ਅਲੇਹਾ

ਗੁਰਮੀਤ ਕੜਿਆਲਵੀ
ਫੋਨ: 98726-40994
ਗੁਰਮੀਤ ਕੜਿਆਲਵੀ ਨੇ ਸਮਾਜ ਦੇ ਵੱਢੇ-ਟੁੱਕੇ ਪਾਤਰਾਂ ਬਾਰੇ ਯਾਦਗਾਰੀ ਕਹਾਣੀ ਲਿਖੀਆਂ ਹਨ। ‘ਅਲੇਹਾ’ ਕਹਾਣੀ ਰਿਸ਼ਤਿਆਂ ਦੀ ਪਰਿਕਰਮਾ ਤਾਂ ਕਰਦੀ ਹੀ ਹੈ, ਵੱਖ-ਵੱਖ ਕਾਰਨਾਂ ਕਰਕੇ ਸਮਾਜ ਵਿਚ ਪਈਆਂ ਵੰਡੀਆਂ ਦੀ ਕਥਾ ਵੀ ਬਹੁਤ ਸੂਖਮਤਾ ਨਾਲ ਬਿਆਨ ਕਾਰਦੀ ਹੈ। ਇਸ ਕਥਾ ਵਿਚ ਮਨੁੱਖ ਫਿਤਰਤ ਵੀ ਬਹੁਤ ਮਹੀਨ ਰੂਪ ਵਿਚ ਪਰੋਈ ਹੋਈ ਹੈ ਅਤੇ ਕਹਾਣੀ ਪਾਠਕ ਨੂੰ ਬੁਰੀ ਤਰ੍ਹਾਂ ਹਲੂਣ ਸੁੱਟਦੀ ਹੈ।

‘ਕੁਮਾਰ ਸਰ ਮੈਂ ਪਰਿੰਸ ਜੌਰਜ ਤੋਂ ਬੋਲਦੀ ਹਾਂ-ਮਨਦੀਪ’
‘ਹਾਂ ਮਨਦੀਪ ਕੀ ਹਾਲ ਹੈ?’
‘ਸਰ ਸਿਆਣ ਲਿਆ ਮੈਨੂੰ?’
‘ਨਹੀਂ?’
‘ਫਿਰ ਤੁਸੀਂ ਪੁੱਛਿਆ ਕਿਉਂ ਨਹੀਂ?’
‘ਮੈਂ ਸੋਚਦਾ ਹੁੰਨਾ ਜੇ ਫੋਨ ਕਰਨ ਵਾਲਾ ਮਿੱਤਰ ਬੇਲੀ ਹੋਇਆ ਤਾਂ ਪਿਆਰ ਭਰੀਆਂ ਗੱਲਾਂ ਕਰੇਗਾ, ਜੇ ਵੈਰੀ ਦੁਸ਼ਮਣ ਹੋਇਆ ਤਾਂ ਚਾਰ ਗਾਲ੍ਹਾਂ ਕੱਢ ਦੇਵੇਗਾ। ਜੇ ਨਾ ਮਿੱਤਰ ਹੋਇਆ ਨਾ ਦੁਸ਼ਮਣ ਤਾਂ ਦੋ ਚਾਰ ਗੱਲਾਂ ਕਰਨ ਉਪਰੰਤ ‘ਸੌਰੀ ਰੌਂਗ ਨੰਬਰ’ ਕਹਿ ਕੇ ਫੋਨ ਕੱਟ ਜਾਵੇਗਾ।’
‘ਸਰ, ਤੁਹਾਡਾ ਫੋਨ ਸ਼ੋਸ਼ਲ ਮੀਡੀਏ ਤੋਂ ਲੱਭਿਆ। ਕਈ ਦਿਨ ਤਾਂ ਸੋਚਾਂ `ਚ ਪਈ ਰਹੀ ਕਿ ਕੁਮਾਰ ਸਾਹਿਬ ਹੁਣ ਬਹੁਤ ਵੱਡੇ ਸ਼ਾਇਰ ਤੇ ਕਹਾਣੀਕਾਰ ਨੇ, ਕੀ ਪਤਾ ਫੋਨ ਚੁੱਕਣ ਕਿ ਨਾ। ਉਨ੍ਹਾਂ ਕੋਲ ਕਿੱਥੇ ਟਾਈਮ ਮੇਰੀਆਂ ਯੱਬ੍ਹਲੀਆਂ ਸੁਨਣ ਲਈ। ਫੇਰ ਜਕਦਿਆਂ-ਜਕਾਉਂਦਿਆਂ ਰਿੰਗ ਕਰ ਹੀ ਦਿੱਤੀ। ਤੁਸੀਂ ਤਾਂ ਫੋਨ `ਤੇ ਵੀ ਉਹੋ ਜਿਹੀਆਂ ਗੱਲਾਂ ਕਰਦੇ ਹੋ ਜਿਹੋ ਜਿਹੀਆਂ ਚਿੱਠੀਆਂ `ਚ ਕਰਦੇ ਸੀਗੇ।’
‘ਹਾ ਹਾ ਹਾ ਹੁਣ ਤਾਂ ਯਕੀਨ ਹੋ ਗਿਆ ਹੋਊ ਕਿ ਕੁਮਾਰ ਕੋਲ ਯੱਬਲੀਆਂ ਸੁਨਣ ਦਾ ਵਕਤ ਵੀ ਹੈ ਤੇ ਸਬਰ ਵੀ।’
‘ਹਾਂ ਲੱਗ ਗਿਆ ਪਤਾ ਕਿ ਮੇਰੇ ਵਰਗੀ ਦੀਆਂ ਦੋ ਦੋ ਮੀਟਰ ਲੰਮੀਆਂ ਊਲ ਜਲੂਲ ਚਿੱਠੀਆਂ ਦੇ ਲੰਮੇ ਲੰਮੇ ਜੁਆਬ ਦੇਣ ਵਾਲੇ ਕੁਮਾਰ ਸਰ ਨੂੰ ਲੰਮੇ ਲੰਮੇ ਫੋਨ ਵੀ ਕੀਤੇ ਜਾ ਸਕਦੇ।’
‘ਔਫ ਕੋਰਸ!’
‘ਸਰ! ਤੁਸੀਂ ਤਾਂ ਪੁੱਛਿਆ ਹੀ ਨਹੀਂ, ਚੱਲੋ ਮੈਂ ਹੀ ਦੱਸ ਦਿੰਨੀ ਹਾਂ-ਮੈਂ ਆਰ ਐਨ ਐਮ ਕਾਲਜ ਵਾਲੀ ਮਨਦੀਪ ਹਾਂ। ਤੁਸੀਂ ਹੁਣ ਦਿਮਾਗ `ਤੇ ਕੁੱਝ ਜ਼ੋਰ ਪਾਓ ਕਿ ਕਿਹੜੀ ਮਨਦੀਪ ਹਾਂ। ਮੈਂ ਫੇਰ ਕਿਸੇ ਦਿਨ ਫੋਨ ਕਰੂੰ।’ ਮੇਰੇ ਜੁਆਬ ਦੀ ਉਡੀਕ ਕੀਤੇ ਬਗੈਰ ਹੀ ਉਸਨੇ ਫੋਨ ਕੱਟ ਦਿੱਤਾ।
ਪੂਰੇ ਪੱਚੀ ਸਾਲ ਪਹਿਲਾਂ ਉਸਦੇ ਲੰਬੇ ਲੰਬੇ ਖਤ ਆਉਂਦੇ ਹੁੰਦੇ, ਜਿਸ ਵਿੱਚ ਕਿੰਨੀਆਂ ਹੀ ਨਿੱਕੀਆਂ-ਨਿੱਕੀਆਂ ਗੱਲਾਂ ਲਿਖੀਆਂ ਹੁੰਦੀਆਂ। ਉਹ ਖਤ ਦੀ ਸ਼ੁਰੂਆਤ ਮੇਰੀ ਕਿਸੇ ਮੈਗਜ਼ੀਨ ਵਿੱਚ ਛਪੀ ਕਹਾਣੀ ਦੀ ਤਾਰੀਫ਼ ਨਾਲ ਕਰਦੀ।
‘ਕੁਮਾਰ ਸਰ! ਤੁਹਾਡੀ ਕਹਾਣੀ ਨੇ ਤਾਂ ਰੁਆ ਹੀ ਦਿੱਤਾ। ਮੈਨੂੰ ਤਾਂ ਇਹ ਆਪਣੀਓ ਕਹਾਣੀ ਲੱਗੀ। ਤੁਸੀਂ ਐਨੀ ਸੋਹਣੀ ਕਹਾਣੀਂ ਲਿਖ ਕਿਵੇਂ ਲੈਨੇ ਓਂ? ਸਾਡੇ ਤੋਂ ਤਾਂ ਚਿੱਠੀ ਦੇ ਦੋ ਪੈਰ੍ਹੇ ਹੀ ਬੜੀ ਮੁਸ਼ਕਲ ਨਾਲ ਲਿਖ ਹੁੰਦੇ।’
ਦੋ ਪੈਰ੍ਹਿਆਂ ਦੀ ਚਿੱਠੀ ਲਿਖਣ ਨੂੰ ਮੁਸ਼ਕਲ ਦੱਸਣ ਵਾਲੀ ਨੇ ਚਿੱਠੀ ਲਿਖਣ ਲਈ ਕਾਪੀ ਦੇ ਕਈ ਵਰਕੇ ਭਰੇ ਹੁੰਦੇ। ਕਹਾਣੀ ਦੀ ਤਰੀਫ਼ ਦੀਆਂ ਦੋ ਲਾਈਨਾਂ ਲਿਖਣ ਤੋਂ ਬਾਅਦ ਆਪਣੀ ਚੱਲ ਰਹੀ ਪ੍ਰੇਮ ਕਹਾਣੀ ਵਿੱਚ ਆਏ ਦੁਖਾਂਤਕ ਜਾਂ ਸੁਖਾਂਤਕ ਮੋੜ ਬਾਰੇ ਪੈਰ੍ਹਿਆਂ ਦੇ ਪੈਰ੍ਹੇ ਲਿਖ ਦਿੰਦੀ। ਜੇ ਪਿਆਰ ਕਹਾਣੀ ਸੁਖਾਂਤਕ ਦੌਰ `ਚ ਲੰਘ ਰਹੀ ਹੁੰਦੀ ਤਾਂ ਉਹਦੇ ਖਤ ਦੀਆਂ ਸਤਰਾਂ ਕਿਸੇ ਕਵਿਤਾ ਵਰਗੀਆਂ ਲੱਗਦੀਆਂ।
‘ਕੁਮਾਰ ਸਰ! ਮੈਨੂੰ ਲੱਗਦਾ ਮੇਰੇ ਸਰੀਰ `ਤੇ ਖੰਭ ਉੱਗ ਆਏ ਨੇ। ਮੈਂ ਅਬਾਬੀਲ ਵਾਂਗ ਉੱਚੇ ਉੱਡਦੀ-ਉੱਡਦੀ ਦੂਰ ਕਿਸੇ ਦੇਸ਼ ਚਲੀ ਗਈ ਹੋਵਾਂ। ਜਣੀਦਾ ਉੱਡਦੀ ਜਾਂਦੀ ਹਾਂ-ਉੱਡਦੀ ਜਾਂਦੀ ਹਾਂ। ਪਹਾੜਾਂ-ਸਮੁੰਦਰਾਂ-ਝੀਲਾਂ-ਝਰਨਿਆਂ-ਬਾਗ ਬਗੀਚਆਂ-ਮਾਰੂਥਲਾਂ ਤੇ ਜੰਗਲਾਂ ਦੇ ਉੱਪਰ ਦੀ। ਪਤਾ ਨ੍ਹੀ ਕਿਹੜੇ ਦੇਸ਼ ਤੁਰੀ ਜਾਂਦੀ ਹਾਂ।’
ਉਨ੍ਹਾਂ ਦਿਨਾਂ `ਚ ਲੇਖਕ ਤੇ ਪਾਠਕ ਦਾ ਰਿਸ਼ਤਾ ਅੱਜ ਨਾਲੋਂ ਕਈ ਗੁਣਾਂ ਵੱਧ ਪੀਡਾ ਹੁੰਦਾ ਸੀ। ਪਾਠਕ ਆਪਣੀਆਂ ਨਿੱਜੀ ਗੱਲਾਂ ਵੀ ਆਪਣੇ ਮਹਿਬੂਬ ਲੇਖਕ ਨਾਲ ਕਰ ਲੈਂਦੇ ਸਨ।
‘ਕੁਮਾਰ ਸਰ! ਘਰ `ਚ ਮੈਂ ਸਭ ਤੋਂ ਵੱਡੀ ਹਾਂ। ਮੇਰੇ ਤੋਂ ਤਿੰਨ ਸਾਲ ਛੋਟੀ ਭੈਣ ਭੁਪਿੰਦਰ ਹੈ। ਅਸੀਂ ਤਾਂ ਸਾਰੇ ਭੂਪੀ ਆਂਹਦੇ ਹਾਂ। ਭਰਾ ਜਿੰਦ ਉਸਤੋਂ ਦੋ ਕੁ ਸਾਲ ਛੋਟਾ ਹੈ। ਦੋਵੇਂ ਪੜ੍ਹਨ ਵੱਲੋਂ ਠੀਕ-ਠਾਕ ਹੀ ਨੇ। ਪਾਪਾ ਜੀ ਫੌਜ ਵਿੱਚੋਂ ਪੈਨਸ਼ਨ ਆਏ ਨੇ। ਜ਼ਮੀਨ ਬੱਸ ਠੀਕ-ਠਾਕ ਹੀ ਹੈ। ਮੰਮੀ ਤਾਂ ਅੱਗੇ ਪੜ੍ਹਾਉਣ ਲਈ ਤਿਆਰ ਨ੍ਹੀ ਸੀ ਪਰ ਮੈਂ ਜਿਵੇਂ-ਕਿਵੇਂ ਪਾਪਾ ਜੀ ਨੂੰ ਰਾਜੀ ਕਰ ਲਿਆ। ਜੱਸ ਵੀ ਮੈਨੂੰ ਇੱਥੇ ਆਰ ਐਨ ਐਮ ਕਾਲਜ `ਚ ਈ ਮਿਲਿਆ। ਤਿੰਨ ਸਾਲ ਹੋਗੇ ਇਕੱਠੇ ਤੁਰਦਿਆਂ। ਹੁਣ ਤਾਂ ਜੀਅ ਕਰਦੈ, ਹੱਥਾਂ `ਚ ਹੱਥ ਪਾਈ ਜਿੰਦਗੀ ਦੇ ਰਾਹਾਂ `ਤੇ ਆਏਂ ਤੁਰੇ ਜਾਈਏ-ਤੁਰੇ ਜਾਈਏ।’
ਮਨਦੀਪ ਬਹੁਤ ਸਾਰੀਆਂ ਘਰੇਲੂ ਗੱਲਾਂ ਵੀ ਮੇਰੇ ਨਾਲ ਸਾਂਝੀਆਂ ਕਰਦੀ। ਉਚੇਰੀ ਪੜ੍ਹਾਈ ਬਾਰੇ ਮੇਰੀ ਸਲਾਹ ਪੁੱਛਦੀ। ਗਰੈਜੂਏਸ਼ਨ ਤੋਂ ਬਾਅਦ ਛੇਤੀ ਤੋਂ ਛੇਤੀ ਨੌਕਰੀ ਲੱਗ ਕੇ ਮਾਪਿਆਂ ਦੀ ਮੱਦਦ ਕਰਨ ਦੀਆਂ ਸਕੀਮਾਂ ਘੜਦੀ। ਉਹ ਸੋਚਦੀ ਕਿ ਜੱਸ ਨਾਲ ਉਸਦਾ ਰਿਸ਼ਤਾ ਆਰਥਿਕਤਾ ਨਾਲ ਬੱਝਾ ਹੋਇਆ ਹੈ। ਜੇਕਰ ਉਸਨੂੰ ਵਕਤ ਸਿਰ ਨੌਕਰੀ ਮਿਲ ਜਾਵੇ ਤਾਂ ਮਾਪਿਆਂ ਨੂੰ ਰਾਜੀ ਕਰਨਾ ਸੌਖਾ ਹੋ ਜਾਵੇਗਾ। ਮੈਂ ਉਸਨੂੰ ਆਪਣੀ ਸਮਝ ਅਨੁਸਾਰ ਰਾਇ ਦਿੰਦਾ। ਮੈਂ ਉਸਨੂੰ ਬੀ ਏ ਤੋਂ ਬਾਅਦ ਬੀ ਐੱਡ ਅਤੇ ਫੇਰ ਨੌਕਰੀ ਪ੍ਰਾਪਤ ਕਰਨ ਉਪਰੰਤ ਪੱਤਰ ਵਿਹਾਰ ਰਾਹੀਂ ਐਮ ਏ ਕਰਨ ਦੀ ਸਲਾਹ ਦਿੱਤੀ।
-ਕੁਮਾਰ ਸਰ! ਜੱਸ ਦੀ ਤਾਂ ਯੂਨੀਵਰਸਿਟੀ ਹੋਸਟਲ `ਚ ਰਹਿ ਕੇ ਐਮ ਏ ਕਰਨ ਦੀ ਪਲਾਨਿੰਗ ਸੀ ਪਰ ਮੇਰੇ ਆਖੇ ਬੀ ਐੱਡ ਕਰਨ ਲਈ ਮੰਨ ਗਿਆ। ਜੇ ਉਹ ਐਮ ਏ ਕਰਨ ਲਈ ਪਟਿਆਲੇ ਚਲਾ ਜਾਂਦਾ, ਮੈਥੋਂ ਤਾਂ ਉਹਦੇ ਬਿਨਾ ਇੱਕ ਦਿਨ ਵੀ ਨ੍ਹੀ ਸੀ ਰਹਿ ਹੋਣਾ। ਨਾਲੇ ਸਰ ਮੈਂ ਮੰਮੀ ਨੂੰ ਆਪਣੇ ਤੇ ਜੱਸ ਬਾਰ ਸਾਰਾ ਕੁੱਝ ਦੱਸ ਦਿੱਤੈ। ਉਹ ਵਕਤ ਆਉਣ `ਤੇ ਪਾਪਾ ਨਾਲ ਗੱਲ ਕਰ ਲੈਣਗੇ। ਲੱਗਦਾ ਗੱਡੀ ਲੀਹ `ਤੇ ਈ ਐ।’ ਉਸਦੇ ਖ਼ਤ ਦੇ ਅੱਖਰ ਖੁਸ਼ੀ `ਚ ਨੱਚਦੇ ਜਾਪਦੇ। ‘ਜੱਸ ਨੇ ਆਹ ਕਿਹਾ-ਜੱਸ ਨੇ ਅਹੁ ਕਿਹਾ।’ ਕਿੰਨੇ ਹੀ ਸਫ਼ੇ ਜੱਸ ਦੀਆਂ ਤਾਰੀਫ਼ਾਂ ਨਾਲ ਭਰੇ ਹੁੰਦੇ।
ਫੇਰ ਉਸਦੇ ਉਦਾਸੀ ਨਾਲ ਭਰੇ ਪੱਤਰ ਆਉਣ ਲੱਗੇ।
‘ਸਰ ਪਤਾ ਨਹੀਂ ਕੀ ਬਣੂ ਸਾਡੀ ਲਵ ਸਟੋਰੀ ਦਾ? ਮੈਨੂੰ ਤਾਂ ਨ੍ਹੀ ਲੱਗਦਾ ਸਿਰੇ ਚੜ੍ਹੇ। ਇਹ ਧਰਮਾਂ ਜਾਤਾਂ ਵਾਲੀਆਂ ਵੰਡਾਂ ਪਤਾ ਨਹੀਂ ਕਦੋਂ ਟੁੱਟਣਗੀਆਂ? ਇਹ ਸਮਾਜ ਪਿਆਰ ਕਰਨ ਵਾਲਿਆਂ ਦਾ ਦੁਸ਼ਮਣ ਕਿਉਂ ਹੋ ਜਾਂਦਾ? ਜੱਸ ਤਾਂ ਜਿਵੇਂ ਮੇਰੇ ਹੱਡਾਂ `ਚ ਰਚ ਗਿਆ। ਜੇ ਸਾਡਾ ਪਿਆਰ ਸਿਰੇ ਨਾ ਚੜ੍ਹਿਆ, ਮੈਥੋਂ ਤਾਂ ਉੱਕਾ ਜਿਉਂ ਨਹੀਂ ਹੋਣਾ। ਉਹਦੇ ਬਗੈਰ ਜਿੰਦਗੀ ਦਾ ਕੀ ਅਰਥ? ਸਰ ਤੁਸੀਂ ਸਾਡੇ ਆਈਡੀਅਲ ਹੋ। ਤੁਸੀਂ ਦੱਸੋ ਅਸੀਂ ਕੀ ਕਰੀਏ?’ ਇਸ ਪੱਤਰ ਤੋਂ ਬਾਅਦ, ਮਨਦੀਪ ਦੇ ਖ਼ਤ ਆਉਣੇ ਬੰਦ ਹੋ ਗਏ।
ਮੈਂ ਕਈ ਦਿਨ ਮਨਦੀਪ ਅਤੇ ਜੱਸ ਦੀ ਪ੍ਰੇਮ ਕਹਾਣੀ `ਚ ਉਲਝਿਆ ਰਿਹਾ ਸਾਂ। ਕਦੇ ਉਨ੍ਹਾਂ ਦੀ ਪਿਆਰ ਦੇ ਅੱਧਵਾਟੇ ਟੁੱਟ ਜਾਣ ਬਾਰੇ ਸੋਚਦਿਆਂ ਉਦਾਸ ਹੋ ਜਾਂਦਾ ਤੇ ਕਦੇ ਆਪਣੇ ਆਪ ਨੂੰ ਤਸੱਲੀ ਦੇ ਲੈਂਦਾ ਕਿ ਦੋਵਾਂ ਨੂੰ ਬੀ ਐੱਡ ਕਰਨ ਬਾਅਦ ਨੌਕਰੀ ਮਿਲ ਗਈ ਹੋਊ ਤੇ ਉਨ੍ਹਾਂ ਨੇ ਵਿਆਹ ਕਰਾ ਲਿਆ ਹੋਊ। ਵਿਆਹ ਬਾਅਦ ਕਿਸ ਕੁੜੀ ਕੋਲ ਵਕਤ ਹੁੰਦੈ, ਕਹਾਣੀਆਂ ਪੜ੍ਹਨ ਅਤੇ ਲੇਖਕ ਨੂੰ ਲੰਬੀਆਂ-ਲੰਬੀਆਂ ਚਿੱਠੀਆਂ ਲਿਖਣ ਦਾ? ਮੈਂ ਵੀ ਉਸਦੇ ਖ਼ਤਾਂ ਦੀ ਉਡੀਕ ਛੱਡ ਦਿੱਤੀ। ਕਈ ਵਰ੍ਹੇ ਗੁਜ਼ਰ ਗਏ। ਮਨਦੀਪ ਤੇ ਮਨਦੀਪ ਦੀ ਪ੍ਰੇਮ ਕਹਾਣੀ ਭੁੱਲ ਭੁਲਾ ਗਈ।
ਮਨਦੀਪ ਦੇ ਪਹਿਲੇ ਫੋਨ ਤੋਂ ਬਾਅਦ ਅਗਲੇ ਦੀ ਜਿਆਦਾ ਦਿਨ ਉਡੀਕ ਨਾ ਕਰਨੀ ਪਈ। ਤੀਜੇ ਦਿਨ ਉਸਦਾ ਫੋਨ ਆ ਗਿਆ।
‘ਕੁਮਾਰ ਸਰ! ਮੇਰੇ ਗੁਆਂਢ ਇੱਕ ਆਇਰਸ਼ ਗੋਰੀ ਰਹਿੰਦੀ। ਮੇਰੀ ਬੜੀ ਪਿਆਰੀ ਦੋਸਤ ਹੈ। ਮੈਂ ਜਦੋਂ ਵੀ ਲਿੰਡਾ ਨੂੰ ਮਿਲਦੀ ਹਾਂ, ਮੈਨੂੰ ਤੁਹਾਡੀ ਯਾਦ ਆ ਜਾਂਦੀ ਹੈ।’ ਮਨਦੀਪ ਨੇ ਗੱਲ ਦੇ ਸ਼ੁਰੂ `ਚ ਹੀ ਸਸਪੈਂਸ ਭਰ ਦਿੱਤਾ। ਆਪਣੇ ਖ਼ਤਾਂ `ਚ ਵੀ ਕਈ ਵਾਰ ਇੰਜ ਕਰਦੀ ਹੁੰਦੀ ਸੀ।
‘ਲਿੰਡਾ ਨੂੰ ਮਿਲ ਕੇ ਮੇਰੀ ਯਾਦ ਆ ਜਾਂਦੀ ਹੈ? ਇਹ ਕੀ ਮੇਲ ਹੋਇਆ ਵਈ? ਕਿੱਥੇ ਗੋਰੀ ਲਿੰਡਾ-ਕਿੱਥੇ ਇੱਕ ਪੰਜਾਬੀ ਕਹਾਣੀਕਾਰ?’
‘ਲਿੰਡਾ ਬੜਾ ਅਜੀਬ ਕਰੈਕਟਰ ਹੈ ਕੁਮਾਰ ਸਰ। ਸਮਝ ਲੌ ਤੁਹਾਡੀ ਕਹਾਣੀ ਦੀ ਪਾਤਰ ਹੈ। ਉਹਨੂੰ ਉਮਰ ਤਾਂ ਨ੍ਹੀ ਪੁੱਛੀ ਕਦੇ ਪਰ ਸੱਠ ਸਾਲ ਤੋਂ ਵੀ ਵੱਧ ਦੀ ਹੋਊ। ਥੋਨੂੰ ਪਤਾ ਏਧਰ ਕਿਸੇ ਨੂੰ ਉਮਰ ਤੇ ਆਮਦਨ ਪੁੱਛਣਾ ਚੰਗਾ ਨ੍ਹੀ ਸਮਝਿਆ ਜਾਂਦਾ। ਸਰ ਲਿੰਡਾ ਅਜੇ ਤੱਕ ਕੁਆਰੀ ਹੈ। ਜਿੰਦਗੀ ਨੂੰ ਕਿਵੇਂ ਜਿਉਣਾ ਚਾਹੀਦੈ-ਕੋਈ ਲਿੰਡਾ ਤੋਂ ਸਿੱਖੇ। ਮੇਰਾ ਤਾਂ ਆਪ ਜੀਅ ਕਰਦੈ, ਲਿੰਡਾ ਵਾਂਗੂੰ ਰਹਾਂ। ਉਹਦੇ ਵਾਂਗ ਘੁੰਮਾ ਫਿਰਾਂ, ਜਿੰਦਗੀ ਦੇ ਰੰਗ ਮਾਣਾਂ ਪਰ ਐਨੀ ਚੰਗੀ ਲੱਕ ਕਿੱਥੋਂ?’ ਮਨਦੀਪ ਮੈਨੂੰ ਬੋਲਣ ਦਾ ਤਾਂ ਵਕਤ ਹੀ ਨਹੀਂ ਦਿੰਦੀ।
‘ਸਰ! ਲਿੰਡਾ ਕਰੋੜਾਂਪਤੀ ਹੈ। ਉਹਦਾ ਤਾਂ ਘਰ ਹੀ ਬੜਾ ਲੰਮਾ ਚੌੜਾ ਹੈਗਾ। ਕਈ ਮਿਲੀਅਨਜ਼ ਦਾ ਹੋਊ। ਪਰ ਵੇਖਲੋ ਇਕੱਲੀ ਰਹੀ ਜਾਂਦੀ। ਘਾਹ ਵੀ ਆਪ ਹੀ ਕੱਟਦੀ ਮਸ਼ੀਨ ਨਾਲ। ਪਲਾਂਟਸ ਦੀ ਦੇਖਭਾਲ ਕਰਦੀ ਐ ਜਾਂ ਸਾਰੀ ਦਿਹਾੜੀ ਪੜ੍ਹਦੀ ਰਹਿੰਦੀ। ਮੈਂ ਤਾਂ ਹੈਰਾਨ ਹਾਂ ਕਿ ਐਨਾ ਪੜ੍ਹ ਕਿਵੇਂ ਲੈਂਦੀ ਐ?’
‘ਕੀ ਪੜ੍ਹਦੀ ਹੈ?’ ਮੈਂ ਸ਼ੁਕਰ ਕਰਦਾ ਹਾਂ ਕਿ ਮੈਨੂੰ ਵੀ ਤਿੰਨ ਸ਼ਬਦ ਮੂੰਹੋਂ ਕੱਢਣ ਦੀ ਵਿਰਲ ਮਿਲ ਜਾਂਦੀ ਹੈ।
‘ਇਹ ਪੁੱਛੋ ਪੜ੍ਹਦੀ ਕੀ ਨਹੀਂ? ਲਿਟਰੇਚਰ, ਹਿਸਟਰੀ, ਸਾਈਕੋਲੋਜੀ-ਸਾਇੰਸ ਜਨਰਲ, ਪੋਲੀਟੀਕਲ ਈਵੈਂਟਸ, ਸਪੋਰਟਸ-ਹਰ ਤਰ੍ਹਾਂ ਦੇ ਵਿਸ਼ੇ ਬਾਰੇ। ਦੁਨੀਆ ਜਹਾਨ ਦੀਆਂ ਪੁਸਤਕਾਂ ਇਕੱਠੀਆਂ ਕਰਨ ਦਾ ਖ਼ਬਤ ਹੈ ਉਹਨੂੰ। ਨਵੀਂ ਪੁਸਤਕ ਪਬਲਿਸ਼ ਪਿੱਛੋਂ ਹੁੰਦੀ ਹੈ-ਲਿੰਡਾ ਔਨਲਾਈਨ ਆਰਡਰ ਪਹਿਲਾਂ ਕਰ ਦਿੰਦੀ। ਸਾਰਾ ਦਿਨ ਜਾਂ ਪੜ੍ਹਦੀ ਹੈ ਜਾਂ ਘੁੰਮਦੀ ਹੈ-ਹੋਰ ਕੰਮ ਵੀ ਕੀ ਉਹਨੂੰ?’
‘ਕਿਸ ਨਾਲ ਘੁੰਮਦੀ ਹੈ?’ ਮੈਂ ਆਖ ਤਾਂ ਦਿੱਤਾ ਪਰ ਮਹਿਸੂਸ ਹੋਇਆ ਕਿ ਬੜਾ ਬੇਲੋੜਾ ਸਵਾਲ ਕੀਤਾ ਹੈ। ਸ਼ਬਦ ਹੁਣ ਮੂੰਹ `ਚ ਵਾਪਸ ਥੋੜਾ ਪੈ ਸਕਦੇ ਸਨ?
‘ਆਪਣੇ ਬੁਆਏ ਫਰੈਂਡ ਨਾਲ। ਹੋਰ ਕੀਹਦੇ ਨਾਲ ਘੁੰਮਣਾ ਹੋਇਆ?’
‘ਬੁਆਏ-?’
‘ਉਸਦਾ ਬੁਆਏ ਫਰੈਂਡ ਹੈ ਜੌਹਨ। ਜੌਹਨ ਆਇਰਸ਼ ਨਹੀਂ ਹੈ। ਉਹ ਇੰਗਲੈਂਡ ਦਾ ਹੈ। ਲਿੰਡਾ ਦੱਸਦੀ ਹੁੰਦੀ ਹੈ, ‘ਸਾਡੇ ਵੱਡੇ-ਵਡੇਰੇ ਜੌਹਨ ਦੇ ਵੱਡੇ-ਵਡੇਰਿਆਂ ਨਾਲ ਸਦੀਆਂ ਤੱਕ ਲੜਦੇ ਰਹੇ ਨੇ। ਇੰਗਲੈਂਡ ਵਾਲੇ ਆਇਰਲੈਂਡ ਵਾਲਿਆਂ ਨੂੰ ਹਮੇਸ਼ਾਂ ਦਬਾ ਕੇ ਰੱਖਣ ਦਾ ਯਤਨ ਕਰਦੇ ਰਹੇ ਪਰ ਆਇਰਸ਼ ਲੋਕ ਸ਼ੁਰੂ ਤੋਂ ਹੀ ਬਾਗੀ ਸੁਭਾਅ ਦੇ ਰਹੇ ਨੇ। ਅਸੀਂ ਕਿਸੇ ਦੀ ਗੁਲਾਮੀ ਨਹੀਂ ਕਰ ਸਕਦੇ। ਪਰ ਮੈਂ ਤੇ ਜੌਹਨ ਆਪਣੀ ਦੋਸਤੀ `ਚ ਸਦੀਆਂ ਦੀ ਦੁਸ਼ਮਣੀ ਨੂੰ ਨਹੀਂ ਆਉਣ ਦਿੰਦੇ।’ ਸੱਚੀਂ ਸਰ ਲਿੰਡਾ ਬੜੀ ਖੁਸ਼ਮਿਜ਼ਾਜ ਹੈ’ ਦੱਸਦਿਆਂ ਹੱਸਣ ਲੱਗਦੀ ਹੈ।
ਮਨਦੀਪ ਦੀ ਗੱਲ ਸੁਣਦਿਆਂ ਮੇਰਾ ਜੀਅ ਤਾਂ ਕੀਤਾ ਕਿ ਉਸਨੂੰ ਪੁੱਛਾਂ, ‘ਤੂੰ ਆਪਣੇ ਬਾਰੇ ਦੱਸ। ਤੇਰੇ ਜੌਹਨ ਦਾ ਕੀ ਬਣਿਆ? ਜਾਤੀਵਾਦ ਦੀਆਂ ਹੱਦਾਂ ਟੁੱਟੀਆਂ? ਆਪਣੇ ਜੌਹਨ ਦੇ ਹੱਥਾਂ `ਚ ਹੱਥ ਪਾਈ ਜਿੰਦਗੀ ਦੇ ਰਾਹਾਂ `ਤੇ ਤੁਰੀ ਜਾਨੀ ਏਂ ਕਿ ਨਹੀਂ?’ ਪਰ ਮੈਂ ਕੁੱਝ ਨਹੀਂ ਪੁੱਛਦਾ। ਮੈਂ ਉਸ ਦੀਆਂ ਗੱਲਾਂ `ਚੋਂ ਹੀ ਉਸਦੇ ਜੌਹਨ ਬਾਰੇ ਕਨਸੋਅ ਲੈਣ ਦਾ ਫੈਸਲਾ ਕਰਦਾ ਹਾਂ।
‘ਅੱਛਾ! ਫੇਰ ਤਾਂ ਬੜੀ ਮਜ਼ੇਦਾਰ ਜਿੰਦਗੀ ਗੁਜ਼ਾਰ ਰਹੇ ਨੇ ਦੋਵੇਂ।’
‘ਸਰ, ਇਹ ਲੋਕ ਲੱਕ-ਲੁੱਕ ਨੂੰ ਮੰਨਦੇ ਤਾਂ ਹੈਨੀ ਪਰ ਰੀਅਲੀ ਲਿੰਡਾ ਹੈ ਬਹੁਤ ਲੱਕੀ। ਅਸੀਂ ਇੰਡੀਅਨ ਲੋਕ ਤਾਂ ਬੱਸ…।’
‘ਹਾਂ! ਤੇਰੀ ਲਿੰਡਾ ਹੈ ਤਾਂ ਲੱਕੀ…।’ ਮੈਨੂੰ ਰਸੋਈ `ਚੋਂ ਖਿੱਝੀ ਖਪੀ ਪਤਨੀ ਦੇ ਬੁੜ-ਬੁੜ ਕਰਨ ਦੀ ਆਵਾਜ਼ ਸੁਣਾਈ ਦਿੰਦੀ ਹੈ। ਉਸਦੇ ਕੰਨ ਮੇਰੇ ਫੋਨ ਵੱਲ ਹੀ ਲੱਗੇ ਹੋਏ ਨੇ। ਮੈਨੂੰ ਪਤਾ ਫੋਨ ਬੰਦ ਹੁੰਦਿਆਂ ਹੀ ਉਸਦੇ ਕਈ ਸੁਆਲ ਹੋਣਗੇ-ਕਿਸਦਾ ਫੋਨ ਸੀ? ਕਿੱਥੋਂ ਸੀ? ਕੌਣ ਸੀ? ਤੈਨੂੰ ਕਿਵੇਂ ਜਾਣਦੀ ਹੈ? ਕਿਵੇਂ ਫੋਨ ਕੀਤਾ? ਕਿਉਂ ਫੋਨ ਕੀਤਾ? ਵੈਸੇ ਤਾਂ ਸਰਲਾ ਨੇ ਸਾਰੀ ਉਮਰ ਹੀ ਮੈਨੂੰ ਟਿੰਡੀ ਵਾਲੇ ਬੀਅ `ਤੇ ਚੜ੍ਹਾਈ ਰੱਖਿਆ ਹੈ ਪਰ ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ, ਉਸਦਾ ਸੁਭਾਅ ਹੋਰ ਵੱਧ ਸ਼ੱਕੀ ਹੁੰਦਾ ਜਾਂਦਾ ਹੈ। ਉਸਦੇ ਅੰਦਰੋਂ ਹਰ ਵੇਲੇ ਪੁਲਸੀਏ ਬਾਪ ਦੀ ਹਰਾਮ ਨਾਲ ਕਮਾਈ ਦੌਲਤ ਹੀ ਬੋਲਦੀ ਰਹੀ। ਮੈਂ ਤਾਂ ਸਾਰੀ ਉਮਰ ਉਸ ਤੋਂ ਪਿੱਛਾ ਛੁਡਾ ਲੈਣ ਬਾਰੇ ਹੀ ਸੋਚਦਾ ਰਿਹਾਂ।
‘ਸਰ, ਲਿੰਡਾ ਤੇ ਜੌਹਨ ਜਦੋਂ ਜੀਅ ਕਰੇ ਵਰਲਡ ਟੂਰ `ਤੇ ਨਿਕਲ ਜਾਂਦੇ ਆ। ਪੂਰੀ ਦੀ ਪੂਰੀ ਦੁਨੀਆ ਗਾਹ ਦਿੱਤੀ ਹੋਣੀ ਉਨ੍ਹਾਂ ਨੇ। ਜਿਵੇਂ ਕਹਿੰਦੇ ਹੁੰਦੇ ਨੇ-ਯਾਰੀ ਪੱਕੀ ਪਰ ਖਰਚਾ ਅੱਧੋ ਅੱਧ। ਜੌਹਨ ਤੇ ਲਿੰਡਾ ਵੀ ਆਪੋ-ਆਪਣਾ ਖਰਚਾ ਕਰਦੇ। ਇੱਕ ਦੂਜੇ `ਤੇ ਬੋਝ ਨਹੀਂ ਬਣਦੇ।’
‘ਕਾਸ਼! ਸਾਨੂੰ ਵੀ ਤੇਰੀ ਲਿੰਡਾ ਵਰਗੀ ਜਿੰਦਗੀ ਜਿਉਣ ਦਾ ਮੌਕਾ ਮਿਲਦਾ।’
‘ਲਿੰਡਾ ਵਰਗੀ ਕਿਸਮਤ ਸਾਰਿਆਂ ਦੀ ਕਿੱਥੇ?’ ਮਨਦੀਪ ਦੀ ਆਵਾਜ਼ ਜਿਵੇਂ ਡੂੰਘੇ ਖੂਹ `ਚੋਂ ਆਈ ਹੋਵੇ।
‘ਐਗਜੈਕਟਲੀ…! ਜਿਹੜਾ ਸ਼ੇਅਰ ਹੈ ਨਾ-ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ। ਨਿਦਾ ਫਾਜ਼ਲੀ ਨੇ ਸਾਡੇ ਵਰਗੇ ਲੋਕਾਂ ਵਾਸਤੇ ਹੀ ਲਿਖਿਆ ਹੈ।’
‘ਹਾਂ ਕੁਮਾਰ ਸਰ! ਮੇਰੇ ਵਰਗੇ ਦੇ ਤਾਂ ਜਹਾਨ ਦੀ ਨਿੱਕੀ ਮੋਟੀ ਕੰਨੀ ਵੀ ਹੱਥ ਨਹੀਂ ਆਉਂਦੀ।’ ਉਸ ਦੀ ਆਵਾਜ਼ ਤੋਂ ਅੰਦਾਜ਼ਾ ਲਾਇਆ, ਉਹ ਅੰਦਰ-ਅੰਦਰ ਰੋ ਰਹੀ ਸੀ।
‘ਕੁਮਾਰ ਸਰ! ਮੈਂ ਕੱਲ੍ਹ ਨੂੰ ਏਸੇ ਵਕਤ ਫੋਨ ਕਰੂੰ।’ ਉਸਦਾ ਫੋਨ ਬੰਦ ਹੋਣ ਦੀ ਦੇਰ ਸੀ ਕਿ ਪਤਨੀ ਦੀ ਗਰਜ ਸੁਣਾਈ ਦਿੱਤੀ।
‘ਰੋਟੀ ਲਿਆਵਾਂ?’ ਸਰਲਾ ਨੇ ਕਿਹਾ ਤਾਂ ਇੰਨਾ ਹੀ, ਪਰ ਜਿਸ ਤਰ੍ਹਾਂ ਕਿਹਾ, ਉਸਦਾ ਭਾਵ, ‘ਜੇ ਰਮਾਇਣ ਖ਼ਤਮ ਹੋ ਗਈ ਤਾਂ ਰੋਟੀ ਲਿਆਵਾਂ’ ਵਾਲਾ ਹੀ ਸੀ।
‘ਬਾਹਰੋਂ ਵਿਦੇਸ਼ ਤੋਂ ਫੋਨ ਸੀ, ਮਨਦੀਪ ਦਾ। ਬਹੁਤ ਵਰ੍ਹੇ ਪਹਿਲਾਂ ਉਸਦੀਆਂ ਚਿੱਠੀਆਂ ਆਉਂਦੀਆਂ ਹੁੰਦੀਆਂ ਸਨ ਬਤੌਰ ਪਾਠਕ। ਆਪਣੇ ਆਪ ਨੂੰ ਮਨਦੀਪ ਰੂਹੀ ਲਿਖਦੀ ਹੁੰਦੀ ਸੀ। ਹੁਣ ਕਿੰਨੇ ਵਰ੍ਹਿਆਂ ਬਾਅਦ ਉਸਨੇ ਦੁਬਾਰਾ ਸੰਪਰਕ ਜੋੜਿਆ। ਬੜੀ ਚੰਗੀ ਤੇ ਸਾਊ ਕੁੜੀ।’ ਮੈਂ ਉਸ ਦੇ ਬਿਨਾਂ ਪੁੱਛਿਆਂ ਹੀ ਸਫਾਈ ਦੇਣ ਲੱਗਾ।
‘ਮੈਂ ਰੋਟੀ ਲਿਆਈ ਹੱਥ ਧੋ ਲੋ। ਕੀ ਪਤਾ ਅੰਦਰੋਂ-ਬਾਹਰੋਂ ਹੋਰ ਕਿਹੜੀ ਰੂਹ ਅਫਜ਼ਾ ਦਾ ਫੋਨ ਆਜੇ?’ ਮੇਰੀ ਸਫਾਈ ਨੇ ਜਿਵੇਂ ਪਤਨੀ ਨੂੰ ਸੰਤੁਸ਼ਟ ਨਹੀਂ ਸੀ ਕੀਤਾ।
ਅਗਲੇ ਦਿਨ ਦਿੱਤੇ ਵਕਤ ਤੋਂ ਪਹਿਲਾਂ ਹੀ ਮਨਦੀਪ ਦਾ ਫੋਨ ਆ ਗਿਆ।
‘ਹਾਂ ਵ੍ਹੀ ਮਨਦੀਪ, ਸੁਣਾ ਕੀ ਹਾਲ ਹੈ ਤੇਰੀ ਲਿੰਡਾ ਮੈਡਮ ਦਾ?’ ਮੇਰਾ ਸੁਆਲ ਅਜੇ ਪੂਰਾ ਵੀ ਨਹੀਂ ਸੀ ਹੋਇਆ ਕਿ ਮਨਦੀਪ ਮਸ਼ੀਨ ਵਾਂਗ ਬੋਲਣਾ ਸ਼ੁਰੂ ਕਰਦੀ ਹੈ।
‘ਕੁਮਾਰ ਸਰ! ਸ਼ਾਇਦ ਉਸ ਦਿਨ ਮੈਂ ਦੱਸਣਾ ਭੁੱਲ ਹੀ ਗਈ। ਲਿੰਡਾ ਨੇ ਸਾਲ ਕੁ ਪਹਿਲਾਂ ਇੱਕ ਬੱਚੀ ਗੋਦ ਲੈ ਲਈ ਸੀ। ਕਿਸੇ ਅਫਰੀਕਨ ਦੇਸ਼ `ਚੋਂ ਹੈ। ਘੁੰਗਰਾਲੇ ਵਾਲਾਂ ਵਾਲੀ ਸ਼ਾਹ ਰੰਗ ਵਾਲੀ ਕਾਲੀ ਕੁੜੀ। ਲਿੰਡਾ ਬੜੀ ਖੁਸ਼ ਹੈ ਬੇਟੀ ਨਾਲ। ਉਸੇ ਨਾਲ ਰੁੱਝੀ ਰਹਿੰਦੀ ਹੈ। ਆਪਣੇ ਆਪ ਨੂੰ ‘ਕੁਆਰੀ ਮਾਂ’ ਆਖ ਕੇ ਖੂਬ ਹੱਸਦੀ ਹੈ। ਵੇਖਲੋ ਸਰ ਕਾਲੀ ਕੁੜੀ ਦੀ ਕਿਸਮਤ। ਪਤਾ ਨਹੀਂ ਕਿਸ ਗਰੀਬ ਘਰ ਦੀ ਹੋਵੇਗੀ। ਲਿੰਡਾ ਦੀ ਮੌਤ ਬਾਅਦ ਉਸਨੇ ਮਿਲੀਅਨ ਬਿਲੀਅਨ ਦੀ ਜਾਇਦਾਦ ਦੀ ਮਾਲਕ ਬਣ ਜਾਣੈ।’
‘ਕਿਸੇ ਦੀ ਕਿਸਮਤ ਦਾ ਕੋਈ ਸ਼ਰੀਕ ਨਹੀਂ ਹੁੰਦਾ। ਸਾਨੂੰ ਕੀ ਮਿਲਣਾ, ਕਦੋਂ ਮਿਲਣਾ ਤੇ ਕਿੰਨਾ ਮਿਲ ਜਾਣਾ-ਕੋਈ ਨਹੀਂ ਜਾਣਦਾ ਹੁੰਦਾ।’ ਮੈਂ ਆਦਤ ਦੇ ਉਲਟ ਅਧਿਆਤਮਵਾਦੀ ਭਾਸ਼ਨ ਝਾੜ ਦਿੰਦਾ ਹਾਂ।
‘ਲਿੰਡਾ ਆਪਣੀ ਬੱਚੀ ਨੂੰ ‘ਮਾਈ ਯੂਨੀਵਰਸ’ ਆਖਦੀ ਹੈ। ਬੜੀ ਚੰਗੀ ਲੱਗਦੀ ਹੈ ਇੰਜ ਕਹਿੰਦਿਆਂ। ਮੈਂ ਸੋਚਣ ਲੱਗਦੀ ਹਾਂ-ਮੇਰਾ ਯੂਨੀਵਰਸ ਕਿਹੜਾ ਹੈ?’
‘ਲਿੰਡਾ ਸਹੀ ਆਖਦੀ ਹੈ।’
ਮੈਂ ਜਵਾਬ ਦੇਣ ਲਈ ਹੀ ਜਵਾਬ ਦਿੱਤਾ। ਉਂਜ ਪਤਾ ਨਹੀਂ ਲੱਗਦਾ ਕਿ ਮਨਦੀਪ ਦਾ ਕੀ ਜੁਆਬ ਦਿਆਂ? ਉਹ ਐਹੋ ਜਿਹੀਆਂ ਗੱਲਾਂ ਕਿਉਂ ਕਰੀ ਜਾਂਦੀ ਸੀ? ਉਸਦਾ ਪਤੀ? ਪਰਿਵਾਰ? ਬੱਚੇ? ਘਰ-ਬਾਰ? ਮੈਨੂੰ ਕੁੱਝ ਵੀ ਸਮਝ ਨਹੀਂ ਲੱਗਦੀ।
‘ਕੀ ਤੂੰ ਵੀ ਲਿੰਡਾ ਵਾਂਗ ਇਕੱਲੀ ਰਹਿੰਦੀ ਏਂ?’
‘ਰਹਿੰਦੀ ਤਾਂ ਪਤੀ ਨਾਲ ਹਾਂ…ਪਰ ਇਕੱਲੀ ਹਾਂ।’ ਉਹ ਲੰਬਾ ਹਓਕਾ ਭਰਦੀ ਹੈ। ਮੈਂ ਬੈੱਡ ਰੂਮ `ਚ ਅੱਧ ਲੇਟੀ ਪਤਨੀ ਵੱਲ ਚੋਰ ਅੱਖ ਨਾਲ ਵੇਖਦਿਆਂ ਆਪਣੇ ਅੰਦਰਲਾ ਹਓਕਾ ਅੰਦਰੇ ਘੁੱਟ ਲੈਂਦਾ ਹਾਂ।
‘ਮੈਂ ਤਾਂ ਪਿਛਲੇ ਪੱਚੀ ਵਰਿਆਂ ਤੋਂ ਗਿੱਲੀ ਲੱਕੜ ਵਾਂਗ ਧੁਖੀ ਹਾਂ। ਹੁਣ ਵੀ ਧੁਖੀ ਜਾਂਦੀ ਹਾਂ।’ ਮਨਦੀਪ ਦੇ ਲੰਬਾ ਸਾਹ ਲੈਣ ਦੀ ਆਵਾਜ਼ ਆਉਂਦੀ ਹੈ।
‘ਸਾਡੀ ਉਮਰ ਦਾ ਅੱਧੋ ਅੱਧ ਦਾ ਫਰਕ ਹੈ। ਹਰੀਸ਼ ਕੰਮ ਤੋਂ ਬਹੁਤ ਪਹਿਲਾਂ ਦਾ ਰਿਟਾਇਰ ਹੋ ਚੁੱਕਾ ਹੈ। ਬੇਥਾਹ ਧਨ ਦੌਲਤ ਹੈ। ਕਿੰਨੇ ਸਾਰੇ ਅਪਾਰਟਮੈਂਟ ਨੇ। ਵੱਡੇ ਵੱਡੇ ਘਰ ਨੇ। ਕਈ ਸਟੋਰ ਨੇ। ਅੰਨ੍ਹੀ ਜਾਇਦਾਦ ਹੈ। ਮੇਰੇ ਨਾਂ ਵੀ ਬਥੇਰੀ ਜਾਇਦਾਦ ਕੀਤੀ ਹੋਈ ਪਰ…।’ ਮੇਰੇ ਵਲੋਂ ਕੋਈ ਸਵਾਲ ਨਾ ਕੀਤੇ ਜਾਣ `ਤੇ ਉਹ ਆਪ ਹੀ ਅੱਗੇ ਦੱਸਣ ਲੱਗਦੀ ਹੈ।
‘ਸਾਡੇ `ਚ ਕੁੱਝ ਵੀ ਤਾਂ ਐਹੋ ਜਿਹਾ ਹੈਨੀ ਜਿਸ ਆਸਰੇ ਜਿੰਦਗੀ ਜਿਉਣ ਨੂੰ ਜੀਅ ਕਰੇ। ਉਸਦੀ ਉਮਰ ਬਿਰਧ ਆਸ਼ਰਮ ਜਾਣ ਵਾਲੀ ਹੈ।’
‘ਤੇਰੇ ਦੇਸ਼ `ਚ ਤਾਂ ਤਲਾਕ ਆਮ ਗੱਲ ਹੈ…ਮੈਂ ਸਮਝਦਾਂ, ਸਾਰਿਆਂ ਨੂੰ ਲਿੰਡਾ ਵਾਂਗ ਆਪਣੀਆਂ ਸ਼ਰਤਾਂ `ਤੇ ਹੀ ਜਿੰਦਗੀ ਜਿਉਣੀ ਚਾਹੀਦੀ ਹੈ।’ ਮੈਨੂੰ ਆਪਣੇ ਕੋਰੇ ਝੂਠੇ ਪ੍ਰਵਚਨ `ਤੇ ਸ਼ਰਮ ਆਉਣ ਲੱਗਦੀ ਹੈ। ਮੇਰਾ ਜੀਅ ਤਾਂ ਕੀਤਾ ਉਸਨੂੰ ਆਖਾਂ, ਤੇਰੇ ਨਾਲੋਂ ਤਾਂ ਮੇਰੇ ਪਿੰਡ ਦੀ ਅਨਪੜ੍ਹ ਔਰਤ ਜੀਤੋ ਕਿਤੇ ਦਲੇਰ ਤੇ ਸਿਆਣੀ ਹੈ ਜਿਸਦੇ ਮਾਪਿਆਂ ਨੇ ਉਸਨੂੰ ਪੈਸੇ ਲੈ ਕੇ ਦੁੱਗਣੀ ਉਮਰ ਦੇ ਨਿੱਕੇ ਨਾਲ ਤੋਰ ਦਿੱਤਾ ਸੀ ਪਰ ਇੱਥੇ ਆ ਕੇ ਉਸਨੇ ਵਲਗਣਾਂ ਤੋੜ ਕੇ ਨਿੱਕੇ ਦੇ ਸਭ ਤੋਂ ਛੋਟੇ ਭਰਾ ਤੇ ਆਪਣੇ ਹਾਣੀ ਪੰਮੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਸੀ। ਜੀਤੋ ਨੂੰ ਹੁਣ ਕੋਈ ਵੀ ‘ਨਿੱਕੇ ਵਾਲੀ’ ਨਹੀਂ ਆਖਦਾ ਸਗੋਂ ਸਾਰੇ ‘ਪੰਮੇ ਵਾਲੀ’ ਹੀ ਆਖਦੇ ਹਨ।’ ਪਰ ਮੈਂ ਚੁੱਪ ਹੀ ਰਿਹਾ।
‘ਸੋਚਿਆ ਤਾਂ ਮੈਂ ਵੀ ਸੀ ਕਿਸੇ ਵਕਤ ਇਸ ਬੁੱਢੇ ਨੂੰ ਤਲਾਕ ਦੇ ਕੇ ਇੰਡੀਆ ਤੋਂ ਜੱਸ ਨੂੰ ਬੁਲਾ ਲਵਾਂ। ਫੇਰ ਸੋਚਿਆ-ਮਨਾ ਜਿਸਨੂੰ ਅੱਧਵਾਟੇ ਛੱਡ ਕੇ ਆ ਗਈ-ਹੁਣ ਉਹਨੂੰ ਕਿਹੜੇ ਮੂੰਹ ਨਾਲ ਬੁਲਾਵੇਂਗੀ? ਗੱਲ ਆਈ-ਗਈ ਹੋਗੀ।’
‘ਇਸਦਾ ਮਤਲਬ…?’ ਮੈਂ ਗੱਲ ਅਧੂਰੀ ਛੱਡ ਦਿੱਤੀ ਜਾਂ ਅਧੂਰੀ ਰਹਿ ਗਈ।
‘ਹਾਂ! ਇਸਦਾ ਮਤਲਬ ਉਹੀ ਹੈ ਜੋ ਤੁਸੀਂ ਸੋਚਦੇ ਓਂ। ਮੇਰੇ ਤੇ ਜੱਸ ਵਿਚਕਾਰ ਉਹ ਸਾਰਾ ਕੁੱਝ ਆ ਗਿਆ ਸੀ ਜੋ ਪਿਆਰ ਮੁਹੱਬਤ ਕਰਨ ਵਾਲੀਆਂ ਰੂਹਾਂ ਅੱਗੇ ਆਉਂਦਾ ਹੁੰਦਾ। ਨੱਕ-ਨਮੂਜ, ਊਚ-ਨੀਚ, ਜਾਤ-ਪਾਤ, ਬਾਪ ਦੀ ਪੱਗ, ਸ਼ਰੀਕਾਚਾਰੀ-ਸਮਾਜ। ਬਾਪ ਪੈਰੀਂ ਪੱਗਾਂ ਰੱਖਣ ਲੱਗਾ ਸੀ। ਉਹ ਉਹਨੀਂ ਦਿਨੀ ਦੁੱਧ ਚਿੱਟੀ ਪੱਗ ਬੰਨ੍ਹਦਾ ਹੁੰਦਾ ਸੀ। ਮਾਂ ਅੰਦਰ ਵਾੜ ਕੇ ਸਮਝਾਉਂਦੀ ਰਹਿੰਦੀ-ਚਿੱਟੀ ਪੱਗ `ਤੇ ਦਾਗ ਬੜੀ ਛੇਤੀ ਲੱਗ ਜਾਂਦਾ। ਜੇ ਲੱਗ ਜਾਵੇਂ ਫਿਰ ਲਹਿੰਦਾ ਵੀ ਨਹੀਂ।’
‘ਓਹ! ਸੈੱਡ!’ ਮੈਂ ਟੇਡੀ ਅੱਖ ਨਾਲ ਬੈੱਡ ਰੂਮ `ਚ ਝਾਕਿਆ। ਪਤਨੀ ਮੋਬਾਇਲ ਕੰਨ ਨਾਲ ਲਾਈ ਬੈਠੀ ਸੀ। ਜਰੂਰ ਮੋਹਾਲੀ ਵਾਲੀ ਭੈਣ ਨਾਲ ਗੱਲਾਂ ਕਰਦੀ ਹੋਵੇਗੀ। ਉਸਦੇ ਘਰਵਾਲਾ ਐਕਸਾਈਜ਼ ਵਿਭਾਗ `ਚੋਂ ਏ ਟੀ ਸੀ ਰਿਟਾਇਰ ਹੋਇਆ ਹੈ। ਪਤਨੀ ਦਿਨ `ਚ ਦੋ ਤਿੰਨ ਵਾਰ ਉਨ੍ਹਾਂ ਦੀ ਮੋਹਾਲੀ ਵਾਲੀ ਆਲੀਸ਼ਾਨ ਕੋਠੀ ਦੀ ਗੱਲ ਜਰੂਰ ਛੇੜਦੀ ਹੈ।
‘ਬਾਪ ਦੀ ਚਿੱਟੀ ਪੱਗ ਨੂੰ ਦਾਗ ਨਾ ਲੱਗੇ, ਇਹ ਸੋਚ ਕੇ ਮੈਂ ਆਪਣੇ ਚਾਵਾਂ ਦਾ ਗਲ਼ਾ ਘੁੱਟ ਲਿਆ। ਉਦੋਂ ਹੀ ਹਰੀਸ਼ ਵਲੋਂ ਅਖਬਾਰ `ਚ ਇਸ਼ਤਿਹਾਰ ਆਇਆ। ਇਹ ਦਿੱਲੀ ਦੇ ਹਿੰਦੂ ਪਰਿਵਾਰ `ਚੋਂ ਨੇ। ਪਹਿਲੀ ਪਤਨੀ ਮਰ ਚੁੱਕੀ ਸੀ। ਮਾਂ-ਬਾਪ ਤੇ ਭੈਣ-ਭਰਾ ਦੀਆਂ ਆਪਣੀਆਂ ਗਿਣਤੀਆਂ-ਮਿਣਤੀਆਂ ਸਨ। ਉਹ ਸੋਚਦੇ, ਮਨਦੀਪ ਬਾਹਰ ਚਲੀ ਜਾਊ। ਫੇਰ ਛੋਟੀ ਭੈਣ ਤੇ ਭਰਾ ਵੀ ਚਲੇ ਜਾਣਗੇ। ਹੁਣ ਨਾ ਧਰਮ ਸੀ-ਨਾ ਕੋਈ ਜਾਤ ਸੀ ਤੇ ਨਾਹੀਂ ਉਮਰ। ਬਾਪ ਦਿੱਲੀ ਏਅਰਪੋਰਟ `ਤੇ ਚੜ੍ਹਾਉਣ ਆਇਆ। ਉਸ ਦਿਨ ਵੀ ਉਸਨੇ ਚਿੱਟੀ ਪੱਗ ਬੰਨ੍ਹੀ ਹੋਈ ਸੀ ਪਰ ਮੈਨੂੰ ਇਹ ਬਹੁਤ ਹੀ ਮੈਲ਼ੀ ਮੈਲ਼ੀ ਲੱਗੀ ਸੀ। ਮੈਂ ਖੁਸ਼ਕ ਅੱਖਾਂ ਲਈ ਜਹਾਜ਼ੇ ਚੜ੍ਹ ਗਈ। ਜੰਮਣ ਭੌਂਇ ਛੱਡਦਿਆਂ ਮੇਰੀਆਂ ਅੱਖਾਂ `ਚੋਂ ਇੱਕ ਵੀ ਹੰਝੂ ਨਾ ਡਿੱਗਿਆ। ਮੈਂ ਤਾਂ ਪਿੱਛਾ ਭੌਂਅ ਕੇ ਵੀ ਨਾ ਦੇਖਿਆ।’ ਮਨਦੀਪ ਦੇ ਸਿਸਕਣ ਦੀ ਆਵਾਜ਼ ਸੁਣਾਈ ਦੇਣ ਲੱਗੀ।
‘ਭੈਣ-ਭਰਾ ਨੂੰ ਬੁਲਾ ਲਿਆ ਸੀ ਬਾਹਰ?’
‘ਭਰਾ ਆ ਗਿਆ ਸੀ। ਮੇਰੇ ਤੋਂ ਥੋੜੀਓ ਦੂਰ ਰਹਿੰਦਾ। ਕੋਈ ਕੰਮਕਾਰ ਨਹੀਂ ਕਰਦਾ। ਘਰਵਾਲੀ ਉਸਨੂੰ ਛੱਡ ਕੇ ਚਲੀ ਗਈ ਹੈ। ਇੱਕ ਕੁੜੀ ਹੈ ਉਸਦੀ, ਉਸਨੂੰ ਵੀ ਨਾਲ ਲੈ ਗਈ ਹੈ। ਸਾਰਾ ਦਿਨ ਅੰਦਰੇ ਪਿਆ ਸ਼ਰਾਬ ਪੀਂਦਾ ਰਹਿੰਦੈ। ਦੀਨ-ਦੁਨੀਆ ਦੀ ਕੋਈ ਖਬਰ ਸਾਰ ਨਹੀਂ।’
‘ਤੇ ਭੈਣ?’
‘ਭੈਣ ਲਈ ਇੱਥੋਂ ਮੁੰਡਾ ਵੇਖਿਆ ਸੀ। ਇੰਡੀਆ ਜਾ ਕੇ ਵਿਆਹ ਕੀਤਾ। ਲੱਖਾਂ ਰੁਪਏ ਵਿਆਹ `ਤੇ ਲਾਏ। ਕਈ ਦਿਨ ਦੋਵੇਂ ਜੀਅ ਇਕੱਠੇ ਰਹੇ। ਪਹਾੜਾਂ ਦੀਆਂ ਸੈਰਾਂ ਕੀਤੀਆਂ। ਗੋਆ ਦੇ ਸਮੁੰਦਰੀ ਬੀਚ `ਤੇ ਮੌਜ ਮਸਤੀ। ਕਦੇ ਕੁੱਲੂ ਕਦੇ ਮਨਾਲ਼ੀ-ਕਦੇ ਆਗਰੇ ਕਦੇ ਦਿੱਲੀ। ਘੁੰਮਣ ਫਿਰਨ ਦਾ ਸਾਰਾ ਖਰਚਾ ਸਾਡਾ। ਚੰਗਾ ਭਲਾ ਵਾਪਸ ਆਇਆ। ਸਾਰਾ ਟੱਬਰ ਚਾਵਾਂ ਮਲ੍ਹਾਰਾਂ ਨਾਲ ਦਿੱਲੀ ਏਅਰ ਪੋਰਟ `ਤੇ ਜਹਾਜ਼ੇ ਚੜ੍ਹਾ ਕੇ ਗਿਆ। ਵਾਪਸ ਇੱਥੇ ਆ ਕੇ ਮੁਕਰ ਗਿਆ। ਉਹ ਪੰਦਰ੍ਹਾਂ ਸਾਲਾਂ ਤੋਂ ਘਰ ਬੈਠੀ ਹੈ। ਨਾ ਵਿਆਹੀ-ਨਾ ਕੁਆਰੀ ਤੇ ਨਾ ਹੀ ਵਿਧਵਾ।’
‘ਸੋ ਸੈਡ!’
‘ਬਾਪ ਟੈਨਸ਼ਨ ਦਾ ਸ਼ਿਕਾਰ ਹੋ ਕੇ ਮੰਜੇ `ਤੇ ਪੈ ਗਿਆ। ਕਈ ਸਾਲ ਹੱਡ-ਗੋਡੇ ਰਗੜਦਾ ਰਿਹਾ। ਮੈਨੂੰ ਉਸ `ਤੇ ਉੱਕਾ ਤਰਸ ਨਹੀਂ ਸੀ ਆਉਂਦਾ। ਆਖਰ ਹਾਰਟ ਅਟੈੱਕ ਨਾਲ ਮਰ ਗਿਆ। ਮੇਰੀ ਅੱਖ `ਚੋਂ ਇੱਕ ਵੀ ਹੰਝੂ ਨ੍ਹੀ ਕਿਰਿਆ। ਕੁਮਾਰ ਸਰ, ਰਿਸ਼ਤੇ ਤਾਂ ਮੇਰੇ ਲਈ ਗਾਰਬੇਜ ਬਣ ਗਏ ਨੇ।’
‘ਗਾਰਬੇਜ’ ਸ਼ਬਦ ਮੇਰੇ ਅੰਦਰ ਰੋੜ ਵਾਂਗ ਰੜਕਿਆ। ਸਰਲਾ ਮੇਰੀ ਇਮਾਨਦਾਰੀ ਨੂੰ ਪੁਣਦਿਆਂ, ਮੇਰੀਆਂ ਇਕੱਠੀਆਂ ਕੀਤੀਆਂ ਕਿਤਾਬਾਂ ਨੂੰ ਅਕਸਰ ਗਾਰਬੇਜ ਆਖਦੀ ਰਹਿੰਦੀ ਹੈ, ‘ਲੋਕ ਆਪਣੀ ਸਰਵਿਸ `ਚ ਰੁਪਈਆ-ਪੈਸਾ ਜੋੜਦੇ, ਅਸੀਂ ਆਹ ਗਾਰਬੇਜ ਇਕੱਠਾ ਕੀਤਾ।’ ਕਦੇ ਕਦੇ ਤਾਂ ਕਿਤਾਬਾਂ ਦੇ ਰੈੱਕਾਂ ਵੱਲ ਇਸ਼ਾਰਾ ਕਰਦਿਆਂ ਵਿਅੰਗ ਨਾਲ ਆਖਦੀ ਹੁੰਦੀ, ‘ਸਾਡਾ ਤਾਂ ਆਹੀ ਸੰਸਾਰ ਹੈ।’
ਮੈਂ ਕੰਨ ਲਾ ਕੇ ਸਰਲਾ ਦੀਆਂ ਗੱਲਾਂ ਸੁਣੀਆਂ। ਉਹ ਆਪਣੀ ਭੈਣ ਨਾਲ ਉਸਦੇ ਘਰਵਾਲੇ ਦੀ ਜਾਇਦਾਦ ਦੇ ਗੁਣਗਾਨ ਕਰਦਿਆਂ ਮੇਰੇ ਅਗਲਿਆਂ-ਪਿਛਲਿਆਂ ਨੂੰ ਨੌਲੀ ਜਾਂਦੀ ਸੀ। ਉਸਦੀ ਬੁੜ-ਬੁੜ ਤੋਂ ਬੇਧਿਆਨਾ ਹੋ ਕੰਨ ਦੁਬਾਰਾ ਮਨਦੀਪ ਦੀਆਂ ਗੱਲਾਂ ਨਾਲ ਜੋੜ ਲੈਂਦਾ ਹਾਂ।
‘ਸਰ, ਹੁਣ ਤਾਂ ਮੇਰੇ ਸਬਰ ਦਾ ਪਿਆਲਾ ਭਰ ਗਿਆ ਹੈ। ਥੋਨੂੰ ਪਤੈ, ਪਿੰਡ ਹੁਣ ਮਾਂ ਤੇ ਭੈਣ ਹੀ ਰਹਿੰਦੀਆਂ। ਮੈਂ ਕਈ ਵਾਰ ਫੋਨ `ਤੇ ਉਨ੍ਹਾਂ ਨੂੰ ਆਖਿਆ ਕਿ ਹਰੀਸ਼ ਨਾਂ ਦੇ ਇਸ ਬੰਦੇ ਨਾਲ ਹੋਰ ਨਹੀਂ ਰਹਿ ਸਕਦੀ।’
‘ਉਹ ਕੀ ਆਂਹਦੇ?’
‘ਕਹਿੰਦੇ-ਪਹਿਲਾਂ ਇਹਦਾ ਸਾਰਾ ਪੈਸਾ ਮੋੜ। ਫੇਰ ਇੰਡੀਆ ਆਜਾ। ਉਨ੍ਹਾਂ ਦੇ ਕਹਿਣ ਦਾ ਮਤਲਬ ਨੰਗ-ਮਲੰਗ ਹੋ ਕੇ ਵਾਪਸ ਇੰਡੀਆ ਆ ਜਾਵਾਂ।’
‘ਇਹ ਕੀ ਗੱਲ ਹੋਈ? ਇੱਥੇ ਆਉਣ ਦਾ ਕੀ ਮਤਲਬ?’
‘ਬੱਸ ਐਵੇਂ ਵਲ਼ ਪਾਉਣ ਵਾਲੀ ਗੱਲ। ਦਰਅਸਲ ਘਰਦਿਆਂ `ਚੋਂ ਕੋਈ ਨਹੀਂ ਚਾਹੁੰਦਾ ਕਿ ਮੈਂ ਇਹਨੂੰ ਛੱਡਾਂ। ਦਰਅਸਲ ਸਾਰੇ ਦਾਅ `ਤੇ ਬੈਠੇ। ਉਹ ਤਾਂ ਹਰੀਸ਼ ਦੀ ਮੌਤ ਉਡੀਕਦੇ। ਸਾਰਿਆਂ ਨੂੰ ਪਤੈ, ਉਹਦੀ ਸਾਰੀ ਜਾਇਦਾਦ ਮੈਨੂੰ ਮਿਲੇਗੀ। ਅੱਗੋਂ ਮੇਰੇ ਔਲਾਦ ਹੈਨੀ, ਏਸ ਕਰਕੇ ਮੇਰੇ ਤੋਂ ਬਾਅਦ ਸਾਰੀ ਜਾਇਦਾਦ ਇਨ੍ਹਾਂ ਨੂੰ ਮਿਲਜੂ। ਗੱਲ ਕੀ, ਸਾਰਿਆਂ ਦੀ ਅੱਖ ਜਾਇਦਾਦ `ਤੇ ਹੈ।’
‘ਤੂੰ ਏਥੋਂ ਵਾਲੀਆਂ ਵਲਗਣਾ ਨਾਲ ਕਿਉਂ ਚੁੱਕੀ ਫਿਰਦੀ ਰਹੀ ਏਂ? ਉਲੰਘ ਕਿਉਂ ਨਹੀਂ ਜਾਂਦੀ?’
‘ਪਤਾ ਨਹੀਂ ਸਰ…ਮੈਥੋਂ ਕਿਉਂ ਨਹੀਂ ਉਲੰਘ ਹੋਈਆਂ? ਵਲਗਣਾਂ ਉਲੰਘਣ ਲਈ ਤਾਂ ਜੱਸ ਵੀ ਬਥੇਰੇ ਤਰਲੇ ਪਾਉਂਦਾ ਰਿਹਾ। ਵਲਗਣਾਂ ਤਾਂ ਮੈਨੂੰ ਉਦੋਂ ਹੀ ਉਲੰਘ ਲੈਣੀਆਂ ਚਾਹੀਦੀਆਂ ਸਨ।’
‘ਤੂੰ ਸਾਰੀ ਜਿੰਦਗੀ ਇਉਂ ਹੀ ਕੱਢ ਲਈ?’ ਮੈਂ ਕਹਿਣਾ ਤਾਂ ਕੁੱਝ ਹੋਰ ਚਾਹੁੰਦਾ ਸੀ ਪਰ ਕਹਿ ਨਾ ਸਕਿਆ। ਸ਼ਬਦਾਂ ਨੇ ਮੇਰਾ ਸਾਥ ਨਾ ਦਿੱਤਾ। ਮੈਨੂੰ ਲੱਗਾ ਇਹ ਮਰਿਆਦਾ ਤੋਂ ਨੀਵੀਂ ਗੱਲ ਹੋਣੀ ਸੀ।
‘ਜਦੋਂ ਮੈਂ ਵਿਆਹ ਕੇ ਆਈ ਸਾਂ, ਪੁੱਤ ਐੱਵ ਉਨੀਂ ਸਾਲ ਦਾ ਸੀ। ਮੈਂ ਲੂਣਾ ਬਨਣ ਦੀ ਕੋਸ਼ਿਸ਼ ਕੀਤੀ। ਸੋਚਿਆ ਘਰ ਦੀ ਗੱਲ ਘਰ `ਚ ਹੀ ਰਹਿ ਜਾਵੇ ਤਾਂ ਚੰਗਾ। ਪਰ ਇਹ ਗੋਰਿਆਂ ਦੀ ਧਰਤੀ ਹੈ, ਰਾਜੇ ਸਲਵਾਨ ਦਾ ਸਿਆਲਕੋਟ ਨਹੀਂ। ਉਹ ਪੂਰਨ ਜਤੀ-ਸਤੀ ਨਹੀਂ ਸੀ, ਸਗੋਂ ਪਹਿਲਾਂ ਹੀ ਕਿਸੇ ਸੁੰਦਰਾਂ ਦੀਆਂ ਬਾਹਾਂ `ਚ ਜਕੜਿਆ ਪਿਆ ਸੀ, ‘ਆਈ ਹੈਵ ਆਲਰੈਡੀ ਏ ਫਰਿੰਡ। ਇਫ ਯੂ ਨਾਟ ਹੈਪੀ ਵਿਦ ਦਿਸ ਓਲਡ ਮੈਨ, ਸੀ ਐਨੀ ਅਦਰ ਯੰਗ ਵੰਨ।’ ਆਖਦਿਆਂ ਉਹ ਤਾਂ ਬੜੀ ਨਫ਼ਾਸਤ ਨਾਲ ਬਚ ਕੇ ਨਿਕਲ ਗਿਆ।’
ਮੈਂ ਕੇਵਲ ਸੁਣ ਸਕਦਾ ਸਾਂ। ਮੇਰੇ ਕੋਲ ਮਨਦੀਪ ਨੂੰ ਕਹਿਣ ਲਈ ਹੁਣ ਕੁੱਝ ਨਹੀਂ ਸੀ।
‘ਕੁਮਾਰ ਸਰ! ਮੈਂ ਸਰੀਰ ਦੀ ਲੋੜ ਤਾਂ ਜਿਵੇਂ-ਕਿਵੇਂ ਮਾਰ ਲਈ ਪਰ ਮਨ ਦੀ ਲੋੜ ਨੂੰ ਕਿਵੇਂ ਮਾਰਦੀ? ਮੈਂ ਚਾਹੁੰਨੀ ਹਾਂ ਕਿ ਮੇਰਾ ਵੀ ਕੋਈ ਯੂਨੀਵਰਸ ਹੋਵੇ। ਮੈਂ ਲਿੰਡਾ ਵਾਂਗ ਬੱਚੀ ਅਡੌਪਟ ਕਰਨ ਦਾ ਫੈਸਲਾ ਕਰ ਲਿਆ। ਮੈਂ ਵੀ ਕਿਸੇ ਨੂੰ ਆਪਣਾ ਯੂਨੀਵਰਸ ਕਹਿ ਸਕਾਂਗੀ।’
‘ਗੁੱਡ!’ ਮੈਂ ਉਸਦੇ ਫੈਸਲੇ ਦੀ ਤਾਰੀਫ਼ ਕਰਦਾ ਹਾਂ।
‘ਸਰ ਤੁਸੀਂ ਤਾਂ ਤੁਰੇ ਫਿਰਦੇ ਰਹਿਨੇ ਓਂ, ਨਿਗਾਹ `ਚ ਰੱਖਿਓ ਜੇ ਕੋਈ ਬੱਚੀ ਹੋਵੇ ਤਾਂ।’
‘ਮੈਂ ਜਰੂਰ ਦੇਖਾਂਗਾ। ਅਦਰਵਾਈਜ਼ ਮੇਰੀ ਇੱਕ ਜਾਣੂ ਹੈਲਥ ਡਿਪਾਰਟਮੈਂਟ `ਚ ਜੌਬ ਕਰਦੀ ਹੈ। ਉਨ੍ਹਾਂ ਕੋਲ ਅਕਸਰ ਅਜਿਹੇ ਕੇਸ ਆਉਂਦੇ ਰਹਿੰਦੇ ਨੇ। ਕਈ ਲੋਕ ਮੁੰਡੇ ਦੀ ਉਡੀਕ `ਚ ਕੁੜੀਆਂ ਪੈਦਾ ਕਰੀ ਜਾਂਦੇ ਆ। ਆਮ ਤੌਰ `ਤੇ ਇਹ ਪਰਿਵਾਰ ਹੁੰਦੇ ਵੀ ਬੜੇ ਗਰੀਬ ਤੇ ਪਛੜੇ ਨੇ। ਮੁੰਡੇ ਦੀ ਆਸ `ਚ ਚਾਰ-ਚਾਰ ਕੁੜੀਆਂ ਪੈਦਾ ਕਰ ਲੈਂਦੇ। ਕਿਸੇ ਅਜਿਹੀ ਫੈਮਲੀ ਤੋਂ ਬੱਚਾ ਲਿਆ ਜਾ ਸਕਦੈ।’
‘ਸਰ ਜੇ ਕਿਸੇ ਨੂੰ ਵੈਸੇ ਵੀ ਕੁੱਝ ਦੇਣਾ-ਦੁਆਉਣਾ ਪਿਆ ਤਾਂ ਵੀ ਕੋਈ ਗੱਲ ਨਹੀਂ। ਆਪਾਂ ਪੇਅ ਕਰ ਦਿਆਂਗੇ। ਮੈਂ ਤਾਂ ਹੁਣ ਪੱਕਾ ਧਾਰੀ ਬੈਠੀ ਹਾਂ ਕਿ ਲਿੰਡਾ ਵਾਂਗ ਬੱਚੀ ਨੂੰ ਹੀ ਆਪਣਾ ਸੰਸਾਰ ਬਣਾ ਲੈਣੈ।’
‘ਬਹੁਤ ਅੱਛੇ ਬਹੁਤ ਅੱਛੇ!’ ਮੈਂ ਘਰਵਾਲੀ ਦੇ ਸੁਣ ਲੈਣ ਤੋਂ ਡਰਦਿਆਂ ਬੜੀ ਮੱਧਮ ਸੁਰ `ਚ ਆਖਦਾ ਹਾਂ।
‘ਮੈਂ ਦੋ ਕੁ ਮਹੀਨੇ ਪਹਿਲਾਂ ਆਈ ਸੀ ਇੰਡੀਆ। ਇੱਕ ਬੱਚੀ ਦੇਖੀ ਵੀ ਸੀ। ਉਸਦੇ ਪੇਰੈਂਟਸ ਵੀ ਰਾਜੀ ਸਨ। ਰਾਜੀ ਕਿਉਂ ਉਹ ਤਾਂ ਸਗੋਂ ਖੁਸ਼ ਸੀਗੇ।’
‘ਫਿਰ ਕਰ ਲੈਣੀ ਸੀ ਅਡੋਪਟ-ਹੋਰ ਕੀ ਚਾਹੀਦਾ ਸੀ?’
‘ਸਰ, ਕੁੜੀ ਕੁੱਝ ਜਿਆਦਾ ਹੀ ਸਾਂਵਲੇ ਰੰਗ ਦੀ ਸੀ। ਕਮ-ਸੇ-ਕਮ ਬੱਚਾ ਪਰਿਵਾਰ `ਚ ਰਲਦਾ ਮਿਲਦਾ ਤਾਂ ਹੋਵੇ। ਆਖਰ ਬੰਦੇ ਨੇ ਸੁਸਾਇਟੀ `ਚ ਵੀ ਤਾਂ ਵਿਚਰਨਾ ਹੁੰਦੈ।’ ਮਨਦੀਪ ਅੱਗੇ ਕੀ ਕਹਿੰਦੀ ਰਹੀ, ਮੈਨੂੰ ਕੁੱਝ ਸੁਣਾਈ ਨਾ ਦਿੱਤਾ। ਮੈਂ ਤਾਂ ਲਿੰਡਾ ਦੇ ਯੂਨੀਵਰਸ ਬਾਰੇ ਹੀ ਸੋਚੀ ਜਾਂਦਾ ਸਾਂ।