ਵੈਰਾਗ਼ ਤੇ ਸੋਗ ਸਮੇਂ ਸਿਧਾਂਤ ਅਣਡਿੱਠ ਕਿਉਂ?

ਤਰਲੋਚਨ ਸਿੰਘ ‘ਦੁਪਾਲ ਪੁਰ’
ਫੋਨ: 408-915-1268
ਬਹੁਤ ਹੀ ਹਿਰਦੇਵੇਧਕ ਹਾਦਸੇ ਵਿਚ ਸਦੀਵੀ ਵਿਛੋੜਾ ਦੇ ਗਏ ਕਿਸਾਨੀ ਸੰਘਰਸ਼ ਵਿਚ ਚਰਚਿਤ ਉਘੇ ਕਲਾਕਾਰ ਦੀਪ ਸਿੱਧੂ ਬਾਰੇ ਮੀਡੀਆ ਵਿਚ ਬਹੁਤ ਕੁੱਝ ਲਿਖਿਆ ਜਾ ਰਿਹਾ ਹੈ। ਉਸਦੀ ਆਤਮਿਕ ਸ਼ਾਂਤੀ ਲਈ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪ੍ਰਭਾਵਸ਼ਾਲੀ ਇਕੱਠ ਹੋਇਆ।

ਸੋਸ਼ਲ ਮੀਡੀਆ ਖਾਸਕਰ ਫੇਸਬੁੱਕ ’ਤੇ ਮਰਹੂਮ ਦੀਪ ਸਿੱਧੂ ਨੂੰ ‘ਸ਼ਹੀਦ’ ਲਿਖਿਆ ਦੇਖ ਕੇ ਕੁੱਝ ਸਿੱਖ ਸਾਹਿਤ ਦੀ ਫਰੋਲਾ-ਫਰਾਲੀ ਕੀਤੀ। ਕੁਝ ਟੂਕਾਂ ਲੱਭੀਆਂ ਹਨ ਜੋ ਹੇਠਾਂ ਅੰਕਿਤ ਕਰ ਰਿਹਾ ਹਾਂ ਤਾਂ ਕਿ ਉਕਤ ਚਰਚਾ, ਸਿਧਾਂਤ ਦੀ ਲੋਅ ਵਿਚ ਅੱਗੇ ਵਧ ਸਕੇ!
ਪਹਿਲਾਂ ਸ਼ਹੀਦ ਦੀ ਪਰਿਭਾਸ਼ਾ ਬਾਰੇ:
‘ਸ਼ਹੀਦ’ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ ਗਵਾਹ। ਇਸ ਲਈ ‘ਸ਼ਹਾਦਤ’ ਦਾ ਅਰਥ ‘ਗਵਾਹੀ’ ਹੈ।…ਸਿੱਖੀ ਵਿਚ ਸ਼ਹਾਦਤ ਦੇ ਪੂਰਨੇ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਾਏ ਸਨ। ਸਿੱਖੀ ਵਿਚ ਸ਼ਹੀਦ ਦਾ ਰੁਤਬਾ ਬੜਾ ਬੁਲੰਦ ਹੈ। ਸਿੱਖ ਆਪਣੇ ਸ਼ਹੀਦਾਂ ਉਪਰ ਬਹੁਤ ਮਾਣ ਕਰਦੇ ਹਨ ਅਤੇ ਉਨ੍ਹਾਂ ਦੇ ਦਿਨ ਮਨਾਉਣੇ ਵਿਧਾਨ ਹੈ। ਕਈ ਲੋਕ ‘ਨਾਇਕ’ ਬਣਨ ਦੇ ਚਾਅ ਵਿਚ ਸ਼ਹਾਦਤਾਂ ਦੇ ਜਾਂਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਐਸੇ ਲੋਕ ਗੁਮਰਾਹ ਹੋ ਕੇ ਮਰ-ਮਿਟਦੇ ਹਨ। ਹਰ ਮਰ-ਮਿਟਣ ਵਾਲ਼ੇ ਨੂੰ ਸ਼ਹੀਦ ਨਹੀਂ ਕਿਹਾ ਜਾ ਸਕਦਾ। ਗੁਰਬਾਣੀ ਦਾ ਫੁਰਮਾਣ ਹੈ:
ਕਬੀਰ ਮਰਤਾ ਮਰਤਾ ਜਗ ਮੁਆ ਮਰ ਭਿ ਨ ਜਾਨੈ ਕੋਇ॥ (ਬਿਹਾਗੜਾ ਕਬੀਰ, 555)
ਸ਼ਹੀਦ ਨੂੰ ਸ਼ਹਾਦਤ ਇਕ ਇਨਾਮ ਵਾਂਗ ਮਿਲਣ ਵਾਲੀ ਵਸਤੂ ਹੈ। ਸ਼ਹਾਦਤ ਕੋਈ ਸਸਤੀ ਸ਼ੋਹਰਤ ਜਾਂ ਭਾਵੁਕਤਾ ਕਾਰਨ ਚੁੱਕਿਆ ਕਦਮ ਨਹੀਂ ਹੁੰਦਾ। ਬਲਕਿ ਸ਼ਹੀਦ ਨੂੰ ਆਪਣੀ ਮੰਜ਼ਲ ਦਾ ਪ੍ਰਤੱਖ ਗਿਆਨ ਹੁੰਦਾ ਹੈ ਅਤੇ ਉਹ ਕਿਸੇ ਬੱਲੇ-ਬੱਲੇ ਲਈ ਨਹੀਂ ਸਗੋਂ ਗੰਭੀਰ ਕਾਜ ਨੂੰ ਸਮਰਪਿਤ ਹੁੰਦਾ ਹੈ।
ਇੱਕ ਗੱਲ ਇਹ ਵੀ ਸਮਝਣੀ ਚਾਹੀਦੀ ਹੈ ਕਿ ਹਰ ਕੌਮ, ਹਰ ਦੇਸ਼ ਜਾਂ ਹਰ ਲਹਿਰ ਦੇ ਆਪਣੇ ਸ਼ਹੀਦ ਹੁੰਦੇ ਹਨ। ਇਕ ਕੌਮ ਦੇ ਸ਼ਹੀਦ ਉਸ ਕੌਮ ਦੇ ਨਾਇਕ ਹੁੰਦੇ ਤਾਂ ਉਹੀ ਸ਼ਹੀਦ, ਦੂਜੀ ਕੌਮ ਦੇ ਖਲਨਾਇਕ ਹੋ ਸਕਦੇ ਹਨ। ਪਰ ਸਾਨੂੰ ਵੀ ਹਰ ਕਿਸੇ ਨੂੰ ਸ਼ਹੀਦ ਕਹਿਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਇਹ ਯੋਗ ਨਹੀਂ ਕਿ ਕਿਸੇ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਹੀ ਸ਼ਹੀਦ ਕਹਿ ਦਿੱਤਾ ਜਾਵੇ। ਪੰਥ ਨੂੰ ਆਪਣੇ ਕੌਮੀ ਨਾਇਕਾਂ ਅਤੇ ਸ਼ਹੀਦਾਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ। ਜਿਵੇਂ ਪਿੱਛੇ ਜਿਹੇ ਬਾਬਾ ਜਰਨੈਲ ਸਿੰਘ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦ ਐਲਾਨਿਆ ਹੈ।
ਸਿੱਖਾਂ ਵਿਚ ‘ਜਿੰ਼ਦਾ ਸ਼ਹੀਦ’ ਦਾ ਸੰਕਲਪ ਵੀ ਪ੍ਰਚੱਲਿਤ ਹੈ। ਜਿਹੜਾ ਵਿਅਕਤੀ ਸੱਚ, ਲੋਕ-ਸੇਵਾ ਅਤੇ ਗੁਰਮਤਿ ਨੂੰ ਸਮਰਪਿਤ ਹੋ ਕੇ ਜੀਵਨ ਗੁਜ਼ਾਰਦਾ ਹੈ, ਉਸਨੂੰ ‘ਜ਼ਿੰਦਾ ਸ਼ਹੀਦ’ ਕਹਿਣਾ ਯੋਗ ਹੈ।… (‘ਗੁਰਮਤਿ ਨਿਰਣਯ ਕੋਸ਼’ ਸਫਾ-23 ਲੇਖਕ ਡਾਕਟਰ ਗੁਰਸ਼ਰਨ ਜੀਤ ਸਿੰਘ-ਛਾਪਾ ਸਤੰਬਰ 2004)
ਦੂਸਰੇ ਨੰਬਰ ’ਤੇ ਕੁੱਝ ਕਾਵਿ-ਬੰਦ ਸਿੱਖ ਸ਼ਾਇਰ ਸਰਦਾਰ ਹਰਿੰਦਰ ਸਿੰਘ ‘ਮਹਿਬੂਬ’ ਜੀ ਦੀ ਲਿਖਤ ਵਿਚੋਂ:
‘ਸ਼ਾਹਾਂ ਦੇ ਵੱਡ ਕਹਿਰ ਵੀ
ਜਿੰਦ ਜੇ ਦੇਵਣ ਲੂਹ
ਭੁੱਲੇਗਾ ਨਾ ਖਾਲਸਾ

‘ਕੇਸਾਂ ਬਿਨਾਂ ਨਾ ਸਿੰਘ ਨੂੰ
ਦਿਸੇ ਮੇਰੀ ਦਰਗਾਹ
ਪੰਜੇ ਕੱਕੇ ਰਹਿਣਗੇ
ਬੀੜ ਦੇ ਨਾਲ ਗਵਾਹ!’
ਤੀਸਰੇ ਨੰਬਰ ’ਤੇ ਪੇਸ਼ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ’ ਦੇ ਸਨਮਾਨ ਨਾਲ ਵਰੋਸਾਏ ਹੋਏ ਸਿਰਦਾਰ ਕਪੂਰ ਸਿੰਘ ਜੀ ਹੁਰਾਂ ਵਲੋਂ ਲਿਖੀ ਗਈ ਇਕ ਗਲਤ ਪ੍ਰਪਾਟੀ, ਜਿਹਦੇ ’ਤੇ ਸਾਡੀ ਬਹੁਗਿਣਤੀ ਹੁਣ ਤਕ ਵੀ ਚੱਲੀ ਜਾਂਦੀ ਹੈ:
‘ਭੇਡਾਂ-ਬੱਕਰੀਆਂ ਦੇ ਇੱਜੜ ਭੀ, ਜਦੋਂ ਉਨ੍ਹਾਂ ਨੂੰ ਬੁੱਚੜਖਾਨੇ ਵੱਲ੍ਹ ਹਿੱਕ ਕੇ ਲੈਜਾਇਆ ਜਾਂਦਾ ਹੈ, ਤਾਂ ਉਹ ਬੁੱਚੜਖਾਨੇ ਤੋਂ ਕੁੱਝ ਦੂਰ ਹੀ ਅਨੁਭਵ ਕਰ ਲੈਂਦੇ ਹਨ ਕਿ ਉਨ੍ਹਾਂ ਨੂੰ ਕਤਲ ਕਰਵਾਉਣ ਦੀ ਯੋਜਨਾ ਬਣ ਚੁੱਕੀ ਹੈ ਅਤੇ ਉਹ ਚੀਕ-ਚਿਹਾੜਾ ਪਾਉਂਦੇ ਐਧਰ-ਓਧਰ ਬਚ ਕੇ ਭੱਜ ਨਿਕਲਣ ਦਾ ਯਤਨ ਕਰਦੇ, ਮੈਂ ਆਪ ਦੇਖੇ ਹਨ, ਪਰ ਧੰਨ ਹਨ ਸਿੱਖ ਜਿਨ੍ਹਾਂ ਨੂੰ ਤਬਾਹੀ ਤੇ ਮੌਤ ਵੱਲ ਮੂਰਖ ਟੋਲਾ, ਬੁਰਛੇ ਅਤੇ ਸਵਾਰਥੀ ਕਿਸਮ ਦੇ ਲੀਡਰ ਲਈ ਜਾ ਰਹੇ ਹਨ, ਅਤੇ ਸਿੱਖ ‘ਫਲਾਨਾ-ਫਲਾਨਾ ਜਿੰ਼ਦਾਬਾਦ’ ‘ਬੋਲੇ ਸੋ ਨਿਹਾਲ’ ਦੇ ਨਾਅਰੇ ਲਾਉਂਦੇ ਹੋਏ, ਜਥੇਬੰਦ ਹੋ ਕੇ ਮਗਰ ਮਗਰ ਤੁਰੀ ਜਾ ਰਹੇ ਹਨ!’
(ਕਿਤਾਬ ‘ਬਿਖ ਮਹਿ ਅੰਮ੍ਰਿਤ’ ਸਫਾ-10)
…ਰਹੋ ਵਿਚਾਰ!!