ਹਰਫਨਮੌਲਾ ਲੇਖਕ ਗੁਰਬਖ਼ਸ਼ ਸਿੰਘ ਭੰਡਾਲ

ਸੁਖਰਾਜ ਸਿੰਘ ਆਈ.ਪੀ.ਐਸ.
ਡਾਕਟਰ ਗੁਰਬਖ਼ਸ਼ ਸਿੰਘ ਭੰਡਾਲ ਨੂੰ ਅਸੀਂ ਪੰਜਾਬੀ ਦਾ ਹਰਫਨਮੌਲਾ ਲੇਖਕ ਕਹਿ ਸਕਦੇ ਹਾਂ ਕਿਉਂਕਿ ਉਨ੍ਹਾਂ ਨੇ ਲੇਖਣੀ ਦੇ ਹਰੇਕ ਖੇਤਰ ਵਿਚ ਆਪਣਾ ਹੱਥ ਅਜ਼ਮਾਇਆ ਹੈ ਤੇ ਹਰੇਕ ਦਾਇਰੇ `ਤੇ ਉਨ੍ਹਾਂ ਦੀ ਕਲਮ ਨੇ ਐਸੀ ਛਾਪ ਛੱਡੀ ਹੈ ਕਿ ਉਹ ਕਲਾ, ਸੰਪੂਰਨ ਰੰਗ ਵਿਚ ਉਭਰੀ ਹੈ ਤੇ ਪਾਠਕਾਂ ਨੇ ਖੁੱਲ੍ਹੇ ਦਿਲ ਨਾਲ ਦਾਤ ਵੀ ਬਖਸ਼ੀ ਹੈ। ਇਹੋ ਜਿਹੀ ਕਾਮਯਾਬੀ ਸਾਰੇ ਲੇਖਕਾਂ ਦੇ ਨਸੀਬ ਵਿਚ ਨਹੀਂ ਹੁੰਦੀ।

ਡਾ. ਗੁਰਬਖ਼ਸ਼ ਸਿੰਘ ਭੰਡਾਲ ਪੰਜਾਬੀ ਭਾਸ਼ਾ ਦਾ ਬੇਸ਼ਕੀਮਤੀ ਕੋਹੇਨੂਰ ਹੀਰਾ ਹੈ, ਜਿਸ ਨੇ ਆਪਣੀ ਕਲਮ ਦੇ ਨੂਰ ਨੂੰ ਚਾਰੋਂ ਦਿਸ਼ਾਵਾਂ ਵਿਚ ਫੈਲਾਇਆ ਹੈ। ਦੁਨੀਆ ਦੇ ਸਾਰੇ ਸੰਵੇਦਨਸ਼ੀਲ ਵਿਸਿ਼ਆਂ `ਤੇ ਉਨ੍ਹਾਂ ਦੀ ਕਲਮ ਨੇ ਇਨਸਾਫ਼ ਕੀਤਾ ਹੈ।
ਹੁਣ ਤਕ ਡਾਕਟਰ ਸਾਹਿਬ ਨੇ 19 ਪੁਸਤਕਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿਚ ਵਾਰਤਕ, ਕਵਿਤਾ, ਸਫ਼ਰਨਾਮਾ, ਵਿਗਿਆਨ ਨਾਲ ਸਬੰਧਤ ਤਿੰਨ ਕਿਤਾਬਾਂ, `ਵਿਗਿਆਨ ਦੇ ਪਾਂਧੀ`, `ਵਿਗਿਆਨ ਦੇ ਪਸਾਰ` ਤੇ `ਗਾਡ ਪਾਰਟੀਕਲ` ਹਨ। ਵੱਖ-ਵੱਖ ਵਿਸਿ਼ਆਂ ਨੂੰ ਆਪਣੀ ਕਲਮ ਦੀ ਛੋਹ ਨਾਲ ਪਰਪੱਕਤਾ ਬਖ਼ਸ਼ਣਾ ਲੇਖਕ ਦੀ ਫਿਤਰਤ ਵਿਚ ਸਮਾਇਆ ਹੋਇਆ ਹੈ। ਇਹ ਸਲਾਹੀਅਤ ਉਨ੍ਹਾਂ ਨੂੰ ਦੂਸਰੇ ਲੇਖਕਾਂ ਨਾਲ਼ੋਂ ਵੱਖ ਕਰਦੀ ਹੈ।
ਮੈਂ ਉਨ੍ਹਾਂ ਨੂੰ ਕਲਪਨਾਵਾਂ ਦਾ ਬੇਤਾਜ ਬਾਦਸ਼ਾਹ ਕਹਿੰਦਾ ਹਾਂ। ਅੰਗਰੇਜ਼ੀ ਭਾਸ਼ਾ ਦੇ ਮਸ਼ਹੂਰ ਅਮਰੀਕੀ ਲਿਖਾਰੀ ਈ ਮਿਲਰ ਹਿੰਮਗਵੇ ਜਿਨ੍ਹਾਂ ਨੂੰ 1954 ਵਿਚ ਅੰਗਰੇਜ਼ੀ ਭਾਸ਼ਾ ਵਿਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਤੇ ਜਿਸ ਨੇ ਵੀਹਵੀਂ ਸ਼ਤਾਬਦੀ
ਦੀ ਫਿਕਸ਼ਨ `ਤੇ ਬਹੁਤ ਪ੍ਰਭਾਵ ਪਾਇਆ, ਉਨ੍ਹਾਂ ਨੂੰ ਕਲਪਨਾਵਾਂ ਦਾ ਧਨੀ ਕਿਹਾ ਜਾਂਦਾ ਸੀ। ਉਸੇ ਤਰ੍ਹਾਂ ਡਾ. ਗੁਰਬਖ਼ਸ਼ ਸਿੰਘ ਭੰਡਾਲ ਵੀ ਕਲਪਨਾਵਾਂ ਦੇ ਮਾਹਿਰ ਹਨ। ਉਨ੍ਹਾਂ ਦੀ ਹਰ ਰਚਨਾ ਵਿਚ ਸਕਾਰਾਤਮਕ ਕਲਪਨਾਵਾਂ ਦੀਆਂ ਉਡਾਰੀਆਂ ਮਿਲ ਜਾਣਗੀਆਂ।
ਮੈਂ ਅੱਜ ਉਨ੍ਹਾਂ ਦੀ ਕਿਤਾਬ `ਧੁੱਪ ਦੀਆਂ ਕਣੀਆਂ` ਦੇ ਰੂਬਰੂ ਹੋਇਆਂ। ਉਨ੍ਹਾਂ ਦੀ ਲੇਖਣੀ ਨੇ ਤਾਂ ਮੈਨੂੰ ਸਮੋਹਿਤ ਕਰ ਲਿਆ ਹੈ। ਹਰਫਾਂ ਦਾ ਅਭਾਵ ਹੋ ਗਿਆ ਹੈ ਮੇਰੇ ਕੋਲ।ਧੁੱਪ ਦੀਆਂ ਕਣੀਆਂ ਵਿਚ ਉਨ੍ਹਾਂ ਦੀ ਮੀਨਾਕਾਰੀ ਬਹੁਤ ਪ੍ਰਯੋਗਿਕ ਹੈ। ਉਨ੍ਹਾਂ ਨੇ ਜਿ਼ੰਦਗੀ ਦੀ ਤਲਖ ਸਚਾਈ ਨੂੰ ਮਾਨਵਤਾ ਦੇ ਨਾਲ ਜੋੜ ਦਿੱਤਾ ਹੈ। ਅੱਗ ਦੇ ਗਲੋਟੇ, ਸੁਹੱਪਣ ਸੁਗੰਧ, ਪੀੜ ਪਾਹੁਲ, ਚੁੱਪ ਚਿਰਾਗ, ਨੀਂਦ ਨਿਆਮਤ, ਭੁੱਖ ਭਗਤੀ, ਬਿਰਖ ਬਾਣੀ ਰਚਨਾਵਾਂ ਰਚਨਾ ਨੂੰ ਮੈਂ ਡੀਕ ਲਾ ਕੇ ਪੀ ਗਿਆ ਹਾਂ। ਉਨ੍ਹਾਂ ਨੇ ਅਲਫਾਜ਼ਾਂ ਦੇ ਇਕ ਤੋਂ ਵੱਧ
ਇੱਕ ਕੋਹਿਨੂਰ ਹੀਰੇ ਇਸ ਕਿਤਾਬ ਦੇ ਹਰੇਕ ਪੰਨੇ `ਤੇ ਜੜ ਦਿੱਤੇ ਹਨ। ਹਰ ਹਰਫ ਬੇਸ਼ਕੀਮਤੀ, ਹਰਫਾਂ ਨੂੰ ਜੜਨ ਦਾ ਤਰੀਕਾ ਸੁਨਿਆਰੇ ਵਾਲਾ, ਸੋਨੇ `ਤੇ ਸੁਹਾਗਾ ਵਾਲੀ ਅਖਾਣ ਮੇਰੇ ਦੋ ਦੀਦਿਆਂ ਅੱਗਿਓਂ ਗੁਜ਼ਰ ਗਈ।
ਇਸ ਤਰ੍ਹਾਂ ਦੀਆਂ ਅਨੇਕਾਂ ਮਿਸਾਲਾਂ ਹਨ ਜੋ `ਧੁੱਪ ਦੀਆਂ ਕਣੀਆਂ` ਵਿਚੋਂ ਅਕਸਰ ਦੇਖਣ ਨੂੰ ਮਿਲਦੀਆਂ ਹਨ, ਜੋ ਰਚਨਾ ਦੇ ਚਾਰ ਮੁਨਾਰੇ ਹਨ। ਹਰੇਕ ਦਿਸ਼ਾ ਵਿਚ ਫੈਲੇ ਹੋਏ, ਜੋ ਹਰ ਪਾਸੇ ਇਕ ਸੁਖਾਵਾਂ ਵਾਤਾਵਰਨ ਸਿਰਜਦੇ ਹਨ।
`ਧੁੱਪ ਦੀਆਂ ਕਣੀਆਂ` ਦੀ ਜਿੰਨੀ ਵੀ ਤਾਰੀਫ਼ ਕਰ ਲਈਏ ਘੱਟ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਸੁੰਦਰ ਹਰਫਾਂ ਦੇ ਝਰਨੇ ਲੇਖਕ ਦੀ ਕਲਮ ਵਿਚੋਂ ਵਹਿ ਰਹੇ ਹਨ ਤੇ ਕਲਪਨਾਵਾਂ ਦੇ ਸਮੁੰਦਰ ਠਾਠਾਂ ਮਾਰ ਰਹੇ ਹਨ।
“ਧੁੱਪ ਸਭ ਤੋਂ ਉੱਤਮ ਦਵਾਈ”,‘ਜਦ ਪੱਤੇ ਪੀਲੇ ਹੋ ਕੇ ਆਖਰੀ ਸਫਰ ਦੀ ਤਿਆਰੀ ਕਰਦੇ ਤਾਂ ਉਨ੍ਹਾਂ ਦੇ ਮਨ ਵਿਚ ਧੁੱਪ ਪ੍ਰਤੀ ਸ਼ੁਕਰ-ਗੁਜ਼ਾਰੀ ਹੁੰਦੀ।‘ਜਿ਼ੰਦਗੀ ਦਾ ਫਲਾਸਫਾ ਮਿਲ ਜਾਂਦਾ ਹੈ।” ਸਰਵਗੁਣੀ ਅਤੇ ਸਰਵ-ਵਿਆਪਕ ਧੁੱਪ ਦੀ ਅਰਾਧਨਾ ਵਿਚੋਂ ਖ਼ੁਦ ਨੂੰ ਵਿਕਸਤ ਕੀਤਾ ਜਾ ਸਕਦਾ ਏ।`
ਅਲੰਕਾਰ ਕਿਸੇ ਵੀ ਰਚਨਾ ਨੂੰ ਚਾਰ-ਚੰਨ ਲਾਉਂਦੇ ਹਨ। ਭੰਡਾਲ ਸਾਹਿਬ ਇਸ ਕਲਾ ਦੇ ਮਾਹਿਰ ਖਿਡਾਰੀ ਹਨ। ਉਹ ਅਲੰਕਾਰਾਂ ਦੀ ਚੋਣ ਦਿਹਾਤੀ ਚੌਗਿਰਦੇ ਤੋਂ ਕਰਦੇ ਹਨ ਤੇ ਫਿਰ ਉਸ ਅਲੰਕਾਰ ਨੂੰ ਰਚਨਾ ਨਾਲ ਇਸ ਤਰ੍ਹਾਂ ਮਿਲਾ ਦਿੰਦੇ ਹਨ ਕਿ ਕਦੀ ਵੀ ਓਪਰਾਪਨ ਮਹਿਸੂਸ ਨਹੀਂ ਹੁੰਦਾ।
ਲਫ਼ਜ਼ਾਂ ਦੀ ਬੇਸ਼ਕੀਮਤੀ ਮਣਕਿਆਂ ਨਾਲ ਤੁਲਨਾ ਕੀਤੀ ਗਈ ਹੈ। ਜਿਸ ਤਰ੍ਹਾਂ ਮਣਕਿਆਂ ਨੂੰ ਸੁੰਦਰ ਤਰਤੀਬ ਨਾਲ ਪਰੋਇਆ ਜਾਵੇ ਤਾਂ ਮਾਲਾ ਕਈ ਗੁਣਾ ਵੱਧ ਖੂਬਸੂਰਤ ਲੱਗਦੀ ਹੈ। ਇਹੀ ਤਰਕੀਬ ਲਗਭਗ ਚੰਗੀ ਖ਼ੂਬਸੂਰਤ ਲੇਖਣੀ `ਤੇ ਲਾਗੂ ਹੁੰਦੀ ਹੈ।
ਇਕ ਇਕ ਹਰਫ ਮਿਲ ਕੇ ਖੂਬਸੂਰਤ ਸਤਰ ਨੂੰ ਜਨਮ ਦਿੰਦਾ ਹੈ ਫਿਰ ਇਕ ਇਕ ਸਤਰ ਇਕ ਅਸਰਦਾਰ ਪੈਰੇ ਨੂੰ ਪੈਦਾ ਕਰਦੀ ਹੈ ਤੇ ਫਿਰ ਇਕ ਇਕ ਪੈਰਾ ਮਿਲ ਕੇ ਸੁੰਦਰ ਸਫੇ ਨੂੰ ਜਨਮ ਦਿੰਦਾ ਹੈ। ਫਿਰ ਇਕ ਇਕ ਸਫੇ ਨੂੰ ਜੋੜ ਕੇ ਇਕ ਅਸਰਦਾਰ ਕਿਤਾਬ ਦਾ ਜਨਮ ਹੁੰਦਾ ਹੈ, ਜੋ ਸਾਰੇ ਸਮਾਜ ਤੇ ਵਾਤਾਵਰਨ ਨੂੰ ਖ਼ੁਸ਼ ਗਵਾਰ ਬਣਾਉਂਦੀ ਹੈ ਤੇ ਆਪਣੀ ਅਮਿੱਟ ਛਾਪ ਛੱਡਦੀ ਹੈ। ਇਹ ਸਾਰੀ ਦੀ ਸਾਰੀ ਗੱਲ ਭੰਡਾਲ ਜੀ `ਤੇ ਲਾਗੂ ਹੁੰਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿਚ ਚੁੰਬਕੀ ਕਸਿ਼ਸ਼ ਕਿਉਂ ਹੈ? ਕਿਉਂਕਿ ਉਹ ਅਲਫਾਜ਼ ਦੀ ਚੋਣ ਬਹੁਤ ਸੁਚੱਜੇ ਢੰਗ ਨਾਲ ਕਰਦੇ ਹਨ ਤੇ ਆਖ਼ਰ ਉਨ੍ਹਾਂ ਦੀ ਰਚਨਾ ਸ਼ਾਹਕਾਰ ਦਾ ਰੂਪ ਧਾਰਨ ਕਰ ਲੈਂਦੀ ਹੈ।
ਗੁਰਬਖ਼ਸ਼ ਸਿੰਘ ਭੰਡਾਲ ਨਾਲ ਮੇਰੀ ਨੇੜਤਾ ਉਦੋਂ ਹੋਈ ਸੀ, ਜਦੋਂ ਮੈਂ ਉਨ੍ਹਾਂ ਦਾ ਇਕ ਆਰਟੀਕਲ ਅਜੀਤ ਅਖਬਾਰ ਵਿਚ ਪੜ੍ਹਿਆ ਸੀ ਤੇ ਮੈਨੂੰ ਉਨ੍ਹਾਂ ਦੀ ਲੇਖਣੀ ਨੇ ਕਾਫੀ ਪ੍ਰਭਾਵਿਤ ਕੀਤਾ ਸੀ। ਮੈਂ ਉਸ ਸਮੇਂ ਐਸ.ਐਸ.ਪੀ. ਵਜੋਂ ਮੱਧ ਪ੍ਰਦੇਸ਼ ਵਿਚ
ਤਾਇਨਾਤ ਸਾਂ। ਇਹ ਸੰਨ 1991 ਦੀ ਗੱਲ ਹੈ, ਜਦੋਂ ਮੋਬਾਈਲ ਜਾਂ ਕੰਪਿਊਟਰ ਆਦਿ ਨਹੀਂ ਸੀ ਹੁੰਦੇ। ਮੈਂ ਉਨ੍ਹਾਂ ਨਾਲ ਫੋਨ `ਤੇ ਗੱਲਬਾਤ ਕੀਤੀ ਸੀ। ਫਿਰ ਮੇਰੀ ਉਨ੍ਹਾਂ ਨਾਲ ਗੱਲ 30 ਸਾਲਾਂ ਬਾਅਦ 2021 ਵਿਚ ਹੋਈ ਤਾਂ ਇਲਮ ਹੋਇਆ ਕਿ ਡਾਕਟਰ ਗੁਰਬਖ਼ਸ਼ ਸਿੰਘ ਭੰਡਾਲ ਕਪੂਰਥਲਾ ਤੋਂ ਰੁਖ਼ਸਤ ਹੋ ਕੇ ਅਮਰੀਕਾ ਵਿਚ ਵਸ ਚੁੱਕੇ ਹਨ ਤੇ ਉਨ੍ਹਾਂ ਨੇ ਮੇਰੀ ਪਹਿਲੀ ਪੰਜਾਬੀ ਕਵਿਤਾ ਦੀ ਕਿਤਾਬ `ਜਿ਼ੰਦਗੀ ਦੇ ਰੰਗ` ਬਾਰੇ ਖੂਬਸੂਰਤ ਆਰਟੀਕਲ ਲਿਖਿਆ, ਜਿਸ ਨੇ ਮੈਨੂੰ ਸਾਹਿਤਕ ਉਚਾਈ ਬਖਸ਼ੀ।
ਡਾ. ਭੰਡਾਲ ਸਾਦਗੀ ਤੇ ਸਚਾਈ ਦੀ ਮਿਸਾਲ ਹਨ, ਜਿਸ ਕਾਰਨ ਉਨ੍ਹਾਂ ਦੀਆਂ ਰਚਨਾਵਾਂ ਵਿਚੋਂ ਸਦਾਚਾਰਕ ਝਲਕਾਂ ਠਾਠਾਂ ਮਾਰਦੀਆਂ ਰਹਿੰਦੀਆਂ ਹਨ ਤੇ ਕਦੀ ਵੀ ਰਚਨਾ ਤੋਂ ਅਲੱਗ ਰਸਤਾ ਅਖ਼ਤਿਆਰ ਨਹੀਂ ਕਰਦੀਆਂ। ਇਹ ਇਸ ਲਈ ਹੈ ਕਿਉਂਕਿ ਸੂਤਰਧਾਰ ਦਾ ਕਿਰਦਾਰ ਉੱਚ ਦਰਜੇ ਦਾ ਹੈ, ਜੋ ਰਚਨਾ ਨੂੰ ਸਦੀਵੀ ਬਣਾ ਦਿੰਦਾ ਹੈ।
ਲੇਖਕ ਦੀ ਹਰੇਕ ਰਚਨਾ ਜਿਵੇਂ ਕਵਿਤਾ `ਹਉਕੇ ਦੀ ਜੂਨ` ਸਫ਼ਰਨਾਮਾ `ਸੁਪਨਿਆਂ ਦੀ ਜੂਹ`, `ਰੰਗਾਂ ਦਾ ਦਰਿਆ`, `ਅਸੀਸ ਤੇ ਆਸਥਾ`, `ਘਰ ਅਰਦਾਸ ਕਰੇ`, `ਪਰਵਾਸੀ ਪੈੜਾਂ`, `ਸੂਰਜ ਦੀ ਦਸਤਕ`, `ਹਵਾ ਹੱਥ ਜੋੜਦੀ ਹੈ, `ਲੋਏ ਲੋਏ`, `ਕਾਇਆ ਦੀ ਕੈਨਵਸ`, `ਵਿਗਿਆਨ ਚੇਤਨਾ ਅਤੇ ਪ੍ਰਦੂਸ਼ਣ`, `ਧੁੱਪ ਦੀਆਂ ਕਣੀਆਂ` ਆਦਿ ਨੂੰ ਪੜ੍ਹਨ ਨੂੰ ਦਿਲ ਕਰਦਾ ਹੈ। ਇਹ ਸਾਰੀਆਂ ਰਚਨਾਵਾਂ ਉੱਚ ਦਰਜੇ ਦੀ ਵਾਰਤਕ ਹੈ। `ਵਿਗਿਆਨ ਚੇਤਨਾ ਅਤੇ ਪ੍ਰਦੂਸ਼ਣ` ਵਿਚ ਵਾਤਾਵਰਨ ਸਬੰਧੀ ਸਮੱਸਿਆਵਾਂ ਨੂੰ ਸਲੀਕੇ ਨਾਲ ਪੇਸ਼ ਕੀਤਾ ਗਿਆ ਹੈ।

`ਹਉਕੇ ਦੀ ਜੂਨ`, `ਧੁੱਪ ਦੀ ਤਲਾਸ਼`, `ਇਹ ਘਰ ਮੇਰਾ ਨਹੀਂ`, `ਜਿ਼ੰਦਗੀ`, `ਰੂਹ ਰੇਜਾ` ਕਵਿਤਾ ਦੇ ਵਿਹੜੇ ਵਿਚ ਉਸ ਦੀ ਕਲਾ ਬਿਲਕੁਲ ਨਿਰੋਲ ਤੇ ਭਾਵਪੂਰਨ ਹੈ। ਉਹ ਅੱਲੜ੍ਹ ਉਮਰੇ ਹੀ ਕਵਿਤਾ ਨਾਲ ਮਹਿਬੂਬ ਜਿਹਾ ਇਸ਼ਕ ਹਕੀਕੀ ਕਰ ਬੈਠਾ, ਜੋ ਅੱਜ
ਤਕ ਬਾਦਸਤੂਰ ਜਾਰੀ ਹੈ। ਉਸ ਦੀ ਪਲੇਠੀ ਕਵਿਤਾ ਹੈ:
ਹਵਾ ਬੰਦ ਹੈ, ਦਰਖਤਾਂ ਦੇ
ਪੱਤੇ ਨਹੀਂ ਹਿੱਲਦੇ,
ਪਹਿਆਂ `ਚੋਂ ਘੱਟਾ, ਨਹੀਂ ਉਡਦਾ,
ਇਸ ਦਾ ਮਤਲਬ ਇਹ ਨਹੀਂ,
ਕਿ ਹਵਾ ਮਰ ਚੁੱਕੀ ਹੈ,
ਇਹ ਤਾਂ ਸਮਾਂ ਸੂਚਕ ਹੈ,
ਕਿਸੇ ਆਉਣ ਵਾਲੇ,
ਭਾਰੀ ਤੂਫ਼ਾਨ ਦਾ।
ਇਸ ਤੋਂ ਬਾਅਦ ਹਉਕੇ ਦੀ ਜੂਨ, ਧੁੱਪ ਦੀ ਤਲਾਸ਼, ਇਹ ਘਰ ਮੇਰਾ ਨਹੀਂ, ਜਿ਼ੰਦਗੀ ਆਦਿ ਨਾਜ਼ੁਕ ਕਵਿਤਾ ਦੀਆਂ ਅਭੀਵਿਅਕਤੀਆਂ ਹਨ, ਜੋ ਲੈਅਬੱਧ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਹਨ। ਇਹ ਮਾਨਵਤਾ ਦੀ ਖੁਸ਼ੀ, ਉਦਾਸੀ, ਤਨਹਾਈ, ਆਪਣਾਪਨ ਲਗਭਗ ਸਾਰੀਆਂ ਭਾਵਨਾਵਾਂ ਨਾਲ ਓਤਪੋਤ ਹਨ ਤੇ ਚੁੰਬਕੀ ਜਜ਼ਬਾ ਰੱਖਦੀਆਂ ਹਨ। ਇਨ੍ਹਾਂ ਰੰਗਾਂ ਦੇ ਕਾਰਨ ਹੀ ਕਵੀ ਦੀ ਮਹਾਨਤਾ ਹੈ, ਜੋ ਜੱਗ ਜ਼ਾਹਰ ਹੈ। ਲੇਖਕ ਦੀ ਕਿਤਾਬ `ਰੂਹ ਰੇਜ਼ਾ` ਬੇਹਤਰੀਨ ਕਲਾ ਦਾ ਨਮੂਨਾ ਹੈ ਤੇ ਕਿਤੇ-ਕਿਤੇ ਸੂਫ਼ੀ ਰੰਗ ਵੀ ਮਿਲਦਾ ਹੈ। ਇਸ ਕਿਤਾਬ ਦੀ ਇਕ ਕਵਿਤਾ `ਅੱਗ ਦੀਆਂ ਪੂਣੀਆਂ` ਜੋ ਮੈਂ ਤਰੰਨੁਮ ਵਿਚ ਗਾਈ ਹੈ, ਨੂੰ ਕਾਫੀ ਦੋਸਤਾਂ ਨੇ ਪਸੰਦ ਕੀਤਾ ਹੈ। ਇਹ ਉੱਚ ਦਰਜੇ ਦੀ ਕਵਿਤਾ ਹੈ ਜੋ ਸੂਫੀ ਝਲਕ ਦਿੰਦੀ ਹੈ।
ਲੇਖਕ ਆਪਣੇ ਆਪ ਵਿਚ ਇੱਕ ਸੰਸਥਾ ਹੈ। ਉਹ ਉੱਚ ਕੋਟੀ ਦਾ ਲਿਖਾਰੀ ਹੈ, ਸਰਬ ਕਲਾ ਸੰਪੂਰਨ ਹੈ, ਭਾਸ਼ਾ ਦਾ ਵੱਡਾ ਜਾਣਕਾਰ ਹੈ ਤੇ ਇਕ ਬੇਹਤਰੀਨ ਇਨਸਾਨ ਹੈ, ਜਿਸ ਕਾਰਨ ਮੈ ਉਨ੍ਹਾਂ ਨੂੰ ਹਰਫਨਮੌਲਾ ਲਿਖਾਰੀ ਮੰਨਦਾ ਹਾਂ।
ਡੀ.ਜੀ.ਪੀ. (ਸੇਵਾ ਮੁਕਤ )
ਭੁਪਾਲ, ਮੱਧ ਪ੍ਰਦੇਸ਼