ਪੰਜਾਬ ਵਿਚ ਖੇਤੀ ਅਤੇ ਸਹਾਇਕ ਧੰਦੇ

ਡਾ. ਰਣਜੀਤ ਸਿੰਘ
ਇਹ ਸਚਾਈ ਹੈ ਕਿ ਖੇਤੀ ਵਿਕਾਸ ਤੋਂ ਬਗੈਰ ਭਾਰਤ ਕਦੇ ਵੀ ਵਿਕਸਤ ਨਹੀਂ ਹੋ ਸਕਦਾ। ਭਾਰਤ ਵਿਚ ਘੱਟੋ-ਘੱਟ ਅੱਧੀ ਵਸੋਂ ਨੂੰ ਰੁਜ਼ਗਾਰ ਲਈ ਖੇਤੀ ਉੱਤੇ ਨਿਰਭਰ ਰਹਿਣਾ ਪਵੇਗਾ। ਪੱਛਮੀ ਮੁਲਕਾਂ ਵਾਲਾ ਮਾਡਲ ਇਥੇ ਲਾਗੂ ਨਹੀਂ ਹੁੰਦਾ ਕਿਉਂਕਿ ਉੱਥੇ ਮਨੁੱਖੀ ਵਸੀਲਿਆਂ ਦੀ ਘਾਟ ਹੈ ਜਦੋਂਕਿ ਸਾਡੇ ਮੁਲਕ ਵਿਚ ਇਸ ਦੀ ਬਹੁਤਾਤ ਹੈ।

ਅਸਲ ਵਿਚ ਵੱਡੇ ਸਨਅਤੀ ਅਦਾਰੇ ਬਹੁਤੇ ਲੋਕਾਂ ਨੂੰ ਰੁਜ਼ਗਾਰ ਦੇ ਹੀ ਨਹੀਂ ਸਕਦੇ। ਸਾਡੇ ਮੁਲਕ ਵਿਚ ਤਾਂ ਰੁਜ਼ਗਾਰ ਦੇ ਵਸੀਲੇ ਛੋਟੀਆਂ ਸਨਅਤਾਂ ਨੂੰ ਵਿਕਸਤ ਕਰ ਕੇ ਹੀ ਪੈਦਾ ਕੀਤੇ ਜਾ ਸਕਦੇ ਹਨ। ਪਿੰਡਾਂ ਵਿਚ ਖੇਤੀ ਵਿਕਾਸ ਦੇ ਨਾਲੋ-ਨਾਲ ਪੇਂਡੂ ਕਲਾ, ਹਸਤ ਕਲਾ, ਸਥਾਨਕ ਵਸਤਾਂ ਨੂੰ ਉਤਸ਼ਾਹਿਤ ਕੀਤਿਆਂ ਪਿੰਡਾਂ ਵਿਚ ਹੀ ਰੁਜ਼ਗਾਰ ਦੇ ਮੌਕੇ ਬਣਾਏ ਜਾ ਸਕਦੇ ਹਨ। ਪੰਜਾਬ ਵਿਚ ਜਿਸ ਤੇਜ਼ੀ ਨਾਲ ਖੇਤੀ ਵਿਕਾਸ ਹੋਇਆ ਸੀ, ਉਸ ਦੀ ਮਿਸਾਲ ਸੰਸਾਰ ਵਿਚ ਹੋਰ ਕਿਧਰੇ ਨਹੀਂ ਮਿਲਦੀ। ਪੰਜਾਬੀ ਕਿਸਾਨ ਨੇ ਮੁਲਕ ਵਿਚੋਂ ਕੇਵਲ ਭੁੱਖਮਰੀ ਹੀ ਦੂਰ ਨਹੀਂ ਕੀਤੀ ਸਗੋਂ ਇਸ ਨੂੰ ਵਾਧੂ ਅਨਾਜ ਵਾਲਾ ਸੂਬਾ ਬਣਾ ਦਿੱਤਾ। ਇਸ ਇਨਕਲਾਬ ਨੂੰ ਸਿਰਜਣ ਵਿਚ ਤਿੰਨਾਂ ਧਿਰਾਂ ਨੇ ਬਰਾਬਰ ਦਾ ਯੋਗਦਾਨ ਪਾਇਆ ਸੀ- ਨਵੀਂ ਤਕਨਾਲੋਜੀ, ਕਿਸਾਨ ਅਤੇ ਸਰਕਾਰਾਂ। ਉਂਝ, ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਦੀ ਖੇਤੀ ਵਿਚ ਖੜ੍ਹੋਤ ਆ ਗਈ ਹੈ। ਕਣਕ-ਝੋਨਾ ਹੀ ਇੱਥੋਂ ਦਾ ਮੁੱਖ ਫਸਲੀ ਚੱਕਰ ਬਣ ਗਿਆ ਹੈ। ਇਹ ਦੋਵੇਂ ਅਜਿਹੀਆਂ ਫਸਲਾਂ ਹਨ ਜਿਨ੍ਹਾਂ ਵਿਚ ਖਤਰਾ ਸਭ ਤੋਂ ਘੱਟ ਹੈ ਤੇ ਕੁਝ ਨਵਾਂ ਕਰਨ ਦੀ ਗੁੰਜਾਇਸ਼ ਵੀ ਨਹੀਂ। ਇਨ੍ਹਾਂ ਫਸਲਾਂ ਨੂੰ ਹੁਣ ਕਾਮੇ ਹੀ ਬੀਜਦੇ-ਵੱਢਦੇ ਹਨ। ਇਉਂ ਸਾਰਾ ਸਾਲ ਖੇਤਾਂ ਵਿਚ ਮਾਲਕ ਦੇ ਕਰਨ ਨੂੰ ਕੋਈ ਖਾਸ ਕੰਮ ਨਹੀਂ। ਸੰਸਾਰ ਦੇ ਸਭ ਤੋਂ ਮਿਹਨਤੀ ਅਤੇ ਹਿੰਮਤੀ ਸਮਝੇ ਜਾਂਦੇ ਪੰਜਾਬੀ ਕਿਸਾਨ ਹੁਣ ਖੇਤਾਂ ਤੋਂ ਦੂਰ ਹੋ ਰਹੇ ਹਨ। ਹੁਣ ਕਿਸਾਨ ਵਿਹਲਾ ਤੇ ਖਰਚੀਲਾ ਬਣ ਰਿਹਾ ਹੈ।
ਸਰਕਾਰ ਨੇ ਖੇਤੀ ਵਿਕਾਸ ਲਈ ਪੂਰੇ ਉਤਸ਼ਾਹ ਨਾਲ ਯੋਗਦਾਨ ਪਾਇਆ ਸੀ। ਪਿੰਡਾਂ ਦੀਆਂ ਸੜਕਾਂ ਪੱਕੀਆਂ ਕੀਤੀਆਂ ਅਤੇ ਬਿਜਲੀ ਪਹੁੰਚਾਈ। ਟਿਊਬਵੈੱਲ ਲਗਾਉਣ ਲਈ ਕਰਜ਼ਾ ਦਿੱਤਾ। ਕਣਕ ਝੋਨੇ ਦੀ ਘੱਟੋ-ਘੱਟ ਕੀਮਤ ਮਿੱਥੀ ਗਈ ਅਤੇ ਖਰੀਦ ਯਕੀਨੀ ਬਣਾਈ। ਕਈ ਦਹਾਕਿਆਂ ਤੋਂ ਅਪਣਾਇਆ ਫਸਲੀ ਚੱਕਰ ਖੜ੍ਹੋਤ ਦਾ ਕਾਰਨ ਬਣ ਜਾਂਦਾ ਹੈ। ਪੰਜਾਬ ਦੀ ਖੇਤੀ ਦੀ ਵਿਕਾਸ ਦਰ ਦੋ ਫੀਸਦੀ ਤੋਂ ਵੀ ਘਟ ਗਈ ਹੈ। ਮੁਲਕ ਦਾ ਮੋਹਰੀ ਸੂਬਾ ਹੁਣ ਪਿੱਛੇ ਰਹਿ ਗਿਆ ਹੈ। ਪੰਜਾਬ ਇਸ ਸਮੇਂ ਵਿਕਾਸ ਦੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਸਨਅਤੀ ਤੇ ਖੇਤੀ ਵਿਕਾਸ ਵਿਚ ਖੜ੍ਹੋਤ ਹੈ। ਇੰਜ ਆਖ ਲਿਆ ਜਾਵੇ ਕਿ ਪੰਜਾਬੀ ਕਿਰਦਾਰ ਬਦਲ ਰਿਹਾ ਹੈ ਤਾਂ ਕੋਈ ਅਤਿਕਥਨੀ ਨਹੀਂ। ਪੰਜਾਬ ਵਿਚ ਰੁਜ਼ਗਾਰ ਦੀ ਘਾਟ ਨਹੀਂ ਪਰ ਪੰਜਾਬੀ ਮੁੰਡੇ ਕੁੜੀਆਂ ਵੱਡੀਆਂ ਨੌਕਰੀਆਂ ਦੀ ਭਾਲ ਕਰਦੇ ਹਨ।
ਇਸ ਸਮੇਂ ਪੰਜਾਬ ਦੀ ਖੇਤੀ ਲਈ ਡੇਅਰੀ ਫਾਰਮਿੰਗ ਤੇ ਸਬਜ਼ੀਆਂ ਦੀ ਕਾਸ਼ਤ ਸਭ ਤੋਂ ਵੱਧ ਢੁੱਕਵੇਂ ਬਦਲ ਹਨ। ਹੁਣ ਵੀ ਮੁਲਕ ਵਿਚ ਪੰਜਾਬ ਦੁੱਧ ਉਤਪਾਦਨ ਲਈ ਮੋਹਰੀ ਹੈ। ਚੰਗੇ ਪ੍ਰਬੰਧ ਨਾਲ ਇਸ ਵਿਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਇਸ ਧੰਦੇ ਨੂੰ ਵਪਾਰਕ ਪੱਧਰ ਤੇ ਵਿਕਸਤ ਕਰਨ ਲਈ ਮੁੜ ਤਿੰਨਾਂ ਧਿਰਾਂ ਦੇ ਯੋਗਦਾਨ ਦੀ ਲੋੜ ਹੈ। ਕਿਸਾਨ ਨੂੰ ਸਵੇਰੇ ਸ਼ਾਮ ਆਪਣੇ ਪਸ਼ੂਆਂ ਦੀ ਸੰਭਾਲ ਅਤੇ ਦੁੱਧ ਦੀ ਚੁਆਈ ਦਾ ਕੰਮ ਕਰਨਾ ਪਵੇਗਾ। ਦੂਜੀ ਲੋੜ ਤਕਨਾਲੋਜੀ ਦੀ ਹੈ। ਹੁਣ ਪੰਜਾਬ ਵਿਚ ਵੱਖਰੀ ਗੁਰੂ ਅੰਗਦ ਦੇਵ ਪਸ਼ੂ ਪਾਲਣ ਯੂਨੀਵਰਸਿਟੀ ਬਣ ਗਈ ਹੈ। ਵਧੀਆ ਨਸਲ ਦੀਆਂ ਵੱਛੀਆਂ ਤੇ ਕੱਟੀਆਂ ਤਿਆਰ ਕਰ ਕੇ ਕਿਸਾਨਾਂ ਨੂੰ ਦੇਣ ਦਾ ਪ੍ਰਬੰਧ ਇਸੇ ਦੀ ਜ਼ਿੰਮੇਵਾਰੀ ਹੈ। ਪਸ਼ੂ ਪ੍ਰਬੰਧ ਦੇ ਵਿਗਿਆਨਕ ਢੰਗਾਂ ਦੀ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਸਿਖਲਾਈ ਦੇਣ ਦਾ ਪ੍ਰਬੰਧ ਵੀ ਇਸ ਨੇ ਹੀ ਕਰਨਾ ਹੈ। ਚਾਰਿਆਂ ਦੀਆਂ ਫਸਲਾਂ ਦੀਆਂ ਨਵੀਆਂ ਕਿਸਮਾਂ ਵਿਕਸਤ ਕਰਨਾ ਤੇ ਉਨ੍ਹਾਂ ਦੇ ਬੀਜ ਕਿਸਾਨਾਂ ਨੂੰ ਦੇਣ ਵੀ ਇਸੇ ਦੀ ਜ਼ਿੰਮੇਵਾਰੀ ਹੈ। ਪੰਜਾਬ ਵਿਚ ਛੋਟੇ ਕਿਸਾਨਾਂ ਦੀ ਬਹੁਗਿਣਤੀ ਹੈ। ਮੁਲਕ ਵਿਚ ਅਨਾਜ ਦੀ ਥੁੜ੍ਹ ਦੂਰ ਕਰਨ ਲਈ ਸਰਕਾਰਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਕਣਕ-ਝੋਨਾ ਉਗਾਉਣ ਲਈ ਉਤਸ਼ਾਹਿਤ ਕੀਤਾ। ਹੁਣ ਪੰਜਾਬ ਅਨਾਜ ਪੈਦਾ ਕਰਨ ਵਾਲੀ ਮਸ਼ੀਨ ਬਣ ਕੇ ਰਹਿ ਗਿਆ ਹੈ। ਪੰਜਾਬੀ ਕਿਸਾਨਾਂ ਨੇ ਹੋਰ ਸਾਰੀਆਂ ਰਵਾਇਤੀ ਫਸਲਾਂ ਦੀ ਕਾਸ਼ਤ ਨੂੰ ਤਿਆਗ ਰੇਤ ਦੇ ਟਿੱਬਿਆਂ ਵਿਚ ਵੀ ਝੋਨਾ ਤੇ ਕਣਕ ਹੀ ਬੀਜਣੀ ਸ਼ੁਰੂ ਕਰ ਦਿੱਤੀ ਹੈ। ਰੀਸੋ-ਰੀਸ ਕਰਜ਼ਾ ਚੁੱਕ ਟਰੈਕਟਰ ਵੀ ਖਰੀਦ ਲਏ ਹਨ। ਕਣਕ-ਝੋਨੇ ਦੇ ਫਸਲੀ ਚੱਕਰ ਕਾਰਨ ਹੁਣ ਕਿਸਾਨ ਨੂੰ ਸਾਰਾ ਕੁਝ ਬਾਜ਼ਾਰੋਂ ਹੀ ਖਰੀਦਣਾ ਪੈਂਦਾ ਹੈ। ਸਾਰੇ ਮੁਲਕ ਵਿਚ ਵਰਤੇ ਜਾਣ ਵਾਲੇ ਨਦੀਨਨਾਸ਼ਕਾਂ ਦਾ ਅੱਧਾ ਹਿੱਸਾ ਪੰਜਾਬ ਵਿਚ ਹੀ ਵਰਤਿਆ ਜਾਂਦਾ ਹੈ। ਕਈ ਸਾਲਾਂ ਤੋਂ ਪ੍ਰਤੀ ਏਕੜ ਉਪਜ ਵਿਚ ਖੜ੍ਹੋਤ ਆ ਗਈ ਹੈ। ਖੇਤੀ ਲੋੜਾਂ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਕਿਸਾਨ ਦੀ ਆਮਦਨ ਘਟ ਰਹੀ ਹੈ।
ਹੁਣ ਛੋਟੇ ਕਿਸਾਨਾਂ ਨੂੰ ਖੇਤੀ ਦੇ ਨਾਲ ਸਹਾਇਕ ਧੰਦੇ ਸ਼ੁਰੂ ਕਰਨੇ ਪੈਣਗੇ ਤਾਂ ਜੋ ਉਸ ਦੀ ਆਮਦਨ ਵਿਚ ਵਾਧਾ ਹੋ ਸਕੇ।