ਕਰਤਾਰਪੁਰ ਲਾਂਘੇ ਨੇ 74 ਸਾਲਾਂ ਤੋਂ ਵਿਛੜੇ ਪਰਿਵਾਰਾਂ ਦਾ ਮੇਲ ਕਰਵਾਇਆ

ਨਵੀਂ ਦਿੱਲੀ: ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਬਦੌਲਤ 1947 ਦੀ ਭਾਰਤ-ਪਾਕਿ ਵੰਡ ਦੌਰਾਨ ਵਿੱਛੜੇ ਇਕ ਪਰਿਵਾਰ ਦੀਆਂ ਦੋ ਪੀੜ੍ਹੀਆਂ ਦਾ ਮਿਲਾਪ ਸੰਭਵ ਹੋਇਆ ਹੈ। ਅਖਬਾਰ ‘ਡਾਅਨ` ਦੀ ਰਿਪੋਰਟ ਮੁਤਾਬਕ ਜਦੋਂ ਪਰਿਵਾਰ ਦੇ ਜੀਅ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰੇ ਵਿਚ ਮਿਲੇ ਤਾਂ ਇਹ ਬੇਹੱਦ ਭਾਵੁਕ ਪਲ ਸਨ।

ਇਨ੍ਹਾਂ ਪਰਿਵਾਰਾਂ ਨੂੰ ਪੰਜਾਬੀ ਨਿਊਜ ਚੈਨਲ ਜਰੀਏ ਇਕ ਦੂਜੇ ਬਾਰੇ ਪਤਾ ਲੱਗਾ ਸੀ। ਰਿਪੋਰਟ ਮੁਤਾਬਕ ਸ਼ਾਹਿਦ ਰਫੀਕ ਮਿੱਠੂ, ਜੋ ਕਿ ਜਿਲ੍ਹਾ ਨਨਕਾਣਾ ਦੇ ਮਨਾਨਾਵਾਲਾ ਦਾ ਵਸਨੀਕ ਹੈ, ਆਪਣੇ ਪਰਿਵਾਰ ਦੇ 40 ਜੀਆਂ ਨਾਲ ਕਰਤਾਰਪੁਰ ਸਾਹਿਬ ਪੁੱਜਾ ਸੀ। ਉਧਰ, ਅੰਮ੍ਰਿਤਸਰ ਜਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਸ਼ਾਹਪੁਰ ਡੋਗਰਾਂ ਵਿਚ ਰਹਿੰਦਾ ਸੋਨੂ ਮਿੱਠੂ ਪਰਿਵਾਰ ਦੇ ਅੱਠ ਜੀਆਂ ਨਾਲ ਕਰਤਾਰਪੁਰ ਪੁੱਜਾ। ਦੋਵਾਂ ਪਰਿਵਾਰਾਂ ਦੇ ਮੈਂਬਰ ਇਕ ਦੂਜੇ ਦੇ ਗਲ ਲੱਗ ਕੇ ਖੂਬ ਰੋਏ।
ਸ਼ਾਹਿਦ ਰਫੀਕ ਮਿੱਠੂ ਨੇ ਕਿਹਾ ਕਿ ਉਨ੍ਹਾਂ ਦਾ ਬਜ਼ੁਰਗ ਇਕਬਾਲ ਮਸੀਹ 1947 ਦੀ ਵੰਡ ਦੌਰਾਨ ਪਰਿਵਾਰ ਸਮੇਤ ਪਾਕਿਸਤਾਨ ਪਰਵਾਸ ਕਰ ਗਿਆ ਸੀ ਜਦੋਂਕਿ ਉਸ ਦਾ ਛੋਟਾ ਭਰਾ ਇਨਾਇਤ ਵੰਡ ਦੌਰਾਨ ਪਏ ਰੌਲੇ-ਗੋਲੇ ਕਰਕੇ ਪੰਜਾਬ ਵਿਚ ਹੀ ਰਹਿ ਗਿਆ। ਸ਼ਾਹਿਦ ਮਿੱਠੂ ਨੇ ਕਿਹਾ, ‘’ਸਾਲ ਕੁ ਪਹਿਲਾਂ ਪੰਜਾਬੀ ਨਿਊਜ ਚੈਨਲ `ਤੇ ਪ੍ਰਸਾਰਿਤ ਮੇਰੀ ਇੰਟਰਵਿਊ ਦੌਰਾਨ ਮੈਂ ਦੇਸ਼ ਵੰਡ ਦੌਰਾਨ ਆਪਣੇ ਬਜ਼ੁਰਗਾਂ ਦੇ ਇਕ ਦੂਜੇ ਤੋਂ ਵਿਛੜਨ ਦੀ ਗੱਲ ਸਾਂਝੀ ਕੀਤੀ ਸੀ। ਇਸ ਇੰਟਰਵਿਊ ਨੂੰ ਪੰਜਾਬ ਬੈਠੇ ਸਾਡੇ ਰਿਸ਼ਤੇਦਾਰਾਂ ਨੇ ਵੇਖ ਕੇ ਜਦੋਂ ਸੰਪਰਕ ਕੀਤਾ ਤਾਂ ਅਸੀਂ ਕਰਤਾਰਪੁਰ ਸਾਹਿਬ ਵਿਖੇ ਮਿਲਣ ਦੀ ਯੋਜਨਾ ਬਣਾਈ।“ ਸ਼ਾਹਿਦ ਮਿੱਠੂ ਨੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਰਿਵਾਰ ਦੇ ਦੋਵੇਂ ਬਜ਼ੁਰਗ ਇਕਬਾਲ ਤੇ ਇਨਾਇਤ ਅੱਲ੍ਹਾ ਨੂੰ ਪਿਆਰੇ ਹੋ ਚੁੱਕੇ ਹਨ। ਉਧਰ, ਸੋਨੂ ਮਿੱਠੂ ਨੇ ਕਿਹਾ ਕਿ ਉਹ ਸ਼ਾਹਿਦ ਰਫੀਕ ਮਿੱਠੂ ਤੇ 35 ਹੋਰਨਾਂ ਰਿਸ਼ਤੇਦਾਰਾਂ ਨੂੰ ਮਿਲ ਕੇ ਬਹੁਤ ਖੁਸ਼ ਹੈ।
ਦੋਵਾਂ ਪਰਿਵਾਰਾਂ ਨੇ ਇਸ ਮਿਲਣੀ ਦੌਰਾਨ ਜਿੱਥੇ ਦਿਲ ਦੀਆਂ ਗੱਲਾਂ ਕੀਤੀਆਂ, ਉਥੇ ਆਪਣੇ ਮਰਹੂਮ ਬਜ਼ੁਰਗਾਂ ਦੀਆਂ ਕਹਾਣੀਆਂ ਤੇ ਹੋਰ ਯਾਦਾਂ ਨੂੰ ਵੀ ਸਾਂਝਾ ਕੀਤਾ। ਕਰਤਾਰਪੁਰ ਸਾਹਿਬ ਪ੍ਰਸ਼ਾਸਨ ਨੇ ਇਸ ਮੌਕੇ ਦੋਵਾਂ ਪਰਿਵਾਰਾਂ ਦਾ ਮੂੰਹ ਵੀ ਮਿੱਠਾ ਕਰਵਾਇਆ। ਮਗਰੋਂ ਦੋਵਾਂ ਪਰਿਵਾਰਾਂ ਨੇ ਬਾਬਾ ਗੁਰੂ ਨਾਨਕ ਲੰਗਰ ਹਾਲ ਵਿਚ ਲੰਗਰ ਵੀ ਛਕਿਆ ਤੇ ਉਹ ਖਰੀਦਦਾਰੀ ਲਈ ਸਥਾਨਕ ਮਾਰਕੀਟ ਵੀ ਗਏ।