ਖੂਬਸੂਰਤ ਗੱਲਾਂ ਤੇ ਕਹਾਣੀਆਂ ਦਾ ਮਾਲਕ ਸੀ ਗੁਰਦੇਵ ਰੁਪਾਣਾ

ਗੁਰਸੇਵਕ ਸਿੰਘ ਪ੍ਰੀਤ
ਪੰਜਾਬੀ ਕਹਾਣੀ ਦੇ ਬੇਤਾਜ਼ ਬਾਦਸ਼ਾਹ ਗੁਰਦੇਵ ਸਿੰਘ ਰੁਪਾਣਾ ਕਹਾਣੀਆਂ ਲਿਖਦੇ-ਲਿਖਦੇ ਖੁ਼ਦ ਕਹਾਣੀ ਹੋ ਗਏ। ਉਨ੍ਹਾਂ ਨੂੰ ਮਾਣ ਸੀ ਕਿ ਉਹ ਛਿਆਸੀ ਸਾਲ ਦੀ ਉਮਰੇ ਵੀ ਨਵਾਂ ਲਿਖ ਰਹੇ ਹਨ ਜਦੋਂ ਕਿ ਬਹੁਤੇ ਸਮਕਾਲੀ ਸਿਰਫ ਦਹੁਰਾ ਰਹੇ ਹਨ। ਉਨ੍ਹਾਂ ਪਹਿਲੀ ਕਹਾਣੀ 10 ਕੁ ਸਾਲ ਦੀ ਉਮਰੇ ਲਿਖੀ ਤੇ ਹੁਣ ਆਖਰੀ ਸਮੇਂ ਆਪਣੇ ਨਾਵਲ ਦਾ ਅੰਤ ਲਿਖ ਰਹੇ ਸਨ ਕਿ ਖੁਦ ਦਾ ਅੰਤ ਆ ਗਿਆ।

ਕਈ ਵਰ੍ਹੇ ਪਹਿਲਾਂ ਉਨ੍ਹਾਂ ਨੂੰ ਦਿਲ ਦੇ ਦਰਦ ਦੀ ਤਕਲੀਫ ਹੋਈ, ਡਾਕਟਰਾਂ ਸਟੈਂਟ ਪਾ ਦਿੱਤੇ। ਫਿਰ ਕਾਲੇ ਪੀਲੀਏ ਦੀ ਸ਼ਿਕਾਇਤ ਹੋਈ ਪਰ ਬਾਜ਼ਾਬਤਾ ਪ੍ਰਹੇਜ਼ ਕਰ ਕੇ ਠੀਕ ਰਹੇ। ਕਰੋਨਾ ਵਰਗੀ ਮਹਾਮਾਰੀ ’ਚ ਵੀ ਬਚੇ ਰਹੇ। ਫਿਰ ਤਿਲਕ ਕੇ ਡਿੱਗ ਪਏ, ਪੱਟ ਦੀ ਹੱਡੀ ’ਚ ਤ੍ਰੇੜ ਆ ਗਈ। ਡਾਕਟਰਾਂ ਨੇ ਦੋ ਗਿੱਠ ਲੰਬੀ ਰਾਡ, ਉਂਗਲ-ਉਂਗਲ ਦੇ ਪੇਚਾਂ ਨਾਲ ਕੱਸ ਦਿੱਤੀ। ਹੁਣ ਜਦੋਂ ਉਨ੍ਹਾਂ ਦੇ ਫੁੱਲ ਚੁਗੇ ਤਾਂ ਵਿਚੋਂ ਨਿਕਲੀ ਇਸ ਰਾਡ ਨੇ ਸਭ ਨੂੰ þਹੈਰਾਨ ਕਰ ਦਿੱਤਾ। ਹੌਲੇ ਜਿਹੇ ਸਰੀਰ ਦਾ ‘ਰੁਪਾਣਾ’ ਐਡੀ ਵੱਡੀ ਰਾਡ ਆਪਣੇ ਸਰੀਰ ’ਚ ਲਈ ਫਿਰਦਾ ਰਿਹਾ ਪਰ ਕਦੇ ਹਾਲ ਪਾਹਰਿਆ ਨਹੀਂ ਕੀਤੀ। ਪਰ ਇਸ ਅਪ੍ਰੇਸ਼ਨ ਤੋਂ ਬਾਅਦ ਕਮਜ਼ੋਰੀ ਹੋ ਗਈ। ਦਿਮਾਗ ਨੂੰ ਜਾਨ ਵਾਲੀ ਆਕਸੀਜਨ ਘਟ ਗਈ। ਫਿਰ ਛਾਤੀ ਬੰਦ ਹੋ ਗਈ। ਆਖਰੀ ਸਮੇਂ ਕਈ ਦਿਨ ਮੂੰਹ ਨਾਲ ਸਾਹ ਲੈਂਦੇ ਰਹੇ। ਪਰ ਉਸ ਤਰ੍ਹਾਂ ਦਾ ਦਰਦ ਚਿਹਰੇ ’ਤੇ ਨਹੀਂ ਲਿਆਂਦਾ ਜਿਸ ਤਰ੍ਹਾਂ ਦੀ ਅੰਦਰ ਕੱਟ-ਵੱਢ ਹੋ ਰਹੀ ਸੀ ਤੇ ਅਖੀਰ ਚੁੱਪ-ਚੁਪੀਤੇ ਤੁਰ ਗਏ।
ਹੁਣ ਉਨ੍ਹਾਂ ਦੀਆਂ ਬਾਤਾਂ ਵਰਗੀਆਂ ਗੱਲਾਂ ਯਾਦ ਆਉਂਦੀਆਂ ਨੇ। ਉਹ ਕਿਹਾ ਕਰਦੇ ਸੀ, ਜੇ ਚੰਗੀਆਂ ਗੱਲਾਂ ਕਰਨ-ਸੁਣਨ ਵਾਲਾ ਹੋਵੇ ਤਾਂ ਫਿਲਮ ਵੇਖਣ ਦੀ ਵੀ ਲੋੜ ਨਹੀਂ ਪੈਂਦੀ। ਵੈਸੇ ਉਨ੍ਹਾਂ ਨੂੰ ਫਿਲਮਾਂ ਦਾ ਬਹੁਤ ਸ਼ੌਕ ਸੀ। ਦਿਨੇ ਟੀਵੀ ’ਤੇ ਫਿਲਮਾਂ ਵੇਖਦੇ, ਰਾਤ ਨੂੰ ਲਿਖਦੇ। ਜਦੋਂ ਸਭ ਸੌਂ ਰਹੇ ਹੁੰਦੇ ਉਹ ਜਾਗਦੇ ਹੁੰਦੇ ਤੇ ਜਦੋਂ ਭਾਈ ਜਾਗਣ ਦਾ ਹੋਕਾ ਦੇ ਰਿਹਾ ਹੁੰਦਾ, ਉਹ ਸੌਂ ਜਾਂਦੇ। ਇਕ ਵਾਰ ਅਜਿਹੀ ਨੀਂਦ ’ਚ ਸੁੱਤਿਆਂ ਨੂੰ ਸਵੇਰੇ 10 ਕੁ ਵਜੇ ਕਿਸੇ ਕਵੀ ਸੱਜਣ ਦਾ ਫੋਨ ਆ ਗਿਆ। ਨੀਂਦ ’ਚ þਹੈਲੋ-ਹਾਏ ਹੋਈ ਤੇ ਫਿਰ ਸੌਂ ਗਏ ਪਰ ਫੋਨ ਚੱਲਦਾ ਰਿਹਾ। ਕੁਝ ਸਮੇਂ ਬਾਅਦ ਉਨ੍ਹਾਂ ਦੇ ਬੇਟੇ ਪ੍ਰੀਤਪਾਲ ਨੇ ਫੋਨ ਚੁੱਕ ਕੇ ਆਪਣੇ ਕੰਨ ਨੂੰ ਲਾਇਆ ਤਾਂ ਅੱਗੋਂ ਕਵੀ ਸੱਜਣ ਕਵਿਤਾ ਸੁਣਾਈ ਜਾ ਰਹੇ ਸਨ, ਤੇ ਹੁਣ ਹੁੰਗਾਰਾ ਪ੍ਰੀਤਪਾਲ ਭਰ ਰਿਹਾ ਸੀ। ਉਨ੍ਹਾਂ ਨੂੰ ਕਹਾਣੀ ਸੁਣਨੀ ਤੇ ਸਣਾਉਣੀ ਬਹੁਤ ਔਖੀ ਲੱਗਦੀ ਸੀ। ਉਹ ਕਹਿੰਦੇ, ਕਹਾਣੀ ਤਾਂ ਸਿਰਫ ਪੜ੍ਹੀ ਜਾ ਸਕਦੀþ, ਸੁਣੀ ਜਾਂ ਸੁਣਾਈ ਨਹੀਂ ਜਾ ਸਕਦੀ।
ਉਨ੍ਹਾਂ ਨੂੰ ਗੱਲ ਮਟਕ ਨਾਲ ਕਹਿਣੀ ਆਉਂਦੀ ਸੀ। ਇਕ ਵਾਰ ਕੁਲਵੰਤ ਸਿੰਘ ਵਿਰਕ ਨੇ ਪੁੱਛਿਆ ਤੁਸੀਂ ਆਪਣੇ ਨਾਂ ਨਾਲ ਆਪਣੀ ਗੋਤ ਵਿਰਕ ਕਿਉਂ ਨਹੀਂ ਲਾਉਂਦੇ, ਚੰਗਾ ਭਲਾ ਗੋਤ। ਰੁਪਾਣਾ ਸਾਹਿਬ ਮੁਸਕਰਾ ਕੇ ਕਹਿੰਦੇ ਫੇਰ ਤੁਸੀਂ ਆਪਣੀਆਂ ਮਾੜੀਆਂ ਕਹਾਣੀਆਂ ਮੇਰੇ ਖਾਤੇ ’ਚ ਪਾ ਦਿਆ ਕਰਨੀਆਂ, ਬਈ ਇਹ ਐਸ ਵਿਰਕ ਦੀਆਂ ਨੇ। ਇਕ ਵਾਰ ਦਿੱਲੀ ਵਿਚ ਤਿੰਨ ਦਿਨ ਚੱਲੇ ਕਹਾਣੀ ਦਰਬਾਰ ਦੇ ਆਖਰੀ ਕਹਾਣਕਾਰੀ ਵਜੋਂ ਉਨ੍ਹਾਂ ਦੀ ਕਹਾਣੀ ਰੱਖੀ ਤਾਂ ਕਈ ਸਾਥੀਆਂ ਨੇ ਚੁਟਕੀ ਲਈ, ਰੁਪਾਣਾ ਤੇਰੀ ਕਹਾਣੀ ਤਾਂ ਅਖੀਰ ’ਤੇ ਰੱਖ’ਤੀ। ਰੁਪਾਣਾ ਸਾਹਿਬ ਨੇ ਹਾਜ਼ਰ-ਜੁਆਬੀ ਕਰਦਿਆਂ ਕਿਹਾ, ‘ਭਾਈ ਸਾਹਿਬ ਸਵੀਟ ਡਿਸ਼ ਰੋਟੀ ਤੋਂ ਬਾਅਦ ਹੀ ਹੁੰਦੀ ਆ।’ ਤੇ ਇਹ ਸਵੀਟ ਡਿਸ਼ ਸੀ ‘ਸ਼ੀਸ਼ਾ’। ਇਸ ਕਹਾਣੀ ਨੇ ਵਾਕਿਆ ਹੀ ਸਭ ਦਾ ਮੂੰਹ ਮਿੱਠਾ ਕਰ ਦਿੱਤਾ ਸੀ।
ਐਡਵੋਕੇਟ ਗੁਰਲਾਲ ਸਿੰਘ ਦੱਸਦੇ ਸਨ ਕਿ ਹਾਲ ਹੀ ਵਿਚ ਮੁਹਾਲੀ ਕਿਸੇ ਇੰਟਰਵਿਊ ਦੇ ਸਬੰਧ ’ਚ ਦੋ-ਤਿੰਨ ਦਿਨ ਰਹੇ ਪਰ ਕੱਪੜੇ ਉਹੀ ਆਮ ਪਾਈ ਰੱਖੇ। ਗੁਰਲਾਲ ਕਹਿੰਦਾ, `ਬਾਪੂ ਜੀ ਕੱਪੜੇ ਹੋਰ ਪਾ ਲਓ।` ਅੱਗੋਂ ਕਹਿੰਦੇ, `ਰੁਪਾਣੇ ਦੇ ਕੱਪੜਿਆਂ ਦਾ ਨਹੀਂ ਗੱਲਾਂ ਦਾ ਹੀ ਮੁੱਲ ਹੈ।` ਉਨ੍ਹਾਂ ਦਾ ਅਮਰੀਕ ਡੋਗਰਾ ਨਾਲ ਚੰਗਾ ਪਿਆਰ ਸੀ। ਅਮਰੀਕ ਡੋਗਰਾ ਨੂੰ ਡੋਗਰੂ ਕਹਿੰਦੇ, ਸ਼ਾਇਰਾ ਭੁਪਿੰਦਰ ਕੌਰ ਪ੍ਰੀਤ ਨੂੰ ਲਾਡ ਨਾਲ ਚੁੰਨੀਆਂ ਜਾਂ ਦੁਪੱਟਿਆਂ ਵਾਲੀ ਕਹਿੰਦੇ। ਉਸ ਵੇਲੇ ਮੈਡਮ ਬੁਟੀਕ ਚਲਾਉਂਦੇ ਸੀ। ਗੁਲਜ਼ਾਰ ਸਿੰਘ ਸੰਧੂ ਉਨ੍ਹਾਂ ਦੇ ਜਿਗਰੀ ਯਾਰਾਂ ’ਚੋਂ ਸੀ, ਉਸ ਨੂੰ ਗੁਲਜ਼ਾਰਾ ਕਹਿ ਕੇ ਸੱਦਦੇ ਅਤੇ ਸੰਧੂ ਵੀ ਉਨ੍ਹਾਂ ਨੂੰ ਗੁਰਦੇਵ ਕਹਿ ਕੇ ਬੁਲਾਉਂਦੇ। ਹਾਂ ਗੁਰਬਚਨ ਸਿੰਘ ਭੁੱਲਰ ਨੂੰ ਭੁੱਲਰ ਕਹਿ ਕੇ ਬੁਲਾਉਂਦੇ ਤੇ ਅੰਮ੍ਰਿਤਾ ਪ੍ਰੀਤਮ ਦਾ ਜ਼ਿਕਰ ਬਹੁਤ ਸਤਿਕਾਰ ਨਾਲ ਕਰਦੇ।
ਕਹਾਣੀ ਬਾਰੇ ਰੁਪਾਣਾ ਸਾਹਿਬ ਦਾ ਬੜਾ ਸਪੱਸ਼ਟ ਮੱਤ ਸੀ। ਉਹ ਕਹਿੰਦੇ ਕਹਾਣੀ ਘੜੀ ਨਹੀਂ ਜਾ ਸਕਦੀ ਤੇ ਨਾ ਹੀ ਦੱਸ ਕੇ ਲਿਖਾਈ ਜਾ ਸਕਦੀ ਹੈþ। ਉਹ ਇਹ ਵੀ ਕਹਿੰਦੇ, ਕਹਾਣੀ ਸੱਚੀ ਨਹੀਂ ਹੁੰਦੀ, ਪਰ ਕਹਾਣੀ ਵਿਚ ਸੱਚ ਹੁੰਦਾ। ਪਿਆਸਾ ਕਾਂ ਸੱਚੀ ਕਹਾਣੀ ਨਹੀਂ, ਪਰ ਇਸ ਵਿਚ ਸੱਚ ਹੈ। ਨਵੇਂ ਕਹਾਣੀਕਾਰਾਂ ਨਾਲ ਗੱਲਾਂ ਕਰਦੇ ਉਹ ਗੰਭੀਰ ਹੋ ਕੇ ਕਹਿੰਦੇ, ‘ਵੇਖੋ ਕਹਾਣੀ ਲਿਖਣ ਲਈ ਬਹੁਤ ਤਿਆਰੀ ਦੀ ਲੋੜ ਹੁੰਦੀ ਹੈþ। ਮੰਨ ਲਵੋ ਤੁਸੀਂ ਕਿਸੇ ਲਲਾਰੀ ਦੀ ਕਹਾਣੀ ਲਿਖਣੀ ਹੈ ਤਾਂ ਤੁਹਾਨੂੰ ਰੰਗਾਂ ਦੀ ਬਹੁਤ ਸਮਝ ਹੋਣੀ ਚਾਹੀਦੀ ਹੈ, ਭਾਵੇਂ ਕਹਾਣੀ ਵਿਚ ਰੰਗਾਂ ਦਾ ਵਰਣਨ ਨਾ ਵੀ ਹੋਵੇ। ਕਹਾਣੀ ਦੇ ਕਿਰਦਾਰ, ਉਸ ਦਾ ਆਲਾ-ਦੁਆਲਾ, ਉਸ ਦਾ ਸੁਭਾਅ, ਉਸ ਦਾ ਬੋਲ-ਚਾਲ ਹਰ ਗੱਲ ਦਾ ਤੁਹਾਨੂੰ ਪਤਾ ਹੋਣਾ ਚਾਹੀਦੈ। ਮੈਨੂੰ ਯਾਦ ਹੈ ਕਿ ਨਾਵਲ ‘ਸ੍ਰੀ ਪਾਰਵਾ’ ਲਿਖਣ ਵੇਲੇ ਉਨ੍ਹਾਂ ਜੈਨ ਧਰਮ ਬਾਰੇ ਬਹੁਤ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦਿਨਾਂ ’ਚ ਅਸੀਂ ਮਿਲਣ ਜਾਣਾ, ਤਾਂ ਵੀ ਜੈਨ ਧਰਮ ਅਤੇ ਰਾਜਸਥਾਨ ਦੀਆਂ ਗੱਲਾਂ ਕਰਨੀਆਂ। ਬਾਅਦ ’ਚ ਪਤਾ ਲੱਗਾ, ਇਹ ਸ੍ਰੀ ਪਾਰਵਾ ਦਾ ਅਸਰ ਸੀ। ਰੁਪਾਣਾ ਸਾਹਿਬ ਔਰਤਾਂ ਤੋਂ ਬਹੁਤ ਪ੍ਰਭਾਵਿਤ ਸਨ। ਉਹ ਕਹਿੰਦੇ ਔਰਤਾਂ ਘੰਟਿਆਂਬੱਧੀ ਹਰ ਵਿਸ਼ੇ ’ਤੇ ਗੱਲਾਂ ਕਰੀ ਜਾਂਦੀਆਂ ਹਨ। ਕੱਪੜਾ ਲੈਣਗੀਆਂ ਤਾਂ ਸਪੱਸ਼ਟ ਦੱਸਣਗੀਆਂ ਬਈ ਜ਼ਮੀਨ ਇਹੋ ਜਿਹੀ ਹੋਵੇ ਤੇ ਬੂਟੀਆਂ ਐਹੋ ਜਿਹੀਆਂ। ਕਿਤਾਬੀ ਗਿਆਨ ਨਾ ਹੋਣ ਦੇ ਬਾਵਜੂਦ ਸਮਝਾ-ਬੁਝਾ ਕੇ ਸਭ ਕੁਝ ਦਿੰਦੀਆਂ ਹਨ। ਇਹ ਉਨ੍ਹਾਂ ਗੱਲਾਂ ਕਰ-ਕਰ ਅਤੇ ਸੁਣ-ਸੁਣ ਕੇ ਹਾਸਲ ਕੀਤਾ ਹੁੰਦਾ ਹੈ। ਇਸ ਲਈ ਕਹਾਣੀਕਾਰਾਂ ਨੂੰ ਆਮ ਲੋਕਾਂ ’ਚ ਬਹੁਤ ਵਿਚਰਨਾ ਚਾਹੀਦਾ ਹੈ। ਉਹ ਖੁ਼ਦ ਵੀ ਪਿੰਡ ਦੀ ਸੱਥ ’ਚ ਬਹਿ ਕੇ ਸਾਰਾ ਦਿਨ ਜੱਟਾਂ, ਮਹਾਜਨਾਂ, ਕਿਸਾਨਾਂ ਤੇ ਵਿਹਲੜਾਂ ਨਾਲ ਤਾਸ਼ ਕੁੱਟਦੇ। ਉਦੋਂ ਇਹ ਨਾ ਲੱਗਦਾ ਕਿ ਉਹ ਦਿੱਲੀ ’ਚ ਸਾਰੀ ਉਮਰ ਪੜ੍ਹਾਉਣ ਵਾਲਾ ਮਹਾਨ ਕਹਾਣੀਕਾਰ ਗੁਰਦੇਵ ਸਿੰਘ ਰੁਪਾਣਾ ਹੈ। ਇਸੇ ਵਰਤਾਰੇ ਵਿਚੋਂ ਹੀ ਜਲਦੇਵ, ਆਸੋ ਦਾ ਟੱਬਰ, ਗੋਰੀ, ਸ੍ਰੀ ਪਾਰਵਾ, ਸ਼ੀਸ਼ਾ, ਕਣਕ ਦਾ ਦਾਣਾ, ਇਕ ਟੋਟਾ ਔਰਤ, ਆਪੋ ਆਪਣੀ ਥਾਂ, ਆਪਣੀ ਅੱਖ ਦਾ ਜਾਦੂ, ਹਵਾ, ਰਾਂਝਾ ਵਾਰਿਸ ਹੋਇਆ ਵਰਗੀਆਂ ਆਪਣੀ ਉਮਰ ਦੇ ਸਾਲਾਂ ਜਿੰਨੀਆਂ ਕਹਾਣੀਆਂ ਲਿਖੀਆਂ ਤੇ ਹੁਣ ਵੀ ਨਾਵਲ ਦਾ ਆਖਰੀ ਕਾਂਡ ਪੂਰਾ ਕਰ ਰਹੇ ਸਨ।
ਅਫ਼ਸੋਸ! ਹੁਣ ਰੁਪਾਣਾ ਸਾਹਿਬ ਦੀਆਂ ਇਹ ਗੱਲਾਂ ਸਾਡੇ ਲਈ ਬੀਤਿਆ ਸਮਾਂ ਬਣ ਕੇ ਰਹਿ ਗਈਆਂ ਹਨ।
ਕੈਪਸ਼ਨ ਗੁਰਦੇਵ ਰੁਪਾਣਾ ਕੈਪਸ਼ਨ- ਪੁLਤਾਂ ਦੇ ਮੋਢਿਆਂ ’ਤੇ ਆਖਰੀ ਸਫਰ ਲਈ ਰਵਾਨਾ ਹੁੰਦਾ ਹੋਏ।