ਚੰਡੀਗੜ੍ਹ: ਕਰੋਨਾ ਕਰਕੇ ਲੱਗੀਆਂ ਪਾਬੰਦੀਆਂ ਨੇ ਸਿਆਸੀ ਆਗੂਆਂ ਨੂੰ ਪੜ੍ਹਨੇ ਪਾਇਆ ਹੋਇਆ ਹੈ, ਜਿਸ ਕਾਰਨ ਉਹ ਰਵਾਇਤੀ ਚੋਣ ਪ੍ਰਚਾਰ ਲਈ ਤਰਸੇ ਪਏ ਹਨ। ਚੋਣ ਕਮਿਸ਼ਨ ਨੇ ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਰੈਲੀਆਂ ਅਤੇ ਰੋਡ ਸ਼ੋਅਜ ‘ਤੇ ਲਾਈ ਗਈ ਪਾਬੰਦੀ ਨੂੰ 31 ਜਨਵਰੀ ਤੱਕ ਵਧਾ ਦਿੱਤਾ ਹੈ।–more–>
ਸਿਆਸੀ ਆਗੂ ਨਾ ਤਾਂ ਚੋਣ ਜਲਸੇ ਅਤੇ ਰੈਲੀਆਂ ਕਰ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਸਵਾਗਤ ਲਈ ਪਹਿਲਾਂ ਵਾਂਗ ਵੱਡੇ ਇਕੱਠ ਹੋ ਰਹੇ ਹਨ। ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮਗਰੋਂ ਸਿਆਸੀ ਪਾਰਟੀਆਂ ਨੂੰ ਵਿਧਾਨ ਸਭਾ ਪੱਧਰ ‘ਤੇ ਹੋਣ ਵਾਲੀਆਂ ਰੈਲੀਆਂ ਰੱਦ ਕਰਨੀਆਂ ਪਈਆਂ ਹਨ। ਇਸ ਵਾਰ ਸਪੀਕਰਾਂ ਰਾਹੀਂ ਚੋਣ ਪ੍ਰਚਾਰ ਦੀ ਥਾਂ ਉਮੀਦਵਾਰ ਵੋਟਰਾਂ ਦੇ ਕੰਨਾਂ ‘ਚ ਹੀ ਘੁਸਰ-ਮੁਸਰ ਕਰਦੇ ਨਜ਼ਰੀਂ ਪੈ ਰਹੇ ਹਨ।
ਚੋਣਾਂ ਦੇ ਦਿਨਾਂ ਦੌਰਾਨ ਪਿੰਡਾਂ ਤੇ ਸ਼ਹਿਰਾਂ ਵਿਚ ਸਥਾਨਕ ਆਗੂਆਂ ਵੱਲੋਂ ਸ਼ਕਤੀ ਪ੍ਰਦਰਸ਼ਨ ਕਰਨ ਲਈ ਆਪਣੇ ਚਹੇਤੇ ਉਮੀਦਵਾਰਾਂ ਨੂੰ ਲੱਡੂਆਂ ਅਤੇ ਸਿੱਕਿਆਂ ਨਾਲ ਤੋਲਣ ਦੇ ਦ੍ਰਿਸ਼ ਵੀ ਇਸ ਵਾਰ ਦਿਖਾਈ ਨਹੀਂ ਦੇ ਰਹੇ ਹਨ। ਦੂਜੇ ਬੰਨ੍ਹੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਕਾਰਨ ਸਿਆਸੀ ਆਗੂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੀ ਥਾਂ ਹੁਣ ਇਕ-ਦੋ ਗੱਡੀਆਂ ‘ਚ ਜਾ ਕੇ ਹੀ ਚੋਣ ਪ੍ਰਚਾਰ ਕਰ ਰਹੇ ਹਨ।
ਦੱਸ ਦਈਏ ਕਿ ਸੂਬੇ ਦੀਆਂ ਸਿਆਸੀ ਧਿਰਾਂ ਚੋਣ ਪ੍ਰਚਾਰ ਲਈ ਵੱਡੀਆਂ ਰੈਲੀਆਂ ਦੀ ਛੋਟ ਦਾ ਇੰਤਜ਼ਾਰ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ` ਵੱਲੋਂ ਤਕਰੀਬਨ ਸਾਰੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਕਾਂਗਰਸ ਅਤੇ ਸੰਯੁਕਤ ਸਮਾਜ ਪਾਰਟੀ ਨੇ ਵੀ ਵੱਡੀ ਗਿਣਤੀ ਉਮੀਦਵਾਰ ਐਲਾਨ ਦਿੱਤੇ ਹਨ।
ਪ੍ਰਮੁੱਖ ਧਿਰਾਂ ਦੇ ਉਮੀਦਵਾਰਾਂ ਦੇ ਮੈਦਾਨ ‘ਚ ਆਉਣ ਦੇ ਬਾਵਜੂਦ ਚੋਣ ਮਾਹੌਲ ਪੂਰੀ ਤਰ੍ਹਾਂ ਠੰਢਾ ਪਿਆ ਹੈ। ਚੋਣ ਕਮਿਸ਼ਨ ਨੇ 8 ਜਨਵਰੀ ਨੂੰ ਚੋਣਾਂ ਦਾ ਐਲਾਨ ਕਰਦਿਆਂ ਹੀ ਹਫਤੇ ਭਰ ਲਈ ਵੱਡੀਆਂ ਰੈਲੀਆਂ, ਮਾਰਚਾਂ ਅਤੇ ਮੀਟਿੰਗਾਂ ‘ਤੇ ਪਾਬੰਦੀ ਲਗਾ ਦਿੱਤੀ ਸੀ ਜਿਸ ਨੇ ਸਿਆਸੀ ਪਾਰਟੀਆਂ ਨੂੰ ਪ੍ਰਚਾਰ ਦੇ ਰੰਗ-ਢੰਗ ਬਦਲਣ ਲਈ ਮਜਬੂਰ ਕਰ ਦਿੱਤਾ ਹੈ।
ਪੰਜਾਬ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਵਾਇਰਸ ਜਿਸ ਤਰ੍ਹਾਂ ਤੇਜੀ ਨਾਲ ਫੈਲ ਰਿਹਾ ਹੈ, ਉਸ ਨੂੰ ਦੇਖਦਿਆਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਕਰੋਨਾ ਦੀ ਤੀਸਰੀ ਲਹਿਰ ‘ਚ ਗਿਰਾਵਟ ਵੀ ਤੇਜੀ ਨਾਲ ਹੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਰੋਨਾ ਦੀ ਤੀਜੀ ਲਹਿਰ ਦਾ ਸਿਖਰ ਕੁਝ ਦਿਨਾਂ ਤੱਕ ਆ ਸਕਦਾ ਹੈ ਅਤੇ ਜਨਵਰੀ ਦੇ ਅੰਤ ਜਾਂ ਫਰਵਰੀ ਦੇ ਪਹਿਲੇ ਹਫਤੇ ਤੱਕ ਮੋੜਾ ਪੈਣ ਦੀ ਵੀ ਸੰਭਾਵਨਾ ਹੈ। ਚੋਣ ਕਮਿਸ਼ਨ ਵੱਲੋਂ ਸਮੀਖਿਆ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰ ਦੇ ਸਿਹਤ ਅਧਿਕਾਰੀਆਂ ਤੋਂ ਲਗਾਤਾਰ ਰਿਪੋਰਟਾਂ ਲਈਆਂ ਜਾ ਰਹੀਆਂ ਹਨ। ਪੰਜਾਬ ਦੇ ਸਮੁੱਚੇ ਵਿਧਾਨ ਸਭਾ ਹਲਕਿਆਂ ਲਈ ਚੋਣਾਂ ਇਕੋ ਗੇੜ ਵਿਚ ਚੋਣਾਂ 20 ਫਰਵਰੀ ਨੂੰ ਹੋਣਗੀਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ‘ਆਪ‘ ਆਗੂ ਭਗਵੰਤ ਮਾਨ ਨੇ ਚੋਣਾਂ ਦੇ ਐਲਾਨ ਤੋਂ ਪਹਿਲਾ ਇਕ ਵਾਰੀ ਤਾਂ ਮੈਦਾਨ ਭਖਾ ਲਿਆ ਸੀ ਪਰ ਚੋਣ ਕਮਿਸ਼ਨ ਦੀਆਂ ਪਾਬੰਦੀਆਂ ਨੇ ਸਿਆਸੀ ਆਗੂਆਂ ਤੇ ਪਾਰਟੀਆਂ ਦੀਆਂ ਗਤੀਵਿਧੀਆਂ ਸੀਮਤ ਕਰ ਦਿੱਤੀਆਂ ਹਨ।
ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਗੱਠਜੋੜ ਚੋਣ ਪ੍ਰਚਾਰ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਨਾਲ ਪੱਛੜਿਆ ਹੋਇਆ ਦਿਖਾਈ ਦੇ ਰਿਹਾ ਹੈ। ਚੋਣ ਕਮਿਸ਼ਨ ਦੀਆਂ ਅਚਾਨਕ ਪਾਬੰਦੀਆਂ ਕਾਰਨ ਸਿਆਸੀ ਪਾਰਟੀਆਂ ਦਾ ਸਾਰਾ ਦਾਰੋਮਦਾਰ ਫੇਸਬੁੱਕ, ਯੂਟਿਊਬ, ਟਵਿੱਟਰ, ਇੰਸਟਾਗਰਾਮ ਅਤੇ ਸੰਚਾਰ ਦੇ ਹੋਰ ਸਾਧਨਾਂ ਦੁਆਲੇ ਹੀ ਕੇਂਦਰਤ ਹੋ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਰਾਹੀਂ ਚੋਣ ਮੁਹਿੰਮ ਆਰੰਭੀ ਹੈ। ਇਸ ਤੋਂ ਇਲਾਵਾ ਹੋਰ ਪਾਰਟੀਆਂ ਵੀ ਸੋਸ਼ਲ ਮੀਡੀਆ ਜਰੀਏ ਪ੍ਰਚਾਰ ਕਰ ਰਹੀਆਂ ਹਨ।