ਫਰਾਜ਼ ਦੀ ਪਰਵਾਜ਼

ਜਗਵਿੰਦਰ ਜੋਧਾ
ਫੋਨ: +91-94654-64502
ਅਗਸਤ 2008 ਦੇ ਅਖੀਰਲੇ ਦਿਨਾਂ ਦੀ ਗੱਲ ਹੈ। ਮੈਂ ਡੀ.ਏ.ਵੀ. ਕਾਲਜ ਜਲੰਧਰ ਵਿਚ ਪੰਜਾਬੀ ਪੜ੍ਹਾਉਂਦਾ ਸਾਂ। ਪੱਕੇ ਪ੍ਰੋਫੈਸਰ ਆਪਣਾ ਟਾਈਮ ਟੇਬਲ ਇਸ ਹਿਸਾਬ ਨਾਲ ਵਿਉਂਤਦੇ ਕਿ ਬੀਵੀਆਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ ਕੇ 10 ਕੁ ਵਜੇ ਕਾਲਜ ਆਉਂਦੇ ਤੇ ਬੀਵੀਆਂ ਬੱਚਿਆਂ ਦੇ ਘਰ ਆਉਣ ਤਕ 2 ਕੁ ਵਜੇ ਘਰ ਹਾਜ਼ਰ ਹੋ ਜਾਂਦੇ।

ਸਾਡੇ ਵਰਗੇ ਸਵਾ ਅੱਠ ਵਜੇ ਤੋਂ, ਜਿਸ ਨੂੰ ਜ਼ੀਰੋ ਪੀਰੀਅਡ ਕਹਿੰਦੇ ਸਨ, ਲੈ ਕੇ ਦਸਵੇਂ ਪੀਰੀਅਡ ਤਕ ਫਸੇ ਰਹਿੰਦੇ ਜੋ ਸਾਢੇ ਚਾਰ ਮੁੱਕਦਾ ਸੀ। ‘ਪੱਕਿਆਂ` ਨੂੰ ਉਨ੍ਹਾਂ ਦੀ ਕੱਚੀ ਨੌਕਰੀ ਦੇ ਅਰਸੇ ਨੇ ਏਨਾ ਕੁ ਤਾਂ ਕਰੜੇ ਕਰ ਹੀ ਦਿੱਤਾ ਸੀ ਕਿ ਕੁਝ ਲੋਕਾਂ ਦੇ ਦਰਦ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕੇ।
ਉਸ ਦਿਨ ਸਵੇਰ ਤੋਂ ਹੀ ਬਹੁਤ ਹੁੱਸੜ ਸੀ। ਦੁਪਹਿਰ ਤੋਂ ਬਾਅਦ ਚੰਗਾ ਛਰਾਟਾ ਵਰ੍ਹਿਆ। ਮੈਂ ਕਲਾਸ ਖਤਮ ਕਰ ਕੇ ਨਿਕਲਿਆ ਹੀ ਸਾਂ ਕਿ ਮੇਰੇ ਦੋਸਤ ਕੁਨਾਲ ਮਹਿਤਾ ਨੇ ਦੱਸਿਆ- ‘ਅਹਿਮਦ ਫਰਾਜ਼ ਨਹੀਂ ਰਿਹਾ`। ਕੁਨਾਲ ਮੇਰੀਆਂ ਸ਼ਿਅਰੀ ਦਿਲਚਸਪੀਆਂ ਤੋਂ ਵਾਕਿਫ ਸੀ। ਉਸ ਨੇ ਇਹ ਖਬਰ ਕਿਤੋਂ ਇੰਟਰਨੈੱਟ ਤੋਂ ਦੇਖੀ ਸੀ ਤੇ ਸਮਝਿਆ ਸ਼ਾਇਦ ਮੇਰੇ ਕੰਮ ਦੀ ਹੋਵੇ, ਤਾਂ ਸਾਂਝੀ ਕੀਤੀ।
ਮੇਰੀ ਅਹਿਮਦ ਫਰਾਜ਼ ਨਾਲ ਕੋਈ ਰਿਸ਼ਤੇਦਾਰੀ ਥੋੜ੍ਹੀ ਸੀ ਪਰ ਮੇਰੇ ਅੰਦਰ ਤੜੱਕ ਕਰ ਕੇ ਕੁਝ ਟੁੱਟਿਆ। ਫਰਾਜ਼ ਨੂੰ ਜਾਣਨ ਸਮਝਣ ਦਾ ਮੇਰੇ ਕੋਲ ਇਕ ਪੂਰਾ ਮਾਹੌਲ ਸੀ ਜੋ ਉਸ ਦੀ ਸ਼ਾਇਰੀ ਦੇ ਰਸਤੇ ਅੱਗੇ ਤੁਰਦਾ ਸੀ। ਮੈਂ ਫਰਾਜ਼ ਨੂੰ ਬਹੁਤ ਬਾਰੀਕੀ ਨਾਲ ਪੜ੍ਹਨ ਦਾ ਦਾਅਵਾ ਕਰਦਾ ਰਿਹਾ ਸਾਂ। ਮੇਰੇ ਬਹੁਤੇ ਦੋਸਤ ਇਸ ਗੱਲ ਨੂੰ ਸਿਫਤ ਜਾਂ ਮਜ਼ਾਕ ਉਡਾਉਣ ਦੇ ਨੁਕਤੇ ਤੋਂ ਪੇਸ਼ ਕਰਦੇ ਰਹੇ ਸਨ। ਫਰਾਜ਼ ਗਾਲਿਬ ਤੋਂ ਬਾਅਦ ਦੱਖਣ ਏਸ਼ਿਆਈ ਖਿੱਤੇ ਦਾ ਸਭ ਤੋਂ ਮਕਬੂਲ ਸ਼ਾਇਰ ਸੀ। ਉਸ ਨੂੰ ਸਿਰਫ ਪਾਕਿਸਤਾਨ ਵਿਚ ਹੀ ਨਹੀਂ ਸਗੋਂ ਭਾਰਤ ਵਿਚ ਵੀ ਪੀੜ੍ਹੀਆਂ ਨੇ ਪੜ੍ਹਿਆ/ਮਾਣਿਆ। ਗਾਲਿਬ ਤੇ ਅਹਿਮਦ ਫਰਾਜ਼ ਦੇ ਨਾਂ ਹੇਠ ਸੋਸ਼ਲ ਮੀਡੀਆ ਯੁਗ ਨੇ ਬਹੁਤ ਸਾਰੀ ਕੱਚੀ ਸ਼ਾਇਰੀ ਜੋੜ ਰੱਖੀ ਹੈ। ਫਰਾਜ਼ ਪਾਕਿਸਤਾਨ ਦੇ ਸੂਬਾ-ਏ-ਸਰਹੱਦ ਵਿਚ ਜੰਮਿਆ ਪਰ ਕੋਈ ਸਰਹੱਦ ਉਸ ਦੀ ਸ਼ਾਇਰੀ ਨੂੰ ਰੋਕ ਨਹੀਂ ਸਕੀ। ਸ਼ਾਇਰੀ ਫਰਾਜ਼ ਦੇ ਹੱਥਾਂ ਵਿਚ ਬਹੁਤ ਸੁਭਾਵਿਕ ਵਰਤਾਰਾ ਜਾਪਦੀ ਹੈ।
ਮੈਂ ਬਹੁਤ ਮੁੱਢਲੇ ਦੌਰ ‘ਚ ਇਕ ਉਸਤਾਦ ਕੋਲੋਂ ਅਰੂਜ਼ ਦੇ ਗੁਰ ਸਿੱਖਦਾ ਸਾਂ। ਮੇਰੇ ਨਾਲ ਐਮ.ਏ. ਕਰਦੀ ਇਕ ਕੁੜੀ ਨੇ ਮੈਨੂੰ ਦੇਵਨਾਗਰੀ ਵਿਚ ਫਰਾਜ਼ ਦੀਆਂ ਗਜ਼ਲਾਂ ਦੀ ਕਿਤਾਬ ਦਿੱਤੀ। ਉਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮੈਂ ਇਸ ਖਰੜ ਗਿਆਨ ਤੋਂ ਤੌਬਾ ਕਰ ਲਈ ਤੇ ਉਸਤਾਦ ਸਾਹਿਬ ਨੂੰ ਫਤਹਿ ਬੁਲਾ ਦਿੱਤੀ।
ਸਾਡੀ ਮਧਲੀ ਜਮਾਤ ਕਲਾਸੀਕਲ ਸੰਗੀਤ ਸੁਣਨ ਦੇ ਫੈਸ਼ਨ ਤੋਂ ਪੀੜਤ ਹੈ, ਭਾਵੇਂ ਸਮਝ ਕੱਖ ਨਹੀਂ ਆਉਂਦਾ ਹੁੰਦਾ। ਮੇਰਾ ਇਕ ਮਿੱਤਰ ਕਲਾਸੀਕਲ ਵਰਗੀ ਕੋਈ ਵੀ ਚੀਜ਼ ਸੁਣ ਕੇ ਏਨੀ ਜ਼ੋਰ ਦੀ ਮੂੰਹ ਵਿੰਗਾ ਜਿਹਾ ਕਰ ਕੇ ‘ਆਏ ਹਾਏ` ਕਹਿੰਦਾ, ਲੱਗਦਾ ਜਿਵੇਂ ਉਹ ਭੁਲੇਖੇ ਨਾਲ ਬੱਸ ਦੀ ਉਲਟੀ ਵਾਲੀ ਸੀਟ ਉੱਪਰ ਬਹਿ ਗਿਆ ਹੋਵੇ। ਇਕ ਵਾਰ ਇਕ ਮਸ਼ਹੂਰ ਸੰਗੀਤਕਾਰ ਨੇ ਕਿਹਾ, ਜੇ ਤੁਸੀਂ ਸੰਗੀਤ ਮਾਨਣਾ ਹੈ ਤਾਂ ਆਰ.ਡੀ. ਬਰਮਨ ਨੂੰ ਸੁਣੋ। ਉਸ ਨੇ ਸੰਗੀਤ ਵਿਚ ਏਨੇ ਤਜਰਬੇ ਕੀਤੇ ਕਿ ਉਸ ਨੂੰ ਧਿਆਨ ਨਾਲ ਸੁਣਨ ਵਾਲਾ ਸੰਗੀਤ ਦੀ ਤਾਸੀਰ ਤੋਂ ਵਾਕਿਫ ਹੋ ਹੀ ਜਾਂਦਾ। ਇਹੋ ਗੱਲ ਸ਼ਾਇਰੀ ਬਾਰੇ ਅਹਿਮਦ ਫਰਾਜ਼ ਉੱਪਰ ਢੁੱਕਦੀ ਹੈ। ਉਸ ਨੂੰ ਧਿਆਨ ਨਾਲ ਪੜ੍ਹਨ ਵਾਲਾ ਸ਼ਾਇਰ ਨਾ ਵੀ ਬਣੇ ਪਰ ਮਾੜੀ ਸ਼ਾਇਰੀ ਤੋਂ ਸੁਚੇਤ ਜ਼ਰੂਰ ਹੋ ਜਾਂਦਾ ਹੈ। ਪਤਾ ਲੱਗ ਜਾਂਦਾ, ਸ਼ਾਇਰੀ ਹੈਪਨ ਕਿਵੇਂ ਹੁੰਦੀ (ਵਰਤੀਂਦੀ ਕਿਵੇਂ ਹੈ)।
ਫਰਾਜ਼ ਬਾਰੇ ਉਰਦੂ ਜਗਤ ਵਿਚ ਕਿੱਸਿਆਂ ਦੀ ਭਰਮਾਰ ਹੈ। ਕਿਹਾ ਜਾਂਦਾ ਹੈ ਕਿ ਉਸ ਦਾ ਪਿਤਾ ਵੀ ਸ਼ਾਇਰ ਸੀ ਪਰ ਫਰਾਜ਼ ਨਾਲ ਉਸ ਦੀ ਨਹੀਂ ਸੀ ਬਣਦੀ। ਦੋਵੇਂ ਚਿੜੀਆਂ ਵਾਂਗ ਫਸੇ ਰਹਿੰਦੇ। ਫਰਾਜ਼ ਦੀ ਅੰਮੀ ਸਮਝੌਤਾ ਕਰਾਉਂਦੀ ਤਾਂ ਮੁੰਡੇ ਵੱਲ ਝੁਕਦੀ। ਇਕ ਦਿਨ ਉਸ ਦੇ ਖਾਵੰਦ ਨੇ ਪੁੱਛਿਆ, “ਤੂੰ ਇਹਦਾ ਸਾਥ ਬਿਨਾ ਵਜ੍ਹਾ ਕਿਉਂ ਦਿੰਨੀ ਏਂ?”
“ਬਿਨਾ ਵਜ੍ਹਾ ਨਹੀਂ, ਉਨ੍ਹਾਂ ਨੂੰ ਸ਼ਾਇਰੀ ਦੇ ਮਿਆਰ ਦੀ ਸਮਝ ਹੈ।”
ਇਸੇ ਤਰ੍ਹਾਂ ਇਕ ਵਾਰ ਵਿਦੇਸ਼ ਵਿਚ ਕੋਈ ਕੁੜੀ ਆਟੋਗ੍ਰਾਫ ਲੈਣ ਆਈ ਤਾਂ ਫਰਾਜ਼ ਨੇ ਉਸ ਦਾ ਨਾਂ ਪੁੱਛਿਆ। ਕੁੜੀ ਨੇ ਦੱਸਿਆ, ਉਹਦਾ ਨਾਂ ‘ਫਰਾਜ਼ਾ` ਹੈ। ਜਦੋਂ ਉਹ ਪੈਦਾ ਹੋਣ ਵਾਲੀ ਸੀ, ਮਾਂ-ਬਾਪ ਨੇ ਸੋਚ ਲਿਆ ਸੀ ਕਿ ਜੇ ਮੁੰਡਾ ਹੋਇਆ, ਉਸ ਦਾ ਨਾਂ ਫਰਾਜ਼ ਰੱਖਾਂਗੇ, ਕੁੜੀ ਹੋਈ ਤਾਂ ਫਰਾਜ਼ਾ ਰੱਖ ਦਿੱਤਾ। ਫਰਾਜ਼ ਨੇ ਅਜਿਹੇ ਹੀ ਕਿਸੇ ਸਮੇਂ ਲਿਖਿਆ ਹੋਣਾ:
ਔਰ ਫਰਾਜ਼ ਚਾਹੀਏਂ ਕਿਤਨੀ ਮੁਹੱਬਤੇਂ ਤੁਝੇ,
ਮਾਓਂ ਨੇ ਤੇਰੇ ਨਾਮ ਪਰ ਬੱਚੋਂ ਕਾ ਨਾਮ ਰਖ ਦੀਆ॥
ਫਰਾਜ਼ ਦੀ ਸ਼ੁਰੂਆਤ ਫੈਜ਼ ਦੇ ਅਸਰ ਹੇਠ ਤਰੱਕੀਪਸੰਦ ਲੇਖਣੀ ਨਾਲ ਹੋਈ। ਉਸ ਨੂੰ ਸਰਕਾਰ ਵਿਰੋਧੀ ਲਿਖਣ ਲਈ ਮੁਲਕ-ਬਦਰ ਵੀ ਕੀਤਾ ਗਿਆ। ਉਹ ਨਿਊਯਾਰਕ ਵਿਚ ਗੁੰਮਨਾਮੀ ਹੰਢਾਉਂਦਾ ਹੀ ਦੁਨੀਆ ਤੋਂ ਵਿਦਾ ਹੋਇਆ। ਉਸ ਨੇ ਜੋ ਵੀ ਲਿਖਿਆ, ਵੱਡੀ ਪੱਧਰ ‘ਤੇ ਪੜ੍ਹਿਆ ਗਿਆ। ਲੋਕਾਂ ਨੇ ਉਸ ਦੀ ਸ਼ਾਇਰੀ ਅਨੁਸਾਰ ਸੋਚਣ ਦੇ ਤਰੀਕੇ ਧਾਰਨ ਕੀਤੇ। ‘ਰੰਜਿਸ਼ ਹੀ ਸਹੀ` ਗ਼ਜ਼ਲ ਤਾਂ ਮਹਿਦੀ ਹਸਨ ਦੀ ਪਛਾਣ ਹੀ ਬਣ ਗਈ ਹੈ। ਕਾਲਜਾਂ ਦੇ ਮੁੰਡਿਆਂ ਕੁੜੀਆਂ ਦੀਆਂ ਕਈ ਪੀੜ੍ਹੀਆਂ ਨੇ ‘ਸੁਨਾ ਹੈ ਲੋਗ ਉਸੇ ਆਂਖ ਭਰ ਕੇ ਦੇਖਤੇ ਹੈਂ` ਨੂੰ ਆਪਣੇ ਜਜ਼ਬਿਆਂ ਦੇ ਇਜ਼ਹਾਰ ਲਈ ਵਰਤਿਆ। ਇਸ ਸ਼ਾਇਰ ਦੀ ਸ਼ਾਇਰੀ ਵਿਚ ਰੂਮਾਨੀਅਤ ਦੇ ਨਾਲ-ਨਾਲ ਮਨੁੱਖੀ ਹੋਂਦ, ਕਲਪਨਾ ਤੇ ਵਿਚਾਰ ਦਾ ਕੋਈ ਪੱਖ ਅਣਛੂਹਿਆ ਨਹੀਂ ਦਿਸਦਾ। ਫਰਾਜ਼ ਦੀਆਂ ਨਜ਼ਮਾਂ ਰਾਜਸੀ ਤੌਰ ‘ਤੇ ਵਧੇਰੇ ਤਿੱਖੀਆਂ ਹਨ। ਫੌਜੀ ਸ਼ਾਸਨ ਦੌਰ ਦੇ ਪਾਕਿਸਤਾਨੀ ਸ਼ਾਇਰਾਂ ਨੇ ਆਪਣੀ ਸ਼ਾਇਰੀ ਵਿਚ ਜਾਂ ਤਾਂ ਸੂਚਨਾ ਵਿਧੀ ਦੀ ਵਰਤੋਂ ਕਰ ਕੇ ਬਹੁਤ ਹਲਕੀ ਕਾਵਿਕਤਾ ਸਿਰਜੀ ਜਾਂ ਫਿਰ ਪ੍ਰਤੀਕ ਏਨੇ ਗਾੜ੍ਹੇ ਕਰ ਦਿੱਤੇ ਕਿ ਉਥੋਂ ਤਕ ਪਹੁੰਚ ਸਾਧਾਰਨ-ਬੋਧ ਪਾਠਕ ਲਈ ਅਸੰਭਵ ਜਿਹੀ ਸੀ। ਇਸ ਦੇ ਸਮਾਨਾਂਤਰ ਫਰਾਜ਼ ਨੇ ਮਨੁੱਖੀ ਬੇਵਸੀ ਤੇ ਛਟਪਟਾਹਟ ਦੀ ਤਰਜਮਾਨੀ ਲਈ ਹਾਲਾਤ ਦੇ ਸੁਹਜ ਨੂੰ ਦੇਖਿਆ। ਉਸ ਦੀ ਸ਼ਾਇਰੀ ਦੀਆਂ ਤਰਕੀਬਾਂ ਵਿਚ ਵਿਰੋਧ-ਜੁੱਟਾਂ ਦਾ ਬਣਿਆ ਬਣਾਇਆ ਰੂਪ ਨਹੀਂ ਸਗੋਂ ਵਿਚਾਰਕ ਲਿਬਰੇਸ਼ਨ ਹੈ। ਉਸ ਦੀਆਂ ਕਿਤਾਬਾਂ ਦੇ ਨਾਮ ਵੀ ਬੜੇ ਦਿਲਚਸਪ ਹਨ, ਖ੍ਵਾਬੇ ਗੁਲ ਪਰੇਸ਼ਾਂ ਹੈਂ, ਤਨਹਾ ਤਨਹਾ, ਜਾਨਾਂ ਜਾਨਾਂ, ਪਸੇ ਅੰਦਾਜ਼ ਮੌਸਮ, ਐ ਇਸ਼ਕ ਜੁਨੂੰ ਪੇਸ਼ਾ ਆਦਿ। ਫਰਾਜ਼ ਦੇ ਕੁਝ ਸ਼ਿਅਰਾਂ ਨਾਲ ਉਸ ਨੂੰ ਬਹੁਤ ਮਿੱਠੀ ਯਾਦ…
ਕਿਸੀ ਕੋ ਘਰ ਸੇ ਨਿਕਲਤੇ ਹੀ ਮਿਲ ਗਈ ਮੰਜ਼ਿਲ,
ਕੋਈ ਹਮਾਰੀ ਤਰਹ ਉਮਰ ਭਰ ਸਫਰ ਮੇਂ ਰਹਾ॥
ਕਿਤਨਾ ਆਸਾਂ ਥਾ ਤੇਰੇ ਹਿਜਰ ਮੇਂ ਮਰਨਾ ਜਾਨਾਂ,
ਫਿਰ ਭੀ ਇਕ ਉਮਰ ਲਗੀ ਜਾਨ ਸੇ ਜਾਤੇ ਜਾਤੇ॥
ਕਿਤਨੇ ਗਮ ਥੇ ਕਿ ਜ਼ਮਾਨੇ ਸੇ ਛੁਪਾ ਰੱਖੇ ਥੇ,
ਇਸ ਤਰਹ ਸੇ ਕਿ ਹਮੇਂ ਯਾਦ ਨਾ ਆਏ ਖੁਦ ਭੀ॥
ਆਸ਼ਿਕੀ ਮੇਂ ਮੀਰ ਜੈਸੇ ਖਾਬ ਮਤ ਦੇਖਾ ਕਰੋ,
ਬਾਵਲੇ ਹੋ ਜਾਓਗੇ ਮਹਤਾਬ ਮਤ ਦੇਖਾ ਕਰੋ॥
ਹਮਕੋ ਅੱਛਾ ਨਹੀਂ ਲਗਤਾ ਕੋਈ ਹਮਨਾਮ ਤੇਰਾ,
ਕੋਈ ਤੁਝਸਾ ਹੋ ਤੋ ਫਿਰ ਨਾਮ ਭੀ ਤੁਝਸਾ ਰੱਖੇ॥