ਨਵੀਂ ਦਿੱਲੀ: ਪੰਜਾਬ ਅਸੈਂਬਲੀ ਦੀਆਂ ਚੋਣਾਂ ਤੋਂ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਥੇ ਆਪਣੀ ਸਰਕਾਰੀ ਰਿਹਾਇਸ਼ ‘ਤੇ 31 ਮੈਂਬਰੀ ਸਿੱਖ ਵਫਦ ਨਾਲ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਦੀ ਅਗਵਾਈ ਹੇਠਲੇ ਵਫਦ ਨੇ ਵਿਸ਼ਵ ਭਰ ਵਿਚ ਸਿੱਖ ਭਾਈਚਾਰੇ ਲਈ ਕੀਤੇ ਗਏ ਕੰਮਾਂ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਿੱਖ ਵਫਦ ਦੇ ਆਗੂਆਂ ਨੂੰ ਆਪਣੇ ਹੱਥੀਂ ਖਾਣਾ ਪਰੋਸਿਆ।
ਸ੍ਰੀ ਮੋਦੀ ਨੇ ਉੱਘੀਆਂ ਸਿੱਖ ਹਸਤੀਆਂ ਦੇ ਵਫਦ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਉਹ ਸਿੱਖ ਕੌਮ ਦਾ ਬਹੁਤ ਸਨਮਾਨ ਕਰਦੇ ਹਨ। ਕਰੋਨਾ ਮਹਾਮਾਰੀ ਦੌਰਾਨ ਸਿੱਖ ਕੌਮ ਵੱਲੋਂ ਮਾਨਵਤਾ ਪ੍ਰਤੀ ਕੀਤੀ ਅਦੁੱਤੀ ਸੇਵਾ ਬੇਮਿਸਾਲ ਹੈ। ਉਨ੍ਹਾਂ ਕਿਹਾ, ‘’ਮੈਂ ਖੁਦ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਸਤਿਕਾਰਯੋਗ ਸਿੱਖ ਗੁਰੂਆਂ ਨੇ ਮੈਨੂੰ ਸੇਵਾ ਕਰਨ ਦਾ ਮਾਣ ਬਖਸ਼ਿਆ ਹੈ ਤੇ ਉਨ੍ਹਾਂ ਵੱਲੋਂ ਦਿੱਤੀਆਂ ਅਸੀਸਾਂ ਮੈਨੂੰ ਸਮਾਜ ਲਈ ਕੰਮ ਕਰਨ ਦੇ ਸਮਰੱਥ ਬਣਾਉਂਦੀਆਂ ਹਨ।“ ਪ੍ਰਧਾਨ ਮੰਤਰੀ ਨੇ ਕਿਹਾ ਉਹ ਜਿੱਥੇ ਵੀ ਜਾਂਦੇ ਹਨ, ਉਥੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦਾ ਕੋਈ ਮੌਕਾ ਨਹੀਂ ਛੱਡਦੇ। ਉਨ੍ਹਾਂ ਵਫਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ `ਤੇ ਜਲਦ ਵਿਚਾਰ ਕਰਕੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖ ਭਾਈਚਾਰੇ ਲਈ ਹੋਰ ਕੰਮ ਕਰਨ ਲਈ ਤਿਆਰ ਹੈ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉੱਘੀਆਂ ਸਿੱਖ ਹਸਤੀਆਂ ਦਾ ਵਫਦ ਸਿੱਖ ਭਾਈਚਾਰੇ ਲਈ ਕੀਤੀਆਂ ਪਹਿਲਕਦਮੀਆਂ ਦਾ ਧੰਨਵਾਦ ਕਰਨ ਲਈ ਪ੍ਰਧਾਨ ਮੰਤਰੀ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਸਿੱਖ ਵਫਦ ਨੇ ਸ੍ਰੀ ਮੋਦੀ ਕੋਲ ਕੁਝ ਮੁੱਦੇ ਰੱਖੇ ਹਨ ਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਹੈ। ਮਨਜਿੰਦਰ ਸਿਰਸਾ ਨੇ ‘ਵੀਰ ਬਾਲ ਦਿਵਸ` ਨੂੰ ਰਾਸ਼ਟਰੀ ਪਲ ਐਲਾਨਣ ਲਈ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦਿੱਲੀ ਵਿਚ ਕੇਂਦਰੀ ਫੰਡ ਪ੍ਰਾਪਤ ਸਿੱਖ ਘੱਟ ਗਿਣਤੀ ਯੂਨੀਵਰਸਿਟੀ ਦੀ ਸਥਾਪਨਾ, ਗੁਰਦੁਆਰਾ ਬਾਲਾ ਸਾਹਿਬ, ਨਵੀਂ ਦਿੱਲੀ ਵਿਚ ਮੈਡੀਕਲ ਕਮ ਨਰਸਿੰਗ ਕਾਲਜ ਦੀ ਸਥਾਪਨਾ, ਬਾਬਾ ਬੰਦਾ ਸਿੰਘ ਮੈਮੋਰੀਅਲ, ਦਿੱਲੀ ਵਿਚ ਵੰਡ ਯਾਦਗਾਰ ਤੇ ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਐੱਨ.ਸੀ.ਈ.ਆਰ.ਟੀ. ਸਿਲੇਬਸ ਵਿਚ ਸ਼ਾਮਲ ਕਰਨ ਦੀ ਪ੍ਰਵਾਨਗੀ ਦੇਣ ਦੀ ਵੀ ਅਪੀਲ ਕੀਤੀ।
ਸਿੱਖ ਵਿਦਵਾਨ ਤਰਲੋਚਨ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਮੁਖ਼ਾਤਬ ਹੁੰਦਿਆਂ ਮੰਗ ਕੀਤੀ ਕਿ ‘84 ਦੇ ਸਿੱਖ ਦੰਗਿਆਂ ਵਿਚ ਮਾਰੇ ਗਏ ਬੇਕਸੂਰ ਸਿੱਖਾਂ ਦੀ ਯਾਦ ਵਿਚ ਸ਼ਰਧਾਂਜਲੀ ਵਜੋਂ ਸੰਸਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਜਾਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸਿੱਖ ਕੌਮ ਦੀ ਭਲਾਈ ਲਈ ਕੀਤੇ ਕਾਰਜਾਂ ਲਈ ਮੋਦੀ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ‘84 ਸਿੱਖ ਦੰਗਿਆਂ ਨਾਲ ਜੁੜੇ ਕੇਸ ਵਿਚ ਸੱਜਣ ਕੁਮਾਰ ਜੇਲ੍ਹ ਵਿਚ ਹੈ, ਜਦੋਂਕਿ ਹੁਣ ਕਾਂਗਰਸੀ ਆਗੂਆਂ ਕਮਲਨਾਥ ਤੇ ਜਗਦੀਸ਼ ਟਾਈਟਲਰ ਦੀ ਵਾਰੀ ਹੈ। ਪ੍ਰਧਾਨ ਮੰਤਰੀ ਨੂੰ ਮਿਲਣ ਵਾਲੇ ਸਿੱਖ ਵਫਦ ਵਿੱਚ ਪਦਮਸ੍ਰੀ ਬਲਬੀਰ ਸਿੰਘ ਸੀਚੇਵਾਲ, ਐਸ.ਪੀ. ਸਿੰਘ ਓਬਰਾਏ, ਪ੍ਰਧਾਨ ਸਰਬੱਤ ਦਾ ਭਲਾ ਟਰੱਸਟ, ਸੰਤ ਬਾਬਾ ਅਵਤਾਰ ਸਿੰਘ ਧੂਰਕੋਟ ਮੁਹਾਲੀ ਚੰਡੀਗੜ੍ਹ ਵਾਲੇ, ਸੰਤ ਬਾਬਾ ਪ੍ਰੀਤਮ ਸਿੰਘ ਰਾਜਪੁਰਾ ਪੰਜਾਬ ਵਾਲੇ, ਸੰਤ ਬਾਬਾ ਮੇਜਰ ਸਿੰਘ ਅੰਮ੍ਰਿਤਸਰ, ਜਥੇਦਾਰ ਬਾਬਾ ਸਾਹਿਬ ਸਿੰਘ ਕਾਰ ਸੇਵਾ ਆਨੰਦਪੁਰ ਸਾਹਿਬ, ਸੁਰਿੰਦਰ ਸਿੰਘ, (ਨਾਮਧਾਰੀ), ਬਾਬਾ ਜੱਸਾ ਸਿੰਘ, ਸ਼੍ਰੋਮਣੀ ਅਕਾਲੀ ਬੁੱਢਾ ਦਲ ਪੰਜਵਾ ਤਖ਼ਤ, ਡਾ. ਹਰਭਜਨ ਸਿੰਘ ਦਮਦਮੀ ਟਕਸਾਲ ਮਹਿਤਾ ਚੌਕ, ਸੰਤ ਬਾਬਾ ਰੇਸ਼ਮ ਸਿੰਘ, ਗੁਰਦੁਆਰਾ ਨਾਨਕ ਨਿਰੰਕਾਰ ਚੱਕਪਾਖੀ, ਸੰਤ ਬਾਬਾ ਸੁੰਦਰ ਸਿੰਘ, ਸੇਵਾ ਪੰਥੀ ਟਿੱਕਾ, ਭਾਈ ਰਾਮ ਕਿਸ਼ਨ ਪਟਿਆਲਾ, ਬਾਬਾ ਮੇਜਰ ਸਿੰਘ, ਦਸਮੇਸ਼ ਤਰਨਾ ਦਲ, ਬਲਦੇਵ ਸਿੰਘ, ਪ੍ਰਧਾਨ, ਕਸ਼ਮੀਰ ਗੁਰਦੁਆਰਾ ਕਮੇਟੀ, ਸ੍ਰੀਨਗਰ, ਬਾਬਾ ਬੇਅੰਤ ਸਿੰਘ, ਗੁਰਦੁਆਰਾ ਲੰਗਰ ਦਮਦਮਾ ਸਾਹਿਬ, ਰੁਦਰ ਪ੍ਰਯਾਗ,.ਆਰ.ਐਸ. ਆਹੂਜਾ, ਪ੍ਰਧਾਨ, ਸਿੱਖ ਫੋਰਮ, ਨਵੀਂ ਦਿੱਲੀ, ਇੰਦਰਜੀਤ ਸਿੰਘ ਜਨਰਲ ਸਕੱਤਰ ਤਖ਼ਤ ਸ੍ਰੀ ਪਟਨਾ ਸਾਹਿਬ, ਪ੍ਰਭਲੀਨ ਸਿੰਘ ਪ੍ਰਧਾਨ ਯੂਥ ਪ੍ਰਗਤੀਸ਼ੀਲ ਮੰਚ ਪਟਿਆਲਾ, ਅਮਰਜੀਤ ਸਿੰਘ ਮੀਤ ਪ੍ਰਧਾਨ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ, ਸੰਤ ਬਾਬਾ ਸੁਖਦੇਵ ਸਿੰਘ ਨਿਰਮਲ ਡੇਰਾ ਬੇਰ ਕਲਾਂ ਲੁਧਿਆਣਾ, ਮਨਜੀਤ ਸਿੰਘ ਭਾਟੀਆ ਆਦਿ ਹਾਜ਼ਰ ਸਨ।