ਰੂਸ-ਯੂਕਰੇਨ ਜੰਗ ਨਾਲ ਮੱਚੀ ਤਬਾਹੀ

ਭਾਰੀ ਜਾਨੀ-ਮਾਲੀ ਨੁਕਸਾਨ ਦੀਆਂ ਖਬਰਾਂ; ਸਮੁੱਚੇ ਸੰਸਾਰ `ਤੇ ਪਵੇਗਾ ਅਸਰ
ਕੀਵ: ਰੂਸ ਅਤੇ ਯੂਕਰੇਨ ਵਿਚਾਲੇ ਟਕਰਾਅ ਆਖਰ ਯੁੱਧ ਵਿਚ ਬਦਲ ਗਿਆ ਹੈ। ਇਸ ਸਮੇਂ ਹਵਾਈ ਅਤੇ ਜ਼ਮੀਨੀ ਪੱਧਰ ‘ਤੇ ਤਿੱਖੀ ਲੜਾਈ ਜਾਰੀ ਹੈ। ਦੋਵੇਂ ਪਾਸਿਆਂ ਤੋਂ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦੀਆਂ ਖਬਰਾਂ ਆ ਰਹੀਆਂ ਹਨ। ਯੂਕਰੇਨ ਵੱਲੋਂ 5000 ਤੋਂ ਵੱਧ ਰੂਸੀ ਫੌਜੀ ਮਾਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦ ਕਿ ਰੂਸੀ ਕਾਰਵਾਈ ਦੌਰਾਨ ਵੱਡੀ ਗਿਣਤੀ ਆਮ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ। ਲੱਖਾਂ ਦੀ ਗਿਣਤੀ ਵਿਚ ਲੋਕ ਗੁਆਂਢੀ ਮੁਲਕਾਂ ਵਿਚ ਸ਼ਰਨ ਲੈ ਰਹੇ ਹਨ।

ਇਸ ਸਮੇਂ ਸਭ ਤੋਂ ਔਖੇ ਹਾਲਾਤ ਉਥੇ ਪੜ੍ਹਨ ਗਏ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੇ ਹਨ। ਇਨ੍ਹਾਂ ਵਿਚ ਭਾਰਤ, ਖਾਸ ਕਰਕੇ ਪੰਜਾਬ ਤੋਂ ਵੱਡੀ ਗਿਣਤੀ ਵਿਦਿਆਰਥੀ ਉਥੇ ਫਸੇ ਹੋਏ ਹਨ ਜੋ ਆਪਣੇ ਮੋਬਾਇਲਾਂ ਨਾਲ ਵੀਡੀਓ ਬਣਾ ਕੇ ਮਦਦ ਲਈ ਸੁਨੇਹੇ ਭੇਜ ਰਹੇ ਹਨ। ਕੁਝ ਪੰਜਾਬੀ ਵਿਦਿਆਰਥੀਆਂ ਨੇ ਉਥੇ ਨਸਲੀ ਹਮਲੇ ਦਾ ਵੀ ਦੋਸ਼ ਲਾਇਆ ਹੈ। ਭਾਰਤ ਸਰਕਾਰ ਭਾਵੇਂ ਵਿਦਿਆਰਥੀਆਂ ਨੂੰ ਉਥੋਂ ਕੱਢਣ ਲਈ ਮਿਸ਼ਨ ਗੰਗਾ ਚਲਾ ਕੇ ਵੱਡੀਆਂ ਫੜ੍ਹਾਂ ਮਾਰ ਰਹੀ ਹੈ ਪਰ ਯੂਕਰੇਨ ਦੇ ਸ਼ਹਿਰ ਖਾਰਕੀਵ ਵਿਚ ਫਸੇ ਵਿਦਿਆਰਥੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਸਾਰ ਲੈਣ ਲਈ ਭਾਰਤੀ ਸਫਾਰਤਖਾਨੇ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ। ਮਦਦ ਉਡੀਕ ਰਹੇ ਇਕ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਗੋਲੀਬਾਰੀ ਵਿਚ ਮੌਤ ਵੀ ਹੋ ਗਈ ਹੈ। ਨਵੀਨ ਸ਼ੇਖਰੱਪਾ ਮੈਡੀਸਨ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਖਾਰਕੀਵ ਮੈਡੀਕਲ ਕਾਲਜ ਵਿਚ ਚੌਥੇ ਸਾਲ ਦਾ ਵਿਦਿਆਰਥੀ ਸੀ। ਉਹ ਖਾਣਾ ਲੈਣ ਲਈ ਆਪਣੇ ਬੰਕਰ ਤੋਂ ਬਾਹਰ ਨਿਕਲਿਆ ਸੀ ਕਿ ਗੋਲੀਬਾਰੀ ਵਿਚ ਮਾਰਿਆ ਗਿਆ। ਇਸ ਨੌਜਵਾਨ ਦੇ ਮਾਪਿਆਂ ਦਾ ਦੋਸ਼ ਹੈ ਕਿ ਭਾਰਤ ਸਰਕਾਰ ਵੱਲੋਂ ਕੋਈ ਮਦਦ ਨਾਲ ਮਿਲਣ ਕਾਰਨ ਉਨ੍ਹਾਂ ਦਾ ਪੁੱਤ ਮਾਰਿਆ ਗਿਆ।
ਇਸ ਸਮੇਂ ਹਾਲਾਤ ਇਹ ਹਨ ਕਿ ਰੂਸੀ ਫੌਜਾਂ ਨੇ ਯੂਕਰੇਨ ਨੂੰ ਪੂਰਬ, ਪੱਛਮ ਅਤੇ ਉਤਰ ਤੋਂ ਘੇਰਿਆ ਹੋਇਆ ਹੈ। ਅਮਰੀਕਾ ਅਤੇ ਯੂਰਪੀ ਦੇਸ਼ ਇਸ ਸੰਕਟ ਵਿਚ ਯੂਕਰੇਨ ਨਾਲ ਖੜ੍ਹੇ ਹੋਣ ਦੀ ਗੱਲ ਕਰ ਰਹੇ ਹਨ। ਫੌਜੀ ਸੰਗਠਨ ‘ਨਾਟੋ’ ਜਿਸ ਵਿਚ 30 ਦੇਸ਼ ਸ਼ਾਮਲ ਹਨ, ਵੱਲੋਂ ਵੀ ਆਪਣੀ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਜੰਗ ਛਿੜਨ ਤੋਂ ਪਹਿਲਾਂ ਅਮਰੀਕਾ ਸਣੇ ਆਲਮੀ ਸ਼ਕਤੀਆਂ ਰੂਸ ਨੂੰ ਫੌਜੀ ਤਾਕਤ ਨਾਲ ਮੂੰਹ ਤੋੜ ਜਵਾਬ ਦੇਣ ਦੇ ਆਪਣੇ ਵਾਅਦੇ ਤੋਂ ਟਲਦੀਆਂ ਨਜ਼ਰ ਆ ਰਹੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀਆਂ ਜੰਗ ਤੋਂ ਪਹਿਲਾਂ ਦੀਆਂ ਚਿਤਾਵਨੀਆਂ ਹੁਣ ਸਿਰਫ ਰੂਸ ਦੀ ਆਰਥਿਕ ਘੇਰਾਬੰਦੀ ਤੱਕ ਸੀਮਤ ਰਹਿ ਗਈਆਂ ਹਨ। ਹਾਲਾਤ ਮੁਤਾਬਕ ਭਾਵੇਂ ਯੂਕਰੇਨ, ਰੂਸੀ ਫੌਜਾਂ ਦਾ ਡਟ ਕੇ ਮੁਕਾਬਲਾ ਕਰ ਰਿਹਾ ਹੈ ਪਰ ਉਸ ਨੂੰ ਅਮਰੀਕਾ ਸਣੇ ਪੱਛਮੀ ਦੇਸ਼ਾਂ ਨਾਲ ਗਿਲਾ ਵੀ ਜਿਨ੍ਹਾਂ ਨੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਸੀ।
ਦੋਵਾਂ ਦੇਸ਼ਾਂ ਦੀ ਕੂਟਨੀਤਕ ਪਹੁੰਚ ਉਤੇ ਨੇੜਿਉਂ ਨਜ਼ਰ ਰੱਖਣ ਵਾਲੇ ਮਾਹਿਰਾਂ ਦਾ ਦਾਅਵਾ ਹੈ ਕਿ ਇਹ ਮਸਲਾ ਗੱਲਬਾਤ ਨਾਲ ਨਿਬੇੜਿਆ ਜਾ ਸਕਦਾ ਸੀ ਪਰ ਰੂਸ ਦੁਆਲੇ ਹੋਈਆਂ ਆਲਮੀ ਸ਼ਕਤੀਆਂ ਦੀ ਚੁੱਕ ਵਿਚ ਆ ਕੇ ਯੂਕਰੇਨ ਨੇ ਤਬਾਹੀ ਨੂੰ ਸੱਦਾ ਦੇ ਦਿੱਤਾ। ਯਾਦ ਰਹੇ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਹਮਲਾ ਕਰਨ ਤੋਂ ਪਹਿਲਾਂ ਯੂਕਰੇਨ ਦੇ ਦੋਨੇਤਸਕ ਅਤੇ ਲੁਹਾਂਸਕ ਰਾਜਾਂ ਨੂੰ ਸੁਤੰਤਰ ਦੇਸ਼ ਵਜੋਂ ਮਾਨਤਾ ਦੇ ਦਿੱਤੀ ਸੀ। ਇਸ ਤੋਂ ਬਾਅਦ ਉਸ ਦੀਆਂ ਫੌਜਾਂ ਇਨ੍ਹਾਂ ਪ੍ਰਾਂਤਾਂ ਵਿਚ ਆ ਗਈਆਂ ਹਨ ਅਤੇ ਉਥੋਂ ਉਨ੍ਹਾਂ ਨੇ ਜ਼ਮੀਨੀ ਪੱਧਰ ‘ਤੇ ਤੇਜ਼ੀ ਨਾਲ ਯੂਕਰੇਨ ਦੇ ਅੰਦਰ ਵੱਲ ਵਧਣਾ ਸ਼ੁਰੂ ਕਰ ਦਿੱਤਾ।
ਅਸਲ ਵਿਚ, ਜਿਵੇਂ-ਜਿਵੇਂ 30 ਸਾਲ ਪਹਿਲਾਂ ਸੋਵੀਅਤ ਸੰਘ ਤੋਂ ਵੱਖ ਹੋਏ ਮੁਲਕਾਂ ਵੱਲ ‘ਨਾਟੋ’ ਪੈਰ ਪਸਾਰਦਾ ਰਿਹਾ, ਉਵੇਂ-ਉਵੇਂ ਹੀ ਰੂਸ ਦੀਆਂ ਚਿੰਤਾਵਾਂ ਵਿਚ ਵਾਧਾ ਹੁੰਦਾ ਰਿਹਾ। ਸਾਲ 2014 ਵਿਚ ਯੂਕਰੇਨ ਵਿਚ ਸਰਕਾਰ ਵਿਰੋਧੀ ਲੜਾਕੂਆਂ ਦੀ ਲੜਾਈ ਤੇਜ਼ ਹੋਣ ਦੇ ਨਾਲ ਹੀ ਕਦੇ ਸੋਵੀਅਤ ਯੂਨੀਅਨ ਦਾ ਹਿੱਸਾ ਰਹੇ ਕਰੀਮੀਆ ਉਤੇ ਰੂਸ ਨੇ ਕਬਜ਼ਾ ਕਰ ਲਿਆ ਸੀ। ਰੂਸ ਹਮੇਸ਼ਾ ਹੀ ਆਪਣੇ ਨਾਲ ਲੱਗਦੇ ਪੂਰਬੀ ਯੂਰਪ ਦੇ ਦੇਸ਼ਾਂ ਉਤੇ ‘ਨਾਟੋ’ ਤੇ ਯੂਰਪੀ ਯੂਨੀਅਨ ‘ਤੇ ਵਧਦੇ ਪ੍ਰਭਾਵ ਤੋਂ ਫਿਕਰਮੰਦ ਰਿਹਾ ਹੈ। ਹੁਣ ਜਦੋਂ ਯੂਕਰੇਨ ਨਾਲ ਆਪਸ ਵਿਚ ਵਿਗੜੇ ਸਬੰਧਾਂ ਕਰਕੇ ਉਸ (ਯੂਕਰੇਨ) ਨੇ ‘ਨਾਟੋ’ ਦਾ ਹਿੱਸਾ ਬਣਨ ਲਈ ਅਗਾਂਹ ਕਦਮ ਵਧਾਏ ਤਾਂ ਰਾਸ਼ਟਰਪਤੀ ਪੂਤਿਨ ਇਸ ਗੱਲ ਨੂੰ ਸਹਿਣ ਨਾ ਕਰ ਸਕੇ। ਉਸ ਦੀ ਇਸ ਧਮਕੀ ਤੋਂ ਬਾਅਦ ਵੀ ਨਾ ਤਾਂ ਯੂਕਰੇਨ ਹੀ ਪਿੱਛੇ ਹਟਿਆ ਅਤੇ ਨਾ ਹੀ ਅਮਰੀਕਾ ਦੀ ਅਗਵਾਈ ਵਾਲੇ ਫੌਜੀ ਸੰਗਠਨ ‘ਨਾਟੋ’ ਨੇ ਹੀ ਆਪਣਾ ਰੁਖ ਬਦਲਿਆ ਸਗੋਂ ਇਹ ਸੰਗਠਨ ਇਸ ਗੱਲ ‘ਤੇ ਅੜਿਆ ਰਿਹਾ ਕਿ ਆਜ਼ਾਦ ਦੇਸ਼ ਵਜੋਂ ਕਿਸੇ ਵੀ ਫੌਜੀ ਸੰਧੀ ਵਿਚ ਸ਼ਾਮਲ ਹੋਣਾ ਉਸ ਦਾ ਆਪਣਾ ਹੱਕ ਹੈ।
ਰੂਸ ਅਤੇ ਯੂਕਰੇਨ ਦਰਮਿਆਨ 2014 ਤੋਂ ਹੀ ਟਕਰਾਅ ਲਗਾਤਾਰ ਜਾਰੀ ਹੈ ਜਦ ਰੂਸ ਨੇ ਯੂਕਰੇਨ ਤੋਂ ਕਰੀਮੀਆਂ ਦਾ ਇਲਾਕਾ ਖੋਹ ਲਿਆ ਸੀ। ਰੂਸ ਤੋਂ ਵੱਖ ਹੋ ਕੇ ਸੋਵੀਅਤ ਯੂਨੀਅਨ ਵਿਚ ਸ਼ਾਮਲ ਰਹੇ ਦੇਸ਼ ਆਪਣੀ ਵੱਖਰੀ ਪਛਾਣ ਬਣਾਉਣ ਲਈ ਕੋਸ਼ਿਸ਼ ਕਰਦੇ ਰਹੇ ਹਨ ਪਰ ਰੂਸ ਨਹੀਂ ਚਾਹੁੰਦਾ ਕਿ ਉਹ ਪੱਛਮ ਦੀ ਅਗਵਾਈ ਵਾਲੇ ‘ਨਾਟੋ’ ਫੌਜੀ ਸੰਗਠਨ ਦਾ ਹਿੱਸਾ ਬਣਨ।
ਰੂਸ ਅਤੇ ਯੂਕਰੇਨ ਵਿਚਕਾਰ 2015 ਵਿਚ ਮਿੰਸਕ ਸ਼ਾਂਤੀ ਸਮਝੌਤਾ ਹੋਇਆ ਸੀ ਜਿਸ ਕਰਕੇ ਇਹ ਇਲਾਕਾ ਕਿਸੇ ਵੱਡੀ ਜੰਗ ਤੋਂ ਕਾਫੀ ਦੇਰ ਬਚਿਆ ਰਿਹਾ। ਯੂਕਰੇਨ ਨੇ ਆਪਣਾ ਪ੍ਰਭੂਤਵ ਬਚਾਉਣ ਲਈ ‘ਨਾਟੋ’ ਅਤੇ ਯੂਰਪੀ ਯੂਨੀਅਨ ਵੱਲ ਝੁਕਣਾ ਸ਼ੁਰੂ ਕਰ ਦਿੱਤਾ। ਅਸਲ ਵਿਚ, ਰੂਸ ਨਾਲ ਯੂਕਰੇਨ ਦੇ ਸਬੰਧ ਵਿਗੜਨ ਵਿਚ ਯੂਰਪੀ ਯੂਨੀਅਨ ਦਾ ਵੀ ਵੱਡਾ ਹੱਥ ਰਿਹਾ ਹੈ। ਯੂਕਰੇਨ ਦਾ ਰਾਸ਼ਟਰਪਤੀ ਵਿਕਟਰ ਯਾਨੂਕੋਵਿਚ ਯੂਰਪੀ ਯੂਨੀਅਨ ਨਾਲ ਖੁੱਲ੍ਹਾ ਵਪਾਰ ਸਮਝੌਤਾ ਨਹੀਂ ਸੀ ਕਰਨਾ ਚਾਹੁੰਦਾ ਤੇ ਉਸ ਨੇ ਇਨ੍ਹਾਂ ਨਾਲ ਰਾਜਨੀਤਕ ਗੱਠਜੋੜ ਤੋਂ ਵੀ ਇਨਕਾਰ ਕਰ ਦਿੱਤਾ ਸੀ। ਉਸ ਦੀ ਪਾਰਲੀਮੈਂਟ ਵਿਚ ਬਹੁਗਿਣਤੀ ਵੀ ਸੀ ਪਰ ਯੂਰਪੀ ਯੂਨੀਅਨ ਦੇ ਭੜਕਾਏ ਵਿਰੋਧੀਆਂ ਨੇ ਰੈਵੋਲਿਊਸ਼ਨ ਆਫ ਡਿਗਨਿਟੀ ਦੇ ਨਾਂ ‘ਤੇ ਯਾਨੂਕੋਵਿਚ ਦਾ ਤਖਤਾ ਪਲਟ ਦਿੱਤਾ ਅਤੇ ਰਾਜ ਭਾਗ ਸੰਭਾਲ ਲਿਆ। ਇਹ ਨਵੀਂ ਸਰਕਾਰ ਯੂਰਪੀ ਯੂਨੀਅਨ ਅਤੇ ‘ਨਾਟੋ’ ਦੇ ਹੱਕ ਵਿਚ ਸੀ ਪਰ ਇਸ ਨੇ ਕੋਈ ਵੱਡਾ ਕਦਮ ਤਾਂ ਨਾ ਲਿਆ ਤੇ ਇਕ ਪਾਸੇ ਯੂਰਪੀ ਯੂਨੀਅਨ ਅਤੇ ‘ਨਾਟੋ’ ਅਤੇ ਦੂਜੇ ਪਾਸੇ ਰੂਸ ਵਿਚਕਾਰ ਪਲੜਾ ਬਰਾਬਰ ਰੱਖਣ ਦੀ ਕੋਸ਼ਿਸ਼ ਕਰਦੀ ਰਹੀ। ਉਂਜ, ਕੂਟਨੀਤਕ ਪੱਧਰ ਉਤੇ ਪੱਛਮੀ ਦੇਸ਼ਾਂ ਨਾਲ ਵਧੇਰੇ ਸਬੰਧ ਬਣਾਉਣ ਦੀਆਂ ਆਪਣੀਆਂ ਨੀਤੀਆਂ ਇਸ ਨੇ ਜਾਰੀ ਰੱਖੀਆਂ।
2004 ਵਿਚ ਚੈਕ ਰਿਪਬਲਿਕ, ਅਸਤੋਨੀਆ, ਹੰਗਰੀ, ਲੈਤਵੀਆ, ਲਿਥੂਨੀਆ, ਪੋਲੈਂਡ ਅਤੇ ਸਲੋਵਾਕੀਆ ਯੂਰਪੀ ਯੂਨੀਅਨ ਵਿਚ ਸ਼ਾਮਲ ਹੋ ਗਏ ਅਤੇ 2007 ਵਿਚ ਬੁਲਗਾਰੀਆ ਅਤੇ ਰੋਮਾਨੀਆ ਵੀ ਆ ਮਿਲੇ। ਇਸ ‘ਤੇ ਰੂਸ ਨੂੰ ਖਤਰਾ ਹੋ ਗਿਆ ਕਿ ਜੇ ਯੂਕਰੇਨ ਵੀ ਯੂਰਪੀ ਯੂਨੀਅਨ ਵਿਚ ਮਿਲ ਗਿਆ ਤਾਂ ਯੂਰਪੀ ਯੂਨੀਅਨ ਅਤੇ ‘ਨਾਟੋ’ ਦਾ ਵਿਸਥਾਰ ਉਸ ਦੀਆਂ ਹੱਦਾਂ ਤੱਕ ਹੋ ਜਾਏਗਾ ਅਤੇ ਰੂਸ ਲਈ ਲਾਲ ਸਾਗਰ ਤੱਕ ਪਹੁੰਚਣ ਵਿਚ ਰੁਕਾਵਟ ਖੜ੍ਹੀ ਹੋ ਜਾਵੇਗੀ। ਕੋਰੀਆ ਅਤੇ ਜਾਪਾਨ ਦੇ ਅਮਰੀਕਾ ਦੇ ਗੁੱਟ ਵਿਚ ਸ਼ਾਮਲ ਹੋਣ ਕਾਰਨ ਰੂਸ ਲਈ ਪ੍ਰਸ਼ਾਂਤ ਸਾਗਰ ਤੱਕ ਪਹੁੰਚਣਾ ਪਹਿਲਾਂ ਹੀ ਮੁਸ਼ਕਿਲ ਸੀ ਜਿਸ ਕਰਕੇ ਰੂਸ ਚਾਰੇ ਪਾਸਿਆਂ ਤੋਂ ਆਪਣੇ ਆਪ ਨੂੰ ਘਿਰਦਾ ਮਹਿਸੂਸ ਕਰਨ ਲੱਗਾ। 2019 ਵਿਚ ਯੂਕਰੇਨ ਨੇ ਆਪਣੇ ਸੰਵਿਧਾਨ ਵਿਚ ਯੂਰਪੀ ਯੂਨੀਅਨ ਅਤੇ ‘ਨਾਟੋ’ ਦਾ ਮੈਂਬਰ ਬਣਨ ਦੀ ਮੱਦ ਸ਼ਾਮਲ ਕਰ ਲਈ ਹੈ। ਇਸ ਨੂੰ ਰੂਸ ਆਪਣੇ ਲਈ ਵੱਡਾ ਖਤਰਾ ਸਮਝਦਾ ਹੈ ਤੇ ਰੂਸ ਦੇ ਇਸੇ ਡਰ ਨੇ ਤਾਜ਼ਾ ਹਾਲਾਤ ਨੂੰ ਜਨਮ ਦਿੱਤਾ ਹੈ। ਇਹ ਜੰਗ ਇਨ੍ਹਾਂ ਦੋਵਾਂ ਦੇਸ਼ਾਂ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਕਿਸੇ ਨਾ ਕਿਸੇ ਢੰਗ ਨਾਲ ਲਪੇਟ ਵਿਚ ਲੈ ਲਵੇਗਾ।
ਆਰਥਿਕ ਸੰਕਟ ਦੇ ਬੱਦਲ
ਰੂਸ ਤੇ ਯੂਕਰੇਨ ਦਰਮਿਆਨ ਯੁੱਧ ਦਾ ਅਸਰ ਵਪਾਰ ਅਤੇ ਆਰਥਿਕਤਾ ਉਤੇ ਵੀ ਪ੍ਰਭਾਵਿਤ ਹੋਵੇਗੀ। ਤੇਲ ਕੀਮਤਾਂ ਅਸਮਾਨੀਂ ਚੜ੍ਹ ਜਾਣਗੀਆਂ। ਭਾਰਤ ਵੀ ਇਸ ਸਥਿਤੀ ਨਾਲ ਪ੍ਰਭਾਵਿਤ ਹੋ ਸਕਦਾ ਹੈ। ਜਿਸ ਤਰ੍ਹਾਂ ਅਮਰੀਕਾ, ਕੈਨੇਡਾ ਸਮੇਤ ਸਮੁੱਚੇ ਯੂਰਪੀ ਅਤੇ ਏਸ਼ੀਆ ਦੇ ਪ੍ਰਭਾਵਸ਼ਾਲੀ ਮੁਲਕਾਂ ਨੇ ਰੂਸ ‘ਤੇ ਪਾਬੰਦੀਆਂ ਲਾਈਆਂ ਹਨ, ਉਸ ਨਾਲ ਯੂਰਪ ਸਮੇਤ ਹੋਰਨਾਂ ਮੁਲਕਾਂ ਵਿਚ ਕਣਕ, ਜੌਂ ਅਤੇ ਖਾਣ ਵਾਲੇ ਤੇਲਾਂ ਦੀ ਭਾਰੀ ਕਮੀ ਆ ਸਕਦੀ ਹੈ। ਭਾਰਤ ਸਮੇਤ ਸਮੁੱਚੀ ਦੁਨੀਆਂ ਲਈ ਸੂਰਜਮੁਖੀ ਦਾ 76 ਫੀਸਦੀ ਹਿੱਸਾ ਯੂਕਰੇਨ ਅਤੇ ਰੂਸ ਸਪਲਾਈ ਕਰਦੇ ਹਨ। ਇਹ ਦੋਵੇਂ ਮੁਲਕ ਪੂਰੀ ਦੁਨੀਆ ਨੂੰ 14 ਫੀਸਦੀ ਕਣਕ ਅਤੇ 29 ਫੀਸਦੀ ਹਰ ਕਿਸਮ ਦਾ ਅਨਾਜ ਸਪਲਾਈ ਕਰਦੇ ਹਨ। ਇਸੇ ਤਰ੍ਹਾਂ ਰੂਸ ਖਾਦਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ। ਇਸ ਨਾਲ ਖਾਦਾਂ ਦੀਆਂ ਕੀਮਤਾਂ ਵੀ ਵਧਣਗੀਆਂ। ਖਾਦਾਂ ਦੇ ਭਾਅ ਵਧਣ ਨਾਲ ਪੰਜਾਬ ਦੇ ਕਿਸਾਨਾਂ ਦੀ ਖੇਤੀ ਲਾਗਤ ਵੀ ਵਧੇਗੀ।