ਵਲੈਤੀਆਂ ਦਾ ਸਬਕ ਅਤੇ ਚੀਨ ਦੀਆਂ ਨਾਟਕ ਮੰਡਲੀਆਂ

ਬਲਰਾਜ ਸਾਹਨੀ
ਅਦਾਕਾਰ ਬਲਰਾਜ ਸਾਹਨੀ (1913-1973) ਲਿਖਾਰੀ ਵੀ ਸੀ। ਅਦਾਕਾਰੀ ਦੀ ਦੁਨੀਆ ਵਿਚ ਆਉਣ ਤੋਂ ਪਹਿਲਾਂ ਉਹ ਸ਼ਾਂਤੀ ਨਿਕੇਤਨ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੁੰਦਾ ਸੀ। ਇਥੇ ਅਸੀਂ ਉਸ ਦੀ ਦਿਲਚਸਪ ਲਿਖਤ ‘ਮੇਰੀ ਫਿਲਮੀ ਆਤਮ-ਕਥਾ’ ਸਾਂਝੀ ਕਰ ਰਹੇ ਹਾਂ।

ਮਾਰਕਸਵਾਦ ਬਾਰੇ ਕਿਤਾਬਾਂ ਪੜ੍ਹਦਿਆਂ ਮੈਨੂੰ ਰਜਨੀ ਪਾਮਦੱਤ ਅਤੇ ਕ੍ਰਿਸ਼ਨ ਮੈਨਨ ਦੀਆਂ ਕਿਤਾਬਾਂ ਦਾ ਵੀ ਪਤਾ ਲੱਗਾ। ਮੈਨੂੰ ਸਮਝ ਆਉਣਾ ਸ਼ੁਰੂ ਹੋਇਆ ਕਿ ਸੰਸਾਰ ਜੰਗ ਕਿਉਂ ਹੁੰਦੀ ਹੈ, ਫਾਸ਼ਿਜ਼ਮ ਅਤੇ ਸਾਮਰਾਜਵਾਦ ਕੀ ਚੀਜ਼ ਹਨ, ਹਿੰਦੁਸਤਾਨ ਕਿਉਂ ਗੁਲਾਮ ਹੈ, ਸਮਾਜਵਾਦ ਦਾ ਆਦਰਸ਼ ਕਿਵੇਂ ਮਨੁੱਖਤਾ ਲਈ ਵਿਕਾਸ ਦਾ ਇਕ ਨਵਾਂ ਪੜਾਅ ਹੈ। ਸੋਵੀਅਤ ਯੂਨੀਅਨ ਓਦੋਂ ਸਖਤ ਖਤਰੇ ਵਿਚੋਂ ਲੰਘ ਰਿਹਾ ਸੀ ਅਤੇ ਬੇਪਨਾਹ ਦਲੇਰੀ ਨਾਲ ਲੜ ਰਿਹਾ ਸੀ। ਸਾਰੇ ਸੰਸਾਰ ਦੀਆਂ ਨਜ਼ਰਾਂ ਸਟਾਲਿਨਗਰਾਡ ਅਤੇ ਲੈਨਿਨਗਰਾਡ ਵਲ ਲੱਗੀਆਂ ਹੋਈਆਂ ਸਨ। ਸਾਡੇ ਆਪਣੇ ਦੇਸ਼ ਵਿਚ ਸਾਮਰਾਜੀ ਜ਼ੁਲਮ ਨੇ ਕਹਿਰ ਢਾਹਿਆ ਹੋਇਆ ਸੀ। ਬੰਗਾਲ ਦੇ ਕਾਲ ਦੀਆਂ ਖਬਰਾਂ, ਗਾਂਧੀ ਅਤੇ ਨਹਿਰੂ ਦੇ ਕੈਦ ਹੋਣ ਦੀਆਂ ਖਬਰਾਂ ਦਿਲ ਨੂੰ ਬੜਾ ਸਖਤ ਬੇਚੈਨ ਕਰਦੀਆਂ ਸਨ ਪਰ ਨਾਲ ਇਹ ਵੀ ਪਤਾ ਸੀ ਕਿ ਸਾਰੇ ਅਨਿਆਂ ਦੇ ਬਾਵਜੂਦ ਸਾਡੇ ਰਾਸ਼ਟਰੀ ਅੰਦੋਲਨ ਦੀਆਂ ਆਸਾਂ ਸਮਾਜਵਾਦ ਅਤੇ ਲੋਕਵਾਦ ਦੀ ਜਿੱਤ ਨਾਲ ਜੁੜੀਆਂ ਹੋਈਆਂ ਹਨ, ਹਿਟਲਰ ਦੀ ਫਾਸ਼ਿਸਟ ਬਰਬਰੀਅਤ ਨਾਲ ਨਹੀਂ।
ਇਸ ਤਰ੍ਹਾਂ ਮੈਨੂੰ ਆਪਣੇ ਰੇਡੀਓ ਦੇ ਕੰਮ ਵਿਚ ਵੀ ਇਕ ਨਵਾਂ ਸੁਆਦ ਜਿਹਾ ਪ੍ਰਤੀਤ ਹੋਣ ਲੱਗ ਪਿਆ। ਮੈਂ ਆਪਣੇ ਹਿੰਦੀ ਅਤੇ ਉਰਦੂ ਦੇ ਉਚਾਰਨ ਨੂੰ ਸੁਆਰਨ ਉਪਰ ਬੜੀ ਮਿਹਨਤ ਕੀਤੀ। ਮੈਂ ਜਾਨ ਗੀਲਗੁਡ, ਟੀ.ਐਸ ਈਲੀਅਟ, ਜਾਰਜ ਆਰਵੈਲ, ਹੈਰਲਡ ਲਾਸਕੀ, ਲਾਇਨਲ ਫੀਲਡਨ, ਗਿਲਬਰਟ ਹਾਰਡਿੰਗ ਅਤੇ ਕਿਤਨੇ ਈ ਹੋਰ ਸ਼੍ਰੋਮਣੀ ਚਿੰਤਕਾਂ, ਸਾਹਿਤਕਾਰਾਂ ਤੇ ਕਲਾਕਾਰਾਂ ਨਾਲ ਦੋਸਤੀਆਂ ਲਾਈਆਂ ਅਤੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ, ਬਹੁਤ ਕੁਝ ਹਾਸਲ ਕੀਤਾ। ਲੜਾਈ ਦੇ ਜ਼ਮਾਨੇ ਦਾ ਇਕ ਲਾਭ ਇਹ ਵੀ ਸੀ ਕਿ ਯੋਰਪ ਤੇ ਅਮਰੀਕਾ ਦੇ ਵਧੀਆ ਤੋਂ ਵਧੀਆ ਫਿਲਮ ਤੇ ਸਟੇਜ ਐਕਟਰ-ਐਕਟਰੈਸਾਂ ਬੀ.ਬੀ.ਸੀ. ਉਪਰ ਪ੍ਰੋਗਰਾਮ ਕਰਨ ਆਉਂਦੇ ਸਨ, ਰੇਡੀਓ-ਨਾਟਕ ਖੇਡਦੇ ਸਨ, ਮਨੋਰੰਜਕ ਪ੍ਰੋਗਰਾਮ ਕਰਦੇ ਸਨ। ਬਾਬ ਹੋਪ, ਲਾਰੰਸ ਓਲੀਵੀਅਰ, ਮਾਈਕਲ ਰੈਡਗਰੇਵ, ਬੇਬ ਡੇਨੀਅਲ, ਵਿਵਅਨ ਲੀ ਅਤੇ ਕਿਤਨੇ ਈ ਹੋਰ ਕਲਾਕਾਰਾਂ ਦੇ ਕੰਮਾਂ ਨੂੰ ਨੇੜਿਓਂ ਵੇਖਣ ਦਾ ਮੈਨੂੰ ਮੌਕਾ ਮਿਲਿਆ। ਮੈਂ ਉਹਨਾਂ ਵਿਚ ਸਭ ਤੋਂ ਵੱਡੀ ਸਿਫਤ ਇਹ ਵੇਖੀ ਕਿ ਉਹ ਵਕਤ ਦੇ ਬੜੇ ਪਾਬੰਦ ਸਨ। ਰਿਹਰਸਲ ਹੋਵੇ ਭਾਵੇਂ ਬ੍ਰਾਡਕਾਸਟ, ਉਹ ਕਦੇ ਅੱਧੇ ਮਿੰਟ ਦੀ ਵੀ ਦੇਰ ਨਹੀਂ ਸਨ ਕਰਦੇ, ਅਤੇ ਕੰਮ ਵੇਲੇ ਦੁਨੀਆ-ਜਹਾਨ ਭੁੱਲ ਜਾਂਦੇ ਸਨ। ਉਹਨਾਂ ਦੇ ਕੰਮ ਦਾ ਸਿਲਸਿਲਾ ਇਕ ਮਸ਼ੀਨ ਵਾਂਗ ਚੱਲਦਾ ਸੀ। ਮਿਲ ਕੇ ਕੰਮ ਕਰਨ ਵੇਲੇ ਕਿਸੇ ਨੂੰ ਵੱਡੇ-ਛੋਟੇ ਦਾ ਅਹਿਸਾਸ ਨਹੀਂ ਸੀ ਰਹਿੰਦਾ। ਸਭ ਨਾਲ ਇਕੋ ਜਿਹਾ ਸਲੂਕ ਹੁੰਦਾ ਸੀ, ਅਤੇ ਆਪਸ ਵਿਚ ਵੀ ਉਹ ਇਕ ਦੂਜੇ ਨਾਲ ਘੁਲ-ਮਿਲ ਜਾਂਦੇ ਸਨ। ਲਗਨ ਅਤੇ ਕੰਮ ਵਿਚ ਖੁੱਭਣ ਦਾ ਇਕ ਅਜੀਬ ਸੁੰਦਰ ਵਾਤਾਵਰਣ ਪੈਦਾ ਹੋ ਜਾਂਦਾ ਸੀ, ਜਿਸ ਦੇ ਮੁਕਾਬਲੇ ਵਿਚ ਅਸਾਂ ਹਿੰਦੁਸਤਾਨੀਆਂ ਦੇ ਢਿਲਮਿਲ ਯਕੀਨੇ ਤੌਰ-ਤਰੀਕੇ ਦਿਲ ਨੂੰ ਬੜੇ ਹੀ ਚੁਭਦੇ ਸਨ। ਹਿੰਦੁਸਤਾਨੀ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਕਦੇ ਵੀ ਰਿਹਰਸਲ ਲਈ ਵਕਤ ਸਿਰ ਨਹੀਂ ਸਨ ਆਉਂਦੇ। ਖਰੜਾ ਵੇਲੇ ਸਿਰ ਤਿਆਰ ਨਾ ਹੁੰਦਾ। ਅੰਗਰੇਜ਼ ਕਲਾਕਾਰਾਂ ਦਾ ਕੰਮ ਵੇਖ ਕੇ ਮੈਂ ਇਕ ਗੱਲ ਜ਼ਰੂਰ ਪੱਲੇ ਬੰਨ੍ਹ ਲਈ ਕਿ ਆਰਟ ਦੀ ਪ੍ਰੇਰਨਾ ਦਰਗਾਹੋਂ ਨਹੀਂ ਆਉਂਦੀ ਸਗੋਂ ਸਵੈ-ਸੰਜਮ, ਸਾਧਨਾ, ਮਿਹਨਤ ਅਤੇ ਪਾਬੰਦੀ ਨਾਲ ਆਉਂਦੀ ਹੈ। ਅਦਾਕਾਰੀ ਦੇ ਮੈਦਾਨ ਵਿਚ ਮੇਰੇ ਕਲਪਿਤ ਮਿਆਰ ਹੋਰ ਉੱਚੇ ਹੋਏ, ਤੇ ਸਮਝ ਆਈ ਕਿ ਖਰਾ ਕੀ ਹੈ ਤੇ ਖੋਟਾ ਕੀ। ਮੈਂ ਉਹਨਾਂ ਦਿਨਾਂ ਵਿਚ ਬੜੀ ਮਿਹਨਤ ਕੀਤੀ, ਅਤੇ ਹਿੰਦੁਸਤਾਨ ਵਾਪਸ ਆ ਕੇ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਸਾਡੇ ਲੰਡਨ ਤੋਂ ਪੇਸ਼ ਕੀਤੇ ਕਈ ਡਰਾਮੇ ਇਥੇ ਕਾਫੀ ਸ਼ੌਕ ਨਾਲ ਸੁਣੇ ਅਤੇ ਪਸੰਦ ਕੀਤੇ ਗਏ ਸਨ।
ਬੀ.ਬੀ.ਸੀ. ਵਿਚ ਕੰਮ ਕਰਦਿਆਂ, ਅਤੇ ਉੱਤਮ ਅੰਗਰੇਜ਼ ਕਲਾਕਾਰਾਂ ਨੂੰ ਸਟੂਡੀਓ ਵਿਚ ਰਿਹਰਸਲ ਕਰਦੇ ਵੇਖਦਿਆਂ ਮੈਂ ਇਸ ਨਤੀਜੇ ਉਤੇ ਵੀ ਪਹੁੰਚ ਗਿਆ ਕਿ ਰੇਡੀਓ ਉਪਰ ਨਕਲੀ ਢੰਗ ਨਾਲ ਆਵਾਜ਼ ਦੇ ਉਤਾਰ-ਚੜ੍ਹਾਅ ਪੈਦਾ ਕਰਨਾ ਗਲਤੀ ਹੈ। ਭਾਵਨਾ ਯਥਾਰਥਕ ਅਤੇ ਸੱਚੀ ਹੋਣੀ ਚਾਹੀਦੀ ਹੈ। ਆਵਾਜ਼ ਦੀ ਬਿਲਕੁਲ ਪਰਵਾਹ ਨਹੀਂ ਕਰਨੀ ਚਾਹੀਦੀ ਕਿ ਕਿਵੇਂ ਨਿਕਲਦੀ ਹੈ ਜਾਂ ਨਿਕਲਣੀ ਚਾਹੀਦੀ ਹੈ। ਮੈਂ ਆਵਾਜ਼ ਦੀ ‘ਟਰੇਨਿੰਗ’ ਬਾਰੇ ਸੋਚਣਾ ਬਿਲਕੁਲ ਛੱਡ ਦਿੱਤਾ। ਇਸ ਲਈ ਮੈਂ ਅੰਗਰੇਜ਼ ਕਲਾਕਾਰਾਂ ਦਾ ਬੜਾ ਮਸ਼ਕੂਰ ਹਾਂ।
ਲੜਾਈ ਜਿਉਂ-ਜਿਉਂ ਗੰਭੀਰ ਹੁੰਦੀ ਗਈ, ਮੇਰਾ ਜੀਵਨ ਬਾਰੇ ਦ੍ਰਿਸ਼ਟੀਕੋਣ ਵੀ ਗੰਭੀਰ ਹੁੰਦਾ ਗਿਆ, ਅਤੇ ਜੋ ਮੈਂ ਆਪਣੇ ਬਾਰੇ ਕਹਿ ਰਿਹਾ ਹਾਂ, ਉਹ ਮੇਰੀ ਪਤਨੀ ਦਮੋ ਉਪਰ ਵੀ ਉਤਨਾ ਹੀ ਲਾਗੂ ਹੁੰਦਾ ਸੀ। ਉਹ ਵੀ ਬੀ.ਬੀ.ਸੀ. ਦੀ ਮੁਲਾਜ਼ਮ ਸੀ। ਪ੍ਰੋਗਰਾਮਾਂ ਵਿਚ ਉਹ ਵੀ ਉਤਨਾ ਹੀ ਭਾਗ ਲੈਂਦੀ ਸੀ ਸਗੋਂ ਮਾਈਕ ਉਤੇ ਮੇਰੇ ਮੁਕਾਬਲੇ ਵਿਚ ਉਹ ਕਿਤੇ ਜ਼ਿਆਦਾ ਨਿਝੱਕ ਸੀ। ਫੌਜੀ ਵੀਰਾਂ ਲਈ ਸੰਗੀਤ ਦੇ ਪ੍ਰੋਗਰਾਮ ਪਹਿਲੋਂ-ਪਹਿਲ ਉਸੇ ਨੇ ਪੇਸ਼ ਕਰਨੇ ਸ਼ੁਰੂ ਕੀਤੇ ਸਨ, ਅਤੇ ਹਰ ਹਫਤੇ ਉਹਨੂੰ ਦੂਰ-ਦੁਰੇਡੇ ਦੇਸ਼ਾਂ ਤੋਂ ਸਰੋਤਿਆਂ ਦੇ ਸੈਂਕੜੇ ਖਤ ਆਉਂਦੇ ਸਨ, ਅਤੇ ਕਈ ਵਾਰੀ ਅਫਰੀਕਾ ਅਤੇ ਆਸਟਰੇਲੀਆ ਤੋਂ ਜਾਮ, ਪਨੀਰ, ਚਾਹ ਅਤੇ ਹੋਰ ਕਿਤਨੀਆਂ ਸੁਗਾਤਾਂ ਦੇ ਪਾਰਸਲ ਵੀ।
ਅਸੀਂ ਦੋਵੇਂ ਲੰਡਨ ਦੇ ਯੂਨਿਟੀ ਥੇਟਰ ਦੇ ਮੈਂਬਰ ਵੀ ਬਣ ਗਏ। ਹੁਣ ਕੋਈ ਵੀ ਚੰਗਾ ਨਾਟਕ ਜਾਂ ਕਨਸਰਟ (ਸੰਗੀਤ ਪ੍ਰੋਗਰਾਮ) ਹੋਵੇ, ਅਸੀਂ ਵੇਖੇ ਬਿਨਾ ਨਹੀਂ ਸਾਂ ਛੱਡਦੇ। ਅਭਿਨੈ ਕਲਾ ਲਈ ਸਾਡੀ ਰੀਝ ਬੜੀ ਪਰਬਲ ਹੋ ਚੁੱਕੀ ਸੀ।
ਪਰ ਅਜੇ ਵੀ ਸਾਡੇ ਮਨ ਵਿਚ ਫਿਲਮਾਂ ਵਿਚ ਕੰਮ ਕਰਨ ਦਾ ਕਦੇ ਖਿਆਲ ਨਹੀਂ ਸੀ ਉੱਠਿਆ। ਹਾਂ, ਦਿਨੋ-ਦਿਨ ਵਾਪਸ ਜਾਣ ਦੀ ਇੱਛਾ ਜ਼ਰੂਰ ਪਰਬਲ ਹੁੰਦੀ ਜਾ ਰਹੀ ਸੀ। ਅਸੀਂ ਆਪਣੇ ਲਾਡਲੇ ਲਾਲ ਪਰੀਕਸ਼ਤ ਜੋ ਮਸਾਂ ਦਸਾਂ ਮਹੀਨਿਆਂ ਦਾ ਸੀ, ਨੂੰ ਮਾਂ ਕੋਲ ਛੱਡ ਆਏ ਸਾਂ। ਮੇਰੀ ਮਾਂ ਨੇ ਲੜਾਈ ਦੇ ਜ਼ਮਾਨੇ ਵਿਚ ਉਹਨੂੰ ਸਾਡੇ ਨਾਲ ਘੱਲਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਮੈਂ ਦਮੋ ਦੀਆਂ ਅੱਖਾਂ ਨੂੰ ਆਪਣੇ ਬੱਚੇ ਲਈ ਸਹਿਕਦਾ ਵੇਖ ਕੇ ਕਈ ਵਾਰੀ ਤੜਪ-ਤੜਪ ਜਾਂਦਾ ਸਾਂ। ਹਿੰਦੁਸਤਾਨ ਵਾਪਸ ਜਾਣ ਤੋਂ ਪਹਿਲਾਂ ਇਕ ਹੋਰ ਕਾਬਿਲੇ-ਜ਼ਿਕਰ ਘਟਨਾ ਹੋਈ। ਚੀਨ ਵੀ ਉਦੋਂ ਇਤਿਹਾਦੀ ਦੇਸ਼ਾਂ ਵਿਚ ਸ਼ਾਮਲ ਹੋ ਚੁੱਕਾ ਸੀ। ਬੀ.ਬੀ.ਸੀ. ਦਾ ਇਕ ਪ੍ਰਤੀਨਿਧ ਦਲ ਸਾਰੇ ਚੀਨ ਦਾ ਚੱਕਰ ਲਗਾ ਕੇ ਆਇਆ, ਅਤੇ ਉਹਨਾਂ ਦੇ ਦਿੱਤੇ ਬਿਆਨ ਅਤੇ ਭਾਸ਼ਣ ਸਾਡੇ ਵਿਭਾਗ ਵਿਚ ਵੀ ਆਏ। ਉਹਨਾਂ ਤੋਂ ਪਤਾ ਲੱਗਾ ਕਿ ਜਾਪਾਨ ਦੇ ਖਿਲਾਫ ਸਭ ਤੋਂ ਵੱਧ ਜਾਂ-ਨਿਸਾਰੀ ਨਾਲ ਉਤਰੀ ਚੀਨ ਦੀਆਂ ਕਮਿਊਨਿਸਟ ਫੌਜਾਂ ਲੜ ਰਹੀਆਂ ਹਨ। ਉਹਨਾਂ ਫੌਜਾਂ ਬਾਰੇ ਬੜੇ ਵਚਿੱਤਰ ਹਾਲ ਉਹਨਾਂ ਲਿਖੇ ਸਨ। ਉਹ ਫੌਜੀ ਲੜਦੇ ਵੀ ਸਨ, ਅਤੇ ਨਾਲ-ਨਾਲ ਕਿਸਾਨਾਂ ਨਾਲ ਮਿਲ ਕੇ ਖੇਤੀ ਵੀ ਕਰਦੇ ਸਨ। ਹਰ ਫੌਜੀ ਜਥੇ ਨੇ ਆਪਣਾ ਨਾਟਕ ਮੰਡਲ ਵੀ ਬਣਾਇਆ ਹੋਇਆ ਸੀ ਜੋ ਨਿੱਤ ਦੀਆਂ ਜੰਗੀ, ਸਿਆਸੀ ਅਤੇ ਸਮਾਜਿਕ ਘਟਨਾਵਾਂ ਨੂੰ ਲੈ ਕੇ ਝਟ ਨਾਟਕ ਤਿਆਰ ਕਰ ਲੈਂਦਾ ਸੀ ਤੇ ਪਿੰਡਾਂ ਦੇ ਲੋਕਾਂ ਦਾ ਮਨੋਰੰਜਨ ਵੀ ਕਰਦਾ ਸੀ, ਉੱਤਮ ਸਿੱਖਿਆ ਵੀ ਦੇਂਦਾ ਸੀ, ਤੇ ਉਹਨਾਂ ਦੇ ਗਿਆਨ-ਚਖਸ਼ੂ ਵੀ ਖੋਲ੍ਹਦਾ ਸੀ। ਉਸ ਥੇਟਰ ਦਾ ਨਾਂ ਸੀ ‘ਪੀਪਲਜ਼ ਥੇਟਰ’।
ਪ੍ਰਤੀਨਿਧ ਦਲ ਆਪਣੇ ਨਾਲ ਬਹੁਤ ਸਾਰਾ ਚੀਨੀ ਸੰਗੀਤ ਵੀ ਰਿਕਾਰਡ ਕਰਕੇ ਲਿਆਇਆ ਸੀ ਜਿਸ ਵਿਚੋਂ ਬਹੁਤ ਸਾਰਾ ‘ਚੀਨੀ ਪੀਪਲਜ਼ ਥੇਟਰ’ ਦੇ ਕਲਾਕਾਰਾਂ ਦਾ ਸੀ। ਕੁਝ ਇਕ ਨਾਟਕਾਂ ਦੇ ਖਰੜੇ ਵੀ ਉਹ ਲਿਆਏ ਸਨ ਜੋ ਅਸਾਂ ਅਨੁਵਾਦ ਕਰਕੇ ਬ੍ਰਾਡਕਾਸਟ ਕੀਤੇ।
ਮੈਂ ਅਤੇ ਮੇਰੀ ਪਤਨੀ ਏਸ ਪੀਪਲਜ਼ ਥੇਟਰ ਵਲ ਬਹੁਤ ਖਿੱਚੇ ਗਏ। ਅਜਿਹੇ ਥੇਟਰ ਦੀ ਤਾਂ ਸਾਡੇ ਭਾਰਤ ਵਿਚ ਵੀ ਬੜੀ ਲੋੜ ਹੈ, ਅਸੀਂ ਸੋਚਦੇ। ਕਿਉਂ ਨਾ ਸਾਡੇ ਦੇਸ਼ ਵਿਚ ਵੀ ਪਿੰਡ-ਪਿੰਡ ਨਾਟਕ ਮੰਡਲੀਆਂ ਹੋਣ ਜੋ ਲੋਕਾਂ ਦੀ ਚੇਤਨਾ ਜਾਗਰਤ ਕਰਨ। ਮੈਂ ਆਪਣੇ ਕਾਲਜ ਦੇ ਜ਼ਮਾਨੇ ਵਿਚ ਨੋਰਾ ਰਿਚਰਡ ਨੂੰ ਇਹੋ ਜਿਹਾ ਇਕ ਤਜਰਬਾ ਕਰਦੇ ਵੇਖਿਆ ਸੀ, ਅਤੇ ਉਹ ਬੜਾ ਸਫਲ ਰਿਹਾ ਸੀ। ਨੋਰਾ ਰਿਚਰਡ ਨੇ ਪੇਂਡੂ ਜੀਵਨ ਦੀਆਂ ਝਾਕੀਆਂ ਬੜੇ ਯਥਾਰਥ ਨਾਲ ਪੇਸ਼ ਕੀਤੀਆਂ ਸਨ। ਕੋਈ ਵਡੇ ਸੈੱਟ ਨਹੀਂ ਸਨ ਲਾਏ, ਕੋਈ ਸਟੇਜੀ ਅਡੰਬਰ ਨਹੀਂ ਸੀ ਰਚਿਆ। ਸਾਰੇ ਪ੍ਰੋਗਰਾਮ ਉਤੇ ਮੁਸ਼ਕਲ ਨਾਲ ਦਸ ਰੁਪਏ ਖਰਚ ਹੋਏ ਹੋਣਗੇ। ਉਹਨਾਂ ਨਾਟਕਾਂ ਦਾ ਮੈਂ ਰਾਵਲਪਿੰਡੀ ਦੇ ਰੇਲ ਮਜ਼ਦੂਰਾਂ ਅਤੇ ਉਹਨਾਂ ਦੇ ਪਰਵਾਰਾਂ ਉਪਰ ਅਤਿਅੰਤ ਡੂੰਘਾ ਪ੍ਰਭਾਵ ਪੈਂਦਾ ਵੇਖਿਆ ਸੀ। (ਚੱਲਦਾ)