ਮਾਨਸ ਤੋਂ ਦੇਵਤਾ

ਮਾਇਆ ਤਾਂ ਵਿਹੁ-ਭਰੀ ਨਾਗਣ ਹੈ ਭਾਈ
ਗੁਰਬਚਨ ਸਿੰਘ ਭੁੱਲਰ
ਫੋਨ: +807-636-3058
ਦਿੱਲੀ ਵੱਸਦੇ ਲਿਖਾਰੀ ਗੁਰਬਚਨ ਸਿੰਘ ਭੁੱਲਰ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਨ੍ਹਾਂ ਆਪਣੀਆਂ ਕਹਾਣੀਆਂ ਨਾਲ ਪੰਜਾਬੀ ਸਾਹਿਤ ਜਗਤ ਵਿਚ ਵੱਖਰੀ ਪਛਾਣ ਬਣਾਈ ਹੈ। ਕੁਝ ਸਾਲ ਪਹਿਲਾਂ ਆਏ ਉਨ੍ਹਾਂ ਦੇ ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਜੋ ਪ੍ਰਸਿੱਧ ਲਿਖਾਰੀ ਅੰਮ੍ਰਿਤਾ ਪ੍ਰੀਤਮ ਦੇ ਜੀਵਨ `ਤੇ ਆਧਾਰਿਤ ਸੀ, ਨਾਲ ਵੀ ਉਨ੍ਹਾਂ ਸਾਹਤਿਕ ਹਲਕਿਆਂ ਵਿਚ ਵਾਹਵਾ ਹਲਚਲ ਮਚਾਈ ਸੀ। ਅੱਜ ਕੱਲ੍ਹ ਉਹ ਬਹੁਤਾ ਧਿਆਨ ਵਾਰਤਕ ਵੱਲ ਲਾ ਰਹੇ ਹਨ। ਅਸੀਂ ਉਨ੍ਹਾਂ ਦੀ ਵਾਰਤਕ ਦੀ ਇਕ ਵੰਨਗੀ ‘ਮਾਨਸ ਤੋਂ ਦੇਵਤਾ’ ਦੇ ਰੂਪ ਵਿਚ ਆਪਣੇ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ ਜਿਸ ਵਿਚ ਉਨ੍ਹਾਂ ਕੁਝ ਅਸਾਧਾਰਨ ਸ਼ਖਸੀਅਤਾਂ ਦੇ ਦਿਲਚਸਪ ਅਤੇ ਨਿਆਰੇ ਸ਼ਬਦ ਚਿੱਤਰ ਉਲੀਕੇ ਹਨ।

ਸਾਧਾਂ-ਸਨਿਆਸੀਆਂ ਦਾ ‘ਤਿਆਗ‘ ਅੱਜ-ਕੱਲ੍ਹ ਖ਼ੂਬ ਚਰਚਾ ਵਿਚ ਹੈ। ਗ੍ਰੰਥਾਂ ਅਤੇ ਸਿਆਣਿਆਂ ਨੇ ਸਾਧਾਰਨ ਮਨੁੱਖ ਦੇ ਜੋ ਪੰਜ ਵਿਕਾਰ ਦੱਸੇ ਹਨ, ਉਨ੍ਹਾਂ ਵਿਚ ਲੋਭ ਵੀ ਸ਼ਾਮਲ ਹੈ। ਮੰਨਿਆ ਇਹ ਜਾਂਦਾ ਹੈ ਕਿ ਜਦੋਂ ਕੋਈ ਮਨੁੱਖ ਦੁਨੀਆਦਾਰੀ ਤਿਆਗ ਕੇ ਸਾਧੂ ਹੋ ਜਾਂਦਾ ਹੈ, ਉਹ ਇਨ੍ਹਾਂ ਵਿਕਾਰਾਂ ਤੋਂ ਵੀ ਮੁਕਤ ਹੋ ਜਾਂਦਾ ਹੈ। ਇਸ ਤਰ੍ਹਾਂ ਉਸ ਵਿਚ ਉਹ ਲੋਭ ਵੀ ਨਹੀਂ ਰਹਿਣਾ ਚਾਹੀਦਾ, ਜਿਸ ਵਿਚ ਸੰਸਾਰੀ ਜੀਵ ਅਨੇਕ ਵਾਰ ਫਸਣ ਵਾਸਤੇ ਮਜਬੂਰ ਹੋ ਜਾਂਦਾ ਹੈ। ਕਈ ਸਾਧੂ ਅਜਿਹੇ ਵੀ ਦੇਖੇ ਹਨ ਜੋ ਭੋਜਨ ਦੀ ਤਲਬ ਹੋਈ ਤੋਂ ਕਿਸੇ ਇਕ ਘਰੋਂ ਮੰਗ ਕੇ ਖਾ-ਪੀ ਲੈਂਦੇ ਹਨ ਤੇ ਫੇਰ ਅਗਲੀ ਭੁੱਖ ਤੱਕ ਹੋਰ ਕਿਸੇ ਘਰ ਤੋਂ ਕੁਛ ਨਹੀਂ ਮੰਗਦੇ। ਸਾਡੇ ਪਿੰਡ ਵਾਲਾ ਬਾਬਾ ਲੱਕੜ ਦਾਸ ਇਸੇ ਤਰ੍ਹਾਂ ਦਾ ਬਹੁਤ ਭਲਾ ਸਾਧੂ ਸੀ, ਲੋਭ ਸਮੇਤ ਸਭ ਵਿਕਾਰਾਂ ਤੋਂ ਮੁਕਤ।
ਅੱਜ-ਕੱਲ੍ਹ ਟੀਵੀ ਉੱਤੇ ਜਦੋਂ ਕਈ ਆਧੁਨਿਕ ਸਾਧੂਆਂ ਦੀ ਧਨ-ਸੰਪਤੀ ਬਾਰੇ ਦੱਸਿਆ-ਦਿਖਾਇਆ ਜਾਂਦਾ ਹੈ ਤਾਂ ਦਰਸ਼ਕ ਦੰਗ ਰਹਿ ਜਾਂਦਾ ਹੈ। ਅਸਲ ਵਿਚ ਤਾਂ ਹੁਣ ਹਾਲਤ ਇਹ ਹੈ ਕਿ ਜਿਸ ਦੀ ਜਾਇਦਾਦ ਕਰੋੜਾਂ-ਅਰਬਾਂ ਵਿਚ ਨਹੀਂ, ਉਹਨੂੰ ‘ਸਫ਼ਲ ਤਿਆਗੀ ਸਾਧ‘ ਨਹੀਂ ਮੰਨਿਆ ਜਾਂਦਾ। ਕੁਛ ਮਿਸਾਲਾਂ ਦੇਖਣੀਆਂ ਦਿਲਚਸਪ ਰਹਿਣਗੀਆਂ।
ਕੁਛ ਸਾਲ ਪਹਿਲਾਂ ਗੁਜ਼ਰੇ ਸ੍ਰੀ ਸਤਿਆ ਸਾਈਂ ਬਾਬਾ ਦੇ ਚਲਾਣੇ ਮਗਰੋਂ ਜਦੋਂ ਉਹਦਾ ਨਿੱਜੀ ਕਮਰਾ ਖੋਲ੍ਹਿਆ ਗਿਆ, ਉਸ ਵਿਚ ਬਾਰਾਂ ਕਰੋੜ ਨਕਦ, ਕੁਇੰਟਲ ਸੋਨਾ ਅਤੇ ਸਵਾ ਤਿੰਨ ਕੁਇੰਟਲ ਚਾਂਦੀ ਰੱਖੀ ਹੋਈ ਸੀ। ਹੋਰ ਅਨੇਕ ਦੇਸਾਂ ਵਿਚਲੇ ਉਹਦੇ ਡੇਰਿਆਂ ਸਮੇਤ ਉਹਦੀ ਸੰਪਤੀ ਦਾ ਅੰਦਾਜ਼ਾ ਚਾਰ ਖ਼ਰਬ ਰੁਪਏ ਸੀ। ਵੱਡੇ ਲੋਕਾਂ ਦੇ ਸਾਧੂ ਮੰਨੇ ਜਾਂਦੇ ਅਰਬਪਤੀ ਸ੍ਰੀ ਸ੍ਰੀ ਰਵੀ ਸ਼ੰਕਰ ਦੇ ਡੇਢ ਸੌ ਦੇਸਾਂ ਵਿਚ ਡੇਰੇ ਅਤੇ ਤੀਹ ਕਰੋੜ ਤੋਂ ਵੱਧ ਸ਼ਰਧਾਲੂ ਹਨ। ਭਗਤਾਂ ਨੂੰ ਬੁੱਕਲ ਵਿਚ ਲੈ ਕੇ ਆਸ਼ੀਰਵਾਦ ਦੇਣ ਲਈ ਪ੍ਰਸਿੱਧ, ਦੇਸ਼ ਦੀ ਸਭ ਤੋਂ ਧਨਾਡ ਸਾਧਵੀ, ਮਾਤਾ ਅੰਮ੍ਰਿਤਆਨੰਦਮਾਈ ਦੀ ਸੰਪਤੀ ਦਾ ਮੁੱਲ ਦਸ ਅਰਬ ਰੁਪਏ ਦਸਦੇ ਹਨ।
ਬਲਾਤਕਾਰੀ ਸੰਤ ਆਸਾਰਾਮ ਬਾਪੂ ਦੇ ਵੀ ਅਰਬਾਂ ਦੇ ਮੁੱਲ ਦੇ ਸਾਢੇ ਤਿੰਨ ਸੌ ਆਸ਼ਰਮ ਅਤੇ ਸਤਾਰਾਂ ਹਜ਼ਾਰ ਬਾਲ ਸੰਸਕਾਰ ਕੇਂਦਰ ਸਨ। ਉਹਦੇ ਨਿੱਤ-ਕਰਮ ਵਿਚ ਸ਼ਰਧਾਲੂ ਲੜਕੀਆਂ ਦੀ ਬੇਪਤੀ ਵੀ ਸ਼ਾਮਲ ਸੀ। ਇਨ੍ਹਾਂ ਲੜਕੀਆਂ ਨੂੰ ਭਰਮਾ-ਫੁਸਲਾ ਕੇ, ਡਰਾ-ਧਮਕਾ ਕੇ, ਲੋਭ-ਲਾਲਚ ਦੇ ਕੇ ਉਹਦੇ ਕਮਰੇ ਵਿਚ ਲਿਆਉਣ ਲਈ ਉਹਦੀਆਂ ਵਿਸ਼ਵਾਸ-ਪਾਤਰ ਕਈ ਚੁਸਤ-ਚਲਾਕ ਜਨਾਨੀਆਂ ਸਨ ਜੋ ਸਿਰਫ਼ ਇਹੋ ਕੰਮ ਕਰਦੀਆਂ ਸਨ। ਆਖ਼ਰ ਜਦੋਂ ਦੋ ਕੁੜੀਆਂ ਨੇ ਹਿੰਮਤ ਕਰ ਕੇ ਉਸ ਵਿਰੁੱਧ ਬਲਾਤਕਾਰ ਦਾ ਮੁਕੱਦਮਾ ਕੀਤਾ, ਉਹ ਗੱਜਿਆ, “ਦੁਨੀਆ ਵਿਚ ਕੋਈ ਜਿਹਲ ਨਹੀਂ ਬਣੀ ਜੋ ਬਾਪੂ ਨੂੰ ਕੈਦ ਰੱਖ ਸਕੇ। ਕੰਧਾਂ ਢਹਿ ਜਾਣਗੀਆਂ ਤੇ ਪਰਲੋ ਆ ਜਾਵੇਗੀ।” ਹੁਣ ਉਹ ਕਈ ਸਾਲਾਂ ਤੋਂ ਕੈਦ ਵਿਚ ਹੈ, ਨਾ ਜਿਹਲ ਦੀਆਂ ਕੰਧਾਂ ਢਹੀਆਂ ਹਨ ਤੇ ਨਾ ਪਰਲੋ ਆਈ ਹੈ!
ਵੀਹ ਕੁ ਸਾਲ ਪਹਿਲਾਂ ਆਪਣੀਆਂ ਬਣਾਈਆਂ ਆਯੁਰਵੈਦਿਕ ਦਵਾਈਆਂ ਘਰ ਘਰ ਜਾ ਕੇ ਵੇਚਣ ਵਾਲੇ ਤੇ ਯੋਗ ਦੀਆਂ ਟਿਊਸ਼ਨਾਂ ਲੈਣ ਵਾਲੇ ਸਾਈਕਲ-ਸਵਾਰ, ਪਰ ਹੁਣ ਦੇਸ ਵਿਚ ਰਾਮਰਾਜ ਲਿਆਉਣ ਤੁਰੇ ਸਾਧ ਬਾਬਾ ਰਾਮਦੇਵ ਦੇ ਸਿਰਫ਼ ਦੋ ਟਰੱਸਟਾਂ ਦੀ ਜਾਇਦਾਦ ਹੀ ਕਈ ਸਾਲ ਪਹਿਲਾਂ ਗਿਆਰਾਂ ਅਰਬ ਰੁਪਏ ਸੀ। ਭਾਂਤ-ਭਾਂਤ ਦਾ ਤਿਆਰ ਮਾਲ ਵੇਚਣ ਵਾਲ਼ੀ ਉਹਦੀ ਕੰਪਨੀ ਇਸ ਸਮੇਂ ਭਾਰਤ ਦੀ ਸਭ ਤੋਂ ਵੱਧ ਵਧ-ਫੁੱਲ ਰਹੀ ਕੰਪਨੀ ਹੈ। “ਭਾਰਤ ਦੀ ਗ਼ਰੀਬ-ਦੁਖਿਆਰੀ ਜਨਤਾ ਦੇ ਕਲਿਆਣ ਲਈ” ਇਕ ਵਾਰ ਉਹ ਦਿੱਲੀ ਵਿਚ ਮਰਨ-ਵਰਤ ਰੱਖਣ ਆਇਆ ਤਾਂ ਦੋ ਲੱਖ ਸੱਤਰ ਹਜ਼ਾਰ ਰੁਪਏ ਪ੍ਰਤੀ ਘੰਟਾ ਕਿਰਾਏ ਵਾਲੇ ਸਾਲਮ ਹਵਾਈ ਜਹਾਜ਼ ਉੱਤੇ ਸਵਾਰ ਹੋ ਕੇ ਆਇਆ। ਇੰਗਲੈਂਡ ਕੋਲ ਇਕ ਪੂਰੇ ਦਾ ਪੂਰਾ ਟਾਪੂ ਉਹਦੇ ਇਕ ਪਰਵਾਸੀ ਭਾਰਤੀ ਸ਼ਰਧਾਲੂ ਨੇ ਅਠਾਰਾਂ ਕਰੋੜ ਰੁਪਏ ਵਿਚ ਖਰੀਦ ਕੇ ਉਹਨੂੰ ਭੇਟ ਕੀਤਾ ਹੈ।
ਸਨਿਆਸੀ ਉਹਨੂੰ ਮੰਨਿਆ ਜਾਂਦਾ ਸੀ ਜੋ ਦੁਨਿਆਵੀ ਲੋਭ-ਲਾਲਚ ਤੇ ਚੌਧਰ ਦੀ ਲਾਲਸਾ ਦਾ ਪੂਰਨ ਤਿਆਗ ਕਰ ਦੇਵੇ। ਹਾਲਤ ਇਹ ਹੋ ਗਈ ਹੈ ਕਿ ਸਨਿਆਸੀ ਹੁਣ ਜੀਵਨ ਦੀਆਂ ਸਾਧਾਰਨ ਸੁਖ-ਸਹੂਲਤਾਂ ਨਾਲ ਹੀ ਸਬਰ-ਸੰਤੋਖ ਨਹੀਂ ਕਰਦੇ। ਉਨ੍ਹਾਂ ਦੀ ਚਾਹ ਦਾ ਕਿਤੇ ਅੰਤ ਨਹੀਂ ਹੁੰਦਾ ਤੇ ਉਹ ਹੋਰ-ਹੋਰ ਦੀ ਪ੍ਰਾਪਤੀ ਦੀ ਆਮ ਦੁਨਿਆਵੀ ਦੌੜ ਵਿਚ ਸਾਧਾਰਨ ਲੋਕਾਂ ਤੋਂ ਵੀ ਵੱਧ ਸਾਹੋ-ਸਾਹ ਹੋ ਕੇ ਸ਼ਾਮਲ ਹੋਏ ਦਿਸਦੇ ਹਨ। ਆਧੁਨਿਕ ਸਨਿਆਸੀ ਸਭ ਸੁਖ-ਸਹੂਲਤਾਂ ਨਾਲ ਲੈਸ ਕਰੋੜਾਂ ਰੁਪਏ ਮੁੱਲ ਦੇ ਡੇਰੇ ਤਾਂ ਬਣਾਉਂਦੇ ਹੀ ਹਨ, ਛੋਟੀ-ਵੱਡੀ ਰਾਜਨੀਤਕ ਕੁਰਸੀ ਹਾਸਲ ਕਰਨ ਵਾਸਤੇ ਵੀ ਹਾਲੋਂ-ਬੇਹਾਲ ਹੋਏ ਰਹਿੰਦੇ ਹਨ। ਉਹ ਪੈਸਾ ਖਰਚ ਕੇ, ਚੋਣਾਂ ਲੜ ਕੇ, ਸਿਆਸਤਦਾਨਾਂ ਵਾਲ਼ੇ ਪੁੱਠੇ-ਸਿੱਧੇ ਰਾਹ ਅਪਣਾ ਕੇ ਵਿਧਾਇਕ, ਸਾਂਸਦ, ਮੰਤਰੀ ਤੇ ਮੁੱਖ ਮੰਤਰੀ ਬਣਦੇ ਹਨ।
ਇਹ ਸਾਧ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ, ਟੀਵੀ ਚੈਨਲਾਂ ਅਤੇ ਭਾਂਤ-ਭਾਂਤ ਦੇ ਵਣਜੀ ਕਾਰੋਬਾਰਾਂ ਦੇ ਮਾਲਕ ਹਨ। ਜੇ ਭਾਰਤ ਦੇ ਇਨ੍ਹਾਂ ਧਨਾਡ ਸਾਧਾਂ ਦੀ ਸੂਚੀ ਤਿਆਰ ਕਰਨੀ ਹੋਵੇ, ਗਿਣਤੀ ਸੈਂਕੜਿਆਂ ਵਿਚ ਨਹੀਂ, ਹਜ਼ਾਰਾਂ ਵਿਚ ਹੋਵੇਗੀ। ਇਨ੍ਹਾਂ ਹਜ਼ਾਰਾਂ ਵਿਚੋਂ ਇਕ-ਇਕ ਦੀ ਮਹਿਮਾ ਦੇ ਵਰਣਨ ਲਈ ਪੂਰੀ-ਪੂਰੀ ਪੋਥੀ ਚਾਹੀਦੀ ਹੈ। ਸ਼ਾਇਦ ਇਨ੍ਹਾਂਂ ਸਾਧਾਂ ਬਾਰੇ ਹੀ ਕਹਾਵਤ ਹੈ, “ਵਾਹ ਸੰਤ ਜੀ ਵਾਹ! ਭਗਵਾਂ ਬਾਣਾ ਤੇ ਕਾਰੇ ਆਹ!”
ਬਾਬਾ ਲੱਕੜ ਦਾਸ ਦਾ ਡੇਰਾ ਸਾਡੇ ਪਿੰਡ ਪਿੱਥੋ ਤੋਂ ਕੋਹ, ਡੇਢ ਕੋਹ ਵਾਟ ਇਕ ਦੂਜੇ ਨੂੰ ਕਟਦੇ ਦੋ ਰਾਹਾਂ ਦੇ ਚੁਰਸਤੇ ਉੱਤੇ ਸੀ। ਉਥੋਂ ਇਕ ਸ਼ਹਿਰ, ਮੰਡੀ ਫੂਲ ਅਤੇ ਤਿੰਨ ਪਿੰਡ, ਪਿੱਥੋ, ਗਿੱਲ ਕਲਾਂ ਤੇ ਰਾਮਪੁਰਾ ਇਕੋ ਜਿੰਨੇ ਦੂਰ ਸਨ। ਬਾਬੇ ਉੱਤੇ ਮੇਰ ਪਰ ਸਾਡਾ ਪਿੰਡ ਪਿੱਥੋ ਬਹੁਤੀ ਸਮਝਦਾ।
ਭਾਰਤ ਹੀ ਨਹੀਂ, ਦੁਨੀਆ ਭਰ ਵਿਚ ਸਾਧੂਆਂ ਦੇ ਜਲ-ਜਲੌਅ ਦੇ ਹੁਣ ਵਾਲੇ ਇਸ ਮਾਹੌਲ ਵਿਚ ਬਾਬਾ ਲੱਕੜ ਦਾਸ ਦਾ ਚੇਤਾ ਆਉਣਾ ਸੁਭਾਵਿਕ ਹੈ। ਜਦੋਂ ਅਸੀਂ ਮੰਡੀ ਫੂਲ ਪੜ੍ਹਨ ਜਾਂਦੇ ਸੀ, ਉਹ ਡੇਰੇ ਦਾ ਮੁਖੀ ਸੀ। ਇਹ ਡੇਰਾ ਉਹਦੇ ਗੁਰੂ ਨੇ ਕਾਇਮ ਕੀਤਾ ਸੀ, ਭਾਵ ਇਕ ਪੀੜ੍ਹੀ ਪੁਰਾਣਾ ਸੀ।
ਬਾਬੇ ਦੇ ਸਿਰ ਉੱਤੇ ਛੋਟਾ ਜਿਹਾ ਪਰਨਾ ਲਪੇਟਿਆ ਹੋਇਆ ਹੁੰਦਾ, ਸਾਧਾਰਨ ਖੱਦਰ ਦਾ ਕੁੜਤਾ ਪਾਇਆ ਹੋਇਆ ਹੁੰਦਾ ਤੇ ਖੱਦਰ ਦੀ ਉੱਚੀ ਜਿਹੀ ਧੋਤੀ ਬੰਨ੍ਹੀ ਹੁੰਦੀ। ਹੱਥ ਵਿਚ ਹਮੇਸ਼ਾ ਉਹ ਕਿਸੇ ਬਿਰਛ ਤੋਂ ਵੱਢੀ ਹੋਈ ਵਿੰਗੀ ਜਿਹੀ ਸੋਟੀ ਰਖਦਾ। ਡੇਰੇ ਦੇ ਨਾਂ ਕੋਈ ਜ਼ਮੀਨ-ਜਾਇਦਾਦ ਨਹੀਂ ਸੀ। ਉਹਦਾ ਪੋਤਾ-ਚੇਲਾ, ਧੰਨਾ ਵਾਰੀ ਨਾਲ ਆਲੇ-ਦੁਆਲੇ ਦੇ ਪਿੰਡਾਂ ਤੋਂ ਦੁੱਧ ਤੇ ਰੋਟੀ ਦਾ ਗਜਾ ਕਰ ਲਿਆਉਂਦਾ।
ਲੋਕ, ਪਤਾ ਨਹੀਂ ਕਿਉਂ, ਕੱਚੀਆਂ-ਪੱਕੀਆਂ ਕੋਠੜੀਆਂ ਵਾਲੇ ਇਸ ਡੇਰੇ ਨੂੰ ਸਾਧਾਂ ਦੀ ਕੋਠੀ ਆਖਦੇ ਸਨ। ਕੋਠੀ ਦੇ ਚੁਫੇਰੇ ਭਾਂਤ-ਭਾਂਤ ਦੇ ਛਾਂਦਾਰ ਤੇ ਫਲਦਾਰ ਬਿਰਛ-ਬੂਟੇ ਲੱਗੇ ਹੋਏ ਸਨ। ਬੂਹੇ ਤੋਂ ਬਾਹਰ ਠੰਢੀ ਖੂਹੀ ਸੀ ਅਤੇ ਅੰਦਰ ਬਿਰਛਾਂ ਦੇ ਵਿਚਕਾਰ ਪਾਣੀ ਦੀ ਡਿੱਗੀ। ਅਸੀਂ ਵਿਦਿਆਰਥੀ ਗਰਮੀਆਂ ਵਿਚ ਤਿੱਖੜ ਦੁਪਹਿਰੇ ਮੰਡੀ ਫੂਲ ਦੇ ਸਕੂਲੋਂ ਪਰਤਦੇ ਤਾਂ ਪਹਿਲਾਂ ਖੂਹੀ ਗੇੜ ਕੇ ਠੰਢਾ-ਮਿੱਠਾ ਪਾਣੀ ਪੀਂਦੇ ਤੇ ਫੇਰ ਅੰਦਰ ਡਿੱਗੀ ਦੇ ਕਿਨਾਰੇ ਦਮ ਲੈਂਦੇ। ਕਈ ਵਾਰ ਤਾਂ ਡਿੱਗੀ ਦੁਆਲ਼ੇ ਦੇ ਸੰਘਣੇ ਬਿਰਛਾਂ ਦੀ ਛਾਂ ਹੇਠ ਹਰੇ-ਹਰੇ ਘਾਹ ਉੱਤੇ ਬੈਠ ਕੇ ਅਸੀਂ ਘਰੇ ਕਰਨ ਲਈ ਮਿਲਿਆ ਹੋਇਆ ਸਕੂਲ ਦਾ ਕੰਮ ਵੀ ਕੁਛ-ਨਾ-ਕੁਛ ਮੁਕਾ ਲੈਂਦੇ।
ਦੁੱਧ-ਰੋਟੀ ਦਾ ਗਜਾ ਰਾਹੀਆਂ-ਪਾਂਧੀਆਂ ਦੇ ਕੰਮ ਆਉਂਦਾ। ਜੇ ਰੋਟੀਆਂ ਮੁੱਕ ਜਾਂਦੀਆਂ, ਬਾਬਾ ਲੱਕੜ ਦਾਸ ਦੀ ਸਦਾ ਭਰੀ ਰਹਿੰਦੀ ਭੁੱਜੇ ਛੋਲਿਆਂ ਦੀ ਮੱਟੀ ਕੰਮ ਆਉਂਦੀ। ਲੋਕ ਮਾਇਆ ਮੱਥਾ ਟੇਕਣ ਤੋਂ ਇਲਾਵਾ ਹਾੜ੍ਹੀ-ਸਾਉਣੀ ਅਨਾਜ ਵੀ ਭੇਟ ਕਰਦੇ। ਜਦੋਂ ਲੱਕੜ ਦਾਸ ਨੂੰ ਲਗਦਾ, ਭੇਟਾ ਦੇ ਪੈਸੇ ਕਾਫ਼ੀ ਜੁੜ ਗਏ ਹਨ, ਉਹ ਮੰਡੀ ਤੋਂ ਚੌਲ ਤੇ ਗੁੜ ਮੰਗਵਾਉਂਦਾ, ਪਿੰਡਾਂ ਵਿਚ ਜੱਗ ਦਾ ਹੋਕਾ ਦਿਵਾਉਂਦਾ ਅਤੇ ਮਿੱਠੇ ਚੌਲਾਂ ਦੇ ਕੜਾਹੇ ਕਢਵਾ ਦਿੰਦਾ। ਸਕੂਲੋਂ ਮੁੜਦੇ ਅਸੀਂ ਵੀ ਪੰਗਤਾਂ ਵਿਚ ਕਿਤੇ ਸਜ ਜਾਂਦੇ। ਉਹੋ ਜਿਹੇ ਸੁਆਦੀ ਚੌਲ ਮੁੜ ਕੇ ਜੀਵਨ ਵਿਚ ਕਦੀ ਘੱਟ ਹੀ ਮਿਲੇ ਹਨ।
ਅਮਰੂਦ ਦੇ ਬੂਟਿਆਂ ਨੂੰ ਬੱਗੂਗੋਸ਼ੇ ਦੀ ਸ਼ਕਲ ਦੇ ਮਿੱਠੇ ਫਲ ਲਗਦੇ। ਪੱਕ ਕੇ ਉਹ ਬਾਹਰੋਂ ਕੇਸਰੀ ਤੇ ਅੰਦਰੋਂ ਗੁਲਾਬੀ ਹੋ ਜਾਂਦੇ। ਲੱਕੜ ਦਾਸ ਉਨ੍ਹਾਂ ਨੂੰ ਵੇਚਦਾ ਨਹੀਂ ਸੀ, ਰਾਹੀਆਂ-ਪਾਂਧੀਆਂ ਨੂੰ ਪ੍ਰਸ਼ਾਦਿ ਵਜੋਂ ਵੰਡਦਾ ਰਹਿੰਦਾ। ਕਦੀ-ਕਦਾਈਂ ਸਾਨੂੰ ਵੀ ਆਖਦਾ, “ਲਓ ਬਈ ਮੁੰਡਿਓ, ਸਾਰੇ ਜਣੇ ਦੋ-ਦੋ ਅਮਰੂਦ ਤੋੜ ਲਓ। ਧਿਆਨ ਰੱਖਿਓ, ਕੋਈ ਡਾਹਣੀ-ਪੱਤਾ ਨਾ ਟੁੱਟੇ। ਹਾਂ, ਜੇ ਕਿਸੇ ਨੇ ਤੀਜਾ ਅਮਰੂਦ ਤੋੜਿਆ, ਅੱਗੇ ਤੋਂ ਉਹਦਾ ਡੇਰੇ ਆਉਣਾ ਬੰਦ! ਥੋਨੂੰ ਇਹ ਤਾਂ ਪਤਾ ਹੀ ਐ, ਮੈਨੂੰ ਅੰਦਰ ਬੈਠੇ ਨੂੰ ਵੀ ਕੰਧਾਂ ਵਿਚੋਂ ਦੀ ਸਭ ਕੁਛ ਦਿਸਦੈ।” ਅਸੀਂ ਡਰ ਜਾਂਦੇ, ਜੇ ਤੀਜਾ ਅਮਰੂਦ ਤੋੜਿਆ, ਬਾਬਾ ਅੰਦਰ ਬੈਠਾ ਹੀ ਕਰਾਮਾਤ ਨਾਲ ਦੇਖ ਲਊ!
ਡੇਰੇ ਦੇ ਵਿਹੜੇ ਵਿਚ ਦੋ ਮਟੀਆਂ ਬਣੀਆਂ ਹੋਈਆਂ ਸਨ। ਇਕ ਮਟੀ ਤਾਂ ਲੱਕੜ ਦਾਸ ਦੇ ਗੁਰੂ ਦੀ ਸੀ ਜੀਹਨੇ ਡੇਰਾ ਸਥਾਪਤ ਕੀਤਾ ਸੀ, ਦੂਜੀ ਮਟੀ ਦੀ ਕਹਾਣੀ ਬੜੀ ਵਚਿੱਤਰ ਸੀ।
ਦਸਦੇ ਸਨ ਕਿ ਇਕ ਵਾਰ ਪੱਕੀ ਉਮਰ ਦਾ ਇਕ ਬਿਮਾਰ ਰਮਤਾ ਸਾਧ ਕਿਧਰੋਂ ਡੇਰੇ ਵਿਚ ਆ ਗਿਆ। ਸਾਂਭ-ਸੰਭਾਲ ਤੇ ਦਵਾ-ਦਾਰੂ, ਉਹ ਵੀ ਸਾਧੂ ਦੀ, ਕਰਨੀ ਤਾਂ ਸੁਭਾਵਿਕ ਸੀ। ਪਰ ਇਹ ਸਭ ਬੇਅਸਰ ਰਹੀ ਅਤੇ ਉਹਦੀ ਹਾਲਤ ਖ਼ਰਾਬ ਹੁੰਦੀ ਗਈ। ਆਖ਼ਰ ਉਹ ਅਧ-ਸੁਰਤੀ ਜਿਹੀ ਵਿਚ ਚਲਿਆ ਗਿਆ ਅਤੇ ਬੋਲਣੋਂ ਵੀ ਰਹਿ ਗਿਆ। ਇਸ ਹਾਲਤ ਵਿਚ, ਸ਼ਾਇਦ ਆਪਣਾ ਅੰਤ ਨਿਸ਼ਚਿਤ ਅਤੇ ਨੇੜੇ ਦੇਖ ਕੇ ਉਹ ਵਾਰ-ਵਾਰ ਪਰ੍ਹੇ ਪਈ ਆਪਣੀ ਪੁਰਾਣੀ, ਟਾਕੀਆਂ ਵਾਲ਼ੀ ਗੋਦੜੀ ਵੱਲ ਇਸ਼ਾਰੇ ਕਰਨ ਲੱਗਿਆ। ਛੇਤੀ ਹੀ ਉਹਦੇ ਪ੍ਰਾਣ-ਪੰਖੇਰੂ ਉਡਾਰੀ ਲਾ ਗਏ।
ਕੋਈ ਉਹਦੇ ਗੋਦੜੀ ਵੱਲ ਇਸ਼ਾਰੇ ਦਾ ਅਰਥ ਕੁਛ ਕੱਢੇ, ਕੋਈ ਕੁਛ। ਕੋਈ ਕਹੇ, “ਉਹ ਕਹਿੰਦਾ ਹੋਣਾ ਐ ਕਿ ਇਹ ਕਿਸੇ ਮੜੇ-ਮੰਗਤੇ ਨੂੰ ਦੇ ਦਿਉ।” ਕੋਈ ਕਹੇ, “ਇਹ ਕਿਸੇ ਨੂੰ ਦੇਣ ਜੋਗੀ ਕਿਥੇ ਹੈ, ਉਹ ਕਹਿੰਦਾ ਹੋਣਾ ਹੈ, ਕੂੜੇ ਵਿਚ ਸੁੱਟ ਦਿਉ।” ਆਖ਼ਰ ਉਨ੍ਹਾਂ ਨੇ ਬਾਬਾ ਲੱਕੜ ਦਾਸ ਨੂੰ ਉਹਦੇ ਗੋਦੜੀ ਦੇ ਇਸ਼ਾਰਿਆਂ ਬਾਰੇ ਤੇ ਆਪਣੀਆਂ ਅਟਕਲਾਂ ਬਾਰੇ ਦੱਸਿਆ।
ਬਾਬੇ ਨੇ ਆਪਣੀ ਸੋਟੀ ਦੀ ਹੁੱਜ ਨਾਲ ਟਾਕੀਆਂ ਵਾਲੀ ਪੁਰਾਣੀ ਗੋਦੜੀ ਉਲਟੀ-ਪਲਟੀ ਅਤੇ ਬੋਲਿਆ, “ਇਹ ਸੁੱਟਣ ਜਾਂ ਦੇਣ ਬਾਰੇ ਉਹਨੂੰ ਮਰਨ-ਘੜੀ ਦੀ ਅਧ-ਸੁਰਤੀ ਵਿਚੋਂ ਇਸ਼ਾਰੇ ਕਰਨ ਦੀ ਕੀ ਲੋੜ ਸੀ! ਗੱਲ ਕੋਈ ਹੋਰ ਹੈ!”
ਸਭ ਹੈਰਾਨ ਹੋਏ, ਹੋਰ ਕੀ ਗੱਲ ਹੋ ਸਕਦੀ ਹੈ! ਫੇਰ ਸੋਚ-ਸੋਚ ਕੇ ਉਹਨੂੰ ਜਿਵੇਂ ਕੋਈ ਚਾਨਣ ਹੋ ਗਿਆ ਹੋਵੇ। ਉਹ ਕਹਿੰਦਾ, “ਇਹਦੀ ਇਕ ਟਾਕੀ ਉਧੇੜੋ।”
ਪਹਿਲੀ ਹੀ ਟਾਕੀ ਉਧੇੜੀ ਤਾਂ ਉਸ ਹੇਠੋਂ ਨੋਟ ਨਿੱਕਲ ਆਏ। ਟਾਕੀਆਂ ਉਧੇੜਦੇ ਗਏ ਤੇ ਹਰ ਟਾਕੀ ਹੇਠੋਂ ਨੋਟ ਨਿੱਕਲਦੇ ਗਏ।
ਜਿਉਂ-ਜਿਉਂ ਨੋਟ ਨਿੱਕਲਦੇ ਗਏ, ਲੱਕੜ ਦਾਸ ਦਾ ਚਿਹਰਾ ਭਖਦਾ ਗਿਆ। ਆਪਣੇ ਸ਼ਾਂਤ ਸੁਭਾਅ ਦੇ ਉਲਟ ਉਹ ਕ੍ਰੋਧ ਨਾਲ ਕੜਕਿਆ, “ਸਾਧੂ ਵਾਲੇ ਬਾਣੇ ਵਿਚ ਗ੍ਰਿਸਤੀ ਤੋਂ ਵੱਧ ਲੋਭ-ਲਾਲਚ! ਇਸ ਪਾਪੀ ਨੂੰ ਇਕ ਪਲ ਵੀ ਮੇਰੇ ਡੇਰੇ ਵਿਚ ਨਾ ਰੱਖੋ। ਇਹਨੂੰ ਬਾਹਰ ਖੇਤਾਂ ਵਿਚ ਸਿੱਟੋ, ਗਿਰਝਾਂ-ਗਿੱਦੜ ਇਹਦਾ ਮਾਸ ਖਾਣ!”
ਬੜੀ ਮੁਸ਼ਕਿਲ ਨਾਲ ਉਹਨੂੰ ਇਹ ਸਮਝਾ ਕੇ ਸ਼ਾਂਤ ਕੀਤਾ ਗਿਆ ਕਿ ਭਾਵੇਂ ਕਿਹੋ ਜਿਹਾ ਵੀ ਸੀ, ਆਖ਼ਰ ਸਾਧੂ ਭੇਖ ਵਿਚ ਸੀ। ਇਕ ਜਣਾ ਭੱਜ ਕੇ ਮੰਡੀ ਤੋਂ ਦੋ ਬੋਰੀਆਂ ਲੂਣ ਲੈ ਆਇਆ। ਧਰਤੀ ਵਿਚ ਡੂੰਘਾ ਟੋਆ ਪੁੱਟ ਕੇ ਉਹਨੂੰ ਲੂਣ ਦੇ ਵਿਚਕਾਰ ਭੋਇੰ-ਸਮਾਧੀ ਦੇ ਦਿੱਤੀ ਗਈ ਤੇ ਉਸ ਥਾਂ ਉੱਤੇ ਛੋਟੀ ਜਿਹੀ ਪੱਕੀ ਮਟੀ ਬਣਾ ਦਿੱਤੀ ਗਈ।
ਉਹਦੀ ਮਿੱਟੀ ਦੀ ਸਮੇਟਾ-ਸਮੇਟੀ ਦਾ ਕੰਮ ਮੁੱਕਣ ਦੀ ਦੇਰ ਸੀ ਕਿ ਬਾਬਾ ਲੱਕੜ ਦਾਸ ਨੇ ਚੇਲਿਆਂ ਨੂੰ ਆਖਿਆ, “ਇਸ ਪਾਪੀ ਦੇ ਪੈਸੇ ਇਕ ਦਿਨ ਵੀ ਮੇਰੇ ਡੇਰੇ ਵਿਚ ਨਹੀਂ ਰਹਿਣੇ ਚਾਹੀਦੇ। ਮੰਡੀ ਜਾ ਕੇ ਇਨ੍ਹਾਂ ਪੈਸਿਆਂ ਦੀ ਰਸਦ ਲਿਆਉ, ਪਿੰਡਾਂ ਵਿਚ ਜੱਗ ਦਾ ਹੋਕਾ ਦੁਆਉ ਤੇ ਭਲਕੇ ਹੀ ਮਿੱਠੇ ਚੌਲਾਂ ਦੇ ਕੜਾਹੇ ਕੱਢ ਕੇ ਸੰਗਤਾਂ ਨੂੰ ਵਰਤਾ ਦਿਓ!