ਧਾਰਮਿਕ ਮਸਲੇ ਅਤੇ ਸਿਆਸਤ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨਿਜ਼ਾਮਪੁਰ ਵਿਚ ਬੇਅਦਬੀ ਦੀ ਕੋਸ਼ਿਸ਼ ਦੀਆਂ ਘਟਨਾਵਾਂ ਅਤੇ ਇਸ ਤੋਂ ਬਾਅਦ ਇਨ੍ਹਾਂ ਘਟਨਾਵਾਂ ਲਈ ਦੋਸ਼ੀ ਮੰਨੇ ਜਾ ਰਹੇ ਦੋ ਜਣਿਆਂ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੀਆਂ ਵਾਰਦਾਤਾਂ ਨੇ ਦੇਸ਼-ਵਿਦੇਸ਼ ਵਿਚ ਵੱਸਦੇ ਪੰਜਾਬੀਆਂ, ਖਾਸਕਰ ਸਿੱਖਾਂ ਨੂੰ ਝੰਜੋੜ ਸੁੱਟਿਆ ਹੈ। ਇਨ੍ਹਾਂ ਵਾਰਦਾਤਾਂ ਬਾਰੇ ਅਵਾਮ ਦੀਆਂ ਵੱਖ-ਵੱਖ ਟਿੱਪਣੀਆਂ ਆ ਰਹੀਆਂ ਹਨ।

ਇਕ ਧਿਰ ਦੋਸ਼ੀਆਂ ਨਾਲ ਮੌਕੇ ‘ਤੇ ਹੀ ਹਿਸਾਬ-ਕਿਤਾਬ ਕੀਤੇ ਜਾਣ ਨੂੰ ਸਹੀ ਆਖ ਰਹੀ ਹੈ ਅਤੇ ਦੂਜੀ ਧਿਰ ਦਾ ਆਖਣਾ ਹੈ ਕਿ ਕਿਸੇ ਵੀ ਭੀੜ ਦੀ ਜਿਹੀ ਕਾਰਵਾਈ ਕਿਸੇ ਵੀ ਸੂਰਤ ਵਿਚ ਸਵੀਕਾਰਨਯੋਗ ਨਹੀਂ। ਇਸ ਦੇ ਨਾਲ ਹੀ ਸਿਆਸੀ ਵਿਸ਼ਲੇਸ਼ਕ ਇਸ ਸਮੁੱਚੇ ਘਟਨਾਕ੍ਰਮ ਨੂੰ ਪੰਜਾਬ, ਉਤਰ ਪ੍ਰਦੇਸ਼ (ਯੂ.ਪੀ.) ਸਮੇਤ ਪੰਜ ਰਾਜਾਂ ਵਿਚ ਅਗਲੇ ਸਾਲ ਦੇ ਆਰੰਭ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ। ਕੇਂਦਰ ਵਿਚ ਸੱਤਾਧਾਰੀ ਧਿਰ- ਭਾਰਤੀ ਜਨਤਾ ਪਾਰਟੀ, ਲਈ ਇਹ ਚੋਣਾਂ, ਖਾਸਕਰ ਯੂ.ਪੀ. ਅਤੇ ਪੰਜਾਬ ਵਾਲੀਆਂ, ਬਹੁਤ ਅਹਿਮੀਅਤ ਰੱਖਦੀਆਂ ਹਨ। ਉਤਰ ਪ੍ਰਦੇਸ਼ ਵਿਚ ਇਸ ਵਕਤ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਉਥੇ ਇਸ ਪਾਰਟੀ ਨੂੰ ਆਪਣੀ ਹਾਰ ਨਜ਼ਦੀਕੀ ਜਾਪ ਰਹੀ ਹੈ। ਹੁਣ ਤੱਕ ਆਏ ਸਰਵੇਖਣਾਂ ਮੁਤਾਬਿਕ ਉਥੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਦਾ ਹੱਥ ਉਤਾਂਹ ਹੈ। ਸਾਲ ਤੋਂ ਵੱਧ ਸਮਾਂ ਚੱਲੇ ਕਿਸਾਨ ਅੰਦੋਲਨ ਨੇ ਵੀ ਉਤਰ ਪ੍ਰਦੇਸ਼ ਦੇ ਇਕ ਹਿੱਸੇ ਵਿਚ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਢਾਹ ਲਾਈ ਹੈ। ਇਸੇ ਕਰਕੇ ਮੋਦੀ ਸਰਕਾਰ ਕਿਸਾਨਾਂ ਦੀਆਂ ਤਕਰੀਬਨ ਸਾਰੀਆਂ ਮੰਗਾਂ ਬਾਰੇ ਸਹਿਮਤ ਹੋ ਗਈ ਹਾਲਾਂਕਿ ਇਹ ਨਵੇਂ ਬਣਾਏ ਖੇਤੀ ਕਾਨੂੰਨਾਂ ਬਾਰੇ ਆਪਣੇ ਪੈਂਤੜੇ ‘ਤੇ ਅੜੀ ਹੋਈ ਸੀ। ਹੁਣ ਜਦੋਂ ਇਸ ਨੂੰ ਉਤਰ ਪ੍ਰਦੇਸ਼ ਵਿਚ ਸਿਆਸੀ ਨੁਕਸਾਨ ਬਾਰੇ ਖਬਰ ਹੋਈ ਤਾਂ ਇਸ ਨੇ ਕਿਸਾਨ ਮੰਗਾਂ ਦੇ ਮਾਮਲੇ ‘ਤੇ ਇਕਦਮ ਪਿਛਾਂਹ ਹਟਣ ਦਾ ਫੈਸਲਾ ਕਰ ਲਿਆ।
ਪੰਜਾਬ ਦੇ ਸਿਆਸੀ ਪਿੜ ਵਿਚ ਭਾਰਤੀ ਜਨਤਾ ਪਾਰਟੀ ਦੇ ਹਾਲਾਤ ਹੋਰ ਹਨ। ਹੁਣ ਤੱਕ ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਰਲ ਕੇ ਚੋਣਾਂ ਲੜਦੀ ਰਹੀ ਹੈ ਪਰ ਜਦੋਂ ਤੋਂ ਕੇਂਦਰ ਵਿਚ ਇਸ ਪਾਰਟੀ ਦੀ ਸਰਕਾਰ ਬਣੀ ਹੈ, ਇਸ ਦੀ ਪੰਜਾਬ ਇਕਾਈ ਦੇ ਕੁਝ ਆਗੂ ਇਹ ਮੰਗ ਰੱਖਦੇ ਰਹੇ ਹਨ ਕਿ ਹੁਣ ਪਾਰਟੀ ਨੂੰ ਇਕੱਲਿਆਂ ਚੋਣਾਂ ਲੜਨੀਆਂ ਚਾਹੀਦੀਆਂ ਹਨ, ਅਕਾਲੀ ਦਲ ਦੀ ਛੋਟੀ ਧਿਰ ਬਣ ਕੇ ਨਹੀਂ। ਕਿਸਾਨ ਅੰਦੋਲਨ ਨੇ ਜਦੋਂ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗੱਠਜੋੜ ਦਾ ਭੋਗ ਪਾ ਦਿੱਤਾ ਤਾਂ ਇਹ ਪਾਰਟੀ ਖੁਦ ਨੂੰ ਵੱਖਰੇ ਢੰਗ ਨਾਲ ਜੋਖ ਰਹੀ ਹੈ। ਕਿਸਾਨ ਅੰਦੋਲਨ ਕਰਕੇ ਇਸ ਪਾਰਟੀ ਦੇ ਆਗੂਆਂ ਦੀ ਹਾਲਤ ਤਾਂ ਇਹ ਹੋ ਗਈ ਸੀ ਕਿ ਇਨ੍ਹਾਂ ਦਾ ਸਿਆਸੀ ਸਰਗਰਮੀ ਲਈ ਘਰੋਂ ਬਾਹਰ ਨਿੱਕਲਣਾ ਵੀ ਮੁਸ਼ਕਿਲ ਹੋ ਗਿਆ ਸੀ। ਕਿਸਾਨ ਅੰਦੋਲਨ ਮੁਲਤਵੀ ਹੋਣ ਤੋਂ ਬਾਅਦ ਇਹ ਪਾਰਟੀ ਹੁਣ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਤੋਂ ਵੱਖ ਹੋਏ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਚੋਣ ਤਾਲਮੇਲ ਬਿਠਾ ਰਹੀ ਹੈ। ਕਨਸੋਆਂ ਇਹ ਹਨ ਕਿ ਇਹ ਪਾਰਟੀ ਹਰ ਹੀਲੇ ਪੰਜਾਬ ਵਿਚ ਆਪਣੀ ਵੱਡੀ ਹਾਜ਼ਰੀ ਲੁਆਉਣ ਲਈ ਤਿਕੜਮਾਂ ਲੜਾ ਰਹੀ ਹੈ। ਇਸ ਵਕਤ ਸੂਬੇ ਵਿਚ ਕਾਂਗਰਸ ਪਾਟੋ-ਧਾੜ ਦੀ ਸ਼ਿਕਾਰ ਹੈ। ਸ਼੍ਰੋਮਣੀ ਅਕਾਲੀ ਦਾ ਜਥੇਬੰਦਕ ਤਾਣਾ-ਬਾਣਾ ਭਾਵੇਂ ਬਾਕੀ ਸਭ ਧਿਰਾਂ ਨਾਲੋਂ ਨਰੋਆ ਹੈ ਪਰ ਬੇਅਦਬੀ ਅਤੇ ਹੋਰ ਕਈ ਮਾਮਲਿਆਂ ਕਾਰਨ ਇਸ ਦੇ ਅਜੇ ਤੱਕ ਚੋਣ ਪਿੜ ਵਿਚ ਢੰਗ ਨਾਲ ਪੈਰ ਨਹੀਂ ਲੱਗ ਰਹੇ। ਆਮ ਆਦਮੀ ਪਾਰਟੀ ਲਈ ਲੋਕਾਂ ਅੰਦਰ ਹਮਦਰਦੀ ਦੀਆਂ ਭਾਵਨਾਵਾਂ ਤਾਂ ਹਨ ਪਰ ਇਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਜਿਸ ਢੰਗ ਨਾਲ ਪੰਜਾਬ ਇਕਾਈ ਨੂੰ ਚਲਾ ਰਹੀ ਹੈ, ਉਸ ਤੋਂ ਇਸ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਰਿਹਾ ਹੈ।
ਇਨ੍ਹਾਂ ਹਾਲਾਤ ਵਿਚ ਬੇਅਦਬੀ ਦੀਆਂ ਤਾਜ਼ਾ ਘਟਨਾਵਾਂ ਦਾ ਵਿਸ਼ੇਸ਼ ਮਹੱਤਵ ਬਣ ਜਾਂਦਾ ਹੈ। ਇਨ੍ਹਾਂ ਘਟਨਾਵਾਂ ਨਾਲ ਇਕ ਗੱਲ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਜੇ ਸਿਆਸੀ ਪਾਰਟੀਆਂ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਸੰਜੀਦਗੀ ਨਾਲ ਲਿਆ ਹੁੰਦਾ ਤਾਂ ਹੁਣ ਵਾਲੀ ਨੌਬਤ ਤੋਂ ਬਚਿਆ ਜਾ ਸਕਦਾ ਸੀ। ਇਸ ਮਸਲੇ ‘ਤੇ ਦੋ-ਦੋ ਕਮਿਸ਼ਨ ਬਣ ਚੁੱਕੇ ਹਨ ਪਰ ਲੋਕਾਂ, ਖਾਸਕਰ ਸਿੱਖਾਂ ਅੰਦਰ ਰੋਸ ਹੈ ਕਿ ਅਜੇ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾਈ ਗਈ। ਇਸ ਤੱਥ ਨੂੰ ਆਧਾਰ ਬਣਾ ਕੇ ਹੀ ਕੁਝ ਲੋਕ ਮੌਕੇ ਉਤੇ ਹਿਸਾਬ-ਕਿਤਾਬ ਕਰਨ ਦੀਆਂ ਵਾਰਦਾਤਾਂ ਦਾ ਪੱਖ ਪੂਰ ਰਹੇ ਹਨ। ਇਸ ਸਮੁੱਚੇ ਘਮਾਸਾਨ ਦਾ ਸਿਆਸੀ ਤੌਰ ‘ਤੇ ਕਿਸ ਧਿਰ ਨੂੰ ਨਫਾ ਅਤੇ ਕਿਸ ਨੂੰ ਨੁਕਸਾਨ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਕ ਤੱਥ ਐਨ ਸਾਫ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸਿਆਸਤ ਦਾ ਮੁਹਾਣ ਬਦਲਣ ਲਈ ਪੂਰਾ ਜ਼ੋਰ ਲਾ ਰਹੀ ਹੈ। ਕੈਪਟਨ ਅਤੇ ਢੀਂਡਸਾ ਨਾਲ ਚੁਣਾਵੀ ਇਸੇ ਰਣਨੀਤੀ ਦਾ ਹਿੱਸਾ ਹੈ। ਇਸੇ ਰਣਨੀਤੀ ਤਹਿਤ ਹੀ ਦੂਜੀਆਂ ਪਾਰਟੀਆਂ ਦੇ ਸਰਕਰਦਾ ਲੀਡਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਦੀ ਮੁਹਿੰਮ ਵੀ ਜ਼ੋਰ-ਸ਼ੋਰ ਨਾਲ ਚਲਾਈ ਜਾ ਰਹੀ ਹੈ। ਇਸ ਪੱਖ ਤੋਂ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਪਹਿਲੀ ਚੋਣਾਂ ਤੋਂ ਬਿਲਕੁਲ ਵੱਖਰੀਆਂ ਹੋਣਗੀਆਂ। ਭਾਰਤੀ ਜਨਤਾ ਪਾਰਟੀ ਮਿਥ ਕੇ ਫਿਰਕੂ ਨਫਰਤ ਵਾਲਾ ਪੱਤਾ ਖੇਡਣ ਦੀ ਕੋਸ਼ਿਸ਼ ਵਿਚ ਹੈ। ਇਸ ਪ੍ਰਸੰਗ ਵਿਚ ਇਸ ਦੇ ਸਿੱਖ ਚਿਹਰੇ ਅਤੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਮੁਖੀ ਇਕਬਾਲ ਸਿੰਘ ਲਾਲਪੁਰਾ ਅਤੇ ਹੋਰ ਆਗੂਆਂ ਦੇ ਪਿਛਲੇ ਦਿਨਾਂ ਵਿਚ ਆਏ ਬਿਆਨਾਂ ਨੂੰ ਵਾਚਿਆ ਜਾ ਸਕਦਾ ਹੈ। ਬਿਨਾ ਸ਼ੱਕ, ਧਾਰਮਿਕ ਮਸਲਿਆਂ ਦੇ ਮਾਮਲੇ ‘ਤੇ ਅੱਜ ਪੰਜਾਬ ਬਹੁਤ ਨਾਜ਼ੁਕ ਮੋੜ ‘ਤੇ ਖੜ੍ਹਾ ਹੈ। ਇਸ ਲਈ ਪੰਜਾਬ ਦੀਆਂ ਸਭ ਸੰਜੀਦਾ ਧਿਰਾਂ ਨੂੰ ਇਸ ਬਾਰੇ ਸੁਚੇਤ ਹੁੰਦਿਆਂ ਆਪੋ-ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਗੁਰੂ ਸਾਹਿਬਾਨ ਵੱਲੋਂ ਦਿੱਤੇ ਸਾਂਝੀਵਾਲਤਾ ਦੇ ਸੁਨੇਹੇ ਦਾ ਪੱਲਾ ਘੁੱਟ ਕੇ ਫੜਨਾ ਚਾਹੀਦਾ ਹੈ। ਧਾਰਮਿਕ ਮਸਲੇ ਕਿਸੇ ਵੀ ਹਾਲਤ ਵਿਚ ਸਿਆਸਤ ਉਤੇ ਭਾਰੂ ਨਹੀਂ ਹੋਣੇ ਚਾਹੀਦੇ। ਇਹ ਅੱਜ ਦੇ ਨਾਜ਼ੁਕ ਸਮੇਂ ਦੀ ਲੋੜ ਹੈ।