ਲਾਹੌਰ ਦਾ ਕੰਜਰ ਮੁਹੱਲਾ-ਹੀਰਾ ਮੰਡੀ ਤੇ ਸ਼ਾਹੀ ਮੁਹੱਲਾ

ਸੰਤੋਖ ਸਿੰਘ ਮੰਡੇਰ-ਸਰੀ
ਫੋਨ: 604-505-7000
‘ਸਰੀ, ਕੈਨੇਡਾ ਵਾਸੀ ਸੰਤੋਖ ਸਿੰਘ ਮੰਡੇਰ ਪਿਛਲੇ 30 ਸਾਲਾਂ ਤੋਂ ਲਗਾਤਾਰ ਲਾਹੌਰ ਆ-ਜਾ ਰਿਹਾ ਹੈ। ਪਾਕਿਸਤਾਨ ਦੇ ਖੇਡ ਮੇਲੇ, ਵਿਆਹਾਂ ਤੇ ਧਾਰਮਿਕ ਸਮਾਗਮਾਂ ਵਿਚ ਉਸਦਾ ਆਉਣ-ਜਾਣ ਆਮ ਹੈ। ਲਾਹੌਰ ਦੇ ਰੰਗੀਨ ਤੇ ਹੁਸੀਨ ਸ਼ਾਹੀ ਮੁਹੱਲੇ ਵਿਚ ਉਹ ਸ਼ੇਰਾਂ ਵਾਲੇ ‘ਬੱਹੀ ਪਹਿਲਵਾਨ, ਚਾਂਦ ਪਹਿਲਵਾਨ’, ਟੀਪੂ ਟਰੱਕਾਂ ਵਾਲਾ ਤੇ ਖਲੀਫਾ ਨਸੀਰ ਪਹਿਲਵਾਨ ਉਰਫ ਸ਼ੀਰੋ ਨਾਲ ਲਾਹੌਰ ਦੀ ਹੀਰਾ ਮੰਡੀ ਵੀ ਜਾਂਦਾ-ਆੳਂੁਦਾ ਰਿਹਾ ਹੈ। ਲਾਹੌਰ ਦੇ ਸ਼ਾਹੀ ਮੁਹੱਲੇ ਤੇ ਹੀਰਾ ਮੰਡੀ ਬਾਰੇ ਇਹ ਦਿਲਚਸਪ ਲੇਖ ਵੀ ਉਥੋਂ ਦੀ ਹੀ ਉਪਜ ਹੈ, ਜਿਸਦੀ ਦੂਜੀ ਤੇ ਆਖਰੀ ਕਿਸ਼ਤ ਪਾਠਕਾਂ ਲਈ ਹਾਜ਼ਰ ਹੈ।’

ਹਿੰਦੋਸਤਾਨ ਦੇ ਦੂਜੇ ਮੁਗ਼ਲ ਬਾਦਸ਼ਾਹ ਹੁਮਾਂਯੂੰ (1530 ਤੋਂ 1556) ਦੇ ਪੁੱਤਰ ਤੇ ਹਿੰਦੋਸਤਾਨ ਦੇ ਤੀਜੇ ਮੁਗ਼ਲ ਬਾਦਸ਼ਾਹ ਅਕਬਰ ਮਹਾਨ (1556 ਤੋਂ 1605) ‘ਅਬੂ-ਅਲ-ਫਤਿਹ ਮੁਹੰਮਦ ਜਲਾਲੂਦੀਨ ਅਕਬਰ’ ਨੂੰ ਲਾਹੌਰ ਦਾ ਇਹ ਕੰਜਰ ਘਾਟ ਚੰਗਾ ਨਾ ਲੱਗਾ ਤਾਂ ਬੁੱਢੇ ਦਰਬਾਰੀਆਂ ਨੇ ਬਾਜ਼ਾਰੇ ਹੁਸਨ ਸ਼ਾਹੀ ਕਿਲੇ ਕੋਲੋਂ ਪੁਟਵਾ ਕੇ ਸ਼ਹਿਰੋਂ ਬਾਹਰ ਵਸਾਉਣ ਦੀ ਸਲਾਹ ਦਿੱਤੀ ਤੇ ਉਸ ਮੁਹੱਲੇ ਦਾ ਨਾਂ ਸੁਲਤਾਨਪੁਰੀ ‘ਸ਼ੈਤਾਨਪੁਰਾ’ ਰੱਖਿਆ ਗਿਆ ਸੀ। ਸਮੇਂ ਦੀ ਤੋਰ ਨਾਲ ਇਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਨੇ ਦਿੱਲੀ ਦੀ ਬਾਦਸ਼ਾਹਤ ਵਿਚੋਂ ਮੁਗ਼ਲਾਂ ਦੀ ਜੜ੍ਹ ਉਖੇੜ ਦਿੱਤੀ।
ਲਾਹੌਰ ਦੇ ਮੁਗ਼ਲ ਨਵਾਬ ਤੇ ਸਿੱਖਾਂ ਦੇ ਦੁਸ਼ਮਣ, ਨਵਾਬ ਜ਼ਕਰੀਆ ਖਾਨ (1726 ਤੋਂ 1745) ਨੇ ਆਪਣਾ ਅਫ਼ਸਰ ਖਾਨਾ (ਬੇਗਮਪੁਰਾ) ਬਣਾਇਆ ਅਤੇ ਆਪਣੀ ਰਖੇਲ ਕੱਲੂ ਬਾਈ ਨੂੰ ਯੱਕੀ ਦਰਵਾਜੇ਼ ਅੰਦਰ ਹਵੇਲੀ ਦੇ ਦਿੱਤੀ। ਇਸ ਮਗਰੋਂ ਲਾਹੌਰ ਦੇ ਨਵਾਬਾਂ ਵਿਚ ‘ਰਖੇਲ’ ਨੂੰ ਲਾਂਭੇ ਖਾਸ ਹਵੇਲੀ ਵਿਚ ਰੱਖਣ ਦਾ ਰਿਵਾਜ ਪੈ ਗਿਆ ਸੀ। ਸੰਨ 1739 ਵਿਚ ਇਰਾਨੀ ਬਾਦਸ਼ਾਹ ਨਾਦਰ ਸ਼ਾਹ ਨੇ ਲਾਹੌਰ ਉਪਰ ਹਮਲਾ ਕੀਤਾ, ਲਾਹੌਰ ਦੇ ਹਾਕਮ ਸ਼ਾਹੀ ਹਵੇਲੀਆਂ ਵਿਚ ਬਾਈਆਂ ਕੋਲ ਸੁੱਤੇ ਰਹੇ ਤੇ ਲਾਹੌਰ ਉੱਜੜਦਾ ਰਿਹਾ। ਅਹਿਮਦ ਸ਼ਾਹ ਅਬਦਾਲੀ ਦੇ ਪਠਾਣ ਬਾਈਆਂ ਨੂੰ ‘ਬੱਚੂ’ ਸੱਦਦੇ ਸਨ। ਸੰਨ 1762 ਵਿਚ ਭੰਗੀ ਮਿਸਲ ਦੇ ਸਿੱਖ ਸਰਦਾਰਾਂ ਨੇ ਜਦਂੋ ਲਾਹੌਰ ਉਪਰ ਕਬਜ਼ਾ ਕੀਤਾ ਤਾਂ ਉਨ੍ਹਾਂ ਵੀ ‘ਖਵਾਸਪੁਰਾ’ ਦੀਆਂ ਬਾਈਆਂ ਦੇ ਮੁਜਰੇ ਦਾ ਪੂਰਾ ਆਨੰਦ ਮਾਣਿਆ ਸੀ। ਇਸ ਉਥਲ-ਪੁਥਲ ਦੇ ਜ਼ਮਾਨੇ ਵਿਚ ਲਾਹੌਰ ਦੇ ਸ਼ਾਹੀ ਮੁਹੱਲੇ ਦੀਆਂ ਬਾਈਆਂ ਪੂਰੇ ਲਾਹੌਰ ਵਿਚ ਰੁਲਦੀਆਂ ਰਹੀਆਂ ਅਤੇ ੳਨ੍ਹਾਂ ਦਾ ਕਿਧਰੇ ਵੀ ਘਰ ਘਾਟ ਨਾ ਬਣ ਸਕਿਆ। ਇਨ੍ਹਾਂ ਵਿਚੋਂ ਕੁਝ ਅਨਾਰਕਲੀ ਦੀ ਮਜਾਰ ਵਿਚ ਜਾ ਲੁਕੀਆਂ ਅਤੇ ਬਾਕੀ ਨੂੰ ਆਪਣੀ ਜਾਨ ਬਚਾਉਣ ਲਈ ਲਾਹੌਰੋਂ ਬਾਹਰ ਜਾਣਾ ਪਿਆ ਸੀ।
ਸੰਨ 1799 ਵਿਚ ਸੁ਼ਕਰਚੱਕੀਆ ਸਿੱਖ ਮਿਸਲ ਦੇ ਨੌਜਵਾਨ ਸਰਦਾਰ ਰਣਜੀਤ ਸਿੰਘ ਨੇ ਲਾਹੌਰ ਉਪਰ ਕਬਜ਼ਾ ਕੀਤਾ ਅਤੇ ਬਾਅਦ ਵਿਚ ਲਾਹੌਰ ਦਰਬਾਰ ਦਾ ਬਾਦਸ਼ਾਹ ਬਣ ਕੇ ਸ਼ੇਰੇ ਪੰਜਾਬ ਮਹਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਜਗਤ ਪ੍ਰਸਿੱਧ ਹੋਇਆ। ਸ਼ਾਹੀ ਮੁਹੱਲੇ ਦੀ ਬਾਈ ‘ਬੇਗਮ’ ਨਾਂ ਦੀ ਇਕ ਤਵਾਈਫ ਜੋ ਕਦੀ ਖਵਾਸਪੁਰਾ ਉੱਜੜਨ ਸਮੇਂ ਡਰਦੀ ਲਾਹੌਰ ਤੋਂ ਦੁਆਬੇ ਵਿਚ ਜਾ ਵਸੀ ਸੀ, ਵੀ ਰਣਜੀਤ ਸਿੰਘ ਦੇ ਸਾਫ-ਸੁਥਰੇ ਰਾਜ ਪ੍ਰਬੰਧ ਦੀ ਪ੍ਰਸੰ਼ਸਾ ਸੁਣ ਕੇ ਵਾਪਸ ਲਾਹੌਰ ਆ ਗਈ ਸੀ, ਜਿਸ ਦੀ ਨੱਚਣ ਵਾਲੀ ਖੂਬਸੂਰਤ ਧੀ ‘ਮੋਰਾਂ’ ਮਹਾਰਾਜਾ ਰਣਜੀਤ ਸਿੰਘ ਦੇ ਸੰਪਰਕ ਵਿਚ ਆਉਣ ਨਾਲ ‘ਮਾਈ ਮੋਰਾਂ’ ਬਣੀ ਤੇ ਫਿਰ ਮਹਾਰਾਣੀ ਮੋਰਾਂ ਤੋਂ ‘ਮੋਰਾਂ ਸਰਕਾਰ’ ਬਣ ਗਈ ਸੀ। ਮਹਰਾਜਾ ਰਣਜੀਤ ਸਿੰਘ ਨੇ ਮੋਰਾਂ ਸਰਕਾਰ ਦੇ ਕਹਿਣ `ਤੇ ਅੰਦਰੂਨ ਲਾਹੌਰ ਸ਼ਹਿਰ ਦੇ ਸ਼ਾਹ ਆਲਮ ਦਰਵਾਜ਼ੇ ਨਜ਼ਦੀਕ ਬਾਜ਼ਾਰ ਪਾਪੜ ਮੰਡੀ ਵਿਚ ‘ਮਸਜਿਦ-ਏ-ਤਵਾਇਫ’ ਤਾਮੀਰ ਕਰਵਾਈ, ਜੋ ਹੁਣ ‘ਮਾਈ ਮੋਰਾਂ ਮਸਜਿਦ’ ਕਰਕੇ ਜਾਣੀ ਜਾਂਦੀ ਹੈ। ਪੰਜਾਬ ਦੇ ਅੰਮ੍ਰਿਤਸਰ ਜਿ਼ਲ੍ਹੇ ਵਿਚ ਵਾਹਗਾ ਬਾਰਡਰ ਦੇ ਪੈਰਾਂ ਵਿਚ ‘ਪੁਲ ਕੰਜਰੀ’ ਹਾਲੀ ਵੀ ਕਾਇਮ ਹੈ, ਜੋ ਹੁਣ ‘ਪੁਲ ਮੋਰਾਂ’ ਆਖਿਆ ਜਾਂਦਾ ਹੈ। ਮੋਰਾਂ ਸਰਕਾਰ ਨੇ ਲਾਹੌਰ ਦੇ ਸੂਫੀ ਫਕੀਰ ਮਾਧੋ ਲਾਲ ਹੁਸੈਨ ਦੀ ਯਾਦ ਵਿਚ ਲਾਹੌਰ ਦੇ ਸ਼ਾਲਾਮਾਰ ਬਾਗ ਵਿਚ ਬਸੰਤ ਦਿਹਾੜੇ ਹਰ ਸਾਲ ‘ਮੇਲਾ ਰਾਗਾਂ ਦਾ’ ਮਨਾਉਣ ਦਾ ਆਹਰ ਵੀ ਕੀਤਾ ਸੀ।
ਲਾਹੌਰ ਵਿਚ ਸਿੱਖ ਰਾਜ ਦੇ ਪਤਨ ਮਗਰੋਂ 1849 ਵਿਚ ਅੰਗਰੇਜਾਂ ਦੇ ਸਮੇਂ, ਅਨਾਰਕਲੀ ਦੇ ਮਜ਼ਾਰ ਵਿਚ ਲੁਕੀਆਂ ਬਾਈਆਂ ਵਿਚੋਂ ਜਿਹੜੀਆਂ ਅੰਗਰੇਜ਼ ਜਰਨੈਲਾਂ ਤੇ ਅਫਸ਼ਰਾਂ ਨੇ ਪਸੰਦ ਕੀਤੀਆਂ, ਉਨ੍ਹਾਂ ਅੱਗੋਂ ਚਿੱਟੀਆਂ ਦੁੱਧ ਵਰਗੀਆਂ, ਬਿੱਲੀਆਂ ਅੱਖੀਆਂ ਵਾਲੀਆਂ, ਸੁਨਹਿਰੀ ਵਾਲਾਂ ਵਾਲੀਆਂ, ਕੁੜੀਆਂ ਜੰਮੀਆਂ, ਜਿਹੜੀਆਂ ਲਾਹੌਰ ਦੇ ‘ਕੁੜੀ ਬਾਗ’ ਵਿਚ ਖੇਡ ਕੇ ਜਵਾਨ ਹੋਈਆਂ। ਇਨ੍ਹਾਂ ਬਿੱਲੋ ਰਾਣੀਆਂ ਵਿਚੋਂ ਇਕ ‘ਬਿੱਲੋ’ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਬਾਹਰੋਂ ਆਏ ਸ਼ਾਹੀ ਮਹਿਮਾਨਾਂ ਦੇ ਮਨੋਰੰਜਨ ਲਈ ਨੱਚਣ ਗਾਉਣ ਦਾ ਪ੍ਰਬੰਧ ਕਰਦੀ ਸੀ। ਲਾਹੌਰ ਦੀਆਂ ਦੋ ਬਾਈਆਂ ਹਜ਼ਰੂ ਤੇ ਢੇਰੂ, ਮੋਰਾਂ ਸਰਕਾਰ ਦੀ ਮਾਂ ਬੇਗਮ ਦੀ ਸਿਫਾਰਸ਼ ਨਾਲ ਮਹਾਰਾਣੀ ਮੋਰਾਂ ਅੱਗੇ ਦਰਖਾਸਤ ਲੈ ਕੇ ਉਸ ਦੀ ਹਵੇਲੀ `ਚ ਪੇਸ਼ ਹੋਈਆਂ ਅਤੇ ਬਾਲਾਖਾਨੇ ਲਈ ਥਾਂ ਮੰਗੀ। ਮੋਰਾਂ ਸਰਕਾਰ ਦਾ ਬਾਗ ਤੇ ਹਵੇਲੀ ਉਸ ਜਗ੍ਹਾ ਸੀ, ਜਿੱਥੇ ਲਾਹੌਰ ਦਾ ਪਹਿਲਾ ਡਾਕ ਬੰਗਲਾ ਬਣਿਆ ਤੇ ਫਿਰ ਇਸ ਥਾਂ ਵਿਚ ਅੰਗਰੇਜ਼ਾਂ ਨੇ ਪੰਜਾਬ ਵਿਚ ਉਚੇਰੀ ਵਿਦਿਆ ਲਈ ਪਹਿਲਾ ਗੌਰਮਿੰਟ ਕਾਲਜ ਲਾਹੌਰ ਸਥਾਪਤ ਕੀਤਾ, ਜੋ ਉਸ ਵਕਤ ਬੰਗਾਲ ਦੀ ਕਲਕੱਤਾ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਸੀ।
ਲਾਹੌਰ ਵਿਚ ਸਿੱਖਾਂ ਦਾ ਸ਼ਾਹੀ ਦਰਬਾਰ 40 ਸਾਲ ਰਿਹਾ ਅਤੇ ਲਾਹੌਰ ਦਾ ਕੰਜਰਘਾਟ ਵੀ ਇਧਰ ਉਧਰ ਪੁਰਾਣੇ ਸਮਿਆਂ ਵਾਂਗ ਚੱਲਦਾ ਰਿਹਾ। 1849 ਵਿਚ ਅੰਗਰੇਜ਼ਾਂ ਨੇ ਪੰਜਾਬ ‘ਤੇ ਕਬਜ਼ਾ ਕਰ ਕੇ ਪੁਰਾਣੀ ਅਨਾਰਕਲੀ ਤੇ ਇਲਾਕਾ ਮੁਜੰਗ ਨੂੰ ਬ੍ਰਿਟਿਸ਼ ਫੌਜ ਲਈ ਅਨਾਰਕਲੀ ਛਾਉਣੀ ਵਿਚ ਤਬਦੀਲ ਕਰ ਦਿੱਤਾ ਸੀ। ਇਸ ਜ਼ਮਾਨੇ ਵਿਚ ਅੰਗਰੇਜ ਫੌਜੀਆਂ ਤੇ ਅਫ਼ਸਰਾਂ ਦੇ ਮਨਪ੍ਰਚਾਵੇ ਤੇ ਕਾਮੁਕ ਜ਼ਰੂਰਤਾਂ ਲਈ, ਅਨਾਰਕਲੀ ਛਾਉਣੀ ਵਿਚ ਕੰਜਰਾਂ ਦੇ ਜਿਹੜੇ ਪਹਿਲੇ ਦੋ ਕੋਠੇ ਬਣੇ, ਉਨ੍ਹਾਂ ਦੇ ਬਾਲ ਬੱਚੇ ਅੱਗੇ ਬੱਚੇ ਬੱਚੀਆਂ ਸੂੰਦੇ ਗਏ, ਜੰਮਦੇ ਗਏ। ਲਾਹੌਰ ਵਿਚ ਅਨਾਰਕਲੀ ਛਾਉਣੀ ਇਕ ਪੂਰਾ ਕੰਜਰ ਮੁਹੱਲਾ ਬਣ ਗਿਆ ਸੀ। ਮਹਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਦੀ ਸਰਕਾਰੀ ਭਾਸ਼ਾ ਫ਼ਾਰਸੀ ਸੀ ਪਰ ਆਮ ਜਨਤਾ ਠੇਠ ਪੰਜਾਬੀ ਬੋਲਦੀ ਸੀ। ਕੰਜਰ ਪੰਜਾਬੀ ਜ਼ਬਾਨ ਦਾ ਲਫ਼ਜ਼ ਕੰਨ-ਜਰ, ਮਤਲਬ ਜਿਸ ਇਨਸਾਨ ਦੇ ਕੰਨ ਖੁਸ਼ੀ ਨਾਲ ਬਦਨਾਮੀ ਸਹਿੰਦੇ ਹੋਣ ਹੈ। ਅਨਾਰਕਲੀ ਫੌਜੀ ਛਾਉਣੀ ਦਾ ਮੁਖਤਾਰ ਅੰਗਰੇਜ਼ ਅਫਸਰ ‘ਲਾਟ ਸਾਹਿਬ’ ਲਾਹੌਰੀ ਮੁਜਰੇ ਦਾ ਪੂਰਾ ਸ਼ੌਕੀਨ ਸੀ। ਅੰਗਰੇਜ਼ ਅਫਸਰਾਂ ਲਈ ਅੰਗਰੇਜ਼ ਦੌਰ ਵਿਚ ਉਚੇਚੇ ਨਾਚ ਘਰ ਬਣੇ, ਜਿਨ੍ਹਾਂ ਵਿਚ ‘ਬਿੱਲੋ ਰਾਣੀਆਂ’ ਨੱਚਦੀਆਂ, ਜਿਨ੍ਹਾਂ ਦੇ ਪਿਓ ਜਾਂ ਬਾਪ ਅੰਗਰੇਜ਼ ਜਾਂ ਯੂਰਪੀ ਅਫ਼ਸਰ ਹੁੰਦੇ ਤੇ ਮਾਵਾਂ ਹਿੰਦੋਸਤਾਨੀ, ਈਰਾਨੀ ਜਾਂ ਮਿਸਰੀ ਹੁੰਦੀਆਂ ਸਨ। ਬ੍ਰਿਟਿਸ਼ ਸਰਕਾਰ ਦੇ ਇਕ ਹੁਕਮ ਨਾਲ ਪੂਰੀ ਅਨਾਰਕਲੀ ਦਾ ਕੰਜਰ ਮੁਹੱਲਾ ਬੰਦ ਕਰ ਦਿੱਤਾ ਗਿਆ ਅਤੇ ਇਥੇ ਫੌਜੀਆਂ ਤੇ ਅਫ਼ਸਰਾਂ ਦੇ ਕੱਪੜੇ ਧੋਣ ਲਈ ‘ਧੋਬੀ ਘਾਟ’ ਬਣਾ ਦਿੱਤਾ ਗਿਆ। ਅਨਾਰਕਲੀ ਛਾਉਣੀ ਦੀਆਂ ਕੰਜਰੀਆਂ ਤੇ ਉਨ੍ਹਾਂ ਦੇ ਪਰਿਵਾਰ ਲਾਹੌਰ ਵਿਚ ਜਿੱਥੇ ਥਾਂ ਲੱਭਾ ਮੱਲ ਕੇ ਬੈਠ ਗਏ ਤੇ ‘ਕੰਜਰ ਘਾਟ’ ਵੀ ਚੱਲਦਾ ਰਿਹਾ। ਕੰਜਰਾਂ ਦਾ ਦੱਲਾ ਨੂਰਾ ਕੰਬੋਹ, ਧੰਨੋ ਕੰਜਰੀ ਨੂੰ ਅੰਦਰੂਨ ਲਾਹੌਰ ਦੇ ਗੰਜ ਮੁਹੱਲੇ ਲੈ ਗਿਆ। ਝੰਡੀ ਕੰਜਰੀ ਮੌਜ਼ਾ ਚਾਹ ਮੀਰਾਂ ਦੇ ਬਾਗ ਵਿਚ ਡੇਰਾ ਜਾ ਜਮਾਇਆ। ਕਿਰਨ ਕੰਜਰੀ ਮੁਨਸ਼ੀ ਲੱਧੇ ਦੇ ਬਾਗ ਵਿਚ ਕਾਬਜ਼ ਹੋ ਗਈ। ਮੋਚੀ ਦਰਵਾਜ਼ੇ ਅੰਦਰ ਤਕੀਆ ਮਹਿਤਰਾਂ ਵਿਚ ਜਿਹੜੀ ਕੰਜਰੀ ਨੂੰ ਥਾਂ ਲੱਭਾ ਉਸਦਾ ਨਾਂ ਚੂੜੀ ਕੰਜਰੀ ਪੈ ਗਿਆ। ਬਾਂਦੀ ਕੰਜਰੀ ਨਵਾਂ ਕੋਟ ਜਾ ਵਸੀ। ਅੰਦਰੂਨ ਟਕਸਾਲੀ ਦਰਵਾਜ਼ੇ ਮੁਹੱਲਾ ਤਲਬ ਗਾਹ ਵਿਚ ਮਮੋਲਾਂ, ਬੁਢਾ, ਦਾਰਾ ਤੇ ਫੌਜਾਂ ਜਾ ਕੇ ਘੁਸ ਗਏ ਤੇ ਆਪਣਾ ਰੈਣ ਬਸੇਰਾ ਬਣਾ ਲਿਆ।
ਅੰਗਰੇਜ਼ ਹਕੂਮਤ ਸਮੇਂ ਲਾਹੌਰ ਵਿਚ ‘ਰੈੱਡ ਲਾਈਟ ਡਿਸਟ੍ਰਿਕਟ’ ਹੀਰਾ ਮੰਡੀ ਦਾ ਵਿਸਥਾਰ ਹੋਣਾ ਸੁ਼ਰੂ ਹੋਇਆ ਸੀ। ਹੀਰਾ ਮੰਡੀ ਦਾ ਨਾਮ ਮਾਲਵੇ ਦੀ ‘ਫੂਲਕੀਆ ਰਿਆਸਤ ਨਾਭਾ’ ਦੇ ਮਹਰਾਜਾ ਹੀਰਾ ਸਿੰਘ ਦੇ ਨਾਮ ਉਪਰ ਪਿਆ, ਜਿਸ ਨੇ ਲਾਹੌਰ ਦੇ ਸ਼ਾਹੀ ਮੁਹੱਲੇ ਵਿਚ ਇਸ ਜਗ੍ਹਾ ‘ਦਾਣਾ ਮੰਡੀ’ ਸੁ਼ਰੂ ਕੀਤੀ ਸੀ, ਜਿਸ ਨੂੰ ‘ਹੀਰਾ ਸਿੰਘ ਦੀ ਦਾਣਾ ਮੰਡੀ’ ਕਿਹਾ ਜਾਂਦਾ ਸੀ। ਸ. ਹੀਰਾ ਸਿੰਘ ਦੀ ਦਾਣਾ ਮੰਡੀ ਦਾ ਨਾਂ ਹੌਲੀ ਹੌਲੀ ਸਿਰਫ ‘ਹੀਰਾ ਮੰਡੀ’ ਹੀ ਰਹਿ ਗਿਆ, ਜੋ ਸਮੇਂ ਦੀ ਤੋਰ ਨਾਲ ਲਾਹੌਰ ਵਿਚ ਤਵਾਇਫਾਂ, ਕੰਜਰੀਆਂ, ਵੇਸਵਾਵਾਂ, ਬਾਈਆਂ ਤੇ ਕੰਜਰਾਂ ਦਾ ਗੜ੍ਹ ਬਣ ਗਿਆ ਸੀ। ਇਸ ਹੀਰਾ ਮੰਡੀ ਦਾ ਕੰਜਰ, ਮੀਆਂ ਬੁੱਢਾ, ਕੰਜਰਾਂ ਦਾ ਆਗੂ ਬਣ ਨਿੱਤਰਿਆ ਸੀ। ਲਾਹੌਰ ਦੇ ਹਿੰਦੂ ਸ਼ਾਹੂਕਾਰ ਹੀਰਾ ਚੰਦ ਸਰਾਫ਼ ਜਿਸ ਕੰਜਰੀਆਂ ਦੀ ਮੰਡੀ ਲਾਈ, ਉਥੇ ਹਰ ਕੰਜਰ ਉਸ ਦੇ ਕਰਜ਼ੇ `ਤੇ ਮਿਲੇ ਕੋਠੇ ਦਾ ਵਿਆਜ ਤਾਰਦਾ ਹੰਢ ਵਰਤ ਗਿਆ ਸੀ। ਅੰਦਰੂਨ ਲਾਹੌਰ ਦਾ ਇਹ ਇਲਾਕਾ ਜੋ ‘ਹੀਰਾ ਮੰਡੀ’ ਬਣਿਆ, ਬਾਜ਼ਾਰ ਸ਼ੇਖੂ ਪੁਰੀਆ ਤੋਂ ਹੀਰਾ ਮੰਡੀ ਚੌਕ ਤਕ, ਹੀਰਾ ਮੰਡੀ ਚੌਕ ਤੋਂ ਪੀਰ ਨੌਗਜੇ ਚੌਕ ਤਾਈਂ ਤੇ ਨੌਗਜੇ ਪੀਰ ਤੋਂ ਖਾਈ ਤਕ ਤੇ ਅੱਗੇ ਬਾਜ਼ਾਰ ਬਾਰੂਦ ਖਾਨਾ ਤਕ, ਜਿਸ ਵਿਚ ਕਈ ਸੜਕਾਂ, ਗਲੀਆਂ ਤੇ ਬਾਜ਼ਾਰ ਸ਼ਾਮਲ ਹਨ। ਇਸ ਸਾਰੇ ਨੂੰ ਹੁਣ ‘ਬਾਜ਼ਾਰ ਹੀਰਾ ਮੰਡੀ’ ਤੇ ਲਾਹੌਰ ਦਾ ‘ਸ਼ਾਹੀ ਮੁਹੱਲਾ’ ਕਿਹਾ ਜਾਂਦਾ ਹੈ।
ਹੀਰਾ ਮੰਡੀ ਵਿਚ ਹਰ ਡੇਰੇ ਦੇ ਪੱਕੇ ਮਰਾਸੀ ਤੇ ਪੱਕਾ ਮੁਨਸ਼ੀ ਹੰੁਦਾ ਹੈ। ਇਥੇ ਕੰਜਰਾਂ ਦੀ ਕੁੜੀ ਤੇ ਮਰਾਸੀਆਂ ਦੇ ਮੁੰਡੇ ਦੀ ਕਦਰ ਘਿਓ ਵਾਂਗ ਹੁੰਦੀ ਹੈ ਕਿਉਂਕਿ ਇਹ ਦੋਨੋਂ ਹੀਰਾ ਮੰਡੀ ਵਿਚ ਕਮਾਊ ਧੀ ਪੁੱਤ ਮੰਨੇ ਜਾਂਦੇ ਹਨ। ਮਰਾਸੀਆਂ ਦੇ ਮੁੰਡੇ ਸਾਜ਼ ਵਜਾਉਦੇ ਨੇ ਤੇ ਕੰਜਰਾਂ ਦੀਆਂ ਕੁੜੀਆਂ ਕੰਜਰਪੁਣਾ ਕਰਦੀਆਂ, ਨੱਚਦੀਆਂ, ਗਾਉਂਦੀਆਂ ਤੇ ਧੰਦਾ ਕਰਦੀਆਂ ਹਨ। ਹੀਰਾ ਮੰਡੀ ਦੇ ਕੋਠੇ ਦੀ ਪਛਾਣ ਪੁੱਤਰ ਨਹੀਂ ਧੀ ਹੁੰਦੀ ਹੈ। ਲਾਹੌਰ ਦੀ ਹੀਰਾ ਮੰਡੀ ਦੇ ਕੋਠਿਆਂ ਵਿਚ ਦੋ ਨਾਵਾਂ ਦਾ ਬਹੁਤ ਜਿ਼ਕਰ ਰਿਹਾ ਹੈ, ਬੁਲਾਕੀ ਸ਼ਾਹ ਤੇ ਮੋਤੀ ਲਾਲ ਚਮਰੀਆ। 1947 ਵਿਚ ਭਾਰਤ-ਪਾਕਿਸਤਾਨ ਬਣਨ ਤਂੋ ਪਹਿਲਾਂ ਸੇਠ ਮੋਤੀ ਲਾਲ ਚਮਰੀਆ (1934 ਤੋਂ 2007) ਦੀ ਹੀਰਾ ਮੰਡੀ ਦੇ ਕੋਠਿਆਂ ਵਿਚ ਇਕ ਲਾੜੇ ਵਾਂਗ ਉਡੀਕ ਰਹਿੰਦੀ ਸੀ, ਕਿਉਂਕਿ ਕੋਠੇ ਦੀ ਕੁਆਰੀ ਕੰਜਰੀ ਦੀ ਨੱਥ ਲੁਹਾਈ ਵਿਚ ਉਹ ਸਾਰੇ ਹਿੰਦੋਸਤਾਨ ਵਿਚ ਮਸ਼ਹੂਰ ਸੀ। ਸੇਠ ਰਾਏ ਬਹਾਦੁਰ ਮੋਤੀ ਲਾਲ ਚਮਰੀਆ ਬਿਹਾਰ ਦੇ ਜਿ਼ਲ੍ਹਾ ਮੁੰਗੇਰ ਦਾ ਖਾਨਦਾਨੀ ਰਈਸ ਸੀ, ਜੋ ਹਿੰਦੋਸਤਾਨ ਦੇ ਚੱਕਲਿਆਂ ਵਿਚ ਰੁਪਈਆਂ ਦਾ ਬਿਸਤਰਾ ਵਿਛਾਂਦਾ, ਰਾਤ ਗੁਜ਼ਾਰਦਾ, ਨੱਥ ਜੇਬ ਪਾਉਂਦਾ ਤੇ ਸਵੇਰ ਨੂੰ ਤੁਰ ਜਾਂਦਾ ਸੀ। ਸੁਣਨ ਵਿਚ ਆਇਆ ਕਿ ਸੇਠ ਮੋਤੀ ਲਾਲ ਕੋਲ ਕੰਜਰੀਆਂ ਦੀਆਂ ਲਾਹੀਆਂ ਨੱਥਾਂ ਦਾ ਸੰਦੂਕ ਭਰਿਆ ਪਿਆ ਹੈ।
ਬ੍ਰਿਟਿਸ਼ ਰਾਜ ਸਮੇਂ ਲਾਹੌਰ ਦਾ ਕੰਜਰ ਘਾਟ ਹੀਰਾ ਮੰਡੀ, ਸ਼ਾਹੀ ਮੁਹੱਲਾ ਜਦੋ ਚੰਗੀ ਤਰ੍ਹਾਂ ਆਬਾਦ ਹੋ ਗਿਆ ਤਾਂ ਸ਼ਾਮ ਨੂੰ ਲੋਹਾਰੀ ਦਰਵਾਜ਼ੇ ਬਾਹਰ ਸ਼ਾਨਦਾਰ ਚਾਰ ਪਹੀਆਂ ਵਾਲੇ ਚਿੱਟੇ ਸ਼ਾਨਦਾਰ ਸਿ਼ੰਗਾਰੇ ਹੋਏ ਪਸ਼ੌਰੀ ਟਾਂਗਿਆਂ ਦੀ ਲਾਈਨ ਲੱਗ ਜਾਂਦੀ ਸੀ। ਕਾਬੁਲ ਕੰਧਾਰ ਦੇ ਨਵੇਂ ਨਰੋਏ ਸਫੈਦ, ਲਾਖੇ, ਸੁਰਮਈ, ਭੂਰੇ ਤੇ ਡੱਬ ਖੜੱਬੇ ਘੋੜੇ ਹੀਰਾ ਮੰਡੀ ਦੇ ਗਾਹਕਾਂ ਨੂੰ ਲੈ ਕੇ ਟਕਸਾਲੀ ਦਰਵਾਜ਼ੇ ਨੂੰ ਰਾਵੀ ਰੋਡ ਉਪਰ ਭੱਜ ਰਹੇ ਹੰੁਦੇ ਸਨ। ਲਾਇਲਪੁਰ ਦੇ ਜਿ਼ਮੀਂਦਾਰ, ਲੰਡਨ ਦੇ ਪੜੇ੍ਹ-ਲਿਖੇ ਸਾਡੇ ਤਾਇਆ ਜੀ ਸਰਦਾਰ ਮੇਹਰ ਸਿੰਘ ਗਰੇਵਾਲ ਦੱਸਦੇ ਹੁੰਦੇ ਸੀ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਲਾਹੌਰ ਦੀ ਪੰਜਾਬ ਅਸੈਂਬਲੀ ਦੇ ਸੈਸ਼ਨ ਦੇ ਦਿਨਾਂ ਵਿਚ ਹੀਰਾ ਮੰਡੀ ਦੀ ਰੌਣਕ ਤੇ ਸ਼ਰਾਫ਼ਤ ਹੋਰ ਵਧ ਜਾਂਦੀ ਸੀ। ਹੀਰਾ ਮੰਡੀ ਵਿਚ ਲੰਮੀਆਂ ਲੰਮੀਆਂ ਮੋਟਰਕਾਰਾਂ ਸ਼ਾਹੀ ਮੁਹੱਲੇ ਦੇ ਕੰਜਰ ਬੜੇ ਮਾਣ ਨਾਲ ਆਪਣੇ ਕੋਠੇ ਅੱਗੇ ਉਚੀ ਉਚੀ ਬੋਲ ਕੇ ਪਾਰਕ ਕਰਵਾਉਂਦੇ ਸਨ। ਲਾਹੌਰ ਦੀ ਮਾਲ ਰੋਡ ਉਪਰ ਬਣੇ ਪੰਜਾਬ ਅਸੈਂਬਲੀ ਹਾਲ ਦਾ ਨੀਂਹ ਪੱਥਰ ਬ੍ਰਿਟਿਸ਼ ਸਰਕਾਰ ਸਮੇਂ, ਪੰਜਾਬ ਦੇ ਖੇਤੀਬਾੜੀ ਮੰਤਰੀ ਜੋਗਿੰਦਰ ਸਿੰਘ ਨੇ ਸੰਨ 1935 ਵਿਚ ਰੱਖਿਆ ਸੀ। ਲਗਭਗ 87 ਸਾਲ ਪਹਿਲਾਂ ਰੱਖਿਆ ਇਹ ਨੀਂਹ ਪੱਥਰ ਹਾਲੀ ਵੀ ਲਾਹੌਰ ਦੀ ਪੰਜਾਬ ਅਸੈਂਬਲੀ ਦੇ ਬਾਹਰ ਮੌਜੂਦ ਹੈ।
ਲਾਹੌਰ ਦੀ ਹੀਰਾ ਮੰਡੀ ਦੀਆਂ ਕੰਜਰੀਆਂ ਵਿਚ ਖੂਬਸੂਰਤੀ ਦੇ ਨਾਲ ਨਾਲ ਇਨਸਾਨੀਅਤ, ਘਰੇਲੂ ਪਰਿਵਾਰਕ ਗੁਣ ਤੇ ਰਹਿਣ-ਸਹਿਣ ਦਾ ਸਲੀਕਾ ਅੱਤ ਦਰਜੇ ਦਾ ਹੁੰਦਾ ਸੀ, ਜਿਸ ਕਰਕੇ ਵੱਡੇ ਵੱਡੇ ਹਿੰਦੂ, ਮੁਸਲਮਾਨ ਤੇ ਸਿੱਖ ਰਈਸਾਂ ਦੇ ਘਰ ਹੀਰਾ ਮੰਡੀ ਵਿਚੋਂ ਵਹੁਟੀਆਂ, ਬੇਗਮਾਂ ਤੇ ਘਰਵਾਲੀਆਂ ਗਈਆਂ। ਸਾਂਝੇ ਪੰਜਾਬ ਦਾ ਵਜ਼ੀਰੇ ਆਲਾ, ਮਲਿਕ ਖਿਜ਼ਰ ਹਯਾਤ ਟਿਵਾਨਾ ਹੀਰਾ ਮੰਡੀ ਦਾ ਜਵਾਈ ਬਣਿਆ, ਉਸ ਨੇ ਹੀਰਾ ਮੰਡੀ ਦੀ ਅਲਮਾਸ ਬਾਈ ਨਾਲ ਨਿਕਾਹ ਕੀਤਾ ਸੀ। ਜਨਾਬ ਟਿਵਾਨਾ ਦੇ ਪਿਓ ਖਾਨ ਬਹਾਦਰ ਅਹਿਮਦ ਯਾਰ ਖਾਨ ਦੌਲਤਾਨੇ ਨੂੰ ਹੀਰਾ ਮੰਡੀ ‘ਚੋਂ ਆਈ ਨੂੰਹ ਇੰਨੀ ਪਸੰਦ ਆਈ ਕਿ ਉਸਨੇ ਅਲਮਾਸ ਬਾਈ ਦੀ ਨਿੱਕੀ ਭੈਣ ਦਾਰੀ ਨੂੰ ਆਪਣੇ ਘਰ ਲਈ ਰੱਖ ਲਿਆ। ਲਾਹੌਰ ਦੀ ਹੀਰਾ ਮੰਡੀ ਜਨਾਨਾ ‘ਮੈਨਰਜ਼’ ‘ਐਟੀਕੇਟਸ’ ਲਈ ਸਕੂਲ ਸੰਸਥਾ ਵਜਂੋ ਮਸ਼ਹੂਰ ਹੋ ਗਈ ਸੀ। ਹਿੰਦੋਸਤਾਨ ਦੇ ਇੱਜ਼ਤਦਾਰਾਂ ਦੇ ਘਰਾਂ ਨੂੰ ਹੀਰਾ ਮੰਡੀ ਸ਼ਾਹੀ ਮੁਹੱਲੇ ਦੀਆਂ ਕੰਜਰੀਆਂ ਨੇ ਭਾਗ ਲਾਏ ਹਨ।
ਪਾਕਿਸਤਾਨ ਬਣਨ ਨਾਲ ਹੀਰਾ ਮੰਡੀ ਦੀ ਕੰਜਰੀ ਤੇ ਲਾਹੌਰ ਦੇ ਬਦਮਾਸ਼ਾਂ ਦਾ ਨਿਵੇਕਲਾ ਜੋੜ ਬਣ ਗਿਆ ਸੀ। ਹੀਰਾ ਮੰਡੀ ਦੇ ਜਿਸ ਕੋਠੇ ਅੱਗੇ ਲਾਹੌਰੀ ਬਦਮਾਸ਼ ਦਾ ਯੱਕਾ ਖੜ੍ਹਾ ਹੁੰਦਾ, ਉਥੇ ਕੋਈ ਹੋਰ ਵੜਨ ਦਾ ਹੀਆ ਨਾ ਕਰਦਾ। ਪਾਕਿਸਤਾਨ ਵਿਚ ਜਨਰਲ ਅਯੂਬ ਖਾਨ ਨੇ ਮਾਰਸ਼ਲ ਲਾਇਆ ਪਰ ਹੀਰਾ ਮੰਡੀ ਵਿਚ ਆਉਣ ਜਾਣ ਦੀ ਆਜ਼ਾਦੀ ਸੀ। ਲਾਹੌਰ ਦੇ ਕਾਲਜਾਂ, ਪੰਜਾਬ ਯੂਨੀਵਰਸਿਟੀ ਅਤੇ ਹੋਰ ਸ਼ਹਿਰਾਂ ਵਿਚ ਵੀ ਧੜਾਧੜ ਮੁਜਰੇ ਹੁੰਦੇ ਰਹੇ। ਇਹ ਮੁਜਰੇ ਇੰਨੇ ਭੜਕਾਊ ਸਨ ਕਿ ਪਾਕਿਸਤਾਨ ਦੇ ਮੌਲਵੀ ਤੜਫ ਉਠੇ ਕਿਉਂਕਿ ਨੱਚਣ ਗਾਉਣ ਵਾਲੀਆਂ ‘ਚ ਮਸ਼ਹੂਰ ਸੁਲਤਾਨਾ ਪਸੌ਼ਰੀ ਤੇ ਹਮੀਰਾ ਚੌਧਰੀ ਜਾਲੀਦਾਰ ਕੱਪੜੇ ਪਾ ਕੇ ਸਟੇਜ ਉਪਰ ਨੱਚਦੀਆਂ ਸਨ, ਨਤੀਜੇ ਵਜੋਂ 1961 ਵਿਚ ਮੁਜਰਾ ਕਲਚਰ ਉਪਰ ਪੂਰਨ ਪਾਬੰਦੀ ਲੱਗ ਗਈ। ਪਾਕਿਸਤਾਨ ਦੇ ਗਵਰਨਰ ਮਲਿਕ ਅਮੀਰ ਮੁਹੰਮਦ ਖਾਨ, ਨਵਾਬ ਕਾਲਾ ਬਾਗ ਨੇ ਲਾਹੌਰ ਦੇ ਸ਼ਾਹੀ ਮੁਹੱਲੇ ਵਿਚ ਸਖਤੀ ਦਾ ਐਲਾਨ ਕਰ ਦਿੱਤਾ। ਲਾਹੌਰ ਦੀ ਹੀਰਾ ਮੰਡੀ ਵਿਚ ਸਿਰਫ ਰਾਤ ਦੇ 10 ਵਜੇ ਤੋਂ ਰਾਤ ਦੇ ਇਕ ਵਜੇ ਤਕ ਗਾਉਣ-ਵਜਾਉਣ ਦਾ ਫੁਰਮਾਨ ਸਰਕਾਰ ਵਲੋਂ ਆ ਗਿਆ। ਹੀਰਾ ਮੰਡੀ ਨੂੰ ਆਉਣ-ਜਾਣ ਵਾਲੇ ਸਾਰੇ ਰਸਤਿਆਂ ਤੇ ਬਾਜ਼ਾਰਾਂ ਵਿਚ ਪੁਲੀਸ ਚੌਕੀਆਂ ਬਣ ਗਈਆਂ, ਨਾਕੇ ਲੱਗ ਗਏ, ਧੰਦਾ ਉਕਾ ਹੀ ਬੰਦ ਕਰ ਦਿੱਤਾ। ਰਾਤ ਇਕ ਵਜੇ ਤੋਂ ਬਾਅਦ ਹੀਰਾ ਮੰਡੀ ਵਿਚ ਕਾਂ ਪੈਂਦੇ ਤੇ ਦਿਨੇ ਚਿੜੀ ਵੀ ਪਰ ਨਾ ਮਾਰ ਸਕਦੀ। ਅੰਤਾਂ ਦੀ ਸਖਤਾਈ ਹੋ ਗਈ ਪਰ ਸਭ ਕੁਝ ਹੁੰਦਾ ਰਿਹਾ, ਪੁਲੀਸ ਦੀ ਕਮਾਈ ਵਧ ਗਈ। ਸ਼ਾਹੀ ਮੁਹੱਲੇ ਦੇ ‘ਟਿੱਬੀ ਥਾਣੇ’ ਦਾ ਭਾਅ ਤੇਜ਼ ਹੋ ਗਿਆ, ਥਾਣੇ ਦੀ ਥਾਣੇਦਾਰੀ ਵਿਕਣ ਲੱਗ ਪਈ ਸੀ। ਟਿੱਬੀ ਥਾਣੇ ਦੀ ਸਖਤੀ ਤੇ ਪੁਲੀਸ ਦੀ ਕੁੱਟਮਾਰ ਕਾਰਨ ਸ਼ਰੀਫ ਲੋਕ ਹੀਰਾ ਮੰਡੀ ਆਉਣਾ ਹੀ ਛੱਡ ਗਏ। ਹੀਰਾ ਮੰਡੀ ਦੇ ਕੰਜਰ ਤੇ ਉਨ੍ਹਾਂ ਦੇ ਪਰਿਵਾਰ ਆਪਣੀ ਹੈਸੀਅਤ ਅਨੁਸਾਰ ਹੋਰ ਥਾਵਾਂ ਨੂੰ ਭੱਜ ਨਿਕਲੇ, ਜਿਨ੍ਹਾਂ ਵਿਚ ਨਵਾਂ ਮੁਜੰਗ, ਸੰਮਨਾਬਾਦ, ਗੁਲਬਰਗ, ਮਾਡਲ ਟਾਊਨ, ਜੌਹਰ ਟਾਊਨ ਸੀ। ਲਾਹੌਰ ਵਿਚ ਕਾਲ ਗਰਲ ਦਾ ਰਿਵਾਜ ਸੁ਼ਰੂ ਹੋ ਗਿਆ। ਲਾਹੌਰ ਦੇ ਆਲੇ-ਦੁਆਲੇ ਦੇ ਕਸਬਿਆਂ, ਪਿੰਡਾਂ ਦੀਆਂ ਪੰਜ-ਸੱਤ ਇਕੱਠੀਆਂ ਜਵਾਨ ਕੁੜੀਆਂ, ਟੁੱਟੀ ਜਿਹੀ ਟੋਇਟਾ ਦੀ ਕਰੋਲਾ ਕਾਰ ਵਿਚ ਲਾਹੌਰ ਦੀਆਂ ਗਲੀਆਂ, ਬਾਜ਼ਾਰਾਂ ਵਿਚ ਰਾਤ ਨੂੰ ਸ਼ਰੇਆਮ ਗੇੜੀ ਮਾਰਦੀਆਂ। ਜਿੱਥੇ ਗੱਲ ਟੁੱਕ ਹੋ ਜਾਂਦੀ, ਉਥੇ ਹੀ ਤੰਬੂ ਲੱਗ ਜਾਂਦਾ। ਸ਼ਾਹੀ ਸ਼ਹਿਰ ਲਾਹੌਰ ਅੰਦਰ ਤੇ ਪੂਰੇ ਪਾਕਿਸਤਾਨ ਵਿਚ ਪਿੰਡਾਂ, ਕਸਬਿਆਂ, ਸ਼ਹਿਰਾਂ, ਥਾਵਾਂ, ਗਲੀਆਂ, ਮੁਹੱਲਿਆਂ, ਨਹਿਰਾਂ, ਕੱਸੀਆਂ ਦੇ ਨਾਵਾਂ ਨੂੰ ਸੰਨ ਨਹੀਂ ਲਾਈ ਗਈ।
ਸੰਨ 1971 ਵਿਚ ਜਨਰਲ ਯਾਹੀਆ ਖਾਨ ਦੇ ਜ਼ਮਾਨੇ ਵਿਚ ਕੰਜਰਾਂ ਨੂੰ ਫਿਰ ਪੂਰੀ ਖੁੱਲ੍ਹੀ ਛੁੱਟੀ ਮਿਲ ਗਈ, ਪਰ ਹੀਰਾ ਮੰਡੀ ਵਿਚ ਬਦਲਾਅ ਆ ਗਿਆ ਸੀ ਹੁਣ ਲਾਹੌਰੀ ਸਾਜ਼ਾਂ ਦੀ ਬਜਾਏ ਜਾਪਾਨੀ ਸੋਨੀ ਦੀ ਟੇਪ ਰਿਕਾਰਡ ਉਤੇ ਗਾਣਾ ਲੱਗਦਾ ਤੇ ਕੰਜਰੀਆਂ ਪੈਰਾਂ ਵਿਚ ਘੁੰਗਰੂ ਪਾ ਕੇ ਨੱਚਦੀਆਂ। ਹੀਰਾ ਮੰਡੀ ਦੀ ਚੇਤ ਰਾਮ ਰੋਡ ਉਤੇ ਮਿਊਜ਼ੀਕਲ ਗਰੁੱਪਾਂ ਦੇ ਬੋਰਡ ਲੱਗਣ ਲੱਗ ਪਏ ਤੇ ਇਹ ਗਰੁੱਪ ਨੱਚਣ ਗਾਉਣ ਤੇ ਧੰਦਾ ਕਰਨ ਲਈ ਅਰਬ ਦੇਸਾਂ ਤੇ ਲੰਡਨ ਨੂੰ ਵੀ ਜਾਣੇ ਸੁ਼ਰੂ ਹੋ ਗਏ। 1977 ਵਿਚ ਜਨਰਲ ਜਿ਼ਆ-ਉਲ-ਹੱਕ, ਦੇ ਮਾਰਸ਼ਲ ਲਾਅ ਵਿਚ ਕੰਜਰੀਆਂ ਨੂੰ ਲਾਹੌਰ ਵਿਚ ਆਪੋ ਆਪਣੀਆਂ ਥਾਵਾਂ ਵਿਚ ਵਸਣਾ ਪਿਆ ਸੀ। ਲਾਹੌਰ ਦੇ ਕੰਜਰਾਂ ਦੇ ਘਰ ਵਿਚ ਕੁੜੀ ਜੰਮਦੀ ਤਾਂ ਅੰਤਾਂ ਦੀ ਖੁਸ਼ੀ ਮਨਾਈ ਜਾਂਦੀ। ਮਹੀਨਾ ਭਰ ਜਸ਼ਨ ਚੱਲਦੇ, ਨਵਜੰਮੀ ਕੁੜੀ ਨੂੰ ਚਾਂਦੀ ਦੇ ਕੰਗਣਾਂ ਦੀ ਜੋੜੀ ਪਹਿਨਾਈ ਜਾਂਦੀ। ਜੇ ਰੱਬ ਦੀ ਗਲਤੀ ਨਾਲ ਕੰਜਰਾਂ ਘਰ ਮੁੰਡਾ ਜੰਮ ਪੈਂਦਾ ਤਾਂ ਸਾਰੇ ਕੰਜਰਾਂ ਦੇ ਟੱਬਰਾਂ ਦੇ ਮੂੰਹ ਲਮਕ ਜਾਂਦੇ। ਸ਼ਾਹੀ ਮੁਹੱਲੇ ਵਿਚ ਖੁਸਰੇ ਵਧਾਈ ਦੇਣ ਦੀ ਥਾਂ ਅਫ਼ਸੋਸ ਕਰਨ ਉਚੇਚਾ ਕੰਜਰਾਂ ਦੇ ਘਰ ਆਉਂਦੇ ਤੇ ਮੱਧਮ ਸੁਰ ਵਿਚ ਤਾੜੀਆਂ ਮਾਰ ਕੇ, ਵਿੰਗੇ ਟੇਡੇ ਮੂੰਹ ਨਾਲ ਡਾਹਢਾ ਅਫਸੋਸ ਜ਼ਾਹਿਰ ਕਰਦੇ। ਕੋਠੇ ਦੀ ਮਾਲਕਣ ਜਾਂ ਡੇਰੇਦਾਰਨੀ ਖੁਸਰਿਆਂ ਨੂੰ ਖੈਰ ਪਾਉਂਦੀ ਤੇ ਖੁਸਰਿਆਂ ਦਾ ਮਹੰਤ ਅਗਲੀ ਵਾਰ ਕੁੜੀ ਜੰਮਣ ਦੀ ਦੁਆ ਵਾਰ ਵਾਰ ਦਿੰਦਾ।
ਸ਼ਾਹੀ ਮੁਹੱਲੇ ਦੀ ਹੀਰਾ ਮੰਡੀ ਜਦੋਂ ਲਾਹੌਰ ਵਿਚ ਆਬਾਦ ਹੋ ਰਹੀ ਸੀ ਉਸ ਵਕਤ ਖੂਬਸੂਰਤ ਤੇ ਜਵਾਨ ਔਰਤਾਂ ਕਸ਼ਮੀਰ, ਕਾਬੁਲ, ਈਰਾਨ ਤੇ ਇਲਾਕਾ ਗੈਰ ਤੋਂ ਲਾਹੌਰ ਦੇ ਟਕਸਾਲੀ ਬਾਜ਼ਾਰ ਵਿਚ ਵਿਕਣ ਲਈ ਆਉਂਦੀਆਂ ਸਨ। ਉਦੋਂ ਕੋਈ ਪਾਸਪੋਰਟ ਜਾਂ ਵੀਜ਼ਾ ਤਾਂ ਹੁੰਦਾ ਨਹੀਂ ਸੀ, ਹਰ ਕੋਈ ਆਜ਼ਾਦ ਫਿਰਦਾ ਸੀ। ਜਿਹੜੇ ਵਪਾਰੀ ਇਨ੍ਹਾਂ ਔਰਤਾਂ ਨੂੰ ਹੀਰਾ ਮੰਡੀ ਵਿਚ ਵੇਚਣ ਲਈ ਲੈ ਕੇ ਆਉਂਦੇ, ਉਹ ਦੱਸਦੇ ਕਿ ਉਹ ਇਨ੍ਹਾਂ ਔਰਤਾਂ ਨੂੰ ਟੱਕੇ ਖਰਚ ਕੇ ਖਰੀਦ ਕੇ ਲਿਆਏ ਹਨ। ਹੀਰਾ ਮੰਡੀ ਵਿਚ ਇਨ੍ਹਾਂ ਔਰਤਾਂ ਨੂੰ ਕੁੱਝ ਖਾਸ ਵਰਦੀਆਂ ਵਾਲੇ ਗੱਭਰੂ ਜਵਾਨ ਵਿਆਹ ਕਰ ਕੇ ਆਪਣੇ ਘਰ ਲੈ ਜਾਂਦੇ ਤੇ ਬਾਕੀ ਰਹਿੰਦੀਆਂ ਔਰਤਾਂ ਨੂੰ ਹੀਰਾ ਮੰਡੀ ਦੇ ਦੱਲੇ ਧੰਦੇ ਲਈ ਖਰੀਦ ਲੈਂਦੇ। ਹੀਰਾ ਮੰਡੀ ਦੀਆਂ ਖਾਨਦਾਨੀ ਕੰਜਰੀਆਂ ਨੇ ਬਾਜ਼ਾਰ ਦੇ ਕੋਠੇ ਵਿਚ ਜਿਸਮ ਫਰੋਸ਼ੀ ਜਾਂ ਧੰਦੇ ਉਪਰ ਸਖਤ ਪਾਬੰਦੀ ਲਾਈ ਹੋਈ ਸੀ। ਹੀਰਾ ਮੰਡੀ ਦੇ ਕੋਠੇ ਵਿਚ ਸਿਰਫ ਨਾਚ ਗਾਣਾ ਹੀ ਰਹਿ ਗਿਆ ਸੀ, ਇਥਂੋ ਦੀ ਕੰਜਰੀ ਬੱਸ ਉਸ ਮਰਦ ਨਾਲ ਰਾਤ ਨੂੰ ਸੌਂਦੀ, ਜਿਸ ਦੀ ਉਹ ਰਖੇਲ ਹੁੰਦੀ।
ਸ਼ਾਹੀ ਮੁਹੱਲੇ ਦੇ ਨਾਲ ਟਿੱਬੀ ਗਲੀ ਵਿਚ ਰੰਡੀ ਕੋਠਿਆਂ ਨੂੰ ਬਣਾਉਣ ਤੇ ਆਬਾਦ ਕਰਨ ਵਿਚ ਇਸ ਇਲਾਕੇ ਦੇ ਰਈਸ, ਅਜ਼ੀਜ਼ ਥਿਏਟਰ ਦੇ ਮਾਲਿਕ ਤੇ ਆਨਰੇਰੀ ਮੈਜਿਸਟਰੇਟ ਮੀਆਂ ਹਮੀਦ ਦਾ ਪੈਸਾ ਤੇ ਮਿਹਨਤ ਲੱਗੀ। ਮੀਆਂ ਹਮੀਦ ਨੇ ਸ਼ਾਹੀ ਮੁਹੱਲੇ ਦੀਆਂ 11 ਗਲੀਆਂ ਦੀ ਬਣਤਰ ਬਣਾਈ, ਹਰ ਗਲੀ ਦੇ ਦੋਵੇਂ ਪਾਸੇ ਪੱਕੀਆਂ ਇੱਟਾਂ ਦੇ ਤਿੰਨ ਮੰਜ਼ਲੇ ਕੋਠੇ ਉਸਾਰੇ, ਜਿਨ੍ਹਾਂ ਦੀ ਹਰ ਇਕ ਕੋਠੜੀ ਦੀ ਇਕ ਬਾਰੀ ਗਲੀ ਜਾਂ ਬਾਜ਼ਾਰ ਵਿਚ ਖੁੱਲ੍ਹਦੀ ਸੀ ਅਤੇ ਹਰ ਬਾਰੀ ਵਿਚ ਸਜੀ ਸਜਾਈ ਰੰਡੀ ਜਾਂ ਵੇਸਵਾ ਬੈਠੀ ਹੁੰਦੀ ਸੀ, ਜੋ ਆਪਣੇ ਇਸ਼ਾਰਿਆਂ ਨਾਲ ਬਾਜ਼ਾਰ ਵਿਚ ਤੁਰਦੇ-ਫਿਰਦੇ ਗਾਹਕਾਂ ਨੂੰ ਖਿੱਚਦੀ ਸੀ। ਟਿੱਬੀ ਗਲੀ ਦੇ ਕੋਠਿਆਂ ਵਿਚ ਧੰਦਾ ਕਰਨ ਵਾਲੀਆਂ ਔਰਤਾਂ ਲਈ ਰੰਡੀ ਸ਼ਬਦ ਦੀ ਵਰਤੋਂ ਇਸ ਕਰਕੇ ਹੁੰਦੀ ਸੀ ਕਿਉਂਕਿ ਸਰਕਾਰੀ ਕਾਨੂੰਨ ਅਨੁਸਾਰ, ਸਰਕਾਰੀ ਰਜਿਸਟਰ ਵਿਚ ਵਿਆਹੀ ਜਾਂ ਕਵਾਰੀ ਔਰਤ ਇਸ ਮੁਹੱਲੇ ਵਿਚ ਇਸ ਧੰਦੇ ਦੀ ਲਾਇਸੈਂਸਦਾਰ ਨਹੀਂ ਹੋ ਸਕਦੀ ਸੀ। ਟਿੱਬੀ ਗ਼ਲੀ ਵਿਚ ਧੰਦਾ ਸਿਰਫ਼ ਤਲਾਕਸ਼ੁਦਾ ਜਾਂ ਬੇਵਾ ਹੀ ਕਰ ਸਕਦੀਆਂ ਸਨ। ਟਿੱਬੀ ਗਲੀ ਦੇ ਗਾਹਕਾਂ ਵਿਚ ਮਜ਼ਦੂਰ, ਕਾਰੀਗਰ, ਡਰਾਈਵਰ, ਨਿੱਕੇ ਦੁਕਾਨਦਾਰ ਤੇ ਛੋਟੇ ਸਰਕਾਰੀ ਮੁਲਾਜ਼ਮਾਂ ਦੀ ਭਰਮਾਰ ਰਹਿੰਦੀ, ਜੋ ਪੈਦਲ ਜਾਂ ਸਾਈਕਲਾਂ ਉਪਰ ਆਉਂਦੇ ਅਤੇ ਇਸ ਗਲੀ ਵਿਚ ਨਹਾ-ਧੋ ਕੇ ਠੰਢੇ ਠਾਰ ਹੋ ਘਰਾਂ ਨੂੰ ਪਰਤ ਜਾਂਦੇ।
ਟਕਸਾਲੀ ਬਾਜ਼ਾਰ ਤੋਂ ਬਾਜ਼ਾਰੇ ਹਕੀਮਾਂ ਤਕ ਦਾ ਸਾਰਾ ਇਲਾਕਾ ਟਿੱਬੀ ਗਲੀ ਹੀ ਵੱਜਦਾ ਤੇ ਬੋਲਦਾ ਸੀ। ਟਿੱਬੀ ਗਲੀ ਵਿਚ ਮੀਆਂ ਹਮੀਦ ਦੀ ਬੇਗਮ ‘ਮੀਈ ਹਮੀਦ’ ਦਾ ਰਾਜ ਚੱਲਦਾ ਸੀ ਤੇ ਉਸ ਦੇ ਗੁੰਡੇ ਇਸ ਗਲੀ ਦੇ ਰਾਜੇ ਸਨ। ਟਿੱਬੀ ਗਲੀ ਵਿਚ ਧੰਦਾ ਕਰਨ ਲਈ ਸਰਕਾਰੀ ਮੋਹਰ ਦਾ ਹੋਣਾ ਜ਼ਰੂਰੀ ਸੀ ਤੇ ਇਹ ਸਰਕਾਰੀ ਮੋਹਰ ਵਾਲੇ ਕਾਗਜ਼ ਪੱਤਰ ਵੀ ਮੀਆਂ ਹਮੀਦ ਹੀ ਦਿੰਦਾ ਸੀ। ਟਿੱਬੀ ਗਲੀ ਦੇ ਕੋਠੇ ਹਰ ਰਾਤ ਨੂੰ ਬਹੁਤ ਦੇਰ, ਲਗਭਗ ਅਗਲੀ ਸਵੇਰ ਨਾਲ ਹੀ ਬੰਦ ਹੁੰਦੇ ਸਨ। ਲਾਹੌਰ ਦੇ ਸ਼ਾਹੀ ਮੁਹੱਲੇ ਵਿਚਲੇ ਬਾਜ਼ਾਰ ਤੇ ਖਾਣ ਪੀਣ ਦੀਆਂ ਦੁਕਾਨਾਂ ਸਾਰੀ ਰਾਤ ਹੀ ਖੁੱਲ੍ਹੀਆਂ ਰਹਿੰਦੀਆਂ ਹਨ। ਲਾਹੌਰੀਏ ਵੈਸੈ ਵੀ ਰਾਤਾਂ ਨੂੰ ਜਾਗਣ ਤੇ ਫਿਰ ਦਿਨੇ ਦੁਪਿਹਰੇ ਉੱਠ ਕੇ ਨਹਾਉਣ ਧੋਣ ਦੇ ਆਦੀ ਹਨ। ਸ਼ੇਰਾਂਵਾਲੇ ਬੱਹੀ ਪਹਿਲਵਾਨ ਦੇ ਲਾਹੌਰ ਦੀ ਸਰਕੂਲਰ ਰੋਡ ਉਪਰ ਸ਼ਾਲਮੀ ਦਰਵਾਜ਼ੇ ਅੱਗੇ ਬਾਂਸ ਬਾਜ਼ਾਰ ਦੇ ਖੱਬੇ ਹੱਥ ‘ਸ਼ਾਲਮੀ ਡੇਰੇ’ ਉਪਰ ਸਰਦੀਆਂ ਵਿਚ ਕਮਰਿਆਂ ਅੰਦਰ ਸੂਈ ਗੈਸ ਦੇ ਹੀਟਰ ਸਹਾਰੇ ਅਤੇ ਗਰਮੀਆਂ ਵਿਚ ਡੇਰੇ ਦੇ ਖੁੱਲ੍ਹੇ ਦਲਾਨ ਵਿਚ ਨਵਾਰੀ ਮੰਜਿਆਂ ਤੇ ਬੈਂਤ ਦੀਆਂ ਕੁਰਸੀਆਂ ਉਪਰ ਸਾਰੀ ਸਾਰੀ ਰਾਤ ਬੇਮਤਲਬ ਗਲਾਂ ਦੇ ਜੱਕੜ ਇਕ ਦੂਜੇ ਛੱਡੀ ਜਾਂਦੇ ਹਨ। ਲਾਹੌਰੀਆਂ ਵਿਚ ਇਕ ਪੁਰਾਣੀ ਕਹਾਵਤ, ਘੋੜਾ ਸਨੇਲ, ਮੱਝ ਥੱਨੇਲ ਤੇ ਰੰਨ ਚੱਤੜੇਲ ਵਾਲੀ ਇਕ ਪੁਰਾਣੀ ਕਹਾਵਤ ਨਾਲ ਭਾਂਤ ਭਾਂਤ ਦੇ ਬਹਿਸੀ ਜੁਮਲਿਆਂ ਦਾ ਬਾਜ਼ਾਰ ਹਮੇਸ਼ਾ ਗਰਮ ਰਹਿੰਦਾ ਹੈ।
ਟਿੱਬੀ ਗਲੀ ਵਿਚਲੇ ਦਲਾਲਾਂ ਨੂੰ ਰੰਡੀਆਂ ਦਾ ਜਾਨ ਛੁਡਾ ਕੇ ਭੱਜਣ ਦਾ ਖਤਰਾ ਵੀ ਸਤਾਉਂਦਾ ਰਹਿੰਦਾ, ਇਸ ਲਈ ਉਹ ਧੰਦੇ ਮਗਰੋਂ ਉਨ੍ਹਾਂ ਨੂੰ ਕੋਠੜੀਆਂ ਵਿਚ ਬੰਦ ਕਰ ਕੇ ਤਾਲਾ ਲਾ ਦਿੰਦੇ। ਲਾਹੌਰ ਦੇ ਸ਼ਾਹੀ ਮੁਹੱਲੇ ਵਿਚ ਸਥਿਤ ਮਾਸੂਮ ਸ਼ਾਹ ਦੇ ਮਜਾਰ ਦੀ ਟਿੱਬੀ ਗਲੀ ਦੇ ਕੰਜਰਾਂ ਤੇ ਰੰਡੀਆਂ ਵਿਚ ਬੜੀ ਮਾਨਤਾ ਸੀ। ਲਾਹੌਰ ਦੀ ਹਰ ਸ਼ਾਮ ਨੂੰ ਜਦੋਂ ਮਾਸੂਮ ਸ਼ਾਹ ਦੀ ਮਜਾਰ ਅੰਦਰ ਦੀਵੇ ਬਲਦੇ ਸਨ, ਮੁਹੱਲੇ ਦੀਆਂ ਰੰਡੀਆਂ ਦੇ ਕੋਠਿਆਂ ਦੇ ਦਰਵਾਜ਼ੇ ਖੁੱਲ੍ਹਦੇ ਸਨ। ਮੁਹੱਲੇ ਦੀਆਂ ਰੰਡੀਆਂ ਪਿਛਲੀ ਰਾਤ ਦੇ ਧੰਦੇ ਦੀ ਹੱਕ ਹਲਾਲ ਦੀ ਕਮਾਈ ਵਿਚੋਂ ਕੁੱਝ ਆਪਣੀ ਸਿਹਤਯਾਬੀ ਤੇ ਹੋਰ ਖੁਸ਼ੀਆਂ ਖੇੜਿਆਂ ਦੀ ਕਾਮਨਾ ਲਈ ਮਜਾਰ ਉੱਪਰ ਚੜ੍ਹਾਵਾ ਚੜ੍ਹਾਉਂਦੀਆਂ ਸਨ। ਇਸ ਮੁਹੱਲੇ ਵਿਚ ਧੰਦਾ ਕਰਦੀਆਂ ਔਰਤਾਂ ਨੂੰ ਕਿਸੇ ਵੀ ਬਿਮਾਰੀ ਦੀ ਹਾਲਤ ਵਿਚ ਬਾਹਰ ਡਾਕਟਰ ਕੋਲ ਜਾਣ ਦੀ ਇਜਾਜ਼ਤ ਨਹੀਂ ਸੀ। ਟਿੱਬੀ ਗਲੀ ਵਿਚ ਮੀਆਂ ਹਮੀਦ ਦਾ ਹਕੀਮ ਅੱਲਾ ਦਿੱਤਾ ਕਸੂਰੀ ਹੀ ਬੀਮਾਰ ਰੰਡੀਆਂ ਦਾ ਇਲਾਜ ਕਰਦਾ ਸੀ ਅਤੇ ਰੰਡੀਆਂ ਅਕਸਰ ਨਸ਼ੇ ਵਾਲੀ ਨਸਵਾਰ ਜਾਂ ਕੋਈ ਹੋਰ ਨਸ਼ਾ ਕਰ ਕੇ ਰੱਜੀਆਂ ਰਹਿੰਦੀਆਂ ਸਨ। ਟਿੱਬੀ ਗਲੀ ਦੇ ਮੁਹੱਲੇ ਵਿਚ ਸਮੇਂ ਦੇ ਨਾਲ ਨਾਲ ਕੋਠੀ ਖਾਨਿਆਂ ਵਿਚ 24 ਘੰਟੇ, ਲੁਕ ਕੇ ਪੁਲੀਸ ਦੀ ਮਦਦ ਨਾਲ ਧੰਦਾ ਚੱਲਦਾ ਰਿਹਾ ਅਤੇ ਨਾਜਾਇਜ਼ ਅਸਲੇ ਦਾ ਕਾਰੋਬਾਰ ਵੀ ਹੋਂਦ ਵਿਚ ਆਇਆ, ਜੂਏ ਦੇ ਅੱਡੇ ਵੀ ਬਣੇ ਤੇ ਨਸ਼ੇ ਦਾ ਕੰਮ ਧੰਦਾ ਵੀ ਚੱਲਿਆ ਸੀ।
ਪਾਕਿਸਤਾਨ ਦੇ ਫੌਜੀ ਜਰਨੈਲ, ਜਨਾਬ ਪ੍ਰਵੇਜ਼ ਮੁਸੱ਼ਰਫ ਦੇ ਰਾਜ ਕਾਲ ਸਮੇਂ ਸੰਨ 2001 ਵਿਚ ਜਨਾਬ ਫੱਖਰ ਜਮਾਨ ਨੇ ਲਾਹੌਰ ਵਿਖੇ ਆਲਮੀ ਪੰਜਾਬੀ ਕਾਨਫਰੰਸ ਦਾ ਪ੍ਰਬੰਧ ਕੀਤਾ। ਵਿਸ਼ਵ ਪੱਧਰ ਦੇ ਪੰਜਾਬੀ ਸਾਹਿਤਕਾਰਾਂ, ਲੇਖਕਾਂ, ਫਨਕਾਰਾਂ, ਕਲਾਕਾਰਾਂ, ਅਦੀਬਾਂ, ਖਾਸ ਸਰਕਾਰੀ ਅਫਸਰਾਂ ਤੇ ਸਿਆਸੀ ਮੰਤਰੀਆਂ ਨੂੰ ਸਿ਼ਰਕਤ ਲਈ ਸੱਦਾ ਪੱਤਰ ਦਿੱਤਾ ਗਿਆ। ਜਨਾਬ ਫਖਰ ਜਮਾਨ ਨਾਲ ਮੈਂ ਇਸ ਵਿਸ਼ਵ ਕਾਨਫਰੰਸ ਦਾ ਅੰਤਰਰਾਸ਼ਟਰੀ ਪੱਧਰ ਉਪਰ ਪ੍ਰਬੰਧਕ ਸਕੱਤਰ ਸੀ। ਪੰਜਾਬੀ ਧਨਾਢ ਕਾਰੋਬਾਰੀ, ਅੰਮ੍ਰਿਤਸਰ ਜਿ਼ਲ੍ਹੇ ਦੇ ਨੌਸ਼ਹਿਰਾ ਢਾਲਾ ਵਾਲੇ ਤੇ ਬੰਬਈ ਨਿਵਾਸੀ ਪਹਿਲਵਾਲ ਸਰਦਾਰ ਕੰਵਰਜੀਤ ਸਿੰਘ ਸੰਧੂ ਇਸ ਦੇ ਪ੍ਰਧਾਨ ਸਨ। ਪੰਜਾਬ ਤੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਦੇ ਸਕੱਤਰ ਮਰਹੂਮ ਪ੍ਰੋਫੈਸਰ ਰਾਜਪਾਲ ਸਿੰਘ ਤੇ ਪ੍ਰਧਾਨ ਡਾ. ਹਰਚਰਨ ਸਿੰਘ ਦੀ ਸਹਾਇਤਾ ਨਾਲ ਵੱਡਾ ਕਾਫ਼ਲਾ ਸ਼ਾਹੀ ਸ਼ਹਿਰ ਲਾਹੌਰ ਗਿਆ ਸੀ। ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਚਾਣੱਕਿਆ ਰੋਡ ਉਪਰ ਸਥਿਤ, ਪਾਕਿਸਤਾਨ ਸਰਕਾਰ ਦੇ ਹਾਈ ਕਮਿਸ਼ਨ ਦਫਤਰ ਵਿਚ ਬੈਠ ਕੇ ਰਾਤ ਨੂੰ, ਵੀਜ਼ੇ ਦੀਆਂ ਮੋਹਰਾਂ ਲਗਵਾਈਆਂ ਸਨ। ਭਾਰਤੀ ਜਥੇ ਦੇ ਲਗਭਗ 250 ਪਾਸਪੋਰਟਾਂ ਦੀ ਪਿਟਾਰੀ ਲੈ ਕੇ ਮੈਂ ਰਾਤੋ ਰਾਤ, ਪਟਿਆਲੇ ਵਾਲੇ ਤੇਜਿੰਦਰਪਾਲ ਸਿੰਘ ਸੰਧੂ ਦੀ ਕਾਰ ਰਾਹੀਂ, ਸਵੇਰ ਨੂੰ ਵਾਹਗਾ ਬਾਰਡਰ ਪਹੁੰਚਿਆ ਸੀ। ਲਾਹੌਰ ਦੀ ਮਾਲ ਰੋਡ
ਉਪਰ, ਪਾਕਿਸਤਾਨ ਸੈਰ ਸਪਾਟਾ ਵਿਭਾਗ ਦੇ ਸਰਕਾਰੀ, ‘ਫਲੈਟੀਜ਼ ਹੋਟਲ’ ਵਿਚ ਕਾਨਫਰੰਸ ਦੀ ਸਟੇਜ ਸਜੀ ਸੀ ਅਤੇ ਡੇਵਿਸ ਰੋਡ ਉਪਰ ਸਥਿਤ ਏਸ਼ੀਆ ਦੇ ਸਭ ਤੋਂ ਵੱਡੇ ‘ਅਲ ਹਮਰਾ ਥੀਏਟਰਜ਼’ ਵਿਚ ਪੰਜਾਬੀ ਦੇ ਪਰਚੇ ਪੜ੍ਹੇ ਗਏ ਸਨ। ਇਸ ਕਾਨਫਰੰਸ ਵਿਚ ਭਾਗ ਲੈਣ ਵਾਲੇ ਬਹੁਤੇ ਸਿਆਸੀ ਲੀਡਰਾਂ ਤੇ ਕੁਝ ਖਾਸ ਮਹਿਮਾਨਾਂ ਨੇ ਵੀ ਉਸ ਵਕਤ ਲਾਹੌਰ ਦੇ ਸ਼ਾਹੀ ਮੁਹੱਲੇ, ਹੀਰਾ ਮੰਡੀ ਦੀ ਸ਼ੋਭਾ ਸੁਣ ਕੇ ਆਖਰੀ ਵਾਰ ਦੇ ਸ਼ਾਹੀ ਸੁਹਾਗਣ ਦਰਸ਼ਨ ਕਰਨ ਦੀ ਫਰਮਾਇਸ਼ ਕੀਤੀ ਸੀ। ਲਾਹੌਰ ਦੀ ਆਲਮੀ ਪੰਜਾਬੀ ਕਾਨਫਰੰਸ ਦਾ ਪ੍ਰਬੰਧਕ ਸਕੱਤਰ ਹੋਣ ਦੇ ਨਾਤੇ ਉਨ੍ਹਾਂ ਸਭ ਖਾਸ ਪੰਜਾਬੀ ਬਜੁ਼ਰਗਾਂ ਅਤੇ ਪੰਜਾਬ ਦੇ ਨਾਮੀ ਸਿਆਸੀ ਲੀਡਰਾਂ ਦਾ ਪ੍ਰਬੰਧ ਲਾਹੌਰ ਦੇ ਰੰਗੀਨ ਤੇ ਰੌਣਕ ਭਰਪੂਰ, ਕੰਜਰ ਘਾਟ ਹੀਰਾਮੰਡੀ, ਸ਼ਾਹੀ ਮੁਹੱਲੇ ਲਈ ਅੱਖਾਂ ਤੇ ਕੰਨ ਬੰਦ ਕਰ ਕੇ ਕੀਤਾ ਗਿਆ ਸੀ। ਲਾਹੌਰ ਦੇ ਇਸ ਅਨੋਖੇ ਸ਼ਾਹੀ ਮੁਹੱਲੇ ਦਾ ਰੌਚਕ ਤੇ ਨਿਵੇਕਲਾ ਇਤਿਹਾਸ ਅਣਗਿਣਤ ਘਟਨਾਵਾਂ ਤੇ ਦੁਰਘਟਨਾਵਾਂ ਨਾਲ ਭਰਿਆ ਪਿਆ ਹੈ। ਰੱਬ ਰਾਖਾ! (ਸਮਾਪਤ)