ਅਕਾਲੀ ਦਲ ਵੱਲੋਂ ਛੋਟੇਪੁਰ ਨੂੰ ਬਟਾਲਾ ਤੋਂ ਟਿਕਟ ਦੇਣ ਪਿੱਛੋਂ ਸਥਾਨਕ ਆਗੂ ਨਿਰਾਸ਼

ਬਟਾਲਾ: ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਅਤੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਪਾਰਟੀ ਉਮੀਦਵਾਰ ਐਲਾਨੇ ਜਾਣ ਨਾਲ ਟਿਕਟ ਦੀ ਝਾਕ ਰੱਖਦੇ ਕਈ ਆਗੂਆਂ ਦੇ ਸੁਪਨੇ ਧਰੇ-ਧਰਾਏ ਰਹਿ ਗਏ।
ਪਾਰਟੀ ਦੇ ਕਈ ਆਗੂ ਇਸ ਹਲਕੇ ਤੋਂ ਟਿਕਟ ਲੈਣ ਦੇ ਚਾਹਵਾਨ ਸਨ।

2017 ਤੋਂ ਹਲਕਾ ਬਟਾਲਾ ਤੋਂ ਲਖਬੀਰ ਸਿੰਘ ਲੋਧੀਨੰਗਲ ਵਿਧਾਇਕ ਬਣੇ ਸਨ ਪਰ ਹੁਣ ਉਨ੍ਹਾਂ ਵੱਲੋਂ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇੱਛਾ ਰੱਖਣ ‘ਤੇ ਟਿਕਟ ਦਿੱਤੀ ਗਈ ਹੈ। ਇਸ ਕਾਰਨ ਹਲਕਾ ਬਟਾਲਾ ਲਈ ਕਈ ਸਥਾਨਕ ਆਗੂਆਂ ਨੇ ਲੰਘੇ ਛੇ ਮਹੀਨਿਆਂ ਤੋਂ ਆਪਣੀਆਂ ਸਰਗਰਮੀਆਂ ਵਿੱਢੀਆਂ ਹੋਈਆਂ ਸਨ। ਪਹਿਲਾਂ ਇਹ ਵੀ ਚਰਚਾ ਰਹੀ ਸੀ ਕਿ ਬਟਾਲਾ ਵਿਚ ਹਿੰਦੂ ਵੋਟਰ ਜ਼ਿਆਦਾ ਹੋਣ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕੇ ਤੋਂ ਕਿਸੇ ਹਿੰਦੂ ਚਿਹਰੇ ਨੂੰ ਟਿਕਟ ਦਿੱਤੀ ਜਾਵੇਗੀ।
ਉਂਜ ਤਿੰਨ ਮਹੀਨੇ ਪਹਿਲਾਂ ਇੱਥੋਂ ਦੇ ਇਕ ਕਾਂਗਰਸੀ ਆਗੂ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦੀ ਤਿਆਰੀ ਵੀ ਐਨ ਮੌਕੇ ‘ਤੇ ਧਰੀ ਧਰਾਈ ਰਹਿ ਗਈ ਸੀ। ਉਧਰ, ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਨੇ ਆਖਿਆ ਕਿ ਜਥੇਦਾਰ ਛੋਟੇਪੁਰ ਮਿਹਨਤੀ ਵਰਕਰ ਹੈ, ਉਸ ਦੇ ਪਾਰਟੀ ‘ਚ ਸ਼ਾਮਲ ਹੋਣ ਨਾਲ ਹਲਕਾ ਕਾਦੀਆਂ, ਡੇਰਾ ਬਾਬਾ ਨਾਨਕ ਅਤੇ ਸ੍ਰੀ ਹਰਗੋਬਿੰਦਪੁਰ ਵਿਚ ਵੀ ਪਾਰਟੀ ਨੂੰ ਬਲ ਮਿਲੇਗਾ।
ਉਧਰ, ਛੋਟੇਪੁਰ ਨੇ ਇਸ ਮੌਕੇ ਸਾਰੀਆਂ ਪੰਜਾਬੀ ਤੇ ਪੰਥਕ ਤਾਕਤਾਂ ਨੂੰ ਅਕਾਲੀ ਦਲ ਦੇ ਝੰਡੇ ਥੱਲੇ ਇਕੱਠੇ ਹੋ ਕੇ ਲੜਨ ਅਤੇ ਬਾਹਰਲਿਆਂ ਦੇ ਤਿੰਨ ਪੜਾਵੀ ਹਮਲੇ ਨੂੰ ਮਾਤ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਜਾਬੀਆਂ ਨੂੰ ਕਾਂਗਰਸ, ਭਾਜਪਾ ਤੇ ‘ਆਪ` ਅਤੇ ਹੋਰ ਬਾਹਰਲੀਆਂ ਪਾਰਟੀਆਂ ਦੀ ਲੁੱਟ ਤੋਂ ਬਚਾਅ ਸਕਦਾ ਹੈ। ਛੋਟੇਪੁਰ ਨੇ 1986 ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚ ਪੁਲਿਸ ਭੇਜਣ ਦੇ ਰੋਸ ਵਜੋਂ ਬਰਨਾਲਾ ਵਜ਼ਾਰਤ `ਚੋਂ ਅਸਤੀਫਾ ਦਿੱਤਾ ਸੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਛੋਟੇਪੁਰ ਨੂੰ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ।
ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਜਥੇਦਾਰ ਛੋਟੇਪੁਰ ਦੀ ਅਕਾਲੀ ਦਲ ਵਿਚ ਵਾਪਸੀ ਨਾਲ ਪੰਥਕ ਤਾਕਤਾਂ ਅਤੇ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੀ ਭਾਵਨਾ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਪੰਜਾਬੀਆਂ ਦੇ ਸਵੈ-ਮਾਣ ਦੇ ਮੁਦੱਈ ਰਹੇ ਹਨ ਤੇ ਉਨ੍ਹਾਂ ਸੂਬੇ ਦੇ ਲੋਕਾਂ ਨੂੰ ਫਿਰਕੂ ਲੀਹਾਂ ‘ਤੇ ਵੰਡਣ ਦੀਆਂ ਬਾਹਰਲਿਆਂ ਦੀਆਂ ਸਾਜ਼ਿਸ਼ਾਂ ਨੂੰ ਹਮੇਸ਼ਾ ਬੇਨਕਾਬ ਕੀਤਾ ਹੈ। ਇਸ ਮੌਕੇ ਅਕਾਲੀ ਦਲ ਦੇ ਉਘੇ ਆਗੂ ਜਥੇਦਾਰ ਮੋਹਣ ਸਿੰਘ ਤੁੜ ਦਾ ਪੋਤਰਾ ਅਮਰਿੰਦਰ ਸਿੰਘ ਤੁੜ ਵੀ ਜਥੇਦਾਰ ਛੋਟੇਪੁਰ ਨਾਲ ਪਾਰਟੀ ਵਿਚ ਸ਼ਾਮਲ ਹੋਇਆ। ਜਥੇਦਾਰ ਛੋਟੇਪੁਰ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ‘ਆਪ‘ ਤਿੰਨਾਂ ਗੈਰ-ਪੰਜਾਬੀ ਧਾੜਵੀਆਂ ਦੇ ਹਮਲੇ ਕਾਰਨ ਪੰਜਾਬ ਦੀ ਵਿਲੱਖਣ ਸਭਿਆਚਾਰਕ ਏਕਤਾ ਦੇ ਨਾਲ ਨਾਲ ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਲਈ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨੋਂ ਹਿੰਦੂਆਂ-ਸਿੱਖਾਂ ਵਿਚਾਲੇ ਮੱਤਭੇਦ ਪੈਦਾ ਕਰਕੇ, ਵੰਡੀਆਂ ਪਾ ਕੇ ਨਫਰਤ ਫੈਲਾ ਕੇ ਤੇ ਭੁਲੇਖਾ ਪੈਦਾ ਕਰ ਕੇ ਅਤੇ ਸਿੱਖ ਕੌਮ ਵਿਚ ਹੀ ਖਾਨਾਜੰਗੀ ਕਰਵਾ ਕੇ ਪੰਜਾਬ ਦੀ ਕਿਸਮਤ ਖੋਹਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਹਿੰਦੂ-ਸਿੱਖ ਸਦਭਾਵਨਾ ਤੇ ਪੰਥਕ ਏਕਤਾ ਪਵਿੱਤਰ ਸਿਧਾਂਤ ਹਨ ਅਤੇ ਇਸ ਵੇਲੇ ਪੰਜਾਬੀ ਬੱਚਿਆਂ ਤੇ ਨੌਜਵਾਨਾਂ ਦੇ ਖੁਸ਼ਹਾਲ ਭਵਿੱਖ ਲਈ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਰੂਰੀ ਹਨ। ਜਥੇਦਾਰ ਛੋਟੇਪੁਰ ਨੇ ‘ਆਪ` ਦੇ ਕਨਵੀਨਰ ਅਰਵਿੰਦ ਕੇਜਰੀਵਾਲ `ਤੇ ਹਮਲਾ ਬੋਲਿਆ ਅਤੇ ਕਿਹਾ ਕਿ ਉਹ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ।
ਸਾਬਕਾ ਵਿਧਾਇਕ ਬਲਦੇਵ ਸਿੰਘ ਜੈਤੋ ਕਾਂਗਰਸ `ਚ ਸ਼ਾਮਲ
ਮਾਨਸਾ: ਆਮ ਆਦਮੀ ਪਾਰਟੀ ਦੇ ਜੈਤੋ ਤੋਂ ਸਾਬਕਾ ਵਿਧਾਇਕ ਮਾ. ਬਲਦੇਵ ਸਿੰਘ ਜੈਤੋ ਨੇ ਇਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜਰੀ ‘ਚ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਉਨ੍ਹਾਂ ਬੀਤੇ ਦਿਨੀਂ ‘ਆਪ‘ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਨਾਭਾ ਦੇ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ‘ਚ ਐਡਵੋਕੇਟ ਜਗਦੀਸ਼ ਸਿੰਘ ਲਾਲਕਾ, ਜਥੇਦਾਰ ਲਾਲ ਸਿੰਘ ਰਣਜੀਤਗੜ੍ਹ, ਜਗਜੀਤ ਸਿੰਘ ਖੋਖ, ਕਰਮ ਸਿੰਘ ਮਾਂਗੇਵਾਲ, ਦਿਲਸਾਦ ਚੌਧਰੀ, ਸੁਪਿੰਦਰ ਸਿੰਘ ਗਲਵੱਟੀ ਆਦਿ ਨੇ ਕਾਂਗਰਸ ਦਾ ਪੱਲਾ ਫੜ ਲਿਆ।