ਜਿਊਂਦੀਆਂ ਅੱਖਾਂ ਦੀ ਦਾਸਤਾਨ

ਐਤਕੀਂ ਪੰਜਾਬੀ ਵਿਚ ਸਰਵੋਤਮ ਰਚਨਾ ਲਈ ਸਾਲ 2021 ਦਾ ਸਾਹਿਤ ਅਕਾਦਮੀ ਪੁਰਸਕਾਰ ਖਾਲਿਦ ਹੁਸੈਨ ਨੂੰ ਉਸ ਦੇ ਕਹਾਣੀ ਸੰਗ੍ਰਹਿ ‘ਸੂਲਾਂ ਦਾ ਸਾਲਣੁ` ਲਈ ਮਿਲਿਆ ਹੈ। ਜੰਮੂ ਕਸ਼ਮੀਰ ਦਾ ਵਸਨੀਕ ਖਾਲਿਦ ਹੁਸੈਨ ਪਿਛਲੀ ਅੱਧੀ ਸਦੀ ਤੋਂ ਪੰਜਾਬੀ ਸਾਹਿਤ ਸਿਰਜਣਾ ਵਿਚ ਯੋਗਦਾਨ ਪਾਉਂਦਾ ਆ ਰਿਹਾ ਹੈ। ਫੈਂਟਸੀ ਵੰਨਗੀ ਵਾਲੀ ਉਸ ਦੀ ਕਹਾਣੀ ‘ਜਿਊਂਦੀਆਂ ਅੱਖਾਂ ਦੀ ਦਾਸਤਾਨ’ ਪੀੜ-ਪੀੜ ਹੋਏ ਕਸ਼ਮੀਰ ਦਾ ਹਾਲ ਬਿਆਨ ਕਰਦੀ ਹੈ।

ਖਾਲਿਦ ਹੁਸੈਨ

ਮੇਰੇ ਬੋਝਿਆਂ ਵਿਚ ਕਈ ਅੱਖਾਂ ਦੇ ਜੋੜੇ ਪਏ ਨੇ, ਜਿਹੜੇ ਮੇਰੇ ਅੰਤਰ ਮਨ ਨੂੰ ਝਰੂੰਡਦੇ ਰਹਿੰਦੇ ਨੇ। ਮੇਰੇ ਦਿਲ ਤੇ ਦਿਮਾਗ ਨੂੰ ਚੋਭਾਂ ਮਾਰਦੇ ਰਹਿੰਦੇ ਨੇ। ਇਹ ਸੱਜੇ ਬੋਝੇ ਵਿਚ ਪਈਆਂ ਅੱਖਾਂ ਦਾ ਜੋੜਾ ਰਾਜਨਾਥ ਰਾਜ਼ਦਾਨ ਦਾ ਹੈ ਜਿਹੜਾ ਮੇਰਾ ਗੂੜ੍ਹਾ ਯਾਰ ਸੀ ਤੇ ਜਿਸ ਨੂੰ ਸੰਨ 47 ਵਿਚ ਕਬਾਇਲੀਆਂ ਨੇ ਬੰਦੂਕ ਦੀਆਂ ਗੋਲੀਆਂ ਨਾਲ ਛਲਣੀ ਕਰ ਛੱਡਿਆ ਸੀ। ਇੱਕ ਗੋਲੀ ਉਸ ਦੇ ਸਿਰ ਨੂੰ ਦੋ-ਫਾੜ ਕਰ ਗਈ ਸੀ। ਉਹ ਤਾਂ ਮਰ ਗਿਆ ਸੀ ਪਰ ਉਸ ਦੀਆਂ ਅੱਖਾਂ ਜ਼ਿੰਦਾ ਸਨ ਤੇ ਮੈਨੂੰ ਘੂਰ ਰਹੀਆਂ ਸਨ। ਮੈਨੂੰ ਬੜਾ ਡਰ ਲੱਗਾ ਸੀ… ਆਪਣੇ ਆਪ ਕੋਲੋਂ ਤੇ ਕਬਾਇਲੀਆਂ ਦੀ ਦਹਿਸ਼ਤਗਰਦੀ ਕੋਲੋਂ… ਪਰ ਮੈਂ ਕੁਝ ਨਹੀਂ ਸਾਂ ਕਰ ਸਕਿਆ। ਭਲਾ ਚੌਥੀ ਜਮਾਤ ਵਿਚ ਪੜ੍ਹਨ ਵਾਲਾ ਬਾਲਕ ਕਰ ਵੀ ਕੀ ਸਕਦਾ ਸੀ? ਮੈਂ ਆਪਣੇ ਜਮਾਤੀ ਰਾਜਨਾਥ ਦੀਆਂ ਅੱਖਾਂ ਨੂੰ ਡੇਲਿਆਂ ਵਿਚੋਂ ਕੱਢ ਕੇ ਆਪਣੇ ਬੋਝੇ ਵਿਚ ਪਾ ਲਿਆ ਤਾਂ ਜੋ ਯਾਰ ਦੇ ਪਿਆਰ ਦੀ ਨਿਸ਼ਾਨੀ ਨੂੰ ਸਾਂਭ ਕੇ ਰੱਖ ਲਵਾਂ। ਅੱਖੋਂ ਵੇਖੇ ਇਸ ਕਾਂਡ ਕਾਰਨ ਚੋਖੇ ਚਿਰ ਤੀਕਰ ਹਜ਼ਾਰਾਂ ਬਿੱਛੂ ਮੇਰੇ ਸਰੀਰ ਨੂੰ ਡੰਗ ਮਾਰਦੇ ਰਹੇ ਸਨ ਤੇ ਮੈਂ ਪੀੜ ਨਾਲ ਕੁਰਲਾਣ ਲੱਗ ਪੈਂਦਾ ਸਾਂ।
ਰਾਜਨਾਥ ਨੂੰ ਮਾਰਨ ਦੀ ਘਟਨਾ ਅੱਜਰ ਵਿਚ ਹੋਈ ਸੀ ਜਿਹੜਾ ਬਾਂਡੀਪੁਰ ਦੇ ਲਾਗੇ ਵਸਦਾ ਰਸਦਾ ਪਿੰਡ ਸੀ। ਇਸ ਘਟਨਾ ਦਾ ਮੁਜਰਮ ਅਹਿਮਦ ਸ਼ੇਖ ਸੀ ਜਿਸ ਦੀ ਜ਼ਮੀਨ ਦਾ ਝਗੜਾ ਸਮਸਾਰ ਚੰਦ ਰਾਜ਼ਦਾਨ ਨਾਲ ਸੀ। ਅਹਿਮਦ ਸ਼ੇਖ ਦੀ ਜ਼ਮੀਨ ਸਮਸਾਰ ਚੰਦ ਦੇ ਖੇਤਾਂ ਨਾਲ ਮਿਲਦੀ ਸੀ। ਸਮਸਾਰ ਚੰਦ ਅਹਿਮਦ ਸ਼ੇਖ ਦੀ ਜ਼ਮੀਨ ਹੜੱਪ ਕਰਨਾ ਚਾਹੁੰਦਾ ਸੀ। ਉਹ ਪਿੰਡ ਦਾ ਸ਼ਾਹੂਕਾਰ ਸੀ ਤੇ ਪਿੰਡ ਵਾਸੀਆਂ ਨੂੰ ਸੂਦ ‘ਤੇ ਪੈਸੇ ਦਿੰਦਾ ਸੀ। ਅਹਿਮਦ ਸ਼ੇਖ ਨੇ ਵੀ ਉਸ ਕੋਲੋਂ ਸੂਦੀ ਪੈਸੇ ਲੈ ਕੇ ਆਪਣੀ ਕੁੜੀ ਦਾ ਵਿਆਹ ਕਰਵਾਇਆ ਸੀ ਅਤੇ ਸਮਸਾਰ ਚੰਦ ਰਾਜ਼ਦਾਨ ਅੱਗੇ ਆਪਣੀ ਜ਼ਮੀਨ ਬੰਦੇ ਰੱਖੀ ਸੀ। ਅਹਿਮਦ ਸ਼ੇਖ ਕੋਲ ਨਾ ਤਾਂ ਅਸਲ ਰਕਮ ਦੇਣ ਦੀ ਗੁੰਜਾਇਸ਼ ਸੀ ਅਤੇ ਨਾ ਹੀ ਸੂਦ ਦੇ ਪੈਸੇ ਜਿਸ ਕਰਕੇ ਸਮਸਾਰ ਪੰਡਿਤ ਉਸ ਦੀ ਜ਼ਮੀਨ ‘ਤੇ ਜ਼ਬਰਦਸਤੀ ਹਲ ਚਲਾ ਰਿਹਾ ਸੀ। ਬੱਸ ਇਹ ਝਗੜਾ ਸਮਸਾਰ ਚੰਦ ਤੇ ਉਹਦੇ ਪੁੱਤਰ ਅਤੇ ਮੇਰੇ ਯਾਰ ਰਾਜਨਾਥ ਦੀ ਹੱਤਿਆ ਦਾ ਕਾਰਨ ਬਣਿਆ। ਸਮਸਾਰ ਚੰਦ ਦੀ ਮੁਖਬਰੀ ਅਹਿਮਦ ਸ਼ੇਖ ਨੇ ਹੀ ਕੀਤੀ ਸੀ। ਕਬਾਇਲੀਆਂ ਸ਼ਾਹੂਕਾਰ ਤੇ ਉਸ ਦੇ ਪਰਿਵਾਰ ਨੂੰ ਮਾਰ ਦਿੱਤਾ ਸੀ। ਸਾਰੇ ਪਿੰਡ ਵਾਸੀ ਸਮਸਾਰ ਚੰਦ ਦੇ ਦੇਣਦਾਰ ਸਨ ਤੇ ਉਸ ਕੋਲੋਂ ਦੁਖੀ ਵੀ ਰਹਿੰਦੇ ਸਨ ਪਰ ਇਸ ਘਟਨਾ ਲਈ ਉਹ ਅਹਿਮਦ ਸ਼ੇਖ ਨੂੰ ਕਸੂਰਵਾਰ ਸਮਝਦੇ ਸਨ ਤੇ ਉਹਨੂੰ ਲਾਅਨਤਾਂ ਤੇ ਮਲਾਮਤਾਂ ਕਰ ਰਹੇ ਸਨ। ਉਨ੍ਹਾਂ ਸਾਰਿਆਂ ਨੇ ਅਹਿਮਦ ਸ਼ੇਖ ਦਾ ਹੁੱਕਾ-ਪਾਣੀ ਬੰਦ ਕਰ ਦਿੱਤਾ ਸੀ ਤੇ ਉਸ ਨਾਲ ਸਾਰੇ ਸਮਾਜੀ ਰਿਸ਼ਤੇ ਖਤਮ ਕਰ ਦਿੱਤੇ ਸਨ ਜਿਸ ਕਰਕੇ ਅਹਿਮਦ ਸ਼ੇਖ ਆਪਣੇ ਟੱਬਰ ਸਮੇਤ ਸਰਹੱਦ ਪਾਰ ਪਾਕਿਸਤਾਨੀ ਇੰਤਜ਼ਾਮ ਵਾਲੇ ਕਸ਼ਮੀਰ ਵਿਚ ਜਾ ਵਸਿਆ ਸੀ ਤੇ ਮੁੜ ਕਦੀ ਵੀ ਵਾਪਿਸ ਨਹੀਂ ਆਇਆ।
ਮੈਂ ਬਾਰਾਮੁਲ੍ਹਾ ਦੇ ਸੇਂਟ ਜੋਜ਼ਫ ਸਕੂਲ ਤੋਂ ਦਸਵੀਂ ਪਾਸ ਕੀਤੀ ਤੇ ਫਿਰ ਸ੍ਰੀ ਪ੍ਰਤਾਪ ਸਿੰਘ ਕਾਲਜ, ਸ੍ਰੀਨਗਰ ਵਿਚ ਦਾਖਲਾ ਲਿਆ ਤੇ ਉਥੋਂ ਬੀ.ਏ. ਪਾਸ ਕਰਨ ਮਗਰੋਂ ਅਲੀਗੜ੍ਹ ਮੁਸਲਿਮ ਯੂਨਿਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕਰਨ ਲਈ ਚਲਾ ਗਿਆ। ਮੈਂ ਬੜਾ ਪੜ੍ਹਾਕੂ ਸਾਂ ਤੇ ਮੈਨੂੰ ਪੜ੍ਹਨ ਲਿਖਣ ਦਾ ਸ਼ੌਕ ਸੀ। ਇਸ ਸ਼ੌਕ ਨੇ ਹੀ ਮੇਰੇ ਅੰਦਰ ਸ਼ਾਇਰੀ ਦੀ ਜਾਗ ਲਾਈ ਤੇ ਮੈਂ ਸ਼ੇਅਰ ਕਹਿਣ ਲੱਗਾ। ਛੇਤੀ ਹੀ ਮੇਰਾ ਨਾਂ ਕਸ਼ਮੀਰ ਦੇ ਸਾਹਿਤਕ ਖੇਤਰ ਵਿਚ ਜਾਣਿਆ-ਪਛਾਣਿਆ ਜਾਣ ਲੱਗਾ। ਮੇਰੇ ਅੱਬਾ ਜੀ ਵੀ ਸ਼ਾਇਰੀ ਕਰਦੇ ਸਨ ਅਤੇ ਉਰਦੂ ਦੇ ਕਸ਼ਮੀਰੀ ਭਾਸ਼ਾ ਦੇ ਕੌਮੀ ਸਤਰ ਦੇ ਸ਼ਾਇਰ ਸਨ। ਸ਼ਾਇਰੀ ਦੀ ਗੁੜ੍ਹਤੀ ਮੈਨੂੰ ਮੇਰੇ ਅੱਬਾ ਜੀ ਕੋਲੋਂ ਹੀ ਮਿਲੀ ਸੀ। ਇਹ ਸ਼ਾਇਦ ਤੁਖਮ-ਤਾਸੀਰ ਦਾ ਵੀ ਅਸਰ ਸੀ ਕਿ ਮੈਂ ਸ਼ਾਇਰ ਬਣ ਗਿਆ। ਮੈਂ ਆਪਣੇ ਬਲਬੂਤੇ ਰੇਡੀਓ ਕਸ਼ਮੀਰ ਵਿਚ ਪ੍ਰੋਗਰਾਮ ਪ੍ਰੋਡਿਊਸਰ ਦੀ ਨੌਕਰੀ ਹਾਸਿਲ ਕੀਤੀ ਤੇ ਆਪਣੀ ਜ਼ਿੰਮੇਵਾਰੀ ਨੂੰ ਖੂਬ ਨਿਭਾਇਆ ਤੇ ਮਹਿਕਮੇ ਵਿਚ ਨਾਮ ਕਮਾਇਆ। ਮੈਂ ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਆਕਾਸ਼ਵਾਣੀ ਤੇ ਮਗਰੋਂ ਦੂਰਦਰਸ਼ਨ ਦੇ ਡਾਇਰੈਕਟਰ ਵਜੋਂ ਕੰਮ ਕਰਦਾ ਰਿਹਾ ਤੇ ਅਖੀਰ ਡਿਪਟੀ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ। ਇਸ ਸਾਰੀ ਅਦਬੀ ਤੇ ਸਰਕਾਰੀ ਆਵਾਰਾਗਰਦੀ ਵਿਚ ਮੈਂ ਆਪਣੇ ਯਾਰ ਰਾਜਨਾਥ ਨੂੰ ਕਦੇ ਵੀ ਨਾ ਭੁੱਲਿਆ।
ਸਰਕਾਰੀ ਕੰਮਕਾਜ ਤਾਂ ਹਰ ਕੋਈ ਕਰਦਾ ਹੈ ਪਰ ਜਦ ਵੀ ਕਿਸੇ ਕਸ਼ਮੀਰੀ ਪੰਡਿਤ ਦੀ ਮਿਸਲ ਮੇਰੇ ਕੋਲ ਆਉਂਦੀ ਤਾਂ ਰਾਜਨਾਥ ਦੀ ਤਸਵੀਰ ਮੇਰੇ ਸਾਹਮਣੇ ਆ ਜਾਂਦੀ ਤੇ ਉਸ ਦੀਆਂ ਰੱਤ ਲਿਬੜੀਆਂ ਅੱਖਾਂ ਫਾਈਲ ਨੂੰ ਮਨਜ਼ੂਰ ਕਰਨ ਲਈ ਮੇਰੀ ਕਲਮ ਬਣ ਜਾਂਦੀਆਂ। ਮੈਂ ਇਹ ਗੱਲ ਬੜੇ ਵਿਸ਼ਵਾਸ ਤੇ ਦਾਅਵੇ ਨਾਲ ਕਹਿੰਦਾ ਹਾਂ ਕਿ ਮੈਂ ਕਦੇ ਵੀ ਕਿਸੇ ਕਸ਼ਮੀਰੀ ਪੰਡਿਤ ਦੀ ਫਾਈਲ ਨਹੀਂ ਰੋਕੀ। ਕਦੇ ਕੋਈ ਉਨ੍ਹਾਂ ਦਾ ਕੰਮ ਨਹੀਂ ਰੋਕਿਆ। ਹਮੇਸ਼ਾ ਉਨ੍ਹਾਂ ਦੀ ਦਾਦ ਫਰਿਆਦ ਸੁਣੀ ਤੇ ਉਨ੍ਹਾਂ ਦੇ ਕੰਮ ਕਰਦਾ ਅਤੇ ਕਰਵਾਂਦਾ ਰਿਹਾ ਕਿਉਂ ਜੇ ਮੈਂ ਉਨ੍ਹਾਂ ਦਾ ਖੂਨ ਸਾਂ ਤੇ ਉਹ ਮੇਰਾ ਖੂਨ ਸਨ। ਹਰ ਕਸ਼ਮੀਰੀ ਪੰਡਿਤ ਦੇ ਰੂਪ ਵਿਚ ਮੈਨੂੰ ਆਪਣਾ ਯਾਰ ਰਾਜਨਾਥ ਹੀ ਲੱਭਦਾ ਜਿਸ ਦੀ ਮੌਤ ਲਈ ਖੌਰੇ ਕਿਉਂ ਮੈਂ ਆਪਣੇ ਆਪ ਨੂੰ ਜ਼ਿੰਮੇਦਾਰ ਸਮਝਦਾ ਸਾਂ।
ਮੇਰੇ ਦੂਜੇ ਬੋਝੇ ਵਿਚ ਜਿਹੜੀਆਂ ਦੋ ਅੱਖਾਂ ਪਈਆਂ ਨੇ, ਉਹ ਮੇਰੇ ਗੂੜ੍ਹੇ ਯਾਰ ਤੇ ਹਮਪਿਆਲਾ ਤੇ ਹਮਨਿਵਾਲਾ ਲੱਸਾ ਕੌਲ ਦੀਆਂ ਨੇ ਜਿਹੜਾ ਆਕਾਸ਼ਬਾਣੀ ਸ੍ਰੀਨਗਰ ਦਾ ਡਾਇਰੈਕਟਰ ਸੀ। ਅਸੀਂ ਦੋਵੇਂ ‘ਕੱਠੇ ਬਹਿ ਕੇ ਦਾਰੂ ਪੀਂਦੇ ਤੇ ਕਸ਼ਮੀਰ ਦੀ ਰਾਜਨੀਤੀ ‘ਤੇ ਗੱਲਾਂ ਕਰਦੇ ਤੇ ਸੋਚਦੇ ਰਹਿੰਦੇ ਬਈ ਭਾਰਤ ਸਰਕਾਰ ਕੋਲੋਂ 47 ਮਗਰੋ ਕਿਹੜੀਆਂ-ਕਿਹੜੀਆਂ ਗਲਤੀਆਂ ਹੋਈਆਂ। ਉਹ ਲੋਕਾਂ ਦਾ ਦਿਲ ਕਿਉਂ ਨਾ ਜਿੱਤ ਸਕੀ, ਤੇ ਇਨ੍ਹਾਂ ਗਲਤੀਆਂ ਦੇ ਸੁਧਾਰ ਲਈ ਸਰਕਾਰ ਨੂੰ ਕਿਹੜੇ-ਕਿਹੜੇ ਉਪਾਅ ਕਰਨੇ ਚਾਹੀਦੇ ਨੇ। ਮੈਂ ਉਦੋਂ ਦੂਰਦਰਸ਼ਨ, ਸ੍ਰੀਨਗਰ ਦਾ ਡਾਇਰੈਕਟਰ ਸਾਂ। ਅਸੀਂ ਦੋਵੇਂ ਕਸ਼ਮੀਰੀ ਗੱਭਰੂਆਂ ਨੂੰ ਅਤਿਵਾਦ ਦੇ ਚੁੰਗਲ ਤੋਂ ਬਾਹਰ ਕੱਢਣ ਲਈ ਨਵੇਂ-ਨਵੇਂ ਪ੍ਰੋਗਰਾਮ ਬਣਾਨ ਤੇ ਰੇਡੀਓ ਕਸ਼ਮੀਰ ਤੋਂ ਨਸ਼ਰ ਕਰਨ ਅਤੇ ਦੂਰਦਰਸ਼ਨ ਤੋਂ ਪੇਸ਼ ਕਰਨ ਦੇ ਉਪਰਾਲੇ ਕਰਦੇ ਰਹਿੰਦੇ। ਲੱਸਾ ਕੌਲ ਕਸ਼ਮੀਰ ਅਤੇ ਕਸ਼ਮੀਰੀਅਤ ਦਾ ਚਾਨਣ ਮੁਨਾਰਾ ਸੀ। ਉਹਦੀ ਯਾਰੀ ਦੋਸਤੀ ਤੇ ਨਿੱਘੇ ਸੰਬੰਧ ਹਿੰਦੂ, ਮੁਸਲਮਾਨਾਂ ਅਤੇ ਸਿੱਖਾਂ ਨਾਲ ਸਨ। ਉਹ ਰੱਜ ਕੇ ਸੁਹਣਾ ਸੀ। ਹਸਮੁਖ ਸੀ ਤੇ ਮਹਿਫਿਲਾਂ ਦੀ ਜਿੰਦ-ਜਾਨ। ਉਹਦੇ ਸੰਬੰਧ ਕਸ਼ਮੀਰ ਦੀ ਅਫਸਰਸ਼ਾਹੀ ਨਾਲ ਵੀ ਬੜੇ ਨਿੱਘੇ ਸਨ… ਪਰ ਉਸ ਨੂੰ ਖਾੜਕੂਆਂ ਨੇ ਭਾਰਤੀ ਏਜੰਟ ਹੋਣ ਦੇ ਇਲਜ਼ਾਮ ਵਿਚ ਮਾਰ ਦਿੱਤਾ ਸੀ। ਉਸ ਦੀਆਂ ਅੱਖਾਂ ਹਮੇਸ਼ਾ ਮੈਥੋਂ ਪੁੱਛਦੀਆਂ ਨੇ ਕਿ ਉਸ ਦਾ ਕਸੂਰ ਕੀ ਸੀ। ਮੈਂ ਕੀ ਦੱਸਾਂ ਕਿ ਮਿੱਤਰਾ, ਇਸ ਧਰਤੀ ‘ਤੇ ਬਹੁਤੇ ਲੋਕ ਬੇਕਸੂਰੇ ਹੀ ਮਰਦੇ ਨੇ। ਮੈਨੂੰ ਆਪਣੇ ਆਪ ਉੱਤੇ ਗੁੱਸਾ ਆਉਂਦਾ। ਮੈਂ ਕ੍ਰੋਧ ਦੀ ਅੱਗ ਵਿਚ ਸੜਦਾ ਰਹਿੰਦਾ… ਤੇ ਨਮੋਸ਼ੀ ਨਾਲ ਆਪਣੀਆਂ ਅੱਖਾਂ ਮੀਟ ਲੈਂਦਾ।
ਮੁਹੰਮਦ ਆਜ਼ਮ ਸਾਗਰ ਪੁਣਛ ਵਿਚ ਪਹਾੜੀ ਹੋਸਟਲ ਦਾ ਵਾਰਡਨ ਸੀ। ਉਸ ਦਾ ਪੁੱਤਰ ਨਿਸ਼ਾਤ ਆਜ਼ਮ ਐਗਰੀਕਲਚਰ ਯੂਨੀਵਰਸਿਟੀ ਲਖਨਊ ਤੋਂ ਐਮ.ਐਸ.ਸੀ. ਐਗਰੀਕਲਚਰ ਦੀ ਡਿਗਰੀ ਲੈ ਕੇ ਘਰ ਅੱਪੜਿਆ ਸੀ। ਇੱਕ ਦਿਨ ਸਾਗਰ ਸਾਹਿਬ ਨੇ ਉਸ ਨੂੰ ਆਪਣੇ ਪਿੰਡ ਨੱਕਾ ਮਜਾੜੀ ਘੱਲਿਆ ਤਾਂ ਜੇ ਉਹ ਫਸਲ ਦੀ ਕਟਾਈ ਕਰਾ ਸਕੇ। ਰਾਤੀਂ ਉਹ ਆਪਣੇ ਪਿੰਡ ਵਾਲੇ ਮਕਾਨ ਵਿਚ ਸੁੱਤਾ ਪਿਆ ਸੀ ਕਿ ਫੌਜੀ, ਖਾੜਕੂਆਂ ਦਾ ਪਿੱਛਾ ਕਰਦੇ ਹੋਏ ਸਾਗਰ ਸਾਹਿਬ ਦੇ ਮਕਾਨ ਅੰਦਰ ਵੜ ਗਏ। ਉਥੇ ਫੌਜੀਆਂ ਨੇ ਨਿਸ਼ਾਤ ਨੂੰ ਇਕੱਲਿਆਂ ਵੇਖਿਆ ਤਾਂ ਉਸ ਨੂੰ ਸੁੱਤਿਆਂ ਫੜ ਲਿਆ। ਨਿਸ਼ਾਤ ਨੇ ਲੱਖ ਸਮਝਾਇਆ, ਸਬੂਤ ਦਿੱਤੇ ਕਿ ਉਹ ਖਾੜਕੂ ਨਹੀਂ ਹੈ ਅਤੇ ਐਗਰੀਕਲਚਰ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕਰ ਕੇ ਕੁਝ ਦਿਨ ਪਹਿਲਾਂ ਹੀ ਪੁਣਛ ਅੱਪੜਿਆ ਹੈ ਪਰ ਫੌਜੀਆਂ ਨੇ ਉਹਦੀ ਕੋਈ ਗੱਲ ਨਾ ਮੰਨੀ ਤੇ ਉਸ ਨੂੰ ਉਗਰਵਾਦੀ ਬਣਾ ਕੇ ਬੜੀ ਬੇਦਰਦੀ ਨਾਲ ਮਾਰ ਦਿੱਤਾ। ਪਿੰਡ ਵਿਚ ਹਾਹਾਕਾਰ ਮਚ ਗਿਆ। ਫੌਜੀਆਂ ਦੇ ਖਿਲਾਫ ਧਰਨੇ ਅਤੇ ਜਲੂਸ ਕੱਢੇ ਗਏ। ਫੌਜੀ ਆਪਣੀ ਗੱਲ ‘ਤੇ ਅੜੇ ਹੋਏ ਸਨ ਕਿ ਉਨ੍ਹਾਂ ਨੇ ਉਗਰਵਾਦੀ ਨੂੰ ਮਾਰਿਆ ਹੈ। ਇਹ ਖਬਰ ਮੈਂ ਆਪਣੇ ਚੈਨਲ ਤੋਂ ਵੀ ਚਲਾਈ ਜਿਸ ਦਾ ਨਿਸ਼ਾਤ ਨੂੰ ਡਾਢਾ ਦੁੱਖ ਸੀ। ਸਰਕਾਰ ਨੇ ਲੋਕਾਂ ਨੂੰ ਸ਼ਾਂਤ ਕਰਨ ਲਈ ਇੱਕ ਇਨਕੁਆਇਰੀ ਕਮੇਟੀ ਬਿਠਾਈ ਜਿਸ ਦੀ ਰਿਪੋਰਟ ਕਦੇ ਵੀ ਨਹੀਂ ਆਈ। ਨਿਸ਼ਾਤ ਦੇ ਜਨਾਜ਼ੇ ਵਿਚ ਸਾਰਾ ਪੁਣਛ ਸ਼ਾਮਿਲ ਹੋਇਆ। ਸਾਗਰ ਸਾਹਿਬ ਮੇਰੇ ਚੰਗੇ ਦੋਸਤ ਸਨ। ਇਸ ਲਈ ਨਿਸ਼ਾਤ ਦੇ ਜਨਾਜ਼ੇ ਵਿਚ ਰਲਤ ਕਰਨ ਲਈ ਮੈਂ ਉਚੇਚੇ ਤੌਰ ‘ਤੇ ਕਸ਼ਮੀਰੋਂ ਆਇਆ ਸਾਂ। ਜਦ ਨਿਸ਼ਾਤ ਨੂੰ ਕਬਰ ਵਿਚ ਦਫਨਾਣ ਲੱਗੇ ਤਾਂ ਉਸ ਦੀਆਂ ਅੱਖਾਂ ਕਫਨ ‘ਚੋਂ ਬਾਹਰ ਨਿੱਕਲ ਕੇ ਮੇਰੇ ਕੋਲ ਆ ਗਈਆਂ। ਉਹ ਮੈਨੂੰ ਘੂਰਨ ਲੱਗੀਆਂ ਤੇ ਕਹਿਣ ਲੱਗੀਆਂ ਕਿ ਤੂੰ ਆਪਣੇ ਚੈਨਲ ਤੋਂ ਉਸ ਦੀ ਝੂਠੀ ਖਬਰ ਕਿੰਝ ਚਲਾਈ? ਨਿਸ਼ਾਤ ਦੀਆਂ ਅੱਖਾਂ ਦਾ ਕ੍ਰੋਧ ਮੈਂ ਨਹੀਂ ਝੱਲ ਸਕਿਆ। ਮੈਂ ਉਸ ਦੀਆਂ ਅੱਖਾਂ ਨੂੰ ਆਪਣੇ ਕੋਟ ਦੇ ਉੱਪਰਲੇ ਬੋਝੇ ਵਿਚ ਰੱਖ ਦਿੱਤਾ ਤੇ ਸ਼ਾਂਤ ਹੋ ਗਿਆ ਪਰ ਨਿਸ਼ਾਤ ਦੀ ਮੌਤ ਦੀ ਪੀੜਾ ਮੈਨੂੰ ਟੁੰਬਦੀ ਰਹਿੰਦੀ ਹੈ।
ਮੇਰੇ ਕੋਟ ਦੇ ਅੰਦਰਲੇ ਜੇਬ੍ਹੇ ਵਿਚ ਪਈਆਂ ਦੋ ਅੱਖਾਂ ਗੁਲਾਮ ਹੁਸੈਨ ਦੀਆਂ ਨੇ ਜਿਹੜਾ ਤੋਤਾ ਗਲੀ ਦਾ ਰਹਿਣ ਵਾਲਾ ਸੀ ਅਤੇ ਫੌਜ ਦਾ ਖਬਰੀ ਸੀ। ਉਹ ਭਾਰਤ ਦਾ ਸੱਚਾ ਸਪੂਤ ਸੀ ਤੇ ਉਗਰਵਾਦੀਆਂ ਦਾ ਸਖਤ ਵਿਰੋਧੀ। ਇਹੋ ਕਾਰਨ ਸੀ ਕਿ ਉਹ ਵੇਲੇ-ਕੁਵੇਲੇ ਫੌਜੀਆਂ ਨੂੰ ਉਗਰਵਾਦੀਆਂ ਦੇ ਠਿਕਾਣੇ `ਤੇ ਹੋਣ ਵਾਲੀਆਂ ਕਾਰਵਾਈਆਂ ਦੀਆਂ ਖਬਰਾਂ ਦੇਂਦਾ ਰਹਿੰਦਾ ਸੀ। ਹੌਲੀ-ਹੌਲੀ ਖਾੜਕੂਆਂ ਨੂੰ ਪਤਾ ਚੱਲ ਗਿਆ ਕਿ ਗੁਲਾਮ ਹੁਸੈਨ ਫੌਜੀਆਂ ਦਾ ਖਬਰੀ ਹੈ। ਉਹਨੂੰ ਕਈ ਵਾਰ ਖਾੜਕੂਆਂ ਨੇ ਖਬਰਦਾਰ ਕੀਤਾ ਅਤੇ ਧਮਕੀ ਵੀ ਦਿੱਤੀ ਕਿ ਉਹ ਆਪਣੀਆਂ ਕਰਤੂਤਾਂ ਤੋਂ ਬਾਜ ਆ ਜਾਏ, ਨਹੀਂ ਤਾਂ ਉਸ ਦਾ ਸਾਰਾ ਟੱਬਰ ਮਾਰ ਦਿੱਤਾ ਜਾਏਗਾ ਪਰ ਗੁਲਾਮ ਹੁਸੈਨ ਅਤਿਵਾਦੀਆਂ ਦੀਆਂ ਧਮਕੀਆਂ ਦੀ ਪਰਵਾਹ ਨਹੀਂ ਸੀ ਕਰਦਾ ਤੇ ਆਪਣਾ ਕੰਮ ਕਰੀ ਜਾ ਰਿਹਾ ਸੀ। ਅਖੀਰ ਇੱਕ ਰਾਤੀਂ ਉਗਰਵਾਦੀਆਂ ਨੇ ਉਹਦੇ ਘਰ ਉੱਤੇ ਹੱਲਾ ਬੋਲ ਦਿੱਤਾ ਤੇ ਗੁਲਾਮ ਹੁਸੈਨ ਸਮੇਤ ਘਰ ਦੇ ਸਾਰੇ ਜੀਅ ਗੋਲੀਆਂ ਨਾਲ ਭੁੰਨ ਛੱਡੇ। ਕਿਸੇ ਵੀ ਉਨ੍ਹਾਂ ਦੀ ਸ਼ਹੀਦੀ ਦਾ ਸੋਗ ਨਹੀਂ ਮਨਾਇਆ, ਨਾ ਭਾਰਤ ਮਾਤਾ ਦੇ ਸਪੂਤਾਂ ਨੇ, ਨਾ ਹੀ ਰਿਸ਼ਤੇਦਾਰਾਂ ਨੇ; ਜਿਵੇਂ ਇਨਸਾਨ ਨਹੀਂ, ਕੁੱਤੇ ਮਰੇ ਹੋਣ। ਗੁਲਾਮ ਹੁਸੈਨ ਦੀਆਂ ਅੱਖਾਂ ਇਹ ਸਲੂਕ ਦੇਖ ਕੇ ਬੜੀਆਂ ਤੜਫੀਆਂ ਤੇ ਮੈਨੂੰ ਵੇਖ ਕੇ ਗਿਲਾ ਕਰਨ ਲੱਗੀਆਂ ਕਿ ਦੇਸ਼ ਭਗਤੀ ਦਾ ਸਿਲਾ ਇੰਝ ਹੀ ਮਿਲਦਾ ਹੁੰਦਾ ਹੈ? ਮੈਂ ਕੀ ਕਹਿੰਦਾ? ਸਰਕਾਰੀ ਬੇਰੁਖੀ ਦੇ ਇਸ ਤਰ੍ਹਾਂ ਦੇ ਕਈ ਤਮਾਸ਼ੇ ਮੈਂ ਕਈ ਵਾਰੀ ਆਪ ਵੇਖੇ ਸਨ। ਇਸ ਲਈ ਮੈਂ ਗੁਲਾਮ ਹੁਸੈਨ ਦੀਆਂ ਅੱਖਾਂ ਸਾਂਭ ਕੇ ਕੋਟ ਦੇ ਅੰਦਰਲੇ ਬੋਝੇ ਵਿਚ ਪਾ ਦਿੱਤੀਆਂ।
ਹਰਨੀ ਪਿੰਡ ਵਿਚ ਵੀ ਚਾਰ ਬੇਗੁਨਾਹ ਤੇ ਮਾਸੂਮ ਹਿੰਦੂਆਂ ਦਾ ਕਤਲ ਦਿਨ-ਦਿਹਾੜੇ ਖਾੜਕੂਆਂ ਨੇ ਕੀਤਾ ਸੀ ਤੇ ਲੋਕਾਂ ਵਿਚ ਇਸ ਘਟਨਾ ਬਾਰੇ ਡਾਢਾ ਰੋਸ ਸੀ। ਮੈਂਹਡਰ, ਪੁਣਛ, ਸੁਰਨਕੋਟ ਤੇ ਰਾਜੌਰੀ ਤੋਂ ਲੋਕੀਂ ਇਸ ਦੁਖਦਾਈ ਘਟਨਾ ਦਾ ਸੁਣ ਕੇ ਹਰਨੀ ਪਹੁੰਚੇ ਸਨ। ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਹੋ ਰਹੀ ਸੀ। ਪੁਤਲੇ ਸਾੜੇ ਜਾ ਰਹੇ ਸਨ। ਮੈਂ ਇਸ ਸਾਰੀ ਘਟਨਾ ਦੀ ਅੱਖੋਂ ਵੇਖੀ ਸਚਾਈ ਨੂੰ ਦਰਸਾਣ ਲਈ ਆਪੂੰ ਹਰਨੀ ਗਿਆ ਸਾਂ। ਲੋਕਾਂ ਕੋਲੋਂ ਪਤਾ ਚੱਲਿਆ ਕਿ ਦੋ ਦਿਨ ਪਹਿਲਾਂ ਬਲਨੌਈ ਵਿਚ ਰੱਖੀ ਗਈ ਫੌਜੀ ਬਟਾਲੀਅਨ ਦੇ ਕੁਝ ਸਿਪਾਹੀ ਰਾਤੀਂ ਖਾ-ਪੀ ਕੇ, ਸਰਹੱਦ ਟੱਪ ਕੇ, ਦੂਜੇ ਪਾਸੇ ਕਿਸੇ ਵਿਆਹ ਵਾਲੇ ਘਰ ਸੁੱਤੇ ਬੰਦਿਆਂ ਦਾ ਸਿਰ ਵੱਢ ਕੇ ਲੈ ਆਏ ਸਨ ਜਿਸ ਦਾ ਬਦਲਾ ਖਾੜਕੂਆਂ ਨੇ ਹਰਨੀ ਵਿਚ ਰਹਿੰਦੇ ਮਾਸੂਮ ਬੰਦਿਆਂ ਨੂੰ ਕਤਲ ਕਰ ਕੇ ਲਿਆ ਸੀ। ਉਸ ਘਰ ਦਾ ਬਜ਼ੁਰਗ ਕ੍ਰਿਸ਼ਨ ਲਾਲ ਮਰਦੇ-ਮਰਦੇ ਆਪਣੀਆਂ ਅੱਖਾਂ ਮੇਰੇ ਹਵਾਲੇ ਕਰ ਗਿਆ ਤੇ ਕਹਿ ਗਿਆ ਕਿ ਕਦ ਤੀਕਰ ਅਸੀਂ ਆਪਸ ਵਿਚ ਵੈਰ ਪਾਲਦੇ ਰਹਾਂਗੇ ਤੇ ਇੱਕ ਦੂਜੇ ਦੇ ਸਿਰ ਵੱਢਦੇ ਰਵ੍ਹਾਂਗੇ। ਕੀ ਅਸੀਂ ਇੱਕ ਦੂਜੇ ਨੂੰ ਸੁੱਖ ਸੁਨੇਹੇ ਨਹੀਂ ਦੇ ਸਕਦੇ? ਮੈਂ ਕ੍ਰਿਸ਼ਨ ਲਾਲ ਦੀਆਂ ਅੱਖਾਂ ਕੋਟ ਦੇ ਅੰਦਰਲੇ ਦੂਜੇ ਬੋਝੇ ਵਿਚ ਸਾਂਭ ਰੱਖੀਆਂ ਤਾਂ ਜੇ ਜਦ ਕਦੇ ਸਰਹੱਦ ਪਾਰ ਦੀਆਂ ਦੁੱਖ ਜਰਦੀਆਂ ਅੱਖਾਂ ਲੱਭਣ ਤਾਂ ਮੈਂ ਕ੍ਰਿਸ਼ਨ ਲਾਲ ਦੀਆਂ ਅੱਖਾਂ ਨਾਲ ਉਨ੍ਹਾਂ ਦੀਆਂ ਪੀੜਾਂ ਸਾਂਝੀਆਂ ਕਰ ਸਕਾਂ।
ਮੇਰੇ ਕੋਟ ਦੇ ਨਿੱਕੇ ਵੱਡੇ ਬੋਝਿਆਂ ਵਿਚ ਹੋਰ ਵੀ ਕਈ ਅੱਖਾਂ ਪਈਆਂ ਨੇ ਜਿਵੇਂ ਚੱਠੀ ਸਿੰਘਪੁਰਾ ਵਿਚ ਸਿੱਖ ਸ਼ਹੀਦਾਂ ਦੀਆਂ ਅੱਖਾਂ ਜਾਂ ਫਿਰ ਪਥਰੀਬਲ ਦੇ ਮਾਸੂਮ ਸ਼ਹੀਦਾਂ ਦੀਆਂ ਅੱਖਾਂ ਜਿਨ੍ਹਾਂ ਨੂੰ ਫੌਜੀਆਂ ਨੇ ਉਗਰਵਾਦੀ ਬਣਾ ਕੇ ਕਤਲ ਕਰ ਦਿੱਤਾ ਸੀ ਪਰ ਜਦ ਲੋਕਾਂ ਨੇ ਇਸ ਘਟਨਾ ਦੇ ਖਿਲਾਫ ਖੜਕੇ ਨਾਲ ਅੰਦੋਲਨ ਸ਼ੁਰੂ ਕੀਤਾ ਅਤੇ ਇਹ ਸਾਬਿਤ ਕਰ ਦਿੱਤਾ ਕਿ ਸ਼ਹੀਦ ਹੋਣ ਵਾਲੇ ਬੰਦਿਆਂ ਦਾ ਉਗਰਵਾਦ ਨਾਲ ਕੋਈ ਸੰਬੰਧ ਨਹੀਂ ਸੀ ਅਤੇ ਉਹ ਬੇਗੁਨਾਹ ਸਨ ਤਾਂ ਵੇਲੇ ਦੀ ਸਰਕਾਰ ਨੇ ਸੱਚ ਜਾਨਣ ਲਈ ਕਮਿਸ਼ਨ ਬਣਾਇਆ। ਮਰਨ ਵਾਲਿਆਂ ਦੀਆਂ ਲਾਸ਼ਾਂ ਕਬਰਾਂ ਵਿਚੋਂ ਕੱਢੀਆਂ ਗਈਆਂ ਤੇ ਡੀ.ਐਨ.ਏ. ਟੈਸਟ ਕਰਾਇਆ ਗਿਆ ਤਾਂ ਕਿਧਰੇ ਜਾ ਕੇ ਸਰਕਾਰ ਨੂੰ ਲੋਕਾਂ ਦੀ ਸਚਾਈ ਦਾ ਯਕੀਨ ਹੋਇਆ। ਕਸੂਰਵਾਰ ਫੌਜੀਆਂ ਦੇ ਖਿਲਾਫ ਫੌਜੀ ਅਦਾਲਤ ਵਿਚ ਕੇਸ ਚਲਾਇਆ ਗਿਆ ਪਰ ਕਿਸੇ ਨੂੰ ਵੀ ਸਜ਼ਾ ਨਹੀਂ ਹੋਈ ਜਦਕਿ ਚੱਠੀ ਸਿੰਘਪੁਰਾ ਦੇ ਸ਼ਹੀਦਾਂ ਬਾਰੇ ਤਾਂ ਕੋਈ ਇਨਕੁਆਇਰੀ ਕਮਿਸ਼ਨ ਵੀ ਨਹੀਂ ਬਣਾਇਆ ਗਿਆ। ਸਾਡੇ ਅਦਾਲਤੀ ਨਿਜ਼ਾਮ ਦੇ ਵਤੀਰੇ ਨੂੰ ਵੇਖ ਕੇ ਇਨ੍ਹਾਂ ਅੱਖਾਂ ਵਿਚੋਂ ਲਹੂ ਡੁੱਲ੍ਹ ਰਿਹਾ ਸੀ। ਮੈਂ ਲਹੂ ਨੂੰ ਸਾਫ ਕੀਤਾ ਅਤੇ ਸਾਰੀਆਂ ਅੱਖਾਂ ਨੂੰ ਦਿਲਾਸਾ ਦੇਣ ਲਈ ਆਪਣੇ ਕੋਲ ਰੱਖ ਲਿਆ ਪਰ ਇਹ ਅੱਖਾਂ ਮੈਥੋਂ ਪੁੱਛਦੀਆਂ ਨੇ ਕਿ ਸਾਡੇ ਦੇਸ਼ ਵਿਚ ਇਸ ਤਰ੍ਹਾਂ ਦੀ ਤਾਨਾਸ਼ਾਹੀ ਕਦ ਤੀਕਰ ਚੱਲੇਗੀ? ਸੱਚ ਦੀ ਤੱਕੜੀ ਕਦੋਂ ਤੀਕਰ ਉੱਚੀ ਨੀਵੀਂ ਰਵ੍ਹੇਗੀ? ਇਹ ਕਦ ਬਰਾਬਰ ਤੋਲੇਗੀ?…
ਪਰ ਮੈਂ ਕੀ ਦੱਸਾਂ, ਮੈਂ ਤਾਂ ਚੌਥੀ ਜਮਾਤ ਤੋਂ ਅੱਜ ਤੋੜੀ ਵੇਖ ਰਿਹਾ ਹਾਂ ਕਿ ਸਾਡੇ ਇੱਥੇ ਮੱਝਾਂ ਵੀ ਕਾਲੀਆਂ ਤੇ ਭੇਡਾਂ ਵੀ ਕਾਲੀਆਂ ਨੇ। ਜਨੂਨੀ ਧਰਮ ਅਤੇ ਸਿਆਸਤ ਦੇ ਕਾਰੋਬਾਰ ਅਤੇ ਹੱਦ ਤੋਂ ਵੱਧ ਪ੍ਰਚਾਰ ਨੇ ਇਨਸਾਨੀ ਰੂਹ, ਦਿਲ ਅਤੇ ਦਿਮਾਗ ਨੂੰ ਬਿਮਾਰ ਕਰ ਦਿੱਤਾ ਹੈ ਜਿਸ ਦਾ ਇਲਾਜ ਹੁਣ ਧਾਰਮਿਕ ਗ੍ਰੰਥ ਵੀ ਨਹੀਂ ਕਰ ਸਕਦੇ। ਆਮ ਲੋਕੀ ਨਹੀਂ ਸਮਝੇ। ਉਹ ਕੂੜ ਸ਼ਬਦਾਂ ਦੇ ਜਾਲ ਵਿਚ ਫਸੇ ਹੋਏ ਨੇ। ਉਨ੍ਹਾਂ ਨੂੰ ਕੌਣ ਸਮਝਾਏ ਕਿ ਚੂਹਾ ਸੱਪ ਨੂੰ ਕਿੰਝ ਨਿਗਲ ਸਕਦਾ ਹੈ? ਕੀੜੀਆਂ ਪਹਾੜ ਨੂੰ ਕਿੰਝ ਉਖਾੜ ਸਕਦੀਆਂ ਨੇ? ਹਿਰਨ ਬਘਿਆੜ ਦਾ ਸਿ਼ਕਾਰ ਕਿੰਝ ਕਰ ਸਕਦਾ ਹੈ? ਮੈਂ ਵੇਖਦਾ ਹਾਂ ਕਿ ਸੁਕਰਾਤ, ਮਨਸੂਰ ਤੇ ਸਰਮਦ ਜਿਹੇ ਦੋਸਤਾਂ ਦੇ ਦਿਲ ਵੀ ਮਰ ਚੁੱਕੇ ਨੇ ਤੇ ਦੁਨੀਆ ਵੀ ਮਰ ਚੁੱਕੀ ਹੈ। ਉਨ੍ਹਾਂ ਦੇ ਲਿਖੇ ਅੱਖਰਾਂ ਦਾ ਕੋਈ ਗਾਹਕ ਨਹੀਂ। ਲੱਲ ਮਾਂ, ਨੁੰਦ ਰਿਸ਼ੀ, ਵਾਰਿਸ, ਹਾਸ਼ਮ ਤੇ ਬੁੱਲ੍ਹੇ, ਸਭ ਝੱਲੇ ਬਣ ਗਏ ਨੇ।
ਇਸ ਲਈ ਮੈਂ ਫੈਸਲਾ ਕਰ ਲਿਆ ਕਿ ਇਨ੍ਹਾਂ ਅੱਖਾਂ ਨੂੰ ਇਸ ਅਜ਼ਾਬ ਦੇ ਤੇਜ਼ਾਬ ਵਿਚ ਹੋਰ ਨਹੀਂ ਸੜਨ ਦਿਆਂਗਾ। ਮੈਂ ਇੱਕ ਵੱਡੀ ਕਬਰ ਖੋਦੀ ਤੇ ਕੋਟ ਦੇ ਬੋਝਿਆਂ ਵਿਚੋਂ ਸਾਰੀਆਂ ਅੱਖਾਂ ਕੱਢ ਕੇ ਕਬਰ ਵਿਚ ਦਫਨਾ ਦਿੱਤੀਆਂ ਤੇ ਘਰ ਪਰਤ ਆਇਆ। ਘਰ ਆਉਂਦਿਆਂ ਹੀ ਮੈਂ ਆਪਣੇ ਜ਼ਮੀਰ ਦੇ ਬਖੀਏ ਉਧੇੜ ਸੁੱਟੇ। ਦਿਲ ਤੇ ਦਿਮਾਗ ਵਿਚ ਮੇਖਾਂ ਗੱਡ ਦਿੱਤੀਆਂ ਤੇ ਆਪਣੀਆਂ ਅੱਖਾਂ ਬੰਦ ਕਰ ਕੇ ਸੌਣ ਦਾ ਯਤਨ ਕਰਨ ਲੱਗਾ।
ਸਵੇਰੇ ਜਦ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਦਫਨ ਕੀਤੀਆਂ ਹੋਈਆਂ ਸਾਰੀਆਂ ਅੱਖਾਂ ਮੇਰੇ ਕਮਰੇ ਦੀਆਂ ਦੀਵਾਰਾਂ ਤੋਂ ਮੈਨੂੰ ਘੂਰ-ਘੂਰ ਕੇ ਦੇਖ ਰਹੀਆਂ ਸਨ ਤੇ ਆਪਣੇ ਜ਼ਿੰਦਾ ਹੋਣ ਦਾ ਸਬੂਤ ਦੇ ਰਹੀਆਂ ਸਨ।