ਤਾਜਪੋਸ਼ੀ

ਚਿਤਰਾ ਬੈਨਰਜੀ ਦਿਵਾਕਰੂਨੀ
ਤਰਜਮਾ: ਡਾ. ਤਰਸ਼ਿੰਦਰ ਕੌਰ
‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕ ਵਿਚ ਮਹਾਰਾਣੀ ਜਿੰਦਾਂ ਦੇ ਜੀਵਨ ਨੂੰ ਆਧਾਰ ਬਣਾ ਕੇ ਲਿਖੇ ਚਿਤਰਾ ਬੈਨਰਜੀ ਦਿਵਾਕਰੂਨੀ ਦੇ ਅੰਗਰੇਜ਼ੀ ਨਾਵਲ ‘ਦਿ ਲਾਸਟ ਮਹਾਰਾਣੀ’ ਦੇ ਪੰਜਾਬੀ ਅਨੁਵਾਦ ‘ਆਖਰੀ ਮਹਾਰਾਣੀ’ ਬਾਰੇ ਉਘੇ ਵਿਦਵਾਨ ਡਾ. ਹਰਪਾਲ ਸਿੰਘ ਪੰਨੂ ਦੀ ਟਿੱਪਣੀ ਨਸ਼ਰ ਕੀਤੀ ਸੀ ਜਿਸ ਵਿਚ ਉਨ੍ਹਾਂ ਨਾਵਲ ਦੀ ਲੇਖਕਾ ਦੇ ਟੀਰ ਦੀ ਗੱਲ ਕੀਤੀ ਸੀ। ਇਸ ਵਾਰ ਅਸੀਂ ਇਸ ਨਾਵਲ ਦਾ ਇਕ ਅਧਿਆਇ ਛਾਪ ਰਹੇ ਹਾਂ ਜਿਸ ਵਿਚ ਮਹਾਰਾਜਾ ਦਲੀਪ ਸਿੰਘ ਦੀ ਤਾਜਪੋਸ਼ੀ ਦਾ ਜ਼ਿਕਰ ਹੈ।

ਤਾਜਪੋਸ਼ੀ ਕੁਝ ਹਫਤਿਆਂ ‘ਚ ਸ਼ੁਭ ਤਾਰੀਖ ਨੂੰ ਹੋਵੇਗੀ। ਬਹੁਤ ਕੁਝ ਕਰਨ ਵਾਲਾ ਹੈ। ਮੈਂ ਇਹ ਰਸਮ ਦੀਵਾਨ-ਏ-ਆਮ ਜੋ ਕਿਲ੍ਹੇ ਦਾ ਸਭ ਤੋਂ ਵੱਡਾ ਭਵਨ ਹੈ, ਵਿਚ ਕਰਨਾ ਚਾਹੁੰਦੀ ਹਾਂ। ਉਸ ਦੀ ਚਿਪਸ ਵਾਲੀ ਫਰਸ਼ ‘ਤੇ ਝਾਲ ਫੇਰਨੀ ਜ਼ਰੂਰੀ ਹੈ, ਕੁਰਸੀਆਂ ਚੰਗੀ ਤਰ੍ਹਾਂ ਸਾਫ ਕਰਨੀਆਂ ਜ਼ਰੂਰੀ ਹਨ। ਤਾਜਪੋਸ਼ੀ ਲਈ ਮੇਰੇ ਤੇ ਦਲੀਪ ਦੇ ਕੱਪੜੇ ਸਵਾਉਣ ਵਾਲੇ ਹਨ, ਤੇ ਜਵਾਹਰ ਦੇ ਵੀ ਕਿਉਂਕਿ ਮੈਂ ਜ਼ੋਰ ਪਾਇਆ ਹੈ ਕਿ ਉਹ ਵੀ ਰਸਮ ਦਾ ਹਿੱਸਾ ਬਣੇਗਾ। ਸੋਨੇ ਦੇ ਉਭਰਵੇਂ ਅੱਖਰਾਂ ਵਾਲੇ ਸੱਦਾ ਪੱਤਰ ਮਿਸਲਾਂ ਦੇ ਮੁਖੀਆਂ ਤੇ ਗੁਆਂਢੀ ਰਾਜਾਂ ਨੂੰ ਭੇਜਣੇ ਹਨ, ਹਾਲਾਂਕਿ ਸਚਾਈ ਇਹ ਹੈ ਕਿ ਉਹ ਅੰਗਰੇਜ਼ਾਂ ਦੇ ਸਾਮੰਤ ਹੀ ਹਨ।
ਹੀਰੇ ਨੇ ਸਾਰੇ ਵਿਸਤਾਰਾਂ ਨੂੰ ਸੰਭਾਲਣ ਦੀ ਪੇਸ਼ਕਸ਼ ਕੀਤੀ ਪਰ ਮੈਨੂੰ ਡਰ ਹੈ ਕਿ ਉਹ ਸਾਰਾ ਕੁਝ ਆਪਣੇ ਅਧੀਨ ਨਾ ਕਰ ਲਵੇ, ਇਹ ਡਰ ਵੀ ਕਿ ਇਹ ਤਾਕਤ ਦੀ ਇੱਕ ਹੋਰ ਹੱਥ ‘ਚ ਤਬਦੀਲੀ ਹੋਵੇਗੀ। ਸੋ ਮੈਂ ਖੁਦ ਸੱਦਾ ਪੱਤਰਾਂ ‘ਤੇ ਦਸਤਖਤ ਕਰਨ ‘ਤੇ ਜ਼ੋਰ ਪਾਇਆ।
“ਯਕੀਨਨ, ਤੈਨੂੰ ਖੁਦ ਨੂੰ ਵੀ ਦਸਤਖਤ ਕਰਨੇ ਚਾਹੀਦੇ ਹਨ।” ਮੈਂ ਪੇਸ਼ਕਸ਼ ਕੀਤੀ।
ਆਪਣੇ ਚਲਾਕ ਪਿਤਾ ਦੁਆਰਾ ਸਿੱਖਿਅਤ ਕੀਤੇ ਹੀਰੇ ਨੇ ਆਪਣੀ ਖਿਝ ਛੁਪਾ ਲਈ।
“ਤੁਹਾਡੇ ਦਸਤਖਤ ਹੀ ਬਹੁਤ ਹਨ, ਰਾਣੀ ਜੀ। ਇਹ ਸਭ ਕੁਝ ਕਰਨ ਲਈ ਤੁਹਾਡਾ ਧੰਨਵਾਦ। ਇਸ ਸਭ ਨਾਲ ਮੈਨੂੰ ਦਰਬਾਰ ਦੇ ਹੋਰ ਮਹੱਤਵਪੂਰਨ ਕੰਮਾਂ ਵੱਲ ਧਿਆਨ ਦੇਣ ਲਈ ਵਿਹਲ ਮਿਲ ਜਾਵੇਗੀ।”
ਸਾਡੇ ਦੋਹਾਂ ‘ਚ ਤਣਾਅ ਦਿਨ ਪ੍ਰਤੀ ਦਿਨ ਵਧਦਾ ਗਿਆ ਪਰ ਅਸੀਂ ਸਹਿਯੋਗੀਆਂ ਵਾਂਗ ਵਧੀਆ ਪ੍ਰਦਰਸ਼ਨ ਕਰਨ ਦਾ ਢੰਗ ਕਰਦੇ ਹਾਂ। ਮੈਨੂੰ ਸਭ ਤੋਂ ਵੱਧ ਗੁੱਸਾ ਉਹਦੇ ਜਵਾਹਰ ਪ੍ਰਤੀ ਦਵੈਸ਼ ‘ਤੇ ਚੜ੍ਹਿਆ। ਜਦੋਂ ਮੈਂ ਗੁਜ਼ਾਰਿਸ਼ ਕੀਤੀ ਕਿ ਮਹਾਰਾਜੇ ਦਾ ਮਾਮਾ ਹੋਣ ਕਰਕੇ ਜਵਾਹਰ ਨੂੰ ਦਰਬਾਰ ‘ਚ ਕੋਈ ਅਹੁਦਾ ਦਿੱਤਾ ਜਾਵੇ ਤਾਂ ਹੀਰੇ ਨੇ ਇਸ ਤਰ੍ਹਾਂ ਪ੍ਰਤੀਕਰਮ ਜਤਾਇਆ ਜਿਵੇਂ ਮੈਂ ਚੰਦ ਮੰਗ ਲਿਆ ਹੋਵੇ।
ਸਾਡੀਆਂ ਸਮੱਸਿਆਵਾਂ ਦਾ ਅਸਲ ਕਾਰਨ ਪੰਡਤ ਜੱਲ੍ਹਾ ਹੈ ਜੋ ਖੱਟੇ ਚਿਹਰੇ ਵਾਲਾ ਬ੍ਰਾਹਮਣ ਹੈ ਤੇ ਦਰਬਾਰ ‘ਚ ਅਚਾਨਕ ਹੀ ਹੀਰੇ ਦੇ ਮੁੱਖ ਸਲਾਹਕਾਰ ਵਜੋਂ ਪ੍ਰਗਟ ਹੋ ਗਿਆ ਹੈ। ਉਹ ਉਸ ਹਰ ਗੱਲ ਦਾ ਵਿਰੋਧ ਕਰਦਾ ਹੈ ਜੋ ਵੀ ਮੈਂ ਚਾਹੁੰਦੀ ਹਾਂ। ਅਵਤਾਰ ਤੋਂ ਮੈਨੂੰ ਪਤਾ ਲੱਗਿਆ ਕਿ ਉਹ ਹੀਰੇ ਦਾ ਉਸਤਾਦ ਹੁੰਦਾ ਸੀ ਪਰ ਧਿਆਨ ਵੱਲੋਂ ਲਾਹੌਰ ‘ਚੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹਨੇ ਛੋਟੀ ਉਮਰ ਦੇ ਇਸ ਮੁੰਡੇ ‘ਤੇ ਬਹੁਤ ਜ਼ਿਆਦਾ ਪ੍ਰਭਾਵ ਪਾ ਦਿੱਤਾ ਸੀ। ਜੱਲ੍ਹਾ ਜ਼ਰੂਰ ਚੋਰੀ ਛੁਪੇ ਹੀਰੇ ਨਾਲ ਸੰਪਰਕ ‘ਚ ਰਿਹਾ ਹੋਵੇਗਾ ਕਿਉਂਕਿ ਉਹ ਧਿਆਨ ਦੀ ਮੌਤ ਤੋਂ ਬਾਅਦ ਇਕਦਮ ਸ਼ਹਿਰ ‘ਚ ਵਾਪਸ ਆ ਗਿਆ ਸੀ।
*
ਕਸੂਰ ਦੇ ਨੇੜੇ ਇਕ ਸਰਦਾਰ ਜਿਸ ਕੋਲ ਬਹੁਤ ਵੱਡੀ ਜਗੀਰ ਸੀ, ਦੀ ਮੌਤ ਹੋ ਗਈ ਪਰ ਉਸ ਦਾ ਕੋਈ ਵਾਰਸ ਨਹੀਂ ਸੀ। ਦਰਬਾਰ ‘ਚ ਇਹ ਮਾਮਲਾ ਬਹੁਤ ਭਖਿਆ ਹੋਇਆ ਹੈ ਕਿ ਉਸ ਦੀ ਜਗੀਰ ਕਿਸ ਨੂੰ ਦਿੱਤੀ ਜਾਵੇ। ਮੈਂ ਉਹਦੀ ਵਿਧਵਾ ਦੇ ਹੱਕ ‘ਚ ਬੋਲੀ ਜੋ ਆਖ ਚੁੱਕੀ ਸੀ ਕਿ ਉਸ ਨੂੰ ਸਾਰੇ ਮਾਮਲੇ ਨਜਿੱਠਣ ਦੀ ਆਗਿਆ ਦਿੱਤੀ ਜਾਵੇ। ਮੈਂ ਇਹ ਨੁਕਤਾ ਉਠਾਇਆ ਕਿ ਉਸ ਦਾ ਭਰਾ ਜੋ ਤਾਕਤਵਰ ਮਿਸਲ ਦਾ ਸਰਦਾਰ ਹੈ, ਨੇ ਉਹਦੀ ਮਦਦ ਕਰਨ ਦਾ ਵਾਅਦਾ ਵੀ ਕੀਤਾ ਹੈ। ਸਾਡੀ ਸਹਿਮਤੀ ਉਸ ਨੂੰ ਸਾਡੀ ਪੱਕੀ ਸਹਿਯੋਗੀ ਬਣਾ ਦੇਵੇਗੀ। ਬਹੁਤੇ ਵੱਡੇ ਦਰਬਾਰੀ ਇਸ ਗੱਲ ਲਈ ਸਹਿਮਤ ਵੀ ਹੋ ਗਏ ਪਰ ਜੱਲ੍ਹਾ ਇਹ ਜਗੀਰ ਕਿਸੇ ਹਿੰਦੂ ਸਰਦਾਰ ਨੂੰ ਦੇਣਾ ਚਾਹੁੰਦਾ ਹੈ। ਹੀਰੇ ਨੇ ਜੱਲ੍ਹੇ ਦਾ ਪੱਖ ਪੂਰਿਆ ਅਤੇ ਵਜ਼ੀਰ ਹੋਣ ਦੇ ਨਾਤੇ ਉਸ ਨੂੰ ਅੰਤਿਮ ਗੱਲ ਆਖਣ ਦਾ ਹੱਕ ਵੀ ਹੈ ਪਰ ਮੈਂ ਕਈ ਲੋਕਾਂ ਨੂੰ ਬੁੜਬੁੜ ਕਰਦੇ ਸੁਣਿਆ ਕਿ ਹਿੰਦੂ ਸਾਡਾ ਰਾਜ ਹਥਿਆਉਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ।
ਮੈਂ ਸ਼ੀਸ਼ ਮਹਿਲ ਪਹੁੰਚ ਕੇ ਅੱਗ-ਬਗੂਲਾ ਹੋਈ ਆਖਣ ਲੱਗੀ, “ਹੀਰਾ ਅੰਧਾ-ਧੁੰਦ ਜੱਲ੍ਹੇ ਦੇ ਪਿੱਛੇ ਲੱਗ ਰਿਹੈ, ਜਦੋਂ ਕਿ ਤਜਰਬੇਕਾਰ ਦਰਬਾਰੀ ਵਧੀਆ ਸਲਾਹ ਦੇ ਸਕਦੇ ਐ। ਇਹ ਗੱਲ ਦਰਬਾਰ ‘ਚ ਹਿੰਦੂਆਂ ਤੇ ਸਿੱਖਾਂ ‘ਚ ਖਤਰਨਾਕ ਵੰਡ ਪੈਦਾ ਹੋਣ ਦਾ ਕਾਰਨ ਬਣ ਸਕਦੀ ਐ ਜਿਸ ਤੋਂ ਦੂਰ ਰਹਿਣ ਲਈ ਸਰਕਾਰ ਨੇ ਐਨੀ ਸਖਤ ਮਿਹਨਤ ਕੀਤੀ।”
“ਮੈਂ ਉਸ ਜੱਲ੍ਹੇ ਨੂੰ ਨਫਰਤ ਕਰਦੈਂ”, ਜਵਾਹਰ- ਮੇਰਾ ਭਰਾ ਬੋਲਿਆ। “ਮੈਂ ਖੁਦ ਉਹਨੂੰ ਤੈਨੂੰ ਉਹਦੀਆਂ ਮਣਕਿਆਂ ਵਰਗੀਆਂ ਅੱਖਾਂ ਨਾਲ ਨਿਹਾਰਦੇ ਵੇਖਿਐ, ਜਿਵੇਂ ਸੱਪ ਡਸਣ ਨੂੰ ਤਿਆਰ ਹੀ ਬੈਠਾ ਹੋਵੇ।”
ਮੈਂ ਡੂੰਘਾ ਸਾਹ ਭਰਿਆ, “ਜੱਲ੍ਹਾ ਤਖਤ ਪਿਛਲੀ ਅਸਲੀ ਤਾਕਤ ਬਣਨਾ ਚਾਹੁੰਦੇ, ਉਹ ਦਲੀਪ ਨੂੰ ਇੰਝ ਹੀ ਕਾਬੂ ਕਰਨਾ ਚਾਹੁੰਦੇ ਜਿਵੇਂ ਉਹਨੇ ਹੀਰੇ ਨੂੰ ਕਾਬੂ ਕੀਤੇ। ਉਹ ਓਨੀ ਦੇਰ ਇਹ ਸਭ ਨਹੀਂ ਕਰ ਸਕਦਾ ਜਿੰਨੀ ਦੇਰ ਮੈਂ ਹਾਂ। ਇਹੀ ਕਾਰਨ ਹੈ ਕਿ ਉਹ ਹੀਰੇ ਨੂੰ ਮੇਰੇ ਵਿਰੁੱਧ ਕਰ ਰਿਹੈ।”
“ਸਾਨੂੰ ਇਸ ਆਦਮੀ ਤੋਂ ਖਹਿੜਾ ਛੁਡਾਉਣਾ ਪੈਣੈਂ, ਕੋਈ ਭਾੜੇ ਦਾ ਕਾਤਲ ਲੱਭ।”
“ਇਹ ਗੱਲਾਂ ਇੰਨੀਆਂ ਵੀ ਸੌਖੀਆਂ ਨਹੀਂ”, ਮੈਂ ਭਰਵਾਂ ਦਖਲ ਦਿੰਦਿਆਂ ਕਿਹਾ, “ਤੁਸੀਂ ਕੋਈ ਜਲਦਬਾਜ਼ੀ ਨਹੀਂ ਕਰ ਸਕਦੇ।”
“ਤੂੰ ਲੋੜ ਤੋਂ ਵੱਧ ਸਾਵਧਾਨ ਰਹਿੰਦੀ ਐਂ”, ਜਵਾਹਰ ਬੁੜਬੁੜਾਇਆ। “ਮੇਰੀ ਇੱਛਾ ਹੈ ਕਿ ਤੂੰ ਮੈਨੂੰ ਖੁਦ ਨੂੰ ਇਸ ਮਾਮਲੇ ਨਾਲ ਨਜਿੱਠਣ ਦੇਵੇ।” ਪਰ ਮੈਂ ਓਨੀ ਦੇਰ ਜ਼ੋਰ ਪਾਉਂਦੀ ਰਹੀ ਜਿੰਨੀ ਦੇਰ ਉਹਨੇ ਮੈਨੂੰ ਵਚਨ ਨਹੀਂ ਦੇ ਦਿੱਤਾ।
ਉਸ ਰਾਤ ਮੈਂ ਸੌਂ ਨਹੀਂ ਸਕੀ। ਜਵਾਹਰ ਨੇ ਮੈਨੂੰ ਫਿਕਰਾਂ ‘ਚ ਪਾ ਦਿੱਤਾ। ਇਹ ਸਿਰਫ ਇਸ ਕਰਕੇ ਨਹੀਂ ਸੀ ਕਿ ਉਹ ਗਰਮ ਦਿਮਾਗ ਦਾ ਹੈ ਤੇ ਕਤਲ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਸੀ। ਉਹ ਲਗਾਤਾਰ ਬਹੁਤ ਮਹਿੰਗੇ ਕੱਪੜੇ ਤੇ ਗਹਿਣੇ ਮੇਰੇ ਖਾਤੇ ‘ਚੋਂ ਲੈਂਦਾ ਰਹਿੰਦਾ, ਜਦੋਂ ਕਿ ਮੈਂ ਉਹਨੂੰ ਦੱਸ ਚੁੱਕੀ ਹਾਂ ਕਿ ਮੈਂ ਲਾਲ ਦੀ ਸਲਾਹ ਮੁਤਾਬਕ ਖਰਚੇ ਘਟਾਉਣੇ ਹਨ। ਦਰਬਾਰ ‘ਚ ਜਦੋਂ ਉਹਨੂੰ ਦਰਬਾਰੀ ਅਣਗੌਲਿਆਂ ਕਰਦੇ ਤਾਂ ਵੀ ਉਹ ਦਖਲ ਦੇਣ ਦੀ ਕਾਹਲੀ ਕਰਦਾ। ਉਹ ਮੈਨੂੰ ਦਾਅਵਤ ਜਿਸ ਵਿਚ ਨੱਚਣ ਵਾਲੀਆਂ ਤੇ ਆਤਿਸ਼ਬਾਜ਼ੀ ਹੋਵੇ, ਦਾ ਪ੍ਰਬੰਧ ਕਰਨ ਨੂੰ ਆਖਣ ਲੱਗਾ, “ਤੂੰ ਰਾਜ ਪ੍ਰਬੰਧਕ ਮਹਾਰਾਣੀ ਬਣ ਗਈ ਹੈਂ, ਕੀ ਇਸ ਗੱਲ ਦਾ ਜਸ਼ਨ ਨਹੀਂ ਮਨਾਉਣਾ ਚਾਹੀਦਾ?” ਮੈਂ ਉਹਨੂੰ ਸਮਝਾਇਆ ਕਿ ਇੰਨੀਆਂ ਭਿਆਨਕ ਮੌਤਾਂ ਹੋਣ ਤੋਂ ਏਨੀ ਜਲਦੀ ਜਸ਼ਨ ਮਨਾਉਣੇ ਸੋਭਦੇ ਨਹੀਂ ਪਰ ਮੈਨੂੰ ਇਸ ਗੱਲ ਦਾ ਫਿਕਰ ਹੈ ਕਿ ਉਹਨੂੰ ਆਪਣੇ ਆਪ ਇਨ੍ਹਾਂ ਗੱਲਾਂ ਦੀ ਸਮਝ ਕਿਉਂ ਨਹੀਂ।
ਕੀ ਇਹ ਮੇਰਾ ਕਸੂਰ ਹੈ ਕਿ ਮੈਂ ਉਹਨੂੰ ਚਿੱਠੀ ‘ਚ ਹਾਸੇ ‘ਚ ਲਿਖ ਦਿੱਤਾ ਸੀ ਕਿ ‘ਕਿੰਨਾ ਮਜ਼ਾ ਆਊਗਾ!’
ਇਕ ਹੋਰ ਚੁੱਭਣ ਵਾਲੀ ਗੱਲ ਇਹ ਹੈ ਕਿ ਉਹਨੇ ਦੁਬਾਰਾ ਮੰਗਲਾ ਨਾਲ ਸੌਣਾ ਸ਼ੁਰੂ ਕਰ ਦਿੱਤਾ ਹੈ। ਮੰਗਲਾ ਤਾਂ ਬੁੱਧੀਮਾਨ ਹੈ ਪਰ ਜਵਾਹਰ ਨਹੀਂ। ਉਹ ਅਕਸਰ ਅਸ਼ਲੀਲ ਚੁਟਕਲੇ ਸੁਣਾਉਂਦਾ ਰਹਿੰਦਾ ਅਤੇ ਜਦੋਂ ਮੰਗਲਾ ਕੋਲੋਂ ਲੰਘਦੀ, ਉਹਨੂੰ ਫੜ ਵੀ ਲੈਂਦਾ। ਇਸ ਸਭ ਨਾਲ ਮੈਂ ਔਖ ਮਹਿਸੂਸ ਕਰਦੀ, ਖਾਸ ਤੌਰ ‘ਤੇ ਜਦੋਂ ਉਹ ਦਲੀਪ ਸਾਹਮਣੇ ਇਸ ਤਰ੍ਹਾਂ ਕਰਦਾ ਜੋ ਆਪਣੇ ਮਾਮੇ ਜਵਾਹਰ ਨੂੰ ਮੋਹ ਕਰਦਾ ਹੈ ਤੇ ਉਹਦੀਆਂ ਆਦਤਾਂ ਦੀ ਰੀਸ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਸ਼ਾਇਦ ਸਰਕਾਰ ਰਿਸ਼ਤੇਦਾਰਾਂ ਨੂੰ ਦਰਬਾਰ ‘ਚ ਕਦੇ ਵੀ ਨਾ ਆਉਣ ਦੇਣ ‘ਚ ਸਖਤਾਈ ਕਰਨ ਦੀ ਨੀਤੀ ਲਾਗੂ ਕਰਨ ‘ਚ ਦਰੁਸਤ ਹੀ ਸਨ। ਮੈਂ ਇਸ ਕਪਟੀ ਵਿਚਾਰ ਨੂੰ ਪਰ੍ਹਾਂ ਧੱਕ ਦਿੱਤਾ। ਜਵਾਹਰ ਮੇਰਾ ਇਕਲੌਤਾ ਭਰਾ ਹੈ। ਯਕੀਨਨ ਉਸ ਦਾ ਮੇਰਾ ਪੱਖ ਪੂਰਨ ਲਈ ਹੋਣਾ ਬਹੁਤ ਜ਼ਰੂਰੀ ਹੈ।
ਮੈਂ ਫਕੀਰ ਜੀ ਦੇ ਆਖਰੀ ਸ਼ਬਦਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਉਨ੍ਹਾਂ ਦਾ ਆਖਣ ਦਾ ਕੀ ਮਤਲਬ ਸੀ, ਜਦੋਂ ਉਨ੍ਹਾਂ ਨੇ ਮੈਨੂੰ ਸਦਾ ਕੌਰ ਵਾਂਗ ਬਣਨ ਦੀ ਸਲਾਹ ਦਿੱਤੀ ਸੀ। ਮੈਂ ਸਾਰੀ ਰਾਤ ਸੋਚਦੀ ਰਹੀ। ਜਦੋਂ ਸਵੇਰ ਦੇ ਚਾਨਣ ਨਾਲ ਮੇਰੀ ਖਿੜਕੀ ਰੁਸ਼ਨਾਈ ਤਾਂ ਮੇਰੇ ਦਿਮਾਗ ‘ਚ ਇਕ ਅਮਲੀ ਯੋਜਨਾ ਵੀ ਬਣ ਗਈ। ਹੀਰਾ ਜਦੋਂ ਦਰਬਾਰ ਤੋਂ ਵਾਪਿਸ ਜਾ ਰਿਹਾ ਸੀ ਤਾਂ ਮੈਂ ਉਹਨੂੰ ਰੋਕਿਆ ਤੇ ਗੁਜ਼ਾਰਿਸ਼ ਕੀਤੀ ਕਿ ਖਾਲਸਾ ਫੌਜ ਨੂੰ ਆਪਣੇ ਨਵੇਂ ਮਹਾਰਾਜੇ ਨਾਲ ਮਿਲਣ ਦਾ ਸੱਦਾ ਭੇਜੇ।
“ਦਲੀਪ ਫੌਜ ਦਾ ਰਸਮੀ ਨਿਰੀਖਣ ਕਰ ਸਕਦੈ ਤੇ ਉਨ੍ਹਾਂ ਨੂੰ ਤੋਹਫਾ ਦੇ ਸਕਦੈ।”
“ਇਸ ਵਲ?” ਹੀਰੇ ਨੇ ਕਿਹਾ, “ਤਾਜਪੋਸ਼ੀ ਤੋਂ ਪਹਿਲਾਂ ਕਰਨ ਵਾਲੇ ਹਜ਼ਾਰਾਂ ਕੰਮ ਪਏ ਹਨ।”
ਮੈਂ ਆਪਣੀ ਆਵਾਜ਼ ਨੂੰ ਪਠਾਣੀ ਵਾਂਗੂੰ ਕੋਮਲ ਤੇ ਮਿੱਠਾ ਕਰ ਲਿਆ, “ਇਹਦੇ ਨਾਲ ਫੌਜ ਦਾ ਹੌਸਲਾ ਵਧੂ ਤੇ ਉਨ੍ਹਾਂ ਦੀ ਵਿਸ਼ਵਾਸ ਪਾਤਰਤਾ ‘ਚ ਵੀ ਵਾਧਾ ਹੋਊ। ਯਕੀਨੀ ਤੌਰ ‘ਤੇ ਤੂੰ ਵੀ ਇਹੀ ਚਾਹੁੰਦੈ।”
ਮੈਨੂੰ ਨਹੀਂ ਪਤਾ ਕਿ ਇਹ ਮੇਰੇ ਲਹਿਜੇ ਕਰਕੇ ਹੈ ਜਾਂ ਦਲੀਲ ਕਰਕੇ ਪਰ ਹੀਰਾ ਮੰਨ ਗਿਆ। “ਕੱਲ੍ਹ ਨੂੰ ਅਵਤਾਰ ਦਲੀਪ ਨੂੰ ਅਕਬਰੀ ਦਰਵਾਜ਼ੇ ਤੱਕ ਲੈ ਆਵੇ, ਮੈਂ ਉਹਨੂੰ ਕਵਾਇਦ ਦੇ ਮੈਦਾਨ ‘ਤੇ ਲੈ ਜਾਊਂ।”
*
ਨਿਰੀਖਣ ਕਰਨ ਵਾਲੀ ਸਵੇਰ ਦਲੀਪ ਅਵਤਾਰ ਨਾਲ ਦਰਵਾਜ਼ੇ ਤੱਕ ਚਲਾ ਗਿਆ। ਮੈਂ ਤੇ ਜਵਾਹਰ ਉਨ੍ਹਾਂ ਦੇ ਪਿੱਛੇ ਰਹੇ। ਹੀਰਾ ਇੰਝ ਕਿਵੇਂ ਸੋਚ ਸਕਦਾ ਹੈ ਕਿ ਮੈਂ ਇਹ ਅਹਿਮ ਮੁਲਾਕਾਤ ਆਪਣੀ ਹਾਜ਼ਰੀ ਤੋਂ ਬਿਨਾਂ ਹੋਣ ਦੇਵਾਂਗੀ।
ਕਾਲੀ ਅਰਬੀ ਘੋੜੀ ਜੋ ਲਹਿਣੇ ਨੇ ਦਲੀਪ ਨੂੰ ਤੋਹਫੇ ਵਜੋਂ ਦਿੱਤੀ ਸੀ, ਉਸ ਦੀ ਸਵਾਰੀ ਕਰਦਿਆਂ ਉਹ ਪੁੱਛਣ ਲੱਗਿਆ, “ਕੀ ਲਹਿਣਾ ਚਾਚਾ ਵੀ ਸਾਡੇ ਨਾਲ ਜਾਣਗੇ?”
ਉਹਦੇ ਭੋਲੇ ਜਿਹੇ ਸਵਾਲ ਨੇ ਮੈਨੂੰ ਨਿਰ-ਉੱਤਰ ਕਰ ਦਿੱਤਾ। ਮੈਂ ਆਪਣਾ ਸਿਰ ਮਾਰਿਆ, “ਨਹੀਂ।”
“ਕਿਉਂ ਨਹੀਂ ਬੀਜੀ?”
ਜਵਾਹਰ ਮੇਰੇ ਬਚਾਅ ਲਈ ਆ ਗਿਆ। “ਲਹਿਣੇ ਚਾਚੇ ਨੂੰ ਕਿਤੇ ਜਾਣਾ ਪੈ ਗਿਐ ਪਰ ਮੈਂ ਹਾਂ ਨਾ। ਆ ਖੇਤ ਦੀ ਹੱਦ ਤੱਕ ਦੌੜ ਲਾਈਏ।”
ਜਦੋਂ ਉਹ ਦੌੜ ਲਾਉਣ ਲੱਗੇ ਤਾਂ ਮੈਂ ਸਾਹ ਰੋਕੀ ਰੱਖਿਆ। ਇਸ ਹਫਤੇ ਮੈਂ ਜਵਾਹਰ ਨੂੰ ਹਰ ਰੋਜ਼ ਘੋੜ ਸਵਾਰੀ ਦਾ ਅਭਿਆਸ ਕਰਵਾਉਂਦੀ ਰਹੀ ਤੇ ਅਵਤਾਰ ਨੇ ਅਸਤਬਲ ‘ਚੋਂ ਸਭ ਤੋਂ ਸਾਊ ਘੋੜਾ ਉਹਦੇ ਲਈ ਲੱਭਿਆ ਤਾਂ ਕਿ ਉਹਨੂੰ ਕਿਸੇ ਵੀ ਸ਼ਰਮਿੰਦਗੀ ਭਰੇ ਹਾਦਸੇ ਦਾ ਸਾਹਮਣਾ ਨਾ ਕਰਨਾ ਪਵੇ ਪਰ ਹੁਣ ਮੈਂ ਦੇਖ ਰਹੀ ਹਾਂ ਕਿ ਉਹ ਚੰਗਾ ਘੋੜ ਸਵਾਰ ਬਣ ਚੁੱਕਿਆ ਹੈ। ਹਰ ਵੇਲੇ ਜਦੋਂ ਵੀ ਮੈਂ ਸੋਚਦੀ ਹਾਂ ਕਿ ਮੈਂ ਜਵਾਹਰ ਬਾਰੇ ਸਭ ਜਾਣਦੀ ਹਾਂ ਤਾਂ ਉਹ ਮੈਨੂੰ ਹੈਰਾਨ ਕਰ ਦਿੰਦਾ ਹੈ।
ਸ਼ੁਕਰ ਹੈ ਕਿ ਮੈਂ ਘੋੜ ਸਵਾਰੀ ਕਰਨਾ ਨਹੀਂ ਭੁੱਲੀ, ਹਾਲਾਂਕਿ ਜਦੋਂ ਦਾ ਅਸੀਂ ਜੰਮੂ ਛੱਡਿਆ ਹੈ, ਮੈਨੂੰ ਘੋੜੇ ‘ਤੇ ਚੜ੍ਹਨ ਤੱਕ ਦਾ ਮੌਕਾ ਨਹੀਂ ਲੱਗਿਆ। ਮੈਂ ਬਹੁਤ ਵਧੀਆ ਲਾਖੇ ਰੰਗ ਦੀ ਘੋੜੀ ‘ਤੇ ਸਵਾਰ ਹਾਂ ਜੋ ਖੂਬਸੂਰਤ ਜਾਨਵਰ ਹੈ ਪਰ ਇਹ ਉਹ ਨਹੀਂ ਜਿਸ ਦੀ ਮੈਨੂੰ ਬਹੁਤ ਇੱਛਾ ਹੈ। ਜਦੋਂ ਮੈਂ ਸਸਕਾਰਾਂ ਤੋਂ ਬਾਅਦ ਕਿਲ੍ਹੇ ਵਿਚ ਤਬਦੀਲ ਹੋਈ ਤਾਂ ਪਹਿਲਾ ਕੰਮ ਜੋ ਮੈਂ ਕੀਤਾ, ਉਹ ਇਹ ਸੀ ਕਿ ਅਵਤਾਰ ਨੂੰ ਅਸਤਬਲਾਂ ‘ਚ ਭੇਜਿਆ ਕਿ ਲੈਲਾ ਨੂੰ ਲੱਭ। ਮੈਂ ਉਹਨੂੰ ਉਸੇ ਦਿਨ ਮਿਲ ਕੇ ਆਉਣ ਦੀ ਯੋਜਨਾ ਵੀ ਬਣਾ ਲਈ। ਮੈਂ ਉਹਦੇ ਵਾਸਤੇ ਗੁੜ ਵੀ ਤਿਆਰ ਰੱਖਿਆ ਪਰ ਲੈਲਾ ਚਲੀ ਗਈ ਸੀ। ਕਿਸੇ ਨੇ ਹਮਲਿਆਂ ਦੀ ਗੜਬੜ ‘ਚ ਉਹਨੂੰ ਚੁਰਾ ਲਿਆ ਸੀ।
ਅਸੀਂ ਕਵਾਇਦ ਦੇ ਮੈਦਾਨ ‘ਚ ਪਹੁੰਚੇ, ਜਿੱਥੇ ਕੁਝ ਸਰਦਾਰ ਪਹਿਲਾਂ ਹੀ ਉਡੀਕ ਰਹੇ ਹਨ। ਮੈਨੂੰ ਪਤਾ ਹੈ ਕਿ ਮਰਦਾਂ ਦੇ ਇਸ ਅਖਾੜੇ ਵਿਚ ਮੇਰੇ ਅਚਾਨਕ ਆ ਜਾਣ ਨਾਲ ਉਹ ਬਹੁਤ ਹੈਰਾਨ ਹੋਣਗੇ। ਮੈਂ ਉਸ ਸਮੱਸਿਆ ਨਾਲ ਵੀ ਥੋੜ੍ਹੀ ਦੇਰ ‘ਚ ਨਜਿੱਠ ਹੀ ਲਵਾਂਗੀ। ਇਸ ਵੇਲੇ ਮੇਰਾ ਧਿਆਨ ਸਿਪਾਹੀਆਂ ਵੱਲ ਹੈ। ਪੂਰਾ ਮੈਦਾਨ ਉਨ੍ਹਾਂ ਨਾਲ ਭਰਿਆ ਹੋਇਆ ਹੈ: ਲਾਲ ਤੇ ਪੀਲੀਆਂ ਵਰਦੀਆਂ ਦਾ ਵਿਸ਼ਾਲ ਸਮੁੰਦਰ, ਤੇ ਇਹ ਪੰਜਾਬ ਦੀਆਂ ਫੌਜਾਂ ਦਾ ਸਿਰਫ ਛੋਟਾ ਜਿਹਾ ਹਿੱਸਾ ਹੈ। ਬਾਕੀ ਦੀ ਫੌਜ ਵੱਖ-ਵੱਖ ਸਰਹੱਦਾਂ ‘ਤੇ ਲਗਾਈ ਗਈ ਹੈ: ਤਿੱਬਤ, ਕਾਬਲ ਤੇ ਸਭ ਤੋਂ ਮਹੱਤਵਪੂਰਨ ਸਤਲੁਜ, ਅੰਗਰੇਜ਼ਾਂ ਵਾਲੇ ਪਾਸੇ। ਮੈਨੂੰ ਪਤਾ ਹੈ ਕਿ ਸਾਡੀ ਫੌਜ ਕਿੰਨੀ ਵੱਡੀ ਹੈ ਕਿਉਂਕਿ ਸਰਕਾਰ ਅਕਸਰ ਹੀ ਬਹੁਤ ਖੂਬਸੂਰਤ ਅੰਦਾਜ਼ ‘ਚ ਇਸ ਦਾ ਬਿਆਨ ਕਰਦੇ ਹੁੰਦੇ ਸੀ। ਫਿਰ ਵੀ ਇਨ੍ਹਾਂ ਸਿਪਾਹੀਆਂ ਦਾ ਸਾਹਮਣਾ ਕਰਦਿਆਂ ਮੈਂ ਮਹਿਸੂਸ ਕੀਤਾ ਕਿ ਮੇਰੀਆਂ ਹਥੇਲੀਆਂ ਨੂੰ ਪਸੀਨਾ ਆ ਰਿਹਾ ਹੈ। ਕੀ ਉਹ ਹੀਰੇ ਵਾਂਗ ਮੈਨੂੰ ਦੇਖ ਕੇ ਦੰਗ ਰਹਿ ਜਾਣਗੇ? ਹਾਲਾਂਕਿ ਮੈਂ ਚੰਗੀ ਤਰ੍ਹਾਂ ਆਪਣਾ ਮੂੰਹ ਕੱਜਿਆ ਹੋਇਆ ਹੈ। ਕੀ ਉਹ ਮੈਨੂੰ ਮਾਨਤਾ ਨਹੀਂ ਦੇਣਗੇ?
ਪਹਿਲਾ ਹਮਲਾ ਬਿਨਾਂ ਹੈਰਾਨੀ ਤੋਂ ਜੱਲ੍ਹੇ ਵੱਲੋਂ ਹੋਇਆ, “ਨਿਮਰਤਾ ਸਹਿਤ ਰਾਣੀ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ?” ਉਸ ਨੇ ਗੁੱਸੇ ‘ਚ ਮੰਗ ਕੀਤੀ, “ਇਹ ਬਿਲਕੁਲ ਅਯੋਗ ਹੈ। ਲਾਹੌਰ ਦੇ ਦਰਬਾਰ ਦੀਆਂ ਸ਼ਾਹੀ ਔਰਤਾਂ ਤੋਂ ਪਰਦੇ ‘ਚ ਰਹਿਣ ਦੀ ਆਸ ਕੀਤੀ ਜਾਂਦੀ ਹੈ।”
ਮੇਰੇ ਗੁੱਸੇ ‘ਚ ਵਾਧਾ ਹੋ ਗਿਆ ਤੇ ਮੈਂ ਉੱਚੀ ਸਾਰੀ ਬੋਲੀ ਤਾਂ ਕਿ ਸਾਰੇ ਦਰਬਾਰੀ ਸੁਣ ਲੈਣ, ਰਾਜ ਪ੍ਰਬੰਧਕ ਹੋਣ ਕਰਕੇ ਇਹ ਮੇਰਾ ਫਰਜ਼ ਐ ਕਿ ਮੈਂ ਇੱਥੇ ਆਪਣੇ ਪੁੱਤਰ ਦਾ ਸਾਥ ਦੇਵਾਂ। ਇਸ ਤੋਂ ਇਲਾਵਾ ਕੀ ਤੂੰ ਭੁੱਲ ਗਿਐਂ ਕਿ ਸਰਕਾਰ ਦੀ ਸੱਸ ਸਦਾ ਕੌਰ ਵੀ ਔਰਤ ਹੀ ਸੀ ਜੋ ਉਨ੍ਹਾਂ ਨਾਲ ਲਾਹੌਰ ਤੱਕ ਘੋੜ ਸਵਾਰੀ ਕਰਕੇ ਆਈ ਤੇ ਮਹਾਰਾਜਾ ਬਣਨ ‘ਚ ਉਨ੍ਹਾਂ ਦੀ ਸਹਾਇਤਾ ਕੀਤੀ।
ਮੈਂ ਜੱਲ੍ਹੇ ‘ਤੇ ਹੋਰ ਸਮਾਂ ਬਰਬਾਦ ਨਹੀਂ ਕੀਤਾ। ਮੈਂ ਅਵਤਾਰ ਵੱਲ ਵੇਖਿਆ ਜਿਸ ਨੇ ਮੈਨੂੰ ਬੋਲਣ ਲਈ ਤੁਰੀ ਫੜਾ ਦਿੱਤੀ। ਹੁਣ ਸਾਰਾ ਇਕੱਠ ਮੇਰੇ ਵੱਲ ਹੀ ਝਾਕ ਰਿਹਾ ਸੀ। ਮੈਂ ਆਪਣਾ ਘੋੜਾ ਥੋੜ੍ਹਾ ਹੋਰ ਅੱਗੇ ਕਰ ਲਿਆ। ਹੁਣ ਮੈਂ ਸਿੱਧੇ ਤੌਰ ‘ਤੇ ਫੌਜ ਦੇ ਬਿਲਕੁਲ ਸਾਹਮਣੇ ਸੀ। ਮੈਂ ਬੋਲਣ ਵਾਲੀ ਤੁਰੀ ਕੰਬਦੀਆਂ ਉਂਗਲਾਂ ਨਾਲ ਫੜੀ ਪਰ ਮੇਰੀ ਆਵਾਜ਼ (ਵਾਹਿਗੁਰੂ ਤੇਰਾ ਸ਼ੁਕਰ ਹੈ) ਬਿਲਕੁਲ ਸਾਫ ਤੇ ਮਜ਼ਬੂਤ ਹੈ।
“ਖਾਲਸਾ ਜੀ!” ਮੈਂ ਸ਼ੁਰੂਆਤ ਕੀਤੀ, ਕਿਉਂਕਿ ਸਰਕਾਰ ਫੌਜ ਨੂੰ ਇੰਝ ਹੀ ਸੰਬੋਧਤ ਕਰਦੇ ਸਨ। “ਮੈਂ ਤੇ ਮੇਰਾ ਪੁੱਤਰ ਤੁਹਾਡੀ ਬਹੁਤ ਇੱਜ਼ਤ ਕਰਦੇ ਆਂ। ਤਖਤ ਦੀ ਸੇਵਾ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਅਸੀਂ ਸਾਡੀ ਸੁਰੱਖਿਆ ਤੇ ਪੰਜਾਬ ਦੀ ਸੁਰੱਖਿਆ ਲਈ ਤੁਹਾਡੀ ਬਹਾਦਰੀ ‘ਤੇ ਨਿਰਭਰ ਕਰਦੇ ਆਂ, ਕਿਰਪਾ ਕਰਕੇ ਦਲੀਪ ਨੂੰ ਆਪਣਾ ਅਸ਼ੀਰਵਾਦ ਦਿਉ, ਕਿਉਂਕਿ ਉਹ ਤਾਜਪੋਸ਼ੀ ਲਈ ਤਿਆਰੀ ਕਰ ਰਿਹੈ। ਤੁਹਾਡੀ ਕਦਰ ਕਰਦਿਆਂ ਉਹ ਫੌਜ ਦੀਆਂ ਵਿਭਿੰਨ ਚਾਲਾਂ ਵੇਖਣ ਬਾਅਦ ਸਭ ਨੂੰ ਇੱਕ-ਇੱਕ ਨਾਨਕਸ਼ਾਹੀ ਸਿੱਕਾ ਭੇਟ ਕਰੇਗਾ।”
ਸਿਪਾਹੀ ਚੁੱਪ ਖੜ੍ਹੇ ਹਨ। ਉਨ੍ਹਾਂ ਦੇ ਚਿਹਰੇ ਭਾਵਹੀਣ ਹਨ। ਕੀ ਮੈਂ ਅਸਫਲ ਰਹੀ? ਮੈਂ ਜੱਲ੍ਹੇ ਦੇ ਚਿਹਰੇ ‘ਤੇ ਤਸੱਲੀ ਵੇਖ ਸਕਦੀ ਹਾਂ। ਜੋ ਵੀ ਹੋਵੇ, ਮੈਨੂੰ ਮੇਰੀ ਯੋਜਨਾ ਜਾਰੀ ਰੱਖਣੀ ਚਾਹੀਦੀ ਹੈ। ਮੈਂ ਦਲੀਪ ਨੂੰ ਅੱਗੇ ਬੁਲਾਇਆ। ਉਹ ਆਪਣੇ ਘੋੜੇ ‘ਤੇ ਉੱਚਾ ਹੋ ਕੇ ਬੈਠਾ ਹੈ- ਜਿੰਨਾ ਕੁ ਉੱਚਾ-ਲੰਮਾ ਪੰਜ ਸਾਲ ਦੀ ਉਮਰ ‘ਚ ਕੋਈ ਹੋ ਸਕਦਾ ਹੈ, ਤੇ ਆਪਣੀ ਬਾਂਹ ਸ਼ਾਹੀ ਅੰਦਾਜ਼ ‘ਚ ਉੱਪਰ ਚੁੱਕ ਕੇ ਹਿਲਾ ਰਿਹਾ ਹੈ। ਇਸ ਵੱਡੇ ਇਕੱਠ ਦੇ ਸਾਹਮਣੇ ਉਸ ਦਾ ਇਹ ਸੰਤੁਲਨ ਵੇਖ ਕੇ ਮੈਂ ਹੈਰਾਨ ਰਹਿ ਗਈ। ਉਹ ਬਿਲਕੁਲ ਆਪਣੇ ਪਿਤਾ ‘ਤੇ ਗਿਆ ਹੈ।
ਸਿਪਾਹੀ ਇਕਦਮ ਬੰਬ ਫਟਣ ਵਾਂਗ ਉੱਚੀ-ਉੱਚੀ ਬੋਲਣ ਲੱਗੇ। “ਵਾਹਿਗੁਰੂ ਸਾਡੇ ਮਹਾਰਾਜੇ ‘ਤੇ ਮਿਹਰ ਕਰੇ”, ਤੇ ਫਿਰ ਹੈਰਾਨੀ ਹੋਈ ਜਦੋਂ ਆਖਣ ਲੱਗੇ- “ਮਹਾਰਾਣੀ ਜਿੰਦਾਂ ਦੀ ਜੈ”।
ਜਦੋਂ ਬਹੁਤ ਹੀ ਵਧੀਆ ਅੰਦਾਜ਼ ‘ਚ ਫੌਜੀਆਂ ਦੀਆਂ ਪੈਂਤੜੇਬਾਜ਼ੀਆਂ ਸਮਾਪਤ ਹੋਈਆਂ, ਅਵਤਾਰ ਦੇ ਬੰਦੇ ਚਾਂਦੀ ਦੇ ਸਿੱਕਿਆਂ ਦੀਆਂ ਬੋਰੀਆਂ ਲੈ ਆਏ ਤਾਂ ਕਿ ਪੰਚਾਂ ਨੂੰ ਵੰਡਣ ਵਾਸਤੇ ਦੇਣ ਤੋਂ ਪਹਿਲਾਂ ਦਲੀਪ ਉਨ੍ਹਾਂ ਨੂੰ ਛੋਹ ਸਕੇ। ਸਿਪਾਹੀ ਦੁਬਾਰਾ ਸਲਾਹੁਤਾਂ ਕਰਨ ਲੱਗੇ। ਜਦੋਂ ਮੈਂ ਇਨ੍ਹਾਂ ਮੈਦਾਨਾਂ ‘ਚੋਂ ਵਾਪਸ ਗਈ ਤਾਂ ਮੇਰਾ ਦਿਲ ਹੌਲਾ-ਫੁੱਲ ਸੀ। ਹੁਣ ਫੌਜ ਦਾ ਦਲੀਪ ਨਾਲ ਦਿਲੀ ਮੋਹ ਪੈ ਗਿਆ ਸੀ, ਤੇ ਸ਼ਾਇਦ ਨਾਲ-ਨਾਲ ਮੇਰੇ ਨਾਲ ਵੀ।
“ਇਹ ਸਭ ਬੜਾ ਪ੍ਰਭਾਵਸ਼ਾਲੀ ਸੀ, ਮਹਾਰਾਣੀ।” ਜੱਲ੍ਹੇ ਦੇ ਈਰਖਾਲੂ ਅੰਦਾਜ਼ ਨੇ ਮੈਨੂੰ ਮੇਰੀਆਂ ਸੋਚਾਂ ‘ਚੋਂ ਬਾਹਰ ਕੱਢਿਆ। “ਪਰ ਇਹ ਸਾਰੇ ਸਿੱਕੇ ਕਿੱਥੋਂ ਆਏ? ਕੀ ਤੂੰ ਆਪਣੇ ਇਸ ਵੱਡੇ ਦਿਖਾਵੇ ਲਈ ਪਹਿਲਾਂ ਹੀ ਰਹੇ-ਖੂਹੇ ਖਜ਼ਾਨੇ ਦਾ ਦੀਵਾਲਾ ਕੱਢਣ ‘ਤੇ ਤੁਲੀ ਹੋਈ ਐਂ?”
ਉਹਦੇ ਬੇਇਜ਼ਤੀ ਕਰਨ ਵਾਲੇ ਲਹਿਜੇ ਕਰਕੇ ਮੇਰਾ ਚਿਹਰਾ ਤਪਣ ਲੱਗਿਆ। ਇਹ ਕਾਰਜ ਕਰਨ ਲਈ ਮੈਂ ਖਜ਼ਾਨਚੀ ਨਾਲ ਬੜੇ ਧਿਆਨ ਨਾਲ ਯੋਜਨਾ ਬਣਾਈ ਸੀ। ਮੈਂ ਕੁਝ ਕੁ ਧਨ ਹੀ ਤੋਸ਼ੇਖਾਨੇ ‘ਚੋਂ ਲਿਆ ਸੀ ਪਰ ਇਹਦੇ ‘ਚ ਬਹੁਤਾ ਮੇਰੇ ਤੇ ਦਲੀਪ ਦੇ ਭੱਤੇ ‘ਚੋਂ ਸੀ ਪਰ ਮੈਂ ਜੱਲ੍ਹੇ ਨੂੰ ਕੋਈ ਵੀ ਸਪੱਸ਼ਟੀਕਰਨ ਨਹੀਂ ਦੇਣਾ।
ਇਸ ਦੀ ਬਜਾਇ ਮੈਂ ਕਿਹਾ, “ਪੰਡਤਾ, ਤੇਰੇ ਵਰਗੇ ਪੜ੍ਹੇ-ਲਿਖੇ ਬੰਦੇ ਨੂੰ ਇੰਨਾ ਤਾਂ ਪਤਾ ਹੀ ਹੋਵੇਗਾ ਕਿ ਰਾਜ ਪ੍ਰਬੰਧਕ ਸਿਰਫ ਵਜ਼ੀਰ ਨੂੰ ਜਵਾਬਦੇਹ ਹੈ। ਸ਼ਾਇਦ ਹੀਰਾ ਕਿਸੇ ਯੋਗ ਸਮੇਂ ਮੇਰੇ ਕੋਲੋਂ ਇਹ ਸਵਾਲ ਪੁੱਛ ਸਕਦੈ, ਮੈਂ ਉਹਨੂੰ ਜਵਾਬ ਦੇ ਦਿਊਂਗੀ।”
ਮੈਂ ਗੁੱਸੇ ‘ਚ ਅੱਗੇ ਵਧੀ। ਜੱਲ੍ਹੇ ਨੇ ਇਹ ਪਲ ਬਰਬਾਦ ਹੀ ਕਰ ਦਿੱਤੇ। ਮੈਂ ਜਵਾਹਰ ਨੂੰ ਕੁਝ ਨਹੀਂ ਆਖਿਆ। ਮੈਂ ਉਹਨੂੰ ਹੋਰ ਚੁੱਕਣਾ ਨਹੀਂ ਦੇਣੀ ਚਾਹੁੰਦੀ ਪਰ ਮੈਂ ਮੰਗਲਾ ਨੂੰ ਕਿਹਾ, “ਜੱਲ੍ਹੇ ਨੂੰ ਜਾਣਾ ਹੀ ਪੈਣੈਂ।”
ਮੰਗਲਾ ਨੇ ਕਿਹਾ, “ਉਹਦੇ ਲਈ ਤੁਹਾਨੂੰ ਕਿਸੇ ਤਾਕਤਵਰ ਸਾਥ ਦੀ ਲੋੜ ਹੈ।”
“ਮੈਂ ਸ਼ਾਇਦ ਲੱਭ ਹੀ ਲਵਾਂ।” ਮੈਂ ਕਿਹਾ।
*
ਤਾਜਪੋਸ਼ੀ ਵਾਲਾ ਦਿਨ ਬਹੁਤ ਸੋਹਣਾ ਚੜ੍ਹਿਆ। ਮੰਗਲਾ ਨੇ ਦਲੀਪ ਨੂੰ ਲਾਲ ਸਿਲਕ ਦੇ ਕੱਪੜਿਆਂ ‘ਚ ਤਿਆਰ ਕੀਤਾ। ਮੈਂ ਆਮ ਵਾਂਗੂੰ ਚਿੱਟੇ ਕੱਪੜੇ ਹੀ ਪਾਏ। ਮੰਗਲਾ ਤੇ ਜਵਾਹਰ ਨੇ ਵਿਰੋਧ ਕੀਤਾ ਕਿ ਇਹ ਬਹੁਤ ਸਾਦੇ ਲੱਗਦੇ ਹਨ ਪਰ ਮੈਨੂੰ ਪਤਾ ਹੈ ਕਿ ਮੈਂ ਕੀ ਕਰ ਰਹੀ ਹਾਂ। ਮੈਂ ਖਾਸ ਭੂਮਿਕਾ ਬੰਨ੍ਹ ਰਹੀ ਹਾਂ। ਬਾਜ਼ਾਰਾਂ ‘ਚ ਲੋਕ ਗੱਲਾਂ ਕਰ ਰਹੇ ਹਨ ਕਿ ਮਹਾਰਾਣੀ ਕਿੰਨੀ ਜਵਾਨ ਹੈ ਤੇ ਚਿੱਟਾ ਪਹਿਰਾਵਾ ਪਾਉਂਦੀ ਹੈ, ਵਿਸ਼ਵਾਸ ਯੋਗ, ਖੂਬਸੂਰਤ ਪਰ ਦੁਖੀ, ਉਹਦਾ ਇੱਕ-ਇੱਕ ਗਹਿਣਾ ਉਹਦੇ ਪਤੀ ਦਾ ਮੋਤੀਆਂ ਦਾ ਹਾਰ।
ਦੀਵਾਨ-ਏ-ਖਾਸ ‘ਚ ਦਲੀਪ ਨੇ ਸਭ ਓਵੇਂ ਹੀ ਕੀਤਾ, ਜਿਵੇਂ ਮੈਂ ਉਹਨੂੰ ਸਿਖਾਇਆ ਸੀ। ਉਹ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਿਆ, ਮੱਥਾ ਟੇਕਿਆ ਅਤੇ ਪੁਜਾਰੀਆਂ ਵੱਲੋਂ ਉਹਦੇ ਮੱਥੇ ‘ਤੇ ਰਾਜ ਤਿਲਕ ਲਗਾਇਆ ਗਿਆ ਪਰ ਜਦੋਂ ਮੈਂ ਉਹਦੀ ਪੱਗ ਉੱਪਰ ਚਿੱਟੇ ਖੰਭਾਂ ਤੇ ਹੀਰਿਆਂ ਜੜੀ ਕਲਗੀ ਲਾਉਣ ਲੱਗੀ ਤਾਂ ਉਹਦੇ ਚਿਹਰੇ ‘ਤੇ ਛੋਟੇ ਬੱਚੇ ਵਾਲੀ ਮੁਸਕਰਾਹਟ ਆ ਗਈ।
“ਕੀ ਮੈਂ ਸਾਰਾ ਕੁਝ ਠੀਕ ਕੀਤੈ? ਕੀ ਤੁਹਾਨੂੰ ਮੇਰੇ ‘ਤੇ ਮਾਣ ਐ?”
“ਤੂੰ ਸਾਰਾ ਕੁਝ ਬਿਲਕੁਲ ਸਹੀ ਕੀਤੈ, ਮੇਰੇ ਚੰਦ।” ਮੈਂ ਆਪਣੇ ਹੰਝੂ ਨਹੀਂ ਰੋਕ ਸਕੀ। ਉਹਨੇ ਇਨ੍ਹਾਂ ਨੂੰ ਪੂੰਝ ਦਿੱਤਾ।
ਦਰਬਾਰੀਆਂ, ਜਰਨੈਲਾਂ ਤੇ ਮਿਸਲਾਂ ਦੇ ਮੁਖੀਆਂ ਨੇ ਤਖਤ ਦੇ ਦੋਨੋਂ ਪਾਸੇ ਕੀਮਤੀ ਤੋਹਫਿਆਂ ਦੇ ਢੇਰ ਲਾ ਕੇ ਸਾਬਤ ਕਰ ਦਿੱਤਾ ਕਿ ਉਹ ਦਲੀਪ ਦੇ ਹੱਕ ‘ਚ ਸਹੁੰ ਖਾਂਦੇ ਹਨ। ਮੈਂ ਵੇਖਿਆ ਕਿ ਕਤਾਰ ‘ਚ ਸਾਡੇ ਗੋਬਿੰਦਗੜ੍ਹ ਵਾਲੇ ਕਿਲ੍ਹੇ ਦਾ ਮੁੱਖ ਖਜ਼ਾਨਚੀ ਵੀ ਖੜ੍ਹਾ ਹੈ। ਉਹਦੇ ਹੱਥ ‘ਚ ਸੋਨੇ ਡੱਬਾ ਹੈ। ਜਦੋਂ ਉਹਨੇ ਇਸ ਨੂੰ ਖੋਲ੍ਹਿਆ ਤਾਂ ਮੈਂ ਵੇਖਿਆ ਕਿ ਉਹ ਦਲੀਪ ਲਈ ਕੋਹਿਨੂਰ ਲੈ ਕੇ ਆਇਆ ਹੈ। ਉਹਨੇ ਇਹਨੂੰ ਮਹਾਰਾਜੇ ਦੀ ਬਾਂਹ ‘ਤੇ ਬੰਨ੍ਹ ਦਿੱਤਾ। ਮੇਰਾ ਦਿਲ ਧਕ-ਧਕ ਕਰਨ ਲੱਗਿਆ, ਜਦੋਂ ਮੈਨੂੰ ਚੇਤੇ ਆਇਆ ਕਿ ਸਰਕਾਰ ਆਖਦੇ ਸਨ ਕਿ ਉਹ ਕੋਹਿਨੂਰ ਦਲੀਪ ਨੂੰ ਦੇਣਾ ਚਾਹੁੰਦੇ ਹਨ ਪਰ ਉਸੇ ਵੇਲੇ ਮੈਂ ਚਾਹੁੰਦੀ ਸੀ ਕਿ ਮੈਂ ਇਸ ਮੰਦਭਾਗੇ ਹੀਰੇ ਨੂੰ ਆਪਣੇ ਪੁੱਤਰ ਦੀ ਬਾਂਹ ਤੋਂ ਧੂਹ ਕੇ ਪਰ੍ਹਾਂ ਸੁੱਟ ਦੇਵਾਂ ਪਰ ਮੈਂ ਇਹ ਨਹੀਂ ਕਰ ਸਕਦੀ, ਨਹੀਂ ਤਾਂ ਦਰਬਾਰੀ ਸੋਚਣਗੇ ਕਿ ਮੈਂ ਕਿੰਨੀ ਮੂਰਖ ਵਹਿਮਣ ਹਾਂ। ਮੈਂ ਉਹਦੇ ਇਹ ਪਾਈ ਰੱਖਣ ਵਾਸਤੇ ਮਜਬੂਰ ਹੋ ਗਈ।
ਮੈਨੂੰ ਚੈਨ ਆ ਗਈ ਕਿ ਸਾਰੀਆਂ ਰਸਮਾਂ ਠੀਕ ਢੰਗ ਨਾਲ ਹੋ ਗਈਆਂ। ਸ਼ਹਿਰੀਆਂ ਨੂੰ ਸੂਚਿਤ ਕਰਨ ਲਈ ਕਿ ਹੁਣ ਲਾਹੌਰ ਦਾ ਨਵਾਂ ਮਹਾਰਾਜਾ ਬਣ ਗਿਆ ਹੈ, ਤੋਪਾਂ ਦੀ ਸਲਾਮੀ ਦਿੱਤੀ ਗਈ। ਬਾਗ ‘ਚ ਸਾਜ਼ਿੰਦੇ ਸਾਜ਼ ਵਜਾਉਣ ਲੱਗੇ ਤੇ ਨਾਚੀਆਂ ਛਾਲਾਂ ਮਾਰ-ਮਾਰ ਕੇ ਤੇ ਘੁੰਮ-ਘੁੰਮ ਕੇ ਨੱਚਣ ਲੱਗੀਆਂ। ਨੌਕਰ ਕਈ ਤਰ੍ਹਾਂ ਦੇ ਖਾਣੇ ਲੈ ਕੇ ਵਿਹੜੇ ਦੇ ਦੂਜੇ ਪਾਸਿਓਂ ਆਉਣ ਲੱਗੇ। ਬਰਿਆਨੀ ਤੇ ਤਰੀ ਵਾਲੇ ਮਾਸ ਦੀ ਖੁਸ਼ਬੋ ਹਵਾ ‘ਚ ਫੈਲਣ ਲੱਗੀ।
ਅਚਾਨਕ ਸੂਰਜ ਗੂੜ੍ਹੇ ਬੱਦਲਾਂ ਪਿੱਛੇ ਛਪ ਗਿਆ। ਠੰਢੀ ਸੀਤ ਹਵਾ ਚੱਲਣ ਲੱਗੀ ਤੇ ਕਿਲ੍ਹੇ ‘ਤੇ ਗੜਿਆਂ ਦੀ ਬੁਛਾਰ ਹੋਣ ਲੱਗੀ। ਗੜਿਆਂ ਦੀ ਵਾਛੜ ਦੀਵਾਨ-ਏ-ਖਾਸ ਦੇ ਅੰਦਰ ਤੱਕ ਆ ਰਹੀ ਸੀ। ਮਨੋਰੰਜਨ ਕਰਨ ਵਾਲੇ ਆਸਰੇ ਲਈ ਭੱਜੇ। ਪ੍ਰਾਹੁਣੇ ਭੜਕਣ ਲੱਗੇ ਤੇ ਆਪਣੇ ਕੀਮਤੀ ਕੱਪੜਿਆਂ ਦਾ ਬਚਾਅ ਕਰਨ ਲੱਗੇ। ਵਰਤਾਵਿਆਂ ਨੂੰ ਰਸੋਈ ਘਰ ‘ਚ ਵਾਪਸ ਜਾਣਾ ਪਿਆ।
ਸਾਰੇ ਜਸ਼ਨ ਜੋ ਮੈਂ ਬਹੁਤ ਹੀ ਧਿਆਨ ਪੂਰਵਕ ਕੀਤੇ ਸੀ, ਬਰਬਾਦ ਹੋ ਗਏ। ਮੈਂ ਨਿਰਾਸ਼ਾਪੂਰਵਕ ਅਸਮਾਨ ਵੱਲ ਝਾਕਣ ਲੱਗੀ। ਮੈਂ ਆਪਣੀ ਪੂਰੀ ਜ਼ਿੰਦਗੀ ‘ਚ ਦੋ ਵਾਰ ਹੀ ਗੜੇ ਵੇਖੇ ਸਨ ਤੇ ਉਹ ਬਹੁਤ ਹੀ ਛੋਟੇ ਸਨ। ਇਹ ਮੇਰੀ ਮੁੱਠੀ ਜਿੱਡੇ ਵੱਡੇ ਸੀ। ਕੀ ਇਹ ਬਦਸ਼ਗਨੀ ਹੈ? ਆਪਣੇ ਆਲੇ-ਦੁਆਲੇ ਦੇ ਚਿੰਤਤ ਚਿਹਰਿਆਂ ਨੂੰ ਵੇਖ ਕੇ ਮੈਂ ਆਖ ਸਕਦੀ ਹਾਂ ਕਿ ਉਹ ਸਭ ਵੀ ਮੇਰੇ ਵਾਂਗੂੰ ਹੀ ਸੋਚ ਰਹੇ ਹਨ। ਜੋਤਸ਼ੀ ਦੇ ਸ਼ਬਦ ਮੇਰੇ ਕੰਨਾਂ ‘ਚ ਗੂੰਜਣ ਲੱਗੇ, “ਇਹਦੇ ਸਿਤਾਰੇ ਬਹੁਤ ਹੀ ਅਭਾਗ ਹਨ। ਇਹ ਸਭ ਕੁਝ ਪ੍ਰਾਪਤ ਕਰੇਗਾ ਤੇ ਫਿਰ ਗਵਾ ਵੀ ਲਵੇਗਾ।”
*
ਜਿਹੜੇ ਗੜਿਆਂ ਨੇ ਦਲੀਪ ਦੀ ਤਾਜਪੋਸ਼ੀ ਦੀ ਦਾਅਵਤ ਬਰਬਾਦ ਕੀਤੀ ਸੀ, ਉਨ੍ਹਾਂ ਨੇ ਪਰ ਪੰਜਾਬ ਦੀਆਂ ਲਹਿ-ਲਹਾਉਂਦੀਆਂ ਫਸਲਾਂ ਵੀ ਤਬਾਹ ਕਰ ਦਿੱਤੀਆਂ ਤੇ ਹਜ਼ਾਰਾਂ ਲੋਕ ਭੁੱਖ ਮਰਨ ਲੱਗੇ। ਮੈਂ ਸ਼ਾਹੀ ਗੁਦਾਮਾਂ ‘ਚੋਂ ਪਿੰਡਾਂ ‘ਚ ਅਨਾਜ ਭੇਜਿਆ। ਮੈਂ ਕਿਹਾ ਕਿ ਸਰਦਾਰਾਂ ਤੋਂ ਤੂਫਾਨ ਕਰ ਵਸੂਲਿਆ ਜਾਵੇ ਤੇ ਇਕੱਠਾ ਕੀਤਾ ਧਨ ਗੁਰਦੁਆਰਿਆਂ ਤੇ ਮੰਦਿਰਾਂ ‘ਚ ਭੇਜਿਆ ਜਾਵੇ ਤਾਂ ਕਿ ਭੁੱਖੇ ਖਾ ਸਕਣ। ਫਿਰ ਵੀ ਲੋਕ ਬੁੜ-ਬੁੜ ਕਰਦੇ ਰਹਿੰਦੇ ਕਿ ਦਲੀਪ ਉਨ੍ਹਾਂ ਲਈ ਮਾੜੀ ਕਿਸਮਤ ਲੈ ਕੇ ਆਇਆ ਹੈ। ਦਰਬਾਰੀ ਆਪਣੇ ਬੱਚਿਆਂ ਨੂੰ ਮੇਰੇ ਪੁੱਤਰ ਤੋਂ ਦੂਰ ਰੱਖਣ ਲਈ ਘਟੀਆ ਕਿਸਮ ਦੇ ਬਹਾਨੇ ਘੜਨ ਲੱਗੇ। ਜਦੋਂ ਦਲੀਪ ਮੈਨੂੰ ਪੁੱਛਦਾ ਕਿ ਉਹਦੇ ਦੋਸਤ ਕਿੱਥੇ ਗਏ ਤਾਂ ਮੈਂ ਲਾਜਵਾਬ ਹੋ ਜਾਂਦੀ।
ਹੋਰ ਸਮੱਸਿਆਵਾਂ ਵੀ ਪਨਪਣ ਲੱਗੀਆਂ। ਉਨ੍ਹਾਂ ਬਾਰੇ ਮੈਨੂੰ ਦਰਬਾਰ ‘ਚ ਜਾ ਕੇ ਪਤਾ ਲੱਗਿਆ ਜਿੱਥੇ ਮੈਂ ਸਾਰਾ ਦਿਨ ਹੀ ਰਹਿੰਦੀ ਜਦੋਂ ਦਲੀਪ ਪੜ੍ਹਨ ਲਈ ਸ਼ੀਸ਼ ਮਹਿਲ ‘ਚ ਵਾਪਸ ਚਲਾ ਜਾਂਦਾ। ਪਹਿਲਾਂ-ਪਹਿਲਾਂ ਦਰਬਾਰੀ ਔਖ ਮਹਿਸੂਸ ਕਰਦੇ ਸੀ ਪਰ ਕੁਝ ਦੇਰ ਬਾਅਦ ਉਹ ਮੇਰੀ ਹਾਜ਼ਰੀ ਦੇ ਆਦੀ ਹੋ ਗਏ। ਕੱਲ੍ਹ ਲਾਹੌਰ ‘ਚ ਦੋ ਜਾਸੂਸ ਫੜੇ ਗਏ। ਸਖਤੀ ਨਾਲ ਕੀਤੀ ਪੁੱਛ-ਗਿੱਛ ‘ਚ ਉਨ੍ਹਾਂ ਮੰਨਿਆ ਕਿ ਉਹ ਸਾਡੇ ਕੁਝ ਯੂਰਪੀਅਨ ਅਫਸਰਾਂ ਨੂੰ ਅੰਗਰੇਜ਼ਾਂ ਦੇ ਪੱਖ ‘ਚ ਲਾਲਚ ਦੇਣ ਲਈ ਇੱਥੇ ਆਏ ਹਨ। ਅਤਰ ਸਿੰਘ ਸੰਧਾਵਾਲੀਆ ਜੋ ਅਜੀਤ ਤੇ ਲਹਿਣੇ ਦੀ ਮਿਸਲ ਦਾ ਹੈ, ਤੇ ਜਿਸ ਨੂੰ ਅੰਗਰੇਜ਼ਾਂ ਨੇ ਰਾਜਨੀਤਕ ਸ਼ਰਨ ਦਿੱਤੀ ਹੋਈ ਹੈ, ਨੇ ਇਸ ਕਾਰਨਾਮੇ ਦੀ ਯੋਜਨਾ ਘੜੀ। ਉਹ ਚਾਹੁੰਦਾ ਹੈ ਕਿ ਫਿਰੰਗੀ ਪੰਜਾਬ ਵਿਰੁੱਧ ਜੰਗ ਛੇੜਨ। ਉਹ ਖੁਦ ਵੀ ਹਮੇਸ਼ਾ ਇਹ ਚਾਹੁੰਦੇ ਹਨ, ਇਸ ਲਈ ਉਹ ਦੋ ਸੌ ਬੰਦੂਕਾਂ ਤੇ ਕਈ ਫੌਜੀ ਟੁਕੜੀਆਂ ਫਿਰੋਜ਼ਪੁਰ ਲੈ ਵੀ ਆਏ ਹਨ। ਅਸੀਂ ਇਹ ਵੀ ਪਤਾ ਲਗਾ ਲਿਆ ਕਿ ਅੰਗਰੇਜ਼ ਹੀ ਸਨ ਜਿਨ੍ਹਾਂ ਨੇ ਅਜੀਤ ਤੇ ਲਹਿਣੇ ਨੂੰ ਸ਼ੇਰ ਸਿੰਘ ਨੂੰ ਮਾਰਨ ਲਈ ਭੜਕਾਇਆ।
ਜਾਸੂਸਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜੋ ਅਫਸਰ ਇਸ ਮਾਮਲੇ ‘ਚ ਸ਼ਾਮਲ ਸਨ, ਉਨ੍ਹਾਂ ਨੂੰ ਪੁੱਛ-ਗਿੱਛ ਲਈ ਬੁਲਾਇਆ ਗਿਆ ਤੇ ਹੁਣ ਸਭਾ ਨੂੰ ਨਿਰਧਾਰਤ ਕਰਨਾ ਪੈਣੈਂ ਕਿ ਸਾਡੇ ਅਗਲੇ ਕਦਮ ਕੀ ਹੋਣਗੇ। ਕੁਝ ਕੁ ਨੇ ਸਲਾਹ ਦਿੱਤੀ ਕਿ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਕਿ ਗੋਰੇ ਪਹਿਲਾ ਕਦਮ ਚੁੱਕਣ। ਕੁਝ ਹੋਰ ਦਾ ਵਿਚਾਰ ਸੀ ਕਿ ਲਾਹੌਰ ਵਿਖੇ ਗੋਰਿਆਂ ਦੇ ਨੁਮਾਇੰਦੇ ‘ਤੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਗੋਰੇ ਪਿੱਛੇ ਹਟਣ। ਜਰਨੈਲ ਚੜ੍ਹਾਈ ਕਰਨਾ ਚਾਹੁੰਦੇ ਹਨ। ਹੀਰੇ ਦਾ ਮੰਨਣਾ ਹੈ ਕਿ ਸਾਨੂੰ ਸਾਡੀਆਂ ਫੌਜਾਂ ਨੂੰ ਸਰਹੱਦਾਂ ‘ਤੇ ਤਿਆਰ ਰੱਖਣਾ ਚਾਹੀਦਾ ਹੈ ਪਰ ਸਰਹੱਦ ਤਾਂ ਸੈਂਕੜੇ ਮੀਲਾਂ ਤੱਕ ਫੈਲੀ ਹੋਈ ਹੈ। ਸਿਪਾਹੀ ਕਿਸ ਜਗ੍ਹਾ ‘ਤੇ ਧਿਆਨ ਕੇਂਦਰਿਤ ਕਰਨ? ਜਦੋਂ ਲੋਕ ਇਸ ਬਾਰੇ ਬਹਿਸ ਕਰਨ ਲੱਗੇ ਤਾਂ ਆਵਾਜ਼ਾਂ ਤੇ ਗੁੱਸੇ ਦੇ ਵਧਣ ਨਾਲ ਰੌਲਾ ਜਿਹਾ ਪੈ ਗਿਆ।
ਇੱਕ ਯਾਦ ਮੈਨੂੰ ਤਾਜ਼ਾ ਹੋ ਗਈ। ਸਰਕਾਰ ਨੇ ਨਕਸ਼ਾ ਸਾਡੇ ਪਲੰਘ ‘ਤੇ ਵਿਛਾਇਆ। ਫਿਰੋਜ਼ਪੁਰ ‘ਤੇ ਉਂਗਲ ਰੱਖੀ। ਮੈਨੂੰ ਦੱਸਣ ਲੱਗੇ, ਉਹ ਮੇਰੇ ਨਾਲ ਵਿਆਹ ਕਰਨ ਗੁੱਜਰਾਂਵਾਲੇ ਵਿਖੇ ਕਿਉਂ ਨਹੀਂ ਆ ਸਕੇ, ਉਹ ਗੋਰਿਆਂ ਨਾਲ ਗੱਲਬਾਤ ‘ਚ ਰੁੱਝੇ ਹੋਏ ਸਨ। ਸਰਕਾਰ ਨੂੰ ਫਿਰੋਜ਼ਪੁਰ ਉਨ੍ਹਾਂ ਨੂੰ ਦੇਣਾ ਪਿਆ ਸੀ ਪਰ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਜੇ ਕਦੇ ਗੋਰੇ ਉਸ ਰਸਤਿਓਂ ਪੰਜਾਬ ‘ਤੇ ਹਮਲਾ ਕਰਨ ਤਾਂ ਉਨ੍ਹਾਂ ਤੋਂ ਬਚਾ ਲਈ ਸਾਡੇ ਕੋਲ ਬਿਲਕੁਲ ਸਹੀ ਸੁਰੱਖਿਆ ਸਥਾਨ ਹੈ।
ਮੈਂ ਆਪਣੇ ਦਿਮਾਗ਼ ‘ਤੇ ਜ਼ੋਰ ਪਾ ਕੇ ਸੋਚਿਆ। “ਸਾਨੂੰ ਆਪਣੀਆਂ ਫੌਜਾਂ ਕਸੂਰ ‘ਚ ਆਪਣੀ ਸਰਹੱਦ ‘ਤੇ ਭੇਜਣੀਆਂ ਚਾਹੀਦੀਆਂ ਹਨ”, ਮੈਂ ਇਕਦਮ ਉੱਚੀ ਬੋਲੀ ਤਾਂ ਕਿ ਰੌਲੇ-ਗੋਲੇ ‘ਚ ਮੇਰੀ ਆਵਾਜ਼ ਸੁਣਾਈ ਦੇ ਸਕੇ। “ਇਹ ਫਿਰੋਜ਼ਪੁਰ ਦੇ ਨੇੜੇ ਐ ਪਰ ਉੱਥੋਂ ਨਜ਼ਰ ਨਹੀਂ ਆਉਂਦਾ ਤੇ ਫਿਲੌਰ ਕਿਲ੍ਹੇ ਦੇ ਬਾਹਰ ਵਾਲੀ ਖਾਈ ਵਿਚ ਪਾਣੀ ਛੱਡ ਦੇਣਾ ਚਾਹੀਦੈ। ਜੇ ਸਰਕਾਰ ਹੁੰਦੇ ਤਾਂ ਇਹੀ ਸਭ ਕਰਦੇ।”
ਸਾਰੇ ਮੇਰੇ ਵੱਲ ਝਾਕਣ ਲੱਗੇ। ਮੈਂ ਖੁਸ਼ੀ ਨਾਲ ਦਗ-ਦਗ ਕਰਨ ਲੱਗੀ। ਜੱਲ੍ਹੇ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਹੀਰੇ ਨੇ ਕਿਹਾ, “ਸ਼ਾਨਦਾਰ ਹੱਲ! ਇੰਝ ਲੱਗਦੈ ਕਿ ਸਰਕਾਰ ਤੁਹਾਡੇ ਵਿਚ ਦੀ ਬੋਲ ਰਹੇ ਐ।” ਉਹਨੇ ਹੁਕਮ ਭੇਜ ਦਿੱਤੇ ਤੇ ਕੁਝ ਹਫਤਿਆਂ ‘ਚ ਹੀ ਅੰਗਰੇਜ਼ ਪਿੱਛੇ ਹਟ ਗਏ।
ਦਰਬਾਰੀ ਮੈਨੂੰ ਇੱਜ਼ਤ ਨਾਲ ਦੇਖਣ ਲੱਗੇ। ਗੁੰਝਲਦਾਰ ਰਾਜਨੀਤਕ ਸਥਿਤੀਆਂ ਬਾਰੇ ਮੇਰੇ ਵਿਚਾਰ ਜਾਣਨ ਲੱਗੇ। ਮੈਨੂੰ ਜੋ ਵੀ ਸਰਕਾਰ ਨੇ ਸਿਖਾਇਆ ਸੀ, ਮੈਂ ਉਹਦੇ ‘ਤੇ ਭਰੋਸਾ ਕਰਕੇ ਆਪਣਾ ਮਸ਼ਵਰਾ ਦਿੰਦੀ। ਕਈ ਵਾਰ ਮੈਂ ਆਪਣੇ ਖੁਦ ਦੇ ਹੱਲ ਵੀ ਦੇ ਦਿੰਦੀ। ਜੱਲ੍ਹਾ ਮੇਰੀ ਵਧਦੀ ਲੋਕਪ੍ਰਿਅਤਾ ਕਰਕੇ ਭੜਕਦਾ ਜਿਸ ਨਾਲ ਮੈਨੂੰ ਹੋਰ ਖੁਸ਼ੀ ਮਿਲਦੀ।
*
ਮੇਰੀਆਂ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਵਾਹਰ ਨੂੰ ਦਰਬਾਰ ‘ਚ ਕੋਈ ਸਫਲਤਾ ਨਹੀਂ ਮਿਲੀ। ਉਹਨੂੰ ਦਰਬਾਰ ਦੇ ਮਾਮਲਿਆਂ ਬਾਰੇ ਅਜਿਹਾ ਕੁਝ ਵੀ ਨਹੀਂ ਪਤਾ ਸੀ ਕਿ ਸਿਆਣਪ ਵਾਲੀ ਕੋਈ ਟਿੱਪਣੀ ਉਹ ਕਰ ਸਕਦਾ ਤੇ ਨਾ ਹੀ ਉਹਨੂੰ ਮੇਰੇ ਵਾਂਗੂੰ ਸਿੱਖਣ ਦੀ ਉਤਸੁਕਤਾ ਹੈ। ਉਹਦਾ ਇਹੀ ਮੰਨਣਾ ਹੈ ਕਿ ਮਹਾਰਾਜੇ ਦਾ ਮਾਮਾ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਖਾਸ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਤੇ ਜਦੋਂ ਵੀ ਅਜਿਹਾ ਨਾ ਹੁੰਦਾ ਤਾਂ ਉਹ ਸੁੱਜ ਕੇ ਬੈਠ ਜਾਂਦਾ। ਬਹੁਤੇ ਦਰਬਾਰੀ ਤਾਂ ਜਵਾਹਰ ਨੂੰ ਗੌਲਦੇ ਹੀ ਨਾ ਪਰ ਜੱਲ੍ਹਾ ਹਰ ਹੀਲੇ ਉਹਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦਾ। ਅੱਜ ਉਹਨੇ ਇੱਕ ਬਜ਼ੁਰਗ ਸਰਦਾਰ ਦੀ ਕੁਰਸੀ ‘ਤੇ ਬੈਠਣ ਕਰਕੇ ਜਵਾਹਰ ਨੂੰ ਤਾੜ ਦਿੱਤਾ। ਇਹ ਭੋਲੇਪਣ ‘ਚ ਜਵਾਹਰ ਵੱਲੋਂ ਕੀਤੀ ਗਲਤੀ ਸੀ ਪਰ ਜਦੋਂ ਉਹਨੇ ਇਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਜੱਲ੍ਹੇ ਨੇ ਰੁੱਖੇ ਤਰੀਕੇ ਨਾਲ ਉਹਦੀ ਗੱਲ ਕੱਟਦਿਆਂ ਕਿਹਾ, “ਆਪਾਂ ਇਹੋ ਜਿਹੇ ਬੰਦੇ ਤੋਂ ਹੋਰ ਕੀ ਉਮੀਦ ਕਰ ਸਕਦੇ ਆ?”
ਜਵਾਹਰ ਨੇ ਇਸ ਨੂੰ ਆਪਣੇ ਪਰਿਵਾਰਕ ਪਿਛੋਕੜ ‘ਤੇ ਹਮਲੇ ਵਜੋਂ ਲਿਆ ਤੇ ਮੰਗ ਰੱਖੀ ਕਿ ਜੱਲ੍ਹਾ ਆਪਣੇ ਸ਼ਬਦ ਵਾਪਸ ਲਵੇ। ਜਦੋਂ ਜੱਲ੍ਹੇ ਨੇ ਉਹਦੀ ਕੋਈ ਪ੍ਰਵਾਹ ਨਾ ਕੀਤੀ ਤਾਂ ਉਹਨੇ ਮੈਨੂੰ ਕਿਹਾ ਕਿ ਪੰਡਤ ਤੋਂ ਮੁਆਫੀ ਮੰਗਵਾਉਣ ਦੇ ਹੁਕਮ ਜਾਰੀ ਕਰਾਂ। ਮੈਂ ਦੁਬਿਧਾ ‘ਚ ਪੈ ਗਈ। ਜਵਾਹਰ ਨੂੰ ਆਪਣਾ ਗੁੱਸਾ ਵਿਖਾਉਣ ਦਾ ਹੱਕ ਹੈ, ਜੱਲ੍ਹੇ ਦੇ ਸ਼ਬਦ ਮੇਰੇ ‘ਤੇ ਵੀ ਹਮਲਾ ਸਨ। ਇਹੀ ਤਾਂ ਜੱਲ੍ਹਾ ਚਾਹੁੰਦਾ ਹੈ ਕਿ ਮੇਰੇ ‘ਤੇ ਦੋਸ਼ ਲਾ ਸਕੇ ਕਿ ਮੈਂ ਆਪਣੇ ਪਰਿਵਾਰ ਦਾ ਪੱਖ ਪੂਰਦੀ ਹਾਂ। ਮੈਂ ਜਵਾਹਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮੈਂ ਬੋਲ ਰਹੀ ਸੀ ਤਾਂ ਉਹ ਬਾਹਰ ਨਿਕਲ ਗਿਆ।
ਉਸ ਰਾਤ ਖਾਣੇ ਮੌਕੇ ਮੇਰੇ ਤੇ ਉਹਦੇ ਦਰਮਿਆਨ ਦਲੀਪ ਦੇ ਸਾਹਮਣੇ ਹੀ ਤਿੱਖੀ ਬਹਿਸ ਹੋਈ। ਜਵਾਹਰ ਜੋ ਸ਼ਰਾਬੀ ਹੋ ਚੁੱਕਿਆ ਸੀ, ਜੱਲ੍ਹੇ ਵੱਲੋਂ ਸਾਡੇ ਪਰਿਵਾਰ ਦੀ ਬੇਇੱਜ਼ਤੀ ਕਰਨ ਦੇ ਮੁੱਦੇ ‘ਤੇ ਮੈਨੂੰ ਨੀਵਾਂ ਵਿਖਾਉਣ ਲੱਗਿਆ। ਮੈਂ ਉਹਨੂੰ ਕਿਹਾ ਕਿ ਦਰਬਾਰ ਵਿਅਕਤੀਗਤ ਝਗੜਿਆਂ ਨੂੰ ਨਿਬੇੜਨ ਦੀ ਥਾਂ ਨਹੀਂ। ਉਹ ਆਪਣੀ ਹੋਈ ਬੇਇੱਜ਼ਤੀ ਲਈ ਮੈਨੂੰ ਦੋਸ਼ੀ ਠਹਿਰਾਉਣ ਲੱਗਾ।
ਮੈਂ ਵੀ ਭੜਕ ਉੱਠੀ, “ਮੈਨੂੰ ਹੁਣ ਪਤਾ ਲੱਗਿਆ ਕਿ ਸਰਕਾਰ ਆਪਣੀਆਂ ਪਤਨੀਆਂ ਦੇ ਪਰਿਵਾਰ ਨੂੰ ਦਰਬਾਰ ‘ਚ ਆਉਣ ਦੀ ਇਜਾਜ਼ਤ ਕਿਉਂ ਨਹੀਂ ਦਿੰਦੇ ਸਨ। ਮੁਸੀਬਤਾਂ ‘ਚ ਵਾਧਾ ਹੀ ਕੀਤਾ ਤੇ ਮੇਰੇ ਪੈਸੇ ਦੀ ਬਰਬਾਦੀ।”
ਜਵਾਹਰ ਇੰਝ ਭੜਕਿਆ ਜਿਵੇਂ ਮੈਂ ਉਹਦੇ ਥੱਪੜ ਹੀ ਮਾਰ ਦਿੱਤਾ ਹੋਵੇ। ਉਹ ਬਾਹਰ ਨਿਕਲ ਗਿਆ।
ਕੁਝ ਦਿਨਾਂ ਬਾਅਦ ਸਾਡਾ ਸਮਝੌਤਾ ਹੋਇਆ। ਮੈਂ ਉਸ ਨੂੰ ਆਪਣੀ ਹਵੇਲੀ ਦੀ ਪੇਸ਼ਕਸ਼ ਕੀਤੀ, ਉਹ ਖੁਸ਼ੀ-ਖੁਸ਼ੀ ਮੰਨ ਗਿਆ। ਖਾਸ ਤੌਰ ‘ਤੇ ਉਦੋਂ ਜਦੋਂ ਮੈਂ ਇਹ ਆਖ ਦਿੱਤਾ ਕਿ ਮੈਂ ਸ਼ਾਮ ਨੂੰ ਮੰਗਲਾ ਨੂੰ ਛੁੱਟੀ ਦੇ ਦਿਆ ਕਰੂੰਗੀ ਤਾਂ ਕਿ ਉਹ ਉਹਦੇ ਨਾਲ ਸਮਾਂ ਬਿਤਾ ਸਕੇ। ਕੁਝ ਹਫਤਿਆਂ ਬਾਅਦ ਮੈਨੂੰ ਅਵਤਾਰ ਤੋਂ ਪਤਾ ਲੱਗਿਆ ਕਿ ਜਵਾਹਰ ਨੇ ਨਵੇਂ ਦੋਸਤ ਬਣਾ ਲਏ ਹਨ ਤੇ ਉਹ ਅਕਸਰ ਉਨ੍ਹਾਂ ਨੂੰ ਰਾਤ ਦੇ ਖਾਣੇ ਲਈ ਬੁਲਾਉਂਦਾ ਰਹਿੰਦਾ ਹੈ ਤੇ ਉੱਥੇ ਮੰਗਲਾ ਦੀ ਹੀ ਪ੍ਰਧਾਨਗੀ ਹੁੰਦੀ ਹੈ। ਮੈਂ ਜਵਾਹਰ ਲਈ ਖੁਸ਼ ਹਾਂ ਪਰ ਹੁਣ ਮੈਂ ਬਹੁਤ ਇਕੱਲੀ ਹੋ ਗਈ। ਇਸ ਸਮੇਂ ਦੌਰਾਨ ਜ਼ਿੰਦਗੀ ‘ਚ ਸੰਘਰਸ਼ ਕਰਦਿਆਂ, ਦਲੀਪ ਨੂੰ ਸੁਰੱਖਿਅਤ ਰੱਖਦਿਆਂ ਮੈਂ ਆਪਣੀਆਂ ਖੁਦ ਦੀਆਂ ਜ਼ਰੂਰਤਾਂ ਨੂੰ ਦਬਾਉਂਦੀ ਰਹੀ ਤੇ ਆਪਣੇ ਦਿਲ ਦੇ ਖਾਲੀਪਣ ਨੂੰ ਨਜ਼ਰਅੰਦਾਜ਼ ਕਰਦੀ ਰਹੀ ਪਰ ਹੁਣ ਮੈਂ ਸਚਾਈ ਮੰਨਣ ਲਈ ਮਜਬੂਰ ਹੋ ਗਈ: ਮੈਨੂੰ ਵੀ ਪਿਆਰ ਦੀ ਲੋੜ ਹੈ।
ਕਈ ਦਰਬਾਰੀ ਮੇਰੀ ਇਹ ਪਿਆਸ ਬੁਝਾਉਣ ‘ਚ ਖੁਸ਼ੀ ਮਹਿਸੂਸ ਕਰਨਗੇ। ਇਨ੍ਹਾਂ ਸਭ ‘ਚੋਂ ਮੁੱਖ ਲਾਲ ਸਿੰਘ ਹੈ। ਮਹੱਤਵਪੂਰਨ ਰਾਜਨੀਤਕ ਵਿਚਾਰ-ਵਟਾਂਦਰੇ ਦੌਰਾਨ ਮੈਂ ਉਹਦੀਆਂ ਉਤਸ਼ਾਹੀ ਅੱਖਾਂ ‘ਚੋਂ ਨਿਕਲਦੇ ਸੇਕ ਨੂੰ ਮਹਿਸੂਸ ਕੀਤਾ ਹੈ। ਜਦੋਂ ਵੀ ਕਦੇ ਜੱਲ੍ਹਾ ਮੇਰੇ ‘ਤੇ ਹਮਲਾ ਕਰਦਾ, ਉਹ ਪਹਿਲਾ ਬੰਦਾ ਹੁੰਦਾ ਜੋ ਮੇਰੇ ਬਚਾਅ ਲਈ ਅੱਗੇ ਆਉਂਦਾ। ਉਹ ਮੇਰੇ ਵੱਲ ਵਧਣਾ ਚਾਹੁੰਦਾ ਹੈ ਪਰ ਅਸੀਂ ਦੋਵੇਂ ਜਾਣਦੇ ਹਾਂ ਕਿ ਮਹਾਰਾਣੀ ਦੇ ਤੌਰ ‘ਤੇ ਮੈਨੂੰ ਹੀ ਪਹਿਲਾ ਕਦਮ ਚੁੱਕਣਾ ਪਵੇਗਾ। ਮੈਂ ਕਈ ਵਾਰ ਦਿਨ ਵੇਲੇ ਹੀ ਇਹਦੇ ਬਾਰੇ ਸੁਪਨੇ ਲੈਂਦੀ ਪਰ ਮੈਂ ਇਸ਼ਕ ਦੇ ਚੱਕਰ ‘ਚ ਪੈਣ ਦੇ ਸਮਰੱਥ ਨਹੀਂ ਸੀ। ਰਾਜ ਪ੍ਰਬੰਧਕ ਦੇ ਤੌਰ ‘ਤੇ ਮੇਰੀ ਸਥਿਤੀ ਤੇ ਦਲੀਪ ਦੀ ਕਿਸਮਤ- ਮੇਰੇ ਸਰਕਾਰ ਦੀ ਵਿਸ਼ਵਾਸਪਾਤਰ ਵਿਧਵਾ ਹੋਣ ‘ਤੇ ਨਿਰਭਰ ਕਰਦੀ ਹੈ।