ਉਘੇ ਲੋਕ ਪੱਖੀ ਗਾਇਕ ਅਮਰਜੀਤ ਗੁਰਦਾਸਪੁਰੀ ਦਾ ਚਲਾਣਾ

ਡੇਰਾ ਬਾਬਾ ਨਾਨਕ: ਉਘੇ ਲੋਕ ਪੱਖੀ ਗਾਇਕ ਅਮਰਜੀਤ ਗੁਰਦਾਸਪੁਰੀ (92) ਦਾ ਪਿੰਡ ਉਦੋਵਾਲੀ ਵਿਚ ਦੇਹਾਂਤ ਹੋ ਗਿਆ। ਉਹ ਬੀਤੇ ਕੁਝ ਦਿਨਾਂ ਤੋਂ ਬਿਮਾਰ ਸਨ। ਇਪਟਾ ਦੇ ਬਾਨੀਆਂ ‘ਚੋਂ ਇਕ ਗੁਰਦਾਸਪੁਰੀ ਨੇ ਲਗਭਗ 40 ਸਾਲਾਂ ਤੱਕ ਰੇਡੀਓ ‘ਤੇ ਗੀਤ ਗਾਏ ਹਨ।

ਪੰਜਾਬ ਕਲਾ ਪ੍ਰੀਸ਼ਦ ਦੇ ਮੀਡੀਆ ਅਧਿਕਾਰੀ ਅਤੇ ਲੇਖਕ ਨਿੰਦਰ ਘੁਗਿਆਣਵੀ ਨੇ 2010 ਵਿਚ ਅਮਰਜੀਤ ਗੁਰਦਾਸਪੁਰੀ ‘ਤੇ ‘ਮੇਰੀਆਂ ਪੈੜਾਂ‘ ਨਾਂ ਦੀ ਦਸਤਾਵੇਜ਼ੀ ਫਿਲਮ ਬਣਾਈ ਸੀ। ਸ੍ਰੀ ਘੁਗਿਆਣਵੀ ਨੇ ਦੱਸਿਆ ਕਿ ਕਲਾ ਪ੍ਰੀਸ਼ਦ ਵੱਲੋਂ ਉਨ੍ਹਾਂ ਨੂੰ ਥੋੜ੍ਹਾ ਸਮਾਂ ਪਹਿਲਾਂ ਹੀ ‘ਗੌਰਵ ਪੰਜਾਬ‘ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਪੰਜਾਬ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਤੇ ਖੇਡ ਪ੍ਰਮੋਟਰ ਐਸ.ਪੀ. ਪ੍ਰਿਥੀ ਸਿੰਘ ਨੇ ਅਮਰਜੀਤ ਗੁਰਦਾਸਪੁਰੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਉਪ ਚੇਅਰਮੈਨ ਡਾ. ਯੋਗਰਾਜ ਅਤੇ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰ ਕੇਂਦਰ ਬਟਾਲਾ ਦੇ ਪ੍ਰਧਾਨ ਡਾ. ਰਵਿੰਦਰ, ਮੀਤ ਪ੍ਰਧਾਨ ਦੇਵਿੰਦਰ ਦੀਦਾਰ, ਸ਼ਾਇਰ ਜਸਵੰਤ ਹਾਂਸ, ਰਿਆੜਕੀ ਸੱਥ ਹਰਪੁਰਾ ਧੰਦੋਈ ਦੇ ਮੁੱਖ ਸੇਵਾਦਾਰ ਸੂਬਾ ਸਿੰਘ ਖਹਿਰਾ ਸਮੇਤ ਹੋਰ ਕਲਾ ਪ੍ਰੇਮੀਆਂ ਨੇ ਅਮਰਜੀਤ ਗੁਰਦਾਸਪੁਰੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ।