74 ਸਾਲਾਂ ਤੋਂ ਵਿਛੜੇ ਭਰਾਵਾਂ ਦਾ ਕਰਤਾਰਪੁਰ ਲਾਂਘੇ ਰਾਹੀਂ ਹੋਇਆ ਮਿਲਾਪ

ਅੰਮ੍ਰਿਤਸਰ: ਦੇਸ਼ ਦੀ ਵੰਡ ਤੋਂ 74 ਸਾਲ ਬਾਅਦ ਕਰਤਾਰਪੁਰ ਲਾਂਘੇ ਰਾਹੀਂ ਦੋ ਸਕੇ ਭਰਾਵਾਂ ਦਾ ਮਿਲਾਪ ਹੋਇਆ। ਭਾਰਤ ‘ਚ ਰਹਿੰਦੇ ਸਿੱਕਾ ਖਾਨ ਉਰਫ ਹਬੀਬ (77) ਅਤੇ ਪਾਕਿਸਤਾਨ ਵਿਚ ਰਹਿੰਦੇ ਮੁਹੰਮਦ ਸਦੀਕ (82) ਦੀ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਹੁਣ ਵਿਛੜੇ ਭਰਾਵਾਂ ਦਾ ਕਰਤਾਰਪੁਰ ਲਾਂਘੇ ਰਾਹੀਂ ਮਿਲਣਾ ਸੰਭਵ ਹੋਇਆ ਹੈ।

ਮੁਹੰਮਦ ਸਦੀਕ ਮੌਜੂਦਾ ਸਮੇਂ ਆਪਣੇ ਪਰਿਵਾਰ ਸਮੇਤ ਫੈਸਲਾਬਾਦ ਦੇ ਚੱਕ 255 ਬੋਗਣਾ ‘ਚ ਰਹਿ ਰਹੇ ਹਨ, ਜਦਕਿ ਹਬੀਬ ਪਿੰਡ ਫੁਲੇਵਾਲਾ ਤਹਿਸੀਲ ਰਾਮਪੁਰਾ ਫੂਲ ‘ਚ ਰਹਿ ਰਹੇ ਹਨ। ਮੁਹੰਮਦ ਸਦੀਕ ਦੇ ਚਾਰ ਪੁੱਤਰ ਤੇ ਦੋ ਧੀਆਂ ਹਨ, ਜਦਕਿ ਹਬੀਬ ਨੇ ਨਿਕਾਹ ਨਹੀਂ ਕੀਤਾ। ਹਬੀਬ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ ਵਿਛੜੇ ਭਰਾ ਦੀ ਬਹੁਤ ਭਾਲ ਕੀਤੀ। ਇਥੋਂ ਤੱਕ ਕਿ ਗੁਰਪੁਰਬ ਤੇ ਹੋਰਨਾਂ ਧਾਰਮਿਕ ਦਿਹਾੜਿਆਂ ਮੌਕੇ ਪਾਕਿ ਜਾਣ ਵਾਲੇ ਪਿੰਡ ਦੇ ਲੋਕਾਂ ਨੂੰ ਪੈਸੇ ਦੇ ਕੇ ਵਿਛੜੇ ਭਰਾ ਦਾ ਪਤਾ ਲਾਉਣ ਦੀ ਅਪੀਲ ਕੀਤੀ ਪਰ ਕੋਈ ਸਫਲਤਾ ਨਹੀਂ ਮਿਲ ਸਕੀ। ਦਰਅਸਲ, ਭਾਰਤ-ਪਾਕਿ ਨੂੰ ਜੋੜਨ ਵਾਲੇ ਇਤਿਹਾਸਕ ਕਰਤਾਰਪੁਰ ਲਾਂਘੇ ਦੀ ਤਰ੍ਹਾਂ ਪਾਕਿਸਤਾਨ ਦੇ ਯੂ-ਟਿਊਬ ਚੈਨਲ ‘ਪੰਜਾਬੀ ਲਹਿਰ’ ਨੇ ਸਰਹੱਦ ਦੇ ਦੋਵੇਂ ਪਾਸੇ ਰਹਿੰਦੇ 200 ਦੋਸਤਾਂ ਅਤੇ ਪਰਿਵਾਰਾਂ ਨੂੰ ਦੁਬਾਰਾ ਮਿਲਾਇਆ ਹੈ। ਇਹ ਨਜ਼ਾਰਾ ਦੇਖ ਕੇ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਇਹ ਵੀਡੀਓ ਵਾਇਰਲ ਹੋ ਗਿਆ। ਯੂ-ਟਿਊਬ ਚੈਨਲ ਚਲਾਉਣ ਵਾਲੇ ਨਾਸਿਰ ਢਿੱਲੋਂ ਨੇ ਕਿਹਾ ਕਿ ਚੈਨਲ ਦਾ ਉਦੇਸ਼ ਪੂਰਬੀ ਅਤੇ ਪੱਛਮੀ ਪੰਜਾਬ ਵਿਚ ਵੰਡ ਕਾਰਨ ਪੈਦਾ ਹੋਏ ਪਾੜੇ ਨੂੰ ਪੂਰਾ ਕਰਨਾ ਹੈ।