ਫਿਲਮੀ ਕਾਰੋਬਾਰੀ ਅਤੇ ਕਲਾਕਾਰ

ਬਲਰਾਜ ਸਾਹਨੀ
ਫਿਲਮ ‘ਖਜ਼ਾਨਚੀ’ ਦਾ ਜ਼ਿਕਰ ਸੁਣ ਕੇ ਦਮੋ ਨੇ ਮੇਰੇ ਵਲ ਵੇਖਿਆ ਸੀ, ਤੇ ਅਸੀਂ ਦੋਵੇਂ ਹੱਸ ਪਏ ਸਾਂ। ਸਾਨੂੰ ਯਾਦ ਆਇਆ ਸੀ, ਜਦੋਂ ਇਸ ਫਿਲਮ ਦੇ ਗੀਤ ਰੇਡੀਓ ਉਤੇ ਵਜਾਉਣ ਲਈ ਸਾਡੇ ਕੋਲ ਪਹਿਲੋਂ ਪਹਿਲ ਲੰਦਨ ਪੁੱਜੇ ਸਨ। ਸਾਡਾ ਸਾਰਾ ਅਮਲਾ ਉਹਨਾਂ ਨੂੰ ਸੁਣ-ਸੁਣ ਹੱਸ-ਹੱਸ ਕੇ ਦੂਹਰਾ ਹੋਇਆ ਸੀ। ਉਹਨਾਂ ਵਿਚ ਹਿੰਦੁਸਤਾਨੀ ਅਤੇ ਯੋਰਪੀਨ ਸੰਗੀਤ ਦਾ ਹੱਦ ਤੋਂ ਜ਼ਿਆਦਾ ਹੋਛਾ ਅਤੇ ਬੇਜੋੜ ਮਿਸ਼ਰਨ ਸੀ। ਇਕ ਗੀਤ ਤਾਂ ਸਾਨੂੰ ਖਾਸ ਤੌਰ ਉਤੇ ਬੇਸੁਰਾ ਤੇ ਹਾਸੋਹੀਣਾ ਲਗਿਆ ਸੀ-

ਪਛੀ ਹੀ ਹੀ ਹੀ ਹੀ ਜਾ ਆ
ਪੀਛੇ ਰਹਾ ਹੈ ਬਚਪਨ ਮੇਰਾ ਅ
ਉਸ ਕੋ ਜਾ ਕੇ ਲਾ…
ਅਸੀਂ ਉਹਨਾਂ ਰਿਕਾਰਡਾਂ ਨੂੰ ਇਕ ਬੰਨੇ ਰੱਖ ਛੱਡਿਆ ਸੀ। ਕਿਸੇ ਅੰਗਰੇਜ਼ ਸਾਥੀ ਦੇ ਸਾਹਮਣੇ ਉਹਨਾਂ ਨੂੰ ਵਜਾਉਣ ਦੀ ਸਾਡੀ ਹਿੰਮਤ ਨਹੀਂ ਸੀ ਹੁੰਦੀ। ਸਾਡੇ ਦਿਲਾਂ ਉਪਰ ਆਰ.ਸੀ. ਬੋਰਾਲ ਤੇ ਪੰਕਜ ਮਲਿਕ ਦੇ ਸੁਵੰਨੇ ਸੰਗੀਤ ਦੀ ਛਾਪ ਸੀ। ਸਹਿਗਲ, ਕਾਨਨ ਬਾਲਾ, ਕੇ.ਸੀ. ਡੇ ਅਤੇ ਉਮਾ ਸ਼ਸ਼ੀ ਦੀ ਆਵਾਜ਼ ਦੇ ਅਸੀਂ ਆਸ਼ਕ ਸਾਂ। ਸਹਿਗਲ ਲਈ ਮੇਰੀ ਸ਼ਰਧਾ ਲੰਡਨ ਜਾ ਕੇ ਹੋਰ ਵੀ ਵਧ ਗਈ ਸੀ। ਉਸ ਦੇ ਹਰ ਗੀਤ ਵਿਚ, ਹਰ ਗਜ਼ਲ ਵਿਚ ਸੁੰਦਰਤਾ ਦੀ ਕੋਈ ਨਵੀਂ ਕਣੀ ਪ੍ਰਾਪਤ ਹੁੰਦੀ ਅਤੇ ਮਨ ਨੂੰ ਮੁਗਧ ਕਰ ਛਡਦੀ। ਮੈਂ ਬੜੀਆਂ ਮਿਹਨਤਾਂ ਨਾਲ ਬੀ.ਬੀ.ਸੀ. ਦੀ ਗ੍ਰਾਮੋਫੋਨ ਲਾਇਬਰੇਰੀ ਵਿਚ ਸਹਿਗਲ ਦੇ ਗੀਤਾਂ ਨੂੰ ਦਾਖਲ ਕਰਾਇਆ ਸੀ, ਤੇ ਅੰਗਰੇਜ਼ ਅਧਿਕਾਰੀ ਸਹਿਮਤ ਹੋਏ ਸਨ ਕਿ ਸੱਚਮੁੱਚ ਉਹ ਉਤਮ ਦਰਜੇ ਦਾ ਸੰਗੀਤ ਹੈ ਪਰ ਵੇਖਦਿਆਂ-ਵੇਖਦਿਆਂ ਹਿੰਦੁਸਤਾਨ ਤੋਂ ‘ਖਜ਼ਾਨਚੀ’ ਵਰਗੇ ਹੋਰ ਰਿਕਾਰਡ ਧੜਾ-ਧੜ ਆਉਣ ਲੱਗ ਪਏ, ਅਤੇ ਫੌਜੀ ਭਰਾਵਾਂ ਵਲੋਂ ਵੀ ਜ਼ਿਆਦਾ ਕਰਕੇ ਉਹਨਾਂ ਦੀਆਂ ਹੀ ਫਰਮਾਇਸ਼ਾਂ ਆਉਂਦੀਆਂ। ਦੇਸੋਂ ਦੂਰ ਹੋਣ ਕਰ ਕੇ ਅਸਾਂ ਇਸ ਤਬਦੀਲੀ ਨੂੰ ਕੇਵਲ ਮੌਸਮੀ ਬੁਖਾਰ ਹੀ ਸਮਝਿਆ ਸੀ, ਉਸ ਦੇ ‘ਇਨਕਲਾਬੀ’ ਹੋਣ ਦਾ ਅਨੁਮਾਨ ਨਹੀਂ ਸਾਂ ਕਰ ਸਕੇ।
“ਤੂੰ ਕੀ ਵਿਚਾਰ ਲੈ ਕੇ ਫਿਲਮਾਂ ਵਿਚ ਆਇਆ ਏਂ?” ਮੈਂ ਚੇਤਨ ਤੋਂ ਪੁਛਿਆ।
“ਆਹਾ, ਇਹ ਬੜਾ ਦਿਲਚਸਪ ਸਵਾਲ ਏ।” ਚੇਤਨ ਨੇ ਕਿਹਾ। “ਮੇਰਾ ਐਕਟਰੀ ਕਰਨ ਦਾ ਕੋਈ ਇਰਾਦਾ ਨਹੀਂ। ਮੈਂ ਇਕ ਨਿਰੋਲ ਯਥਾਰਥਵਾਦੀ ਫਿਲਮ ਬਨਾਣ ਦੇ ਆਹਰ ਵਿਚ ਹਾਂ ਜਿਸ ਦਾ ਨਾਂ ਹੋਵੇਗਾ- ‘ਨੀਚਾ ਨਗਰ’। ਇਹ ਸਾਡੇ ਦੇਸ਼ ਦੇ ਆਰਥਿਕ ਵਰਗਾਂ ਦੀ ਮੁੱਠ-ਭੇੜ ਦੀ ਕਹਾਣੀ ਬਿਆਨ ਕਰੇਗੀ ਜਿਸ ਵਿਚ ਮੈਂ ਕਿਸੇ ਕਿਸਮ ਦਾ ਬਾਕਸ ਆਫਿਸ ਸਮਝੌਤਾ ਨਹੀਂ ਕਰਾਂਗਾ। ਅੱਜ ਕੱਲ੍ਹ ਮੈਂ ਉਸ ਦੀ ਕਹਾਣੀ ਉਤੇ ਕੰਮ ਕਰ ਰਿਹਾਂ।”
“ਪਰ ਤੂੰ ਤੇ ਕਿਹਾ ਸੀ ਕਿ ਇਸ ਲਾਈਨ ਵਿਚ ਕਾਰੋਬਾਰੀ ਹੋਣ ਦੀ ਲੋੜ ਏ। ਜੇ ਸ਼ਾਂਤਾਰਾਮ ਵਰਗੇ ਡਾਇਰੈਕਟਰ ਨੂੰ ਸਮਝੌਤਾ ਕਰਨਾ ਪਿਆ ਏ ਤਾਂ ਕੀ ਤੈਨੂੰ ਨਹੀਂ ਕਰਨਾ ਪਏਗਾ?”
“ਮੈਂ ਇਸ ਨਵੀਂ ਪਰਿਸਥਿਤੀ ਨੂੰ ਵੰਗਾਰ ਦੇ ਰੂਪ ਵਿਚ ਵੇਖਦਾ ਹਾਂ, ਬਲਰਾਜ। ਤੂੰ ਵੀ ਤੇ ਮੈਂ ਵੀ ਸਾਹਿਤ ਰਾਹੀਂ ਤੇ ਨਾਟਕ ਰਾਹੀਂ ਸੱਚੀ ਯਥਾਰਥਵਾਦੀ ਕਲਾ ਦਾ ਅਧਿਅਨ ਕਰ ਚੁੱਕੇ ਹਾਂ, ਉਸ ਦੀ ਆਪਣੀ ਵਿਆਪਕ ਖਿੱਚ ਹੁੰਦੀ ਏ, ਆਪਣੀ ਤਕਨੀਕ ਹੁੰਦੀ ਏ। ਜਨਤਾ ਆਪਣੇ ਜੀਵਨ ਨੂੰ ਸਹੀ ਤੇ ਸੱਚੇ ਰੰਗਾਂ ਵਿਚ ਵੇਖਣ ਦੀ ਸਦਾ ਚਾਹਵਾਨ ਹੁੰਦੀ ਏ। ਜੇ ਫਿਲਮਕਾਰ ਇਸ ਭੁੱਖ ਨੂੰ ਮਿਟਾਉਣ ਲਈ ਨਰੋਆ ਭੋਜਨ ਪੇਸ਼ ਕਰਨ ਦੀ ਵਿੱਤ ਰੱਖਦਾ ਹੋਵੇ ਤਾਂ ਫੇਰ ਨਾਚ-ਗਾਣੇ ਦੇ ਚਟਣੀਆਂ-ਮਸਾਲੇ ਜ਼ਰੂਰੀ ਨਹੀਂ ਰਹਿੰਦੇ।” ਚੇਤਨ ਨੇ ਇਹ ਐਸੀ ਗੱਲ ਆਖੀ ਜਿਸ ਨਾਲ ਮੈਂ ਆਪ ਪੂਰੀ ਤਰ੍ਹਾਂ ਸਹਿਮਤ ਸਾਂ। ਇਹ ਮੇਰੇ ਆਪਣੇ ਦਿਲ ਦੀ ਗੱਲ ਸੀ। ਇਸ ਦਾ ਪਰਤੱਖ ਪ੍ਰਮਾਣ ਵੀ ਇਕ ਵਾਰੀ ਮੈਂ ਆਪਣੀ ਅੱਖੀਂ ਵੇਖ ਚੁੱਕਿਆ ਸਾਂ।
ਗਰਮੀਆਂ ਦੀਆਂ ਛੁੱਟੀਆਂ ਸਨ। ਮੈਂ ਲਾਹੌਰੋਂ ਪਿੰਡੀ ਆਇਆ ਹੋਇਆ ਸਾਂ। ਪਤਾ ਲੱਗਾ, ਰੋਜ਼ ਸਿਨੇਮੇ ਵਿਚ ਉਹੀ ਜਿਸ ਦਾ ਉਦਘਾਟਨ ‘ਰੂਪਰਟ ਆਫ ਹੈਂਟਜ਼ਾ’ ਨਾਲ ਹੋਇਆ ਸੀ, ਪ੍ਰਭਾਤ ਫਿਲਮ ਕੰਪਨੀ ਦੀ ਫਿਲਮ ‘ਦੁਨੀਆ ਨਾ ਮਾਨੇਂ’ ਲੱਗੀ ਹੋਈ ਹੈ। ਮੈਂ ਵੇਖਣ ਚਲਾ ਗਿਆ। ਮੈਂ ਪਹਿਲਾਂ ਕਹਿ ਆਇਆ ਹਾਂ ਕਿ ਸਭਿਆਚਾਰਕ ਤੌਰ ਉਤੇ ਓਦੋਂ ਪਿੰਡੀ ਪਛੜਿਆ ਹੋਇਆ ਸ਼ਹਿਰ ਸੀ। ਮੈਨੂੰ ਯਕੀਨ ਨਹੀਂ ਸੀ ਕਿ ਲੋਕੀਂ ਉਸ ਫਿਲਮ ਨੂੰ ਜ਼ਰਾ ਵੀ ਪਸੰਦ ਕਰਨਗੇ ਪਰ ਵੇਖਿਆ, ਹਾਲ ਖਚਾ-ਖਚ ਭਰਿਆ ਹੋਇਆ ਸੀ। ਪੰਜ ਆਨੇ ਤੇ ਦਸ ਆਨੇ ਵਾਲੀਆਂ ਸੀਟਾਂ ਉਤੇ ਓਹੀ ਪਠਾਣੀ ਕਿਸਮ ਦੇ ਮੁਸਲਮਾਨ ਬੈਠੇ ਹੋਏ ਸਨ ਜੋ ਆਪਣੀ ਉਜੱਡਤਾ ਤੇ ਅਵੈੜਤਾ ਲਈ ਮਸ਼ਹੂਰ ਹਨ। ਫਿਲਮ ਵਿਚ ਇਕ ਥਾਂ ਸ਼ਾਂਤਾ ਆਪਟੇ ਨੂੰ ਜਿਸ ਦੀ ਸ਼ਾਦੀ ਉਸ ਦੀ ਮਰਜ਼ੀ ਵਿਰੁਧ ਇਕ ਬੁੱਢੇ ਨਾਲ ਕਰ ਦਿੱਤੀ ਗਈ ਹੈ, ਉਸ ਦੀ ਪ੍ਰੋਫੈਸਰ ਅੰਗਰੇਜ਼ ਕਵੀ ਲਾਂਗਫੈਲੋ ਦੀ ਕਵਿਤਾ ਪੂਰੀ ਦੀ ਪੂਰੀ ਗਾ ਕੇ ਸੁਣਾਉਂਦੀ ਹੈ। ਕਾਫੀ ਲੰਮੀ ਕਵਿਤਾ ਹੈ ਇਹ, ਤੇ ਦਰਸ਼ਕਾਂ ਦਾ ਦਸਵਾਂ ਹਿੱਸਾ ਵੀ ਅੰਗਰੇਜ਼ੀ ਨਹੀਂ ਸੀ ਸਮਝਦਾ। ਮੈਨੂੰ ਡਰਦੇ ਮਾਰਿਆਂ ਪਸੀਨਾ ਆਉਣ ਲੱਗ ਪਿਆ ਕਿ ਕਿਤੇ ਸਾਰੇ ਦਾ ਸਾਰਾ ਹਾਲ ਪੀਪਣੀਆਂ ਮਾਰਦਾ ਉੱਠ ਨਾ ਖਲੋਵੇ ਪਰ ਇੰਜ ਨਹੀਂ ਹੋਇਆ। ਬੜੀ ਖਾਮੋਸ਼ੀ ਤੇ ਅਦਬ ਨਾਲ ਲੋਕੀਂ ਉਹ ਕਵਿਤਾ ਸੁਣਦੇ ਰਹੇ ਜਿਸ ਦਾ ਉਹਨਾਂ ਨੂੰ ਕੱਖ ਪੱਲੇ ਨਹੀਂ ਸੀ ਪੈ ਰਿਹਾ। ਉਸ ਦੀ ਭਾਵਨਾ ਨੂੰ ਉਹ ਸਮਝ ਗਏ ਸਨ, ਤੇ ਉਸ ਲਈ ਉਹਨਾਂ ਦੇ ਦਿਲ ਵਿਚ ਕਦਰ ਸੀ।
ਚੇਤਨ ਕਹਿ ਰਿਹਾ ਸੀ, “ਏਸ ਵੇਲੇ ਆਜ਼ਾਦ ਪ੍ਰੋਡਿਊਸਰ ਹੋਂਦ ਵਿਚ ਆਇਆ ਏ। ਏਸ ਅਸਥਿਰ ਜਿਹੀ ਪਰਿਸਥਿਤੀ ਦੀਆਂ ਆਸ਼ਾਵਾਦੀ ਸੰਭਾਵਨਾਵਾਂ ਵੀ ਹਨ। ਏਸ ਵੇਲੇ ਗੁਣਵਾਨ, ਸੁਸਿਖਿਅਤ, ਤੇ ਪ੍ਰਗਤੀਸ਼ੀਲ ਲੋਕ ਜੇ ਹਿਮੰਤ ਕਰਨ ਤਾਂ ਇੰਡਸਟਰੀ ਨੂੰ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਪ੍ਰਬਲ ਯਥਾਰਥਵਾਦੀ ਮੋੜ ਦੇ ਸਕਦੇ ਹਨ। ਜੇ ਏਸ ਮੌਕੇ ਉੱਤੇ ਅਸੀਂ ਖੁੰਝ ਗਏ ਤਾਂ ਮੈਦਾਨ ਪੂਰੀ ਤਰ੍ਹਾਂ ਮਿਆਰ-ਡੇਗੂ ਮਨੋਰੰਜਨਵਾਦੀਆਂ ਦੇ ਹੱਥ ਵਿਚ ਆ ਜਾਵੇਗਾ।”
ਅਸੀਂ ਬੜੇ ਧਿਆਨ ਨਾਲ ਚੇਤਨ ਦੀਆਂ ਉਤਸ਼ਾਹ-ਵਧਾਊ ਗੱਲਾਂ ਸੁਣਦੇ ਰਹੇ। ਉਸ ਉਤਸ਼ਾਹ ਵਿਚ ਅਸੀਂ ਆਪ ਕਿਤਨੇ ਸ਼ਰੀਕ ਹੋ ਸਕਦੇ ਹਾਂ, ਸਾਨੂੰ ਕੁਝ ਪਤਾ ਨਹੀਂ ਸੀ। ਚਾਰ ਸਾਲ ਦੇਸੋਂ ਬਾਹਰ ਲਾ ਕੇ ਆਏ ਸਾਂ। ਸਮਾਂ ਇਕ ਥਾਂ ਖੜ੍ਹਾ ਨਹੀਂ ਰਹਿੰਦਾ, ਤੇ ਲੜਾਈ ਦਾ ਜ਼ਮਾਨਾ ਕੋਈ ਮਾਮੂਲੀ ਜ਼ਮਾਨਾ ਨਹੀਂ ਹੁੰਦਾ। ਦੇਸ਼ ਦੇ ਜੀਵਨ ਨਾਲ ਮੁੜ ਇਕ-ਮਿਕ ਹੋਣ ਲਈ ਸਾਨੂੰ ਬਹੁਤ ਸਾਰੀਆਂ ਟੁੱਟੀਆਂ ਤਾਰਾਂ ਜੋੜਨੀਆਂ ਪੈਣਗੀਆਂ। ਸਾਡੇ ਪਿਛੋਂ ਇਕੱਲੇ ਬੰਗਾਲ ਵਿਚ ਵੀਹ ਲੱਖ ਆਦਮੀ ਚੌਲਾਂ ਲਈ ਤਰਸ ਤਰਸ ਕੇ ਮਰ ਗਏ ਸਨ, ਜਦ ਕਿ ਪੁਡਿੰਗ ਬਣਾਨ ਲਈ ਉਸ ਲੰਡਨ ਵਿਚ ਚਾਵਲ ਆਮ ਮਿਲ ਜਾਂਦੇ ਸਨ ਜਿਥੇ ਚਾਵਲ ਪੈਦਾ ਨਹੀਂ ਹੁੰਦਾ। ਅਜਿਹੀਆਂ ਘਟਨਾਵਾਂ ਪ੍ਰਭਾਵ ਪਾਏ ਬਿਨਾਂ ਨਹੀਂ ਰਹਿੰਦੀਆਂ।
ਪਰ ਪਹਿਲਾ ਕਰਤੱਵ ਸੀ ਰਾਵਲਪਿੰਡੀ ਜਾਣਾ, ਆਪਣੇ ਪਰਿਵਾਰ ਨੂੰ ਮਿਲਣਾ। ਤੇ ਜਦੋਂ ਮੁੜ ਪੋਠੋਹਾਰ ਦੀਆਂ ਪਹਾੜੀਆਂ ਦਿਸੀਆਂ ਤਾਂ ਹੀ ਸਾਨੂੰ ਵਤਨ ਵਾਪਸ ਆਉਣ ਦਾ ਅਸਲੀ ਯਕੀਨ ਹੋਇਆ। ਉਸ ਵੇਲੇ ਕਿਸ ਨੂੰ ਪਤਾ ਸੀ ਕਿ ਵਤਨ ਨੂੰ ਪਹਿਲੀ ਵਾਰ ਹੀ ਨਹੀਂ, ਅਖੀਰਲੀ ਵਾਰ ਵੀ ਵੇਖ ਰਹੇ ਸਾਂ? ਕਿਸ ਨੂੰ ਪਤਾ ਸੀ ਕਿ ਉਸ ਤੋਂ ਵੀ, ਤੇ ਇਕ-ਦੂਜੇ ਤੋਂ ਵੀ ਸਦਾ-ਸਦਾ ਲਈ ਵਿਛੜ ਜਾਣ ਦੀ ਘੜੀ ਸਿਰ ਤੇ ਮੰਡਲਾ ਰਹੀ ਹੈ?
ਬਾਝ ਨਸੀਬਾਂ ਨਾ ਪਾਣੀ ਪੀਤਾ ਬੁੱਕ ਭਰ
ਕੌਣ ਸਾਈਂ ਨੂੰ ਆਖੇ ਇੰਜ ਨਹੀਂ ਇੰਜ ਕਰ।
(ਚੱਲਦਾ)