ਸਿਆਸੀ ਧਿਰਾਂ ਦੀ ਗਿਣਤੀ-ਮਿਣਤੀ ਹਿੱਲੀ

ਕਿਸਾਨ ਜਥੇਬੰਦੀਆਂ ਦੇ ਸਿਆਸੀ ਮੈਦਾਨ ਵਿਚ ਕੁੱਦਣ ਨਾਲ ਨਵੀਂ ਸਫਬੰਦੀ ਦੇ ਸੰਕੇਤ
ਚੰਡੀਗੜ੍ਹ: ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲਈ ਸਿਆਸੀ ਮਾਹੌਲ ਭਖਿਆ ਹੋਇਆ ਹੈ। ਚਰਚਾ ਹੈ ਕਿ ਚੋਣ ਕਮਿਸ਼ਨ ਵੱਲੋਂ ਜਨਵਰੀ ਮਹੀਨੇ ਕਿਸੇ ਵੇਲੇ ਵੀ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਪੰਜਾਬ ਦੀਆਂ ਸਿਆਸੀ ਧਿਰਾਂ ਸਰਗਰਮੀਆਂ ਤਾਂ ਦਿਖਾ ਰਹੀਆਂ ਹਨ ਪਰ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਸੂਬੇ ਦਾ ਸਿਆਸੀ ਦ੍ਰਿਸ਼ ਬਦਲਦਾ ਜਾ ਰਿਹਾ ਹੈ।

ਤਾਜ਼ਾ ਹਾਲਾਤ ਨੇ ਸਿਆਸੀ ਧਿਰਾਂ ਦੀਆਂ ਗਿਣਤੀਆਂ-ਮਿਣਤੀਆਂ ਹਿਲਾਈਆਂ ਹੋਈਆਂ ਹਨ। ਉਮੀਦ ਕੀਤੀ ਜਾ ਰਹੀ ਸੀ ਕਿ ਕਿਸਾਨ ਅੰਦੋਲਨ ਮੁਲਤਵੀ ਹੋਣ ਪਿੱਛੋਂ ਪੰਜਾਬ ਦਾ ਸਿਆਸੀ ਦ੍ਰਿਸ਼ ਤਕਰੀਬਨ ਸਾਫ ਨਜ਼ਰ ਆਉਣ ਲੱਗੇਗਾ ਪਰ ਮੌਜੂਦਾ ਹਾਲਾਤ ਕੁਝ ਹੋਰ ਹੀ ਇਸ਼ਾਰਾ ਕਰ ਰਹੇ ਹਨ। ਦਿੱਲੀ ਫਤਿਹ ਕਰਨ ਪਿੱਛੋਂ ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ‘ਸੰਯੁਕਤ ਸਮਾਜ ਮੋਰਚਾ` ਬਣਾ ਕੇ ਚੋਣ ਮੈਦਾਨ ਵਿਚ ਕੁੱਦ ਪਈਆਂ ਹਨ। ਪੰਜਾਬ ਦੀਆਂ 32 ਵਿਚੋਂ 22 ਕਿਸਾਨ ਜਥੇਬੰਦੀਆਂ ਨੇ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿਚ ਸੰਯੁਕਤ ਸਮਾਜ ਮੋਰਚਾ ਦੇ ਨਾਮ ਉਤੇ ਨਵੀਂ ਸਿਆਸੀ ਧਿਰ ਦਾ ਐਲਾਨ ਕਰ ਦਿੱਤਾ ਹੈ, ਹਾਲਾਂਕਿ ਕੁਝ ਕਿਸਾਨ ਜਥੇਬੰਦੀਆਂ ਨੇ ਚੋਣਾਂ ਤੋਂ ਦੂਰ ਰਹਿਣ ਦਾ ਐਲਾਨ ਕੀਤਾ ਹੋਇਆ ਹੈ।
ਚੋਣਾਂ ਤੋਂ ਦੂਰ ਰਹਿਣ ਦਾ ਐਲਾਨ ਕਰਨ ਵਾਲੀਆਂ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ), ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਕਿਸਾਨਾਂ ਦੇ ਨਾਲ-ਨਾਲ ਵੱਡੀ ਗਿਣਤੀ ਮਜ਼ਦੂਰ ਤੇ ਦਲਿਤ ਭਾਈਚਾਰਾ ਜੁੜਿਆ ਹੋਇਆ ਹੈ। ਇਸ ਸੂਰਤ ਵਿਚ ‘ਸੰਯੁਕਤ ਸਮਾਜ ਮੋਰਚੇ` ਲਈ ਰਾਹ ਇੰਨੀ ਅਸਾਨ ਨਹੀਂ ਜਾਪ ਰਹੀ।
ਉਧਰ, ਕਿਸਾਨ ਅੰਦੋਲਨ ਦੌਰਾਨ ਘਰਾਂ ਵਿਚ ਨੂੜੇ ਭਾਜਪਾ ਆਗੂਆਂ ਨੇ ਇਕਦਮ ਸਰਗਰਮੀਆਂ ਵਧਾ ਦਿੱਤੀਆਂ ਹਨ। ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਲੋਕ ਕਾਂਗਰਸ ਪਾਰਟੀ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਨਾਲ ਗੱਠਜੋੜ ਕਰਕੇ ਪੰਜਾਬ ਵਿਚ ਪੈਰ ਧਰਨ ਦੀ ਕੋਸ਼ਿਸ਼ ਪਿੱਛੋਂ ਹੁਣ ਰਵਾਇਤੀ ਧਿਰਾਂ ਦੇ ਵੱਡੇ ਆਗੂਆਂ ਨੂੰ ਆਪਣੇ ਵੱਲ ਖਿੱਚਣ ਲਈ ਟਿੱਲ ਲਾ ਦਿੱਤਾ ਹੈ। ਕਾਂਗਰਸ ਦੇ ਦੋ ਮੌਜੂਦਾ ਵਿਧਾਇਕ ਫਤਹਿਜੰਗ ਬਾਜਵਾ ਅਤੇ ਬਲਵਿੰਦਰ ਸਿੰਘ ਲਾਡੀ ਨੂੰ ਇਕੋ ਦਿਨ ਭਾਜਪਾ ਵਿਚ ਸ਼ਾਮਲ ਕਰਕੇ ਭਗਵਾ ਧਿਰ ਨੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਸਣੇ ਕਈ ਵੱਡੇ ਆਗੂ ਭਾਜਪਾ ਦਾ ਹਿੱਸਾ ਬਣੇ ਹਨ। ਮੌਜੂਦਾ ਬਣ ਰਹੇ ਮਾਹੌਲ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 5 ਜਨਵਰੀ ਨੂੰ ਪੰਜਾਬ ਫੇਰੀ ਪਾਉਣ ਲਈ ਤਿਆਰ ਹਨ। ਫਿਰੋਜ਼ਪੁਰ ਵਿਚ ਵੱਡੀ ਰੈਲੀ ਦੌਰਾਨ ਉਹ ਚੋਣ ਬਿਗਲ ਵਜਾਉਣਗੇ।
ਭਾਜਪਾ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਕਾਂਗਰਸ, ਅਕਾਲੀ ਦਲ ਦੇ ਵੱਡੀ ਗਿਣਤੀ ਵਿਧਾਇਕ ਤੇ ਵੱਡੇ ਆਗੂ ਉਨ੍ਹਾਂ ਨਾਲ ਆ ਮਿਲਣਗੇ। ਭਾਜਪਾ ਦੀਆਂ ਕੋਸ਼ਿਸ਼ਾਂ ਤੋਂ ਜਾਪ ਰਿਹਾ ਹੈ ਕਿ ਉਹ ਇਸੇ ਵਰ੍ਹੇ ਪੱਛਮੀ ਬੰਗਾਲ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਾਲੀ ਰਣਨੀਤੀ ਨੂੰ ਅੱਗੇ ਕਰ ਰਹੀ ਹੈ। ਜਿਥੇ ਇਸ (ਭਾਜਪਾ) ਨੇ ਚੋਣ ਤੋਂ ਗਿਣਵੇਂ ਦਿਨ ਪਹਿਲਾਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਦਰਜਨ ਤੋਂ ਵੱਧ ਵਿਧਾਇਕ ਤੇ ਵੱਡੇ ਆਗੂ ਆਪਣੇ ਵੱਲ ਖਿੱਚ ਲਏ ਸਨ। ਉਸ ਸਮੇਂ ਭਾਵੇਂ ਭਾਜਪਾ ਦੀ ਇਹ ਰਣਨੀਤੀ ਸਫਲ ਨਹੀਂ ਹੋਈ ਤੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੇ ਇਤਿਹਾਸਕ ਫਤਿਹ ਹਾਸਲ ਕੀਤੀ ਪਰ ਭਗਵਾ ਧਿਰ ਦਾ ਇਹ ਰੰਗ ਦੇਖ ਕੇ ਵਿਰੋਧੀ ਧਿਰਾਂ ਦੇ ਪੈਰਾਂ ਹੇਠੋਂ ਜ਼ਮੀਨ ਜ਼ਰੂਰ ਖਿਸਕ ਗਈ ਸੀ।
ਇਧਰ, ਢੀਂਡਸਾ ਧੜੇ ਅਤੇ ਭਾਜਪਾ ਦੀ ਸਾਂਝ ਨੇ ਪਿਛਲੇ 3 ਸਾਲਾਂ ਤੋਂ ਤੀਜੇ ਬਦਲ ਦੀਆਂ ਕੋਸ਼ਿਸ਼ਾਂ ਵਿਚ ਜੁਟੇ ‘ਮੋਰਚੇ` ਨੂੰ ਵੀ ਖਲਾਰ ਕੇ ਰੱਖ ਦਿੱਤਾ ਹੈ। ਢੀਂਡਸਾ ਦੀ ਭਾਜਪਾ ਨਾਲ ਨੇੜਤਾ ਤੋਂ ਦੁਖੀ ਰਣਜੀਤ ਸਿੰਘ ਬ੍ਰਹਮਪੁਰਾ ਸਣੇ ਵੱਡੀ ਗਿਣਤੀ ਟਕਸਾਲੀ ਆਗੂ ਅਕਾਲੀ ਦਲ ਸੰਯੁਕਤ ਛੱਡ ਕੇ ਵਾਪਸ ਬਾਦਲ ਧੜੇ ਨਾਲ ਜਾ ਰਲੇ ਹਨ। ਇਸ ਤੋਂ ਇਲਾਵਾ ਅਕਾਲੀ ਦਲ ਸੰਯੁਕਤ ਨਾਲ ਸਾਂਝ ਪਾਉਣ ਵਾਲੇ ਬਾਕੀ ਦਲ ਵੀ ਇਸੇ ਦੁੱਖੋਂ ਪਿੱਛੇ ਹਟ ਗਏ ਹਨ।
ਯਾਦ ਰਹੇ ਕਿ ਪੰਜਾਬ ਦੀ ਸਿਆਸਤ ਬਾਰੇ ਹੁਣ ਤੱਕ ਇਹੀ ਧਾਰਨ ਬਣੀ ਹੋਈ ਹੈ ਕਿ ਰਵਾਇਤੀ ਧਿਰਾਂ- ਅਕਾਲੀ ਦਲ ਬਾਦਲ ਤੇ ਕਾਂਗਰਸ ਵਿਚੋਂ ਹੀ ਇਕ ਨੇ ਸੱਤਾ ਸਾਂਭਣੀ ਹੈ। ਪਿਛਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਤੀਜੇ ਬਦਲ ਵਜੋਂ ਜ਼ਰੂਰ ਅੱਗੇ ਆਏ ਪਰ ਅੰਦਰੂਨੀ ਕਲੇਸ਼ ਤੇ ਲੀਡਰਸ਼ਿੱਪ ਦੀ ਘਾਟ ਨੇ ਉਸ ਦਾ ਰਾਹ ਰੋਕ ਲਿਆ, ਇਸ ਧਿਰ ਲਈ ਹਾਲਾਤ ਹੁਣ ਵੀ ਉਸੇ ਤਰ੍ਹਾਂ ਦੇ ਨਜ਼ਰ ਆ ਰਹੇ ਹਨ, ਕਿਉਂਕਿ ਇਸ ਧਿਰ ਨੇ ਪਿਛਲੇ ਤਕਰੀਬਨ 5 ਸਾਲਾਂ ਵਿਚ ਆਪਣੀਆਂ ਕਮਜ਼ੋਰੀਆਂ/ਗਲਤੀਆਂ ਉਤੇ ਝਾਤ ਮਾਰਨ ਦੀ ਲੋੜ ਨਹੀਂ ਸਮਝੀ। ਇਸ ਪਾਰਟੀ ਦੀ ਮੌਜੂਦਾ ਹਾਲਤ ਇਹ ਜਾਪ ਰਹੀ ਹੈ ਕਿ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਆਪਣੀ ਮੁੱਖ ਮੰਤਰੀ ਉਮੀਦਵਾਰੀ ਛੱਡਣ ਦੇ ਮੂਡ ਵਿਚ ਨਹੀਂ ਅਤੇ ਇਸ ਧਿਰ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਲੀਡਰਸ਼ਿਪ ਦੀਆਂ ਵਾਗਾਂ ਆਪਣੇ ਹੱਥ ਰੱਖਣ ਲਈ ਬਜਿ਼ੱਦ ਹਨ।
ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਇਹ ਹਨ ਕਿ ਸੱਤਾਧਾਰੀ ਕਾਂਗਰਸ ਦੀ ਤਾਣੀ ਆਪਸੀ ਕਲੇਸ਼ ਤੇ ਪੰਜਾਬੀਆਂ ਨਾਲ ਵਾਅਦਾਖਿਲਾਫ ਦੇ ਮਸਲੇ ਉਤੇ ਉਲਝੀ ਹੋਈ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਨਸ਼ੇਖੋਰੀ, ਬੇਰੁਜ਼ਗਾਰੀ, ਮਾਫੀਆ ਰਾਜ, ਬੇਅਦਬੀ ਵਰਗੇ ਮੁੱਦਿਆਂ ਕਾਰਨ ਲੋਕ ਰੋਹ ਦਾ ਸ਼ਿਕਾਰ ਹੋਇਆ ਅਕਾਲੀ ਦਲ ਬਾਦਲ ਵੀ 5 ਸਾਲਾਂ ਵਿਚ ਆਪਣੇ ਉਤੇ ਲੱਗੇ ਇਨ੍ਹਾਂ ਦਾਗਾਂ ਨੂੰ ਧੋ ਨਹੀਂ ਸਕਿਆ। ਉਲਟਾ, ਖੇਤੀ ਕਾਨੂੰਨਾਂ ਦੀ ਸ਼ੁਰੂ-ਸ਼ੁਰੂ ਵਿਚ ਕੀਤੀ ਹਮਾਇਤ ਨੇ ਇਸ ਧਿਰ ਨੂੰ ਕੱਖੋਂ ਹੌਲਾ ਕਰ ਦਿੱਤਾ ਜਾਪਦਾ ਹੈ।
ਅਜਿਹੇ ਹਾਲਾਤ ਵਿਚ ਸੰਯੁਕਤ ਸਮਾਜ ਮੋਰਚੇ ਨੇ ਸਭ ਦਾ ਧਿਆਨ ਖਿੱਚਿਆ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਇਹ ਮੋਰਚੇ ਆਪਣੀਆਂ ਹਮਖ਼ਿਆਲੀ ਧਿਰਾਂ ਨਾਲ ਸਾਂਝ ਪਾਉਣ ਵਿਚ ਸਫਲ ਹੁੰਦਾ ਹੈ ਤਾਂ ਰਵਾਇਤੀ ਸਿਆਸਤ ਲਈ ਵੱਡੀ ਚੁਣੌਤੀ ਖੜ੍ਹੀ ਕਰ ਸਕਦਾ ਹੈ। ਮੋਰਚੇ ਦੀ ਆਮ ਆਦਮੀ ਪਾਰਟੀ ਨਾਲ ਸਿਆਸੀ ਸਾਂਝ ਪਾਉਣ ਦੇ ਵੀ ਚਰਚੇ ਹਨ। ਇਸ ਤੋਂ ਇਲਾਵਾ ਅਕਾਲੀ ਸੰਯੁਕਤ ਨਾਲੋਂ ਟੁੱਟੀਆਂ ਧਿਰਾਂ ਵੀ ਕਿਸਾਨ ਮੋਰਚੇ ਨਾਲ ਜੁੜ ਸਕਦੀਆਂ ਹਨ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤ੍ਰਿਣਮੂਲ ਕਾਂਗਰਸ ਨੇ ਵੀ ਇਸ ਵਾਰ ਜੈ ਕਿਸਾਨ ਜੈ ਜਵਾਨ ਪਾਰਟੀ ਨਾਲ ਗੱਠਜੋੜ ਕੀਤਾ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਿਆਸੀ ਪਾਰਟੀ ਬਣਾਈ ਹੋਈ ਹੈ। ਚਰਚਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਸਿਆਸੀ ਧਿਰਾਂ ਇਕ ਹੋ ਕੇ ਰਵਾਇਤੀ ਧਿਰਾਂ ਨੂੰ ਟੱਕਰ ਦੇਣ ਦਾ ਐਲਾਨ ਕਰ ਸਕਦੀਆਂ ਹਨ।
ਚੰਡੀਗੜ੍ਹ ਵਿਚ ਜਿੱਤ ਪਿੱਛੋਂ ‘ਆਪ’ ਦੇ ਹੌਸਲੇ ਬੁਲੰਦ
ਚੰਡੀਗੜ੍ਹ: ਚੰਡੀਗੜ੍ਹ ਮਿਉਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) 35 ਵਿਚੋਂ 14 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਧਿਰ ਬਣ ਕੇ ਉਭਰੀ ਹੈ। ਭਾਰਤੀ ਜਨਤਾ ਪਾਰਟੀ ਨੇ 12, ਸ਼੍ਰੋਮਣੀ ਅਕਾਲੀ ਦਲ ਨੇ ਇਕ ਅਤੇ ਕਾਂਗਰਸ ਨੇ 8 ਸੀਟਾਂ ਜਿੱਤੀਆਂ ਹਨ। ਆਪ ਵੱਲੋਂ ਇਸ ਸਫਲਤਾ ਨੂੰ ਪੰਜਾਬ ਵਿਧਾਨ ਸਭਾ ਨਾਲ ਜੋੜਿਆ ਜਾ ਰਿਹਾ ਹੈ। ‘ਆਪ` ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ `ਚ ਮਿਲੀ ਸਫਲਤਾ ਦੇ ਆਧਾਰ `ਤੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਸੰਦਰਭ `ਚ ਟਿੱਪਣੀ ਕੀਤੀ ਹੈ ਕਿ ਪੰਜਾਬ ਬਦਲਾਉ ਲਈ ਤਿਆਰ ਹੈ ਤੇ ਪਾਰਟੀ ਸੂਬੇ ਵਿਚ ਵਧੀਆ ਪ੍ਰਦਰਸ਼ਨ ਕਰੇਗੀ।