ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਹੱਦਬੰਦੀ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਹੋਣਗੀਆਂ ਤੇ ਯੂਟੀ ਵਿਚ ਹਾਲਾਤ ਠੀਕ ਹੋਣ ਮਗਰੋਂ ਸੂਬੇ ਦਰਜਾ ਬਹਾਲ ਕਰ ਦਿੱਤਾ ਜਾਵੇਗਾ।
ਵਰਚੁਅਲ ਮਾਧਿਅਮ ਰਾਹੀਂ ਭਾਰਤ ਦਾ ਪਹਿਲਾ ‘ਜਿਲ੍ਹਾ ਚੰਗਾ ਸੁਸ਼ਾਸਨ ਸੂਚਕ ਅੰਕ` ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਜੀਹ ਹੈ ਤੇ ਯੂਟੀ ਦੇ ਵਿਕਾਸ ਲਈ ਬਹੁਪੱਖੀ ਯਤਨ ਕੀਤੇ ਜਾ ਰਹੇ ਹਨ।` ਉਨ੍ਹਾਂ ਕਿਹਾ, ‘ਜਿੱਥੋਂ ਤੱਕ ਲੋਕਤੰਤਰੀ ਪ੍ਰਕਿਰਿਆ ਦਾ ਸਬੰਧੀ ਹੈ, ਹੱਦਬੰਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਦੇ ਮੁਕੰਮਲ ਹੋਣ ਮਗਰੋਂ ਅਸੀਂ ਵਿਧਾਨ ਸਭਾ ਚੋਣਾਂ ਕਰਾਵਾਂਗੇ। ਕੁਝ ਲੋਕਾਂ ਨੇ ਬਹੁਤ ਗੱਲਾਂ ਕਹੀਆਂ ਹਨ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਸੰਸਦ ਵਿਚ ਭਰੋਸਾ ਦਿੱਤਾ ਹੈ ਕਿ ਜੰਮੂ ਕਸ਼ਮੀਰ ਸੂਬੇ ਦਾ ਦਰਜਾ ਮੁੜ ਬਹਾਲ ਕੀਤਾ ਜਾਵੇਗਾ।` ਸ੍ਰੀ ਸ਼ਾਹ ਨੇ ਕਿਹਾ ਕਿ ਕੁਝ ਲੋਕ ਘਾਟੀ ਦੇ ਲੋਕਾਂ ਦੇ ਮਨਾਂ `ਚ ਦੁਚਿੱਤੀ ਪੈਦਾ ਕਰਨਾ ਚਾਹੁੰਦੇ ਹਨ ਤੇ ਉਹ ਸਾਰਿਆਂ ਨੂੰ ਉਨ੍ਹਾਂ ਦੇ ਜਾਲ `ਚ ਨਾ ਫਸਣ ਦੀ ਬੇਨਤੀ ਕਰਦੇ ਹਨ।