ਪਿੰਡਾਂ ਵਿਚ ਵੋਟਾਂ ਮੰਗਣ ਤੁਰੇ ਉਮੀਦਵਾਰਾਂ ਉਤੇ ਤਿੱਖੇ ਸਵਾਲਾਂ ਦੀ ਝੜੀ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪ੍ਰਚਾਰ ਕਰਨ ਜਾਂਦੇ ਉਮੀਦਵਾਰਾਂ ਨੂੰ ਘੇਰ ਕੇ ਸਵਾਲ-ਜਵਾਬ ਕਰਨ ਦਾ ਨਵਾਂ ਸਿਲਸਿਲਾ ਸ਼ੁਰੂ ਹੋਣ ਨਾਲ ਪਿੰਡਾਂ ‘ਚ ਮਾਹੌਲ ਤਲਖ਼ੀ ਭਰਪੂਰ ਹੋਣ ਲੱਗਾ ਹੈ। ਇਸ ਮਾਹੌਲ ਵਿਚ ਬਹੁਤੇ ਉਮੀਦਵਾਰ ਜਾਂ ਉਨ੍ਹਾਂ ਦੇ ਸਮਰਥਕ ਨਾ ਚਾਹੁੰਦੇ ਹੋਏ ਵੀ ਤਲਖ਼ੀ ‘ਚ ਆ ਜਾਂਦੇ ਹਨ।

ਆਮ ਕਰਕੇ ਕਾਂਗਰਸ, ਅਕਾਲੀ ਦਲ ਬਾਦਲ ਤੇ ਭਾਜਪਾ ਨਾਲ ਸਬੰਧਤ ਉਮੀਦਵਾਰਾਂ ਦੀ ਘੇਰੇਬੰਦੀ ਹੋ ਰਹੀ ਹੈ। ਇਸ ਦੌਰਾਨ ਮਲੋਟ ਹਲਕੇ ਦੇ ਪਿੰਡ ਅਬੁਲਖੁਰਾਣਾ ਦੇ ਲੋਕਾਂ ਨੇ ਚੋਣ ਪ੍ਰਚਾਰ ਕਰਨ ਪਹੁੰਚੀ ਕਾਂਗਰਸੀ ਉਮੀਦਵਾਰ ਰੁਪਿੰਦਰ ਕੌਰ ਰੂਬੀ ਨੂੰ ਸਵਾਲ ਪੁੱਛੇ, ਜਿਸ ਦਾ ਕਾਂਗਰਸੀ ਆਗੂ ਨੇ ਤਲਖ਼ ਲਹਿਜੇ ਵਿਚ ਜਵਾਬ ਦਿੱਤਾ। ਇਸ ਮਗਰੋਂ ਪਿੰਡ ਵਾਸੀਆਂ ਵੱਲੋਂ ਕਾਂਗਰਸ ਖਲਿਾਫ ਨਾਅਰੇਬਾਜ਼ੀ ਕੀਤੀ ਗਈ।
ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਕਾਂਗਰਸੀ ਉਮੀਦਵਾਰ ਨੂੰ ਪਿੰਡ ਦੇ ਪਾਣੀ ਅਤੇ ਬਿਜਲੀ ਆਦਿ ਦੇ ਮੁੱਦਿਆਂ ‘ਤੇ ਸਵਾਲ ਪੁੱਛੇ। ਉਨ੍ਹਾਂ ਨੂੰ ਜਦੋਂ ਦਿਹਾਤੀ ਹਲਕਾ ਬਠਿੰਡਾ ਤੋਂ ਜਿੱਤਣ ਦੇ ਬਾਵਜੂਦ ‘ਆਪ‘ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ ਹੋਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਥੋੜ੍ਹੇ ਤਲਖ਼ ਲਹਿਜੇ ਵਿਚ ਜਵਾਬ ਦਿੱਤਾ। ਇਸ ਮਗਰੋਂ ਇਕੱਤਰ ਹੋਏ ਲੋਕਾਂ ਨੇ ਰੁਪਿੰਦਰ ਕੌਰ ਦੀ ਮੌਜੂਦਗੀ ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਨਾਅਰੇ ਲਾਏ ਤਾਂ ਰੁਪਿੰਦਰ ਕੌਰ ਰੂਬੀ ਨੇ ਵੀ ਆਪਣੇ ਸਮਰਥਕਾਂ ਨੂੰ ਕਿਹਾ, “ਨਾਲ ਆਏ ਹੋ, ਬੋਲ ਨਹੀਂ ਸਕਦੇ..?‘‘ ਪਿੰਡ ਵਾਲਿਆਂ ਨੇ ਕਿਹਾ ਕਿ ਕਾਂਗਰਸ ਦੀ ਪਿਛਲੇ ਪੰਜ ਸਾਲ ਦੀ ਕਾਰਗੁਜ਼ਾਰੀ ਤੋਂ ਲੋਕ ਖਫ਼ਾ ਹਨ ਅਤੇ ਇਹ ਵਿਰੋਧ ਉਸੇ ਦਾ ਹੀ ਸਿੱਟਾ ਹੈ।
ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਕਸਬਾ ਪੁਰਾਣਾ ਸਾਲਾ ਵਿਚ ਭਾਜਪਾ ਉਮੀਦਵਾਰ ਰੇਣੂ ਕਸ਼ਯਪ ਦੇ ਚੋਣ ਪ੍ਰਚਾਰ ਲਈ ਪਹੁੰਚੇ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਅਤੇ ਸੀਨੀਅਰ ਭਾਜਪਾ ਆਗੂਆਂ ਦਾ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਸਮੇਤ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਭਾਜਪਾ ਵਰਕਰਾਂ ਨੇ ਵੀ ਕਿਸਾਨਾਂ ਖਿਲਾਫ ਨਾਅਰੇਬਾਜ਼ੀ ਕੀਤੀ। ਨੌਬਤ ਹੱਥੋਪਾਈ ਤੱਕ ਪਹੁੰਚਣ ‘ਤੇ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਦਖਲ ਦੇ ਕੇ ਵੱਡਾ ਟਕਰਾਅ ਹੋਣ ਤੋਂ ਰੋਕਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਕਿਸਾਨ ਅਤੇ ਆਮ ਲੋਕਾਂ ਦੀ ਵਿਰੋਧੀ ਪਾਰਟੀ ਹੈ। ਇਸ ਲਈ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਵੱਲੋਂ ਚੋਣਾਂ ਵਿਚ ਵੀ ਭਾਜਪਾ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਹੈ।
ਅਕਾਲੀ-ਬਸਪਾ ਗੱਠਜੋੜ ਦੀ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਇਥੇ ਪੁੱਜੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿਰੋਧ ਕੀਤਾ ਗਿਆ। ਹਰਸਿਮਰਤ ਬਾਦਲ ਦੇ ਇਥੇ ਪੁੱਜਣ ਦੀ ਸੂਹ ਲੱਗਦਿਆਂ ਹੀ ਯੂਨੀਅਨ ਦੇ ਬਲਾਕ ਪੱਧਰੀ ਆਗੂ ਅਤੇ ਵਰਕਰ ਸਥਾਨਕ ਬੱਸ ਅੱਡੇ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲਿਸ ਨੂੰ ਪਤਾ ਲੱਗਣ ਤੱਕ ਉਥੇ ਕਿਸਾਨਾਂ ਦਾ ਵੱਡਾ ਇਕੱਠ ਹੋ ਗਿਆ। ਕੁਝ ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਾਬਕਾ ਕੇਂਦਰੀ ਮੰਤਰੀ ਨਾਲ ਗੱਲਬਾਤ ਕਰਵਾਉਣ ਦਾ ਭਰੋੋਸਾ ਦੇ ਕੇ ਸਬ-ਤਹਿਸੀਲ ਦੇ ਗੇਟ ‘ਤੇ ਰੋਕ ਲਿਆ। ਇਸ ਦੌਰਾਨ ਕਿਸਾਨਾਂ ਨੇ ਸਬ-ਤਹਿਸੀਲ ਦੇ ਗੇਟ ਤੋਂ ਉਠ ਕੇ ਹਰਸਿਮਰਤ ਦੀ ਰੈਲੀ ਵਾਲੀ ਥਾਂ ਨੇੜੇ ਪੁੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਪੁਲਿਸ ਨੇ ਹਰਸਿਮਰਤ ਬਾਦਲ ਨੂੰ ਕਿਸੇ ਬਦਲਵੇਂ ਰਸਤੇ ਰਾਹੀਂ ਲੰਘਾ ਕੇ ਅਗਲੇ ਪੜਾਅ ਲਈ ਰਵਾਨਾ ਕੀਤਾ।
ਨਿਹਾਲ ਸਿੰਘ ਵਾਲਾ ਦੇ ਪਿੰਡ ਮੀਨੀਆਂ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸੀ ਉਮੀਦਵਾਰ ਭੁਪਿੰਦਰ ਸਿੰਘ ਸਾਹੋ ਕੇ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਬੀਤੇ ਦਿਨੀਂ ਅਕਾਲੀ ਦਲ ਤੋਂ ਕਾਂਗਰਸ ਵਿਚ ਸ਼ਾਮਲ ਹੋਏ ਆਗੂ ਭੁਪਿੰਦਰ ਸਿੰਘ ਨੂੰ ਕਈ ਸਵਾਲ ਪੁੱਛੇ, ਜਿਸ ਦਾ ਉਹ ਜਵਾਬ ਨਹੀਂ ਦੇ ਸਕੇ।
ਕੇਵਲ ਕ੍ਰਿਸ਼ਨ ਸਮੇਤ ਹੋਰ ਕਿਸਾਨ ਆਗੂਆਂ ਨੇ ਭੁਪਿੰਦਰ ਸਿੰਘ ਤੋਂ ਕਾਂਗਰਸ ਦੇ ਚੋਣ ਏਜੰਡੇ, ਸਰਕਾਰੀ ਨੌਕਰੀਆਂ, ਮਹਿਕਮਿਆਂ ਦੇ ਨਿੱਜੀਕਰਨ ਅਤੇ ਜ਼ਮੀਨਾਂ ਦੀ ਕਾਣੀ ਵੰਡ ਸਬੰਧੀ ਸਵਾਲ ਕੀਤੇ ਪਰ ਕਾਂਗਰਸੀ ਆਗੂ ਆਪਣੇ ਜਵਾਬਾਂ ਰਾਹੀਂ ਕਿਸਾਨਾਂ ਨੂੰ ਸੰਤੁਸ਼ਟ ਨਾ ਕਰ ਸਕੇ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪਿੰਡ ਵਿਚ ਵੋਟਾਂ ਮੰਗਣ ਆਉਣ ਵਾਲੇ ਹਰ ਪਾਰਟੀ ਦੇ ਆਗੂਆਂ ਨੂੰ ਸਵਾਲ ਪੁੱਛੇ ਜਾਣਗੇ।
ਭਵਾਨੀਗੜ੍ਹ ਦੇ ਪਿੰਡ ਘਰਾਚੋਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਹਲਕਾ ਸੰਗਰੂਰ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨੇ ਆਪਣੀ ਚੋਣ ਮੁਹਿੰਮ ਤਹਿਤ ਪਿੰਡ ਘਰਾਚੋਂ ਵਿਚ ਰੈਲੀ ਰੱਖੀ ਸੀ। ਇਸ ਬਾਰੇ ਪਤਾ ਲੱਗਣ ‘ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਰਘਵੀਰ ਸਿੰਘ ਘਰਾਚੋਂ, ਮੀਤ ਪ੍ਰਧਾਨ ਰਘਬੀਰ ਸਿੰਘ, ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਅਤੇ ਸਤਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਔਰਤਾਂ ਉੱਥੇ ਪਹੁੰਚ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਅੜੀਅਲ ਰਵੱਈਏ ਕਾਰਨ 750 ਕਿਸਾਨ ਸ਼ਹੀਦ ਹੋ ਗਏ। ਉਨ੍ਹਾਂ ਅਰਵਿੰਦ ਖੰਨਾ ਨੂੰ ਖੇਤੀ ਕਾਨੂੰਨਾਂ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਪਰ ਭਾਜਪਾ ਆਗੂ ਜਵਾਬ ਦਿੱਤੇ ਬਿਨਾਂ ਹੀ ਚਲੇ ਗਏ।
ਸਾਧੂ ਸਿੰਘ ਧਰਮਸੋਤ ਨੇ ਭਾਸ਼ਣ ਵਿਚਾਲੇ ਛੱਡਿਆ
ਨਾਭਾ: ਕਾਂਗਰਸ ਦੇ ਉਮੀਦਵਾਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਚੋਣ ਪ੍ਰਚਾਰ ਦੌਰਾਨ ਪਿੰਡਾਂ ਵਿਚ ਕਾਫੀ ਵਿਰੋਧ ਅਤੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਰਾਮਗੜ੍ਹ ਵਿਚ ਇਕ ਮਹਿਲਾ ਦੇ ਸਵਾਲਾਂ ਤੋਂ ਪਰੇਸ਼ਾਨ ਹੋ ਕੇ ਧਰਮਸੋਤ ਆਪਣਾ ਭਾਸ਼ਣ ਵਿਚਾਲੇ ਹੀ ਛੱਡ ਕੇ ਚਲੇ ਗਏ ਤੇ ਉਸੇ ਦਿਨ ਪਿੰਡ ਬਨੇਰਾ ਖੁਰਦ ਵਿਖੇ ਇਕ ਨੌਜਵਾਨ ਨੇ ਮੰਚ ‘ਤੇ ਚੜ੍ਹ ਕੇ ਪਹਿਲਾਂ ਧਰਮਸੋਤ ਨੂੰ ਪੰਜ ਮਰਲਾ ਪਲਾਟਾਂ ਦੀ ਵੰਡ ਵਿਚ ਪਾਰਟੀਬਾਜ਼ੀ ਲਈ ਦੋਸ਼ੀ ਠਹਿਰਾਇਆ ਤੇ ਫਿਰ ਉਸੇ ਮੰਚ ਤੋਂ ਉਨ੍ਹਾਂ ਸਾਹਮਣੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਨਾਅਰੇ ਵੀ ਮਾਰੇ।