ਧਰਮ ਬਦਲੀ ਦੇ ਖਤਰੇ ਬਹਾਨੇ ਪੈਰ ਪਸਾਰਦਾ ਭਗਵਾਂ ਦਹਿਸ਼ਤਵਾਦ

ਬੂਟਾ ਸਿੰਘ
ਫੋਨ: +91-94634-74342
ਹਾਲ ਹੀ ਵਿਚ ਹਰਿਆਣੇ ਦੇ ਸ਼ਹਿਰਾਂ ਗੁੜਗਾਓਂ (ਗੁਰੂਗ੍ਰਾਮ) ਅਤੇ ਕੁਰੂਕਸ਼ੇਤਰ ਵਿਚ ਹਿੰਦੂਤਵੀ ਜਥੇਬੰਦੀਆਂ ਵੱਲੋਂ ਕ੍ਰਿਸਮਸ ਦੇ ਸਮਾਗਮਾਂ `ਚ ਖਲਲ ਪਾਉਣ ਦੀਆਂ ਰਿਪੋਰਟਾਂ ਚਿੰਤਾਜਨਕ ਹਨ। ਮੁਸਲਮਾਨਾਂ ਦੇ ਨਾਲ-ਨਾਲ ਹੁਣ ਇਸਾਈਆਂ ਉੱਪਰ ਆਰ.ਐਸ.ਐਸ. ਦੀਆਂ ਫਰੰਟ ਜਥੇਬੰਦੀਆਂ ਦੇ ਹਮਲੇ ਵੱਧ ਰਹੇ ਹਨ।

‘ਧਰਮ ਜਾਗ੍ਰਿਤੀ ਮਿਸ਼ਨ` ਨਾਂ ਦੀ ਫਿਰਕੂ ਟੋਲੀ ਵੱਲੋਂ ਪਟੌਦੀ ਇਲਾਕੇ ਦੇ ਨਰਹੇੜਾ ਪਿੰਡ ਦੇ ਚਰਚ `ਚ ਇਸਾਈ ਸਮਾਗਮ ਨੂੰ ਇਸ ਬਹਾਨੇ ਨਿਸ਼ਾਨਾ ਬਣਾਇਆ ਗਿਆ ਕਿ ਇਹ ਸਮਾਗਮ ਬੱਚਿਆਂ ਨੂੰ ਗੁਮਰਾਹ ਕਰਕੇ ਇਸਾਈ ਧਰਮ ਅਪਨਾਉਣ ਲਈ ਕੀਤਾ ਗਿਆ ਸੀ; ਕਿ ਇਸਾਈ ਪ੍ਰਚਾਰਕਾਂ ਵੱਲੋਂ ਲੋਕਾਂ ਨੂੰ ਖਾਣਾ ਅਤੇ ਕੱਪੜੇ ਵੰਡ ਕੇ ਧਰਮ ਬਦਲਣ ਲਈ ਵਰਗਲਾਇਆ ਜਾ ਰਿਹਾ ਹੈ। ਪ੍ਰਬੰਧਕਾਂ ਤੋਂ ਮਾਈਕ ਖੋਹ ਕੇ ‘ਜੈ ਸ਼੍ਰੀ ਰਾਮ` ਅਤੇ ‘ਭਾਰਤ ਮਾਤਾ ਕੀ ਜੈ` ਦੇ ਨਾਅਰੇ ਲਗਵਾਏ ਗਏ ਅਤੇ ਐਲਾਨ ਕੀਤਾ ਗਿਆ ਕਿ ਧਰਮ ਬਦਲੀਆਂ ਦੁਆਰਾ ਭਾਰਤੀ ਸੰਸਕ੍ਰਿਤੀ ਨੂੰ ਤਬਾਹ ਕਰਨ ਦੇ ਯਤਨ ਸਵੀਕਾਰ ਨਹੀਂ ਕੀਤੇ ਜਾਣਗੇ।
ਹਕੀਕਤ ਇਹ ਸੀ ਕਿ ‘ਹਾਊਸ ਹੋਪ ਗੁਰੂਗ੍ਰਾਮ` ਨਾਂ ਦੇ ਗਰੁੱਪ ਵੱਲੋਂ ਇਸਾਈ ਪਰੰਪਰਾ ਅਨੁਸਾਰ ‘ਕ੍ਰਿਸਮਸ ਮਿਲਨ` ਸਮਾਗਮ ਕੀਤਾ ਜਾ ਰਿਹਾ ਸੀ ਜਿਸ ਦਾ ਮਨੋਰਥ ਨਾਚ-ਗਾਣੇ ਅਤੇ ਬਾਈਬਲ ਦੀਆਂ ਸਿੱਖਿਆਵਾਂ ਰਾਹੀਂ ਲੋਕਾਂ ਨੂੰ ਕ੍ਰਿਸਮਸ ਦੇ ਅਸਲ ਭਾਵ ਬਾਰੇ ਜਾਗਰੂਕ ਕਰਨਾ ਸੀ। ਆਲੇ-ਦੁਆਲੇ ਦੇ ਇਲਾਕੇ `ਚੋਂ ਸਾਧਾਰਨ ਪਰਿਵਾਰਾਂ ਦੇ ਬੱਚੇ ਅਤੇ ਔਰਤਾਂ ਇਸ ਸਮਾਗਮ ਵਿਚ ਸ਼ਾਮਿਲ ਹੋਏ ਸਨ। ਆਰ.ਐਸ.ਐਸ. ਅਤੇ ਇਸ ਦੀਆਂ ਫਰੰਟ ਜਥੇਬੰਦੀਆਂ ਘੱਟਗਿਣਤੀਆਂ ਦੇ ਹਰ ਧਾਰਮਿਕ ਸਮਾਗਮ ਨੂੰ ਰੋਕਣ ਲਈ ਇਨ੍ਹਾਂ ਨੂੰ ਧਰਮ-ਬਦਲੀ ਦੀ ਸਾਜ਼ਿਸ਼ ਵਜੋਂ ਪੇਸ਼ ਕਰਕੇ ਆਮ ਹਿੰਦੂਆਂ ਨੂੰ ਘੱਟਗਿਣਤੀਆਂ ਵਿਰੁੱਧ ਭੜਕਾ ਰਹੀਆਂ ਹਨ। ਹਿੰਦੂ ਧਰਮ ਦੇ ਆਪੇ ਬਣੇ ਰਖਵਾਲਿਆਂ ਦੀਆਂ ਇਨ੍ਹਾਂ ਕਾਰਵਾਈਆਂ ਨਾਲ ਭਾਰਤ ਦੇ ਬਹੁਤ ਸਾਰੇ ਖੇਤਰਾਂ ਵਿਚ ਬਣੇ ਖੌਫ ਨੂੰ ਇਸ ਮਿਸਾਲ ਤੋਂ ਸਮਝਿਆ ਜਾ ਸਕਦਾ ਹੈ ਕਿ ਘਟਨਾ ਦੇ ਵੇਰਵੇ ਦੱਸਣ ਵਾਲੇ ਇਸਾਈ ਪਾਦਰੀ ਨੇ ਮੀਡੀਆ ਨੂੰ ਗੁਜ਼ਾਰਿਸ਼ ਕੀਤੀ ਕਿ ਉਸ ਦਾ ਅਤੇ ਉਨ੍ਹਾਂ ਦੇ ਸਕੂਲ ਦਾ ਨਾਂ ਗੁਪਤ ਰੱਖਿਆ ਜਾਵੇ। ਉਸ ਦੇ ਜ਼ਿਹਨ ਵਿਚ ਉੜੀਸਾ ਵਿਚ ਬਜਰੰਗ ਦਲੀਆਂ ਵੱਲੋਂ ਜ਼ਿੰਦਾ ਸਾੜ ਦਿੱਤੇ ਗਏ ਇਸਾਈ ਪਾਦਰੀ ਗ੍ਰਾਹਮ ਸਟੇਨਜ਼ ਅਤੇ ਉਸ ਦੇ ਦੋ ਬੱਚਿਆਂ ਦੀਆਂ ਲੂਹੀਆਂ ਹੋਈਆਂ ਲਾਸ਼ਾਂ ਦਾ ਖੌਫ ਹੋਵੇਗਾ। ਉਸ ਨੇ ਇਹ ਵੀ ਕਿਹਾ ਕਿ ਅਸੀਂ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਕਰਨਾ ਚਾਹੁੰਦੇ, ਅਸੀਂ ਪ੍ਰੇਮ `ਚ ਯਕੀਨ ਰੱਖਦੇ ਹਾਂ।
ਇਸੇ ਤਰ੍ਹਾਂ, ਕੁਰੂਕਸ਼ੇਤਰ ਵਿਚ ਵੀ ਬਜਰੰਗ ਦਲੀਆਂ ਦੀ ਇਕ ਟੋਲੀ ਨੇ ਇਕ ਪੈਲੇਸ ਵਿਚ ਇਸਾਈ ਸਮਾਗਮ `ਚ ਜਾ ਕੇ ਹੜਦੁੰਗ ਮਚਾਇਆ ਅਤੇ ਉੱਥੇ ਧੱਕੇ ਨਾਲ ‘ਹਨੂਮਾਨ ਚਾਲੀਸਾ` ਪੜ੍ਹਿਆ। ਇਸ ਤੋਂ ਬਿਨਾਂ, ਕ੍ਰਿਸਮਸ ਦੇ ਮੌਕੇ ਅਣਪਛਾਤੇ ਵਿਅਕਤੀਆਂ ਵੱਲੋਂ ਅੰਬਾਲਾ `ਚ ‘ਹੋਲੀ ਰਿਡੀਮਰ ਚਰਚ` ਵਿਚ ਲਗਾਇਆ ਈਸਾ ਮਸੀਹ ਦਾ ਬੁੱਤ ਤੋੜਨ ਦੀ ਰਿਪੋਰਟ ਹੈ।
ਇਸੇ ਤਰ੍ਹਾਂ 23 ਦਸੰਬਰ ਨੂੰ ਕਰਨਾਟਕ ਦੇ ਮਾਂਡੀਆ ਜ਼ਿਲ੍ਹੇ ਦੇ ਪਾਂਡਵਪੁਰਾ ਕਸਬੇ ਦੇ ਇਕ ਕਾਨਵੈਂਟ ਸਕੂਲ ਵਿਚ ਕ੍ਰਿਸਮਸ ਜਸ਼ਨਾਂ `ਚ ‘ਹਿੰਦੂ ਜਾਗਰਣ ਵੇਦਿਕੇ` ਦੇ ਹਜੂਮ ਨੇ ਗੁੰਡਾਗਰਦੀ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਕੂਲ ਵਿਚ ਹਿੰਦੂ ਦੇਵੀ ਸਰਸਵਤੀ ਦੀ ਤਸਵੀਰ ਲਗਾਉਣਗੇ ਅਤੇ ਸੰਸਥਾ ਦੇ ਪ੍ਰਬੰਧਕਾਂ ਨੂੰ ਸਕੂਲ ਦੇ ਅੰਦਰ ਹਿੰਦੂਆਂ ਦਾ ਗਣੇਸ਼ ਚਤੁਰਥੀ ਦਿਵਸ ਵੀ ਮਨਾਉਣਾ ਪਵੇਗਾ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਮਹਿਜ਼ ਚੇਤਾਵਨੀ ਦੇ ਕੇ ਮਾਮਲਾ ਰਫਾ-ਦਫਾ ਕਰ ਦਿੱਤਾ ਗਿਆ। ਇਹ ਚੇਤਾਵਨੀ ਘੱਟਗਿਣਤੀਆਂ ਲਈ ਹੈ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਜਾਂ ਉਨ੍ਹਾਂ ਨੂੰ ਦਹਿਸ਼ਤਜ਼ਦਾ ਕਰਨ ਵਾਲੇ ਭਗਵੇਂ ਗੁੰਡਿਆਂ ਲਈ, ਇਹ ਤਾਂ ਪੁਲਿਸ ਅਧਿਕਾਰੀ ਹੀ ਦੱਸ ਸਕਦੇ ਹਨ! ਯਾਦ ਰਹੇ ਕਿ ਇਸੇ ਦਿਨ ਕਰਨਾਟਕਾ ਵਿਧਾਨ-ਸਭਾ ਵੱਲੋਂ ‘ਧਰਮ ਦੀ ਆਜ਼ਾਦੀ ਦੇ ਹੱਕ ਦੀ ਸੁਰੱਖਿਆ ਲਈ ਬਿੱਲ 2021` ਨਾਂ ਦਾ ਕਾਲਾ ਕਾਨੂੰਨ ਪਾਸ ਕੀਤਾ ਗਿਆ ਹੈ ਜੋ ‘ਲਵ ਜਹਾਦ` ਅਤੇ ਹੋਰ ਨਾਵਾਂ ਹੇਠ ਧਰਮ-ਬਦਲੀ ਨੂੰ ਗ਼ੈਰਕਾਨੂੰਨੀ ਕਰਾਰ ਦੇ ਕੇ ਲੋਕਾਂ ਦੇ ਆਪਣੀ ਇੱਛਾ ਅਨੁਸਾਰ ਧਰਮ ਬਦਲਣ ਦੇ ਹੱਕ ਨੂੰ ਕੁਚਲਣ ਦਾ ਸੰਦ ਹੈ।
ਇਸਾਈਆਂ ਵਿਰੁੱਧ ਹਿੰਸਾ ਬੇਰੋਕ ਜਾਰੀ ਹੈ। ਪੀਪਲਜ਼ ਯੂਨੀਅਨ ਫਾਰ ਸਿਵਿਲ ਲਿਬ੍ਰਟੀਜ਼ ਨੇ ਇਸਾਈ ਫਿਰਕੇ ਵਿਰੁੱਧ ਹਿੰਸਾ ਬਾਬਤ ਬਾਕਾਇਦਾ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਇਸ ਸਾਲ ਜਨਵਰੀ ਤੋਂ ਲੈ ਕੇ ਨਵੰਬਰ ਤੱਕ ਇਸਾਈਆਂ ਵਿਰੁੱਧ 39 ਹਿੰਸਕ ਘਟਨਾਵਾਂ ਦੀ ਸੂਚੀ ਦਿੱਤੀ ਗਈ ਹੈ ਪਰ ਆਪਣੀ ਖਸਲਤ ਅਨੁਸਾਰ ਕਰਨਾਟਕ ਦੀ ਬੀ.ਜੇ.ਪੀ. ਸਰਕਾਰ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਦਾ ਰਾਜ ਤਾਂ ਸ਼ਾਂਤਮਈ ਹੈ, ਉੱਥੇ ਇਸਾਈਆਂ ਵਿਰੁੱਧ ਕੋਈ ਹਿੰਸਾ ਹੋ ਹੀ ਨਹੀਂ ਰਹੀ। ਹੁਕਮਰਾਨ ਕਹਿ ਰਹੇ ਹਨ ਕਿ ਹਿੰਸਾ ਦੇ ਜੋ ਵੀਡੀਓ ਕਲਿੱਪ ਸ਼ੇਅਰ ਕੀਤੇ ਜਾ ਰਹੇ ਹਨ ਉਹ ਜਾਅਲੀ ਹਨ। ਕੀ ਧਰਮ-ਬਦਲੀਆਂ ਦੇ ਜਿਸ ਹਊਏ ਦੇ ਆਧਾਰ `ਤੇ ਧਰਮ-ਬਦਲੀ ਵਿਰੁੱਧ ਕਾਨੂੰਨ ਬਣਾਇਆ ਗਿਆ ਹੈ, ਉਸ ਦੇ ਕੋਈ ਅੰਕੜੇ ਹਨ ਤਾਂ ਮੁੱਖ ਮੰਤਰੀ ਦਾ ਜਵਾਬ ਹੈ ਕਿ ‘ਅੰਕੜੇ ਦੇਣੇ ਜ਼ਰੂਰੀ ਨਹੀਂ ਹੁੰਦੇ`। ਬੀ.ਜੇ.ਪੀ. ਧਰਮ-ਬਦਲੀ ਨੂੰ ਖਤਰਾ ਬਣਾ ਕੇ ਪੇਸ਼ ਕਰਨ ਲਈ ਇਸਾਈ ਵਸੋਂ ਦੇ ਅੰਕੜਿਆਂ ਨੂੰ ਚਲਾਕੀ ਨਾਲ ਵਧਾ-ਚੜ੍ਹਾ ਕੇ ਪਰੋਸ ਰਹੀ ਹੈ ਕਿ ਦੇਖੋ ਇਸਾਈ ਵਸੋਂ 0.5 ਤੋਂ ਵੱਧ ਕੇ 3% ਹੋ ਗਈ ਹੈ ਜਦਕਿ ਮਰਦਮਸ਼ੁਮਾਰੀ 2011 ਦੇ ਅੰਕੜਿਆਂ ਅਨੁਸਾਰ ਇਸਾਈ ਵਸੋਂ ਸਿਰਫ 1.87% ਸੀ।
ਇਹ ਇੱਕਾ-ਦੁੱਕਾ ਘਟਨਾਵਾਂ ਨਹੀਂ ਹਨ। ਦਰਅਸਲ ਇਹ ਪੂਰੇ ਮੁਲਕ ਵਿਚ ਘੱਟਗਿਣਤੀਆਂ ਵਿਰੁੱਧ ਆਰ.ਐੱਸ.ਐੱਸ. ਦੀਆਂ ਫਰੰਟ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ‘ਹਿੰਦੂ ਰੱਖਿਆ ਯੁੱਧ` ਦਾ ਹਿੱਸਾ ਹਨ।
ਮੁਸਲਿਮ ਫਿਰਕੇ ਵਿਰੁੱਧ ਜ਼ਹਿਰੀਲੀ ਮੁਹਿੰਮ ਹੋਰ ਵੀ ਤਿੱਖੀ ਹੈ। ਕ੍ਰਿਸਮਸ ਤੋਂ ਇਕ ਦਿਨ ਪਹਿਲਾਂ 24 ਦਸੰਬਰ ਨੂੰ ਜੁੰਮੇ ਦੀ ਨਮਾਜ਼ ਸੀ। ਗੁੜਗਾਓਂ ਵਿਚ ਪੁਲਿਸ ਦੀ ਨਿਗਰਾਨੀ ਹੇਠ ਸਿਰਫ 6 ਜਨਤਕ ਥਾਵਾਂ ਉੱਪਰ ਮੁਸਲਮਾਨ ਨਮਾਜ਼ ਪੜ੍ਹਨ ਲਈ ਇਕੱਠੇ ਹੋ ਸਕੇ। ਪ੍ਰਸ਼ਾਸਨ ਵੱਲੋਂ ਲਗਾਈ ਗਈ ਪਾਬੰਦੀ ਤੋਂ ਪਹਿਲਾਂ ਇੱਥੇ 37 ਥਾਵਾਂ ਉੱਪਰ ਨਮਾਜ਼ ਪੜ੍ਹੀ ਜਾਂਦੀ ਸੀ ਪਰ ਅਕਤੂਬਰ ਮਹੀਨੇ `ਚ ਹਿੰਦੂ ਧਰਮ ਦੇ ਆਪੇ ਬਣੇ ਠੇਕੇਦਾਰਾਂ ਨੇ ਇਸ ਬਹਾਨੇ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਤੋਂ ਰੋਕਣਾ ਸ਼ੁਰੂ ਕਰ ਦਿੱਤਾ ਕਿ ਇਸ ਨਾਲ ਜਨ-ਜੀਵਨ `ਚ ਰੁਕਾਵਟ ਪੈਂਦੀ ਹੈ। ਸਿਵਲ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੇ ਹਿੰਦੂ ਫਿਰਕਾਪ੍ਰਸਤਾਂ ਦਾ ਸਾਥ ਦਿੰਦਿਆਂ ਇਸ ਬਹਾਨੇ ਬਾਕੀ ਥਾਵਾਂ ਉੱਪਰ ਨਮਾਜ਼ ਬੰਦ ਕਰਵਾ ਦਿੱਤੀ ਕਿ ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਨਮਾਜ਼ ਵਿਰੁੱਧ ਸ਼ਿਕਾਇਤ ਕੀਤੀ ਹੈ। ਛੇ ਥਾਵਾਂ ਨਿਸ਼ਚਿਤ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਜਿੱਥੇ ਉਹ ਹੁਣ ਨਮਾਜ਼ ਪੜ੍ਹਨ ਲਈ ਇਕੱਠੇ ਹੋ ਸਕਦੇ ਹਨ। ਮਨੋਹਰ ਲਾਲ ਖੱਟੜ ਨੇ ਹਰਿਆਣੇ ਦੇ ਮੁੱਖ ਮੰਤਰੀ ਵਜੋਂ ਬਾਕਾਇਦਾ ਬਿਆਨ ਦੇ ਕੇ ਨਮਾਜ਼ ਵਿਰੁੱਧ ਨਫਰਤੀ ਮੁਹਿੰਮ ਨੂੰ ਹਕੂਮਤੀ ਥਾਪੜਾ ਦਿੱਤਾ ਕਿ ਜੇ ਲੋੜ ਪਈ ਤਾਂ ਹੋਰ ਥਾਵਾਂ ਉੱਪਰ ਵੀ ਨਮਾਜ਼ ਨੂੰ ਰੋਕਣ ਦਾ ਐਲਾਨ ਕੀਤਾ।
ਗੁੜਗਾਓਂ, ਜਿਸ ਦਾ ਨਾਮ ਬਦਲ ਕੇ ਆਰ.ਐਸ.ਐਸ.-ਬੀ.ਜੇ.ਪੀ. ਵੱਲੋਂ ‘ਗੁਰੂਗ੍ਰਾਮ` ਕਰ ਦਿੱਤਾ ਗਿਆ ਹੈ, ਦਾ ਖੇਤਰ ਫਿਰਕੂ ਪਾਲਾਬੰਦੀ ਦੀ ਨਵੀਂ ਪ੍ਰਯੋਗਸ਼ਾਲਾ ਹੈ। ਜਿੱਥੇ ਪਹਿਲਾਂ ਮੁਸਲਮਾਨ ਇਕੱਠੇ ਹੋ ਕੇ ਨਮਾਜ਼ ਪੜ੍ਹਦੇ ਸਨ, ਉੱਥੇ ਆਰ.ਐਸ.ਐਸ. ਨਾਲ ਸੰਬੰਧਤ ਜਥੇਬੰਦੀਆਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਆਪਣੇ ਫਿਰਕੂ ਏਜੰਡੇ ਦੇ ਹੱਕ `ਚ ਹਮਾਇਤ ਜੁਟਾਉਣ ਲਈ ਜਾਣ-ਬੁੱਝ ਕੇ ਹਿੰਦੂਆਂ ਦੇ ਧਾਰਮਿਕ ਸਮਾਗਮ ਆਯੋਜਤ ਕਰਦੀਆਂ ਹਨ। ਇਸ ਨਾਲ ਜਨ-ਜੀਵਨ ਵਿਚ ਜਿੰਨਾ ਮਰਜ਼ੀ ਖੱਲਲ ਪਵੇ, ਬਹੁਗਿਣਤੀ ਫਿਰਕੇ ਨੂੰ ਅਜਿਹਾ ਕਰਨ ਦੀ ਨਾ ਸਿਰਫ ਪੂਰੀ ਖੁੱਲ੍ਹ ਹੈ ਸਗੋਂ ਪੁਲਿਸ ਅਤੇ ਪ੍ਰਸ਼ਾਸਨ ਇਸ ਦੀ ਵਿਵਸਥਾ ਕਰਨ `ਚ ਵੀ ਸਰਗਰਮੀ ਨਾਲ ਸ਼ਾਮਿਲ ਹੁੰਦੀ ਹੈ। 21 ਨਵੰਬਰ ਨੂੰ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਗੁਰੂਗ੍ਰਾਮ ਦੇ ਸੈਕਟਰ 12ਏ `ਚ ਉਸੇ ਥਾਂ ‘ਗੋਵਰਧਨ ਪੂਜਾ` ਕੀਤੀ ਗਈ ਜਿਸ ਨੂੰ ਦਹਾਕਿਆਂ ਤੋਂ ਮੁਸਲਮਾਨ ਨਮਾਜ਼ ਪੜ੍ਹਨ ਲਈ ਵਰਤੋਂ `ਚ ਲਿਆਉਂਦੇ ਸਨ। ਉੱਥੇ ਹਿੰਦੂਤਵੀ ਆਗੂ ਯਤੀ ਨਰਸਿੰਹਾਨੰਦ ਗਿਰੀ ਦਾ ਨੇੜਲਾ ਸਾਥੀ ਅਮਿਤ ਹਿੰਦੂ ਉਚੇਚੇ ਤੌਰ `ਤੇ ਹਾਜ਼ਰ ਹੋਇਆ ਅਤੇ ਉਸ ਨੇ ‘ਹਿੰਦੂ ਕੇ ਗ਼ਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ` ਦੇ ਨਾਅਰੇ ਲਾਏ ਜਿਸ ਦਾ ਵੀਡੀਓ ਕਲਿੱਪ ਅੱਜ ਵੀ ਸੋਸ਼ਲ ਮੀਡੀਆ ਉੱਪਰ ਮੌਜੂਦ ਹੈ। ਪੂਰਬੀ-ਉੱਤਰੀ ਦਿੱਲੀ ਵਿਚ ਮੁਸਲਮਾਨਾਂ ਵਿਰੁੱਧ ਹਿੰਸਾ ਦੀ ਅਗਵਾਈ ਕਰਨ ਵਾਲੇ ਦਹਿਸ਼ਤੀ ਸਰਗਨੇ ਕਪਿਲ ਮਿਸ਼ਰਾ ਨੂੰ ਵੀ ਉੱਥੇ ਉਚੇਚੇ ਤੌਰ `ਤੇ ਬੁਲਾਇਆ ਗਿਆ ਸੀ। ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਸੰਬੰਧਤ ‘ਭਾਰਤ ਮਾਤਾ ਵਾਹਿਨੀ` ਦੇ ਇਕ ਆਗੂ ਦਿਨੇਸ਼ ਭਾਰਤੀ, ਜੋ ਗੁਰੂਗ੍ਰਾਮ ਵਿਚ ਨਮਾਜ਼ ਵਿਚ ਖਲਲ ਪਾਉਣ ਲਈ ਕਈ ਵਾਰ ਜੇਲ੍ਹ ਜਾ ਚੁੱਕਾ ਹੈ, ਨੇ ਮੀਡੀਆ ਦੇ ਕੈਮਰੇ ਅੱਗੇ ਸਾਫ ਕਿਹਾ ਹੈ ਕਿ ਜੇ ਗੁਰੂਗ੍ਰਾਮ ਵਿਚ ਨਮਾਜ਼ ਪੜ੍ਹੀ ਜਾਵੇਗੀ ਤਾਂ ਉਹ ਤਲਵਾਰ ਲੈ ਕੇ ਰੋਕਣ ਲਈ ਉੱਥੇ ਪਹੁੰਚੇਗਾ। ਉਸ ਨੂੰ ਜੰਤਰ-ਮੰਤਰ ਦਿੱਲੀ ਵਿਖੇ ਭੜਕਾਊ ਭਾਸ਼ਣ ਦੇਣ ਲਈ ਵੀ ਗ੍ਰਿਫਤਾਰ ਕੀਤਾ ਗਿਆ ਸੀ ਜਿੱਥੇ ਉਸ ਨੇ ਮੁਸਲਮਾਨਾਂ ਦਾ ਬਾਈਕਾਟ ਕਰਨ ਅਤੇ ਉਨ੍ਹਾਂ ਦੇ ਕਤਲ ਕਰਨ ਦਾ ਸੱਦਾ ਦਿੱਤਾ ਸੀ।
ਘੱਟਗਿਣਤੀਆਂ ਵਿਰੁੱਧ ਹਿੰਸਾ ਲਈ ਰਾਜਨੀਤਕ ਪੱਧਰ `ਤੇ ਸੱਤਾਧਾਰੀ ਆਰ.ਐਸ.ਐਸ.-ਬੀ.ਜੇ.ਪੀ. ਦੀ ਰਾਜਸੀ ਅਤੇ ਰਾਜਾਕੀ ਸਰਪ੍ਰਸਤੀ ਹੇਠ ਤਿਆਰੀ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਹਿੰਦੂ ਫਿਰਕਾਪ੍ਰਸਤ ਯਤੀ ਨਰਸਿੰਹਾਨੰਦ ਗਿਰੀ, ਜੋ ਗਾਜ਼ੀਆਬਾਦ ਦੇ ਡਾਸਨਾ ਮੰਦਰ ਦਾ ਮਹੰਤ ਹੈ (ਡਾਸਨਾ ਮੰਦਰ ਵਿਚ ਜਾਣ ਤੋਂ ਪਹਿਲਾਂ ਹਰ ਕਿਸੇ ਨੂੰ ਆਪਣਾ ਆਧਾਰ ਕਾਰਡ ਦਿਖਾਉਣਾ ਪੈਂਦਾ ਹੈ। ਮੁੱਖ ਦਵਾਰ ਉੱਪਰ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਹੈ ਕਿ ਇਸ ਦੇ ਅੰਦਰ ਮੁਸਲਮਾਨਾਂ ਦਾ ਦਾਖਲ ਹੋਣਾ ਮਨਾ੍ਹ ਹੈ), ਵੱਲੋਂ ਉਤਰਾਖੰਡ ਦੇ ਹਰਿਦਵਾਰ ਦੇ ਵੇਦ ਨਿਕੇਤਨ ਧਾਮ ਵਿਚ 17 ਤੋਂ 19 ਦਸੰਬਰ ਤੱਕ ‘ਧਰਮ ਸੰਸਦ` ਆਯੋਜਿਤ ਕੀਤੀ ਗਈ ਜਿਸ ਵਿਚ ਕਥਿਤ ਹਿੰਦੂ ਸੰਤਾਂ ਅਤੇ ਧਰਮ-ਗੁਰੂਆਂ ਦੇ ਨਾਲ ਸੀਨੀਅਰ ਭਾਜਪਾ ਆਗੂ ਅਸ਼ਵਿਨੀ ਉਪਾਧਿਆਏ ਵੀ ਸ਼ਾਮਿਲ ਹੋਇਆ। ਇਨ੍ਹਾਂ ਧਰਮ ਗੁਰੂਆਂ ਵੱਲੋਂ ਜ਼ਹਿਰੀਲੇ ਭਾਸ਼ਣ ਦੇ ਕੇ ਧਰਮ ਦੀ ਰੱਖਿਆ ਲਈ ਸ਼ਸਤਰ ਚੁੱਕਣ, ਦਿੱਲੀ ਦੇ ਬਾਰਡਰਾਂ ਉੱਪਰ ਹਿੰਦੂਆਂ ਨੂੰ ਵੱਢ ਕੇ ਟੰਗਣ ਤੋਂ ਸਬਕ ਲੈਣ, 2029 `ਚ ਮੁਸਲਿਮ ਪ੍ਰਧਾਨ ਮੰਤਰੀ ਨਾ ਬਣਨ ਦੇਣ ਅਤੇ ਮੁਸਲਿਮ ਆਬਾਦੀ ਵਧਣ ਨਾ ਦੇਣ ਸਗੋਂ ਹਿੰਦੂਆਂ ਦੀ ਆਬਾਦੀ ਵਧਾਉਣ ਦੇ ਸੱਦੇ ਦਿੱਤੇ ਗਏ। ਹਿੰਦੂ ਮਹਾਸਭਾ ਦੀ ਜਨਰਲ ਸਕੱਤਰ ਅਤੇ ਨਿਰੰਜਨੀ ਅਖਾੜਾ ਦੀ ਕਰਤਾ-ਧਰਤਾ ਪੂਜਾ ਸ਼ਕੂਨ ਪਾਂਡੇ ਉਰਫ ਅੰਨਪੂਰਣਾ ਮਾਂ, ਜੋ ਘੱਟਗਿਣਤੀਆਂ ਵਿਰੁੱਧ ਹਿੰਸਾ ਦੇ ਸੱਦੇ ਦੇਣ ਅਤੇ ਨਫਰਤ ਫੈਲਾਉਣ ਲਈ ਬਦਨਾਮ ਹੈ, ਨੇ ਕਿਹਾ ਕਿ ਜੇ ਹਿੰਦੂਤਵ ਉੱਪਰ ਖਤਰਾ ਮੰਡਰਾਏਗਾ ਤਾਂ ਚਾਹੇ ਉਸ ਨੂੰ ਗੌਡਸੇ ਦੀ ਤਰ੍ਹਾਂ ਕਲੰਕ ਕਿਉਂ ਨਾ ਖੱਟਣਾ ਪਵੇ, ਉਹ ਸ਼ਸਤਰ ਉਠਾਏਗੀ ਅਤੇ ਹਿੰਦੂਤਵ ਦੀ ਰਾਖੀ ਕਰੇਗੀ। ਉਸ ਦੇ ਹੱਥ ਹੀ ਸ਼ੇਰਨੀ ਦੇ ਪੰਜਿਆਂ ਵਰਗੇ ਹਨ, ਉਹ ਸ਼ਸਤਰਾਂ ਤੋਂ ਬਿਨਾਂ ਹੀ ਦੁਸ਼ਮਣਾਂ ਨੂੰ ਪਾੜ ਦੇਵੇਗੀ। ਉਸ ਨੇ ਇਹ ਸੱਦਾ ਵੀ ਦਿੱਤਾ ਕਿ ਜੇ ਧਰਮ ਬਚਾਉਣਾ ਹੈ ਤਾਂ ਕਾਪੀਆਂ-ਕਿਤਾਬਾਂ ਛੱਡ ਦਿਓ ਅਤੇ ਸ਼ਸਤਰ ਚੁੱਕ ਲਓ; ਇਹ ਪ੍ਰਣ ਕਰੋ ਕਿ 2029 `ਚ ਮੁਸਲਮਾਨ ਪ੍ਰਧਾਨ ਮੰਤਰੀ ਨਹੀਂ ਬਣਨ ਦਿਆਂਗੇ (ਇਹ ਜ਼ਹਿਰੀਲਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜ਼ਿਆਦਾ ਬੱਚੇ ਜੰਮਣ ਕਰਕੇ ਮੁਸਲਮਾਨਾਂ ਦੀ ਜਨ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ। ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਹਿੰਦੂ ਘੱਟਗਿਣਤੀ `ਚ ਰਹਿ ਜਾਣਗੇ ਅਤੇ 2029 `ਚ ਮੁਲਕ ਦਾ ਪ੍ਰਧਾਨ ਮੰਤਰੀ ਮੁਸਲਮਾਨ ਬਣ ਜਾਵੇਗਾ)। ਬਿਹਾਰ ਦੇ ਧਰਮਦਾਸ ਮਹਾਰਾਜ ਨੇ ਕਿਹਾ ਕਿ ਜਦੋਂ ਤੱਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੇ ਭਾਸ਼ਣ ਵਿਚ ਇਹ ਕਿਹਾ ਸੀ ਕਿ ਮੁਲਕ ਦੇ ਕੌਮੀ ਵਸੀਲਿਆਂ ਉੱਪਰ ਸਭ ਤੋਂ ਪਹਿਲਾ ਹੱਕ ਘੱਟਗਿਣਤੀਆਂ ਦਾ ਹੈ ਜੇ ਉਹ ਉਸ ਵਕਤ ਸੰਸਦ ਵਿਚ ਮੌਜੂਦ ਹੁੰਦਾ ਤਾਂ ਨੱਥੂ ਰਾਮ ਗੌਡਸੇ ਦੇ ਨਕਸ਼ੇ-ਕਦਮਾਂ `ਤੇ ਚੱਲ ਕੇ ਉਸ ਦੀ ਹਿੱਕ `ਚ ਛੇ ਗੋਲੀਆਂ ਮਾਰ ਕੇ ਹੀ ਦਮ ਲੈਂਦਾ। ਇਕ ਹੋਰ ਆਗੂ ਆਨੰਦ ਸਵਰੂਪ ਮਹਾਰਾਜ ਨੇ 1857 ਤੋਂ ਵੀ ਭਿਆਨਕ ਯੁੱਧ ਛੇੜਨ ਦਾ ਸੱਦਾ ਦਿੱਤਾ ਅਤੇ ਲੋਕਾਂ ਅਤੇ ਹੋਟਲਾਂ ਵਾਲਿਆਂ ਨੂੰ ਹਰਦੁਆਰ ਵਿਚ ਕ੍ਰਿਸਮਸ ਨਾ ਮਨਾਉਣ ਦੀ ਧਮਕੀ ਵੀ ਦਿੱਤੀ। ਯਤੀ ਨਰਸਿੰਹਾਨੰਦ ਨੇ ਕਿਹਾ ਕਿ ਮੁਸਲਮਾਨਾਂ ਦੇ ਆਰਥਕ ਬਾਈਕਾਟ ਨਾਲ ਗੱਲ ਨਹੀਂ ਬਣੇਗੀ। ਹਿੰਦੂਆਂ ਨੂੰ ਖੁਦ ਨੂੰ ਅੱਪਡੇਟ ਹੋਣਾ ਪਵੇਗਾ। ਤਲਵਾਰਾਂ ਮੰਚ ਉੱਪਰ ਹੀ ਚੰਗੀਆਂ ਲੱਗਦੀਆਂ ਹਨ। ਇਹ ਲੜਾਈ ਬਿਹਤਰ ਹਥਿਆਰਾਂ ਵਾਲੇ ਲੋਕ ਹੀ ਜਿੱਤ ਸਕਣਗੇ। ਜ਼ਿਆਦਾ ਬੱਚੇ ਜੰਮਣੇ ਅਤੇ ਵਧੀਆ ਹਥਿਆਰ ਹੀ ਹਿੰਦੂਆਂ ਨੂੰ ਬਚਾਉਣਗੇ। ਇਹ ਭਾਸ਼ਣ ਐਨੀ ਘਿਣਾਉਣੀ ਹੱਦ ਤੱਕ ਭੜਕਾਊ ਹਨ ਕਿ ਇਸ ਬਾਰੇ ਵਿਵਾਦ ਖੜ੍ਹਾ ਹੋਣ `ਤੇ ਪੁਲਿਸ ਨੂੰ ਪਰਚਾ ਦਰਜ ਕਰਨ ਦੀ ਖਾਨਾਪੂਰਤੀ ਕਰਨੀ ਪਈ ਹੈ। ਇਹ ਗੱਲ ਵੱਖਰੀ ਹੈ ਕਿ ਹਕੀਕਤ `ਚ ਕੋਈ ਕਾਰਵਾਈ ਨਹੀਂ ਹੋਵੇਗੀ, ਕੋਈ ਗ੍ਰਿਫਤਾਰੀ ਨਹੀਂ ਹੋਵੇਗੀ। ਜੇ ਅਜਿਹਾ ਕੋਈ ਬਿਆਨ ਕਿਸੇ ਗ਼ੈਰਹਿੰਦੂ ਨੇ ਦਿੱਤਾ ਹੁੰਦਾ ਤਾਂ ਹੁਣ ਤੱਕ ਰਾਜਧ੍ਰੋਹ ਅਤੇ ਮੁਲਕ ਨੂੰ ਟੁਕੜੇ-ਟੁਕੜੇ ਕਰਨ ਦੀ ਸਾਜ਼ਿਸ਼ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰਕੇ ਅਤੇ ਯੂ.ਏ.ਪੀ.ਏ. ਲਗਾ ਕੇ ਉਸ ਨੂੰ ਤੁਰੰਤ ਜੇਲ੍ਹ ਭੇਜ ਦਿੱਤਾ ਜਾਣਾ ਸੀ।
ਮੁਸਲਮਾਨਾਂ ਅਤੇ ਇਸਾਈਆਂ ਦਾ ਕਤਲੇਆਮ ਕਰਨ ਦੇ ਸੱਦੇ ਸਿਰਫ ਭਾਸ਼ਣਾਂ ਵਿਚ ਹੀ ਨਹੀਂ ਹਨ। ਇਨ੍ਹਾਂ ਨੂੰ ਬਾਕਾਇਦਗੀ ਨਾਲ ਅਮਲੀ ਰੂਪ ਦਿੱਤਾ ਜਾ ਰਿਹਾ ਹੈ। ਹਿੰਦੂਤਵ ਦੇ ਬਾਨੀ ਅਤੇ ਸਿਧਾਂਤਕਾਰ ਘੱਟਗਿਣਤੀਆਂ ਨੂੰ ਦਹਿਸ਼ਤਜ਼ਦਾ ਕਰਕੇ ਦਬਾ ਕੇ ਰੱਖਣ ਅਤੇ ਉਨ੍ਹਾਂ ਨੂੰ ਆਰਥਕ ਤੌਰ `ਤੇ ਸੱਟ ਮਾਰਨ ਲਈ ਉਨ੍ਹਾਂ ਦੀ ਰੋਟੀ-ਰੋਜ਼ੀ ਦੇ ਵਸੀਲਿਆਂ ਨੂੰ ਤਬਾਹ ਕਰਨ ਉੱਪਰ ਸ਼ੁਰੂ ਤੋਂ ਹੀ ਜ਼ੋਰ ਦਿੰਦੇ ਆ ਰਹੇ ਹਨ। ਨਾਗਰਿਕਤਾ ਸੋਧ ਕਾਨੂੰਨ ਅਤੇ ਕੌਮੀ ਨਾਗਰਿਕ ਰਜਿਸਟਰ ਨੂੰ ਏਜੰਡੇ `ਤੇ ਲਿਆ ਕੇ ਮੁਸਲਮਾਨਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਬਣਾਉਣ ਦੇ ਆਪਣੇ ਮਨਸ਼ੇ ਆਰ.ਐਸ.ਐਸ.-ਬੀ.ਜੇ.ਪੀ. ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤੇ ਹਨ। ਚਾਹੇ 2002 `ਚ ਗੁਜਰਾਤ ਵਿਚ ਮੁਸਲਮਾਨਾਂ ਦੀ ਨਸਲਕੁਸ਼ੀ ਸੀ ਜਾਂ ਯੂ.ਪੀ. ਵਿਚ ਮੁਜ਼ੱਫਰਨਗਰ ਅਤੇ ਹੋਰ ਦੰਗੇ ਜਾਂ 2020 ਦੇ ਸ਼ੁਰੂ `ਚ ਪੂਰਬੀ-ਉੱਤਰੀ ਦਿੱਲੀ ਵਿਚ ਕਤਲੇਆਮ ਅਤੇ ਸਾੜ-ਫੂਕ ਦੀ ਮੁਹਿੰਮ, ਕਥਿਤ ਦੰਗਿਆਂ ਦੀ ਹਰ ਘਟਨਾ ਵਿਚ ਮੁਸਲਮਾਨਾਂ ਦੇ ਕਾਰੋਬਾਰਾਂ ਨੂੰ ਖਾਸ ਤੌਰ `ਤੇ ਨਿਸ਼ਾਨਾ ਬਣਾਇਆ ਜਾਂਦਾ ਹੈ।
2014 ਤੋਂ ਲੈ ਕੇ ਇਸ ਮਨੋਰਥ ਨਾਲ ਇਕ ਗੁੱਝੀ ਮੁਹਿੰਮ ਚਲਾਈ ਜਾ ਰਹੀ ਹੈ ਜੋ ਵੱਖ-ਵੱਖ ਰੂਪਾਂ ਵਿਚ ਸਾਹਮਣੇ ਆਉਂਦੀ ਰਹਿੰਦੀ ਹੈ। ਫੂਡ ਪ੍ਰੋਡਕਟ ਕੰਪਨੀ ਆਈ.ਡੀ. ਫਰੈੱਸ਼ ਵਿਰੁੱਧ ਜ਼ਹਿਰੀਲੀ ਮੁਹਿੰਮ ਚਲਾਈ ਗਈ ਕਿ ਇਹ ਸਿਰਫ ਮੁਸਲਮਾਨਾਂ ਨੂੰ ਰੋਜ਼ਗਾਰ ਦਿੰਦੀ ਹੈ ਅਤੇ ‘ਹਲਾਲ ਸਰਟੀਫਾਈਡ` ਹੈ। ਮੁਹਿੰਮ ਐਨੀ ਜ਼ੋਰਦਾਰ ਸੀ ਕਿ ਕੰਪਨੀ ਨੂੰ ਸਫਾਈ ਪੇਸ਼ ਕਰਨੀ ਪਈ ਕਿ ਇਸ ਵੱਲੋਂ ਬਣਾਈਆਂ ਜਾ ਰਹੀਆਂ ਖਾਣ ਵਾਲੀਆਂ ਚੀਜ਼ਾਂ ਸ਼ੁੱਧ ਸ਼ਾਕਾਹਾਰੀ ਹਨ। ਕੰਪਨੀ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਇਸ ਦੀ ਸਥਾਪਨਾ ਕਰਨ ਵਾਲੇ ਕਾਰੋਬਾਰੀ ਮੁਸਲਮਾਨ ਹਨ। ਇਸ ਤੋਂ ਪਹਿਲਾਂ, ਰਾਜਾਂ ਵਿਚ ਛੋਟੇ ਛੋਟੇ ਕੰਮ ਕਰਨ ਵਾਲੇ ਮੁਸਲਮਾਨ ਕਿਰਤੀਆਂ ਉੱਪਰ ਹਮਲਿਆਂ ਦੀਆਂ ਰਿਪੋਰਟਾਂ ਵੀ ਛਪ ਚੁੱਕੀਆਂ ਹਨ।
ਮੱਧ ਪ੍ਰਦੇਸ਼ ਵਿਚ ਇਕ ਵੰਗਾਂ ਵੇਚਣ ਵਾਲੇ ਮੁਸਲਮਾਨ ਦੀ ਕੁੱਟਮਾਰ ਕੀਤੀ ਗਈ ਕਿ ਉਹ ਹਿੰਦੂ ਇਲਾਕੇ ਵਿਚ ਵੰਗਾਂ ਕਿਉਂ ਵੇਚਦਾ ਹੈ। ਉੱਤਰ ਪ੍ਰਦੇਸ਼ ਵਿਚ ਇਕ ਡੋਸਾ ਵਾਲੇ ਦਾ ਸਟਾਲ ਇਸ ਲਈ ਤੋੜ ਦਿੱਤਾ ਗਿਆ ਕਿ ਉਸ ਨੇ ਮੁਸਲਮਾਨ ਹੋ ਕੇ ਆਪਣੀ ਦੁਕਾਨ ਦਾ ਨਾਂ ਹਿੰਦੂ ਦੇਵਤੇ ਵਾਲਾ ਕਿਉਂ ਰੱਖਿਆ ਸੀ। ਮੱਧ ਪ੍ਰਦੇਸ਼ ਵਿਚ ਇਕ ਕਬਾੜੀਏ ਨੂੰ ਘੇਰ ਕੇ ਉਸ ਨੂੰ ‘ਜੈ ਸ਼੍ਰੀਰਾਮ` ਦੇ ਨਾਅਰੇ ਲਾਉਣ ਲਈ ਮਜਬੂਰ ਕੀਤਾ ਗਿਆ। ਲਖਨਊ ਵਿਚ ਇਕ ਘੋੜਾ ਬੱਘੀ ਵਾਲੇ ਨੂੰ ਘੇਰ ਕੇ ਇਹ ਝੂਠਾ ਦਾਅਵਾ ਕਰਕੇ ‘ਪਾਕਿਸਤਾਨ ਮੁਰਦਾਬਾਦ` ਦੇ ਨਾਅਰੇ ਲਾਉਣ ਲਈ ਮਜਬੂਰ ਕੀਤਾ ਗਿਆ ਕਿ ਉਸ ਨੇ ਆਪਣੀ ਬੱਘੀ ਉੱਪਰ ਪਾਕਿਸਤਾਨ ਦਾ ਝੰਡਾ ਪੇਂਟ ਕਰਾਇਆ ਹੋਇਆ ਸੀ। ਇਸੇ ਤਰ੍ਹਾਂ ਇਕ ਫੇਰੀ ਵਾਲੇ ਮੁਸਲਮਾਨ ਵਿਰੁੱਧ ਪਰਚਾ ਦਰਜ ਕਰਵਾ ਕੇ ਉਸ ਨੂੰ ਜੇਲ੍ਹ ਭਿਜਵਾ ਦਿੱਤਾ ਗਿਆ ਕਿ ਉਹ ਜੋ ਜੁੱਤੀਆਂ ਵੇਚਦਾ ਸੀ ਉਨ੍ਹਾਂ ਉੱਪਰ ਬਰੈਂਡ ‘ਠਾਕੁਰ` ਕਿਉਂ ਲਿਖਿਆ ਹੋਇਆ ਸੀ। ਇਸੇ ਤਰ੍ਹਾਂ, 2017 `ਚ ਉੱਤਰ ਪ੍ਰਦੇਸ਼ ਵਿਚ ਗੈਰਰਸਮੀ ਮੀਟ ਕਾਰੋਬਾਰ ਵਿਰੁੱਧ ਲੁਕਵੀਂ ਫਿਰਕੂ ਮੁਹਿੰਮ ਚਲਾਈ ਗਈ ਕਿਉਂਕਿ ਇਹ ਕਾਰੋਬਾਰ ਮੁੱਖ ਤੌਰ `ਤੇ ਮੁਸਲਮਾਨ ਕਰਦੇ ਹਨ। 30 ਅਗਸਤ ਨੂੰ ਮਹੰਤ ਅਦਿਤਿੱਆਨਾਥ ਨੇ ਫਰਮਾਨ ਜਾਰੀ ਕਰਕੇ ਮਥੁਰਾ ਵਿਚ ਮੀਟ ਦੇ ਕਾਰੋਬਾਰ ਉੱਪਰ ਮੁਕੰਮਲ ਪਾਬੰਦੀ ਲਗਾ ਦਿੱਤੀ ਅਤੇ ਇੱਕੋ ਝਟਕੇ ਨਾਲ ਹਜ਼ਾਰਾਂ ਲੋਕਾਂ ਦਾ ਰੋਟੀ-ਰੋਜ਼ੀ ਦਾ ਵਸੀਲਾ ਬੰਦ ਕਰ ਦਿੱਤਾ। ਦਰਅਸਲ ਪੂਰੇ ਉੱਤਰੀ ਭਾਰਤ ਵਿਚ ਪਸ਼ੂਆਂ ਦੀ ਖਰੀਦੋਫਰੋਖਤ ਅਤੇ ਡੇਅਰੀ ਦਾ ਕਾਰੋਬਾਰ ਭਗਵੇਂ ਗਰੋਹਾਂ ਦੇ ਲਗਾਤਾਰ ਨਿਸ਼ਾਨੇ `ਤੇ ਹੈ ਕਿਉਂਕਿ ਇਹ ਕਾਰੋਬਾਰ ਮੁੱਖ ਤੌਰ `ਤੇ ਮੁਸਲਮਾਨ ਕਰਦੇ ਹਨ। ਉਨ੍ਹਾਂ ਨੂੰ ਦਬਾਉਣ ਲਈ ਲਗਾਤਾਰ ਹਜੂਮੀ ਹਿੰਸਾ ਕੀਤੀ ਜਾ ਰਹੀ ਹੈ।
ਪੰਜਾਬ ਵਿਚ ਵੀ ਇਸਾਈ ਧਰਮ ਨੂੰ ਮੰਨਣ ਵਾਲਿਆਂ ਵਿਰੁੱਧ ਨਫਰਤ ਭੜਕਾਈ ਜਾ ਰਹੀ ਹੈ। ਬਹੁਤ ਸਾਰੇ ਸਿੱਖੀ ਬਾਰੇ ਫਿਕਰਮੰਦੀ ਜ਼ਾਹਿਰ ਕਰਨ ਵਾਲੇ ਸੱਜਣ ਵੀ ਪੰਜਾਬ ਦੇ ਪਿੰਡਾਂ ਵਿਚ ਇਸਾਈ ਧਰਮ ਦੇ ਪਸਾਰੇ ਦੇ ਅੰਕੜੇ ਅਤੇ ਸਨਸਨੀਖੇਜ਼ ਕਹਾਣੀਆਂ ਪੇਸ਼ ਕਰਕੇ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਕਿਸੇ ਦਿਨ ਪੰਜਾਬ ਦੀ ਧਰਤੀ ਉੱਪਰ ਸਿੱਖ ਧਰਮ ਘੱਟਗਿਣਤੀ `ਚ ਰਹਿ ਜਾਵੇਗਾ। ਕਦੇ-ਕਦੇ ਧਰਮ-ਬਦਲੀ ਕਾਨੂੰਨ ਬਣਾਏ ਜਾਣ ਦੀ ਸੁਰ ਵੀ ਉੱਠਦੀ ਹੈ। ਆਰ.ਐਸ.ਐਸ. ਨਾਲ ਜੁੜੇ ਲੋਕ ਵੀ ਇਸ ਖਦਸ਼ੇ ਨੂੰ ਬਹੁਤ ਚਲਾਕੀ ਨਾਲ ਹਵਾ ਦੇ ਰਹੇ ਹਨ ਅਤੇ ਇਸ ਬਹਾਨੇ ਖੁਦ ਨੂੰ ਸਿੱਖ ਧਰਮ ਦੀ ਖੈਰਖਵਾਹ ਤਾਕਤ ਬਣਾ ਕੇ ਪੇਸ਼ ਕਰ ਰਹੇ ਹਨ। ਸਿੱਖੀ ਦੇ ਉਪਰੋਕਤ ਹਿਤੈਸ਼ੀ ਉਸ ਜਾਤ ਹੰਕਾਰ ਦੀ ਗੱਲ ਨਹੀਂ ਕਰਦੇ ਜੋ ਸਿੱਖ ਧਰਮ ਦੇ ਪੈਰੋਕਾਰ ਲੋਕਾਂ `ਚ ਡੂੰਘੀਆਂ ਜੜ੍ਹਾਂ ਲਗਾਈ ਬੈਠਾ ਹੈ। ਦੱਬੇਕੁਚਲੇ ਅਤੇ ਕਿਰਤੀ ਲੋਕ ਇਸ ਕਾਰਨ ‘ਸਰਬਤ ਦਾ ਭਲਾ` ਦੀ ਗੱਲ ਕਰਨ ਵਾਲੀ ਅਤੇ ਮਜ਼ਲੂਮਾਂ ਦੀ ਰਾਖੀ ਲਈ ਲੜਨ ਦੀਆਂ ਸ਼ਾਨਦਾਰ ਰਵਾਇਤਾਂ ਵਾਲੀ ਸਿੱਖੀ ਨੂੰ ਛੱਡ ਕੇ ਇਸਾਈ ਧਰਮ ਜਾਂ ਧਾਰਮਿਕ ਡੇਰਿਆਂ ਦੀ ਸ਼ਰਨ `ਚ ਜਾ ਰਹੇ ਹਨ ਨਾ ਕਿ ਆਰਥਕ ਲਾਭਾਂ ਕਾਰਨ। ਉਹ ਭੁੱਲ ਰਹੇ ਹੈ ਕਿ ਆਰ.ਐਸ.ਐਸ. ਦੀ ਵਿਚਾਰਧਾਰਾ ਹਰ ਘੱਟਗਿਣਤੀ ਸਮੂਹ ਦੀ ਹੋਂਦ ਲਈ ਬਰਾਬਰ ਖਤਰਾ ਹੈ।
ਜੇ ਇਨਸਾਫਪਸੰਦ ਇਨਸਾਨੀਅਤ ਪ੍ਰੇਮੀ ਤਾਕਤਾਂ ਇਸ ਦਹਿਸ਼ਤਵਾਦੀ ਮੁਹਿੰਮ ਦਾ ਗੰਭੀਰ ਨੋਟਿਸ ਲੈ ਕੇ ਇਸ ਨੂੰ ਰੋਕਣ ਲਈ ਅੱਗੇ ਨਹੀਂ ਆਉਂਦੀਆਂ ਤਾਂ ਇਸ ਦੇ ਨਤੀਜੇ ਪੂਰੇ ਸਮਾਜ ਨੂੰ ਭੁਗਤਣੇ ਪੈਣਗੇ। ਆਰ.ਐਸ.ਐਸ. ਅਤੇ ਇਸ ਦੀਆਂ ਫਰੰਟ ਜਥੇਬੰਦੀਆਂ ਦਾ ਨਿਸ਼ਾਨਾ ਸਿਰਫ ਘੱਟਗਿਣਤੀਆਂ ਨਹੀਂ ਸਗੋਂ ਹਰ ਉਹ ਹਿੱਸਾ, ਸੋਚ ਅਤੇ ਕਦਰ-ਕੀਮਤ ਹੈ ਜੋ ਇਨ੍ਹਾਂ ਦੇ ਹਿੰਦੂ ਰਾਸ਼ਟਰ ਦੇ ਪ੍ਰੋਜੈਕਟ ਦੇ ਰਾਹ ਵਿਚ ਅੜਿੱਕਾ ਬਣਦੀ ਹੈ। 2025 `ਚ ਆਰ.ਐਸ.ਐਸ. ਦੀ ਸਥਾਪਨਾ ਨੂੰ ਪੂਰੇ ਸੌ ਸਾਲ ਹੋ ਜਾਣਗੇ, ਇਨ੍ਹਾਂ ਦੀ ਕੋਸ਼ਿਸ਼ 2025 ਤੱਕ ਹਿੰਦੂ ਰਾਸ਼ਟਰ ਲਈ ਵੱਧ ਤੋਂ ਵੱਧ ਹਾਲਾਤ ਤਿਆਰ ਕਰਨ ਦੀ ਹੈ।
ਅਜੇ ਵੀ ਸੰਭਲਣ ਦਾ ਵੇਲਾ ਹੈ।