ਯੂਕਰੇਨ `ਤੇ ਹਮਲਾ: ਕੀ ਇਕੱਲਾ ਰੂਸ ਜ਼ਿੰਮੇਵਾਰ ਹੈ?

ਬੂਟਾ ਸਿੰਘ
ਫੋਨ: +91-94634-74342
ਪੱਛਮੀ ਮੁਲਕਾਂ ਅਤੇ ਰੂਸ ਵਿਚਕਾਰ ਭੇੜ ਦਾ ਨਤੀਜਾ ਯੂਕਰੇਨ ਉਤੇ ਹਮਲੇ ਦੇ ਰੂਪ ਵਿਚ ਨਿਕਲਿਆ ਹੈ। ਦੋਵੇਂ ਧਿਰਾਂ ਆਪੋ-ਆਪਣੇ ਮੁਫਾਦਾਂ ਖਾਤਰ ਸਮੁੱਚੀ ਦੁਨੀਆ ਨੂੰ ਬਲਦੀ ਦੇ ਮੂੰਹ ਪਾਉਣ ਤੋਂ ਵੀ ਗੁਰੇਜ਼ ਨਹੀਂ ਕਰ ਰਹੀਆਂ। ਇਹ ਲੇਖ ਜੋ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਉਚੇਚਾ ਇਸ ਜੰਗ ਦੇ ਪ੍ਰਸੰਗ ਵਿਚ ਲਿਖਿਆ ਹੈ, ਵਿਚ ਦੋਹਾਂ ਧਿਰਾਂ ਨੇ ਇਨ੍ਹਾਂ ਸੌੜੇ ਤੇ ਝੂਠੇ ਬਿਰਤਾਂਤਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਇਨ੍ਹਾਂ ਬਿਰਤਾਤਾਂ ਨੂੰ ਸੱਚ ਮੰਨਣ ਦੀ ਬਜਾਇ ਇਨ੍ਹਾਂ ਦੇ ਅਸਲ ਮਨਸੂਬਿਆਂ ਨੂੰ ਸਮਝਣ ਦਾ ਸੱਦਾ ਦਿੱਤਾ ਹੈ।

ਮਹਾ-ਸ਼ਕਤੀਆਂ ਦਾ ਆਪਸੀ ਚੌਧਰ-ਭੇੜ ਕਿਵੇਂ ਭਿਆਨਕ ਤਬਾਹੀ ਦਾ ਕਾਰਨ ਬਣਦਾ ਹੈ ਇਸ ਦੀ ਤਾਜ਼ਾ ਮਿਸਾਲ ਯੂਕਰੇਨ ਹੈ ਜਿਸ ਉਪਰ ਰੂਸ ਬੇਕਿਰਕ ਹਮਲੇ ਕਰ ਰਿਹਾ ਹੈ। ਜੇ ਗੱਲਬਾਤ ਰਾਹੀਂ ਵਿਵਾਦ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ‘ਚ ਇਸ ਖਿੱਤੇ ਦੇ ਲੋਕਾਂ ਨੂੰ ਵਿਆਪਕ ਤਬਾਹੀ ਦਾ ਸੰਤਾਪ ਝੱਲਣਾ ਪਵੇਗਾ। ਰੂਸ ਦੇ ਘੜੇ ਬਿਰਤਾਂਤ ਅਨੁਸਾਰ ਹਮਲੇ ਲਈ ਅਮਰੀਕਾ ਵੱਲੋਂ ਪੱਛਮੀ ਫੌਜੀ ਗੁੱਟ ਨਾਟੋ (ਨਾਰਥ ਐਂਟਲਾਟਿਕ ਟਰੀਟੀ ਆਰਗੇਨਾਈਜੇਸ਼ਨ) ਦਾ ਫੈਲਾਅ ਜ਼ਿੰਮੇਵਾਰ ਹੈ; ਅਮਰੀਕਾ ਦਾ ਕਹਿਣਾ ਹੈ ਕਿ ਇਹ ਸਥਿਤੀ ਰੂਸ ਦੀ ਸਾਮਰਾਜੀ ਲਾਲਸਾ ਕਾਰਨ ਪੈਦਾ ਹੋਈ ਹੈ। ਇਨ੍ਹਾਂ ਸੌੜੇ ਹਿਤਾਂ ਵਾਲੀਆਂ ਤਾਕਤਾਂ ਦੇ ਝੂਠੇ ਬਿਰਤਾਂਤਾਂ ਨੂੰ ਸੱਚ ਮੰਨਣ ਦੀ ਬਜਾਇ ਇਨ੍ਹਾਂ ਦੇ ਅਸਲ ਮਨਸੂਬਿਆਂ ਨੂੰ ਸਮਝਣਾ ਅਤੇ ਜੰਗ ਲਈ ਜ਼ਿੰਮੇਵਾਰ ਕਾਰਨਾਂ ਦੀ ਪਛਾਣ ਕਰਨਾ ਜ਼ਰੂਰੀ ਹੈ।
1991 ਵਿਚ ਸੋਵੀਅਤ ਯੂਨੀਅਨ ਦੀ ਸੰਸਾਰ ਸਲਤਨਤ ਢਹਿ-ਢੇਰੀ ਹੋ ਗਈ ਅਤੇ ਸਾਬਕਾ ਸੋਵੀਅਤ ਯੂਨੀਅਨ ਟੁੱਟ ਕੇ 15 ਆਜ਼ਾਦ ਮੁਲਕ ਬਣ ਗਏ। ਦੋ ਸਾਮਰਾਜੀ ਕੈਂਪਾਂ ਦਰਮਿਆਨ ਠੰਢੀ ਜੰਗ ਸਮਾਪਤ ਜ਼ਰੂਰ ਹੋ ਗਈ ਪਰ ਇਹ ਉਨ੍ਹਾਂ ਦਰਮਿਆਨ ਸ਼ਰੀਕਾ-ਭੇੜ ਦੀ ਸਮਾਪਤੀ ਨਹੀਂ ਸੀ। ਸਮੇਂ ਨਾਲ ਰੂਸੀ ਹੁਕਮਰਾਨ ਗੁੱਟ ਨੇ ਅੰਦਰੂਨੀ ਆਰਥਕ-ਰਾਜਨੀਤਕ ਅਸਥਿਰਤਾ ‘ਤੇ ਕਾਬੂ ਪਾ ਲਿਆ ਅਤੇ ਫੌਜੀ ਤਾਕਤ ਮੁੜ ਮਜ਼ਬੂਤ ਕਰ ਲਈ। ਇਸ ਨੇ ਆਪਣੀ ਪੁਰਾਣੀ ਸਾਮਰਾਜੀ ਸ਼ਾਨ ਅਤੇ ਖੁੱਸੇ ਹੋਏ ਇਲਾਕੇ ਮੁੜ ਹਾਸਲ ਕਰਨ ਲਈ ਜ਼ੋਰ ਅਜ਼ਮਾਈ ਸ਼ੁਰੂ ਕਰ ਦਿੱਤੀ। 2008 ‘ਚ ਜਾਰਜੀਆ ਉਪਰ ਸਿੱਧੇ ਹਮਲੇੇ ਅਤੇ 2014 ‘ਚ ਯੂਕਰੇਨ ਅੰਦਰ ਕਰੀਮੀਆ ਵਿਰੁੱਧ ਹਮਲਾਵਰ ਦਖਲਅੰਦਾਜ਼ੀ ਨਾਲ ਇਸ ਦੇ ਸਾਮਰਾਜਵਾਦੀ ਇਰਾਦੇ ਖੁੱਲ੍ਹ ਕੇ ਸਾਹਮਣੇ ਆ ਗਏ। 2014 ‘ਚ ਅਮਰੀਕਾ ਨੇ ਯੂਕਰੇਨ ਦੀ ਰੂਸ ਪੱਖੀ ਸਰਕਾਰ ਅਤੇ ਉਸ ਦੇ ਰਾਸ਼ਟਰਪਤੀ ਨੂੰ ਸੱਤਾ ਤੋਂ ਪਾਸੇ ਕਰਕੇ ਆਪਣੇ ਪੱਖੀ ਹਕੂਮਤ ਬਣਾ ਲਈ ਅਤੇ ਘੋਰ ਪਿਛਾਖੜੀ ਨਾਜ਼ੀਵਾਦੀ ਤਾਕਤਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ। ਉਦੋਂ ਤੋਂ ਹੀ ਯੂਕਰੇਨ ਰੂਸ ਦੇ ਨਿਸ਼ਾਨੇ ‘ਤੇ ਹੈ। ਇਹ ਸੀਰੀਆ ‘ਚ ਵੀ ਸਿੱਧੀ ਕਾਰਵਾਈ ਕਰਕੇ ਅਮਰੀਕਾ/ਨਾਟੋ ਗੱਠਜੋੜ ਨੂੰ ਆਪਣੇ ਤੇਵਰ ਦਿਖਾ ਚੁੱਕਾ ਹੈ। ਬਲੈਕ ਸਾਗਰ ਅੰਦਰ ਇਹ ਅਮਰੀਕਾ ਅਤੇ ਨਾਟੋ ਦੀ ਫੌਜੀ ਤਾਕਤ ਨੂੰ ਕਮਜ਼ੋਰ ਕਰਕੇ ਆਪਣੀ ਪਹੁੰਚ ਮਜ਼ਬੂਤ ਬਣਾਉਣ ‘ਚ ਜੁੱਟਿਆ ਹੋਇਆ ਹੈ। ਹਾਲੀਆ ਰੂਸੀ ਹਮਲੇ ਦੀ ਭੜਕਾਹਟ ਦੀ ਵਜ੍ਹਾ ਭਾਵੇਂ ਰੂਸੀ ਸਰਹੱਦਾਂ ਉਪਰ ਅਮਰੀਕਾ ਵੱਲੋਂ ਨਾਟੋ ਦਾ ਫੈਲਾਅ ਹੈ ਅਤੇ ਭਾਵੇਂ ਅਮਰੀਕਾ/ਨਾਟੋ ਗੁੱਟ ਹਾਲਾਤ ਨੂੰ ਭੜਕਾਉਣ ਵਾਲਾ ਮੁੱਖ ਮੁਜਰਿਮ ਹੈ, ਫਿਰ ਵੀ ਹਤਿਆਰੇ ਪੂਤਿਨ ਦੀ ਅਗਵਾਈ ਹੇਠ ਰੂਸ ਜੋ ਕਰ ਰਿਹਾ ਹੈ, ਉਹ ਸਾਮਰਾਜਵਾਦੀ ਹਮਲਾ ਹੈ ਜੋ ਕਿਸੇ ਵੀ ਤਰ੍ਹਾਂ ਰੂਸ ਅਤੇ ਯੂਕਰੇਨ ਦੇ ਲੋਕਾਂ ਦੇ ਭਲੇ ਲਈ ਨਹੀਂ। ਹੁਣ ਰੂਸ ਪੂਰਬ ਵੱਲ ਨਾਟੋ ਦੇ ਵਿਸਤਾਰ ਦੇ ਬਹਾਨੇ ਅਤੇ ਯੂਕਰੇਨ ਨੂੰ ਨਾਜ਼ੀਵਾਦੀ ਤਾਕਤਾਂ ਤੋਂ ਮੁਕਤ ਕਰਾਉਣ ਦੇ ਬਹਾਨੇ ਫੌਜੀ ਹਮਲੇ ਰਾਹੀਂ ਯੂਕਰੇਨ ਦੀ ਫੌਜੀ ਤਾਕਤ ਨੂੰ ਕੁਚਲਣਾ ਚਾਹੁੰਦਾ ਹੈ ਅਤੇ ਉਥੇ ਮੁੜ ਆਪਣੇ ਪੱਖੀ ਹਕੂਮਤ ਬਣਾਉਣੀ ਚਾਹੁੰਦਾ ਹੈ। ਇਸ ਮਨੋਰਥ ਲਈ ਯੂਕਰੇਨ ਉਪਰ ਤਬਾਹੀ ਮਚਾਉਣ ਵਾਲੀ ਜੰਗ ਥੋਪ ਦਿੱਤੀ ਹੈ। ਰੂਸੀ ਫੌਜ ਵੱਲੋਂ ਯੂਕਰੇਨ ਦੀ ਨਾਗਰਿਕ ਆਬਾਦੀ ਉਪਰ ਮਿਜ਼ਾਈਲਾਂ ਅਤੇ ਟੈਂਕਾਂ ਨਾਲ ਹਮਲੇ ਕੀਤੇ ਜਾ ਰਹੇ ਹਨ। 2014 ਤੋਂ ਲੈ ਕੇ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ ਤਾਂ ਹੁੰਦੀ ਰਹੀ ਹੈ। ਦੋ ਵਾਰ ਮਿੰਸਕ ਸਮਝੌਤੇ ਵੀ ਹੋਏ ਲੇਕਿਨ ਮੋਹਰੀ ਯੂਰਪੀ ਮੁਲਕਾਂ ਦੀ ਵਿਚੋਲਗੀ ਨਾਲ ਵੀ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ।
ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਾਇਆ ਜਾਵੇ ਜਾਂ ਨਹੀਂ, ਇਸ ਉਪਰ ਭੇੜ ਦਰਅਸਲ ਖੇਤਰਾਂ ਉਪਰ ਕਬਜ਼ੇ ਨੂੰ ਲੈ ਕੇ ਦੋ ਸਾਮਰਾਜਵਾਦੀ ਗੁੱਟਾਂ ਦਰਮਿਆਨ ਭੇੜ ਹੈ। ਸੰਸਾਰ ਗਲਬੇ ਲਈ ਯੂਰਪ ਉਪਰ ਕੰਟਰੋਲ ਰੂਸ ਅਤੇ ਅਮਰੀਕਾ ਦੋਵਾਂ ਲਈ ਅਤਿਅੰਤ ਮਹੱਤਵਪੂਰਨ ਹੈ। ਇਸੇ ਕਰਕੇ, ਸੋਵੀਅਤ ਯੂਨੀਅਨ ਦੇ ਟੁੱਟਣ ਦੇ ਸਮੇਂ ਤੋਂ ਹੀ ਅਮਰੀਕਨ ਸਾਮਰਾਜਵਾਦ ਯੂਰਪ ਉਪਰ ਮੁਕੰਮਲ ਗਲਬਾ ਕਾਇਮ ਕਰਨ ਲਈ ਯਤਨਸ਼ੀਲ ਹੈ। ਸੋਵੀਅਤ ਸਾਮਰਾਜਵਾਦ ਦੀ ਅਗਵਾਈ ਹੇਠ ਵਾਰਸਾ ਡਿਫੈਂਸ ਸੰਧੀ ਕਾਰਨ ਅਮਰੀਕਾ ਲਈ ਮਨਮਾਨੀਆਂ ਕਰਨਾ ਸੰਭਵ ਨਹੀਂ ਸੀ। 1989 ‘ਚ ਸੋਵੀਅਤ ਰਾਸ਼ਟਰਪਤੀ ਗੋਰਬਾਚੇਵ ਨਾਲ ਇਹ ਵਾਅਦਾ ਕਰਕੇ ਵਾਰਸਾ ਸੰਧੀ ਤੁੜਵਾਈ ਗਈ ਸੀ ਕਿ ਪੂਰਬ ਵੱਲ ਨਾਟੋ ਦਾ ਵਿਸਤਾਰ ਨਹੀਂ ਕੀਤਾ ਜਾਵੇਗਾ ਪਰ 1991 ਦੇ ਅੰਤ ‘ਚ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਅਮਰੀਕਨ ਸਾਮਰਾਜਵਾਦ ਨੇ ਰੂਸ ਨੂੰ ਹਮੇਸ਼ਾ ਵਾਸਤੇ ਘੇਰਨ ਲਈ ਉਪਰੋਕਤ ਸਹਿਮਤੀ ਦੀ ਉਲੰਘਣਾ ਕਰਕੇ ਨਾਟੋ ਦਾ ਫੈਲਾਅ ਸ਼ੁਰੂ ਕਰ ਦਿੱਤਾ। ਨਾਟੋ ਤਾਕਤਾਂ ਪੂਰਬ ‘ਚ ਰੂਸੀ ਸਰਹੱਦਾਂ ਦੇ ਬਹੁਤ ਕਰੀਬ ਪਹੁੰਚ ਗਈਆਂ। ਨਾਟੋ ਨੇ ਕਿਸੇ ਵੀ ਮੁਲਕ ਨੂੰ ਮੈਂਬਰ ਬਣਨ ਦੀ ਖੁੱਲ੍ਹ ਦੇ ਦਿੱਤੀ। 1999 ਤੋਂ ਲੈ ਕੇ ਪੂਰਬੀ ਯੂਰਪ ਦੇ 14 ਨਵੇਂ ਮੁਲਕ ਨਾਟੋ ਦੇ ਮੈਂਬਰ ਬਣ ਚੁੱਕੇ ਹਨ ਅਤੇ ਅਮਰੀਕਾ ਯੂਕਰੇਨ ਨੂੰ ਮੈਂਬਰ ਬਣਾਉਣਾ ਚਾਹੁੰਦਾ ਹੈ। ਇਨ੍ਹਾਂ 14 ‘ਚੋਂ ਕਈ ਮੁਲਕ ਯੂਰਪੀ ਯੂਨੀਅਨ ਦੇ ਮਂੈਬਰ ਹੋਣ ਦੇ ਬਾਵਜੂਦ ਅਮਰੀਕਾ ਦੇ ਜ਼ਿਆਦਾ ਨੇੜੇ ਹਨ। ਨਾਟੋ ਬਣਾਏ ਜਾਣ ਸਮੇਂ ਅਮਰੀਕਨ ਸਾਮਰਾਜਵਾਦੀਆਂ ਕੋਲ ਬਹਾਨਾ ਸੀ ਕਿ ਸੋਵੀਅਤ ਯੂਨੀਅਨ ਦੀ ਅਗਵਾਈ ਹੇਠਲੀ ਵਾਰਸਾ ਸੰਧੀ ਤੋਂ ਪੱਛਮੀ ਮੁਲਕਾਂ ਦੀ ਸੁਰੱਖਿਆ ਨੂੰ ਖਤਰਾ ਹੈ। ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਵਾਰਸਾ ਸੰਧੀ ਖਤਮ ਕਰ ਦਿੱਤੀ ਗਈ, ਫਿਰ ਵੀ ਪੱਛਮੀ ਮੁਲਕ ਨਾਟੋ ਤੋਂ ਵੱਖ ਨਹੀਂ ਹੋਏ। ਅਮਰੀਕਾ ਨੇ ਨਾਟੋ ਨੂੰ ਤੋੜਨ ਦੀ ਬਜਾਇ ਹੋਰ ਫੈਲਾਉਣਾ ਸ਼ੁਰੂ ਕਰ ਦਿੱਤਾ। ਯੂਕਰੇਨ ਵਿਚ ਅਮਰੀਕਾ ਨੇ ਘੋਰ ਪਿਛਾਖੜੀ ਨਾਜ਼ੀਵਾਦੀ ਤਾਕਤਾਂ ਨੂੰ ਮਜ਼ਬੂਤ ਕੀਤਾ। ਇਸੇ ਕਾਰਨ ਰੂਸ 1999 ਤੋਂ ਪਹਿਲਾ ਦਰਜਾ ਮੁੜ ਸਥਾਪਤ ਕਰਨ ਦੀ ਮੰਗ ਕਰ ਰਿਹਾ ਹੈ ਅਤੇ ਯੂਕਰੇਨ ਨੂੰ ਕੁਚਲ ਕੇ ਗਲਬਾ ਚਾਹੁੰਦਾ ਹੈ। ਪੂਤਿਨ ਲੈਨਿਨ ਅਤੇ ਸਟਾਲਿਨ ਨੂੰ ਕੋਸ ਰਿਹਾ ਹੈ ਜਿਨ੍ਹਾਂ ਨੇ ਯੂਕਰੇਨ ਨੂੰ ਪੈਦਾ ਕਰਕੇ ‘ਗਲਤ’ ਕੀਤਾ।
ਯੂਕਰੇਨ ਦੇ ਮੁੱਦੇ ਉਪਰ ਭਵਿੱਖੀ ਸੰਕਟ ਦੀ ਨੀਂਹ 2008 ‘ਚ ਹੀ ਰੱਖੀ ਗਈ ਸੀ ਜਦੋਂ ਅਮਰੀਕਨ ਮੁਖੀ ਜਾਰਜ ਬੁਸ਼ ਦੇ ਕਹਿਣ ‘ਤੇ ਨਾਟੋ ਵੱਲੋਂ ਯੂਕਰੇਨ ਅਤੇ ਜਾਰਜੀਆ ਨੂੰ ਮੈਂਬਰ ਬਣਾਉਣ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ। ਇਸ ਦੇ ਪ੍ਰਤੀਕਰਮ ‘ਚ ਰੂਸ ਨੇ ‘ਰੂਸੀ ਘੱਟਗਿਣਤੀਆਂ ਨੂੰ ਸੁਰੱਖਿਅਤ ਕਰਨ ਲਈ’ ਜਾਰਜੀਆ ਵਿਚ ਦਖਲਅੰਦਾਜ਼ੀ ਕਰਕੇ ਇਸ ਦੇ ਦੋ ਪੂਰਬੀ ਸੂਬਿਆਂ ਉਪਰ ਕਬਜ਼ਾ ਕਰ ਲਿਆ। ਫਿਰ 2014 ‘ਚ ਇਸ ਨੇ ਕਰੀਮੀਆ ਉਪਰ ਕਬਜ਼ਾ ਕਰ ਲਿਆ ਜੋ ਨਾ ਸਿਰਫ ਭੂਮੱਧ ਸਾਗਰ ਸਗੋਂ ਸੀਰੀਆ ਵਿਚ ਇਸ ਦੀ ਨੇਵੀ ਦੇ ਅੱਡਿਆਂ ਤੱਕ ਪਹੁੰਚ ਲਈ ਯੁੱਧਨੀਤਕ ਤੌਰ ‘ਤੇ ਮਹੱਤਵਪੂਰਨ ਹੈ। ਫਿਰ ਇਸ ਨੇ ਯੂਕਰੇਨ ਦੇ ਡੋਨਬਾਸ ਖੇਤਰ ਵਿਚ ਰੂਸੀ ਬਹੁਗਿਣਤੀ ਵਾਲੇ ਡੋਨੈਸਕ ਅਤੇ ਲੁਹਾਂਸਕ ਨੂੰ ਆਜ਼ਾਦ ਕਰਾਉਣ ਲਈ ਦਖਲਅੰਦਾਜ਼ੀ ਕੀਤੀ। ਇਸ ਦੇ ਜਵਾਬ ‘ਚ ਅਮਰੀਕਾ ਅਤੇ ਨਾਟੋ ਨੇ 2019 ਅਤੇ 2020 ‘ਚ ਯੂਕਰੇਨ ਨਾਲ ਭਾਈਵਾਲੀ ਵਧਾ ਕੇ ਬਲੈਕ ਸਾਗਰ ਵਿਚ ਸਮੁੰਦਰੀ ਫੌਜ ਦੀ ਤਾਕਤ ਵਧਾ ਲਈ। ਇਸ ਨੂੰ ਰੂਸ ਨੇ ਗੰਭੀਰ ਖਤਰੇ ਵਜੋਂ ਲੈ ਕੇ ਇਸ ਦਾ ਮੁਕਾਬਲਾ ਕਰਨ ਦੀ ਠਾਣ ਲਈ।
ਲਿਹਾਜ਼ਾ, ਮੌਜੂਦਾ ਹਮਲੇ ਲਈ ਰੂਸ ਇਕੱਲਾ ਗੁਨਾਹਗਾਰ ਨਹੀਂ ਹੈ, ਅਮਰੀਕਨ ਸਾਮਰਾਜਵਾਦੀਆਂ ਵੱਲੋਂ ਨਾਟੋ ਦਾ ਫੈਲਾਅ ਅਤੇ ਇਸ ਵਿਚ ਪੱਛਮੀ ਸਾਮਰਾਜਵਾਦੀਆਂ ਦੀ ਮਿਲੀਭੁਗਤ ਬਰਾਬਰ ਗੁਨਾਹਗਾਰ ਹੈ।
ਦਰਅਸਲ, ਇਹ ਸੰਸਾਰ ਮੰਡੀਆਂ ਉਪਰ ਵੱਧ ਤੋਂ ਵੱਧ ਕਬਜ਼ੇ ਅਤੇ ਚੌਧਰ ਲਈ ਇਕ ਪਾਸੇ ਰੂਸੀ-ਚੀਨੀ ਅਤੇ ਦੂਜੇ ਪਾਸੇ ਅਮਰੀਕਨ ਤੇ ਇਸ ਦੇ ਜੋਟੀਦਾਰ ਪੱਛਮੀ ਸਾਮਰਾਜੀਆਂ ਦਾ ਭੇੜ ਹੈ ਅਤੇ ਇਸ ਲਈ ਸਾਮਰਾਜੀ ਤਾਕਤਾਂ ਦੀ ਮੰਡੀਆਂ ਲਈ ਲਾਲਸਾ ਜ਼ਿੰਮੇਵਾਰ ਹੈ। ਅਮਰੀਕਨ ਸਾਮਰਾਜਵਾਦੀਆਂ ਨੂੰ ਭਰਮ ਹੋ ਗਿਆ ਸੀ ਕਿ ਹੁਣ ਉਹ ਮਨਮਰਜ਼ੀ ਨਾਲ ਦੁਨੀਆ ਉਪਰ ਮੁਕੰਮਲ ਗਲਬਾ ਪਾ ਸਕਦੇ ਹਨ, ਕੋਈ ਉਨ੍ਹਾਂ ਨੂੰ ਰੋਕਣ ਵਾਲਾ ਨਹੀਂ ਹੈ। ਉਨ੍ਹਾਂ ਨੇ ਸਰਬੀਆ, ਇਰਾਕ, ਅਫਗਾਨਿਸਤਾਨ, ਲਿਬੀਆ, ਸੋਮਾਲੀਆ ਅਤੇ ਹੋਰ ਬਹੁਤ ਸਾਰੇ ਮੁਲਕਾਂ ਉਪਰ ਹਮਲੇ ਕਰਕੇ ਭਿਆਨਕ ਤਬਾਹੀ ਮਚਾਈ। ਉਨ੍ਹਾਂ ਦਾ ਖੂਨੀ ਦਹਿਸ਼ਤਗਰਦ ਕਿਰਦਾਰ ਕੁਲ ਆਲਮ ਨੂੰ ਪਤਾ ਹੈ। ਇਸ ਦਰਮਿਆਨ ਚੀਨ ਅਤੇ ਰੂਸ ਨੇ ਆਪਣੀ ਤਾਕਤ ਉਸਾਰ ਲਈ। ਪੂਤਿਨ ਦੀ ਅਗਵਾਈ ਹੇਠ ਰੂਸੀ ਹੁਕਮਰਾਨ ਜਮਾਤ ਨੇ ਮੁੜ ਤਾਕਤਵਰ ਹੋ ਕੇ ਪੂਰਬੀ ਯੂਰਪ ਅਤੇ ਹੋਰ ਮੁਲਕਾਂ ‘ਚ ਅਮਰੀਕਨ ਫੈਲਾਅ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਾਰਜੀਆ ਅਤੇ ਅਜ਼ਰਬਾਈਜਾਨ ਵਿਚ ਜੰਗਾਂ ਅਤੇ ਸੀਰੀਆ ਵਿਚ ਅਸਦ ਹਕੂਮਤ ਦੀ ਰਾਖੀ ਲਈ ਹਥਿਆਰਬੰਦ ਦਖਲਅੰਦਾਜ਼ੀ ਇਸ ਦੀ ਸਾਮਰਾਜੀ ਦਾਅਵੇਦਾਰੀ ਦੀਆਂ ਮਿਸਾਲਾਂ ਹਨ। ਯੂਕਰੇਨ ਉਪਰ ਹਮਲਾ ਇਸੇ ਨੀਤੀ ਦੀ ਲਗਾਤਾਰਤਾ ਹੈ।
ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਅਮਰੀਕਨ ਮਹਾ-ਸ਼ਕਤੀ ਸੰਸਾਰ ਚੌਧਰੀ ਬਣ ਕੇ ਦੁਨੀਆ ਦੇ ਕਮਜ਼ੋਰ ਮੁਲਕਾਂ ਉਪਰ ਸਾਮਰਾਜੀ ਧੌਂਸ ਜਮਾਉਂਦੀ ਆ ਰਹੀ ਸੀ। ਇਕ ਧਰੁਵੀ ਸੰਸਾਰ ਵਿਚ ਅਮਰੀਕਾ ਦਾ ਗਲਬਾ ਚੱਲਦਾ ਰਿਹਾ ਪਰ ਰੂਸ ਦੇ ਸਾਮਰਾਜਵਾਦੀ ਤਾਕਤ ਵਜੋਂ ਮੁੜ ਸੰਭਲ ਜਾਣ ਅਤੇ ਮਜ਼ਬੂਤ ਆਰਥਕ ਤਾਕਤ ਚੀਨ ਨਾਲ ਇਸ ਦੀ ਯੁੱਧਨੀਤਕ ਸਾਂਝ ਨੇ ਆਲਮੀ ਤਾਕਤਾਂ ਦਾ ਸੰਤੁਲਨ ਬਦਲ ਦਿੱਤਾ ਅਤੇ ਰੂਸ ਨੇ ਅਮਰੀਕਾ ਦੀ ਸੰਸਾਰ ਚੌਧਰ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ। ਰੂਸ ਅਤੇ ਅਮਰੀਕਾ ਦੋਵੇਂ ਯੂਕਰੇਨ ਉਪਰ ਮੁਕੰਮਲ ਗਲਬਾ ਪਾਉਣਾ ਚਾਹੁੰਦੇ ਹਨ ਲੇਕਿਨ ਅਮਰੀਕਾ ਹੁਣ ਇਸ ਹਾਲਤ ‘ਚ ਨਹੀਂ ਹੈ ਕਿ ਇਕੱਲਾ ਹੀ ਦੁਨੀਆ ‘ਚ ਮਨਮਾਨੀਆਂ ਕਰ ਸਕੇ। ਅਮਰੀਕਾ ਅਤੇ ਉਸ ਦੇ ਸਾਮਰਾਜੀ ਸ਼ਰੀਕ ਯੂਰਪੀ ਯੂਨੀਅਨ ਤੋਂ ਇਲਾਵਾ ਹੁਣ ਰੂਸ ਅਤੇ ਚੀਨ ਵੀ ਸੰਸਾਰ ਮੰਡੀਆਂ ਉਪਰ ਕਾਬਜ਼ ਹੋਣ ਲਈ ਸਾਮਰਾਜੀ ਭੇੜ ਦੀਆਂ ਮਜ਼ਬੂਤ ਮੁਕਾਬਲੇਬਾਜ਼ ਤਾਕਤਾਂ ਬਣ ਕੇ ਉਸ ਦਾ ਰਾਹ ਰੋਕੀ ਖੜ੍ਹੇ ਹਨ। ਇਹੀ ਵਜਾ੍ਹ ਹੈ ਕਿ ਅਮਰੀਕਾ ਆਪਣੇ ਪਿੱਠੂ ਯੂਕਰੇਨੀ ਹਾਕਮਾਂ ਨੂੰ ਬਚਾਉਣ ਲਈ ਜੰਗ ਵਿਚ ਸਿੱਧਾ ਸ਼ਾਮਿਲ ਹੋਣ ਤੋਂ ਗੁਰੇਜ਼ ਕਰ ਰਿਹਾ ਹੈ ਅਤੇ ਰੂਸ ਵਿਰੁੱਧ ਆਰਥਕ ਪਾਬੰਦੀਆਂ ਦਾ ਸਹਾਰਾ ਲੈ ਰਿਹਾ ਹੈ। ਅਮਰੀਕਾ ਆਪਣੇ ਜੋਟੀਦਾਰ ਨਾਟੋ ਦੇ ਮੈਂਬਰ ਮੁਲਕਾਂ ਨੂੰ ਵੀ ਇਸ ਜੰਗ ‘ਚ ਖਿੱਚ ਲਿਆਉਣ ਦੀ ਪਹਿਲਾਂ ਵਾਲੀ ਹਾਲਤ ‘ਚ ਨਹੀਂ ਹੈ ਜਦੋਂ ਇਰਾਕ ਉਪਰ ਧਾੜਵੀ ਹਮਲੇ ਸਮੇਂ ਇਸ ਨੇ ਉਨ੍ਹਾਂ ਨੂੰ ਆਪਣੇ ਨਾਲ ਜੋੜ ਲਿਆ ਸੀ।
ਲੋਕਾਂ ਅਤੇ ਸਾਮਰਾਜੀ ਤਾਕਤਾਂ ਦੇ ਜੰਗਾਂ ਨੂੰ ਸਹੀ ਜਾਂ ਗਲਤ ਠਹਿਰਾਉਣ ਦੇ ਨਜ਼ਰੀਏ ਪੂਰੀ ਤਰ੍ਹਾਂ ਵਿਰੋਧੀ ਹਨ। ਧਾੜਵੀ ਤਾਕਤਾਂ ਲਈ ਹਮਲੇ ਨੂੰ ਸਹੀ ਠਹਿਰਾਉਣ ਦਾ ਪੈਮਾਨਾ ਹਮਲੇ ਦੀ ਪਹਿਲ ਹੈ ਪਰ ਲੋਕਾਂ ਦੇ ਨਜ਼ਰੀਏ ਤੋਂ ਨਹੱਕੀਆਂ ਜੰਗਾਂ ਦੀ ਕੋਈ ਵਾਜਬੀਅਤ ਨਹੀਂ ਹੈ ਅਤੇ ਇਨ੍ਹਾਂ ਦਾ ਡੱਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਜੰਗਾਂ ਦਾ ਫੈਸਲਾ ਲੋਕ ਦੁਸ਼ਮਣ ਹੁਕਮਰਾਨ ਆਪਣੇ ਲੋਟੂ ਹਿਤਾਂ ਨੂੰ ਮੁੱਖ ਰੱਖ ਕੇ ਕਰਦੇ ਹਨ ਅਤੇ ਇਨ੍ਹਾਂ ਨਾਲ ਹੋਣ ਵਾਲੀ ਭਿਆਨਕ ਤਬਾਹੀ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਯੂਕਰੇਨ ਤੋਂ ਇਲਾਵਾ ਬਾਕੀ ਦੁਨੀਆ ਦੇ ਲੋਕਾਂ ਨੂੰ ਵੀ ਜੰਗ ਕਾਰਨ ਤੇਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਣ ਕਰਕੇ ਭਾਰੀ ਆਰਥਕ ਬੋਝ ਝੱਲਣਾ ਪਵੇਗਾ। ਯੂਕਰੇਨ ਬਾਰੇ ਕੋਈ ਵੀ ਫੈਸਲਾ ਲੈਣ ਦਾ ਹੱਕ ਨਾ ਆਪੇ ਬਣੇ ਸੰਸਾਰ ਥਾਣੇਦਾਰ ਅਮਰੀਕਾ ਨੂੰ ਹੈ, ਨਾ ਯੂਰਪੀ ਯੂਨੀਅਨ ਨੂੰ, ਨਾ ਰੂਸ ਅਤੇ ਚੀਨ ਨੂੰ। ਇਸ ਦਾ ਹੱਕ ਸਿਰਫ ਅਤੇ ਸਿਰਫ ਯੂਕਰੇਨ ਦੇ ਲੋਕਾਂ ਨੂੰ ਹੈ।
ਰੂਸ ਦੇ ਪਸਾਰਵਾਦੀ ਹਮਲੇ ਨੇ ਭਾਵੇਂ ਯੂਕਰੇਨ ਦੇ ਲੋਕਾਂ ‘ਚ ਆਪਣੇ ਵਤਨ ਦੀ ਰਾਖੀ ਦੇ ਦੇਸ਼ਭਗਤ ਜਜ਼ਬਾਤ ਜਗਾਏ ਹਨ ਅਤੇ ਉਹ ਹਮਲੇ ਵਿਰੁੱਧ ਹਕੂਮਤ ਦੀ ਫੌਜੀ ਲਾਮਬੰਦੀ ਦਾ ਸਾਥ ਦੇ ਰਹੇ ਹਨ ਪਰ ਇਸ ਨਾਲ ਯੂਕਰੇਨ ਦੀ ਮੌਜੂਦਾ ਹਕੂਮਤ ਦਾ ਲੋਕ ਦੁਸ਼ਮਣ ਖਾਸਾ ਨਹੀਂ ਬਦਲ ਜਾਂਦਾ। ਯੂਕਰੇਨ ਦੀ ਕੁਲ-ਅਖਤਿਆਰ ਸੁਤੰਤਰ ਹੈਸੀਅਤ ਦੀ ਬਜਾਇ ਯੂਕਰੇਨ ਦੀ ਹੁਕਮਰਾਨ ਜਮਾਤ ਸਾਮਰਾਜੀ ਧੜਿਆਂ ਦੀ ਧਾੜਵੀ ਸ਼ਰੀਕੇਬਾਜ਼ੀ ‘ਚ ਉਨ੍ਹਾਂ ਨਾਲ ਗੰਢ-ਚਿਤਰਾਵਾ ਕਰਦੇ ਚੱਲਦੀ ਆ ਰਹੀ ਹੈ, ਸੋ ਇਹ ਵੀ ਯੂਕਰੇਨ ਦੇ ਲੋਕਾਂ ਨੂੰ ਜੰਗ ਦੇ ਮੂੰਹ ਧੱਕਣ ਦੀ ਜ਼ਿੰਮੇਵਾਰੀ ਤੋਂ ਬਰੀ ਨਹੀਂ ਹੈ।
ਭਾਰਤ ਦੀ ਭਗਵੀਂ ਹਕੂਮਤ ਬੁਰੀ ਤਰ੍ਹਾਂ ਫਸੀ ਹੋਈ ਹੈ। ਇਹ ਆਪਣੇ ਅਮਰੀਕਨ ਆਕਾਵਾਂ ਨੂੰ ਨਾਰਾਜ਼ ਨਹੀਂ ਕਰ ਸਕਦੀ ਅਤੇ ਖੁੱਲ੍ਹ ਕੇ ਉਨ੍ਹਾਂ ਦਾ ਸਾਥ ਦੇ ਕੇ ਰੂਸ ਦੀ ਪੂਤਿਨ ਹਕੂਮਤ ਦਾ ਵਿਰੋਧ ਵੀ ਨਹੀਂ ਸਹੇੜਣਾ ਚਾਹੁੰਦੀ। ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਨਾ ਚਾਹੁੰਦਿਆਂ ਵੀ ਕੁਝ ਨਾ ਕੁਝ ਕਰਨਾ ਇਸ ਦੀ ਮਜਬੂਰੀ ਹੈ। ‘ਮਨ ਕੀ ਬਾਤ’ ਵਿਚ ਮੋਦੀ ਨੇ ਵਿਦਿਆਰਥੀਆਂ ਨੂੰ ਕੋਸਿਆ ਕਿ ਉਹ ਭਾਰਤ ਵਿਚ ਡਾਕਟਰੀ ਦੀ ਪੜ੍ਹਾਈ ਕਿਉਂ ਨਹੀਂ ਕਰਦੇ ਪਰ ਉਸ ਨੇ ਭਾਰਤ ਦੇ ਸਿੱਖਿਆ ਪ੍ਰਬੰਧ ਵੱਲੋਂ ਮਚਾਈ ਅੰਨ੍ਹੀ ਲੁੱਟ ਬਾਰੇ ਬੇਸ਼ਰਮੀ ਨਾਲ ਚੁੱਪ ਧਾਰ ਲਈ। ਯੂਕਰੇਨ ‘ਚ ਐਮ.ਬੀ.ਬੀ.ਐਸ. ਦੀ ਸਾਢੇ ਪੰਜ ਸਾਲ ਦੀ ਪੜ੍ਹਾਈ ਦਾ ਪੂਰਾ ਖਰਚ ਤਕਰੀਬਨ 25 ਲੱਖ ਰੁਪਏ ਹੈ। ਆਰ.ਐਸ.ਐਸ.-ਬੀ.ਜੇ.ਪੀ. ਦੇ ‘ਰਾਮ ਰਾਜ’ ਵਿਚ ਪ੍ਰਾਈਵੇਟ ਕਾਲਜਾਂ ਵਿਚ ਇਹ ਖਰਚਾ 75 ਲੱਖ ਤੋਂ ਲੈ ਕੇ ਇਕ ਕਰੋੜ 15 ਲੱਖ ਤੋਂ ਵੀ ਉਪਰ ਹੈ। ਭਾਰੀ ਲੁੱਟ ਤੋਂ ਬਚਣ ਲਈ ਵਿਦਿਆਰਥੀ ਆਪਣੇ ਮੁਲਕ ਦੀ ਬਜਾਇ ਯੂਕਰੇੇਨ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਨੂੰ ਤਰਜੀਹ ਦਿੰਦੇ ਹਨ।
ਰੂਸ ਨਾਲ ਯੂਕਰੇਨ ਦੇ ਹੁਕਮਰਾਨਾਂ ਦੇ ਟਕਰਾਓ ਦੇ ਪ੍ਰਤੱਖ ਕਾਰਨ ਹਨ ਪਰ ਹਮਲੇ ਨਾਲ ਤਬਾਹੀ ਆਮ ਲੋਕਾਂ ਦੀ ਹੋ ਰਹੀ ਹੈ ਜਿਨ੍ਹਾਂ ਦੀ ਨਾ ਜੰਗ ਵਿਚ ਕੋਈ ਭੂਮਿਕਾ ਹੈ ਅਤੇ ਨਾ ਉਹ ਜੰਗ ਚਾਹੁੰਦੇ ਹਨ। ਬੇਤਹਾਸ਼ਾ ਹਮਲਿਆਂ ‘ਚ ਮਾਰੇ ਜਾ ਰਹੇ ਬੱਚਿਆਂ, ਔਰਤਾਂ, ਬਜ਼ੁਰਗਾਂ ਆਦਿ ਦਾ ਗੁਨਾਹ ਸਿਰਫ ਇਹ ਹੈ ਕਿ ਉਹ ਯੂਕਰੇਨ ਦੇ ਬਾਸ਼ਿੰਦੇ ਹਨ। ਇਸ ਭਿਆਨਕ ਤਬਾਹੀ ਨੇ ਦੁਨੀਆ ਨੂੰ ਇਰਾਕ, ਸੀਰੀਆ ਅਤੇ ਲਿਬੀਆ ਉਪਰ ਅਮਰੀਕੀ ਹਮਲਿਆਂ ਨਾਲ ਹੋਈ ਵਿਆਪਕ ਤਬਾਹੀ ਦੇ ਮੰਜ਼ਰ ਚੇਤੇ ਕਰਾ ਦਿੱਤੇ ਹਨ। ਦੁਨੀਆ ਦੇ ਲੋਕ ਨਹੱਕੀਆਂ ਜੰਗਾਂ ਦੇ ਖਤਰਿਆਂ ਅਤੇ ਪਰਮਾਣੂ ਹਥਿਆਰਾਂ ਨਾਲ ਲੈਸ ਤਾਕਤਾਂ ਦੇ ਭੇੜ ਨਾਲ ਹੋਣ ਵਾਲੀ ਭਿਆਨਕ ਤਬਾਹੀ ਨੂੰ ਬਾਖੂਬੀ ਸਮਝਦੇ ਹਨ। ਇਹੀ ਵਜ੍ਹਾ ਹੈ ਕਿ ਦੁਨੀਆ ਭਰ ਦੇ ਅਤੇ ਰੂਸ ਦੇ ਅਮਨਪਸੰਦ ਲੋਕ ਨਹੱਕੀ ਜੰਗ ਦੀ ਅਸਲੀਅਤ ਨੂੰ ਸਮਝ ਕੇ ਸੜਕਾਂ ਉਪਰ ਆ ਕੇ ਧਾੜਵੀ ਹਮਲੇ ਦਾ ਵਿਰੋਧ ਕਰ ਰਹੇ ਹਨ। ਰੂਸ ਦੀ ਤਾਨਾਸ਼ਾਹ ਹਕੂਮਤ ਆਪਣੇ ਲੋਕਾਂ ਦੀ ਜੰਗ ਵਿਰੋਧੀ ਆਵਾਜ਼ ਨੂੰ ਕੁਚਲਣ ਲਈ ਬੇਕਿਰਕੀ ਨਾਲ ਜਬਰ ਢਾਹ ਰਹੀ ਹੈ।
ਇਨਸਾਫ ਦਾ ਤਕਾਜ਼ਾ ਹੈ ਕਿ ਵੱਧ ਤੋਂ ਵੱਧ ਗਿਣਤੀ ‘ਚ ਸੜਕਾਂ ਉਪਰ ਆ ਕੇ ਇਸ ਧਾੜਵੀ ਜੰਗ ਦਾ ਵਿਰੋਧ ਕੀਤਾ ਜਾਵੇ ਅਤੇ ਮੰਗ ਕੀਤੀ ਕਿ ਰੂਸ ਯੂਕਰੇਨ ‘ਚ ਦਖਲਅੰਦਾਜ਼ੀ ਅਤੇ ਹਮਲਾ ਤੁਰੰਤ ਬੰਦ ਕਰੇ। ਨਾਟੋ ਸਮੇਤ ਧਾੜਵੀ ਮਨੋਰਥਾਂ ਵਾਲੇ ਕੁਲ ਫੌਜੀ ਗੱਠਜੋੜ/ਸਮਝੌਤੇ ਤੁਰੰਤ ਖਤਮ ਕੀਤੇ ਜਾਣ ਅਤੇ ਦੁਨੀਆ ਨੂੰ ਸਾਮਰਾਜਵਾਦੀ ਚੌਧਰ ਲਈ ਜੰਗਾਂ ਤੋਂ ਮੁਕਤ ਕੀਤਾ ਜਾਵੇ।
ਜੰਗ ਤੋ ਖੁਦ ਹੀ ਏਕ ਮਸਲਾ ਹੈ…
ਜੰਗ ਤੋ ਖੁਦ ਹੀ ਏਕ ਮਸਲਾ ਹੈ
ਜੰਗ ਕਿਆ ਮਸਲੋਂ ਕਾ ਹੱਲ ਦੇਗੀ

ਖੂਨ ਅਪਨਾ ਹੋ ਯਾ ਪਰਾਇਆ ਹੋ
ਨਸਲ-ਆਦਮ ਕਾ ਖੂਨ ਹੈ ਆਖਿਰ
ਜੰਗ ਮਸ਼ਰਿਕ ਮੇਂ ਹੋ ਕੇ ਮਗਰਿਬ ਮੇਂ
ਅਮਨ-ਆਲਮ ਕਾ ਖੂਨ ਹੈ ਆਖਿਰ

ਬਮ ਘਰੋਂ ਪਰ ਗਿਰੇ ਕਿ ਸਰਹੱਦ ਪਰ
ਰੂਹ-ਏ-ਤਾਮੀਰ ਜ਼ਖਮ ਖਾਤੀ ਹੈ
ਖੇਤ ਅਪਨੇ ਜਲੇਂ ਕੇ ਔਰੋਂ ਕੇ
ਜੀਸਤ (ਜ਼ਿੰਦਗੀ) ਫਾਕੋਂ (ਭੁੱਖ) ਮੇਂ ਤਿਲਮਲਾਤੀ ਹੈ

ਟੈਂਕ ਆਗੇ ਬੜੇ ਕੇ ਪੀਛੇ ਹਟੇ
ਕੋਖ ਧਰਤੀ ਕੀ ਬਾਂਝ ਹੋਤੀ ਹੈ
ਫਤਿਹ ਕਾ ਜਸ਼ਨ ਹੋ ਯਾ ਹਾਰ ਕਾ ਸੋਗ
ਜ਼ਿੰਦਗੀ ਮੈਯਤੋਂਂ ਪੇ ਰੋਤੀ ਹੈ

ਜੰਗ ਤੋ ਖੁਦ ਹੀ ਏਕ ਮਸਲਾ ਹੈ
ਜੰਗ ਕਿਆ ਮਸਲੋਂ ਕਾ ਹੱਲ ਦੇਗੀ

ਆਗ ਔਰ ਖੂਨ ਆਜ ਬਖਸ਼ੇਗੀ
ਭੂਖ ਔਰ ਏਹਤਿਆਜ (ਲੋੜਾਂ) ਕਲ ਦੇਗੀ
ਬਰਤਰੀ ਕੇ ਸਬੂਤ ਕੀ ਖਾਤਿਰ
ਖੂਨ ਬਹਾਨਾ ਹੀ ਕਿਆ ਜ਼ਰੂਰੀ ਹੈ
ਘਰ ਕੀ ਤਾਰੀਕੀਆਂ ਮਿਟਾਨੇ ਕੋ
ਘਰ ਜਲਾਨਾ ਹੀ ਕਿਆ ਜ਼ਰੂਰੀ ਹੈ

ਇਸ ਲੀਏ ਐ ਸ਼ਰੀਫ ਇਨਸਾਨੋਂ
ਜੰਗ ਟਲਤੀ ਰਹੇ ਤੋ ਬੇਹਤਰ ਹੈ
ਆਪ ਔਰ ਹਮ ਸਭੀ ਕੇ ਆਂਗਨ ਮੇਂ
ਸ਼ਮਾ ਜਲਤੀ ਰਹੇ ਤੋ ਬੇਹਤਰ ਹੈ।
-ਸਾਹਿਰ ਲੁਧਿਆਣਵੀ