ਮੈਂ ਤੇ ਮੈਂ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਮੈਂ ਕੌਣ ਹਾਂ? ਕਿਉਂ ਹਾਂ? ਕੀ ਹੈ ਮੇਰੀ ਔਕਾਤ? ਕਿਸ ਦੀ ਹੈ ਇਹ ਅਨਾਇਤ? ਮੈਂ ਕਿਸ ਦੀ ਸੁਗਾਤ? ਕਿਹੜਾ ਪਾਉਂਦਾ ਏ ਮੇਰੀ ਬਾਤ ਅਤੇ ਕੌਣ ਹੈ ਅਜਾਤ ਤੇ ਅਗਿਆਤ?

ਮੈਂ ਤਾਂ ਕੁਝ ਵੀ ਨਹੀਂ। ਪਾਣੀ ਦਾ ਬੁਲਬੁਲਾ। ਹਵਾ ਦਾ ਵਾਵਰੋਲਾ। ਪੌਣ ਦੀ ਨਿੱਕੀ ਜਿਹੀ ਰੁਮਕਣੀ। ਪਲ ਭਰ ਦਾ ਵਕਫ਼ਾ। ਹਉਕੇ ਭਰਦਾ ਦੀਵਾ। ਪਤਾ ਨਹੀਂ ਕਦ ਹਵਾ ਦੇ ਝੋਕੇ ‘ਚ ਯਾਤਰਾ ਖ਼ਤਮ ਹੋ ਜਾਣੀ। ਪਲ ਦੀ ਵਿੱਥ `ਤੇ ਖੜ੍ਹੀਆਂ ਨੇ ਹੋਂਦ ਤੇ ਅਣਹੋਂਦ। ਜਦ ਕੋਈ ਭਰੋਸਾ ਹੀ ਨਹੀਂ ਫਿਰ ਕਾਹਤੋਂ ਮੈਂ ਮੈਂ ਲਾਈ ਆ?
ਮੈਂ ਕਦੇ ਬਾਪ ਦਾ ਆਗਿਆਕਾਰੀ ਪੁੱਤ। ਉਸ ਦੀ ਉਂਗਲ ਫੜ ਕੇ ਤੁਰਨਾ ਸਿੱਖਿਆ। ਕਦੇ ਉਸ ਦੀ ਛਾਂ ਵਿਚ ਤੁਰਨ ਦੀ ਕੋਸ਼ਿਸ਼। ਕਦੇ ਉਸ ਦੀਆਂ ਸਿਆਣਪਾਂ, ਨਿਆਮਤਾਂ ਨਾਲ ਖ਼ੁਦ ਨੂੰ ਭਿਉਂਦਾ। ਬਾਪ ਵਿਚੋਂ ਆਪਣਾ ਭਵਿੱਖ ਚਿਤਵਦਾ ਚਿਤਵਦਾ, ਮੈਂ ਵੀ ਬਾਪ ਬਣ ਗਿਆ ਪਰ ਪੁੱਤ ਬਣ ਕੇ ਬਾਪ ਦੀ ਛਾਂ ਮਾਨਣਾ ਬਹੁਤ ਆਸਾਨ ਕਿਉਂਕਿ ਛਾਂ ਵੰਡਣ ਲਈ ਖੁ਼ਦ ਨੂੰ ਛਾਂ ਬਣਨ ਦਾ ਹੁਨਰ ਤੇ ਹਾਸਲ ਚਾਹੀਦਾ। ਮੈਂ ਇਸ ਕੋਸ਼ਿਸ਼ ਵਿਚ ਹਾਂ ਕਿ ਕਦੇ ਬ੍ਰਿਖ਼ ਬਣ ਕੇ ਮਨ ਦੀ ਇਹ ਤਮੰਨਾ ਵੀ ਪੂਰੀ ਕਰ ਸਕਾਂ।
ਕਦੇ ਮੈਂ ਮਿੱਤਰਾਂ ਦੀ ਢਾਣੀ ਵਿਚ ਮਨ ਦੀਆਂ ਬਾਤਾਂ ਪਾਉਂਦਾ। ਕੁਝ ਮਿੱਤਰਾਂ ਦੀ ਮੰਨਦਾ ਪਰ ਕਦੇ ਕਦਾਈਂ ਖੁ਼ਦ ਵੀ ਮਨਾਉਂਦਾ ਪਰ ਜ਼ਿਆਦਾਤਰ ਮੈਂ ਜੋ ਵੀ ਹਾਂ ਆਪਣੇ ਮਿੱਤਰਾਂ ਦੀ ਅੱਖ ਵਿਚ ਲਟਕਦਾ ਅਜਿਹਾ ਬਿੰਬ ਹਾਂ ਜੋ ਕਦੇ ਵੀ ਧੁੰਧਲਾ ਹੋ ਸਕਦਾ ਜਾਂ ਟੁੱਟਦੇ ਤਾਰੇ ਵਾਂਗ ਪਲ ਭਰ ਚਮਕ ਆਪਣਾ ਮਰਸੀਆ ਵੀ ਪੜ੍ਹ ਸਕਦਾ। ਕਦੇ ਮਿੱਤਰਾਂ ਲਈ ਮੋਢਾ ਬਣਦਾ ਅਤੇ ਕਦੇ ਮੇਰੇ ਮਿੱਤਰ ਮੇਰੇ ਵਾਸਤੇ ਰੋਣ ਲਈ ਆਪਣਾ ਮੋਢਾ ਦਿੰਦੇ। ਕਈ ਵਾਰ ਮਿੱਤਰ ਦੇ ਮੋਢੇ `ਤੇ ਸਿਰ ਰੱਖ ਕੇ ਦਰਦਾਂ ਦੀ ਕਹਾਣੀ ਸੁਣਾਈ। ਇਸ ਦਰਦ ਵਿਚੋਂ ਆਪਣੇ ਆਪ ਨੂੰ ਪੀੜਤ ਹੋਇਆ ਦੇਖਣਾ ਅਤੇ ਫਿਰ ਖ਼ੁਦ ਹੀ ਮਰ੍ਹਮ ਬਣਨ ਦੀ ਕੋਸ਼ਿਸ਼ ਕਰਨਾ, ਇਹ ਮੈਂ ਤੋਂ ਮੈਂ ਦੇ ਸਫ਼ਰ ਦਾ ਆਰੰਭ ਬਣ ਜਾਂਦਾ।
ਮੈਂ ਬਾਹਰ ਵੀ ਵਸਦਾ ਅਤੇ ਅੰਦਰਲੀ ਦੁਨੀਆਦਾਰੀ ਵਿਚ ਖੁ਼ਦ ਦੀ ਸੰਗਤ। ਰਿਸ਼ਤੇਦਾਰੀਆਂ ਦੀ ਕੜਵਾਹਟ ਅਤੇ ਸਬੰਧਾਂ ਵਿਚ ਪੈਦਾ ਹੋਈ ਬੇਭਰੋਸਗੀ ਦਾ ਸਬੱਬ ਵੀ। ਨੈਣਾਂ ਵਿਚ ਤੈਰਦੇ ਸੁਪਨਿਆਂ ਦਾ ਆਧਾਰ ਵੀ ਅਤੇ ਕਦੇ ਸੁਪਨਿਆਂ ਦੇ ਕਤਲ ਦਾ ਦੋਸ਼ੀ ਵੀ। ਕਦੇ ਸੁਪਨੇ ਵੀ ਉਣਦਾ ਪਰ ਕਦੇ ਇਨ੍ਹਾਂ ਦੀ ਉਧੇੜ-ਬੁਣ ਵਿਚ ਸਾਹਾਂ ਦੀ ਕੰਗਾਲੀ ਵੀ ਹੰਢਾਉਂਦਾ।
ਮੈਂ ਸਦਾ ਅਧੂਰਾ ਕਦੇ ਨਹੀਂ ਵੀ ਪੂਰਾ। ਮੇਰਾ ਇਹ ਖ਼ਾਲੀਪਣ ਵੀ ਕਈ ਵਾਰ ਮੇਰੇ ਜਿਊਣ ਦਾ ਆਧਾਰ। ਵਿਰਲਾਂ ਤੇ ਵਿੱਥਾਂ ਹੀ ਹੁੰਦੀਆਂ ਜਿਹੜੀਆਂ ਕਈ ਵਾਰ ਰਾਹਤ ਵੀ ਬਣਦੀਆਂ ਅਤੇ ਇਨ੍ਹਾਂ ਰਾਹੀਂ ਚਾਨਣ-ਕਿਰਨਾਂ ਅੰਦਰ ਵਸਦੀ ਦਰਦ-ਨਗਰੀ ਲਈ ਚਾਨਣ ਦਾ ਤਰੌਂਕਾ ਵੀ ਦਿੰਦੀਆਂ। ਕਦੇ ਕਦਾਈਂ ਇਸ ਦੀ ਕੁਝ ਭਰਪਾਈ ਵੀ ਕਰਦਾ ਕਿਉਂਕਿ ਬਹੁਤ ਔਖ਼ਾ ਹੁੰਦਾ ਏ ਸਾਰੀ ਉਮਰ ਅਧੂਰੇਪਣ ਨੂੰ ਗਲੇ ਲਗਾ ਕੇ ਜਿਊਣ ਦਾ ਅਡੰਬਰ ਕਰਨਾ, ਹਉਕਾ ਵੀ ਨਾ ਭਰਨਾ ਅਤੇ ਸਾਹਾਂ ਨੂੰ ਸਿਉਂਕਣ ਤੋਂ ਵੀ ਬਚਾਉਣਾ। ਆਪਣੇ ਆਪ ਤੋਂ ਬੰਦਾ ਖ਼ੁਦ ਨੂੰ ਕਿਵੇਂ ਬਚਾਵੇ? ਕਿਹੜੇ ਕੋਠੇ ਚੜ੍ਹ ਕੇ ਰੌਲ਼ਾ ਪਾਵੇ, ਆਪਣਾ ਦੁਖੜਾ ਸੁਣਾਵੇ। ਖ਼ੁਦ ਦੀ ਆਵਾਜ਼ ਨੇ ਪੱਥਰਾਂ ਨਾਲ ਟਕਰਾਅ ਕੇ ਖ਼ੁਦ ਤੀਕ ਪਰਤ ਆਉਣਾ ਹੁੰਦਾ ਅਤੇ ਇਸ ਆਵਾਜ਼ ਨੇ ਆਵਾਜ਼ਾਰੀ ਦਾ ਅਜਿਹਾ ਮੰਜ਼ਰ ਸਿਰਜਣਾ ਹੁੰਦਾ ਕਿ ਜ਼ਿੰਦਗੀ ਦੀ ਤੌਹੀਨ ਵਿਚੋਂ ਵੀ ਜ਼ਿੰਦਗੀ ਨੂੰ ਸੂਹੇ ਅਰਥਾਂ ਦੀ ਤਸ਼ਬੀਹ ਦੇਣੀ ਪੈਂਦੀ।
ਮੈਂ ਬੜੀ ਕੋਸ਼ਿਸ਼ ਕਰਦਾਂ ਕਿ ਖ਼ੁਦ ਨੂੰ ਸ਼ਬਦਾਂ ਵਿਚ ਉਲਥਾਵਾਂ। ਅਰਥਾਂ ਵਿਚ ਸਮਾ ਜਾਵਾਂ। ਹਰਫ਼ਾਂ ਦੀ ਲੋਅ ਬਣ ਜਾਵਾਂ ਅਤੇ ਵਰਕਿਆਂ `ਤੇ ਵਿਛ ਜਾਵਾਂ ਪਰ ਕੀ ਕਰਾਂ ਮੇਰੀ ਜ਼ਿੰਦਗੀ ਦੀ ਬੇਰੁਖ਼ੀ ਹੀ ਮੇਰੇ ਹਰਫ਼ਾਂ ਦੇ ਮੇਚ ਨਹੀਂ ਆਉਂਦੀ ਅਤੇ ਮੈਂ ਖ਼ੁਦ ਵਿਚ ਖ਼ੁਦ ਨੂੰ ਮਨਫ਼ੀ ਕਰ ਕੇ ਹਰਫ਼ਾਂ ਦੀ ਦਰਗਾਹ `ਤੇ ਚਿਰਾਗ ਜਗਾਉਂਦਾ ਤੇ ਮੰਨਤਾਂ ਵੀ ਮੰਗਦਾਂ ਪਰ ਇਹ ਸਭ ਮੇਰੇ ਜੀਵਨ ਨੂੰ ਹੋਰ ਬੇਖ਼ੁਦੀ, ਬੇਗਾਨਗੀ, ਬੇਅਰਥਤਾ ਅਤੇ ਬੇਕਦਰੀ ਨਾਲ ਭਰ ਜਾਂਦੀਆਂ ਤੇ ਆਪਣੇ ਊਣੇਪਣ ਤੋਂ ਅੱਕਿਆ ਖੁ਼ਦ ਵਿਚੋਂ ਖ਼ੁਦ ਨੂੰ ਹੀ ਸਮੇਟਣ ਦੀ ਅਦਨੀ ਜਿਹੀ ਕੋਸ਼ਿਸ਼ ਦਾ ਮਿਲਣ ਬਿੰਦੂ ਬਣ ਕੇ ਰਹਿ ਜਾਂਦਾ।
ਮੈਂ ਸਮੁੱਚੀ ਕਾਇਨਾਤ ਦਾ ਕਿਣਕਾ ਵੀ ਨਹੀਂ। ਕੀ ਹੈ ਮੇਰੀ ਹਸਤੀ? ਮੈਂ ਕਿਵੇਂ ਚੌਗਿਰਦੇ ਨੂੰ ਪ੍ਰਭਾਵਿਤ ਕਰ ਸਕਦਾਂ? ਮੇਰੇ ਹਿੱਸੇ ਦਾ ਅਸਮਾਨ ਵੀ ਤਾਂ ਮੇਰਾ ਨਹੀਂ। ਮੇਰੇ ਹਿੱਸੇ ਤਾਂ ਸਾਢੇ ਤਿੰਨ ਹੱਥ ਜ਼ਮੀਨ ਹੀ ਆਵੇਗੀ। ਫਿਰ ਇਸ ਮਿੱਟੀ ਨੇ ਹਵਾ ਵਿਚ ਮਿਲ ਕੇ ਮਿੱਟੀ ਹੀ ਬਣ ਜਾਣਾ। ਕਾਹਦਾ ਹੰਕਾਰ? ਕਾਹਦਾ ਗ਼ਰੂਰ? ਕਿਉਂ ਫ਼ਤੂਰ? ਕਿਸ ਚੀਜ਼ ਦਾ ਸਰੂਰ? ਕੌਣ ਏ ਇਥੇ ਹਜ਼ੂਰ ਜਿਸ ਨੇ ਰਹਿਣੈ ਤਾਅ-ਕਾਇਨਾਤ ਵਿਚ ਜਖਰੂਰ? ਇਹ ਤਾਂ ਅਜਿਹਾ ਨੂਰ ਜੋ ਹਰ ਮਨੁੱਖ ਵਿਚ ਰੌਸ਼ਨੀ ਦਾ ਜਾਗ ਲਾਉਂਦਾ। ਜ਼ਿੰਦਗੀ ਤਾਂ ਕਿਣਕੇ ਤੋਂ ਕਿਣਕੇ ਤੀਕ ਦਾ ਸਫ਼ਰ ਅਤੇ ਇਸ ਸਫ਼ਰ ਵਿਚ ਵੀ ਜੇ ਅਸੀਂ ਸਿਰਫ਼ ਮੈਂ ਦਾ ਹੀ ਰਾਗ ਅਲਾਪਦੇ ਰਹੇ, ਖ਼ੁਦ ਨੂੰ ਨਿਹਾਰਦੇ ਰਹੇ ਅਤੇ ਖੁ਼ਦਦਾਰੀ ਨੂੰ ਨਾ ਵਿਸਾਰਦੇ ਰਹੇ ਜਾਂ ਆਪਣੀ ਹਊਮੈ ਨੂੰ ਨਾ ਨਕਾਰਦੇ ਰਹੇ ਤਾਂ ਇਹ ਸਫ਼ਰ ਵੀ ਸਿਰਫ਼ ਸਾਹਾਂ ਦੀ ਗਿਣਤੀ ਹੋਣਾ। ਜੇ ਸਾਹਾਂ ਦੀ ਸੌਗਾਤ ਨੂੰ ਮਨੁੱਖੀ ਸੌਗਾਤ ਤੇ ਸੁਗੰਧ ਦਾ ਸਿਰਨਾਵਾਂ ਬਣਾ ਲਵਾਂਗੇ ਤਾਂ ਹੀ ਮੈਂ ਨੇ ਮਨਫ਼ੀ ਹੋਣਾ। ਮੈਂ ਵਿਚੋਂ ਮੇਰਾ ਨਹੀਂ ਸਗੋਂਂ ਤੇਰਾ ਤੇਰਾ ਦਾ ਨਾਦ ਗੂੰਜੇਗਾ।
ਮੈਂਂ ਤਾਂ ਸਿਰਫ਼ ਮਨ ਦਾ ਭਾਰ ਹੀ ਢੋਂਦਾ ਜਦ ਖ਼ੁਦ ਨੂੰ ਕਦੇ ਅਧਿਆਪਕ, ਕਦੇ ਲੇਖਕ, ਕਦੇ ਬਾਪ ਜਾਂ ਪਤੀ ਸਮਝਦਾ। ਇਹ ਤਾਂ ਸਮਾਜਿਕ ਰੋਲ ਨੇ ਜਿਹੜੇ ਮਨੁੱਖ ਨੇ ਜਿਊਣ ਲਈ ਅਤੇ ਸਮਾਜ ਦਾ ਹਿੱਸਾ ਬਣਦਿਆਂ ਨਿਭਾਉਣੇ ਨੇ। ਅਸੀਂ ਇਨ੍ਹਾਂ ਭੂਮਿਕਾਵਾਂ ਵਿਚ ਇੰਨਾ ਗਵਾਚ ਜਾਂਦੇ ਹਾਂ ਕਿ ਸਾਨੂੰ ਖੁ਼ਦ ਦੀ ਹੀ ਕੋਈ ਸਾਰ ਨਾ ਰਹਿੰਦੀ ਅਤੇ ਆਪਣੇ ਤੋਂ ਹੀ ਦੂਰੀ ਬਣਾ ਕੇ ਅਸਾਵੀਂ ਜੀਵਨ ਜਾਚ ਰਾਹੀਂ ਆਪਣੇ ਅੰਤਰੀਵ ਨੂੰ ਕਦੇ ਗੰਧਲਾ ਕਰਦੇ, ਕਦੇ ਇਸ ਵਿਚ ਚਿੱਕੜ ਸੁੱਟਦੇ ਤੇ ਇਸ ਦੀ ਪਾਕੀਜ਼ਗੀ ਨੂੰ ਮਲੀਨ ਕਰਦੇ। ਕਦੇ ਇਸ ਵਿਚ ਆ ਰਹੀਆਂ ਚਾਨਣ ਕਿਰਨਾਂ ਨੂੰ ਰੋਕਣ ਲਈ ਝੀਤਾਂ ਬੰਦ ਕਰਨ ਲਈ ਅਹੁਲਦੇ। ਯਾਦ ਰੱਖਣਾ ਚਾਹੀਦਾ ਹੈ ਕਿ ਸਿਰਫ਼ ਕੰਧਾਂ ਤਾਂ ਜੇਲ੍ਹ ਬਣਾਉਂਦੀਆਂ ਜਦਕਿ ਕੰਧਾਂ ਵਿਚ ਰੱਖੀਆਂ ਖਿੜਕੀਆਂ ਅਤੇ ਰੌਸ਼ਨਦਾਨ ਇਸ ਨੂੰ ਕਮਰਾ ਬਣਾਉਂਦੇ ਜਿਹੜਾ ਜਾਗਦਾ, ਸੌਂਦਾ, ਹੱਸਦਾ, ਹਸਾਉਂਦਾ, ਖੇਡਦਾ, ਖਿਡਾਉਂਦਾ। ਇਸ ਵਿਚ ਧੜਕਦਾ ਏ ਜੀਵਨ ਅਤੇ ਇਸ ਵਿਚ ਰੰਗਲੀਆਂ ਬਹਾਰਾਂ, ਸੂਹੇ ਵਕਤ ਅਤੇ ਚਾਨਣੀਆਂ ਰਾਤਾਂ ਦਾ ਆਵਾਗੌਣ ਨਿਰੰਤਰ ਜਾਰੀ ਰਹਿੰਦਾ।
ਮੈਂ ਕਦੇ ਕਿਸੇ ਕਿਰਤ ਵਿਚੋਂ ਆਪਣਾ ਮੁਹਾਂਦਰਾ ਦੇਖਦਾਂ, ਕਦੇ ਕਿਸੇ ਚਿੱਤਰ ਵਿਚੋਂ ਆਪਣੇ ਨਕਸ਼ ਪਛਾਣਦਾਂ, ਕਦੇ ਕਿਸੇ ਜਾਣਕਾਰ ਵਿਚੋਂ ਖ਼ੁਦ ਨੂੰ ਕਿਆਸਦਾਂ, ਕਦੇ ਕਿਸੇ ਮਿੱਤਰ ‘ਚੋਂ ਆਪਣੀ ਕਰਮਾਂ ਦੀ ਨਿਸ਼ਾਨਦੇਹੀ ਕਰਦਾਂ, ਕਦੇ ਆਪਣੇ ਵਡੇਰਿਆਂ ਦੀ ਸੁਪਨਸਾਜ਼ੀ ਦੀ ਚਿੱਤਰਕਾਰੀ ਕਰਦਾਂ, ਕਦੇ ਹਮਜੋਲੀਆਂ ਵਿਚੋਂ ਆਪਣੀ ਕੀਰਤੀ ਨੂੰ ਨਿਹਾਰਦਾਂ ਅਤੇ ਕਦੇ ਸਮਾਜਿਕ ਤਾਣੇ-ਬਾਣੇ ਵਿਚੋਂ ਰਿਸ਼ਤਿਆਂ ਦੀ ਪਛਾਣ ਕਰਦਾਂ ਅਤੇ ਕਦੇ ਸਬੰਧਾਂ ਦੀਆਂ ਮਹੀਨ ਤੰਦਾਂ ਦੀ ਤਿੜਕਣ ਕਾਰਨ ਅੰਦਰ ਵਿਚੋਂ ਉਠੀ ਚੀਸ ਮਾਣਦਾਂ ਪਰ ਇਸ ਸਭ ਕੁਝ ਵਿਚ ਮੈਂ ਤਾਂ ਕਿਧਰੇ ਵੀ ਹਾਜ਼ਰ ਨਹੀਂ ਹੁੰਦਾ। ਕਿਸੇ ਦੂਸਰੇ ਦੇ ਨਕਸ਼ਾਂ ਵਿਚੋਂ ਖ਼ੁਦ ਦੀ ਪਛਾਣ ਨੂੰ ਸਿਰਜਣਾ, ਕਿਵੇਂ ਖੁ਼ਦ ਦਾ ਸੰਕਲਪ ਬਣ ਸਕਦਾਂ। ਇਸ ਲਈ ਮੈਂ ਅਕਸਰ ਹੀ ਸਦਾ ਗ਼ੈਰ-ਹਾਜ਼ਰ ਹੀ ਰਹਿੰਦਾਂ।
ਮੈਂ ਸਦਾ ਹੀ ਬਾਹਰਲੇ ਲੋਕਾਂ ਨੂੰ ਵਾਚਦਾਂ, ਉਨ੍ਹਾਂ ਦੇ ਵਰਤੋਂ ਵਿਹਾਰ ਵਿਚੋਂ ਸਿਰਫ਼ ਉਨ੍ਹਾਂ ਦੇ ਬੇਰੂਪ ਨੂੰ ਲੱਭਣ ਵਿਚ ਉਮਰ ਗਵਾ ਦਿੰਦਾ ਹਾਂ। ਕਿਸੇ ਦੀਆਂ ਨਾਕਾਮੀਆਂ ਤੋਂ ਖੁਸ਼ੀ, ਕਿਸੇ ਦੀ ਅਸਫ਼਼ਲਤਾ ਵਿਚੋਂ ਸਕੂਨ, ਕਿਸੇ ਦੇ ਸੁਪਨਿਆਂ ਦੀ ਅੱਖ ਵਿਚਲੇ ਖ਼ਾਰੇ ਪਾਣੀ ਤੋਂ ਤਸੱਲੀ ਅਤੇ ਕਦੇ ਕਿਸੇ ਦੇ ਤਿਲਕਣ ਵਿਚੋਂ ਖੁ਼ਦ ਨੂੰ ਅੰਬਰ ਦਾ ਹਾਣੀ ਸਮਝਣ ਲੱਗਦਾਂ ਪਰ ਮੈਂ ਆਪਣੇ ਆਪ ਨੂੰ ਤਾਂ ਕਦੇ ਮਿਲਦਾ ਹੀ ਨਹੀਂ। ਖ਼ੁਦ ਨੂੰ ਤਾਂ ਕਦੇ ਦੇਖਦਾ ਹੀ ਨਹੀਂ, ਨਾ ਹੀ ਪੜ੍ਹਦਾ ਹਾਂ, ਨਾ ਹੀ ਸਮਝਦਾ ਹਾਂ ਅਤੇ ਨਾ ਹੀ ਨੀਝ ਨਾਲ ਨਿਹਾਰਦਾਂ। ਆਪਣੀਆਂ ਪਰਤਾਂ ਵਿਚੋਂ ਛੁਪੇ ਉਸ ਆਪੇ ਨੂੰ ਕਦੇ ਪਾਰਦਰਸ਼ੀ ਅੱਖ ਨਾਲ ਨਹੀਂ ਦੇਖਿਆ, ਜਿਸ ਦੀਆਂ ਪਰਤਾਂ ਵਿਚ ਜੀਵਨ ਦੇ ਉਹ ਕਰੂਰ ਰੂਪ ਹਨ, ਜਿਨ੍ਹਾਂ ਤੋਂ ਪਰਦਾਦਾਰੀ ਕਰਨ ਲਈ ਖ਼ੁਦ ਦੇ ਰੂਬਰੂ ਹੋਣਾ ਅਤੇ ਖ਼ੁਦ ਨੂੰ ਖੁ਼ਦ ਦੇ ਸਾਹਵੇਂ ਖੁੱਲ੍ਹੀਆਂ ਅੱਖਾਂ ਨਾਲ ਦੇਖਣਾ ਬਹੁਤ ਜ਼ਰੂਰੀ ਹੁੰਦਾ।
ਮੈਂ ਉਹ ਨਹੀਂ ਜੋ ਲੋਕ ਸਮਝਦੇ ਨੇ, ਜਿਹੜਾ ਅਕਸ ਮੇਰੇ ਜਾਣਕਾਰਾਂ ਵਿਚ ਹੈ, ਜਿਹੜੀ ਤਵੱਕੋਂ ਮੇਰੇ ਆਪਣੇ ਕਰਦੇ ਨੇ ਅਤੇ ਜਿਹੜੀ ਰੰਗਤਾ ਵਿਚ ਖ਼ੁਦ ਨੂੰ ਬਹਾਰੋਂ ਰੰਗਿਆ ਹੈ। ਮੈਂ ਤਾਂ ਬਹਤੁ ਛੋਟਾ ਤੇ ਅਦਨਾ ਜਿਹਾ ਸ਼ਖਸ ਹਾਂ ਜਿਹੜਾ ਖ਼ੁਦ ਵਿਚੋਂ ਖ਼ੁਦ ਨੂੰ ਲੱਭਦਾ-ਲੱਭਦਾ ਹੀ ਗਵਾਚ ਗਿਆ ਹਾਂ। ਖ਼ੁਦ ਦੀ ਭਾਲ ਵਿਚ ਤੁਰਨਾ ਹੀ ਦਰਅਸਲ ਜੀਵਨ ਦਾ ਉਹ ਮਕਸਦ ਹੁੰਦਾ ਹੈ, ਜਿਸ ਤੋਂ ਹਰ ਮਨੁਖ ਹੀ ਅਵੇਸਲਾ ਹੈ। ਇਸ ਨੂੰ ਆਪਣੀ ਤਰਜੀਹ ਬਣਾਉਣਾ ਹੀ ਮਨੁੱਖ ਦੀ ਅਸਲੀ ਅੰਤਰੀਵ ਯਾਤਰਾ ਦਾ ਸ਼ੁੱਭ ਆਰੰਭ ਹੈ ਅਤੇ ਇਸ ਨੂੰ ਜਿੰਨੀ ਜਲਦੀ ਸ਼ੁਰੂ ਕਰ ਲਿਆ ਜਾਵੇ ਉਨਾ ਹੀ ਚੰਗਾ ਹੈ।
ਮੈਂ ਤੋਂ ਮੈਂ ਤੀਕ ਦੇ ਸਫ਼ਰ ਦੌਰਾਨ ਸਭ ਤੋਂ ਅਹਿਮ ਹੁੰਦਾ ਹੈ ਖੁ਼ਦ ਹੀ ਖ਼ੁਦ ਸਮਰੂਪ ਬਣ ਜਾਣਾ। ਖ਼ੁਦ ਵਿਚੋਂ ਖ਼ੁਦ ਨੂੰ ਸਮੇਟਣਾ। ਖ਼ੁਦ ਹੀ ਆਪਣੀ ਜਾਮਾਤਲਾਸ਼ੀ ਕਰਨੀ। ਖ਼ੁਦ ਦੀਆਂ ਕਮੀਆਂ, ਕੁਤਾਹੀਆਂ, ਕਮੀਨਗੀਆਂ, ਕੁਰੀਤੀਆਂ ਨੂੰ ਮਿਟਾ ਕੇ ਕਿਰਨ-ਜੋਤ ਨੂੰ ਜਗਾਉਣਾ। ਆਪਣੇ ਉਸ ਰੂਪ ਨੂੰ ਉਜਿਆਰਾ ਕਰਨਾ, ਜਿਸ ਤੋਂ ਅਸੀਂ ਵੀ ਬੇਮੁਖ ਹੁੰਦੇ ਹਾਂ। ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਿਹੜੀਆਂ ਕੁਦਰਤੀ ਨਿਆਮਤਾਂ ਨਾਲ ਵਰੋਸਾਏ ਹਾਂ? ਕਿਹੜੀਆਂ ਬਖਸ਼ਿਸ਼ਾਂ ਸਾਡਾ ਹਾਸਲ ਨੇ? ਕਿਹੜੀ ਅਮੀਰੀ ਜੱਗ-ਜ਼ਾਹਰ ਹੋਣੀ ਬਾਕੀ ਏ? ਸਾਡੇ ਅੰਦਰ ਦਾ ਅਮੁੱਕ ਖ਼ਜ਼ਾਨਾ ਹੀ ਸਾਡੀ ਹਯਾਤੀ ਨੂੰ ਨਵਾਂ ਸਿਰਲੇਖ ਤੇ ਲਕਸ਼ ਦੇਣ ਦੇ ਕਾਬਲ ਹੋਵੇਗਾ।
ਮੈਂ ਸਦਾ ਖ਼ੁਦ ਤੋਂ ਹੀ ਬੇਖ਼ਬਰ ਰਿਹਾ ਹਾਂ। ਦਰਅਸਲ ਮੈਂ ਸਾਰੀ ਉਮਰ ਉਹੀ ਕਰਦਾ ਰਿਹਾ ਹਾਂ, ਜੋ ਮੈਂ ਨਹੀਂ ਅਤੇ ਜੋ ਮੈਂ ਹਾਂ ਉਹ ਸਦਾ ਗੁਪਤ ਹੀ ਰਿਹਾ। ਇਸ ਲਈ ਜ਼ਰੂਰੀ ਹੈ ਕਿ ਹੁਣ ਮੈਂ ਉਸ ਰੂਪ ਨੂੰ ਹੀ ਉਜਾਗਰ ਕਰਾਂ ਜੋ ਮੈਂ ਹਾਂ। ਅੰਦਰੋਂ-ਬਾਹਰੋਂ ਇਕਸੁਰ, ਇਕਸਾਰ, ਇਕਸੀਰਤ ਅਤੇ ਇਕਸੁਰਤ। ਇੱਕਮਿਕਤਾ ਵਿਚ ਇਕਰੂਹਾ।
ਮੈਂ ਬਹੁਤੀ ਵਾਰ ਆਪਣੇ ਹਰਫ਼ਾਂ ਨੂੰ ਹੀ ਆਪਣੇ ਮੇਚ ਕਰਦਾ ਰਿਹਾ ਪਰ ਜ਼ਰੂਰੀ ਸੀ ਕਿ ਮੈਂ ਖੁਦ ਆਪਣੇ ਹਰਫ਼ਾਂ ਦੇ ਹਾਣ ਦਾ ਹੁੰਦਾ ਅਤੇ ਇਨ੍ਹਾਂ ਦੇ ਅਰਥਾਂ ਰਾਹੀਂ ਖ਼ੁਦ ਨੂੰ ਵਿਕਸਿਤ ਕਰਦਾ ਅਤੇ ਨਵਾਂ ਵਿਸਥਾਰ ਦਿੰਦਾ ਪਰ ਬੌਣਾ ਵਿਅਕਤੀ ਸ਼ਬਦਾਂ ਦੀ ਅਸੀਮਤਾ ਦੇ ਕਿਵੇਂ ਮੇਚ ਆ ਸਕਦਾ। ਫਿਰ ਹਰਫ਼ਾਂ ਦੀ ਤਰਾਸਦੀ `ਤੇ ਬਹੁਤ ਦੁਖ ਹੁੰਦਾ ਕਿ ਉਹ ਅਜਿਹੇ ਅਰਥਾਂ ਲਈ ਆਪਣੀ ਅਸੀਮਤਾ ਨੂੰ ਸੀਮਤ ਕਰ ਰਹੇ ਨੇ ਜਿਨ੍ਹਾਂ ਦਾ ਕੋਈ ਵਜੂਦ ਹੀ ਨਹੀਂ।
ਮੈਂ ਤਾਂ ਐਂਵੇਂ ਹੀ ਆਪਣੀ ਕਮ-ਅਕਲੀ ਦਾ ਮੁਜ਼ਾਹਰਾ ਕਰਨ ਵਿਚ ਗਵਾਚਿਆ ਰਿਹਾ। ਕਦੇ ਸੋਚਿਆ ਹੀ ਨਹੀਂ ਕਿ ਕੁਦਰਤ ਦੀ ਅਸੀਮਤਾ, ਸੁੰਦਰਤਾ, ਵਿਲੱਖਣਤਾ ਅਤੇ ਵਿਕਲੋਤਰੇਪਣ ਨੂੰ ਮੇਰੇ ਵਰਗੇ ਦਾ ਸੀਮਤ ਗਿਆਨ ਕਿਵੇਂ ਸਮਝ ਸਕਦਾ? ਅਣਗਿਣਤ ਸੂਰਜਾਂ, ਤਾਰਿਆਂ, ਮੰਡਲਾਂ, ਗ੍ਰਹਿਆਂ, ਧਰਤੀਆਂ ਆਦਿ ਨੂੰ ਸੀਮਤ ਅਕਲ ਸਮਝ ਸਕਦੀ? ਸਮੁੰਦਰਾਂ, ਪਹਾੜਾਂ, ਦਰਿਆਵਾਂ, ਜੰਗਲ-ਬੇਲਿਆਂ ਵਿਚ ਵਸਦੇ ਸਮੂਹ ਜੀਵ-ਸੰਸਾਰ ਦਾ ਕੌਣ ਥਾਹ ਪਾ ਸਕਦਾ? ਕੌਣ ਮਨੁੱਖੀ ਸਰੀਰ ਦੇ ਬੇਅੰਤ ਸੈੱਲਾਂ ਅਤੇ ਉਨ੍ਹਾਂ ਵਿਚ ਹੋ ਰਹੀਆਂ ਕਿਰਿਆਵਾਂ ਨੂੰ ਪੂਰਨ ਰੂਪ ਵਿਚ ਸਮਝ ਕੇ ਖ਼ੁਦ ਨੂੰ ਕੁਦਰਤੀ ਗਿਆਨ ਦੇ ਬਰਾਬਰ ਕਰ ਸਕਦਾ? ਮਨੁੱਖ ਕਿੰਨਾ ਵੀ ਸਿਆਣਾ ਹੋ ਜਾਵੇ ਪਰ ਉਸ ਦੀ ਅਕਲ ਨੇ ਸੀਮਤ ਹੀ ਰਹਿਣਾ।
ਮੈਂ ਕਦੇ ਇਹ ਸੋਚਿਆ ਹੀ ਨਹੀਂ ਕਿ ਮੇਰੇ ਕਾਰ-ਵਿਹਾਰ, ਆਚਾਰ, ਗੁਫ਼ਤਾਰ, ਰਫ਼ਤਾਰ ਅਤੇ ਸਦਾਚਾਰ ਵਿਚ ਹਮੇਸ਼ਾ ਹੀ ਮੈਂ ਪਾਸਕੂੰ ਰਿਹਾ। ਇਸ ਵਿਚ ਕਦੇ ਆਪਣਿਆਂ ਦਾ ਮੋਹ, ਕਦੇ ਪਰਾਇਆਂ ਪ੍ਰਤੀ ਬੇਗ਼ਾਨਗੀ। ਕਦੇ ਕਿਸੇ ਨੂੰ ਲਾਹਾ ਦੇਣ ਦਾ ਖ਼ਿਆਲ ਅਤੇ ਕਦੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਭਰਮ। ਕਦੇ ਖੁ਼ਦ ਨੂੰ ਉੱਚਾ ਸਮਝਣਾ ਅਤੇ ਕਦੇ ਦੂਸਰੇ ਨੂੰ ਨੀਵਾਂ ਸਮਝਣ ਦੀ ਬੇਵਕੂਫ਼ੀ। ਕਦੇ ਆਪਣੀ ਸਿਆਣਪ ਨੂੰ ਵਡੇਰਾ ਸਮਝਣਾ ਅਤੇ ਕਿਸੇ ਦੀ ਘੱਟ ਅਕਲ ਦਾ ਮਜ਼ਾਕ ਉਡਾਉਣਾ। ਇਸ ਪਾਸਕੂੰ ਨੇ ਹੀ ਮੈਨੂੰ ਮੈਂ ਦੇ ਉਸ ਰੂਪ ਵਿਚ ਜੱਗ ਸਾਹਵੇਂ ਵਿਚਰਨ ਤੋਂ ਰੋਕਿਆ ਜੋ ਮੈਂ ਅਸਲੀਅਤ ਵਿਚ ਹਾਂ।
ਮੈਂ ਕਦੇ ਮੈਂ ਨਾਲ ਇਕਰਾਰ ਕਰਦਾ ਹਾਂ, ਕਦੇ ਇਨਕਾਰ ਕਰਦਾ ਹਾਂ। ਕਦੇ ਤਕਰਾਰ ਕਰਦਾ ਹਾਂ, ਕਦੇ ਵਿਚਾਰ ਕਰਦਾ ਹਾਂ। ਕਦੇ ਹਾਰ ਮੰਨਦਾ ਹਾਂ ਅਤੇ ਕਦੇ ਜਿੱਤ ਜਾਂਦਾ ਹਾਂ। ਕਦੇ ਪਿੱਛੇ ਰਹਿਨਾ ਵਾਂ, ਕਦੇ ਅੱਗੇ ਲੰਘਦਾ ਹਾਂ। ਕਦੇ ਮੈਂ ਪੈੜ੍ਹ ਬਣਦਾ ਹਾਂ ਕਦੇ ਪੜਾਅ ਬਣ ਜਾਂਦਾ। ਕਦੇ ਛਾਵਾਂ ਬਣਦਾ ਹਾਂ ਤੇ ਕਦੇ ਧੁੱਪਾਂ ਬਣਦਾ ਹਾਂ। ਕਦੇ ਮੱਸਿਆ ਦੀ ਰਾਤ ਬਣਦਾ ਤੇ ਕਦੇ ਪੁੰਨਿਆ ਦਾ ਚੰਨ ਹੁੰਦਾ ਹਾਂ। ਕਦੇ ਸਰਘੀ ਦਾ ਵੇਲਾ ਅਤੇ ਕਦੇ ਸ਼ਾਮ ਦਾ ਘੁਸਮੁਸਾ ਹੁੰਦਾ ਹਾਂ। ਕਦੇ ਮੈਂ ਫੁੱਲ ਬਣਦਾ ਹਾਂ ਤੇ ਕਦੇ ਖ਼ਾਰ ਬਣ ਜਾਂਦਾ ਹਾਂ। ਕਦੇ ਮੈਂ ਬਹਾਰਾਂ ਦਾ ਨਿਉਂਦਾ ਅਤੇ ਕਦੇ ਖ਼ਿਜ਼ਾਂ ਦਾ ਹਾਰ ਬਣ ਜਾਂਦਾ ਹਾਂ। ਕਦੇ ਮੈਂ ਸਾਹਾਂ ਦੀ ਉਸਤਤੀ ਹੁੰਦਾ ਅਤੇ ਕਦੇ ਸਾਹਾਂ ਦਾ ਸਰਾਪ ਹੁੰਦਾ ਹਾਂ। ਕਦੇ ਮੈਂ ਪੁੰਨ ਦੀ ਦਾਤ ਵਰਗਾ ਅਤੇ ਕਦੇ ਮੈਂ ਕਰਿਆ ਪਾਪ ਹੁੰਦਾ ਹਾਂ। ਕਦੇ ਅੱਖ ਦਾ ਉਨੀਂਦਰਾ ਬਣਾਂ ਅਤੇ ਕਦੇ ਨੀਂਦ ‘ਚ ਖ਼ਾਬ ਹੁੰਦਾ ਹਾਂ। ਕਦੇ ਮੈਂ ਆਪਣੇ ਤੋਂ ਅਲਵਿਦਾ ਅਤੇ ਕਦੇ ਖੁ਼ਦ ਨਾਲ ਮਿਲਾਪ ਹੁੰਦਾ ਹਾਂ।
ਮੈਂ ਤਾਂ ਮੈਂ ਤੋਂ ਮੁਨਕਰੀ ਅਤੇ ਕਦੇ ਮੈਂ, ਮੈਂ ਦਾ ਮਾਣ ਹੁੰਦਾ ਹਾਂ। ਕਦੇ ਮੈਂ ਲਈ ਬੁਰਕੀ ਬਣਦਾ ਅਤੇ ਕਦੇ ਭੁੱਖ ਦੀ ਮਾਰ ਹੁੰਦਾ ਹਾਂ। ਕਦੇ ਮੈਂ, ਮੈਂ ਤੋਂ ਮੁਕਤੀ ਚਾਹੁੰਨਾ ਤੇ ਕਦੇ ‘ਮੈਂ’ ਦਾ ਗੁਲਾਮ ਬਣਦਾ ਹਾਂ। ਕਦੇ ਮੈਂ ਮੈਨੂੰ ਖਾ ਜਾਂਦੀ ਅਤੇ ਕਦੇ ਮੈਂ ਦਾ ਮੁਕਾਮ ਹੁੰਦਾ ਹਾਂ। ਕਦੇ ਮੈਂ ਮੋਹਣੀ ਹੁੰਦੀ ਅਤੇ ਕਦੇ ਮੈਂ ਮਰਨਹਾਰੀ ਦਾ ਸੋਗ ਹੁੰਦਾ ਹਾਂ। ਕਦੇ ਮੈਂ, ਮੈਂ ਦਾ ਰੋਗੀ ਹੁੰਨਾਂ, ਖ਼ੁਦ ਦਾ ਭੋਗੀ ਹੁੰਨਾਂ ਜਾਂ ਗਲੀਆਂ ਦਾ ਰਮਤਾ ਜੋਗੀ ਹੁੰਨਾਂ ਪਰ ਮੈਂ ਕਦੇ ਵੀ ਮੈਂ ਨਹੀਂ ਹੁੰਦਾ। ਮੈਂ ਤੋਂ ਮੈਂ ਵੱਲ ਨੂੰ ਤੁਰਨ ਵਾਲੇ ਆਪਣੇ ਆਪ ਦੇ ਸਭ ਤੋਂ ਕਰੀਬੀ ਮਿੱਤਰ। ਰੂਹ ਦੀਆਂ ਰਮਜ਼ਾਂ ਜਾਣਦੇ। ਖੁ਼ਦ ਦੇ ਜਾਣੂ ਅਤੇ ਗੁੱਝੇ ਭੇਤਾਂ ਦੇ ਜਾਣਕਾਰ। ਗੂੜ੍ਹ ਸਿਆਣਪਾਂ ਰਾਹੀਂ, ਉਹ ਜ਼ਿੰਦਗੀ ਨੂੰ ਜਿਊਣ ਜੋਗਾ ਕਰਦੇ। ਮੇਰੇ ਤੋਂ ਬਿਹਤਰ ਕੋਈ ਵੀ ਮੈਨੂੰ ਨਹੀਂ ਜਾਣ ਸਕਦਾ, ਸਮਝ ਸਕਦਾ, ਸਮਝਾ ਸਕਦਾ ਅਤੇ ਸੁਪਨਸ਼ੀਲਤਾ ਰਾਹੀਂ ਪਾ ਸਕਦਾ।
ਮੈਂ ਜਦ ਮੈਂ ਨਾਲ ਗੁਫ਼ਤਗੂ ਕਰਦਾਂ ਤਾਂ ਪਤਾ ਲੱਗਦਾ ਕਿ ਮੈਂ ਅਧੂਰਾ ਹਾਂ ਪਰ ਮੈਂ ਇਮਾਨਦਾਰ, ਸੰਤੁਸ਼ਟ, ਪ੍ਰਤੀਬੱਧ ਤੇ ਪਾਕੀਜ਼ ਵਿਅਕਤੀ ਹਾਂ ਜੋ ਹਰਫ਼ਾਂ ਦਾ ਛੱਟਾ ਦਿੰਦਿਆਂ, ਅਰਥਾਂ ਦੀ ਰੁਸ਼ਨਾਈ ਨੂੰ ਆਪਣਾ ਧਰਮ ਸਮਝਦਾ ਹਾਂ। ਮੈਂ ਗਲਤੀਆਂ ਵੀ ਕੀਤੀਆਂ ਹੋਣਗੀਆਂ ਕਿਉਂਕਿ ਮੈਂ, ਮੈਂ ਜੁ ਹਾਂ ਅਤੇ ਇਨ੍ਹਾਂ ਤੋਂ ਸਿੱਖ ਕੇ ਹੀ ਆਪਣੇ ਆਪ ਨੂੰ ਨਵੇਂ ਮੈਂ ਦੇ ਰੂਪ ਵਿਚ ਦੁਨੀਆ ਵਿਚ ਵਿਚਰਨ ਦੀ ਕੋਸ਼ਿਸ਼ ਕਰਦਾ ਹਾਂ।
ਮੈਂ ਜੋ ਕੁਝ ਮੈਂ ਨਾਲ ਕਰਾਂ ਆਖ਼ਰ ਨੂੰ ਤਾਂ ਮੈਂ ਵਿਚੋਂ ਮੇਰੇ ਖੁ਼ਦ ਦੇ ਦੀਦਾਰੇ ਹੀ ਹੋਣੇ ਨੇ, ਜੋ ਅਸਲ ਵਿਚ ਮੈਂ ਹੀ ਹਾਂ। ਮੈਂ ਅਕਸਰ ਹੀ ਮੈਂ ਦੇ ਸਨਮੁੱਖ ਹੋ ਕੇ ਅੰਤਰੀਵ ਦੀ ਯਾਤਰਾ `ਤੇ ਨਿਕਲਦਾ ਹਾਂ। ਮੈਂ ਤੋਂ ਮੈਂ ਤੀਕ ਦਾ ਸਫ਼ਰ ਸੁਹਾਵਾ, ਸਹਿਜਮਈ, ਸੁਖ਼ਨਮਈ ਸਾਰਥਕ ਅਤੇ ਸੰਭਾਵਨਾਵਾਂ ਭਰਪੂਰ ਹੋਵੇ ਤਾਂ ਸੁਪਨਿਆਂ ਦਾ ਸੱਚ, ਸਮਿਆਂ ਦਾ ਦਸਤਾਵੇਜ਼ ਹੁੰਦਾ ਹੈ। ਅਜਿਹੇ ਦਸਤਾਵੇਜ਼ ਦੀ ਭਾਲ ਵਿਚ ਮੈਂ ਅਕਸਰ ਹੀ ਆਪਣੀ ਮੈਂ ਨਾਲ ਸੰਵਾਦ ਰਚਾਉਂਦਾ ਰਹਿੰਦਾ ਹਾਂ।
ਕੀ ਤੁਸੀਂ ਵੀ ਕਦੇ ਆਪਣੀ ਮੈਂ ਨਾਲ ਸੰਵਾਦ ਰਚਾਇਆ ਹੈ?