਰੱਪਾ ਚੰਗਾ ਨਹੀਂ ਲੱਗਦਾ। ਸ਼ਾਇਰੀ ਨਾਲ ਮਨ ਬਹਿਲਾਉਂਦਾ ਹਾਂ। ਮਿਰਜ਼ਾ ਗ਼ਾਲਿਬ ਦਾ ਮੱਦਾਹ ਹਾਂ। ਸ਼ਾਇਦ ਮੇਰੇ ਸ਼ੌਕ ਨੂੰ ਪਛਾਣਦਿਆਂ ਹੀ 21 ਮਾਰਚ ਨੂੰ ਵਿਸ਼ਵ ਕਵਿਤਾ ਦਿਵਸ ਐਲਾਨਿਆ ਗਿਆ ਹੈ ਤਾਂ ਕਿ ਮੈਂ ਆਪਣੇ ਜਨਮ ਤੋਂ ਪਹਿਲੀ ਸ਼ਾਮ ਨੂੰ ਵਧੀਆ ਸ਼ਿਅਰ ਗੁਣਗੁਣਾ ਕੇ ਮਾਣ ਸਕਾਂ ਤੇ ਮਾਣਿਆ ਵੀ ਹੈ। ਇਸ ਸਵਾਰੀ ਦੇ ਸ਼ਿਅਰ ਅੰਤਿਕਾ ਵਿਚ ਪੇਸ਼ ਹਨ।

ਅੰਤਿਕਾ
ਮਿਰਜ਼ਾ ਗ਼ਾਲਿਬ
ਰਹੀਏ ਅਬ ਐਸੀ ਜਗ੍ਹਾ ਚਲ ਕਰ
ਜਹਾਂ ਕੋਈ ਨਾ ਹੋ,
ਹਮਸੁਖਨ ਕੋਈ ਨਾ ਹੋ
ਔਰ ਹਮਜ਼ੁਬਾਂ ਕੋਈ ਨਾ ਹੋ।
ਬੇ-ਦਰ-ਓ-ਦੀਵਾਰ ਸਾ
ਇਕ ਘਰ ਬਨਾਇਆ ਚਾਹੀਏ,
ਕੋਈ ਹਮਸਾਯਾ ਨਾ ਹੋ
ਔ ਪਾਸਬਾਂ ਕੋਈ ਨਾ ਹੋ।
ਪੜੀਏ ਗਰ ਬਿਮਾਰ ਤੋ
ਕੋਈ ਨਾ ਹੋ ਤੀਮਾਰ ਦਾਰ,
ਔਰ ਅਗਰ ਮਰ ਜਾਈਏ ਤੋ
ਨੌਹਾ ਖਾਂ ਕੋਈ ਨਾ ਹੋ।