ਸੜਕ ਹਾਦਸੇ ਵਿਚ ਅਦਾਕਾਰ ਦੀਪ ਸਿੱਧੂ ਦਾ ਦੇਹਾਂਤ

ਪਾਣੀਪਤ: ਪਿਛਲੇ ਸਾਲ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਤੋਂ ਸੁਰਖੀਆਂ ਵਿਚ ਆਏ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਪਤਾ ਲੱਗਾ ਹੈ ਕਿ ਉਹ ਆਪ ਹੀ ਜੀਪ ਚਲਾ ਰਿਹਾ ਸੀ ਜੋ ਖੜ੍ਹੇ ਟਰਾਲੇ ਨਾਲ ਜਾ ਟਕਰਾਈ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਹਾਦਸੇ ਵੇਲੇ ਉਸ ਨਾਲ ਕਾਰ ਵਿਚ ਇਕ ਲੜਕੀ ਵੀ ਸਵਾਰ ਸੀ ਜਿਸ ਦੇ ਵੀ ਸੱਟਾਂ ਲੱਗੀਆਂ ਹਨ। ਇਹ ਹਾਦਸਾ ਰਾਤ ਨੌਂ ਵਜੇ ਦੇ ਕਰੀਬ ਕੁੰਡਲੀ-ਮਾਨੇਸਰ ਐਕਸਪ੍ਰੈਸ ਵੇਅ ਨੇੜੇ ਹੋਇਆ। ਉਹ ਦਿੱਲੀ ਤੋਂ ਪੰਜਾਬ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਦੀਪ ਸਿੱਧੂ ਨੇ ਦਿੱਲੀ ਦੀ ਹੱਦ ‘ਤੇ ਚੱਲੇ ਕਿਸਾਨ ਅੰਦੋਲਨ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਹ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਲਈ ਪੰਜਾਬ ਵਿਚ ਪ੍ਰਚਾਰ ਕਰ ਰਿਹਾ ਸੀ।
ਅਪਰੈਲ 1984 ਵਿਚ ਪੰਜਾਬ ਦੇ ਮੁਕਤਸਰ ਜਿ਼ਲ੍ਹੇ ਵਿਚ ਜਨਮੇ ਦੀਪ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਉਸ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਉਹ ਕਿੰਗਫਿਸ਼ਰ ਮਾਡਲ ਹੰਟ ਦਾ ਜੇਤੂ ਵੀ ਰਿਹਾ। ਉਸ ਨੇ ਮਿਸਟਰ ਇੰਡੀਆ ਮੁਕਾਬਲੇ ਵਿਚ ਮਿਸਟਰ ਪਰਸਨੈਲਿਟੀ ਦਾ ਖਿਤਾਬ ਵੀ ਜਿੱਤਿਆ। ਉਸ ਦੀ ਪਹਿਲੀ ਪੰਜਾਬੀ ਫਿਲਮ ‘ਰਮਤਾ ਜੋਗੀ’ ਸਾਲ 2015 ‘ਚ ਰਿਲੀਜ਼ ਹੋਈ ਸੀ। ਦੀਪ ਨੇ 2018 ਦੀ ਫਿਲਮ ‘ਜੋਰਾ ਦਸ ਨੰਬਰੀਆ’ ਨਾਲ ਨਾਮਣਾ ਖੱਟਿਆ ਸੀ ਜਿਸ ਵਿਚ ਉਸ ਨੇ ਗੈਂਗਸਟਰ ਦੀ ਭੂਮਿਕਾ ਨਿਭਾਈ ਸੀ।
ਯਾਦ ਰਹੇ ਕਿ ਜਦੋਂ ਪੰਜਾਬ ਵਿਚ ਕਿਸਾਨ ਅੰਦੋਲਨ ਭਖਿਆ ਅਤੇ ਕਿਸਾਨ ਜਥੇਬੰਦੀਆਂ ਨੇ ਵੱਡੀਆਂ ਰੈਲੀਆਂ ਸ਼ੁਰੂ ਕੀਤੀਆਂ ਤਾਂ ਦੀਪ ਸਿੱਧੂ ਅਤੇ ਕੁਝ ਹੋਰਾਂ ਨੇ ਰਲ ਕੇ ਸ਼ੰਭੂ ਬਾਰਡਰ ਉਤੇ ਆਪਣਾ ਵੱਖਰਾ ਮੋਰਚਾ ਲਾ ਲਿਆ। ਇਸ ਤੋਂ ਬਾਅਦ ਉਹ ਕਿਸਾਨ ਜਥੇਬੰਦੀਆਂ ਤੋਂ ਵੱਖ ਹੋ ਕੇ ਹੀ ਚੱਲਿਆ ਅਤੇ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਲਈ ਜ਼ੋਰ-ਅਜ਼ਮਾਈ ਕਰਦਾ ਰਿਹਾ ਪਰ ਕਈ ਮੌਕਿਆ ‘ਤੇ ਦੀਪ ਸਿੱਧੂ ਵੱਲੋਂ ਕਿਸਾਨ ਆਗੂਆਂ ਦੀ ਕੀਤੀ ਤਿੱਖੀ ਨੁਕਤਾਚੀਨੀ ਕਾਰਨ ਕਿਸਾਨ ਆਗੂਆਂ ਨੇ ਉਸ ਨੂੰ ਨੇੜੇ ਨਹੀਂ ਢੁੱਕਣ ਦਿੱਤਾ ਅਤੇ ਉਹ ਇਕ ਵੀ ਵਾਰ ਵੀ ਕਿਸਾਨ ਮੋਰਚੇ ਦੀ ਸਟੇਜ ਤੋਂ ਸੰਬੋਧਨ ਨਹੀਂ ਕਰ ਸਕਿਆ। ਫਿਰ 26 ਜਨਵਰੀ 2021 ਨੂੰ ਲਾਲ ਕਿਲ੍ਹੇ ਵਾਲੀ ਘਟਨਾ ਦੀਪ ਸਿੱਧੂ ਅਤੇ ਕਿਸਾਨ ਮੋਰਚੇ ਵਿਚਕਾਰ ਦਰਾੜ ਹੋਰ ਵਧ ਗਈ। ਅਸਲ ਵਿਚ ਦੀਪ ਸਿੱਧੂ ਜਿੰਨੀ ਤੇਜ਼ੀ ਨਾਲ ਕਿਸਾਨ ਅੰਦੋਲਨ ਦੌਰਾਨ ਉਭਰਿਆ, ਉਸ ਪੱਧਰ ਦੀ ਸਿਆਸੀ ਸੂਝ ਅਤੇ ਸਿਆਣਪ ਉਹ ਦਿਖਾ ਨਹੀਂ ਸਕਿਆ। ਸਿੱਟੇ ਵਜੋਂ ਕਿਸਾਨ ਅੰਦੋਲਨ ਦੌਰਾਨ ਉਸ ਦੇ ਢੰਗ ਨਾਲ ਪੈਰ ਹੀ ਨਾ ਲੱਗ ਸਕੇ।