ਆਦਿੱਤਿਆਨਾਥ ਦਾ ਦਹਿਸ਼ਤੀ ਰਾਜ-2

ਧੀਰੇਂਦਰ ਕੇ. ਝਾਅ
ਅਨੁਵਾਦ : ਬੂਟਾ ਸਿੰਘ
ਯੋਗੀ ਆਦਿੱਤਿਆਨਾਥ ਨੇ ਪਿਛਲੇ ਪੰਜ ਸਾਲ ਤੋਂ, ਜਦੋਂ ਤੋਂ ਉਹ ਉਤਰ ਪ੍ਰਦੇਸ਼ ਦਾ ਮੁੱਖ ਬਣਿਆ, ਨੇ ਸੂਬੇ ਵਿਚ ਫਿਰਕੂ ਹਨੇਰੀ ਲਿਆਂਦੀ ਹੋਈ ਹੈ। ਉਘੇ ਪੱਤਰਕਾਰ ਧੀਰੇਂਦਰ ਕੇ. ਝਾਅ ਦੀ ਇਹ ਖਾਸ ਰਿਪੋਰਟ ਆਦਿੱਤਿਆਨਾਥ ਦੇ ਇਕ ਸਾਧਾਰਨ ਨੌਜਵਾਨ ਤੋਂ ਗੋਰਖਨਾਥ ਮੱਠ ਦਾ ਮਹੰਤ ਬਣਨ ਅਤੇ ਫਿਰ ਭਾਰਤ ਦੀ ਚੋਣ ਸਿਆਸਤ ਵਿਚ ਸਭ ਤੋਂ ਅਹਿਮ ਸਥਾਨ ਰੱਖਦੇ ਸੂਬੇ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣ ਕੇ ਹਿੰਦੂਤਵ ਦਾ ਮੁੱਖ ਚਿਹਰਾ ਬਣ ਕੇ ਉਭਰਨ ਦੇ ਸਿਆਸੀ ਸਫਰ ਉਪਰ ਝਾਤ ਪੁਆਉਂਦੀ ਹੈ। ਝਾਅ ਮਸ਼ਹੂਰ ਕਿਤਾਬ ‘ਸ਼ੈਡੋ ਆਰਮੀਜ਼: ਫਰਿੰਜ ਆਰਗੇਨਾਈਜੇਸਨ ਐਂਡ ਫੁੱਟ ਸੋਲਜਰਜ਼ ਆਫ ਹਿੰਦੂਤਵ’ ਦਾ ਲੇਖਕ ਅਤੇ ‘ਅਯੁੱਧਿਆ: ਦਿ ਡਾਰਕ ਨਾਈਟ’ ਦਾ ਸਹਿ-ਲੇਖਕ ਹੈ। ਉਹਦੀ ਤਾਜ਼ਾ ਕਿਤਾਬ ‘ਅਸੈਟਿਕ ਗੇਮਜ਼: ਸਾਧੂ, ਅਖਾੜਾਜ਼ ਐਂਡ ਦਿ ਮੇਕਿੰਗ ਆਫ ਹਿੰਦੂ ਵੋਟ’ ਹੈ। ‘ਕਾਰਵਾਂ’ ਮੈਗਜ਼ੀਨ ਦੇ ਨਵੇਂ ਅੰਕ ਵਿਚ ਛਪੀ ਇਸ ਮਹੱਤਵਪੂਰਨ ਰਿਪੋਰਟ ਦੇ ਲੜੀਵਾਰ ਅਨੁਵਾਦ ਦੀ ਦੂਜੀ ਕਿਸ਼ਤ ਪੇਸ਼ ਹੈ। ਇਸ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

ਦਿਗਵਿਜੇ ਨਾਥ 1935 ਤੋਂ 1969 ਤੱਕ ਗੋਰਖਨਾਥ ਮੰਦਰ ਦਾ ਮੁਖੀ ਰਿਹਾ ਅਤੇ ਉਹ 20ਵੀਂ ਸਦੀ ਦੇ ਸਭ ਤੋਂ ਚਤੁਰ ਸਾਧੂਆਂ ਵਿਚੋਂ ਇਕ ਸੀ। ਉਹ ਹਿੰਦੂਆਂ ਅਤੇ ਮੁਸਲਮਾਨਾਂ ਦੁਆਰਾ ਬਰਾਬਰ ਸਤਿਕਾਰੇ ਜਾਂਦੇ ਮੱਠ ਜਿਸ ਦੇ ਸ਼ਰਧਾਲੂ ਮੁੱਖ ਤੌਰ ‘ਤੇ ਨੀਵੀਆਂ ਜਾਤਾਂ ਦੇ ਹੁੰਦੇ ਸਨ, ਨੂੰ ਠਾਕੁਰਾਂ ਦੁਆਰਾ ਕੰਟਰੋਲ ਹਿੰਦੂਤਵ ਰਾਜਨੀਤੀ ਦੇ ਕੇਂਦਰ ਵਿਚ ਬਦਲਣ ਲਈ ਜ਼ਿੰਮੇਵਾਰ ਸੀ। ਦਿਗਵਿਜੇ 1937 ਵਿਚ ਹਿੰਦੂ ਮਹਾਸਭਾ ਵਿਚ ਸ਼ਾਮਿਲ ਹੋਇਆ, ਜਦੋਂ ਇਸ ਦਾ ਪ੍ਰਧਾਨ ਵੀ.ਡੀ. ਸਾਵਰਕਰ ਸੀ ਜੋ ਹੁਣ ਸੰਘ ਪਰਿਵਾਰ ਦਾ ਚਿੰਨ੍ਹ ਹੈ। ਦਿਗਵਿਜੇ ਨੇ ਹਿੰਦੂ ਅਤਿਵਾਦੀਆਂ ਨੂੰ ਐਮ.ਕੇ. ਗਾਂਧੀ ਦੀ ਹੱਤਿਆ ਕੀਤੇ ਜਾਣ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੂੰ ਮਾਰਨ ਦੀ ਅਪੀਲ ਕੀਤੀ ਸੀ ਅਤੇ ਨਤੀਜੇ ਵਜੋਂ ਉਸ ਨੇ ਨੌਂ ਮਹੀਨੇ ਜੇਲ੍ਹ ਵਿਚ ਗੁਜ਼ਾਰੇ। ਹਿੰਦੂ ਮਹਾਸਭਾ ਦੇ ਜਨਰਲ ਸਕੱਤਰ ਵਜੋਂ ਤਰੱਕੀ ਮਿਲਣ ਤੋਂ ਬਾਅਦ ਉਸ ਨੇ ਵਾਅਦਾ ਕੀਤਾ ਕਿ ਜੇ ਪਾਰਟੀ ਸੱਤਾ ‘ਚ ਆਈ ਤਾਂ ਮੁਸਲਮਾਨਾਂ ਦੀ ਵਫਾਦਾਰੀ ਦੀ ਪਰਖ ਕੀਤੀ ਜਾਵੇਗੀ। ਜੂਨ 1950 ਵਿਚ ‘ਦਿ ਸਟੇਟਸਮੈਨ’ ਨੇ ਉਸ ਦੇ ਬਿਆਨ ਦੀ ਰਿਪੋਰਟ ਇਸ ਤਰ੍ਹਾਂ ਛਾਪੀ, “ਇਹ ਮੁਸਲਮਾਨਾਂ ਨੂੰ ਪੰਜ ਤੋਂ 10 ਸਾਲਾਂ ਤੱਕ ਵੋਟ ਦੇ ਅਧਿਕਾਰ ਤੋਂ ਵਾਂਝੇ ਰੱਖੇਗੀ, ਇਹ ਉਹ ਸਮਾਂ ਹੋਵੇਗਾ ਜੋ ਉਨ੍ਹਾਂ ਨੂੰ ਸਰਕਾਰ ਨੂੰ ਇਹ ਜਚਾਉਣ ‘ਚ ਲੱਗੇਗਾ ਕਿ ਉਨ੍ਹਾਂ ਦੇ ਹਿਤ ਅਤੇ ਭਾਵਨਾਵਾਂ ਭਾਰਤ ਪੱਖੀ ਹਨ।”
ਹਿੰਦੂ ਮਹਾਸਭਾ ਦਾ ਨੇਤਾ ਹੋਣ ਦੇ ਬਾਵਜੂਦ ਦਿਗਵਿਜੇ ਹਮੇਸ਼ਾ ਆਪਣੀ ਪਾਰਟੀ ਤੋਂ ਪਾਰ ਜਾ ਕੇ ਦੇਖਣ ਲਈ ਤਿਆਰ ਸੀ। ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਉਸ ਨੇ ਆਰ.ਐਸ.ਐਸ. ਅਤੇ ਇਸ ਦੀਆਂ ਮਾਤਹਿਤ ਜਥੇਬੰਦੀਆਂ ਨਾਲ ਸਾਂਝ ਪਾਈ, ਜ਼ਿਆਦਾਤਰ ਉਨ੍ਹਾਂ ਦੀ ਸਰਪ੍ਰਸਤੀ ਕਰਕੇ। 1949 ਵਿਚ ਉਸ ਨੇ ਅਯੁੱਧਿਆ ਵਿਚ ਬਾਬਰੀ ਮਸਜਿਦ ਦੇ ਅੰਦਰ ਗੁਪਤ ਰੂਪ ਵਿਚ ਰਾਮ ਦੀ ਮੂਰਤੀ ਸਥਾਪਤ ਕਰਨ ਦੀ ਮੁਹਿੰਮ ਦੀ ਅਗਵਾਈ ਕੀਤੀ ਜਿਸ ਨਾਲ ਰਾਮ ਜਨਮ ਭੂਮੀ ਅੰਦੋਲਨ ਸ਼ੁਰੂ ਹੋ ਗਿਆ।
ਵੈਦਿਆਨਾਥ ਨੇ 1969 ਵਿਚ ਦਿਗਵਿਜੇ ਦੀ ਮੌਤ ਤੋਂ ਬਾਅਦ ਮਹੰਤ ਦਾ ਅਹੁਦਾ ਸੰਭਾਲਿਆ। ਉਸ ਨੇ 1989 ਤੱਕ ਹਿੰਦੂ ਮਹਾਸਭਾ ਦੀ ਟਿਕਟ ‘ਤੇ ਚੋਣ ਲੜੀ ਜਦੋਂ ਉਹ ਰਾਮ ਜਨਮ ਭੂਮੀ ਅੰਦੋਲਨ ਦਾ ਚਿਹਰਾ ਬਣ ਗਿਆ ਅਤੇ ਭਗਵਾ ਰਾਜਨੀਤੀ ਨੂੰ ਅੱਗੇ ਵਧਾਉਣ ਵਿਚ ਉਸ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
1989 ਵਿਚ ਧਰਮ ਸੰਸਦ ਵਿਚ ਉਸ ਦੇ ਭਾਸ਼ਣ ਜੋ ਅਲਾਹਾਬਾਦ ਵਿਚ ਕੁੰਭ ਮੇਲੇ ‘ਤੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਕਰਵਾਈ ਸਾਧੂਆਂ ਦੀ ਇਕੱਤਰਤਾ ਸੀ, ਨੇ ਅੰਦੋਲਨ ਦੀ ਨੀਂਹ ਰੱਖ ਦਿੱਤੀ ਜਿਸ ਨੇ ਬਾਬਰੀ ਮਸਜਿਦ ਨੂੰ ਤੋੜਨਾ ਲਗਭਗ ਸੰਭਵ ਦਿੱਤਾ। ‘ਦਿ ਸਟੇਟਸਮੈਨ’ ਨੇ ਪਹਿਲੀ ਫਰਵਰੀ 1989 ਨੂੰ ਰਿਪੋਰਟ ਛਾਪੀ ਕਿ ਅਵੈਦਿਆਨਾਥ ਕਹਿੰਦਾ ਹੈ ਕਿ “ਕੁਰਾਨ ਮੁਸਲਮਾਨਾਂ ਨੂੰ ਦੂਜੇ ਧਰਮਾਂ ਦੇ ਪਵਿੱਤਰ ਸਥਾਨਾਂ ਵਿਚ ਮਸਜਿਦਾਂ ਬਣਾਉਣ ਤੋਂ ਮਨ੍ਹਾ ਕਰਦਾ ਹੈ।” ਅਖਬਾਰ ਨੇ ਉਸ ਦੇ ਹਵਾਲੇ ਨਾਲ ਕਿਹਾ, “ਤੇ ਵਿਵਾਦ ਤੋਂ ਬਚਣ ਲਈ ਸਾਨੂੰ ਕਿਸੇ ਹੋਰ ਜਗ੍ਹਾ ‘ਤੇ ਮੰਦਰ ਬਣਾਉਣ ਲਈ ਕਹਿਣਾ ਇੰਝ ਹੈ, ਜਿਵੇਂ ਰਾਵਣ ਨਾਲ ਯੁੱਧ ਤੋਂ ਬਚਣ ਲਈ ਭਗਵਾਨ ਰਾਮ ਨੂੰ ਕਿਸੇ ਹੋਰ ਸੀਤਾ ਨਾਲ ਵਿਆਹ ਕਰਨ ਲਈ ਕਹਿਣਾ।”
1992 ‘ਚ ਬਾਬਰੀ ਮਸਜਿਦ ਨੂੰ ਢਾਹੇ ਜਾਣ ਤੋਂ ਬਾਅਦ ਹਾਲਾਤ ਫੈਸਲਾਕੁਨ ਸਥਿਤੀ ‘ਚ ਪਹੁੰਚ ਗਏ। ਬਾਬਰੀ ਕਾਂਡ ਬਾਰੇ ਲਿਬਰਹਾਨ ਕਮਿਸ਼ਨ ਦੀ ਰਿਪੋਰਟ ਵਿਚ ਅਵੈਦਿਆਨਾਥ ਦਾ ਨਾਮ ਮੁਲਕ ਨੂੰ ਫਿਰਕੂ ਤਬਾਹੀ ਦੇ ਕੰਢੇ ‘ਤੇ ਲਿਜਾਣ ਦੇ ਦੋਸ਼ੀ ਪਾਏ ਗਏ ਲੋਕਾਂ ਦੀ ਸੂਚੀ ਵਿਚ ਪ੍ਰਮੁੱਖਤਾ ਨਾਲ ਦਿੱਤਾ ਗਿਆ ਸੀ।
ਅਵੈਦਿਆਨਾਥ ਇਸ ਸਮੇਂ ਤੱਕ ਭਾਜਪਾ ਵਿਚ ਸ਼ਾਮਿਲ ਹੋ ਗਿਆ ਸੀ – ਉਹ ਪਹਿਲਾਂ 1991 ਅਤੇ ਫਿਰ 1996 ‘ਚ ਗੋਰਖਪੁਰ ਤੋਂ ਸੰਸਦ ਮੈਂਬਰ ਚੁਣਿਆ ਗਿਆ ਸੀ। ਉਸ ਨੇ ਇਸ ਅਹੁਦੇ ਲਈ ਚੋਣ ਭਾਜਪਾ ਦੀ ਟਿਕਟ ‘ਤੇ ਲੜੀ ਸੀ, ਉਸ ਨੇ ਇਕ ਹੱਦ ਤੱਕ ਖੁਦਮੁਖਤਾਰੀ ਬਣਾਈ ਰੱਖੀ ਇਹ ਪ੍ਰਥਾ ਅਦਿੱਤਿਆਨਾਥ ਨੇ ਵੀ ਬਰਕਰਾਰ ਰੱਖੀ ਹੈ। ਅਵੈਦਿਆਨਾਥ ਨੇ ਆਪਣੇ ਚੇਲੇ ਲਈ ਜਗ੍ਹਾ ਬਣਾ ਕੇ ਛੇਤੀ ਹੀ ਚੋਣ ਰਾਜਨੀਤੀ ਤੋਂ ਸੰਨਿਆਸ ਲੈ ਲਿਆ। 1998 ‘ਚ ਅਦਿੱਤਿਆਨਾਥ ਲੋਕ ਸਭਾ ਵਿਚ ਸਭ ਤੋਂ ਘੱਟ ਉਮਰ ਦਾ ਸੰਸਦ ਮੈਂਬਰ ਬਣਿਆ।
ਅਵੈਦਿਆਨਾਥ ਦੀ 2014 ‘ਚ 95 ਸਾਲ ਦੀ ਉਮਰ ‘ਚ ਮੌਤ ਹੋ ਗਈ। ਮੋਦੀ ਜੋ ਉਸ ਸਾਲ ਪ੍ਰਧਾਨ ਮੰਤਰੀ ਬਣਿਆ ਸੀ, ਨੇ ਕਿਹਾ ਕਿ ਉਸ ਨੂੰ “ਉਸ ਦੇ ਦੇਸ਼ ਭਗਤੀ ਦੇ ਜਜ਼ਬੇ ਅਤੇ ਸਮਾਜ ਦੀ ਸੇਵਾ ਲਈ ਉਸ ਦੇ ਦ੍ਰਿੜ ਯਤਨਾਂ ਲਈ” ਚੇਤੇ ਕੀਤਾ ਜਾਵੇਗਾ।
ਆਖਰਕਾਰ ਅਦਿੱਤਿਆਨਾਥ ਨੇ ਮਹੰਤ ਦਾ ਅਹੁਦਾ ਸੰਭਾਲ ਲਿਆ। ਅਵੈਦਿਆਨਾਥ ਦੇ ਅਧੀਨ ਉਸ ਦੀ ਤਕੜੀ ਸਿਖਲਾਈ ਹੋ ਚੁੱਕੀ ਸੀ, ਤੇ ਉਹ ਪਹਿਲਾਂ ਹੀ ਗੋਰਖਪੁਰ ਤੋਂ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕਾ ਸੀ। 2002 ‘ਚ ਉਸ ਨੇ ਹਿੰਦੂ ਯੁਵਾ ਵਾਹਿਨੀ ਬਣਾ ਲਈ ਜੋ ਪਿਛਲੇ ਦਹਾਕੇ ਵਿਚ ਉਸ ਲਈ ਆਪਣਾ ਖੁਦ ਦਾ ਲੜਾਕੂ ਸ਼ਕਤੀ ਆਧਾਰ ਵਿਕਸਤ ਕਰਨ ‘ਚ ਸਹਾਈ ਹੋਈ। ਇਸ ਗਰੁੱਪ ਨੇ ਜਿੱਥੇ ਪੂਰੇ ਰਾਜ ਵਿਚ ਹਿੰਦੂਤਵ ਫਾਇਰਬਰੈਂਡ ਦੇ ਰੂਪ ਵਿਚ ਉਸ ਦਾ ਅਕਸ ਮਜ਼ਬੂਤ ਕੀਤਾ, ਉੱਥੇ ਗੋਰਖਪੁਰ ਨੇ ਉਸ ਦੇ ਸੱਤਾ ਦੇ ਤਖਤ ਦੀ ਭੂਮਿਕਾ ਨਿਭਾਈ ਜਿੱਥੋਂ ਉਸ ਨੇ ਪੂਰਬੀ ਉੱਤਰ ਪ੍ਰਦੇਸ਼ ਵਿਚ ਆਪਣਾ ਦਬਦਬਾ ਕਾਇਮ ਕੀਤਾ।
ਮੱਠ ਵਿਚ ਸ਼ਾਮਲ ਹੋਣ ਤੋਂ ਬਾਅਦ ਅਦਿੱਤਿਆਨਾਥ ਨੇ ਜ਼ਿਆਦਾਤਰ ਸ਼ੁਰੂਆਤੀ ਵਕਤ ਗਾਵਾਂ ਦੀ ਦੇਖਭਾਲ ਕਰਦਿਆਂ ਆਪਣੇ ਗੁਰੂ ਦੀ ਸੇਵਾ ਕਰਦਿਆਂ ਅਤੇ ਆਪਣੀ ਨਵੀਂ ਦੁਨੀਆ ‘ਚ ਆਪਣੇ ਪੈਰ ਜਮਾਉਂਦਿਆਂ ਗੁਜ਼ਾਰਿਆ। 1996 ਦੀਆਂ ਗਰਮੀਆਂ ਵਿਚ ਅਦਿੱਤਿਆਨਾਥ ਨੇ ਅਨਿਸ਼ਚਿਤਤਾ ਤਿਆਗ ਦਿੱਤੀ ਅਤੇ ਮਹਾਰਾਣਾ ਪ੍ਰਤਾਪ ਇੰਟਰ ਕਾਲਜ – ਜੋ ਗੋਰਖਨਾਥ ਮੱਠ ਦੁਆਰਾ ਚਲਾਈ ਜਾਂਦੀ ਸੰਸਥਾ ਹੈ, ਦੀ ਵਰਤੋਂ ਕਰਦੇ ਹੋਏ ਨਵੀਂ ਸ਼ੁਰੂਆਤ ਕਰਨ ਲਈ ਜਨਤਕ ਤੌਰ ‘ਤੇ ਸਾਹਮਣੇ ਆ ਗਿਆ। ਕਾਲਜ ਦੇ ਪਾੜ੍ਹਿਆਂ ਦੀ ਸ਼ਹਿਰ ਦੇ ਗੋਲਘਰ ਬਾਜ਼ਾਰ ਵਿਚ ਦੁਕਾਨਦਾਰਾਂ ਨਾਲ ਲੜਾਈ ਹੋ ਗਈ ਸੀ, ਅਦਿੱਤਿਆਨਾਥ ਨੇ ਉਨ੍ਹਾਂ ਦੀ ਡਟ ਕੇ ਹਮਾਇਤ ਕੀਤੀ।
ਸੁਨੀਲ ਸਿੰਘ ਨੇ ਮੈਨੂੰ ਦੱਸਿਆ, “ਉਦੋਂ ਮੈਂ ਪਹਿਲੀ ਵਾਰ ਅਦਿੱਤਿਆਨਾਥ ਨੂੰ ਦੇਖਿਆ। ਉਹ ਵਿਦਿਆਰਥੀਆਂ ਦੇ ਮੁੱਦੇ ਨੂੰ ਉਠਾਉਣ ਲਈ ਆਤਮ-ਵਿਸ਼ਵਾਸੀ ਅਤੇ ਦ੍ਰਿੜ ਸੰਕਲਪ ਜਾਪਦਾ ਸੀ। ਮੈਂ ਉਸ ਤੋਂ ਸੱਚਮੁੱਚ ਪ੍ਰਭਾਵਿਤ ਹੋਇਆ।” ਕਾਲਜ ਦੇ ਸਾਬਕਾ ਵਿਦਿਆਰਥੀ ਸਿੰਘ ਨੇ ਇਕਮੁੱਠਤਾ ਦਿਖਾਉਣ ਲਈ ਕੈਂਪਸ ਦਾ ਗੇੜਾ ਮਾਰਿਆ। ਸੂਨੀਲ ਸਿੰਘ ਨੇ ਦੱਸਿਆ, “ਲੜਾਈ ਮਾਮੂਲੀ ਗੱਲ ਨੂੰ ਲੈ ਕੇ ਸ਼ੁਰੂ ਹੋਈ ਪਰ ਇਹ ਦੋਵੇਂ ਧਿਰਾਂ ਵਿਚਕਾਰ ਵੱਡੇ ਟਕਰਾਅ ‘ਚ ਬਦਲ ਗਈ ਜਿਸ ਦੇ ਨਤੀਜੇ ਵਜੋਂ ਪੁਲਿਸ ਵਿਦਿਆਰਥੀਆਂ ਦਾ ਪਿੱਛਾ ਕਰਦੀ ਹੋਸਟਲ ਤੱਕ ਗਈ।…ਜਦੋਂ ਤਣਾਅ ਜ਼ਿਆਦਾ ਸੀ, ਅਦਿੱਤਿਆਨਾਥ ਕਾਲਜ ਦੇ ਹੋਸਟਲ ਵਿਚ ਗਿਆ। ਉਸ ਦੀ ਮੌਜੂਦਗੀ ਨੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ। ਉਹ ਉਸ ਦੇ ਪਿੱਛੇ ਲਾਮਬੰਦ ਹੋ ਗਏ ਅਤੇ ਪੁਲਿਸ ਨੂੰ ਪਿੱਛੇ ਹਟਣਾ ਪਿਆ।”
ਸੁਨੀਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਅਦਿੱਤਿਆਨਾਥ ਵਿਚ ਆਪਣਾ ਆਦਰਸ਼ ਮਿਲ ਗਿਆ। ਅਗਲੀ ਸਵੇਰ ਸੁਨੀਲ ਸਿੰਘ ਆਪਣੇ ਮਿੱਤਰਾਂ ਅਸ਼ੀਸ਼ ਸਿੰਘ ਸ਼੍ਰੀਨਾਤੇ, ਅਮਿਤ ਸਿੰਘ, ਕੁਮਾਰ ਗੌਰਵ ਅਤੇ ਮਯੰਕ ਤ੍ਰਿਪਾਠੀ ਨਾਲ ਅਦਿੱਤਿਆਨਾਥ ਦੇ ਦਰਸ਼ਨਾਂ ਕਰਨ ਲਈ ਮੰਦਰ ਜਾ ਪਹੁੰਚਿਆ। ਸੁਨੀਲ ਸਿੰਘ ਨੇ ਚੇਤੇ ਕੀਤਾ ਕਿ ਉਹ ਉਨ੍ਹਾਂ ਨੂੰ “ਮੰਦਰ ਨਾਲ ਸੰਬੰਧਤ ਗਊਸ਼ਾਲਾ ਵਿਚ ਉਸਾਰੀ ਦੇ ਕੰਮ ਦੀ ਨਿਗਰਾਨੀ ਕਰਦਾ ਹੋਇਆ ਮਿਲਿਆ। ਸਾਨੂੰ ਦੇਖ ਕੇ ਉਸ ਨੇ ਆਪਣਾ ਕੰਮ ਛੱਡ ਦਿੱਤਾ। ਉਹ ਸਾਡੇ ਨਾਮ ਅਤੇ ਜਾਤ ਪੁੱਛ ਕੇ ਸੰਤ ਆਸ਼ਰਮ ਵਿਚ ਆਪਣੇ ਕਮਰੇ ‘ਚ ਲੈ ਗਿਆ। ਅਸੀਂ ਗੋਰਖਪੁਰ ਦੇ ਰਾਜਨੀਤਕ ਮਾਹੌਲ ਅਤੇ ਠਾਕੁਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਲੰਮੀ ਚਰਚਾ ਕੀਤੀ।” ਸੁਨੀਲ ਸਿੰਘ ਖੁਦ ਠਾਕੁਰ ਹੈ।
ਸੁਨੀਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਰੋਜ਼ਾਨਾ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਅਤੇ ਮਿਲ ਕੇ ਆਪਣੇ ਉਦੇਸ਼ ਲਈ ਹੋਰ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਕੀਤਾ। ਉਸ ਨੇ ਦੱਸਿਆ, “ਅਸੀਂ ਗਊਸ਼ਾਲਾ ਦੇ ਨੇੜੇ ਜ਼ਮੀਨ ਵੀ ਪੱਧਰੀ ਕੀਤੀ ਅਤੇ ਉੱਥੇ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ।” ਅਦਿੱਤਿਆਨਾਥ ਦੀ ਜਿਸ ਗੱਲ ਨੇ ਉਨ੍ਹਾਂ ਨੂੰ ਖਾਸ ਤੌਰ ‘ਤੇ ਪ੍ਰਭਾਵਿਤ ਕੀਤਾ, ਉਹ ਸੀ- “ਉਸ ਨੇ ਗੋਰਖਪੁਰ ਵਿਚ ਠਾਕੁਰਾਂ ਦੀ ਸਥਿਤੀ ਨੂੰ ਸਮਝਣ ‘ਚ ਖਾਸ ਦਿਲਚਸਪੀ ਲਈ।”
ਅਦਿੱਤਿਆਨਾਥ ਨੇ ਆਪਣੇ ਆਪ ਨੂੰ ਖੇਤਰ ਦੀ ਤਣਾਓਪੂਰਨ ਜਾਤਪਾਤੀ ਗਤੀਸ਼ੀਲਤਾ ਦੇ ਕੇਂਦਰ ‘ਚ ਰੱਖਣਾ ਸ਼ੁਰੂ ਕਰ ਦਿੱਤਾ ਸੀ। ਗੋਰਖਪੁਰ ਦੇ ਸੀਨੀਅਰ ਪੱਤਰਕਾਰ ਮਨੋਜ ਕੁਮਾਰ ਨੇ ਮੈਨੂੰ ਦੱਸਿਆ, “ਇਹ ਜਾਤੀ ਆਧਾਰਤ ਭੇਦਭਾਵ ਵਾਂਗ ਜਾਪਦਾ ਹੈ ਪਰ ਇਹ ਇਸ ਤੋਂ ਵੀ ਅੱਗੇ ਹੈ।” ਇਹ ਉਹ ਵਕਤ ਸੀ ਜਦੋਂ ਦੋ ਗੈਂਗਸਟਰਾਂ – ਹਰੀਸ਼ੰਕਰ ਤਿਵਾੜੀ ਜੋ ਬ੍ਰਾਹਮਣ ਸੀ ਤੇ ਠਾਕੁਰ ਵਰਿੰਦਰ ਪ੍ਰਤਾਪ ਸ਼ਾਹੀ – ਦੀ ਜਾਤੀ ਆਧਾਰਤ ਦੁਸ਼ਮਣੀ ਦਾ ਗੋਰਖਪੁਰ ਉੱਪਰ ਬੋਲਬਾਲਾ ਸੀ। ਇੱਥੋਂ ਤੱਕ ਕਿ ਅਦਿੱਤਿਆਨਾਥ ਦੀ ਤਾਕਤ ਦਾ ਮੁੱਖ ਸਰੋਤ ਗੋਰਕਸ਼ਾਪੀਠ ਮੱਠ ਵੀ ਠਾਕੁਰ ਮੱਠ ਵਜੋਂ ਮਸ਼ਹੂਰ ਸੀ।
ਠਾਕੁਰ ਦੇ ਦਬਦਬੇ ਵਾਲੇ ਖੇਤਰ ਦਾ ਸਿਰਮੌਰ ਆਗੂ ਬਣਨ ਲਈ ਅਦਿੱਤਿਆਨਾਥ ਨੂੰ ਪਹਿਲਾਂ ਸਿਰਮੌਰ ਠਾਕੁਰ ਨੇਤਾ ਬਣਨਾ ਪੈਣਾ ਸੀ। 1996 ਦੀਆਂ ਲੋਕ ਸਭਾ ਚੋਣਾਂ ਵਿਚ ਅਵੈਦਿਆਨਾਥ ਨੂੰ ਵੀਰੇਂਦਰ ਪ੍ਰਤਾਪ ਸ਼ਾਹੀ ਤੋਂ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਜੋ ਗੋਰਖਪੁਰ ਸੀਟ ਲਈ ਸਮਾਜਵਾਦੀ ਪਾਰਟੀ ਦੀ ਟਿਕਟ ‘ਤੇ ਚੋਣ ਲੜ ਰਿਹਾ ਸੀ ਅਤੇ ਦੂਜੇ ਸਥਾਨ ‘ਤੇ ਰਿਹਾ ਸੀ। 1997 ‘ਚ ਉੱਭਰ ਰਹੇ ਬ੍ਰਾਹਮਣ ਗੈਂਗਸਟਰ ਸ੍ਰੀ ਪ੍ਰਕਾਸ਼ ਸ਼ੁਕਲਾ ਵੱਲੋਂ ਸ਼ਾਹੀ ਦਾ ਕਤਲ ਗੋਰਖਪੁਰ ਵਿਚ ਠਾਕੁਰਾਂ ਦੇ ਦਬਦਬੇ ਲਈ ਪਛਾੜ ਜਾਪਦਾ ਸੀ ਪਰ ਇਸ ਨੇ ਅਦਿੱਤਿਆਨਾਥ ਨੂੰ ਖਾਲੀ ਥਾਂ ਭਰਨ ਦਾ ਮੌਕਾ ਵੀ ਦਿੱਤਾ।
1998 ‘ਚ ਅਗਲੀਆਂ ਲੋਕ ਸਭਾ ਚੋਣਾਂ ਵਿਚ ਅਵੈਦਿਆਨਾਥ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਅਤੇ ਆਪਣੇ ਜਾਨਸ਼ੀਨ ਨੂੰ ਭਾਜਪਾ ਉਮੀਦਵਾਰ ਬਣਨ ਦੀ ਇਜਾਜ਼ਤ ਦੇ ਦਿੱਤੀ। ਹਾਲਾਂਕਿ ਉਹ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਜਮਨਾ ਪ੍ਰਸਾਦ ਨਿਸ਼ਾਦ ਜੋ ਹੋਰ ਪਛੜੀਆਂ ਸ਼੍ਰੇਣੀਆਂ ‘ਚੋਂ ਸੀ, ਵਿਰੁੱਧ ਜਿੱਤ ਗਿਆ ਪਰ ਜਿੱਤ ਦਾ ਅੰਤਰ 1996 ਵਾਲੇ ਤੋਂ ਤੇਜ਼ੀ ਨਾਲ ਘੱਟ ਗਿਆ ਸੀ। ਮੁਸਲਮਾਨਾਂ ਅਤੇ ਓ.ਬੀ.ਸੀ. ਵਿਚ ਹਮਾਇਤੀ ਆਧਾਰ ਵਾਲੀ ਸਮਾਜਵਾਦੀ ਪਾਰਟੀ ਭਾਜਪਾ ਦੇ ਪਾੜੇ ਨੂੰ ਤੇਜ਼ੀ ਨਾਲ ਭਰਦੀ ਜਾਪਦੀ ਸੀ ਜੋ ਅਦਿੱਤਿਆਨਾਥ ਨੂੰ ਅਨਿਸ਼ਚਿਤ ਸਿਆਸੀ ਹੋਣੀ ਵੱਲ ਲਿਜਾ ਰਹੀ ਸੀ।
ਅਦਿੱਤਿਆਨਾਥ ਦੀ ਅਗਵਾਈ ਹੇਠ ਫਿਰਕੂ ਹਮਲਿਆਂ ਦੀ ਸੂਚੀ ਦਿੰਦਿਆਂ ਸੁਨੀਲ ਸਿੰਘ ਨੇ ਕਿਹਾ, “ਇਸ ਪਿਛੋਕੜ ‘ਚ ਗੋਰਖਪੁਰ ਅਤੇ ਨੇੜਲੇ ਖੇਤਰਾਂ ‘ਚ ਖੁੱਲ੍ਹੇਆਮ ਮੁਸਲਿਮ ਵਿਰੋਧੀ ਫਿਰਕੂ ਰਾਜਨੀਤੀ ਸ਼ੁਰੂ ਹੋਈ।… ਮੈਂ ਲੱਗਭੱਗ ਸਭ ਘਟਨਾਵਾਂ ਵਿਚ ਉਸ ਦੇ ਨਾਲ ਸੀ। ਸ਼ਾਇਦ ਹੀ ਕੋਈ ਅਜਿਹਾ ਮਾਮਲਾ ਹੋਵੇ ਜਿਸ ਵਿਚ ਮੈਂ ਉਸ ਦੇ ਨਾਲ ਦੋਸ਼ੀ ਨਾ ਰਿਹਾ ਹੋਵਾਂ।”
ਇਨ੍ਹਾਂ ਵਿਚੋਂ ਸਭ ਤੋਂ ਬਦਨਾਮ 1999 ਦਾ ਪੰਚਰੁਖੀਆ ਕਾਂਡ ਸੀ। ਸੁਨੀਲ ਸਿੰਘ ਨੇ ਦੱਸਿਆ, “ਅਸੀਂ ਮਹਾਰਾਜਗੰਜ ਵਿਚ ਸੀ ਜਦੋਂ ਖਬਰ ਆਈ ਕਿ ਕਿਸੇ ਨੇ ਪਿੱਪਲ ਦਾ ਪੌਦਾ ਪੁੱਟ ਦਿੱਤਾ ਹੈ ਜੋ ਕੁਝ ਸਥਾਨਕ ਹਿੰਦੂਆਂ ਨੇ ਲਾਇਆ ਸੀ। ਇਸ ਨੂੰ ਹਟਾਉਣ ਵਾਲਿਆਂ ਨੇ ਦਾਅਵਾ ਕੀਤਾ ਕਿ ਜਿਸ ਜਗ੍ਹਾ ਇਹ ਲਾਇਆ ਗਿਆ ਸੀ, ਉਹ ਮੁਸਲਮਾਨ ਕਬਰਿਸਤਾਨ ਦਾ ਹਿੱਸਾ ਸੀ। ਅਦਿੱਤਿਆਨਾਥ ਨੇ ਤੁਰੰਤ ਐਲਾਨ ਕੀਤਾ ਕਿ ਉਹ ਉਸੇ ਥਾਂ ‘ਤੇ ਦੁਬਾਰਾ ਪਿਪਲ ਦਾ ਪੌਦਾ ਲਗਾਉਣ ਲਈ ਸਿੱਧਾ ਪੰਚਰੁਖੀਆ ਜਾਵੇਗਾ।” ਇਸ ਐਲਾਨ ਨਾਲ ਸਥਾਨਕ ਪ੍ਰਸ਼ਾਸਨ ਚੁਕੰਨਾ ਹੋ ਕੇ ਹਰਕਤ ‘ਚ ਆ ਗਿਆ- “ਅਸੀਂ ਝੱਟਪੱਟ ਉਸ ਪਿੰਡ ਪਹੁੰਚ ਗਏ ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਕਾਰਵਾਈ ਨੂੰ ਅੰਜਾਮ ਦਿੰਦੇ, ਪੁਲਿਸ ਨੇ ਆ ਕੇ ਸਾਨੂੰ ਉੱਥੋਂ ਦਬੱਲ ਦਿੱਤਾ।”
ਅਦਿੱਤਿਆਨਾਥ ਦਾ ਕਾਫਲਾ ਪਿੰਡ ਤੋਂ ਭੱਜ ਤੁਰਿਆ ਪਰ ਉਨ੍ਹਾਂ ਨੂੰ ਤਲਤ ਅਜ਼ੀਜ਼ ਦੀ ਅਗਵਾਈ ਵਿਚ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਰੁਕਣ ਲਈ ਮਜਬੂਰ ਕਰ ਦਿੱਤਾ ਜੋ ਅਦਾਲਤ ਵਿਚ ਗ੍ਰਿਫਤਾਰੀ ਦੇਣ ਲਈ ਪਿੰਡ ਦੀ ਮੁੱਖ ਸੜਕ ‘ਤੇ ਇਕੱਠੇ ਹੋਏ ਸਨ। ਉਹ ਰਾਜ ਦੀ ਸੱਤਾਧਾਰੀ ਭਾਜਪਾ ਸਰਕਾਰ ਅਧੀਨ ਵਿਗੜ ਰਹੀ ਕਾਨੂੰਨ ਵਿਵਸਥਾ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਵਿਵਾਦ ਇਕਦਮ ਗੁੱਸੇਖੋਰ ਨਾਅਰੇਬਾਜ਼ੀ ਤੋਂ ਗੋਲੀਆਂ ਦੀ ਵਾਛੜ ‘ਚ ਬਦਲ ਗਿਆ। ਅਜ਼ੀਜ਼ ਦੇ ਸੁਰੱਖਿਆ ਗਾਰਡ ਸੱਤਿਆਪ੍ਰਕਾਸ਼ ਯਾਦਵ ਨਾਂ ਦੇ ਹੌਲਦਾਰ ਦੇ ਚਿਹਰੇ ‘ਤੇ ਗੋਲੀ ਲੱਗਣ ਨਾਲ ਉਹ ਡਿਗ ਪਿਆ, ਖੂਨ ਬਹੁਤ ਜ਼ਿਆਦਾ ਵਹਿ ਰਿਹਾ ਸੀ। ਬਾਅਦ ਵਿਚ ਉਸ ਦੀ ਮੌਤ ਹੋ ਗਈ। ਅਜ਼ੀਜ਼ ਅਤੇ ਸਮਾਜਵਾਦੀ ਪਾਰਟੀ ਦੇ ਹੋਰ ਵਰਕਰ ਭੈਅਭੀਤ ਹੋਏ ਆਲੇ-ਦੁਆਲੇ ਦੇ ਖੇਤਾਂ ‘ਚ ਭੱਜ ਗਏ ਅਤੇ ਅਦਿੱਤਿਆਨਾਥ ਤੇ ਉਸ ਦੇ ਆਦਮੀਆਂ ਦੇ ਨਿਕਲਣ ਲਈ ਰਾਹ ਪੱਧਰਾ ਹੋ ਗਿਆ।
ਤਿੰਨ ਘੰਟੇ ਬਾਅਦ ਮਹਾਰਾਜਗੰਜ ਪੁਲਿਸ ਨੇ ਅਦਿੱਤਿਆਨਾਥ ਅਤੇ 24 ਹੋਰਾਂ ‘ਤੇ ਇਰਾਦਾ ਕਤਲ, ਦੰਗੇ, ਮਾਰੂ ਹਥਿਆਰ ਰੱਖਣ, ਪੂਜਾ ਸਥਾਨ ਦੀ ਬੇਅਦਬੀ, ਮੁਸਲਿਮ ਕਬਰਿਸਤਾਨ ਵਿਚ ਘੁਸਣ ਅਤੇ ਵੈਰ ਭਾਵਨਾ ਨੂੰ ਉਕਸਾਉਣ ਸਮੇਤ ਅਪਰਾਧਾਂ ਦੀ ਲੰਮੀ ਸੂਚੀ ਤਹਿਤ ਐਫ.ਆਈ.ਆਰ. ਦਰਜ ਕੀਤੀ।
ਪੰਚਰੁਖੀਆ ਕਾਂਡ ਨੇ ਅਦਿੱਤਿਆਨਾਥ ਨੂੰ ਗੋਰਖਪੁਰ ਵਿਚ ਸਨਸਨੀਖੇਜ਼ ਹਸਤੀ ਬਣਾ ਦਿੱਤਾ ਪਰ ਇਸ ਨੇ ਸਮਾਜਵਾਦੀ ਪਾਰਟੀ ਦੀ ਵਧ ਰਹੀ ਹਮਾਇਤ ਨੂੰ ਪੁੱਠਾ ਗੇੜਾ ਨਹੀਂ ਦਿੱਤਾ। ਕੁਝ ਮਹੀਨੇ ਬਾਅਦ 1999 ਵਿਚ ਹੋਈ ਲੋਕ ਸਭਾ ਚੋਣ ਵਿਚ ਅਦਿੱਤਿਆਨਾਥ ਦੀ ਨਿਸ਼ਾਦ ਨਾਲੋਂ ਜਿੱਤ ਦਾ ਫਰਕ ਹੋਰ ਸੁੰਗੜ ਕੇ ਸਿਰਫ ਸੱਤ ਹਜ਼ਾਰ ਵੋਟਾਂ ਰਹਿ ਗਿਆ।
ਜਾਪਦਾ ਹੈ, 2002 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਹਾਰ ਨਾਲ ਹੋਈ ਦੁਰਗਤ ਨੇ ਅਦਿੱਤਿਆਨਾਥ ਨੂੰ ਨਿੱਜੀ ਹਿੰਦੂ ਮਿਲੀਸ਼ੀਆ ਬਣਾਉਣ ਲਈ ਪ੍ਰੇਰਿਆ। ਇਹ ਮੌਕਾ ਚੋਣ ਨਤੀਜਿਆਂ ਦੇ ਐਲਾਨ ਦੇ ਇਕ ਹਫਤੇ ਦੇ ਅੰਦਰ ਆਇਆ। 27 ਫਰਵਰੀ 2002 ਨੂੰ ਗੁਜਰਾਤ ਦੇ ਛੋਟੇ ਜਿਹੇ ਕਸਬੇ ਗੋਧਰਾ ਵਿਚ ਰੇਲਵੇ ਸਟੇਸ਼ਨ ਦੇ ਬਾਹਰ ਸਾਬਰਮਤੀ ਐਕਸਪ੍ਰੈਸ ਦੇ ਡੱਬੇ ‘ਚ ਅੱਗ ਲੱਗਣ ਕਾਰਨ 59 ਲੋਕ ਮਾਰੇ ਗਏ। ਇਸ ਘਟਨਾ ਨੇ ਹਾਲੀਆ ਭਾਰਤੀ ਇਤਿਹਾਸ ਵਿਚ ਮੁਸਲਿਮ ਵਿਰੋਧੀ ਹਿੰਸਾ ਦੇ ਸਭ ਤੋਂ ਭਿਆਨਕ ਵਿਸਫੋਟ ਨੂੰ ਜਨਮ ਦਿੱਤਾ, ਖਾਸ ਤੌਰ ‘ਤੇ ਗੁਜਰਾਤ ਵਿਚ ਕੇਂਦਰਤ ਖੂਨ-ਖਰਾਬੇ ਨਾਲ। ਜਦੋਂ ਮੁਲਕ ਟੈਲੀਵਿਜ਼ਨ ‘ਤੇ ਪ੍ਰਸਾਰਿਤ ਕੀਤੇ ਪਹਿਲੇ ਕਤਲੇਆਮ ਦੇ ਦ੍ਰਿਸ਼ਾਂ ਨਾਲ ਪ੍ਰੇਸ਼ਾਨ ਸੀ – ਕਿਉਂਕਿ ਸਦੀ ਦੇ ਆਖਰੀ ਦਹਾਕੇ ‘ਚ ਪ੍ਰਾਈਵੇਟ ਨਿਊਜ਼ ਚੈਨਲਾਂ ‘ਚ ਉਛਾਲ ਆਇਆ ਸੀ – ਅਦਿੱਤਿਆਨਾਥ ਨੇ ਹਿੰਦੂ ਯੁਵਾ ਵਾਹਿਨੀ ਖੜ੍ਹੀ ਕਰਨ ਲਈ ਪਹਿਲੇ ਕਦਮ ਚੁੱਕੇ।
ਵਾਹਿਨੀ ਬਣਾਏ ਜਾਣ ਦੇ ਇਕ ਸਾਲ ਦੇ ਅੰਦਰ ਗੋਰਖਪੁਰ ਅਤੇ ਇਸ ਦੇ ਗੁਆਂਢੀ ਜ਼ਿਲ੍ਹਿਆਂ ‘ਚ ਬੇਸ਼ੁਮਾਰ ਛੋਟੀਆਂ ਘਟਨਾਵਾਂ ਤੋਂ ਇਲਾਵਾ ਫਿਰਕੂ ਹਿੰਸਾ ਦੇ ਘੱਟੋ-ਘੱਟ ਛੇ ਵੱਡੇ ਕਾਂਡ ਹੋਏ। ਜੂਨ ਮਹੀਨੇ ਕੁਸ਼ੀਨਗਰ ਜ਼ਿਲ੍ਹੇ ਦੇ ਮੋਹਨ ਮੁੰਡੇਰਾ, ਗੋਰਖਪੁਰ ਜ਼ਿਲ੍ਹੇ ਦੇ ਨਾਥੂਆ ਅਤੇ ਸ਼ਹਿਰ ਦੇ ਤੁਰਕਮਾਨਪੁਰ ਇਲਾਕੇ ‘ਚ; ਅਗਸਤ ਵਿਚ ਮਹਾਰਾਜਗੰਜ ਜ਼ਿਲ੍ਹੇ ਵਿਚ ਨਰਕਤਾਹਾ; ਤੇ ਸਤੰਬਰ ਵਿਚ ਮਹਾਰਾਜਗੰਜ ਜ਼ਿਲ੍ਹੇ ‘ਚ ਭੇਦਾਹੀ ਤੇ ਸੰਤ ਕਬੀਰ ਨਗਰ ਜ਼ਿਲ੍ਹੇ ਦੇ ਧਨਘਾਟਾ ਵਿਚ ਵੱਡੇ ਕਾਂਡ ਵਾਪਰੇ। ਸੱਭਿਆਚਾਰਕ ਸੰਸਥਾ ਵਜੋਂ ਰਜਿਸਟਰਡ ਹੋਣ ਦੇ ਬਾਵਜੂਦ ਗਰੁੱਪ ਪੂਰਾ ਹਮਲਾਵਰ ਸੀ। ਇਸ ਦੀ ਤਰਜੀਹੀ ਰਣਨੀਤੀ ਹਿੰਦੂ ਅਤੇ ਮੁਸਲਮਾਨ ਵਿਚਕਾਰ ਹਰ ਤਕਰਾਰ ਅਤੇ ਝਗੜੇ ਨੂੰ ਮਜ਼੍ਹਬੀ ਰੰਗਤ ਦੇਣਾ ਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਫਿਰਕੂ ਦੰਗਿਆਂ ਵਿਚ ਬਦਲਣ ਦੀ ਸੀ। ਅਗਲੇ ਸਾਲਾਂ ‘ਚ ਫਿਰਕੂ ਗੜਬੜ ਲਗਾਤਾਰ ਜਾਰੀ ਰਹੀ, ਕਿਉਂਕਿ ਸਥਾਨਕ ਪ੍ਰਸ਼ਾਸਨ ਬੇਅਸਰ ਰਿਹਾ।
ਇਸ ਖੇਤਰ ਦੇ ਫਿਰਕੂ ਦੰਗਿਆਂ ਬਾਰੇ ਵੇਰਵਾ ਤਿਆਰ ਕਰਨ ਵਾਲੇ ਮਨੋਜ ਕੁਮਾਰ ਨੇ ਦੱਸਿਆ, “2007 ਵਿਚ ਅਦਿੱਤਿਆਨਾਥ ਦੀ ਗ੍ਰਿਫਤਾਰੀ ਤੱਕ ਗੋਰਖਪੁਰ ਅਤੇ ਲਾਗਲੇ ਜ਼ਿਲ੍ਹਿਆਂ ‘ਚ ਘੱਟੋ-ਘੱਟ 22 ਵੱਡੇ ਦੰਗੇ ਹੋ ਚੁੱਕੇ ਹਨ।” ਅਸਲ ਵਿਚ, ਹਿੰਦੂ ਯੁਵਾ ਵਾਹਿਨੀ ਦੀਆਂ ਭੜਕਾਊ ਮੁਹਿੰਮਾਂ ਨੇ ਅਦਿੱਤਿਆਨਾਥ ਨੂੰ ਭਰਪੂਰ ਚੋਣ ਲਾਭ ਦਿੱਤਾ। 2004 ਦੀਆਂ ਲੋਕ ਸਭਾ ਚੋਣਾਂ ਵਿਚ ਉਸ ਨੇ ਗੋਰਖਪੁਰ ਸੀਟ ਜਿੱਤੀ, ਜਦੋਂ ਕਿ ਪੂਰੇ ਮੁਲਕ ‘ਚ ਭਾਜਪਾ ਦੀ ਹਾਰ ਹੋਈ। ਉਸ ਦੀ ਜਿੱਤ ਦਾ ਫਰਕ ਤੇਜ਼ੀ ਨਾਲ ਵਧ ਕੇ ਇਕ ਲੱਖ ਚਾਲੀ ਹਜ਼ਾਰ ਤੋਂ ਵੱਧ ਵੋਟਾਂ ਤੱਕ ਪਹੁੰਚ ਗਿਆ।
ਸ਼ੁਰੂ ‘ਚ ਇਉਂ ਜਾਪਿਆ ਕਿ 2007 ਦੇ ਝਟਕੇ, ਜਦੋਂ ਉਹ ਜੇਲ੍ਹ ਗਿਆ ਅਤੇ ਬਾਅਦ ਵਿਚ ਲੋਕ ਸਭਾ ਵਿਚ ਰੋਇਆ- ਨੇ ਸ਼ੁਰੂ ‘ਚ ਅਦਿੱਤਿਆਨਾਥ ਨੂੰ ਸਿਆਸੀ ਤੌਰ ‘ਤੇ ਵਧੇਰੇ ਸਮਝਦਾਰ ਅਤੇ ਸੰਜਮੀ ਬਣਾ ਦਿੱਤਾ ਸੀ। ਥੋੜ੍ਹੇ ਸਮੇਂ ਲਈ ਉਸ ਨੇ ਆਮ ਤੌਰ ‘ਤੇ ਨਿੱਜੀ ਰੂਪ ‘ਚ ਭੀੜ ਦੀ ਅਗਵਾਈ ਕਰਨ ਅਤੇ ਮੁਸਲਮਾਨਾਂ ‘ਤੇ ਹਮਲਿਆਂ ‘ਚ ਹਿੱਸਾ ਲੈਣ ਤੋਂ ਪਰਹੇਜ਼ ਕੀਤਾ ਜਿਵੇਂ ਉਹ ਪਹਿਲਾਂ ਕਰਦਾ ਸੀ। ਅਦਿੱਤਿਆਨਾਥ ਸਿਰਫ ਭੜਕਾਊ ਭਾਸ਼ਣ ਦੇਣ ਅਤੇ ਸੰਕੇਤਕ ਕਾਰਵਾਈਆਂ ‘ਚ ਹਿੱਸਾ ਲੈਣ ‘ਤੱਕ ਸੀਮਤ ਰਿਹਾ, ਜਦੋਂ ਕਿ ਬਾਕੀ ਕੰਮ ਉਸ ਦੀ ਹਿੰਦੂ ਮਿਲੀਸ਼ੀਆ ਕਰਦੀ ਰਹੀ। ਇਸ ਰਣਨੀਤੀ ਨਾਲ ਉਹ 2009 ‘ਚ ਹੋਰ ਵੀ ਵੱਡੇ ਫਰਕ ਨਾਲ ਲੋਕ ਸਭਾ ‘ਚ ਵਾਪਸ ਆ ਗਿਆ।
ਜਦੋਂ ਨਰਿੰਦਰ ਮੋਦੀ ਨੇ 2014 ਦੀਆਂ ਆਮ ਚੋਣਾਂ ਲਈ ਆਪਣੀ ਮੁਹਿੰਮ ਸ਼ੁਰੂ ਕੀਤੀ ਤਾਂ ਅਦਿੱਤਿਆਨਾਥ ਅਤੇ ਉਸ ਦੀ ਮਿਲੀਸ਼ੀਆ ਨੇ ਪੂਰਬੀ ਉੱਤਰ ਪ੍ਰਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਆਪਣੀ ਡੂੰਘੀ ਜਥੇਬੰਦਕ ਮੌਜੂਦਗੀ ਨਾਲ ਇਸ ਵਿਚ ਕੇਂਦਰੀ ਭੂਮਿਕਾ ਨਿਭਾਈ। ਭਾਜਪਾ ਦੀ ਜਿੱਤ ਅਤੇ ਮੋਦੀ ਦੀ ਤਰੱਕੀ ਤੋਂ ਬਾਅਦ ਹਿੰਦੂ ਯੁਵਾ ਵਾਹਿਨੀ ਨੇ ਰਾਜ ਦੀਆਂ 2017 ਵਿਧਾਨ ਸਭਾ ਚੋਣਾਂ ਲਈ ਅਦਿੱਤਿਆਨਾਥ ਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕਰਨ ਲਈ ਭਾਜਪਾ ਨੂੰ ਮਜਬੂਰ ਕਰਨ ਖਾਤਰ ਮੁਹਿੰਮ ਵਿੱਢ ਦਿੱਤੀ ਪਰ ਉਹ ਆਪਣਾ ਰਾਹ ਅਖਤਿਆਰ ਨਹੀਂ ਕਰ ਸਕਦਾ ਸੀ ਅਤੇ ਭਾਜਪਾ ਇਸ ਅਹੁਦੇ ਲਈ ਕਿਸੇ ਵਿਅਕਤੀ ਨੂੰ ਚੁਣੇ ਬਿਨਾ ਹੀ ਚੋਣ ਮੈਦਾਨ ‘ਚ ਕੁੱਦ ਪਈ। ਚੋਣਾਂ ਤੋਂ ਪਹਿਲਾਂ ਅਦਿੱਤਿਆਨਾਥ ਨੂੰ ਰਤਾ ਕੁ ਝਟਕਾ ਲੱਗਾ। ਵਾਹਿਨੀ ਦੇ ਆਗੂਆਂ ਦੀਆਂ ਵਧਦੀਆਂ ਰਾਜਨੀਤਕ ਇੱਛਾਵਾਂ ਨੇ ਮਿਲੀਸ਼ੀਆ ਵਿਚ ਫੁੱਟ ਪਾ ਦਿੱਤੀ, ਜਦੋਂ ਸੁਨੀਲ ਸਿੰਘ ਸਮੇਤ ਇਸ ਦੇ ਕੁਝ ਮੈਂਬਰਾਂ ਨੂੰ ਭਾਜਪਾ ਵੱਲੋਂ ਚੋਣ ਉਮੀਦਵਾਰ ਨਹੀਂ ਬਣਾਇਆ ਗਿਆ। ਬਾਗੀਆਂ ਨੇ ਦਰਜਨ ਤੋਂ ਵੱਧ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਪਰ ਉਹ ਹਾਰ ਗਏ।
ਹੁਣ ਅਦਿੱਤਿਆਨਾਥ ਉੱਤਰ ਪ੍ਰਦੇਸ਼ ਵਿਚ ਸਭ ਤੋਂ ਵੱਧ ਪਾਲਾਬੰਦੀ ਕਰਨ ਵਾਲਾ ਵਿਅਕਤੀ ਸੀ।
ਅਗਲਾ ਮੁੱਖ ਮੰਤਰੀ ਕਿਸ ਨੂੰ ਬਿਠਾਉਣਾ ਹੈ, ਭਾਜਪਾ ਨੇਂ ਇਹ ਫੈਸਲਾ ਕਰਨ ਤੋਂ ਪਹਿਲਾ ਹਫਤਾ ਬੇਚੈਨੀ ਭਰਿਆ ਸੀ। ਜਿਸ ਦਿਨ 11 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਈ, ਲਖਨਊ ਵਿਚ ਅਫਵਾਹਾਂ ਅਤੇ ਵਿਵਾਦਾਂ ਦੀ ਭਰਮਾਰ ਸੀ ਕਿਉਂਕਿ ਪਾਰਟੀ ਦੇ ਅੰਦਰ ਜ਼ੋਰਦਾਰ ਕਸ਼ਮਕਸ਼ ਚੱਲ ਰਹੀ ਸੀ। ਮਨੋਜ ਸਿਨਹਾ ਨੂੰ ਇਸ ਅਹੁਦੇ ਲਈ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਸੀ। ਜਦੋਂ ਅਦਿੱਤਿਆਨਾਥ ਦੇ ਸਿਰ ‘ਤੇ ਤਾਜ ਸਜਿਆ ਤਾਂ ਦੇਖਣ ਵਾਲੇ ਹੈਰਾਨ ਰਹਿ ਗਏ।
ਜਦੋਂ ਅਦਿੱਤਿਆਨਾਥ ਸਫਲਤਾ ਦੀ ਟੀਸੀ ‘ਤੇ ਪਹੁੰਚਿਆ ਤਾਂ ਉਸ ਦਾ ਅਤੀਤ ਵੀ ਨਾਲ ਜੁੜਿਆ ਰਿਹਾ। ਅਲਾਹਾਬਾਦ ਹਾਈ ਕੋਰਟ ਨੇ ਪਰਵੇਜ਼ ਪਰਵਾਜ਼ ਵੱਲੋਂ ਦਾਇਰ ਪਟੀਸ਼ਨ ‘ਤੇ ਕਾਰਵਾਈ ਕਰਦੇ ਹੋਏ 10 ਮਾਰਚ 2017 ਨੂੰ (ਵੋਟਾਂ ਦੀ ਗਿਣਤੀ ਤੋਂ ਇਕ ਦਿਨ ਪਹਿਲਾਂ) ਹੁਕਮ ਜਾਰੀ ਕਰਕੇ ਰਾਜ ਸਰਕਾਰ ਨੂੰ 2007 ਵੱਲੋਂ ਅਦਿੱਤਿਆਨਾਥ ਦੇ ਗੋਰਖਪੁਰ ਵਿਚ ਦਿੱਤੇ ਭੜਕਾਊ ਭਾਸ਼ਣ ਨਾਲ ਸੰਬੰਧਤ ਕੇਸ ਦੀ ਸਥਿਤੀ ਦੱਸਣ ਲਈ ਕਿਹਾ। ਮੁੱਖ ਮੰਤਰੀ ਬਣਦਿਆਂ ਹੀ ਉਸ ਨੂੰ ਆਪਣੇ ਮੇਜ਼ ਉੱਪਰ ਪੁਲਿਸ ਵੱਲੋਂ ਇਸ ਕੇਸ ਦਾ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਦੀ ਬੇਨਤੀ ਮਿਲੀ।
ਪਰਵਾਜ਼ ਨੇ ਇਕ ਦਹਾਕੇ ਤੱਕ ਇਸ ਕੇਸ ਦੀ ਪੈਰਵਾਈ ਕੀਤੀ ਸੀ। ਉਸ ਨੇ 2017 ਵਿਚ ਮੈਨੂੰ ਦੱਸਿਆ, “ਸ਼ੁਰੂ ‘ਚ ਮੈਂ ਸੋਚਦਾ ਸੀ ਕਿ ਇਸ ਦਾ ਨਤੀਜਾ ਬੁਰਾ ਹੋਵੇਗਾ। ਮੇਰੇ ਕੋਲ ਜੋ ਵੀ ਜਾਇਦਾਦ ਸੀ, ਵੇਚਣੀ ਪਈ ਤਾਂ ਜੋ ਮੈਂ ਅਦਾਲਤੀ ਲੜਾਈ ਲੜ ਸਕਾਂ ਜੋ ਅਨੰਤ ਜਾਪਦੀ ਸੀ ਪਰ ਮੇਰੇ ਕੋਲ ਅਦਿੱਤਿਆਨਾਥ ਦੇ ਖਿਲਾਫ ਠੋਸ ਸਬੂਤ ਸਨ, ਤੇ ਇਹ ਘੋਰ ਨਿਰਾਸ਼ਾ ‘ਚ ਵੀ ਮੈਨੂੰ ਢਾਰਸ ਦਿੰਦੇ ਰਹੇ।”
ਪਰਵਾਜ਼ ਨੇ ਜੋ ਸਬੂਤ ਜੁਟਾਏ ਸਨ, ਉਨ੍ਹਾਂ ਦੇ ਆਧਾਰ ‘ਤੇ ਪੁਲਿਸ ਨੇ ਸ਼ੁਰੂ ‘ਚ ਐਫ.ਆਈ.ਆਰ. ਦਰਜ ਕਰਨ ਤੋਂ ਨਾਂਹ ਕਰ ਦਿੱਤੀ। ਉਹ ਅਦਾਲਤ ਚਲਾ ਗਿਆ। ਹਾਈ ਕੋਰਟ ਦੇ ਦਖਲ ਤੋਂ ਬਾਅਦ ਹੀ ਉਹ ਸਤੰਬਰ 2008 ‘ਚ ਗੋਰਖਪੁਰ ਦੇ ਛਾਉਣੀ ਥਾਣੇ ‘ਚ ਐਫ.ਆਈ.ਆਰ. ਦਰਜ ਕਰਵਾ ਸਕਿਆ। ਬਾਅਦ ਵਿਚ ਕ੍ਰਾਈਮ ਬ੍ਰਾਂਚ-ਸੀ.ਆਈ.ਡੀ. ਨੇ ਦੋਸ਼ਾਂ ਦੀ ਜਾਂਚ ਕੀਤੀ ਅਤੇ ਦੇਖਿਆ ਕਿ ਅਦਿੱਤਿਆਨਾਥ ਤੇ ਉਸ ਦੇ ਚਾਰ ਸਾਥੀਆਂ ਵਿਰੁੱਧ ਮੁਕੱਦਮਾ ਚਲਾਉਣ ਲਈ ਚੋਖਾ ਦਮ ਹੈ। ਕ੍ਰਾਈਮ ਬ੍ਰਾਂਚ-ਸੀ.ਆਈ.ਡੀ. ਦੇ ਸੁਝਾਏ ਦੋਸ਼ਾਂ ਵਿਚੋਂ ਇਕ ਭਾਰਤੀ ਦੰਡਾਵਲੀ ਦੀ ਧਾਰਾ 153 ਤਹਿਤ ਸੀ; ਭਾਵ, ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਉਕਸਾਉਣਾ, ਇਸ ਅਪਰਾਧ ਦਾ ਨੋਟਿਸ ਲੈਣ ਲਈ ਸਰਕਾਰੀ ਮਨਜ਼ੂਰੀ ਦੀ ਲੋੜ ਸੀ। ਇਸ ਲਈ 10 ਜੁਲਾਈ 2015 ਨੂੰ ਪੁਲਿਸ ਦੀ ਅਪਰਾਧ ਸ਼ਾਖਾ ਨੇ ਉੱਤਰ ਪ੍ਰਦੇਸ਼ ਦੇ ਗ੍ਰਹਿ ਵਿਭਾਗ ਤੋਂ ਅਦਿੱਤਿਆਨਾਥ ਅਤੇ ਹੋਰਾਂ ਵਿਰੁੱਧ ਮੁਕੱਦਮਾ ਚਲਾਉਣ ਦੀ ਇਜਾਜ਼ਤ ਮੰਗੀ। ਇਹ ਬੇਨਤੀ ਲੱਗਭੱਗ ਦੋ ਸਾਲ ਪਈ ਰਹੀ ਕਿਉਂਕਿ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਪਣੇ ਪਿਤਾ ਮੁਲਾਇਮ ਸਿੰਘ ਯਾਦਵ ਦੀ ਅਦਿੱਤਿਆਨਾਥ ਪ੍ਰਤੀ ਖੁਸ਼ਾਮਦੀ ਨੀਤੀ ਨੂੰ 2017 ਦੀਆਂ ਚੋਣਾਂ ਵਿਚ ਸਮਾਜਵਾਦੀ ਪਾਰਟੀ ਦੀ ਹਾਰ ਹੋਣ ਤੱਕ ਜਾਰੀ ਰੱਖਿਆ।
ਹੁਣ ਜਦੋਂ ਉਹ ਮੁੱਖ ਮੰਤਰੀ ਸੀ ਤਾਂ ਅਦਿੱਤਿਆਨਾਥ ਲਈ ਆਪਣੇ ਕੰਮਾਂ ਦੀ ਵਿਆਪਕ ਜਨਤਕ ਜਾਂਚ ਤੋਂ ਬਚਣਾ ਬਹੁਤ ਮੁਸ਼ਕਿਲ ਸੀ। ਇਸ ਤੋਂ ਬਾਅਦ ਦੇ ਮਹੀਨਿਆਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਸਵੈ-ਸੁਰੱਖਿਆ ਅਜੇ ਵੀ ਉਸ ਦਾ ਮੁੱਖ ਰਾਹ ਦਰਸਾਊ ਉਦੇਸ਼ ਹੈ – ਉਹ ਮੁਕੱਦਮੇ ਤੋਂ ਬਿਨਾ ਹੀ ਆਪਣੇ ਕੇਸ ਦਾ ਨਿਬੇੜਾ ਕਰਨ ‘ਚ ਕਾਮਯਾਬ ਹੋ ਗਿਆ।
11 ਮਈ 2017 ਨੂੰ ਰਾਜ ਸਰਕਾਰ ਨੇ ਮੁੱਖ ਸਕੱਤਰ ਰਾਹੁਲ ਭਟਨਾਗਰ ਦੁਆਰਾ ਦਾਇਰ ਹਲਫਨਾਮੇ ਰਾਹੀਂ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਉਸ ਨੇ ਐਫ.ਆਈ.ਆਰ. ਵਿਚ ਨਾਮਜ਼ਦ ਅਦਿੱਤਿਆਨਾਥ ਅਤੇ ਹੋਰਾਂ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਸ ਦੇ ਆਧਾਰ ‘ਤੇ ਅਲਾਹਾਬਾਦ ਹਾਈ ਕੋਰਟ ਨੇ 22 ਫਰਵਰੀ 2018 ਨੂੰ ਪਰਵਾਜ਼ ਦੀ ਪਟੀਸ਼ਨ ਖਾਰਜ ਕਰ ਦਿੱਤੀ। ਆਪਣੇ ਸਹਿ-ਪਟੀਸ਼ਨਰ ਅਸਦ ਹਯਾਤ ਨਾਲ ਉਸ ਨੇ ਹੁਣ ਸੁਪਰੀਮ ਕੋਰਟ ਦਾ ਦਰ ਖੜਕਾਇਆ ਹੈ।
4 ਜੂਨ 2018 ਨੂੰ ਸੁਪਰੀਮ ਕੋਰਟ ਦੀ ਅਪੀਲ ‘ਤੇ ਵਿਚਾਰ ਕਰਨ ਤੋਂ ਪਹਿਲਾਂ ਗੋਰਖਪੁਰ ਦੇ ਰਾਜਘਾਟ ਥਾਣੇ ਨੇ ਪਰਵਾਜ਼ ਅਤੇ ਉਸ ਦੇ ਦੋਸਤ ਜੁੰਮਨ ਬਾਬਾ ‘ਤੇ ਬਲਾਤਕਾਰ ਦਾ ਦੋਸ਼ ਲਗਾਉਂਦੇ ਹੋਏ ਐਫ.ਆਈ.ਆਰ. ਦਰਜ ਕੀਤੀ। ਕੇਸ ਦੀ ਲਗਾਤਾਰ ਰਿਪੋਰਟਿੰਗ ਕਰਨ ਵਾਲੇ ਮਨੋਜ ਕੁਮਾਰ ਅਨੁਸਾਰ ਦੋਸ਼ਾਂ ‘ਚ ਕੋਈ ਦਮ ਨਹੀਂ ਸੀ। ਉਸ ਨੇ ਦਲੀਲ ਦਿੱਤੀ ਕਿ ਰਾਜਘਾਟ ਦੇ ਐਸ.ਐਚ.ਓ. ਆਸ਼ੂਤੋਸ਼ ਕੁਮਾਰ ਸਿੰਘ ਜਿਸ ਨੇ ਕਥਿਤ ਘਟਨਾ ਦੀ ਤਫਤੀਸ਼ ਕੀਤੀ, ਨੂੰ ਖੁਦ ਨੂੰ ਇਹ ਮਾਮਲਾ ਖੋਖਲਾ ਜਾਪਿਆ ਸੀ। ਮਨੋਜ ਕੁਮਾਰ ਨੇ ਮੈਨੂੰ ਦੱਸਿਆ, “ਆਪਣੀ ਰਿਪੋਰਟ ਵਿਚ ਉਸ ਨੇ ਮੈਨੂੰ ਦੱਸਿਆ ਕਿ ਜਿਸ ਥਾਂ ‘ਤੇ ਕਥਿਤ ਜੁਰਮ ਹੋਇਆ ਸੀ, ਉਹ ਭੀੜ-ਭੜੱਕੇ ਵਾਲੀ ਥਾਂ ਸੀ ਅਤੇ ਜੁਰਮ ਦੇ ਸਮੇਂ ਵੀ ਇਲਾਕਾ ਲੋਕਾਂ ਨਾਲ ਭਰਿਆ ਹੋਇਆ ਸੀ।” ਉਸ ਨੇ ਇਹ ਵੀ ਜ਼ਿਕਰ ਕੀਤਾ ਕਿ ਕਥਿਤ ਬਲਾਤਕਾਰ ਸਮੇਂ ਦੋਵਾਂ ਮੁਲਜਮਾਂ ਦੀ ਲੋਕੇਸ਼ਨ ਵਾਰਦਾਤ ਵਾਲੀ ਥਾਂ ਤੋਂ ਕਾਫੀ ਦੂਰ ਸੀ। ਇਸ ਲਈ ਐਸ.ਐਚ.ਓ. ਨੇ ਆਪਣੀ ਰਿਪੋਰਟ ਵਿਚ ਐਫ.ਆਈ.ਆਰ. ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ।”
ਐਸ.ਐਚ.ਓ. ਨੇ ਆਪਣੀ ਰਿਪੋਰਟ ਦੇਣ ਤੋਂ ਬਾਅਦ ਪਰਵਾਜ਼ ਨੇ ਫੇਸਬੁੱਕ ਪੋਸਟ ਵਿਚ ਪੁੱਛਿਆ ਕਿ ਜਦੋਂ ਉਹ ‘ਪੂਰਵਾਂਚਲ ਦੇ ਫਿਰਕਾਪ੍ਰਸਤਾਂ’ ਵਿਰੁੱਧ ਕਾਨੂੰਨੀ ਲੜਾਈ ਵਿਚ ਰੁੱਝਿਆ ਹੋਇਆ ਸੀ, ਫਿਰ ਕੌਣ ਉਸ ਨੂੰ ਇਸ ਕੇਸ ਵਿਚ ਝੂਠਾ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਅਦ ਵਿਚ ਉਸੇ ਮਹੀਨੇ ਗੋਰਖਪੁਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਸ਼ਲਭ ਮਾਥੁਰ ਨੇ ਐੱਸ.ਐਚ.ਓ. ਦੀ ਰਿਪੋਰਟ ਖਾਰਜ ਕਰ ਦਿੱਤੀ ਜਿਸ ਨੇ ਮਾਮਲੇ ਦੀ ਨਵੀਂ ਜਾਂਚ ਦੇ ਆਦੇਸ਼ ਦਿੱਤੇ। ਇਸ ਦੂਜੀ ਜਾਂਚ ਦੇ ਆਧਾਰ ‘ਤੇ ਪਰਵਾਜ਼ ਨੂੰ 25 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ। ਮਨੋਜ ਕੁਮਾਰ ਨੇ ਕਿਹਾ, “ਉਸ ਅਤੇ ਉਸ ਦੇ ਦੋਸਤ ‘ਤੇ ਜ਼ਿਲ੍ਹਾ ਅਦਾਲਤ ਵਿਚ ਮੁਕੱਦਮਾ ਚਲਾਇਆ ਗਿਆ ਸੀ ਜਿਸ ਨੇ ਉਨ੍ਹਾਂ ਨੂੰ ਜੁਲਾਈ 2020 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।”
ਦੋਵਾਂ ਮਾਮਲਿਆਂ ਵਿਚ ਅਪੀਲਾਂ ਵਿਚਾਰ-ਅਧੀਨ ਹਨ – ਅਦਿੱਤਿਆਨਾਥ ਖਿਲਾਫ ਨਫਰਤ ਭਰੇ ਭਾਸ਼ਣ ਦੇ ਮਾਮਲੇ ‘ਚ ਸੁਪਰੀਮ ਕੋਰਟ ਵਿਚ ਅਤੇ ਪਰਵਾਜ਼ ਦੇ ਖਿਲਾਫ ਬਲਾਤਕਾਰ ਦੇ ਮਾਮਲੇ ‘ਚ ਅਲਾਹਾਬਾਦ ਹਾਈ ਕੋਰਟ ਵਿਚ।
ਮੈਂ ਅਦਿੱਤਿਆਨਾਥ ਨੂੰ ਕਈ ਇੰਟਰਵਿਊ ਬੇਨਤੀਆਂ ਭੇਜੀਆਂ ਪਰ ਕੋਈ ਜਵਾਬ ਨਹੀਂ ਮਿਲਿਆ। (ਚੱਲਦਾ)