ਸੱਚਾ-ਸੁੱਚਾ ਸੁਰ ਸਾਧਕ

ਸੁਰਿੰਦਰ ਸਿੰਘ ਤੇਜ
ਫੋਨ: +91-98555-01488
ਨੇਕ ਤੇ ਨਿਮਰ ਸ਼ਖਸੀਅਤ ਸਨ ਪ੍ਰੋ. ਕਰਤਾਰ ਸਿੰਘ। ਸਾਰੀ ਉਮਰ ਗੁਰਮਤਿ ਸੰਗੀਤ ਦੇ ਗਾਇਨ, ਅਧਿਐਨ ਅਤੇ ਅਧਿਆਪਨ ਦੇ ਲੇਖੇ ਲਾ ਦਿੱਤੀ; ਉਹ ਵੀ ਪ੍ਰਸਿੱਧੀ, ਮਾਨਤਾ ਤੇ ਮਾਇਆ ਦੀ ਤਵੱਕੋ ਕੀਤੇ ਬਿਨਾ। ਮਾਇਆ ਦਾ ਮੋਹ ਤਾਂ ਉਨ੍ਹਾਂ ਨੂੰ ਮੁੱਢ ਤੋਂ ਹੀ ਨਹੀਂ ਸੀ, ਪ੍ਰਸਿੱਧੀ ਤੇ ਮਾਨਤਾ ਉਸ ਉਮਰੇ ਮਿਲਣੀ ਸ਼ੁਰੂ ਹੋਈ ਜਦੋਂ ਆਮ ਬੰਦਾ ਵਾਨਪ੍ਰਸਥੀ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ।

ਉਹ ਖੁਦ ਨੂੰ ਗੁਰੂ-ਜੱਸ ਦਾ ਗਵੱਈਆ ਦੱਸਦੇ ਸਨ ਪਰ ਸਨ ਉਚਕੋਟੀ ਦੇ ਸੰਗੀਤ ਸ਼ਾਸਤਰੀ। ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਨਿਰਧਾਰਤ ਰਾਗਾਂ ਵਿਚ ਗਾਉਣਾ ਅਤੇ ਇਸੇ ਸੋਚ-ਧਾਰਾ ਨੂੰ ਆਪਣੇ ਸ਼ਾਗਿਰਦਾਂ ਦੇ ਪੇਸ਼ੇਵਾਰਾਨਾ ਜੀਵਨ ਦਾ ਹਿੱਸਾ ਬਣਾਉਣਾ ਉਨ੍ਹਾਂ ਦਾ ਜੀਵਨ ਲਕਸ਼ ਸੀ। ਇਸੇ ਮਿਸ਼ਨ ਦੇ ਅਕੀਦਿਆਂ ਨੂੰ ਉਨ੍ਹਾਂ ਨੇ ਤਾਉਮਰ ਸਾਰਥਿਕ ਕੀਤਾ।
ਪ੍ਰਸਿੱਧੀ ਭਾਵੇਂ ਉਨ੍ਹਾਂ ਨੂੰ ਦੇਰ ਨਾਲ ਮਿਲੀ ਪਰ ਮਿਲੀ ਸੱਚਮੁੱਚ ਫਖਰ ਕਰਨ ਵਾਲੀ। ਪੰਜਾਬ ਤੋਂ ਇਲਾਵਾ ਜੰਮੂ ਖੇਤਰ ਦੀਆਂ ਯੂਨੀਵਰਸਿਟੀਆਂ ਨੇ ਵੀ ਉਨ੍ਹਾਂ ਨੂੰ ਫੈਲੋਸ਼ਿਪਾਂ ਦਿੱਤੀਆਂ। ਕੌਮੀ ਪੱਧਰ ਦੀਆਂ ਸੰਗੀਤ ਸੰਸਥਾਵਾਂ ਨੇ ਉਨ੍ਹਾਂ ਦੇ ਹੁਨਰ ਅਤੇ ਸਾਧਨਾ ਦਾ ਮਾਣ-ਸਨਮਾਨ ਕੀਤਾ। ਭਾਰਤੀ ਸੰਗੀਤ ਨਾਟਕ ਅਕੈਡਮੀ ਦਾ ਪੁਰਸਕਾਰ 2008 ਵਿਚ 80 ਸਾਲ ਦੀ ਉਮਰ ਵਿਚ ਮਿਲਿਆ। ਗੁਰਮਤਿ ਸੰਗੀਤ ਦੇ ਕਿਸੇ ਸਾਧਕ ਦਾ ਇਹ ਪਹਿਲਾ ਕੌਮੀ ਪੱਧਰ ਦਾ ਸਨਮਾਨ ਸੀ। ਫਿਰ 2021 ਵਿਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮਸ੍ਰੀ` ਦੀ ਉਪਾਧੀ ਨਾਲ ਨਿਵਾਜਿਆ। ਅਜਿਹੇ ਸਨਮਾਨਾਂ-ਐਜਾਜ਼ਾਂ ਦੇ ਬਾਵਜੂਦ ਉਨ੍ਹਾਂ ਦੇ ਨਿੱਤ-ਨੇਮ ਜਾਂ ਜੀਵਨ ਸ਼ੈਲੀ ਵਿਚ ਕੋਈ ਤਬਦੀਲੀ ਨਹੀਂ ਆਈ। ਅਭਿਆਸ, ਅਧਿਐਨ ਤੇ ਅਧਿਆਪਨ ਪਹਿਲਾਂ ਵਾਂਗ ਹੀ ਚੱਲਦੇ ਰਹੇ। ਤਸੱਲੀ ਸਿਰਫ ਇਸ ਗੱਲ ਦੀ ਰਹੀ ਕਿ ਅਧਿਐਨ ਲਈ ਲੋੜੀਂਦੇ ਸਾਧਨ ਵੱਧ ਆਸਾਨੀ ਨਾਲ ਮਿਲਣ ਲੱਗੇ।
ਐਤਕੀਂ 2 ਜਨਵਰੀ ਨੂੰ ਪ੍ਰੋ. ਕਰਤਾਰ ਸਿੰਘ ਲੁਧਿਆਣਾ ਵਿਖੇ ਇਸ ਜਹਾਨ ਤੋਂ ਰੁਖਸਤ ਹੋ ਗਏ। 94 ਵਰ੍ਹਿਆਂ ਦੀ ਅਉਧ ਸੁਣਨ ਵਿਚ ਛੋਟੀ ਨਹੀਂ ਲੱਗਦੀ ਪਰ ਪ੍ਰੋਫੈਸਰ ਸਾਹਿਬ ਆਖਰੀ ਕੁਝ ਦਿਨਾਂ ਨੂੰ ਛੱਡ ਕੇ ਪੂਰੇ ਸਿਹਤਯਾਬ ਸਨ। ਹਸਪਤਾਲ ਦਾਖਲ ਹੋਣ ਤੋਂ ਪਹਿਲਾਂ ਉਹ ‘ਗੁਰਮਤਿ ਸੰਗੀਤ ਦਰਪਣ` ਦੀ ਨਵੀਂ ਜਿਲਦ ਨੂੰ ਅੰਤਿਮ ਛੋਹਾਂ ਦੇ ਰਹੇ ਸਨ। ਇਸ ਪੁਸਤਕ ਲੜੀ ਤੋਂ ਇਲਾਵਾ ਉਨ੍ਹਾਂ ਨੇ ‘ਗੁਰਬਾਣੀ ਸੰਗੀਤ ਦਰਪਣ`, ‘ਗੁਰੂ ਅੰਗਦ ਦੇਵ ਸੰਗੀਤ ਦਰਪਣ`, ‘ਗੁਰੂ ਤੇਗ ਬਹਾਦਰ ਸੰਗੀਤ ਦਰਪਣ` ਤੇ ‘ਭਗਤ ਬਾਣੀ ਸੰਗੀਤ ਦਰਪਣ` ਪੁਸਤਕਾਂ ਵੀ ਲਿਖੀਆਂ। ਗੁਰ-ਸ਼ਬਦਾਂ ਦੀਆਂ ਨੋਟੇਸ਼ਨਾਂ ਅਤੇ ਇਨ੍ਹਾਂ ਲਈ ਨਿਰਧਾਰਤ ਰਾਗਾਂ-ਥਾਟਾਂ ਦੇ ਮਹੱਤਵ ਬਾਰੇ ਜਾਣਕਾਰੀ ਮੁਹੱਈਆ ਕਰਨ ਵਾਲੀਆਂ ਇਹ ਪੁਸਤਕਾਂ ਭਾਵੇਂ ਬੁਨਿਆਦੀ ਤੌਰ ਤੇ ਕੀਰਤਨੀਆਂ ਜਾਂ ਸੰਗੀਤ ਦੇ ਵਿਦਿਆਰਥੀਆਂ ਲਈ ਹਨ, ਫਿਰ ਵੀ ਇਨ੍ਹਾਂ ਅੰਦਰਲੀ ਜਾਣਕਾਰੀ ਆਮ ਪਾਠਕ ਨੂੰ ਵੀ ਸੰਗੀਤਕ ਗਿਆਨ ਨਾਲ ਲੈਸ ਕਰਦੀ ਹੈ। ਸਾਰੀਆਂ ਪੁਸਤਕਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪੀਆਂ। ਇਨ੍ਹਾਂ ਪੁਸਤਕਾਂ ਦੀਆਂ 50 ਹਜ਼ਾਰ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ ਪਰ ਪ੍ਰੋਫੈਸਰ ਸਾਹਿਬ ਨੇ ਇਨ੍ਹਾਂ ਬਦਲੇ ਕਦੇ ਰਾਇਲਟੀ ਦੀ ਮੰਗ ਨਹੀਂ ਸੀ ਕੀਤੀ। ਉਨ੍ਹਾਂ ਦੀ ਬਸ ਇਕੋ ਸ਼ਰਤ ਸੀ ਕਿ ਹਰ ਪੁਸਤਕ ਦੀ ਕੀਮਤ ਏਨੀ ਕੁ ਵਾਜਬ ਰੱਖੀ ਜਾਵੇ ਕਿ ਗਰੀਬ ਘਰਾਂ ਤੋਂ ਆਏ ਬੱਚੇ ਵੀ ਇਨ੍ਹਾਂ ਨੂੰ ਖਰੀਦ ਸਕਣ।
ਪ੍ਰੋ. ਕਰਤਾਰ ਸਿੰਘ ਦਾ ਜਨਮ 3 ਅਪਰੈਲ 1928 ਨੂੰ ਪਿੰਡ ਘੁਮਾਣਕੇ (ਜ਼ਿਲ੍ਹਾ ਲਾਹੌਰ) ਵਿਚ ਹੋਇਆ। ਸ਼ਬਦ ਕੀਰਤਨ ਉਨ੍ਹਾਂ ਨੇ 13 ਵਰ੍ਹਿਆਂ ਦੀ ਉਮਰ ਵਿਚ ਗਿਆਨੀ ਗੁਰਚਰਨ ਸਿੰਘ ਤੋਂ ਸਿੱਖਣਾ ਸ਼ੁਰੂ ਕੀਤਾ। ਬਾਅਦ ਵਿਚ ਭਾਈ ਸੁੰਦਰ ਸਿੰਘ ਕਸੂਰਵਾਲੇ ਤੇ ਭਾਈ ਦਲੀਪ ਸਿੰਘ ਦੇ ਵੀ ਉਹ ਸ਼ਾਗਿਰਦ ਰਹੇ। ਸੰਗੀਤ ਸਿੱਖਿਆ ਦੇ ਨਾਲ ਨਾਲ ਉਨ੍ਹਾਂ ਨੇ ਨਿਯਮਿਤ ਪੜ੍ਹਾਈ ਵੀ ਜਾਰੀ ਰੱਖੀ।
ਪਾਕਿਸਤਾਨ ਬਣਨ ਮਗਰੋਂ ਉਹ ਲੁਧਿਆਣੇ ਆ ਵਸੇ। ਜ਼ਿੰਦਗੀ ਲੀਹ ਤੇ ਲਿਆਉਣ ਲਈ ਕੀਰਤਨੀਏ ਬਣੇ ਪਰ ਨਾਲ ਸ਼ਾਸਤਰੀ ਸੰਗੀਤ ਦਾ ਗਹਿਰ ਗਿਆਨ ਹਾਸਲ ਕਰਨ ਵਾਸਤੇ ਉਸਤਾਦ ਜੇ.ਐਸ. ਭੰਵਰਾ ਅਤੇ ਪੰਡਿਤ ਬਲਵੰਤ ਰਾਏ ਜਾਇਸਵਾਲ ਦੀ ਸ਼ਾਗਿਰਦੀ ਵੀ ਕੀਤੀ। ਉਨ੍ਹਾਂ ਦੀ ਆਵਾਜ਼ ਵਿਚ ਅਨੂਠੀ ਮਿਠਾਸ ਸੀ ਜਿਸ ਨੂੰ ਰਿਆਜ਼ ਅਤੇ ਨਿਯਮਿਤ ਅਭਿਆਸ ਨੇ ਹੋਰ ਵੀ ਨਿਖਾਰਿਆ। ਇਹ ਮਿਠਾਸ ਉਮਰ ਦੇ 90ਵਿਆਂ ਵਿਚ ਵੀ ਉਨ੍ਹਾਂ ਦੇ ਅੰਗ-ਸੰਗ ਰਹੀ। ਕੀਰਤਨੀਏ ਬਣਨ ਦੇ ਕੁਝ ਵਰ੍ਹਿਆਂ ਬਾਅਦ ਉਨ੍ਹਾਂ ਨੇ ਸੰਗੀਤ ਅਧਿਆਪਨ ਨੂੰ ਪੇਸ਼ਾ ਬਣਾਉਣਾ ਚੁਣਿਆ। ਇਸ ਫੈਸਲੇ ਸਦਕਾ ਸੰਗੀਤ ਭਾਰਤੀ ਨਾਂ ਦੀ ਅਕੈਡਮੀ 1960 ਵਿਚ ਵਜੂਦ ਵਿਚ ਆਈ। ਉਨ੍ਹਾਂ ਨੇ ਕਾਲਜਾਂ ਵਿਚ ਵੀ ਪੜ੍ਹਾਇਆ। ਗੁਰੂ ਨਾਨਕ ਗਰਲਜ਼ ਕਾਲਜ ਲੁਧਿਆਣਾ ਤੋਂ ਵਾਈਸ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਏ। 1999 ‘ਚ ਸ਼੍ਰੋਮਣੀ ਕਮੇਟੀ ਨੇ ਆਨੰਦਪੁਰ ਸਾਹਿਬ ‘ਚ ਗੁਰਮਤਿ ਸੰਗੀਤ ਅਕੈਡਮੀ ਬਣਾਉਣ ਅਤੇ ਚਲਾਉਣ ਦੀ ਤਾਉਮਰ ਜ਼ਿੰਮੇਵਾਰੀ ਸੌਂਪੀ। ਇਸ ਡਾਇਰੈਕਟਰਸ਼ਿਪ ਤੇ ਉਨ੍ਹਾਂ ਨੂੰ ਲੇਖਣ-ਕਾਰਜ ਲਈ ਲੋੜੀਂਦੀ ਮਾਇਕ ਸੁਰੱਖਿਆ ਮੁਹੱਈਆ ਕੀਤੀ।
ਪ੍ਰੋ. ਕਰਤਾਰ ਸਿੰਘ ਨੇ ਨਾ ਆਪਣੀ ਗਾਇਨ ਸ਼ੈਲੀ ਨਾਲ ਕੋਈ ਸਮਝੌਤਾ ਕੀਤਾ, ਨਾ ਹੀ ਆਪਣੇ ਹੁਨਰ ਨਾਲ। ਉਨ੍ਹਾਂ ਦਾ ਸੰਗੀਤ ਸ਼ੁੱਧ ਸੰਗੀਤ ਦੇ ਰਸੀਆਂ ਲਈ ਸੀ। ਤਾਨਪੁਰਾ ਉਨ੍ਹਾਂ ਦਾ ਸਥਾਈ ਸੰਗੀ ਸੀ। ਹੋਰ ਤੰਤੀ ਸਾਜ਼ਾਂ ਨਾਲ ਵੀ ਉਨ੍ਹਾਂ ਨੂੰ ਭਰਪੂਰ ਮੋਹ ਸੀ, ਸ਼ਾਇਦ ਮੁੱਢਲੇ ਦਿਨਾਂ ਦੌਰਾਨ ਰਬਾਬੀ ਭਾਈ ਕਰਮੂ (ਭਾਈ ਮਰਦਾਨੇ ਦੇ ਵੰਸ਼ਜਾਂ ਵਿਚੋਂ ਇਕ) ਦੀ ਸੰਗੀਤ ਕਰਨ ਕਰਕੇ। ਸੰਗੀਤ ਦੀਆਂ ਬਾਰੀਕੀਆਂ ਦੇ ਵਿਆਪਕ ਗਿਆਨ ਦੇ ਨਾਲ ਨਾਲ ਗੁਰਬਾਣੀ ਦਾ ਵੀ ਉਨ੍ਹਾਂ ਨੂੰ ਭਰਪੂਰ ਗਿਆਨ ਸੀ। ਪ੍ਰਮਾਣ ਉਨ੍ਹਾਂ ਦੀ ਕੀਰਤਨ ਸ਼ੈਲੀ ਦਾ ਅਭਿੰਨ ਅੰਗ ਸਨ। ਆਪਣੇ ਹੁਨਰ ਨੂੰ ਮਾਇਕ ਤੌਰ ‘ਤੇ ਭੁਨਾਉਣ ਦੀ ਲਾਲਸਾ ਉਨ੍ਹਾਂ ਦੀ ਸ਼ਖਸੀਅਤ ਦਾ ਹਿੱਸਾ ਨਹੀਂ ਸੀ। ਪ੍ਰਸਿੱਧੀ ਜਦੋਂ ਆਈ ਤਾਂ ਉਨ੍ਹਾਂ ਦੀਆਂ ਸੰਗੀਤਕ ਪ੍ਰਾਪਤੀਆਂ ਕਾਰਨ ਆਈ, ਪ੍ਰਚਾਰ-ਪ੍ਰਸਾਰ ਦੇ ਸਹਾਰੇ ਨਹੀਂ। ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨੇ ਕਿਸੇ ਅਖਬਾਰ ਵਿਚ ਪ੍ਰੋਫੈਸਰ ਬਾਰੇ ਲੇਖ ਪੜ੍ਹ ਕੇ ਉਨ੍ਹਾਂ ਦੇ ਸ਼ਬਦ ਕੀਰਤਨ ਦੀ ਸੀ.ਡੀ. ਮੰਗਵਾਈ। ਫਿਰ ਲੁਧਿਆਣੇ ਦੀ ਨਿਜੀ ਫੇਰੀ ਦੌਰਾਨ ਉਨ੍ਹਾਂ ਪ੍ਰੋਫੈਸਰ ਨਾਲ ਉਚੇਚੇ ਤੌਰ ‘ਤੇ ਮੁਲਾਕਾਤ ਕੀਤੀ। ਉਘੇ ਸ਼ਾਸਤਰੀ ਗਾਇਕ ‘ਪਦਮ ਭੂਸ਼ਨ` ਪੰਡਿਤ ਅਜੌਇ ਚੱਕਰਵਰਤੀ ਜੋ ਕੋਲਕਾਤਾ ਰਹਿੰਦਿਆਂ ਖੁਦ ਨੂੰ ਪਟਿਆਲਾ ਕਸੂਰ ਘਰਾਣੇ ਦਾ ਸ਼ੈਲੀਕਾਰ ਦੱਸਦੇ ਹਨ, ਨੇ ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਨੇ ਖਿਆਲ ਗਾਇਕੀ ਦੀਆਂ ਕਈ ਬਾਰੀਕੀਆਂ ਪ੍ਰੋਫੈਸਰ ਸਾਹਿਬ ਦੀ ਗਾਇਕੀ ਤੋਂ ਸਿੱਖੀਆਂ। ਪ੍ਰੋਫੈਸਰ ਸਾਹਿਬ ਦੀ ਸੁਰ-ਸਾਧਨਾ ਨੂੰ ਇਸ ਤੋਂ ਵੱਡੀ ਅਕੀਦਤ ਹੋਰ ਕੀ ਹੋ ਸਕਦੀ ਹੈ?