ਪੰਜਾਬੀ ਭਾਸ਼ਾ ਦਾ ਦੀਵਾਨਾ ਆਸ਼ਕ ਜੋਗਿੰਦਰ ਸਿੰਘ ਪੁਆਰ-2

ਪੰਜਾਬ ਦੇ ਸਾਹਿਤਕ ਅਤੇ ਬੌਧਿਕ ਹਲਕਿਆਂ ਅੰਦਰ ਡਾ. ਜੋਗਿੰਦਰ ਸਿੰਘ ਪੁਆਰ ਦਾ ਆਪਣਾ ਸਥਾਨ ਹੈ। ਮੁੱਖ ਰੂਪ ਵਿਚ ਭਾਸ਼ਾ ਉਨ੍ਹਾਂ ਦਾ ਕਾਰਜ ਖੇਤਰ ਸੀ। ਕੋਈ ਉਨ੍ਹਾਂ ਦੀ ਰਾਇ ਨਾਲ ਸਹਿਮਤ ਹੁੰਦਾ ਜਾਂ ਨਾ ਪਰ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਵੱਲ ਸੀ ਅਤੇ ਇਸ ਵੱਲ ਵਿਚ ਉਨ੍ਹਾਂ ਨੇ ਜ਼ਿੱਦ ਵੀ ਜੋੜੀ ਹੋਈ ਸੀ। ਉਘੇ ਲਿਖਾਰੀ ਵਰਿਆਮ ਸਿੰਘ ਸੰਧੂ ਨੇ ਉਨ੍ਹਾਂ ਬਾਰੇ ਲਿਖੀ ਲੰਮੀ ਰਚਨਾ ‘ਪੰਜਾਬ ਟਾਈਮਜ਼’ ਲਈ ਭੇਜੀ ਹੈ। ਇਸ ਵਿਚ ਡਾ. ਪੁਆਰ ਦੇ ਸੱਭੇ ਰੰਗ ਨਸ਼ਰ ਹੋਏ ਹਨ। ਇਸ ਲੰਮੇ, ਬੇਲਿਹਾਜ਼ ਲੇਖ ਦੀ ਦੂਜੀ ਕਿਸ਼ਤ ਹਾਜ਼ਰ ਹੈ।

ਵਰਿਆਮ ਸਿੰਘ ਸੰਧੂ
ਫੋਨ (ਵ੍ਹੱਟਸਐਪ): +91-98726-02296

ਜਦੋਂ ਡਾ. ਜੋਗਿੰਦਰ ਸਿੰਘ ਪੁਆਰ ਮੁੱਖ ਮੰਤਰੀ ਬੇਅੰਤ ਸਿੰਘ ਕੋਲ, ਪਿੰਡ ਦੀ ਪੁਰਾਣੀ ਸਾਂਝ ਦੇ ਹਵਾਲੇ ਨਾਲ, ਇਹ ਜ਼ੋਰ ਪਾਉਣ ਗਿਆ ਕਿ ਉਹਨੂੰ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾ ਦਿੱਤਾ ਜਾਵੇ ਤਾਂ ਬੇਅੰਤ ਸਿੰਘ ਨੇ ਹਾਲ ਦੀ ਘੜੀ ਵਾਈਸ ਚਾਂਸਲਰ ਦੀ ਥਾਂ ਪ੍ਰੋ-ਵਾਈਸ ਚਾਂਸਲਰ ਲਾਉਣ ਬਾਰੇ ਕਿਹਾ ਤੇ ਇਹ ਵੀ ਕਿਹਾ ਕਿ ਉਹ ਅੱਗੇ ਤੋਂ ਪੱਗ ਬੰਨ੍ਹਣੀ ਸ਼ੁਰੂ ਕਰੇ ਤਾਂ ਕਿ ਉਹਦਾ ਹੁਲੀਆ ਵੀ ਵਾਈਸ ਚਾਂਸਲਰ ਵਰਗਾ ਲੱਗੇ, “ਇਸ ਯੂਨੀਵਰਸਿਟੀ ਵਿਚ ਕੋਈ ਵੀ ‘ਮੋਨਾ ਸਿੱਖ’ ਵਾਈਸ ਚਾਂਸਲਰ ਨਹੀਂ ਲੱਗ ਸਕਦਾ!”
ਬਲਦੇਵ ਅਤੇ ਸੁਖਵਿੰਦਰ ਉਸ ਲਈ ਪੱਗਾਂ ਖਰੀਦ ਕੇ ਲਿਆਏ ਤੇ ਪੂਣੀਆਂ ਕਰਵਾ ਕੇ ਉਹਦਾ ਪੱਗ ਬੰਨ੍ਹਣ ਦਾ ਅਭਿਆਸ ਕਰਾਉਣ ਲੱਗੇ।
ਉਸ ਦਿਨ ਚੰਡੀਗੜ੍ਹੋਂ ਵਾਪਸੀ ’ਤੇ ‘ਵਾਈਸ ਚਾਂਸਲਰ’ ਨਾ ਲਾਏ ਜਾਣ ਦੇ ਹਵਾਲੇ ਨਾਲ ਪੁਆਰ ਨੇ ਸੁਖਵਿੰਦਰ ਨੂੰ ਕਿਹਾ, “ਅਸਲ ਵਿਚ ਬੇਅੰਤ ਸਿੰਘ ਅਜੇ ਵੀ ਮੈਨੂੰ ਪਿੰਡ ਵਾਲਾ ‘ਜਿੰਦੂ’ ਈ ਸਮਝਦੈ!”
ਉਹਨੂੰ ਲੱਗਦਾ ਸੀ ਕਿ ਉਹ ਹੁਣ ‘ਜਿੰਦੂ’ ਨਹੀਂ ‘ਡਾ. ਜੋਗਿੰਦਰ ਸਿੰਘ ਪੁਆਰ’ ਹੈ!
ਅਗਲੇ ਦਿਨੀਂ ਉਹਦੇ ਪ੍ਰੋ-ਵਾਈਸ ਚਾਂਸਲਰ ਲੱਗਣ ਦਾ ਹੁਕਮ ਹੋ ਗਿਆ।
ਹੱਸ ਕੇ ਸੁਖਵਿੰਦਰ ਨੇ ਇਹ ਗੱਲ ਮੈਨੂੰ ਸੁਣਾਈ ਤੇ ਕਿਹਾ, “ਪੁਆਰ ਸਾਬ੍ਹ ਦੀ ਸਮੱਸਿਆ ਵੀ ਇਹੋ ਹੈ ਕਿ ਉਹ ਵੀ ਆਪਣੇ ਵਿਦਿਆਰਥੀਆਂ ਨੂੰ ‘ਜਿੰਦੂ’ ਹੀ ਸਮਝਦੇ ਨੇ, ਭਾਵੇਂ ਉਨ੍ਹਾਂ ਨੇ ਆਪਣੇ ਫੀਲਡ ਵਿਚ ਕਿੰਨਾ ਵੀ ਕੰਮ ਕਰ ਲਿਆ ਹੋਵੇ ਤੇ ਕਿੰਨਾ ਵੀ ਨਾਂ ਕਿਉਂ ਨਾ ਬਣਾ ਲਿਆ ਹੋਵੇ!”
ਲੋੜ ਪੈਣ ’ਤੇ ਪੁਆਰ ਦਾ ਪੱਗ ਬੰਨ੍ਹਣ ਵਾਲਾ ਬਿਰਤਾਂਤ ਸਾਂਝਾ ਕਰਦਿਆਂ ਮੈਨੂੰ ਇੱਕ ਹੋਰ ਗੱਲ ਚੇਤੇ ਆ ਗਈ। ‘ਇੰਡੀਅਨ ਸੋਸ਼ਲ ਸਾਇੰਸਜ਼ ਅਕੈਡਮੀ’ ਨੇ ਤ੍ਰਿਵੈਂਤਪੁਰਮ ਵਿਚ ਕਾਨਫਰੰਸ ਕਰਵਾਈ। ਪੁਆਰ ਦੀ ਅਗਵਾਈ ਵਿਚ ਅਸੀਂ (ਸੁਖਵਿੰਦਰ, ਅਗਨੀਹੋਤਰੀ, ਡਾ.ਚਮਨ ਲਾਲ, ਪ੍ਰੋ. ਡੋਗਰਾ ਤੇ ਮੈਂ) ਕਾਨਫਰੰਸ ਵਿਚ ਹਿੱਸਾ ਲੈਣ ਪਹੁੰਚੇ। ਕਾਨਫਰੰਸ ਮੁੱਕਣ ਤੋਂ ਬਾਅਦ ਕੰਨਿਆਕੁਮਾਰੀ ਤੋਂ ਸ਼ੁਰੂ ਕਰ ਕੇ ਦੱਖਣ ਦੀਆਂ ਹੋਰ ਕਈ ਯਾਦਗਾਰੀ ਥਾਵਾਂ ਅਤੇ ਮੰਦਰ ਦੇਖੇ। ਇਕ ਪ੍ਰਸਿੱਧ ਮੰਦਰ (ਨਾਂ ਯਾਦ ਨਹੀਂ ਆ ਰਿਹਾ) ਵਿਚ ਜੇ ਕੋਈ ਮਰਦ ਅੰਦਰ ਜਾ ਕੇ ‘ਮੱਥਾ ਟੇਕਣਾ’ ਚਾਹੁੰਦਾ ਸੀ ਤਾਂ ਉਹਨੂੰ ਆਪਣੀ ਕਮੀਜ਼ ਉਤਾਰ ਕੇ ਨੰਗੇ ਧੜ ਅੰਦਰ ਜਾਣਾ ਪੈਣਾ ਸੀ। ਮੰਦਰ ਦੇ ਦਰਸ਼ਨ ਕਰਨ ਲਈ ਨੰਗੇ ਪਿੰਡੇ ਵਾਲੇ ਸ਼ਰਧਾਲੂਆਂ ਦੀ ਲੰਮੀ ਲਾਈਨ ਲੱਗੀ ਹੋਈ ਸੀ। ਇੰਝ ਕੱਪੜੇ ਲਾਹ ਕੇ ਮੰਦਰ ਅੰਦਰ ਜਾਣ ਦੀ ਸਾਡੇ ਵਿਚੋਂ ਕਿਸੇ ਦੀ ਕੋਈ ਰੁਚੀ ਨਹੀਂ ਸੀ ਪਰ ਸਾਡੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਪੁਆਰ ਨੇ ਆਪਣੀ ਕਮੀਜ਼ ਉਤਾਰੀ ਤੇ ਨੰਗੇ ਪਿੰਡੇ ਕਤਾਰ ਵਿਚ ਜਾ ਖਲੋਤਾ। ਕਿਹਾ ਨਹੀਂ ਜਾ ਸਕਦਾ ਕਿ ਉਹਦੀ ਮੰਦਰ ਨੂੰ ਅੰਦਰੋਂ ਦੇਖਣ ਦੀ ਕੇਵਲ ਜਗਿਆਸਾ ਹੀ ਸੀ ਜਾਂ ਉਨ੍ਹਾਂ ‘ਵੱਡਿਆਂ ਬੰਦਿਆਂ’ ਵਾਲਾ ਵਹਿਮ ਜਾਂ ਸ਼ਰਧਾ ਸੀ, ਜਿਹੜੇ ਵੱਡੇ ਅਹੁਦਿਆਂ ਦੀ ਬਹਾਲੀ ਤੇ ਪ੍ਰਾਪਤੀ ਲਈ ਜੋਤਸ਼ੀਆਂ ਕੋਲ ਜਾਂਦੇ ਤੇ ਧਰਮ ਅਸਥਾਨਾਂ ’ਤੇ ਸੁੱਖਣਾ ਸੁੱਖਦੇ ਰਹਿੰਦੇ ਨੇ!
***
ਜੋਗਿੰਦਰ ਸਿੰਘ ਪੁਆਰ ਪੰਜਾਬੀ ਭਾਸ਼ਾ ਦਾ ਮਜਨੂੰ-ਆਸ਼ਕ ਸੀ। ਸੁੱਤਿਆਂ-ਜਾਗਦਿਆਂ ਉਹਨੂੰ ਪੰਜਾਬੀ ਭਾਸ਼ਾ ਦੇ ਸੁਪਨੇ ਆਉਂਦੇ। ਉਹ ਪੰਜਾਬੀ ਜ਼ਬਾਨ ਨੂੰ ਵਿਕਸਿਤ ਭਾਸ਼ਾ ਦੇਖਣਾ ਚਾਹੁੰਦਾ ਸੀ। ਉਹਦੀ ਹਰ ਗੱਲਬਾਤ ਜਾਂ ਲੈਕਚਰ ਦਾ ਤੋੜਾ ਇੱਕੋ ਗੱਲ ’ਤੇ ਆ ਕੇ ਝੜਦਾ ਕਿ ਪੰਜਾਬੀ ਨੂੰ ਬਾਕੀ ਵਿਕਸਿਤ ਭਾਸ਼ਾਵਾਂ ਦੀ ਕਤਾਰ ਵਿਚ ਖੜ੍ਹਾ ਕਰਨ ਲਈ ‘ਬੁਨਿਆਦੀ ਭਾਸ਼ਾ ਸਮੱਗਰੀ’ ਨਾਲ ਲੈਸ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਸਮੁੱਚੇ ਪ੍ਰਬੰਧਕੀ ਢਾਂਚੇ ਵਿਚ ਦਰਸ਼ਨ, ਗਿਆਨ ਵਿਗਿਆਨ, ਤਕਨਾਲੋਜੀ, ਸੰਚਾਰ, ਵਪਾਰ ਤੇ ਹੋਰ ਹਰ ਕਿਸਮ ਦੇ ਕਾਰੋਬਾਰੀ ਖੇਤਰ ਵਿਚ ਸਫਲਤਾ ਸਹਿਤ ਵਰਤਿਆ ਜਾ ਸਕੇ।
ਉਹ ਕਹਿੰਦਾ ਸੀ ਕਿ ਬੁਨਿਆਦੀ ਭਾਸ਼ਾ ਸਮੱਗਰੀ ਵਿਚ ਮਹਾਨ ਕੋਸ਼, ਹੋਰ ਹਰ ਕਿਸਮ ਦੇ ਕੋਸ਼ ਜਿਵੇਂ ਇਕ-ਭਾਸ਼ੀ, ਦੋ-ਭਾਸ਼ੀ ਜਾਂ ਬਹੁ-ਭਾਸ਼ੀ; ਹਰ ਖੇਤਰ ਤੇ ਕਿੱਤੇ ਨਾਲ ਸਬੰਧਤ ਤਕਨੀਕੀ ਸ਼ਬਦਾਵਲੀ ਨਾਲ ਵੱਖ-ਵੱਖ ਸਬੰਧਤ ਪੁਸਤਕਾਂ, ਹਰ ਕਿਸਮ ਦੇ ਅਨੁਵਾਦ, ਭਾਸ਼ਾ ਤੇ ਸਾਹਿਤ ਦੇ ਇਤਿਹਾਸ, ਖਾਸ ਟੀਚਿਆਂ ਨੂੰ ਮੁੱਖ ਰੱਖ ਕੇ ਲਿਖੀਆਂ ਵਿਸ਼ੇਸ਼ ਪੁਸਤਕਾਂ, ਭਾਸ਼ਾ ਦੀ ਪੜ੍ਹਾਈ ਲਈ ਅਤੇ ਭਾਸ਼ਾ ਦੀ ਬਣਤਰ ਨੂੰ ਸਮਝਣ ਲਈ ਵੱਖ-ਵੱਖ ਪੱਧਰ ਦੀਆਂ ਗਰਾਮਰਾਂ, ਸ਼ਬਦ ਜੋੜਾਂ ਨੂੰ ਵਿਗਿਆਨਕ ਆਧਾਰ ‘ਤੇ ਤਿਆਰ ਕਰਨਾ ਆਦਿ ਸ਼ਾਮਲ ਹੁੰਦਾ ਹੈ।
ਪੁਆਰ ਵਿਚ ਕਮਾਲ ਦਾ ਸਵੈ-ਵਿਸ਼ਵਾਸ ਸੀ। ਜਿਹੜੀ ਗੱਲ ਉਹਦੇ ਮਨ ਵਿਚ ਆ ਜਾਂਦੀ, ਉਹਨੂੰ ਪੂਰਾ ਕਰਨ ਲਈ ਪੂਰਾ ਤਾਣ ਲਾ ਦਿੰਦਾ।
ਪੰਜਾਬੀ ਯੂਨੀਵਰਸਿਟੀ ਵਿਚ ਆਪਣੇ ਕਾਰਜ-ਕਾਲ ਦੌਰਾਨ (1992-99) ਤਾਂ ਉਸ ਕੋਲ ਤਾਕਤ ਆ ਗਈ ਸੀ। ਉਹਦੀ ਅਗਵਾਈ ਵਿਚ ਭਾਸ਼ਾ ਵਿਗਿਆਨ ਵਿਭਾਗ ਵੱਲੋਂ ਅੰਗਰੇਜ਼ੀ-ਪੰਜਾਬੀ ਡਿਕਸ਼ਨਰੀ ਵਿਸ਼ੇਸ਼ ਸੋਧ ਤੋਂ ਬਾਅਦ ਦੁਬਾਰਾ ਛਾਪੀ ਗਈ। ਇਸ ਨਵੀਂ ਛਾਪੀ ਗਈ ਡਿਕਸ਼ਨਰੀ ਵਿਚ ਗੁਰਮੁਖੀ ਅੱਖਰਾਂ ਵਿਚ ਅੰਗਰੇਜ਼ੀ ਸ਼ਬਦਾਂ ਦਾ ਉਚਾਰਨ ਦਿੱਤਾ ਗਿਆ। ਇਸੇ ਸਮੇਂ ਪੰਜਾਬੀ-ਅੰਗਰੇਜ਼ੀ ਅਤੇ ਪਰਸ਼ੀਅਨ ਪੰਜਾਬੀ ਡਿਕਸ਼ਨਰੀਆਂ ਵੀ ਤਿਆਰ ਕੀਤੀਆਂ ਗਈਆਂ। ਇਸੇ ਸਮੇਂ ਦੌਰਾਨ ‘ਪੰਜਾਬੀ ਦੇ ਸ਼ਬਦ ਜੋੜਾਂ’ ਵਿਚਲੀਆਂ ‘ਊਣਤਾਈਆਂ’ ਦੂਰ ਕਰਕੇ ਪੰਜਾਬੀ ਫੁਨੌਲੋਜੀ ਦੇ ਨਜ਼ਦੀਕ ਰਹਿ ਕੇ ਨਵਾਂ ਸ਼ਬਦ-ਜੋੜ ਕੋਸ਼ ਤਿਆਰ ਕਰਵਾਇਆ ਗਿਆ। ਉਹਨੂੰ ਇਸ ਗੱਲ ਦਾ ਹਿਰਖ ਵੀ ਸੀ ਤੇ ਝੋਰਾ ਵੀ ਕਿ ਅੱਜ ਤੱਕ ਨਾ ਪੰਜਾਬੀ ਜ਼ੁਬਾਨ ਅਤੇ ਨਾ ਪੰਜਾਬੀ ਸਾਹਿਤ ਦਾ ਪ੍ਰਮਾਣਿਕ ਇਤਿਹਾਸ ਅਤੇ ਨਾ ਹੀ ਪੰਜਾਬੀ ਦੀ ਕੋਈ ਮਿਆਰੀ ਪ੍ਰਮਾਣਿਤ ਵਿਆਕਰਨ ਲਿਖੀ ਗਈ ਹੈ।
ਅਸੀਂ ਉਹਦੇ ਇਸ ਦੌਰ ਦੇ ਚਸ਼ਮਦੀਦ ਗਵਾਹ ਹਾਂ। ਉਹਦੇ ਅਜ਼ਮ ਜਾਂ ਕੁਝ ਹੱਦ ਤੱਕ ਖਬਤ ਬਾਰੇ ਅਸੀਂ ਹੱਸਦੇ ਵੀ। ਇਸ ਹਵਾਲੇ ਨਾਲ ਕੁਝ ਦਿਲਚਸਪ ਵੇਰਵੇ ਯਾਦ ਆ ਰਹੇ ਹਨ।
ਪੰਜਾਬੀ ਯੂਨੀਵਰਸਿਟੀ ਨੇ ਡਾ. ਹਰਕੀਰਤ ਸਿੰਘ ਦੀ ਨਿਗਰਾਨੀ ਵਿਚ ਸ਼ਬਦ-ਜੋੜ ਕੋਸ਼ ਤਿਆਰ ਕੀਤਾ ਹੋਇਆ ਸੀ। ਬਹੁਤ ਸਾਰੇ ਲੋਕ ਹੁਣ ਉਸੇ ਨੂੰ ਆਧਾਰ ਬਣਾ ਕੇ ਆਪਣੇ ਸ਼ਬਦ-ਜੋੜ ਲਿਖਣ ਲੱਗ ਪਏ ਸਨ। ਉਸ ਕੋਸ਼ ਨੂੰ ਲਗਭਗ ਪ੍ਰਮਾਣਿਕ ਮੰਨ ਲਿਆ ਗਿਆ ਸੀ ਪਰ ਪੁਆਰ ਨੂੰ ਉਸ ਵਿਚ ਨੁਕਸ ਨਜ਼ਰ ਆਉਂਦੇ ਸਨ। ਵਾਈਸ ਚਾਂਸਲਰ ਬਣਨ ਤੋਂ ਪਹਿਲਾਂ ਵੀ ਉਹਨੇ ਪੰਜਾਬੀ ਭਾਸ਼ਾ ਅਕਾਦਮੀ ਵੱਲੋਂ ਇਸ ਮੁੱਦੇ ਬਾਰੇ ਇੱਕ-ਦੋ ਵਾਰ ਸੈਮੀਨਾਰ ਕਰਵਾ ਕੇ ਚਰਚਾ ਵੀ ਕਰਵਾਈ ਤੇ ਆਪਣੇ ਇਤਰਾਜ਼ ਉਭਾਰੇ ਸਨ ਪਰ ਵਾਈਸ ਚਾਂਸਲਰ ਬਣਨ ਤੋਂ ਬਾਅਦ ਇਸ ਵਿਚ ਆਪਣੀ ਮਰਜ਼ੀ ਦੀ ਤਬਦੀਲੀ ਕਰਨਾ ਉਹਦਾ ‘ਹੱਕ’ ਬਣ ਗਿਆ ਸੀ। ਉਹਨੇ ‘ਸ਼ਬਦ-ਜੋੜ ਕੋਸ਼’ ਦੇ ਹਵਾਲੇ ਨਾਲ ਯੂਨੀਵਰਸਿਟੀ ਵਿਚ ਦੋ-ਤਿੰਨ ਸੈਮੀਨਾਰ ਕਰਵਾਏ। ਯੂਨੀਵਰਸਿਟੀ ਵਿਚ ਕਰਵਾਈਆਂ ਜਾਣ ਵਾਲੀਆਂ ਸਾਲਾਨਾ ਕਾਨਫਰੰਸਾਂ ਵਿਚ ਵੀ ਇਹ ਮੁੱਦਾ ਉਭਾਰਿਆ।
ਉਹ ‘ਜਿਹਾ ਬੋਲੋ-ਤਿਹਾ ਲਿਖੋ’ ਦਾ ਧਾਰਨੀ ਸੀ। ਪਟਿਆਲੇ ਵਾਲੇ ਡਾ. ਜੋਸ਼ੀ ਵਰਗੇ ਭਾਸ਼ਾ ਵਿਗਿਆਨੀ ਵੀ ਉਸੇ ਦੀ ਬੋਲੀ ਬੋਲਣ ਲੱਗੇ। ਰੱਬ ਨੇੜੇ ਕਿ ਘਸੁੰਨ! ਫੈਸਲਾ ਹੋਇਆ ਕਿ ਪੁਆਰ ਦੀ ਮਰਜ਼ੀ ਅਨੁਸਾਰ ਸ਼ਬਦ-ਜੋੜ ਕੋਸ਼ ਸੋਧਿਆ ਜਾਵੇ। ਇਸ ਮਕਸਦ ਲਈ ਵਿਦਵਾਨਾਂ ਦੀ ਸਲਾਹਕਾਰ ਕਮੇਟੀ ਵੀ ਬਣਾਈ ਗਈ। ਮੇਰਾ ਨਾਂ ਵੀ ਉਸ ਕਮੇਟੀ ਵਿਚ ਸ਼ਾਮਲ ਸੀ। ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ। ਕਮੇਟੀ ਦੇ ਵਿਦਵਾਨ ਪੁਆਰ ਦੀਆਂ ਸੁਝਾਈਆਂ ਤਬਦੀਲੀਆਂ ’ਤੇ ਸਵਾਲ ਖੜ੍ਹੇ ਕਰ ਰਹੇ ਸਨ ਪਰ ਪੁਆਰ ਆਪਣੀ ਦਲੀਲ ਜਾਂ ਜ਼ਿਦ ’ਤੇ ਅੜਿਆ ਹੋਇਆ ਸੀ। ਲੰਮੀ ਗੱਲਬਾਤ ਅਤੇ ਬਹਿਸ-ਮੁਬਾਹਿਸੇ ਤੋਂ ਬਾਅਦ ਡਾ. ਸ.ਸ. ਜੌਹਲ ਨੇ ਅੰਤਮ ਸੁਝਾਉ ਦਿੱਤਾ, “ਮੇਰਾ ਖਿਆਲ ਹੈ ਕਿ ਜਿਵੇਂ ਪੁਆਰ ਸਾਬ੍ਹ ਚਾਹੁੰਦੇ ਨੇ, ਇਨ੍ਹਾਂ ਨੂੰ ਉਂਝ ਹੀ ਕਰ ਹੀ ਲੈਣ ਦਿੱਤਾ ਜਾਵੇ!”
ਸਾਡੇ ਵਰਗੇ ਦੂਜੇ ‘ਸਲਾਹਕਾਰ’ ਆਪਣੀ ਬੇਵਸੀ ’ਤੇ ਮਾੜਾ ਜਿਹਾ ਹੱਸੇ ਤੇ ਕਮੇਟੀ ਨੇ ਪੁਆਰ ਸਾਹਿਬ ਅੱਗੇ ‘ਸਮਰਪਣ’ ਕਰ ਦਿੱਤਾ।
ਉਸ ਸਾਲ ਹੋਈ ਕਾਨਫਰੰਸ ਦੇ ਇੱਕ ਸੈਸ਼ਨ ਵਿਚ ਨਵੇਂ ਸ਼ਬਦ-ਜੋੜਾਂ ਬਾਰੇ ਚਰਚਾ ਹੋ ਰਹੀ ਸੀ। ਡਾ. ਪੁਆਰ ਵੱਲੋਂ ਆਪਣੇ ਸਿਧਾਂਤ ’ਤੇ ਡਟੇ ਰਹਿਣ ਦੇ ਹਵਾਲੇ ਨਾਲ ਗੁਰਬਚਨ ਸਿੰਘ ਭੁੱਲਰ ਨੇ ਕਿਹਾ, “ਤੁਸੀਂ ਆਪਣੀ ਯੂਨੀਵਰਸਿਟੀ ਵਿਚ ਤਾਂ ਆਪਣੇ ਜ਼ੋਰ ਨਾਲ ਨਵੇਂ ਸ਼ਬਦ-ਜੋੜਾਂ ਨੂੰ ਲਾਗੂ ਕਰਵਾ ਲਵੋਗੇ ਪਰ ਅਖਬਾਰਾਂ ਵਾਲਿਆਂ ਨੂੰ, ਹੋਰ ਅਦਾਰਿਆਂ ਜਾਂ ਲੇਖਕਾਂ ਨੂੰ ਕਿਹੜੀ ਤਾਕਤ ਦੇ ਬਲ-ਬੁੱਤੇ ਇਹ ਸ਼ਬਦ-ਜੋੜ ਮੰਨਣ ਲਈ ਮਜਬੂਰ ਕਰ ਸਕੋਗੇ? ਸਭਨਾਂ ਥਾਵਾਂ ’ਤੇ ਤੁਹਾਡੇ ਕੋਲ ਨਾਜ਼ਮ ਇੰਦਰ ਸਿੰਘ ਵਰਗੀ ਤਾਕਤ ਤਾਂ ਹੋਣ ਨਹੀਂ ਲੱਗੀ!”
ਤੇ ਭੁੱਲਰ ਰਿਆਸਤ ਨਾਭੇ ਦੇ ਇੱਕ ਨਾਜ਼ਮ ਇੰਦਰ ਸਿੰਘ ਦੀ ਕਹਾਣੀ ਸੁਣਾਉਣ ਲੱਗਾ, “ਇੰਦਰ ਸਿੰਘ ਚਿੱਟਾ ਅਨਪੜ੍ਹ ਸੀ ਪਰ ਉਹਨੇ ਕਿਸੇ ਕੋਲੋਂ ਟੁੱਟੇ ਜਿਹੇ ਅੱਖਰਾਂ ਵਿਚ ਆਪਣਾ ਨਾਂ ਲਿਖਣਾ ਸਿੱਖਿਆ ਹੋਇਆ ਸੀ। ਇੰਦਰ ਸਿੰਘ ਦਾ ਪੀ.ਏ., ਬੀ.ਏ. ਪਾਸ ਸੀ। ਇੱਕ ਦਿਨ ਇੰਦਰ ਸਿੰਘ ਨੇ ਕਿਸੇ ਕਾਗਜ਼ ’ਤੇ ਦਸਤਖਤ ਕੀਤੇ ਤੇ ਆਪਣੇ ਪੀ.ਏ. ਨੂੰ ਪੁੱਛਣ ਲੱਗਾ, “ਦੇਖ ਕੇ ਦੱਸ ਕਿ ਮੈਂ ਆਪਣਾ ਨਾਂ ਠੀਕ ਲਿਖਿਆ ਏ ਨਾ?”
ਪੀ.ਏ. ਇਹ ਦਸਤਖਤ ਤਾਂ ਹਰ ਰੋਜ਼ ਦੇਖਦਾ ਹੀ ਸੀ। ‘ਠੀਕ-ਗਲਤ’ ਬਾਰੇ ਵੀ ਜਾਣਦਾ ਹੀ ਸੀ। ਅੱਜ ਨਾਜ਼ਮ ਨੇ ਪੁੱਛਿਆ ਤਾਂ ਉਹ ਗੁੰਗਾ ਹੋ ਗਿਆ। ਮਾਲਕ ਅੱਗੇ ਸੱਚ ਬੋਲਣ ਦੀ ਹਿੰਮਤ ਨਹੀਂ ਸੀ ਹੋ ਰਹੀ।
ਨਾਜ਼ਮ ਨੇ ਕਿਹਾ, “ਕੀ ਸੱਪ ਸੁੰਘ ਗਿਆ ਈ। ਬੋਲ, ਮੇਰਾ ਨਾਂ ਠੀਕ ਲਿਖਿਆ ਏ?”
ਕਾਗਜ਼ ’ਤੇ ਟੁੱਟੇ ਜਿਹੇ ਅੱਖਰਾਂ ਵਿਚ ਲਿਖਿਆ ਹੋਇਆ ਸੀ- ਈੜੀ ਦੱਦਾ ਰ’ਰਾ ਤੇ ਅੱਗੇ ਸੱਸਾ ਅੱਖਰ ਪਾ ਕੇ ਉਹਦੇ ਅੱਗੇ ਬਲਦ-ਮੂਤਣੀ ਜਿਹੀ ਪਾਈ ਹੋਈ ਸੀ।
ਪੀ.ਏ. ਦੀ ਜ਼ਬਾਨ ਥਿੜਕ ਰਹੀ ਸੀ, “ਜੀ, ਜੇ ਅਸਲ ਵਿਚ ਦੇਖੀਏ ਤਾਂ ਇਹ ਪੂਰਾ ਨਾਂ ਨਹੀਂ ਬਣਦਾ, ਦਸਤਖਤ ਦੀ ਗੱਲ ਹੋਰ ਏ, ਉਹ ਤਾਂ ਸੰਖੇਪ ਵਿਚ ਤੇ ਅਸਪਸ਼ਟ ਜਿਹੀ ਵੀ ਕੀਤੀ ਜਾ ਸਕਦੀ ਏ।”
“ਲੈ ਏਨੇ ਅੱਖਰ ਪਾਏ ਨੇ ਕੁਝ ਨਾ ਕੁਝ ਤਾਂ ਬਣਦਾ ਹੋਊ? ਇੰਦਰ ਸਿੰਘ ਨਹੀਂ ਬਣਦਾ?”
“ਨਹੀਂ ਜੀ, ਕੁਝ ਵੀ ਨਹੀਂ ਬਣਦਾ। ਬਿਨਾਂ ਲਗਾਂ ਮਾਤਰਾਂ ਦੇ ਈੜੀ, ਦੱਦਾ, ਰਾਰਾ, ਤੇ ਸੱਸਾ ਲਿਖਣ ਨਾਲ ਕੋਈ ਐਸਾ ਸ਼ਬਦ ਨਹੀਂ ਬਣਦਾ ਜਿਸ ਦੇ ਕੁਝ ਅਰਥ ਬਣਦੇ ਹੋਣ।”
ਨਾਜ਼ਮ ਨੂੰ ਉਹਦੀ ਇਸ ‘ਹਿਮਾਕਤ’ ’ਤੇ ਗੁੱਸਾ ਆ ਗਿਆ, “ਕੰਨ ਖੋਲ੍ਹ ਕੇ ਮੇਰੀ ਗੱਲ ਸੁਣ ਉਏ! ਮੈਂ ਇੰਝ ਹੀ ਈੜੀ ਦੱਦਾ ਰਾਰਾ ਹੀ ਲਿਖਿਆ ਕਰਨਾ ਏਂ ਤੇ ਤੈਨੂੰ ਇਹ ਇੰਦਰ ਸਿੰਘ ਹੀ ਪੜ੍ਹਨਾ ਪੈਣਾ ਏਂ!”
ਭੁੱਲਰ ਨੇ ਤੋੜਾ ਝਾੜਿਆ, “ਯੂਨੀਵਰਸਿਟੀ ਤੋਂ ਬਾਹਰ ਈੜੀ ਦੱਦਾ ਰਾਰਾ ਤੇ ਸੱਸੇ ਨੂੰ ਕਿਸੇ ਨੇ ਇੰਦਰ ਸਿੰਘ ਨਹੀਂ ਜੇ ਪੜ੍ਹਨਾ।”
ਉਹੋ ਗੱਲ ਹੋਈ। ਪੁਆਰ ਦੇ ‘ਗੱਦੀਉਂ’ ਲਹਿਣ ਦੀ ਦੇਰ ਸੀ, ਉਨ੍ਹਾਂ ਬੰਦਿਆਂ ਨੇ ਹੀ ਜਿਨ੍ਹਾਂ ਨੇ ਪੁਆਰ ਦੇ ‘ਸਿਧਾਂਤ’ ਮੁਤਾਬਕ ਡਿਕਸ਼ਨਰੀਆਂ ਦੇ ਸ਼ਬਦ-ਜੋੜ ਤਬਦੀਲ ਕੀਤੇ ਸਨ, ਡਿਕਸ਼ਨਰੀਆਂ ਨੂੰ ਦੁਬਾਰਾ ਪਹਿਲਾਂ ਵਾਲੇ ‘ਸ਼ਬਦ-ਜੋੜਾਂ’ ਮੁਤਾਬਕ ਮੁੜ ਤੋਂ ‘ਸੋਧ’ ਦਿੱਤਾ!
ਪਰ ਪੰਜਾਬੀ ਭਾਸ਼ਾ ਅਕਾਦਮੀ ’ਤੇ ਤਾਂ ਉਹਦਾ ਪੂਰਾ ਵੱਸ ਚੱਲਦਾ ਸੀ। ਉਹਨੇ ਵੇਦ ਅਗਨੀਹੋਤਰੀ ਅਤੇ ਆਪਣੇ ਵਿਦਿਆਰਥੀਆਂ ਸੁਖਵਿੰਦਰ ਸਿੰਘ ਸੰਘਾ ਤੇ ਬਲਦੇਵ ਸਿੰਘ ਚੀਮਾ ਨਾਲ ਮਿਲ ਕੇ ਭਾਸ਼ਾ ਵਿਗਿਆਨ ਦੀਆਂ ਕਿਤਾਬਾਂ ਤਿਆਰ ਕਰਵਾਈਆਂ। ਇਨ੍ਹਾਂ ਨੂੰ ਪੰਜਾਬੀ ਭਾਸ਼ਾ ਅਕਾਦਮੀ ਵੱਲੋਂ ਪ੍ਰਕਾਸ਼ਿਤ ਕੀਤਾ ਤੇ ਸਾਰੀਆਂ ਯੂਨੀਵਰਸਿਟੀਆਂ ਵਿਚ ਆਪਣੀ ਹਿੱਕ ਦੇ ਤਾਣ ਬੀ.ਏ. ਦੇ ਤਿੰਨ-ਸਾਲਾ ਕੋਰਸ ਵਿਚ ਇਹ ਕਿਤਾਬਾਂ ਪਾਠ-ਕ੍ਰਮ ਵਿਚ ਸ਼ਾਮਲ ਕਰਵਾ ਲਈਆਂ। ਵਰ੍ਹਿਆਂ ਤੋਂ ਕਵਿਤਾ ਕਹਾਣੀ ਪੜ੍ਹਾ ਰਹੇ ਅਧਿਆਪਕਾਂ ਨੂੰ ਭਾਸ਼ਾ ਵਿਗਿਆਨ ਦੀਆਂ ਇਹ ਕਿਤਾਬਾਂ ਪੜ੍ਹਾਉਣੀਆਂ ਮੁਸ਼ਕਿਲ ਲੱਗ ਰਹੀਆਂ ਸਨ। ਉਹ ਲਿਖੀਆਂ ਵੀ ਕੁਝ ਇਸ ਤਰ੍ਹਾਂ ਸਨ ਕਿ ਲੇਖਕਾਂ ਨੇ ਆਪਣੇ ਵਿਸ਼ੇ ਨੂੰ ਸੌਖੀ ਤਰ੍ਹਾਂ ਬਿਆਨ ਕਰਨ ਦੀ ਥਾਂ, ਅਧਿਆਪਕਾਂ ਦੇ ਕਥਿਤ ਪੂਰਵ-ਗਿਆਨ ’ਤੇ ਕੁਝ ਵਧੇਰੇ ਹੀ ਭਰੋਸਾ ਕਰ ਲਿਆ ਸੀ ਤੇ ਉਹ ਸਮਝਦੇ ਸਨ ਕਿ ਅਧਿਆਪਕ ਆਪਣੇ-ਆਪ ਇਨ੍ਹਾਂ ਕਿਤਾਬਾਂ ਦਾ ਤੱਤ-ਸਾਰ ਸਮਝ ਲੈਣਗੇ। ਇਨ੍ਹਾਂ ਕਿਤਾਬਾਂ ਦੇ ਟਾਈਟਲ ਲਾਲ ਰੰਗ ਦੇ ਸਨ, ਇਸ ਲਈ ਇਹ ‘ਲਾਲ ਕਿਤਾਬ’ ਦੇ ਨਾਂ ਨਾਲ ਮਸ਼ਹੂਰ ਹੋ ਗਈਆਂ। ਅਧਿਆਪਕਾਂ ਨੇ ’ਕੱਲੇ-’ਕੱਲੇ ਨੇ ਵੀ ਤੇ ਸੰਗਠਿਤ ਰੂਪ ਵਿਚ ਵੀ ਲਾਲ ਕਿਤਾਬਾਂ ਦਾ ਬੜਾ ਵਿਰੋਧ ਕੀਤਾ ਪਰ ਪੁਆਰ ਦਾ ਕਿੱਲਾ ਕਾਇਮ ਸੀ। ਲਾਲ ਕਿਤਾਬਾਂ ਨੂੰ ਤੱਤੀ ‘ਵਾ ਨਾ ਲੱਗੀ। ਰੋਂਦੇ-ਕੁਰਲਾਉਂਦੇ ਅਧਿਆਪਕ ਪੜ੍ਹਾਉਣ ਲਈ ਮਜਬੂਰ ਹੋ ਗਏ।
ਇੱਕ ਦਿਨ ਮੈਂ ਕਿਹਾ, “ਡਾ. ਸਾਹਿਬ, ਇੱਕ ਗੱਲ ਤਾਂ ਹੈ ਕਿ ਤੁਹਾਡੀਆਂ ਇਹ ਕਿਤਾਬਾਂ ਸੌਖ ਤੋਂ ਔਖ ਵੱਲ ਯਾਤਰਾ ਕਰਦੀਆਂ ਨਜ਼ਰ ਨਹੀਂ ਆਉਂਦੀਆਂ। ਚਾਹੀਦਾ ਤਾਂ ਸੀ ਕਿ ਗੱਲ ਸੌਖੇ ਅੰਦਾਜ਼ ਵਿਚ ਸਮਝਾਈ ਜਾਂਦੀ ਪਰ ਇੰਝ ਨਹੀਂ ਹੋ ਸਕਿਆ। ਅਗਲੀ ਐਡੀਸ਼ਨ ਵਿਚ ਇਹ ਕਿਤਾਬਾਂ ਥੋੜ੍ਹੇ ਵਿਸਥਾਰ ਨਾਲ ਪੂਰੀ ਵਿਆਖਿਆ ਸਹਿਤ ਲਿਖਵਾ ਸਕੋ ਤਾਂ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਭਲਾ ਹੋ ਜੂ। ਮੈਨੂੰ ਤਾਂ ‘ਭਾਸ਼ਾ ਤੇ ਉਪ-ਭਾਸ਼ਾ’ ਵਾਲਾ ਇੱਕੋ ਚੈਪਟਰ ਹੀ ਸੌਖੀ ਤੇ ਸਮਝ ਆਉਣ ਵਾਲੀ ਭਾਸ਼ਾ ਵਿਚ ਲਿਖਿਆ ਮਿਲਦਾ ਹੈ। ਜਦ ਕਿ ਬਾਕੀ…”
ਗੱਲ ਮੇਰੇ ਮੂੰਹ ਵਿਚ ਹੀ ਸੀ ਕਿ ਪੁਆਰ ਨੇ ਤੁਰਤ ਕਿਹਾ, “ਉਹ ਚੈਪਟਰ ਮੈਂ ਲਿਖਿਆ ਹੈ। ਬਾਕੀ ਇਨ੍ਹਾਂ ‘ਵਿਦਵਾਨਾਂ’ ਨੇ ਲਿਖੇ ਨੇ।”
ਉਹਨੇ ਕਿਤਾਬਾਂ ਸਮਝਣ ਬਾਰੇ ਪੇਸ਼ ਆ ਰਹੀ ਸਮੱਸਿਆ ਆਪਣੇ ਦੂਜੇ ਸਾਥੀਆਂ ਵੱਲ ਰੇੜ੍ਹ ਦਿੱਤੀ।
ਉਹ ਆਪ ਸਦਾ ‘ਠੀਕ’ ਹੀ ਹੁੰਦਾ ਸੀ!
ਵਾਈਸ ਚਾਂਸਲਰ ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਹਰਕਿਸ਼ਨ ਸਿੰਘ ਸੁਰਜੀਤ ਨੇ ਪੁਆਰ ਨੂੰ ਸੀ.ਪੀ.ਐਮ. ਦੇ ਚੰਡੀਗੜ੍ਹ ਤੋਂ ਛਪਦੇ ਅਖਬਾਰ ‘ਦੇਸ਼ ਸੇਵਕ’ ਦੇ ਸੰਪਾਦਕ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਉਹ ਕੁਝ ਦਿਨ ਚੰਡੀਗੜ੍ਹ ਰਹਿੰਦਾ ਤੇ ਕੁਝ ਦਿਨ ਜਲੰਧਰ ਆ ਜਾਂਦਾ।
ਇਕ ਦਿਨ ਮੈਂ ਸੁਖਵਿੰਦਰ ਨੂੰ ਫੋਨ ਕਰ ਕੇ ਜਾਨਣਾ ਚਾਹਿਆ ਕਿ ਡਾ. ਪੁਆਰ ਹਫਤੇ ਦੇ ਕਿਹੜੇ ਕਿਹੜੇ ਦਿਨ ਜਲੰਧਰ ਹੁੰਦੇ ਨੇ। ਉਹਨੇ ਹਾਸੇ ਨਾਲ ਕਿਹਾ, “ਜਿਸ ਦਿਨ ਸੰਪਾਦਕੀ ਵਿਚ ‘ਪ੍ਰਧਾਨ ਮੰਤਰੀ’ ਨੂੰ ‘ਪਰਧਾਨ ਮੰਤਰੀ’ ਲਿਖਿਆ ਹੋਵੇ ਤਾਂ ਸਮਝੋ ਕਿ ਪੁਆਰ ਸਾਬ੍ਹ ਚੰਡੀਗੜ੍ਹ ਨੇ ਤੇ ਜਿਸ ਦਿਨ ‘ਪ੍ਰਧਾਨ ਮੰਤਰੀ’ ਹੀ ਲਿਖਿਆ ਹੋਵੇ ਤਾਂ ਸਮਝੋ ਪੁਆਰ ਸਾਹਿਬ ਜਲੰਧਰ ਨੇ।”
ਜਦੋਂ ਬਲਦੇਵ ਨੂੰ ਪੁਆਰ ਰੀਡਰ ਦੀ ਪੋਸਟ ’ਤੇ ਪਟਿਆਲੇ ਲੈ ਗਿਆ ਤਾਂ ਪੰਜਾਬ ਆਏ ਸਾਧੂ ਸਿੰਘ ਨੇ ਕਿਤੇ ਪੁਆਰ ਨੂੰ ਕਿਹਾ, “ਆਪਾਂ ਵਰਿਆਮ ਨੂੰ ਵੀ ਪਟਿਆਲੇ ਲੈ ਆਈਏ।”
ਪੁਆਰ ਤੁਣਕ ਕੇ ਬੋਲਿਆ, “ਕਿਉਂ? ਜਲੰਧਰ ਕੋਈ ਚੰਗਾ ਬੰਦਾ ਨਹੀਂ ਰਹਿਣ ਦੇਣਾ! ਰਿਟਾਇਰ ਹੋ ਕੇ ਮੈਂ ਵੀ ਤਾਂ ਉਥੇ ਜਾਣਾ ਹੈ। ਮੈਂ ਉਹਦੇ ਬਾਰੇ ਕੁਝ ਹੋਰ ਸੋਚਿਆ ਹੋਇਐ।”
ਕੁਝ ਦਿਨਾਂ ਬਾਅਦ ਮੈਨੂੰ ਯੂਨੀਵਰਸਿਟੀ ਦੀ ਸੈਨੇਟ ਦਾ ਮੈਂਬਰ ਬਣਾਏ ਜਾਣ ਦੀ ਚਿੱਠੀ ਮਿਲੀ।
ਅਸਲ ਗੱਲ ਜੋ ਉਹਨੇ ਮੇਰੇ ਬਾਰੇ ਸੋਚੀ ਹੋਈ ਸੀ, ਉਹ ਸੀ ਪੰਜਾਬੀ ਭਾਸ਼ਾ ਅਕਾਦਮੀ ਦੀ ਭੈਣ-ਸੰਸਥਾ ‘ਪੰਜਾਬ ਅਕਾਦਮੀ ਆਫ ਸ਼ੋਸਲ ਸਾਇੰਸਜ਼, ਲਿਟਰੇਚਰ ਤੇ ਕਲਚਰ’ ਦੀ ਸਥਾਪਨਾ ਕਰ ਕੇ ਮੈਨੂੰ ਉਹਦਾ ਜਨਰਲ ਸਕੱਤਰ ਨਿਯੁਕਤ ਕਰਨਾ। ਭਾਸ਼ਾ ਅਕਾਦਮੀ ਕੋਲ ਲਾਲ ਕਿਤਾਬਾਂ ਦੀ ਰਾਇਲਟੀ ਦੇ ਕਾਫੀ ਪੈਸੇ ਜਮ੍ਹਾਂ ਸਨ। ਬਹੁਤ ਸਾਰੇ ਪੈਸੇ ਵਾਈਸ ਚਾਂਸਲਰ ਹੁੰਦਿਆਂ ਪੁਆਰ ਨੇ ਆਪਣੇ ‘ਅਸਰ-ਰਸੂਖ’ ਨਾਲ ‘ਉਗਰਾਹ’ ਲਏ ਤੇ ਨਵੀਂ ਅਕਾਦਮੀ ਦੇ ਖਾਤੇ ਵਿਚ ਜਮ੍ਹਾਂ ਕਰਵਾ ਦਿੱਤੇ ਸਨ। ਇਸ ਅਕਾਦਮੀ ਦੇ ਬੈਨਰ ਹੇਠ ਅਸੀਂ ਵਿਸ਼ੇਸ਼ ਤੌਰ ’ਤੇ ਜਲੰਧਰ ਤੇ ਕਦੀ-ਕਦੀ ਚੰਡੀਗੜ੍ਹ ਤੇ ਹੋਰ ਸ਼ਹਿਰਾਂ ਵਿਚ ਅਨੇਕਾਂ ਸੈਮੀਨਾਰ ਕਰਵਾਏ।
ਪੁਆਰ ਪੰਜਾਬੀ ਭਾਸ਼ਾ ਦੀ ਹੀ ਨਹੀਂ, ਪੂਰੇ ਪੰਜਾਬ ਦੀ ਨੁਹਾਰ ਬਦਲੀ ਦੇਖਣ ਦੀ ਤੀਬਰ ਤਾਂਘ ਰੱਖਦਾ ਸੀ ਤੇ ਚਾਹੁੰਦਾ ਸੀ ਕਿ ਪੰਜਾਬ ਦਾ ਬੁੱਧੀਜੀਵੀ ਵਰਗ ਪੰਜਾਬ ਦੇ ਹਰ ਭਖਦੇ ਮੁੱਦੇ ਬਾਰੇ ਵਿਚਾਰ ਰਿੜਕਾ ਕੇ ਕਿਸੇ ਨਤੀਜੇ ’ਤੇ ਪਹੁੰਚੇ। ਇਹ ਸੈਮੀਨਾਰ ਕੇਵਲ ਭਾਸ਼ਾਈ ਮਸਲਿਆਂ ਨੂੰ ਹੀ ਮੁਖਾਤਬ ਨਹੀਂ ਸਨ ਸਗੋਂ ਇਨ੍ਹਾਂ ਵਿਚ ਪੰਜਾਬ ਦੀ ਸਿੱਖਿਆ, ਸਿਹਤ, ਆਰਥਕਤਾ, ਰਾਜਨੀਤੀ, ਸਾਹਿਤ ਅਤੇ ਸਭਿਆਚਾਰ ਦੇ ਮੁੱਦਿਆਂ ਬਾਰੇ ਵੱਖ-ਵੱਖ ਸੈਮੀਨਾਰਾਂ ਤੇ ਕਾਨਫਰੰਸਾਂ ਕਰਵਾ ਕੇ ਚਰਚਾ ਛੇੜੀ ਗਈ। ਪੰਜਾਬ ਦੇ ਕਹਿੰਦੇ-ਕਹਾਉਂਦੇ ਵਿਸ਼ਾ ਮਾਹਿਰ, ਵਿਦਵਾਨ ਇਨ੍ਹਾਂ ਸੈਮੀਨਾਰਾਂ/ਕਾਨਫਰੰਸਾਂ ਵਿਚ ਹੁੰਮ-ਹੁਮਾ ਕੇ ਪਹੁੰਚਦੇ ਤੇ ਸੰਬੰਧਤ ਵਿਸ਼ੇ ਬਾਰੇ ਚਰਚਾ ਛੇੜਦੇ। ਇਨ੍ਹਾਂ ਵਿਚ ਪੜ੍ਹੇ ਗਏ ਪਰਚੇ ਕਿਤਾਬੀ ਰੂਪ ਵਿਚ ਵੀ ਛਾਪੇ ਗਏ।
ਜਲੰਧਰ ਵਿਚ ਪੁਆਰ ਦੇ ਨਜ਼ਦੀਕੀ ਸਹਿਯੋਗੀਆਂ ਵਿਚ ਸੁਖਵਿੰਦਰ ਸੰਘਾ, ਵੇਦ ਅਗਨੀ ਹੋਤਰੀ, ਬਲਦੇਵ ਚੀਮਾ ਤੇ ਮੈਂ ਸ਼ਾਮਲ ਸਾਂ। ਕਿਸੇ ਕਾਨਫਰੰਸ ਜਾਂ ਸੈਮੀਨਾਰ ਵੇਲੇ ਜਲੰਧਰ ਰਹਿੰਦੇ ਕੁਝ ਹੋਰ ਬੁਧੀਜੀਵੀ ਵੀ ਸਾਡਾ ਸਾਥ ਦਿੰਦੇ। ਪੁਆਰ ਦੋਵਾਂ ਅਕਾਦਮੀਆਂ ਦਾ ਸਾਂਝਾ ਪ੍ਰਧਾਨ ਸੀ। ਅਕਾਦਮੀਆਂ ਦਾ ਕੰਮ-ਕਾਰ ਚਲਾਉਣ ਲਈ ਸਾਨੂੰ ਦੇਸ਼ ਭਗਤ ਯਾਦਗਾਰ ਹਾਲ ਦੀ ਦੂਜੀ ਮੰਜ਼ਿਲ ’ਤੇ ਬਣੇ ‘ਬਾਬਾ ਜਵਾਲਾ ਸਿੰਘ ਹਾਲ’ ਦੇ ਮੁੱਖ ਦਰਵਾਜ਼ੇ ਦੇ ਬਾਹਰਲੀ ਲੌਬੀ ਦੇ ਸਿਰੇ ’ਤੇ ਬਣੇ ਦੋ ਕਮਰਿਆਂ ਵਿਚੋਂ ਇੱਕ ਕਮਰਾ ਮਿਲ ਗਿਆ ਸੀ। ਕਮਰੇ ਦਾ ਕਿਰਾਇਆ ਕੋਈ ਨਹੀਂ ਸੀ ਪਰ ਗ਼ਦਰੀ ਬਾਬਿਆਂ ਦੇ ਸਾਲਾਨਾ ਮੇਲੇ ’ਤੇ ਅਸੀਂ ਕੁਝ ਸਹਾਇਤਾ ਰਾਸ਼ੀ ਕਮੇਟੀ ਨੂੰ ਭੇਟਾ ਕਰ ਦਿੰਦੇ। ਦਫਤਰ ਵਿਚ ਕੰਪਿਊਟਰ ਆ ਗਿਆ। ਅਲਮਾਰੀਆਂ ਸਜ ਗਈਆਂ। ਵੱਡਾ ਮੇਜ਼ ਤੇ ਦੁਆਲੇ ਕੁਰਸੀਆਂ। ਭਾਸ਼ਾ ਅਕਾਦਮੀ ਦੀਆਂ ਪ੍ਰਕਾਸ਼ਨਾਵਾਂ ਅਲਮਾਰੀਆਂ ਵਿਚ ਟਿਕਾ ਦਿੱਤੀਆਂ ਗਈਆਂ। ਹੁਣ ਤੱਕ ਹੋਈਆਂ ਕਾਨਫਰੰਸਾਂ ਦੇ ਸਾਂਭੇ ਹੋਏ ਪਰਚੇ ਤਰਤੀਬਵਾਰ ਸਾਂਭ ਲਏ ਗਏ। ਅਕਾਦਮੀਆਂ ਦੇ ਨਵੇਂ ਲੈਟਰਪੈਡ ਛਪਵਾਏ ਗਏ। ਅਸੀਂ ਅੱਵਲ ਤਾਂ ਰੋਜ਼ ਹੀ, ਨਹੀਂ ਤਾਂ ਹਫਤੇ ਵਿਚ ਤਿੰਨ-ਚਾਰ ਦਿਨ ਤਾਂ ਜ਼ਰੂਰ ਹੀ ਇਕੱਠੇ ਹੁੰਦੇ। ਕਿਸੇ ਨਾ ਕਿਸੇ ਨਵੇਂ ਪ੍ਰੋਗਰਾਮ ਦੀ ਯੋਜਨਾ ਬਣ ਰਹੀ ਹੁੰਦੀ।
ਪੁਆਰ ਪੰਜਾਬ ਵਿਚ ਬੌਧਿਕ ਇਨਕਲਾਬ ਲਿਆਉਣ ਦਾ ਸੁਪਨਾ ਪਾਲ਼ੀ ਬੈਠਾ ਸੀ ਤੇ ਇਹਦੇ ਲਈ ਜੀਅ-ਜਾਨ ਨਾਲ ਜੁਟਿਆ ਹੋਇਆ ਸੀ। ਅਸੀਂ ਉਹਦੇ ਸਹਿਯੋਗੀ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਹਦੀ ਇੱਛਾ ਅਨੁਸਾਰ ਪੂਰੇ ਜੋਸ਼ੋ-ਖਰੋਸ਼ ਨਾਲ ਲੱਗੇ ਹੋਏ ਸਾਂ। ਵੱਖ-ਵੱਖ ਯੂਨੀਵਰਸਿਟੀਆਂ ਤੋਂ ਵਿਦਵਾਨ ਇਨ੍ਹਾਂ ਸੈਮੀਨਾਰਾਂ ਵਿਚ ਆਉਣਾ, ਸ਼ਾਮਲ ਹੋਣਾ ਤੇ ਵਿਚਾਰ ਪੇਸ਼ ਕਰਨੇ ਆਪਣਾ ਮਾਣ ਸਮਝਣ ਲੱਗੇ। ਪੁਆਰ ਨੇ ਅਕਾਦਮਿਕ ਹਲਕਿਆਂ ਵਿਚ ਬੌਧਿਕ ਹਲਚਲ ਪੈਦਾ ਕਰਨ ਦੀ ਸ਼ੁਰੂਆਤ ਕਰ ਦਿੱਤੀ ਸੀ। ਹੁਣ ਬਹੁਤੇ ਸੈਮੀਨਾਰ ਜਾਂ ਕਾਨਫਰੰਸਾਂ ‘ਪੰਜਾਬ ਅਕਾਦਮੀ ਆਫ ਸ਼ੋਸਲ ਸਾਇੰਸਜ਼, ਲਿਟਰੇਚਰ ਅਤੇ ਕਲਚਰ’ ਦੇ ਬੈਨਰ ਹੇਠ ਹੀ ਹੁੰਦੇ ਸਨ। ਇਨ੍ਹਾਂ ਸੈਮੀਨਾਰਾਂ/ਕਾਨਫਰੰਸਾਂ ਦੇ ਸੰਚਾਲਨ ਦੀ ਜ਼ਿੰਮੇਵਾਰੀ ਮੇਰੀ ਹੀ ਹੁੰਦੀ ਸੀ।
ਡਾ. ਪੁਆਰ ਦਾ ਸੁਭਾਅ ਹੀ ਅਜਿਹਾ ਕਰੜਾ ਸੀ ਕਿ ਉਹ ਸਦਾ ਆਪਣੀ ਮਨਵਾਉਣ ਵਿਚ ਯਕੀਨ ਰੱਖਦਾ ਸੀ। ਜਿਹੜੀ ਗੱਲ ਜਾਂ ਸੁਝਾਅ ਉਹਦੀ ਮਰਜ਼ੀ ਦੇ ਉਲਟ ਹੁੰਦਾ ਤਾਂ ਉਹ ਬੜੇ ਰੁੱਖੇ ਅੰਦਾਜ਼ ਵਿਚ ਉਹਨੂੰ ਰੱਦ ਕਰ ਦਿੰਦਾ। ਦੋਵਾਂ ਅਕਾਦਮੀਆਂ ਦੇ ਦੂਜੇ ਕਾਰਕੁਨ ਉਹਦੇ ਚੇਲੇ-ਬਾਲਕੇ ਹੋਣ ਕਰ ਕੇ ਉਹ ਉਨ੍ਹਾਂ ਦੇ ਵਿਚਾਰਾਂ ਜਾਂ ਸੁਝਾਵਾਂ ਨੂੰ ਝਿੜਕ ਕੇ ਰੱਦ ਕਰ ਦਿੰਦਾ। ਇਸ ਲਈ ਸਾਰੇ ਉਹਦੀ ਹਾਂ ਵਿਚ ਹਾਂ ਮਿਲਾਉਣ ਵਿਚ ਹੀ ਭਲਾ ਸਮਝਦੇ। ਬੇਇਜ਼ਤੀ ਕਰਾਉਣੀ ਕਿਸ ਨੂੰ ਵਾਰਾ ਖਾਂਦੀ ਹੈ! ਕਦੀ-ਕਦੀ ਮੈਂ ਜ਼ਰੂਰ ਉਹਦੀ ਕਿਸੇ ਗੱਲ ਦਾ ਮੋੜ ਮੋੜਦਾ। ਉਹ ਮੇਰੀ ਗੱਲ ਸੁਣ ਤਾਂ ਲੈਂਦਾ ਪਰ ਕਰਦਾ ਆਪਣੀ ਮਰਜ਼ੀ ਹੀ। ਸੋ ਆਮ ਕਰ ਕੇ ਮੈਂ ਵੀ ਦੂਜਿਆਂ ਵਾਂਗ ‘ਸਤਿਬਚਨ ਜੀ’ ਵਾਲਾ ਰਵੱਈਆ ਅਖਤਿਆਰ ਕਰ ਲਿਆ ਸੀ। ਮੇਰੇ ਮਨ ਵਿਚ ਸੀ ਕਿ ਕੁਝ ਵੀ ਹੋਵੇ, ਉਹ ਦਿਲ ਦਾ ਮਾੜਾ ਨਹੀਂ ਤੇ ਬੜੇ ਸ਼ੁੱਧ ਅਤੇ ਸੱਚੇ ਮਨ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਭਲਾ ਕਰਨਾ ਲੋੜਦਾ ਹੈ।
ਕਈ ਵਾਰ ਆਪਣੇ ਰੁੱਖੇ ਸੁਭਾਅ ਮੁਤਾਬਕ ਉਹ ਚੱਲਦੇ ਸੈਮੀਨਾਰ ਵਿਚ ਵੀ ਬੁਲਾਰੇ ਨੂੰ ਰੋਕ-ਟੋਕ ਕੇ ਉਹਦੇ ਵਿਚਾਰਾਂ ਦੇ ਉਲਟ ਬੋਲਣ ਲੱਗ ਪੈਂਦਾ। ਇੱਕ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇੱਕ ਪ੍ਰੋਫੈਸਰ ਆਪਣਾ ਪੇਪਰ ਪੜ੍ਹ ਰਿਹਾ ਸੀ ਤਾਂ ਪੁਆਰ ਪ੍ਰਧਾਨਗੀ ਮੰਡਲ ਦੀ ਕੁਰਸੀ ਤੋਂ ਗੁੱਸੇ ਨਾਲ ਉਠਿਆ ਤੇ ਉਹਨੂੰ ਬਾਹੋਂ ਫੜ ਕੇ ਪਾਸੇ ਕਰ ਕੇ ਆਪਣੀ ਗੱਲ ਕੁਝ ਇਸ ਅੰਦਾਜ਼ ਵਿਚ ਸ਼ੁਰੂ ਕੀਤੀ, “ਇਹ ਕੈਸੀ ਵਾਹਯਾਤ ਗੱਲ ਕਰ ਰਿਹਾ ਹੈ…।”
ਆਪਣੀ ਭੜਾਸ ਕੱਢ ਕੇ ਉਹ ਕੁਰਸੀ ’ਤੇ ਜਾ ਬੈਠਾ। ਵਿਦਵਾਨ ਨੇ ਤਾਂ ਪਾਣੀ-ਪਾਣੀ ਹੋਣਾ ਹੀ ਸੀ, ਦਰਸ਼ਕਾਂ ਨੂੰ ਵੀ ਇਹ ਗੱਲ ਬਹੁਤ ਚੁਭੀ। ਠੀਕ ਹੈ, ਉਹਨੂੰ ਸੰਬੰਧਤ ਵਿਦਵਾਨ ਦੀ ਗੱਲ ਨਾ ਜਚੀ ਹੋਵੇ ਪਰ ਉਹਨੂੰ ਇੰਝ ਵਿਚੋਂ ਟੋਕ ਕੇ ਉਹਦੀ ਬੇਇਜ਼ਤੀ ਕਰਨਾ ਤਾਂ ਕਿਵੇਂ ਵੀ ਵਾਜਬ ਨਹੀਂ ਸੀ। ਇਹ ਕਿਧਰ ਦਾ ‘ਸੈਮੀਨਾਰ ਕਲਚਰ’ ਸੀ ਜਿਸ ‘ਕਲਚਰ’ ਦੀ, ਪੰਜਾਬੀ ਜਗਤ ਵਿਚ ਘਾਟ ਦੀ, ਉਹ ਅਕਸਰ ਦੁਹਾਈ ਦਿੰਦਾ ਰਹਿੰਦਾ ਸੀ! ਮੈਂ ਸਟੇਜ ਚਲਾ ਰਿਹਾ ਸਾਂ। ਜਦੋਂ ਪੁਆਰ ਅਤੇ ਬੁਲਾਰਾ ਸਟੇਜ ਤੋਂ ਪਾਸੇ ਹਟੇ ਤਾਂ ਮੈਂ ਆਖਿਆ, “ਤੁਸੀਂ ਸਾਰੇ ਵਿਦਵਾਨ ਸਾਡੇ ਸੱਦੇ ’ਤੇ ਹੁੰਮ-ਹੁਮਾ ਕੇ ਹਾਜ਼ਰ ਹੁੰਦੇ ਹੋ। ਆਪਣੇ ਵਿਚਾਰਾਂ ਨਾਲ ਚਰਚਾ ਵਿਚ ਸਾਰਥਕ ਯੋਗਦਾਨ ਪਾਉਂਦੇ ਹੋ। ਅਸੀਂ ਤੁਹਾਡੇ ਅਹਿਸਾਨਮੰਦ ਹਾਂ ਕਿ ਤੁਸੀਂ ਸਦਾ ਸਾਡਾ ਮਾਣ ਰੱਖਿਆ ਹੈ। ਸਾਡਾ ਸੱਦਾ ਕਬੂਲਿਆ ਹੈ। ਹੁਣੇ ਜੋ ਘਟਨਾ ਹੋਈ ਹੈ, ਬਹੁਤ ਚੰਗਾ ਹੁੰਦਾ ਜੇ ਇਹ ਇੰਝ ਨਾ ਵਾਪਰਦੀ ਪਰ ਵਾਪਰ ਗਈ। ਅਕਾਦਮੀ ਦਾ ਜਨਰਲ ਸਕੱਤਰ ਹੋਣ ਦੇ ਨਾਤੇ ਮੈਂ ਪ੍ਰੋ… ਸਿੰਘ ਕੋਲੋਂ, ਉਸ ਨਾਲ ਹੋਏ ਇਸ ਸਲੂਕ ਲਈ ਆਪਣੀ ਅਕਾਦਮੀ ਵੱਲੋਂ ਮੁਆਫੀ ਮੰਗਦਾ ਹਾਂ ਤੇ ਆਸ ਕਰਦਾ ਹਾਂ ਕਿ ਉਹ ਸਾਨੂੰ ਆਪਣਾ ਸਾਥ ਤੇ ਸਹਿਯੋਗ ਦਿੰਦੇ ਰਹਿਣਗੇ।”
ਪੁਆਰ ਮੰਚ ’ਤੇ ਚੁੱਪ-ਚਾਪ ਬੈਠਾ ਸੁਣ ਰਿਹਾ ਸੀ। ਕੁਝ ਨਹੀਂ ਬੋਲਿਆ। ਉਹ ਸੰਬੰਧਤ ਬੁਲਾਰੇ ਵਾਂਗ ਉਠ ਕੇ ਮੈਨੂੰ ਵੀ ਟੋਕ ਸਕਦਾ ਸੀ ਪਰ ਉਸ ਨੇ ਇੰਝ ਨਹੀਂ ਕੀਤਾ। ਬਾਅਦ ਵਿਚ ਵੀ ਉਹਨੇ ਮੈਨੂੰ ਕੁਝ ਨਹੀਂ ਕਿਹਾ। ਖਾਣੇ ਦੇ ਵਕਫੇ ਵੇਲੇ ਸੱਜਣ-ਮਿੱਤਰ ਕਹਿ ਰਹੇ ਸਨ, “ਯਾਰ ਤੂੰ ਧੰਨ ਏਂ! ਇੰਝ ਪਬਲੀਕਲੀ ਪੁਆਰ ਦੀ ਗਲਤੀ ਨੂੰ ਸਟੇਜ ਉਤੇ ਹੀ ਨਸ਼ਰ ਕਰਨ ਦਾ ਤੇਰਾ ਹੀ ਜਿਗਰਾ ਹੈ!”
***
ਯਾਰਾਂ ਨੂੰ ਮਾਣ ਦੇਣ ਦਾ ਉਹਦਾ ਆਪਣਾ ਸਲੀਕਾ ਸੀ। ਉਹਦੇ ਵਾਈਸ ਚਾਂਸਲਰ ਬਣਨ ਤੋਂ ਬਾਅਦ ਹੋਣ ਵਾਲੀ ਦੋ ਦਿਨਾਂ ਕਾਨਫਰੰਸ ਵਿਚ ਅਸੀਂ ਪਟਿਆਲੇ ਜਾਣਾ ਹੀ ਸੀ। ਉਹਦੇ ਕਾਰਜਕਾਲ ਦੀ ਇਹ ਪਹਿਲੀ ਕਾਨਫਰੰਸ ਸੀ। ਸੈਨੇਟ ਹਾਲ ਵਿਚ ਪਰਚੇ ਪੜ੍ਹੇ ਜਾ ਰਹੇ ਸਨ। ਬਹਿਸ ਹੋ ਰਹੀ ਸੀ। ਕਿਸੇ ਵਿਦਵਾਨ ਦੇ ਪਰਚੇ ‘ਤੇ ਮੈਂ ਹਾਲ ਵਿਚ ਬੈਠਿਆਂ ਹੀ ਵਿਅੰਗਾਤਮਕ ਟਿੱਪਣੀ ਕੀਤੀ। ਹਾਸਾ ਪੈ ਗਿਆ।
ਕੁਝ ਚਿਰ ਬਾਅਦ ਮੈਂ ਹਾਲ ਵਿਚੋਂ ਉਠ ਕੇ ਬਾਹਰ ਵਾਸ਼ਰੂਮ ਵੱਲ ਗਿਆ ਤਾਂ ਦੇਖਿਆ ਕਿ ਮੁੱਖ ਗੇਟ ਤੋਂ ਬਾਹਰ ਦੋ-ਚਾਰ ਜਣੇ ਖਲੋਤੇ ਗੱਲਾਂ ਕਰ ਰਹੇ ਸਨ। ਮੈਂ ਵੀ ਉਨ੍ਹਾਂ ਕੋਲ ਚਲਾ ਗਿਆ। ਅਜਿਹੀਆਂ ਕਾਨਫਰੰਸਾਂ ਤੇ ਸੈਮੀਨਾਰਾਂ ਵਿਚ ‘ਬਾਹਰਲੀਆਂ ਗੱਪ-ਗੋਸ਼ਟੀਆਂ’ ਦਾ ਆਪਣਾ ਸਵਾਦ ਹੁੰਦਾ ਹੈ। ਮੈਂ ਇਹ ਸਵਾਦ ਲੈ ਰਿਹਾ ਸਾਂ ਕਿ ਮੈਨੂੰ ਲੱਭਦੇ ਦੋ-ਚਾਰ ਜਣੇ ਆ ਗਏ। ਅਨੂਪ ਵਿਰਕ ਕਹਿੰਦਾ, “ਓ ਭਾਊ! ਤੂੰ ਐਥੇ ਗੱਲੀਂ ਲੱਗੈਂ। ਡਾ. ਪੁਆਰ ਤੈਨੂੰ ਅੰਦਰ ਬੁਲਾਉਂਦੇ ਨੇ, ਕਹਿੰਦੇ ਉਹਨੂੰ ਲੱਭ ਕੇ ਲਿਆਓ।”
ਜਦੋਂ ਪੁਆਰ ਸਟੇਜ ਤੋਂ ਬੋਲਣ ਲੱਗਾ ਸੀ ਤਾਂ ਹਾਲ ਵਿਚ ਆਸੇ-ਪਾਸੇ ਝਾਤੀ ਮਾਰ ਕੇ ਕਹਿੰਦਾ, “ਵਰਿਆਮ ਕਿੱਥੇ ਹੈ? ਉਹਨੂੰ ਬਾਹਰੋਂ ਲੱਭ ਕੇ ਲਿਆਓ।”
ਮੈਂ ਸੈਨੇਟ ਹਾਲ ਵਿਚ ਗਿਆ ਤਾਂ ਸਾਰੇ ਮੇਰੇ ਵੱਲ ਦੇਖਣ ਲੱਗੇ। ਪੁਆਰ ਪ੍ਰਧਾਨਗੀ ਭਾਸ਼ਨ ਦੇ ਰਿਹਾ ਸੀ। ਮੈਨੂੰ ਦੇਖ ਕੇ ਚਿਹਰੇ ‘ਤੇ ਮੁਸਕਰਾਹਟ ਫੈਲ ਗਈ। ਸਿੱਧਾ ਮੈਨੂੰ ਸੰਬੋਧਿਤ ਹੋਇਆ, “ਲਉ ਅਹੁ ਆ ਗਿਐ। ਵਰਿਆਮ ਸਿਹਾਂ! ਹੁਣ ਚੱਲਦੀਆਂ ਗੋਸ਼ਟੀਆਂ ਵਿਚ ਆਪਣੀਆਂ ਵੱਖਰੀਆਂ ਗੋਸ਼ਟੀਆਂ ਲਾਉਣੀਆਂ ਛੱਡ ਦੇ; ਤੇ ਹਾਂ, ਤੇ ਜਿਹੜੀ ਗੱਲ ਤੂੰ ਆਖੀ ਸੀ…।”
ਤੇ ਉਹ ਉਸ ‘ਆਖੀ ਗੱਲ’ ਬਾਰੇ ਆਪਣਾ ਮੱਤ ਬਿਆਨ ਕਰਨ ਲੱਗਾ।
ਮੈਨੂੰ ਉਚੇਚੇ ਤੌਰ ‘ਤੇ ਬਾਹਰੋਂ ਬੁਲਾ ਕੇ ਤੇ ਮੇਰੀ ਗੱਲ ਨੂੰ ਮਹੱਤਵ ਦੇ ਕੇ ਅਸਲ ਵਿਚ ਉਹ ਮੈਨੂੰ ‘ਮਹੱਤਵਪੂਰਨ’ ਬਣਾ ਰਿਹਾ ਸੀ ਤੇ ਸਭਨਾਂ ਨੂੰ ਪ੍ਰਭਾਵ ਦੇ ਰਿਹਾ ਸੀ ਕਿ ਵਰਿਆਮ ਸੰਧੂ ਉਹਦੇ ਨੇੜਲਾ ਬੰਦਾ ਹੈ। ਉਹਦੇ ਭਾਸ਼ਨ ਤੋਂ ਬਾਅਦ ਸਭਨਾਂ ਨੇ ਲੰਚ ਬਰੇਕ ਲਈ ਗੈਸਟ ਹਾਊਸ ਜਾਣਾ ਸੀ। ਬਾਹਰ ਨਿਕਲ ਕੇ ਲੋਕ ਆਪੋ-ਆਪਣੀਆਂ ਕਾਰਾਂ ਵਿਚ ਬੈਠਣ ਲਈ ਅਹੁਲਣ ਲੱਗੇ। ਪੁਆਰ ਅੰਦਰੋਂ ਬਾਹਰ ਆਇਆ ਤਾਂ ਵੀਹ-ਪੰਝੀ ਬੰਦੇ ਉਹਦੇ ਦੁਆਲੇ। ਨਵਾਂ-ਨਵਾਂ ਵਾਈਸ ਚਾਂਸਲਰ ਬਣਿਆ ਸੀ। ਪ੍ਰੋਫੈਸਰ ਲੋਕ ਉਹਦੇ ਨੇੜੇ-ਨੇੜੇ ਹੋਣ ਦੀ ਕੋਸ਼ਿਸ਼ ਵਿਚ ਸਨ। ਐਵੇਂ ਗੱਲਾਂ ਦੀਆਂ ਨਿੱਕੀਆਂ-ਨਿੱਕੀਆਂ ਪੂਣੀਆਂ ਕੱਤ ਰਹੇ ਸਨ।
ਮੈਂ ਪੰਦਰਾਂ-ਵੀਹ ਗਜ਼ ਦੂਰ ਆਪਣੇ ਯਾਰਾਂ-ਦੋਸਤਾਂ ਨਾਲ ਸਾਂ ਤੇ ਅਸੀਂ ਗੈਸਟ ਹਾਊਸ ਜਾਣ ਦੀ ਤਿਆਰੀ ਵਿਚ ਹੀ ਸਾਂ। ਪੁਆਰ ਨੇ ਦੂਰੋਂ ਬਾਂਹ ਉਚੀ ਕਰ ਕੇ ਮੈਨੂੰ ਆਵਾਜ਼ ਮਾਰੀ, “ਵਰਿਆਮ! ਆ, ਤੂੰ ਮੇਰੇ ਨਾਲ ਆ ਜਾ।”
ਕੋਲ ਗਿਆ ਤਾਂ ਉਹਦੇ ਆਸ-ਪਾਸ ਖਲੋਤੇ ਪ੍ਰੋਫੈਸਰਾਂ ਨੇ ਮੇਰੇ ਲਈ ਰਾਹ ਬਣਾ ਦਿੱਤਾ। ਪੁਆਰ ਨੇ ਪਹਿਲਾਂ ਮੈਨੂੰ ਕਾਰ ਵਿਚ ਬਹਿਣ ਲਈ ਕਿਹਾ। ਉਹਨੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਕਾਨਫਰੰਸ ਦੇ ਡੈਲੀਗੇਟਾਂ ਵਿਚ ਮੇਰਾ ਵਜ੍ਹਕਾ ਬਣਾ ਦਿੱਤਾ ਸੀ। ਸਭ ਨੂੰ ਲੱਗਣ ਲੱਗਾ ਕਿ ਮੈਂ ਪੁਆਰ ਦੇ ਬਹੁਤ ਨੇੜਲਾ ਬੰਦਾ ਹਾਂ। ਅਗਲੇ ਸਾਲਾਂ ਵਿਚ ‘ਵੀ.ਸੀ. ਦਾ ਨੇੜਲਾ ਬੰਦਾ’ ਹੋਣ ਦਾ ਮੇਰਾ ਵਜ੍ਹਕਾ ਬਣਿਆ ਰਿਹਾ।
ਇਸ ਵਜ੍ਹਕੇ ਕਰ ਕੇ ਕਈ ਮੁਸ਼ਕਿਲਾਂ ਵੀ ਆਈਆਂ। ਕੋਈ ਨਾ ਕੋਈ ਜਣਾ ਕਿਸੇ ਨਾ ਕਿਸੇ ਕੰਮ ਲਈ ਸਿਫਾਰਿਸ਼ ਕਰਨ ਲਈ ਆਖਦਾ ਰਹਿੰਦਾ। ਬਣਦੀ-ਜਚਦੀ ਸਿਫਾਰਿਸ਼ ਹੁੰਦੀ ਤਾਂ ਮੈਂ ਕਰ ਵੀ ਦਿੰਦਾ। ਮੈਨੂੰ ਮਾਣ ਹੈ ਕਿ ਉਹਨੇ ਮੇਰੀਆਂ ਕਈ ਸਿਫਾਰਿਸ਼ਾਂ ਮੰਨੀਆਂ ਵੀ। ਬਹੁਤੀਆਂ ਤਾਂ ਨਹੀਂ, ਪੰਜਾਬੀ ਯੂਨੀਵਰਸਿਟੀ ਵਿਚ ‘ਇਕ-ਅੱਧੀ’ ਨੌਕਰੀ ਲਈ, ‘ਇੱਕ-ਅੱਧੀ’ ਪੰਜਾਬੋਂ ਬਾਹਰਲੀ ਕਿਸੇ ਯੂਨੀਵਰਸਿਟੀ ਵਿਚ ਤੇ ਦੋ ਕੁ ਕਾਲਜਾਂ ਵਿਚ ਲੈਕਚਰਾਰ ਰੱਖਣ ਵੇਲੇ ਉਹਨੇ ਮੇਰੇ ਆਖੇ ਦਾ ਮਾਣ ਰੱਖਿਆ। ‘ਇੱਕ-ਅੱਧੀ’ ਆਖਣ ਪਿੱਛੇ ਵੀ ਖਾਸ ਕਾਰਨ ਹੈ। ਪਹਿਲੀ ਗੱਲ, ਮੈਂ ਸਿਫਾਰਿਸ਼ ਹੀ ਢੁਕਵੇਂ ਬੰਦੇ ਦੀ ਕਰਦਾ। ਦੂਜਾ, ਮੈਂ ਇਹ ਵੀ ਜਾਣਦਾ ਸਾਂ ਕਿ ਸਿਫਾਰਿਸ਼ ਕਰਾਉਣ ਵਾਲਾ ਨਿਰਾ ਮੇਰੀ ਸਿਫਾਰਿਸ਼ ‘ਤੇ ਹੀ ਨਹੀਂ ਸੀ ਬੈਠਾ ਹੁੰਦਾ। ਉਹਨੇ ਹੋਰਨਾਂ ਕੋਲੋਂ ਵੀ ‘ਅਖਵਾਉਣ’ ਵਿਚ ਪੂਰੀ ਵਾਹ ਲਾਈ ਹੁੰਦੀ ਸੀ। ਸੋ, ਪੂਰੇ ਦਾਅਵੇ ਨਾਲ ਨਹੀਂ ਕਹਿੰਦਾ ਕਿ ਇਹ ਨਿਯੁਕਤੀਆਂ ਮੇਰੇ ਆਖੇ ਹੀ ਹੋਈਆਂ ਹੋਣ ਪਰ ਇੰਟਰਵਿਊ ਤੋਂ ਬਾਅਦ ਪੁਆਰ ਮੈਨੂੰ ਕਹਿੰਦਾ, “ਤੇਰਾ ਬੰਦਾ ਰਖਵਾ’ਤਾ ਬਈ!” ਤੇ ਜਿਹੜੇ ਰੱਖੇ ਜਾਂਦੇ, ਉਹ ਵੀ ਪਰਤਵੇਂ ਰੂਪ ਵਿਚ ਮੇਰਾ ਧੰਨਵਾਦ ਕਰਦੇ ਤਾਂ ਮਨ ਯਕੀਨ ਕਰ ਲੈਂਦਾ ਕਿ ਪੁਆਰ ਮੇਰੀ ਮੰਨਦਾ ਹੈ।
ਏਸੇ ‘ਯਕੀਨ’ ਵਿਚੋਂ ਮੈਂ ਇੱਕ ਐਸੀ ਸਿਫਾਰਿਸ਼ ਕਰ ਬੈਠਾ ਜਿਸ ਦਾ ਬੜਾ ਹੀ ਅਜੀਬ ਜਵਾਬ ਮਿਲਿਆ।
ਬਲਦੇਵ ਦੀ ਪਤਨੀ ਗੁਰਦੀਪ ਜਲੰਧਰ ਦੇ ਐਸ.ਡੀ. ਕਾਲਜ ਵਿਚ ਪੜ੍ਹਾਉਂਦੀ ਸੀ। ਬੱਚੇ ਵੀ ਜਲੰਧਰ ਪੜ੍ਹਦੇ ਸਨ। ਬਲਦੇਵ ਹਰ ਹਫਤੇ ਜਲੰਧਰ ਪਰਿਵਾਰ ਕੋਲ ਆ ਜਾਂਦਾ ਤੇ ਸੋਮਵਾਰ ਯੂਨੀਵਰਸਿਟੀ ਤੁਰ ਜਾਂਦਾ। ਬਲਦੇਵ ਸਮੇਤ ਅਸੀਂ ਉਹਦੇ ਸਾਰੇ ਦੋਸਤ ਸਮਝਦੇ ਸਾਂ ਕਿ ਡਾ. ਪੁਆਰ ਨੂੰ ਵੀ ਬਲਦੇਵ ਦੇ ‘ਪਰਿਵਾਰ ਵਿਛੋੜੇ’ ਦੀ ਤਕਲੀਫ ਦਾ ਅਹਿਸਾਸ ਸੀ ਤੇ ਉਹ ਮੁਨਾਸਬ ਮੌਕਾ ਦੇਖ ਕੇ ਗੁਰਦੀਪ ਨੂੰ ਵੀ ਪਟਿਆਲੇ ਲੈ ਜਾਵੇਗਾ। ਯੂਨੀਵਰਸਿਟੀ ਵਿਚ ਨਾ ਸਹੀ, ਕਿਸੇ ਕਾਲਜ ਵਿਚ ਹੀ ਸਹੀ ਪਰ ਏਨੇ ਚਿਰ ਵਿਚ ਬਲਦੇਵ ਦੀ ‘ਸੁਤੰਤਰ ਹੋਂਦ’ ਵਾਲਾ ਭਾਣਾ ਵਾਪਰ ਗਿਆ। ਉਹਨੇ ਵੀ ਪੁਆਰ ਦੀ ਮੰਨਣ ਦੀ ਥਾਂ ‘ਪਾਰਟੀ’ ਦੀ ਮੰਨਣ ਨੂੰ ਤਰਜੀਹ ਦਿੱਤੀ ਸੀ। ਹੁਣ ਸਾਨੂੰ ਫਿਕਰ ਸੀ ਕਿ ਗੁਰਦੀਪ ਦੀ ਪਟਿਆਲੇ ਜਾਣ ਵਾਲੀ ਗੱਲ ਕਿਤੇ ‘ਖੂਹ-ਖਾਤੇ’ ਨਾ ਜਾ ਪਵੇ।
ਇੱਕ ਦਿਨ ਕਿਸੇ ਸਮਾਗਮ ਤੋਂ ਬਾਅਦ ਅਸੀਂ ਰਾਤ ਨੂੰ ਇੰਟਰਨੈਸ਼ਨਲ ਹੋਟਲ ਵਿਚ ਇਕੱਠੇ ਸਾਂ। ਖਾਣ-ਪੀਣ ਖਤਮ ਹੋਇਆ ਤਾਂ ਘਰੋ-ਘਰੀ ਜਾਣ ਲਈ ਅਸੀਂ ਬਾਹਰ ਆਏ। ਬਾਹਰ ਠੰਢੀ ਹਵਾ ਚੱਲ ਰਹੀ ਸੀ। ਪੁੰਨਿਆਂ ਦਾ ਚੰਨ ਚਮਕ ਰਿਹਾ ਸੀ। ਬਾਹਰ ਆ ਕੇ ਵੀ ਅਜੇ ਕਿਸੇ ਦਾ ਘਰ ਜਾਣ ਨੂੰ ਮਨ ਨਹੀਂ ਸੀ ਕਰ ਰਿਹਾ। ਪਿਛਲੇ ਕਈ ਦਿਨਾਂ ਤੋਂ ਅਸੀਂ ਸੋਚ ਰਹੇ ਸਾਂ ਕਿ ਪੁਆਰ ਨੂੰ ਬਲਦੇਵ ਦੀ ਸਮੱਸਿਆ ਬਾਰੇ ‘ਬੇਨਤੀ’ ਕੀਤੀ ਜਾਵੇ ਪਰ ਨਾ ਸੁਖਵਿੰਦਰ ਤੇ ਨਾ ਅਗਨੀਹੋਤਰੀ ਪੁਆਰ ਅੱਗੇ ਜੋਦੜੀ ਕਰਨ ਦਾ ਖਤਰਾ ਮੁੱਲ ਲੈਣ ਲਈ ਤਿਆਰ ਸਨ। ਅੱਜ ਪੁਆਰ ਦਾ ਰਉਂ ਠੀਕ ਲੱਗ ਰਿਹਾ ਸੀ। ਮੈਂ ਮੁਨਾਸਬ ਮੌਕਾ ਦੇਖ ਕੇ ਕਿਹਾ, “ਡਾ ਸਾਬ੍ਹ! ਮੈਂ ਤੁਹਾਨੂੰ ਬੜੀ ਵਾਜਬ ਬੇਨਤੀ ਕਰਨੀ ਚਾਹੁੰਦਾਂ। ਕਿਰਪਾ ਕਰ ਕੇ ਨਾਂਹ ਨਾ ਕਰਿਓ!”
ਉਹ ਖੁਸ਼ੀ ਵਿਚ ਬੋਲਿਆ, “ਤੂੰ ਦੱਸ ਤਾਂ ਸਹੀ। ਅੱਗੇ ਕਦੀ ਤੇਰੀ ਮੋੜੀ ਏ!”
ਮੈਂ ਦੋਵੇਂ ਹੱਥ ਜੋੜ ਕੇ ਪੂਰੀ ਅਧੀਨਗੀ ਤੇ ਨਿਮਰਤਾ ਨਾਲ ਕਿਹਾ, “ਜੇ ਤੁੱਠੇ ਓ ਤਾਂ ਗੁਰਦੀਪ ਨੂੰ ਪਟਿਆਲੇ ਲਿਜਾਣ ਦਾ ਕੋਈ ਬੰਨ੍ਹ-ਸੁਬ੍ਹ ਕਰੋ।”
ਉਹਦੀ ਤਰਲਤਾ ਇੱਕਦਮ ਖਿੰਘਰ ਹੋ ਗਈ। ਉਹਨੇ ਆਪਣੀ ਕਾਰ ਵੱਲ ਹੁੰਦਿਆਂ, ਬਾਂਹ ਖੜ੍ਹੀ ਕਰ ਕੇ ਦੋ-ਤਿੰਨ ਵਾਰ ਨਾਂਹ ਵਿਚ ਹੱਥ ਹਿਲਾਉਂਦਿਆਂ ਬੜੀ ਕੌੜ ਨਾਲ ਕਿਹਾ, “ਮੇਰੇ ਕੋਲ ਜ਼ਿਕਰ ਈ ਨਾ ਕਰ ਇਸ ਗੱਲ ਦਾ।”
ਉਹ ਕਾਰ ਭਜਾ ਕੇ ਲੈ ਗਿਆ। ਅਸੀਂ ਇੱਕ ਦੂਜੇ ਦਾ ਮੂੰਹ ਵਿੰਹਦੇ ਰਹਿ ਗਏ।
ਇਹ ਨਹੀਂ ਕਿ ਉਹਨੇ ਬਲਦੇਵ ਨਾਲ ਮਿਲਣਾ-ਵਰਤਣਾ ਛੱਡ ਦਿੱਤਾ ਹੋਵੇ। ਆਪਸ ਵਿਚ ਬੋਲਦੇ-ਚਾਲਦੇ ਵੀ ਰਹੇ। ਸਮਾਜਕ-ਸਭਿਅਚਾਰਕ ਸਮਾਗਮਾਂ ਵਿਚ ਇਕੱਠੇ ਵੀ ਹੁੰਦੇ ਰਹੇ। ਪੰਜਾਬੀ ਭਾਸ਼ਾ ਅਕਾਦਮੀ ਵਿਚ ਇਕੱਠੇ ਕੰਮ ਵੀ ਕਰਦੇ ਰਹੇ। ਜੀਵਨ ਦੇ ਹੋਰ ਕੰਮਾਂ-ਕਾਰਾਂ ਵਿਚ ਇਕ ਦੂਜੇ ਦੇ ਕੰਮ ਵੀ ਆਉਂਦੇ ਰਹੇ ਪਰ ਇਹ ਵੀ ਹਕੀਕਤ ਹੈ ਕਿ ਗੁਰਦੀਪ ਰਿਟਾਇਰ ਹੋਣ ਤੋਂ ਬਾਅਦ ਹੀ ਪਟਿਆਲੇ ਜਾ ਸਕੀ।
ਇਹ ਵੀ ਸੱਚ ਹੈ ਕਿ ਆਪਣੇ ਸਾਰੇ ਰੁੱਖੇਪਨ ਤੇ ਖਰਵ੍ਹੇਪਨ ਦੇ ਬਾਵਜੂਦ ਪੁਆਰ ਅੰਦਰ ਇੱਕ ਬਹੁਤ ਹੀ ਹੱਸਾਸ ਕੋਨਾ ਵੀ ਸੀ। ਉਹ ਯਾਰਾਂ ਦਾ ਯਾਰ ਤੇ ਰਿਸ਼ਤਿਆਂ ਦਾ ਕਦਰਦਾਨ ਸੀ।
ਮੇਰੀ ਪਤਨੀ ਨੇ ਪੰਜਾਬੀ ਯੂਨੀਵਰਸਿਟੀ ਦੇ ਪੱਤਰ-ਵਿਹਾਰ ਪ੍ਰੋਗਰਾਮ ਅਧੀਨ ਐਮ.ਐਡ. ਕਰਨ ਲਈ ਦਾਖਲਾ ਲਿਆ। ਉਹਨੇ ਯੂਨੀਵਰਸਿਟੀ ਦੇ ਨਿਯਮ ਮੁਤਾਬਕ ਕੁਝ ਦਿਨ ਯੂਨੀਵਰਸਿਟੀ ਵਿਚ ਰਹਿ ਕੇ ਕਲਾਸਾਂ ਲਾਉਣੀਆਂ ਸਨ। ਅਸੀਂ ਇਸ ਬਾਰੇ ਡਾ. ਪੁਆਰ ਨਾਲ ਗੱਲ ਵੀ ਸਾਂਝੀ ਨਹੀਂ ਸੀ ਕੀਤੀ। ਮੈਂ ਨਹੀਂ ਸਾਂ ਚਾਹੁੰਦਾ ਕਿ ਹੋਸਟਲ ਵਿਚ ਪਤਨੀ ਦੀ ਰਿਹਾਇਸ਼ ਵਰਗੇ ਨਿੱਕੇ ਕੰਮ ਲਈ ਵੀ ਪੁਆਰ ਦੀ ਸਿਫਾਰਸ਼ ਕਰਵਾਈ ਜਾਵੇ। ਉਂਜ ਵੀ ਅਸੀਂ ਹੋਸਟਲ ਦੀ ਵਾਰਡਨ ਨੂੰ ਜਾਣਦੇ ਸਾਂ। ਅਸਲ ਵਿਚ ਉਹਨੂੰ ਨਿਯੁਕਤ ਕਰਾਉਣ ਵਿਚ ਮੇਰਾ ਵੀ ‘ਕੁਝ ਕੁ ਯੋਗਦਾਨ’ ਸੀ। ਉਹ ਮੇਰੇ ਐਮ.ਫਿਲ. ਦੇ ਜਮਾਤੀ ਤੇ ਉਨ੍ਹੀਂ ਦਿਨੀਂ ਰੇਡੀਓ/ਟੀ.ਵੀ. ਦੇ ਅਧਿਕਾਰੀ ਅੰਮ੍ਰਿਤਲਾਲ ਪਾਲ ਦੀ ਬੀਵੀ ਸੀ। ਉਨ੍ਹਾਂ ਦੀ ਰਿਹਾਇਸ਼ ਉਦੋਂ ਜਲੰਧਰ ਦੀ ਅਰਬਨ ਐਸਟੇਟ ਵਿਚ ਹੁੰਦੀ ਸੀ। ਉਹਦੀ ਦਰਖਾਸਤ ਪੜ੍ਹ ਕੇ ਪੁਆਰ ਨੇ ਮੇਰੀ ਤੇ ਸਾਡੇ ਸਾਂਝੇ ਮਰਹੂਮ ਮਿੱਤਰ ਤ੍ਰਿਲੋਚਨ ਸਿੰਘ ਭਾਟੀਆ ਦੀ ਜ਼ਿੰਮੇਵਾਰੀ ਲਾਈ ਕਿ ਅਸੀਂ ਉਹਨੂੰ ਉਹਦੇ ਘਰ ਜਾ ਕੇ ਜਾਣਕਾਰੀ ਲਈਏ ਕਿ ਕੀ ਉਹ ਵਾਕਿਆ ਹੀ ਕੁੜੀਆਂ ਦੇ ਹੋਸਟਲ ਦੀ ਨਿਗਰਾਨ ਬਣਨ ਦੇ ਕਾਬਲ ਹੈ! ਇਹ ਇੱਕ ਤਰ੍ਹਾਂ ਉਸ ਬੀਬੀ ਦੀ ਇੰਟਰਵਿਊ ਕਰਨ ਦਾ ਸਾਨੂੰ ਦਿੱਤਾ ਅਧਿਕਾਰ ਹੀ ਸੀ। ਅਸੀਂ ਸਿਫਾਰਿਸ਼ ਕਰ ਦਿੱਤੀ ਤੇ ਉਹ ਨਿਯੁਕਤ ਹੋ ਗਈ। ਜ਼ਾਹਿਰ ਹੈ ਕਿ ਵਾਰਡਨ ਬੀਬੀ ਸਾਡੀ ਪਹਿਲਾ ਹੀ ਬੜੀ ‘ਅਹਿਸਾਨਮੰਦ’ ਸੀ ਤੇ ਉਹ ਇਹ ਤਾਂ ਚੰਗੀ ਤਰ੍ਹਾਂ ਜਾਣਦੀ ਹੀ ਸੀ ਕਿ ‘ਵਾਈਸ ਚਾਂਸਲਰ ਸਾਹਿਬ’ ਮੇਰੇ ਨੇੜਲੇ ਮਿੱਤਰ ਹਨ। ਉਹਨੇ ਮੇਰੀ ਪਤਨੀ ਨੂੰ ਸਾਰੀਆਂ ਸਹੂਲਤਾਂ ਵਾਲਾ ਵਧੀਆ ਕਮਰਾ ਦੇ ਦਿੱਤਾ ਤੇ ਹੋਸਟਲ ਦੇ ਰੋਟੀ-ਪਾਣੀ ਲਈ ਵੀ ਉਚੇਚੀਆਂ ਹਦਾਇਤਾਂ ਕਰ ਦਿੱਤੀਆਂ।
ਇੱਕ ਦਿਨ ਪਤਨੀ ਕਲਾਸ ਲਾ ਕੇ ਹੋਸਟਲ ਪਰਤ ਰਹੀ ਸੀ ਕਿ ਅੱਗੋਂ ਡਾ. ਪੁਆਰ ਦੀ ਕਾਰ ਆ ਰਹੀ ਸੀ। ਕਾਰ ਮੇਰੀ ਪਤਨੀ ਦੇ ਕੋਲੋਂ ਥੋੜ੍ਹਾ ਅੱਗੇ ਜਾ ਕੇ ਰੁਕੀ। ਅਸਲ ਵਿਚ ਪੁਆਰ ਨੇ ਸੜਕ ਕਿਨਾਰੇ ਤੁਰੀ ਆ ਰਹੀ ਮੇਰੀ ਪਤਨੀ ਨੂੰ ਪਛਾਣ ਲਿਆ ਸੀ ਤੇ ਡਰਾਈਵਰ ਨੂੰ ਗੱਡੀ ਰੋਕਣ ਲਈ ਕਿਹਾ। ਕਾਰ ਤੋਂ ਪੰਜ-ਦਸ ਕਦਮ ਅੱਗੇ ਨਿਕਲ ਆਈ ਮੇਰੀ ਪਤਨੀ ਨੂੰ ਪਿੱਛੋਂ ਆ ਕੇ ਪੁਆਰ ਦੇ ਅੰਗ-ਰੱਖਿਅਕ ਨੇ ਰੁਕਣ ਲਈ ਕਿਹਾ। ਕਾਰ ਵਿਚੋਂ ਡਾ. ਪੁਆਰ ਤੇ ਉਹਦੀ ਪਤਨੀ ਰਤਨੇਸ਼ ਪੁਆਰ ਨਿਕਲੇ। ਦੋਵਾਂ ਨੇ ਮੇਰੀ ਪਤਨੀ ਦੀ ਸੁੱਖ-ਸਾਂਦ ਪੁੱਛੀ ਤੇ ਯੂਨੀਵਰਿਸਟੀ ਵਿਚ ਹੋਣ ਦਾ ਕਾਰਨ ਜਾਨਣਾ ਚਾਹਿਆ। ਉਹਦੇ ਦੱਸਣ ‘ਤੇ ਕਹਿਣ ਲੱਗਾ, “ਵਰਿਆਮ ਨੇ ਮੈਨੂੰ ਕਿਉਂ ਨਹੀਂ ਦੱਸਿਆ? ਬੜਾ ਅਜੀਬ ਬੰਦਾ ਏ ਉਹ! ਚੱਲੋ ਹੁਣ ਸਾਡੇ ਨਾਲ ਘਰ ਨੂੰ ਚੱਲੋ। ਚਾਹ-ਪਾਣੀ ਪੀ ਕੇ ਹੋਸਟਲ ਚਲੇ ਜਾਣਾ।”
ਪਤਨੀ ਨੇ ਦੋਵਾਂ ਜੀਆਂ ਵੱਲੋਂ ਵਿਖਾਈ ਅਪਣੱਤ ਦਾ ਧੰਨਵਾਦ ਕੀਤਾ ਤੇ ਜਾਣ ਲਈ ਆਗਿਆ ਮੰਗੀ। ਪੁਆਰ ਕਹਿੰਦਾ, “ਕਿਸੇ ਵੀ ਚੀਜ਼ ਦੀ ਲੋੜ ਹੋਵੇ, ਵਾਰਡਨ ਨੂੰ ਮੇਰੇ ਵੱਲੋਂ ਕਹਿਣਾ ਜਾਂ ਉਹਨੂੰ ਕਹਿਣਾ ਕਿ ਮੈਨੂੰ ਸੁਨੇਹਾ ਭੇਜ ਦੇਵੇ।”
ਕੋਲੋਂ ਦੀ ਲੰਘਣ ਵਾਲੀਆਂ ਉਹਦੀਆਂ ਜਮਾਤਣਾ ਨੇ ਤਾਂ ਦੇਖਣਾ ਹੀ ਸੀ, ਹੋਰ ਲੋਕ ਵੀ ਰੁਕ-ਰੁਕ ਕੇ ਦੇਖ ਰਹੇ ਸਨ ਕਿ ਇਹ ਕੌਣ ਹੈ ਏਨੀ ‘ਮਹੱਤਵਪੂਰਨ ਬੀਬੀ’ ਜਿਸ ਨੂੰ ਵਾਈਸ ਚਾਂਸਲਰ ਤੇ ਉਹਦੀ ਬੀਵੀ ਸੜਕ ‘ਤੇ ਕਾਰ ਰੋਕ ਕੇ ਮਿਲ ਰਹੇ ਹਨ।
ਘਰ ਆ ਕੇ ਪਤਨੀ ਖੁਸ਼ੀ ਨਾਲ ਫੁੱਲੀ ਨਹੀਂ ਸੀ ਸਮਾਅ ਰਹੀ; ਦੱਸਦੀ ਸੀ, “ਮੇਰੀਆਂ ਕਲਾਸ ਫੈਲੋ ਤਾਂ ਮੇਰਾ ‘ਟੌਹਰ’ ਦੇਖ ਕੇ ਹੈਰਾਨ ਹੋ ਗਈਆਂ!”
ਇੰਝ ਡਾ. ਪੁਆਰ ਨੂੰ ਰਿਸ਼ਤਿਆਂ ਦਾ ਪਾਸ ਰੱਖਣਾ ਆਉਂਦਾ ਸੀ। ਉਹ ਰਿਸ਼ਤਿਆਂ ਦੀ ਬਾਰੀਕੀ ਨੂੰ ਵੀ ਸਮਝਦਾ ਸੀ। ਉਹਨੂੰ ਰਿਸ਼ਤਿਆਂ ਦੇ ਮਾਣ ਅਤੇ ਲੋੜੀਂਦੀ ਵਿੱਥ ਦਾ ਗਿਆਨ ਸੀ।
ਕੁਝ ਚਿਰ ਬਾਅਦ ਮੇਰੀ ਪਤਨੀ ਦੀ ਵਿਭਾਗੀ ਪਦ-ਉਨਤੀ ਵਾਸਤੇ ਉਹਨੂੰ ਜਲੰਧਰ ਸ਼ਹਿਰ ਵਿਚਲਾ ਆਪਣਾ ਸਕੂਲ ਛੱਡਣਾ ਪੈਣਾ ਸੀ। ਸਰਕਾਰ ਨੇ ਨੀਤੀ ਬਣਾਈ ਸੀ ਕਿ ਪਦ-ਉਨਤ ਹੋਣ ਵਾਲੇ ਕਿਸੇ ਵੀ ਅਧਿਆਪਕ ਨੂੰ ਪਹਿਲਾਂ ਤਿੰਨ ਸਾਲ ਪਿੰਡ ਦੇ ਕਿਸੇ ਸਕੂਲ ਵਿਚ ਨੌਕਰੀ ਕਰਨੀ ਪੈਣੀ ਸੀ। ਉਸ ਤੋਂ ਬਾਅਦ ਹੀ ਉਹ ਸ਼ਹਿਰ ਦੇ ਸਕੂਲ ਵਿਚ ਬਦਲੀ ਕਰਵਾ ਸਕਦਾ ਸੀ। ਮੇਰੀ ਪਤਨੀ ਕਹਿੰਦੀ, ‘ਸਭ-ਕੁਝ ਚੱਲਦਾ’ ਹੈ। ਲੋਕ ਪੈਸੇ ਦੇ ਕੇ ਸ਼ਹਿਰ ਦੀਆਂ ਬਦਲੀਆਂ ਕਰਵਾਈ ਜਾਂਦੇ ਨੇ। ਤੁਸੀਂ ਪੁਆਰ ਸਾਬ੍ਹ ਨੂੰ ਆਖੋ, ਉਨ੍ਹਾਂ ਦੀ ਤਾਂ ਮੁੱਖ ਮੰਤਰੀ ਤੱਕ ਪਹੁੰਚ ਹੈ।’
ਮੈਨੂੰ ਠੀਕ ਨਹੀਂ ਸੀ ਲੱਗਦਾ ਕਿ ਸਰਕਾਰ ਦੀ ਨੀਤੀ ਦੇ ਖਿਲਾਫ ਪੁਆਰ ਨੂੰ ਕੋਈ ਕੰਮ ਕਰਨ ਲਈ ਆਖਾਂ। ਆਪਣੇ ਸੁਭਾਅ ਮੁਤਾਬਕ ਉਹ ਅੱਗੋਂ ਝਿੜਕ ਕੇ ਵੀ ਪੈ ਸਕਦਾ ਸੀ! ਪਤਨੀ ਨੂੰ ਆਪਣੇ ਮਹਿਕਮੇ ਨੂੰ ਭੇਜਣ ਲਈ ਐਮ.ਐਡ. ਦੀ ਡਿਗਰੀ ਚਾਹੀਦੀ ਸੀ। ਡਿਗਰੀ ਅਜੇ ਆਈ ਨਹੀਂ ਸੀ। ਮੈਨੂੰ ਕਹਿੰਦੀ, “ਡਿਗਰੀ ਲੈਣ ਲਈ ਹੁਣ ਆਪਾਂ ਨੂੰ ਪਟਿਆਲੇ ਤਾਂ ਜਾਣਾ ਹੀ ਪੈਣਾ ਹੈ। ਚੱਲੋ! ਨਾਲੇ ਡਿਗਰੀ ਲੈ ਆਵਾਂਗੇ ਤੇ ਨਾਲੇ ਪੁਆਰ ਸਾਬ੍ਹ ਨੂੰ ਬਦਲੀ ਲਈ ਮਿਲ ਲਵਾਂਗੇ।”
ਮੈਂ ਬਦਲੀ ਲਈ ਪੁਆਰ ਨੂੰ ਮਿਲਣ ਤੋਂ ਸਾਫ ਇਨਕਾਰ ਕਰ ਦਿੱਤਾ। ਉਂਝ ਵੀ ਮੈਂ ਕਿਸੇ ਘਰੇਲੂ ਕੰਮ ਵਿਚ ਫਸਿਆ ਹੋਇਆ ਸਾਂ। ਉਹਨੂੰ ਕਿਹਾ, “ਦੋ-ਚਾਰ ਦਿਨ ਰੁਕ ਜਾ, ਚਲੇ ਚਲਾਂਗੇ।” ਪਰ ਉਹਨੂੰ ਡਿਗਰੀ ਛੇਤੀ ਚਾਹੀਦੀ ਸੀ। ਕਹਿੰਦੀ, “ਕੱਲ੍ਹ ਹੀ ਜਾਣਾ ਜ਼ਰੂਰੀ ਹੈ।” ਮੈਂ ਵੀ ਸੋਚਿਆ ਕਿ ਜੇ ਮੈਂ ਨਾਲ ਗਿਆ ਤਾਂ ਇਹਨੇ ਪੁਆਰ ਨੂੰ ਬਦਲੀ ਵਾਸਤੇ ਮਿਲਣ ਲਈ ਜ਼ੋਰ ਪਾਉਣਾ ਹੈ। ਆਖਿਆ, “ਚੰਗਾ ਫੇਰ, ਤੂੰ ਕੱਲ੍ਹੀ ਚਲੀ ਜਾ ਤੇ ਜੇ ਲੋੜ ਪਈ ਤਾਂ ਤੂੰ ਜਾ ਕੇ ਡਾ. ਰਘਬੀਰ ਸਿੰਘ ਨੂੰ ਆਖਣਾ, ਉਹ ਡਿਗਰੀ ਦਾ ਕੰਮ ਕਰਵਾ ਦੇਣਗੇ।”
ਹੋਇਆ ਇਹ ਕਿ ਆਪਣਾ ਕੰਮ ਕਰ ਕੇ ਮੇਰੀ ਪਤਨੀ ਵਾਈਸ ਚਾਂਸਲਰ ਦੇ ਦਫਤਰ ਆਪ ਹੀ ਜਾ ਪਹੁੰਚੀ। ਉਹਨੂੰ ਕਾਰ ਰੋਕ ਕੇ ਵੀ.ਸੀ. ਸਾਹਿਬ ਵੱਲੋਂ ਕੀਤੇ ‘ਮਾਣ-ਸਨਮਾਨ’ ਕਰ ਕੇ ਆਪਣੇ ਆਪ ‘ਤੇ ਕੁਝ ਵਧੇਰੇ ਹੀ ਭਰੋਸਾ ਹੋ ਗਿਆ ਸੀ। ਜਦੋਂ ਉਹ ਦਫਤਰ ਵਿਚ ਗਈ ਤਾਂ ਪੁਆਰ ਨੇ ਉਠ ਕੇ ਕੁਰਸੀ ਤੋਂ ਸਵਾਗਤ ਕੀਤਾ ਤੇ ਪੁੱਛਿਆ, “ਵਰਿਆਮ ਕਿੱਥੇ ਹੈ?”
ਉਹਨੇ ਯੂਨੀਵਰਸਿਟੀ ਆਉਣ ਦਾ ਕਾਰਨ ‘ਡਿਗਰੀ ਲੈਣਾ’ ਦੱਸ ਕੇ ਆਪਣੀ ਬਦਲੀ ਕਰਵਾਉਣ ਦੀ ਬੇਨਤੀ ਕਰ ਦਿੱਤੀ।
“ਬਦਲੀ ਕਰਾਉਣੀ ਸੀ ਤਾਂ ਤੁਸੀਂ ਆਪ ਕਿਉਂ ਇਸ ਕੰਮ ਲਈ ਚੱਲ ਕੇ ਆਏ ਜੇ? ਵਰਿਆਮ ਦੇ ਪੈਰਾਂ ਨੂੰ ਮਹਿੰਦੀ ਲੱਗੀ ਸੀ! ਤੁਹਾਨੂੰ ਆਪ ਨਹੀਂ ਸੀ ਆਉਣਾ ਚਾਹੀਦਾ? ਉਹ ਸਮਝਦਾ ਕੀ ਐ ਆਪਣੇ ਆਪ ਨੂੰ?”
ਡਾ. ਪੁਆਰ ਦੇ ਬੋਲਾਂ ਵਿਚ ਅਪਣੱਤ ਵੀ ਸੀ ਤੇ ਨਾਰਾਜ਼ਗੀ ਵੀ। ਮੇਰੀ ਪਤਨੀ ਨੂੰ ਚਾਹ ਦਾ ਘੁੱਟ ਲੰਘਾਉਣਾ ਔਖਾ ਹੋ ਗਿਆ।
“ਮੈਂ ਮੁੰਡੇ ਨੂੰ ਨਾਲ ਭੇਜ ਦਿੰਦਾਂ। ਤੁਸੀਂ ਘਰ ਜਾਓ ਤੇ ਰੋਟੀ ਖਾ ਕੇ ਚਲੇ ਜਾਣਾ। ਮੈਡਮ ਘਰੇ ਈ ਨੇ! ਬਦਲੀ ਦੀ ਗੱਲ ਆਪੇ ਮੇਰੇ ਨਾਲ ਵਰਿਆਮ ਕਰੇ।”
ਉਹਨੇ ਘਰ ਕਿਧਰ ਜਾਣਾ ਸੀ! ਵਾਪਸੀ ‘ਤੇ ਜਲੰਧਰ ਪਹੁੰਚ ਕੇ ਡਰਦੀ-ਡਰਦੀ ਨੇ ਬਦਲੀ ਕਰਵਾਉਣ ਦੀ ਆਪਣੀ ‘ਪਹਿਲਕਦਮੀ’ ਦਾ ਬਿਰਤਾਂਤ ਸੁਣਾਇਆ। ਮੈਨੂੰ ਉਹਦੀ ‘ਮੂਰਖਤਾ’ ‘ਤੇ ਗੁੱਸਾ ਵੀ ਆਇਆ ਤੇ ਸ਼ਰਮ ਵੀ।
ਅਗਲੇ ਹਫਤੇ ਪੁਆਰ ਜਲੰਧਰ ਆਇਆ। ਮੈਂ ਤਾਂ ਬਦਲੀ ਬਾਰੇ ਜ਼ਿਕਰ ਹੀ ਨਾ ਕੀਤਾ, ਆਪ ਹੀ ਕਹਿੰਦਾ, “ਤੂੰ ਬਦਲੀ ਲਈ ਭੈਣ ਜੀ ਨੂੰ ਕਿਉਂ ਪਟਿਆਲੇ ਭੇਜਿਆ? ਅੱਵਲ ਤਾਂ ਉਹਨੂੰ ਡਿਗਰੀ ਲੈਣ ਲਈ ਵੀ ਆਉਣ ਦੀ ਕੋਈ ਲੋੜ ਨਹੀਂ ਸੀ। ਤੂੰ ਆਪ ਆਉਣਾ ਸੀ। ਡਿਗਰੀ ਤੈਨੂੰ ਭਲਾ ਮਿਲਣੀ ਨਹੀਂ ਸੀ!”
ਤੇ ਫਿਰ ਆਪ ਹੀ ਦੋ ਦਿਨ ਬਾਅਦ ਵੇਲੇ ਸਿਰ ਪਟਿਆਲੇ ਪਹੁੰਚਣ ਦਾ ਹੁਕਮ ਸਾਦਰ ਕਰ ਦਿੱਤਾ।
ਉਹ ਆਪਣੀ ਕਾਰ ਵਿਚ ਬਿਠਾ ਕੇ ਮੈਨੂੰ ਨਾਲ ਲੈ ਕੇ ਉਸ ਵੇਲੇ ਦੇ ਵਿਦਿਆ ਮੰਤਰੀ ਨੂੰ ਚੰਡੀਗੜ੍ਹ ਵਿਚ ਉਹਦੇ ਦਫਤਰ ਜਾ ਮਿਲਿਆ। ਬਦਲੀ ਦੀ ਦਰਖਾਸਤ ਮੰਤਰੀ ਲਖਮੀਰ ਸਿੰਘ ਰੰਧਾਵੇ ਅੱਗੇ ਰੱਖ ਦਿੱਤੀ, “ਇਹ ਮੇਰੇ ਦੋਸਤ ਤੇ ਪੰਜਾਬੀ ਦੇ ਲੇਖਕ ਨੇ। ਇਨ੍ਹਾਂ ਦੀ ਪਤਨੀ ਦੀ ਬਦਲੀ ਦੀ ਦਰਖਾਸਤ ‘ਤੇ ਜ਼ਰਾ ਘੁੱਗੀ ਮਾਰ ਦਿਓ।”
ਰੰਧਾਵੇ ਨੇ ਬਦਲੀ ਦੇ ਹੁਕਮ ਲਿਖ ਕੇ ਦਰਖਾਸਤ ਅਗਲੇਰੀ ਕਾਰਵਾਈ ਲਈ ਡੀ.ਪੀ.ਆਈ. ਨੂੰ ਭੇਜਣ ਲਈ ਮਾਰਕ ਕਰ ਕੇ ਆਪਣੇ ਪੀ.ਏ. ਵੱਲ ਵਧਾ ਦਿੱਤੀ।
“ਇਨ੍ਹਾਂ ਨੇ ਦਰਖਾਸਤ ਡਾਕ ਰਾਹੀਂ ਡੀ.ਪੀ.ਆਈ. ਨੂੰ ਭੇਜਣੀ ਏਂ। ਆਪਾਂ ਦਸਤੀ ਲਿਜਾ ਕੇ ਆਪ ਹੀ ਡੀ.ਪੀ.ਆਈ. ਨੂੰ ਮਿਲ ਕੇ ਆਰਡਰ ਕਰਵਾ ਲੈਂਦੇ ਆਂ।”
ਬਦਲੀ ਦੀ ਦਰਖਾਸਤ ਲੈ ਕੇ ਅਸੀਂ ਡੀ.ਪੀ.ਆਈ. ਦੇ ਦਫਤਰ ਪਹੁੰਚੇ ਤਾਂ ਉਹ ਕਿਧਰੇ ਬਾਹਰ ਗਈ ਹੋਈ ਸੀ। ਪੁਆਰ ਕਹਿੰਦਾ, “ਹੁਣ ਆਏ ਤਾਂ ਹਾਂ, ਚੱਲ ਡੀਲਿੰਗ ਕਲਰਕ ਨੂੰ ਹੀ ਮਿਲਦੇ ਚੱਲੀਏ।”
ਉਹ ਇਹ ਭੁੱਲ ਗਿਆ ਸੀ ਕਿ ਉਹ ਵਾਈਸ ਚਾਂਸਲਰ ਹੈ ਜੋ ਡੀ.ਪੀ.ਆਈ. ਦੇ ਦਫਤਰ ਵਿਚ ਕਲਰਕਾਂ ਨੂੰ ਪੁੱਛਦਾ-ਪੁਛਾਉਂਦਾ, ਇੱਕ ਕਲਰਕ ਦੀ ਸੀਟ ਆਪ ਲੱਭਦਾ ਪਿਆ ਹੈ!
ਆਪਣੇ ਯਾਰਾਂ ਵਾਸਤੇ ਉਹ ਅਹੁਦੇ ਦੀ ‘ਵਡਿਆਈ’ ਭੁੱਲ ਸਕਦਾ ਸੀ। (ਚੱਲਦਾ)