ਖੇਤੀਬਾੜੀ, ਵੈਟਰਨਰੀ ਅਤੇ ਸਿਹਤ ਵਿਗਿਆਨ ਦੇ ਖੇਤਰ ਵਿਚ ਮੱਲਾਂ ਮਾਰਨ ਵਾਲਾ ਪੰਜਾਬੀ-ਅਮਰੀਕਨ ਵਿਗਿਆਨੀ ਡਾ.ਗੁਰਵਤਨ ਸਿੰਘ ਮੀਰਾਨਪੁਰੀ

ਡਾ. ਸਤਬੀਰ ਸਿੰਘ
ਸੀਨੀਅਰ ਸਹਾਇਕ ਪ੍ਰੋਫੈਸਰ
ਫੋਨ: +9198-880-29401
ਪੰਜਾਬ ਦੀ ਧਰਤੀ ਨੇ ਜਿੱਥੇ ਮਹਾਨ ਮਹਾਂਪੁਰਸ਼ਾਂ, ਕਵੀਆਂ, ਲਿਖਾਰੀਆਂ ਅਤੇ ਸੂਰਵੀਰ ਯੋਧਿਆਂ ਨੂੰ ਜਨਮ ਦਿੱਤਾ ਹੈ, ਉੱਥੇ ਹੀ ਇਸ ਨੇ ਵਿਸ਼ਵ ਪੱਧਰ ਦੇ ਪ੍ਰੋਫੈਸਰ, ਡਾਕਟਰ, ਇੰਜਨੀਅਰ ਅਤੇ ਵਿਗਿਆਨੀ ਵੀ ਪੈਦਾ ਕੀਤੇ ਹਨ। ਸਿੱਖਿਆ, ਖੋਜ ਅਤੇ ਵਿਗਿਆਨ ਦੇ ਖੇਤਰ ਵਿਚ ਪੰਜਾਬੀਆਂ ਨੇ ਵਿਸ਼ਵ ਪੱਧਰ `ਤੇ ਮੱਲਾਂ ਮਾਰੀਆਂ ਹਨ।

ਅਜਿਹੀ ਹੀ ਇਕ ਪੰਜਾਬੀ ਖੋਜੀ ਸ਼ਖਸੀਅਤ ਹਨ ਡਾ. ਗੁਰਵਤਨ ਸਿੰਘ ਮੀਰਾਨਪੁਰੀ। ਡਾ. ਮੀਰਾਨਪੁਰੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਖੇਤਰ ਨਾਲ ਸਬੰਧਤ ਹਨ। ਖੋਜ ਦੇ ਖੇਤਰ ਵਿਚ ਪੰਜਾਬ ਤੋਂ ਅਮਰੀਕਾ ਤਕ ਉਨ੍ਹਾਂ ਦਾ ਪੁੱਜਣਾ ਬਹੁਤ ਦਿਲਚਸਪ ਹੈ। ਉਹ ਅੱਜ-ਕੱਲ੍ਹ ਅਮਰੀਕਾ ਦੀ ਵਿਸਕਾਨਸਿਨ ਮੈਡੀਸਨ ਯੂਨੀਵਰਸਿਟੀ ਦੇ ਨਿਊਰੋਲੋਜੀਕਲ ਸਰਜਰੀ ਵਿਭਾਗ ਵਿਚ ਸੀਨੀਅਰ ਵਿਗਿਆਨਕ ਹਨ।
ਡਾ. ਗੁਰਵਤਨ ਸਿੰਘ ਮੀਰਾਨਪੁਰੀ ਦਾ ਜਨਮ 5 ਮਈ, 1948 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਨਜ਼ਦੀਕ ਪੈਂਦੇ ਪਿੰਡ ਮੀਰਾਨਪੁਰ ਵਿਚ ਹੋਇਆ।ਉਨ੍ਹਾਂ ਦੇ ਪਿਤਾ ਅਧਿਆਪਕ ਅਤੇ ਮਾਤਾ ਜੀ ਘਰੇਲੂ ਔਰਤ ਸਨ। ਆਪਣੇ ਦਸ ਭੈਣਾਂ-ਭਰਾਵਾਂ ਵਿਚੋਂ ਗੁਰਵਤਨ ਬਹੁਤ ਹੀ ਲਾਇਕ ਅਤੇ ਬੁੱਧੀਮਾਨ ਸਨ। ਆਪਣੀ ਮਿਹਨਤ ਅਤੇ ਪਿਤਾ ਜੀ ਦੇ ਮਾਰਗਦਰਸ਼ਨ ਸਦਕਾ ਉਹ ਯੂਨੀਵਰਸਿਟੀ ਪੜ੍ਹਨ ਲਈ ਪੁੱਜੇ। ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਵਧੀਆ ਤਰੀਕੇ ਨਾਲ ਪੜ੍ਹਨ ਲਈ ਪ੍ਰੇਰਦੇ ਅਤੇ ਉਨ੍ਹਾਂ ਨੂੰ ਪ੍ਰਕਾਸ਼ ਸੰਸਲੇਸ਼ਨ ਕਿਰਿਆ ਬਾਰੇ ਦੱਸਦੇ ਰਹਿੰਦੇ। ਉਨ੍ਹਾਂ ਦੀ ਰੀਝ ਸੀ ਕਿ ਗੁਰਵਤਨ ਖੇਤੀਬਾੜੀ ਅਤੇ ਪਸ਼ੂ-ਚਿਕਿਤਸਾ ਵਿਗਿਆਨ ਦੇ ਖੇਤਰ ਵਿਚ ਨਾਮਣਾ ਖੱਟੇ।
ਪਿਤਾ ਦੇ ਲਏ ਸੁਪਨੇ ਨੂੰ ਸਾਕਾਰ ਕਰਦਿਆਂ ਗੁਰਵਤਨ ਨੇ ਸੰਨ 1964 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਬੀ.ਐਸ.ਸੀ (ਖੇਤੀਬਾੜੀ ਅਤੇ ਪਸ਼ੂ-ਪਾਲਣ) `ਚ ਦਾਖਲਾ ਲੈ ਲਿਆ। ਗੁਰਵਤਨ ਨੇ ਇੱਥੇ ਕੰਮ ਕਰਦਿਆਂ ਖੇਤੀਬਾੜੀ ਅਤੇ ਪਸ਼ੂ-ਚਿਕਿਤਸਾ ਦੇ ਖੇਤਰ ਵਿਚ ਖੋਜ ਕਾਰਜ ਸ਼ੁਰੂ ਕਰ ਦਿੱਤੇ। ਅਗਲੇ ਸੱਤ ਸਾਲਾਂ ਭਾਵ ਸੰਨ 1975 ਤਕ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਐਮ.ਐਸ.ਸੀ. ਅਤੇ ਪੀ.ਐਚਡੀ. ਦੀਆਂ ਡਿਗਰੀਆਂ ਵੀ ਪ੍ਰਾਪਤ ਕਰ ਲਈਆਂ। ਲਗਨ ਅਤੇ ਅਣਥੱਕ ਮਿਹਨਤ ਸਦਕਾ ਉਨ੍ਹਾਂ ਨੂੰ ਸਰਕਾਰ ਵੱਲੋਂ ਸਮੇਂ-ਸਮੇਂ `ਤੇ ਫੈਲੋਸ਼ਿਪ ਵੀ ਪ੍ਰਦਾਨ ਕੀਤੀ ਗਈ। ਸਕਾਲਰਸ਼ਿਪ ਅਤੇ ਮੈਰਿਟ ਫੈਲੋਸ਼ਿਪ ਕਰਕੇ ਉਹ ਅਕਾਦਮਿਕ ਖੇਤਰ, ਖੋਜ ਖੇਤਰ ਵਿਚ ਹੋਰ ਤਰੱਕੀਆਂ ਕਰਦੇ ਚਲੇ ਗਏ। ਉਨ੍ਹਾਂ ਦੀ ਪੀ.ਐਚਡੀ. ਦੀ ਡਿਗਰੀ ਕੀਟ ਵਿਗਿਆਨ ਵਿਚ ਕੀਤੀ ਖੋਜ ਉਪਰ ਆਧਾਰਤ ਹੈ। 1976 ਵਿਚ ਉਨ੍ਹਾਂ ਨੂੰ ਆਸਾਮ ਯੂਨੀਵਰਸਿਟੀ, ਗੁਹਾਟੀ ਵਿਚ ਕੀਟ ਵਿਗਿਆਨਕ ਵਜੋਂ ਨੌਕਰੀ ਮਿਲ ਗਈ। ਇਹ ਪੋਸਟ ICAR ਦੇ ਖੋਜ ਪ੍ਰੋਜੈਕਟ ਵਿਚੋਂ ਦਿੱਤੀ ਗਈ ਸੀ। 1976 ਵਿਚ ਹੀ ਡਾ. ਗੁਰਵਤਨ ਸਿੰਘ ਭਾਰਤੀ ਖੇਤੀਬਾੜੀ ਖੋਜ ਸੇਵਾ ਲਈ ਨੌਜੁਆਨ ਵਿਗਿਆਨਕ ਵਜੋਂ ਚੁਣੇ ਗਏ। ਉਨ੍ਹਾਂ ਦੀ ਪੋਸਟਿੰਗ ਭਾਰਤੀ ਵੈਟਰਨਰੀ ਖੋਜ ਸੰਸਥਾ ਵਿਚ ਹੋ ਗਈ ਅਤੇ 1982 ਤੱਕ ਉਹ ਇੱਥੇ ਹੀ ਖੋਜਕਾਰ ਵਜੋਂ ਕੰਮ ਕਰਦੇ ਰਹੇ। ਇੱਥੇ ਉਨ੍ਹਾਂ ਨੇ ਪਸ਼ੂਆਂ ਦੀਆਂ ਕਈ ਤਰ੍ਹਾਂ ਦੀਆਂ ਨਵੀਆਂ ਬਿਮਾਰੀਆਂ ਅਤੇ ਇਲਾਜ ਬਾਰੇ ਖੋਜ ਕਾਰਜ ਕੀਤਾ। ਹੌਲੀ-ਹੌਲੀ ਉਨ੍ਹਾਂ ਨੂੰ ਬਾਹਰਲੇ ਮੁਲਕਾਂ ਵਿਚ ਖੋਜ ਕਾਰਜ ਕਰਨ ਲਈ ਸੱਦੇ-ਪੱਤਰ ਆਉਣ ਲੱਗੇ ਅਤੇ ਵੱਡੀਆਂ ਫੈਲੋਸ਼ਿਪ ਵੀ ਪ੍ਰਦਾਨ ਕੀਤੀਆਂ ਗਈਆਂ।ਬਾਹਰਲੇ ਮੁਲਕਾਂ ਦੀਆਂ ਵਿਸ਼ਵ-ਪੱਧਰੀ ਪ੍ਰਯੋਗਸ਼ਾਲਾਵਾਂ ਵਿਚ ਪਲਾਂਟਾਂ (ਰੁੱਖਾਂ) ਵਿਚ ਹੋਣ ਵਾਲੀ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਅਤੇ ਜਾਨਵਰਾਂ ਦੀਆਂ ਬਿਮਾਰੀਆਂ ਉੱਪਰ ਭਰਪੂਰ ਖੋਜ ਕਾਰਜ ਸੰਪੰਨ ਕੀਤੇ।
1982-83 ਦੌਰਾਨ ਹੀ ਉਨ੍ਹਾਂ ਨੂੰ ਈਡਨਬਰਗ ਯੂਨੀਵਰਸਿਟੀ, ਸਕਾਟਲੈਂਡ ਵਿਚ ਪੋਸਟ ਡਾਕਟਰੇਟ ਲਈ ਕਾਮਨਵੈਲਥ ਫੈਲੋਸ਼ਿਪ ਪ੍ਰਦਾਨ ਕੀਤੀ ਗਈ। ਖੋਜ ਕਾਰਜ ਕਰਦੇ ਕਰਦੇ 1983 ਦੇ ਅਖੀਰ ਵਿਚ ਉਹ ਅਮਰੀਕਾ ਚਲੇ ਗਏ। ਕੁਝ ਸਮਾਂ ਕੈਨੇਡਾ ਵਿਚ ਅਤੇ ਫਿਰ ਵਾਪਸ ਅਮਰੀਕਾ ਆ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। 1984-85 ਵਿਚ ਉਨ੍ਹਾਂ ਨੇ ਇਕ ਹੋਰ ਪੋਸਟ ਡਾਕਟਰੇਟ (ਫੋਗੈਰਟੀ ਫੈਲੋਸ਼ਿਪ) ਰਾਸ਼ਟਰੀ ਸਿਹਤ ਸੰਸਥਾਨ, ਇਲੀਨੋਇਸ ਯੂਨੀਵਰਸਿਟੀ, ਉਰਬਾਨਾ (ਸ਼ਿਕਾਗੋ), ਅਮਰੀਕਾ ਤੋਂ ਪੂਰੀ ਕੀਤੀ।ਉਨ੍ਹਾਂ ਦੇ ਖੋਜ ਕਾਰਜ ਵਿਸ਼ਵ ਦੇ ਨਾਮੀ ਖੋਜ-ਪੱਤਰਾਂ, ਮੈਗਜ਼ੀਨਾਂ, ਰਸਾਲਿਆਂ ਅਤੇ ਕਾਨਫਰੰਸਾਂ ਵਿਚ ਛਪਦੇ ਰਹੇ ਹਨ। ਉਨ੍ਹਾਂ ਦੇ 130 ਤੋਂ ਜ਼ਿਆਦਾ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ। ਇਨ੍ਹਾਂ ਵਿਚ ਉਨ੍ਹਾਂ ਅਤੇ ਹੋਰਨਾਂ ਵਿਗਿਆਨੀਆਂ ਦੇ ਖੋਜ-ਕਾਰਜਾਂ ਦਾ ਰੀਵਿਊ, ਕਿਤਾਬੀ ਚੈਪਟਰ ਅਤੇ ਜਰਨਲ ਪਬਲੀਕੇਸ਼ਨ ਮੁੱਖ ਹਨ।ਖੇਤੀਬਾੜੀ ਅਤੇ ਕੀਟ-ਵਿਗਿਆਨ ਦੇ ਖੇਤਰ ਵਿਚ ਉਨ੍ਹਾਂ ਨੇ ਹੁਣ ਤਕ ਸੈਂਕੜੇ ਵਿਦਿਆਰਥੀਆਂ ਨੂੰ ਪੜ੍ਹਾਇਆ ਤੇ ਖੋਜ ਕਾਰਜਾਂ ਵੱਲ ਪ੍ਰੇਰਿਤ ਕੀਤਾ। 1993 ਵਿਚ ਉਨ੍ਹਾਂ ਨੂੰ ਵਿਸਕਾਨਸਿਨ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਅਤੇ ਨਾਮੀ ਵਿਗਿਆਨਕ ਡਾ. ਗੇਰਾਲਡ ਬੇਰਨ ਨੇ ਆਪਣੀ ਖੋਜ ਪ੍ਰਯੋਗਸ਼ਾਲਾ ਵਿਚ ਆ ਕੇ ਕੰਮ ਕਰਨ ਦਾ ਸੱਦਾ ਦਿੱਤਾ।ਇਹ ਵਿਭਾਗ ਮੈਡੀਕਲ-ਮਾਈਕਰੋਬਾਇਓਲੋਜੀ ਅਤੇ ਇਮੂਊਨੋਲੋਜੀ ਨਾਲ ਸਬੰਧਤ ਸੀ। ਡਾ.ਸਾਹਿਬ ਨੇ ਇਹ ਸੱਦਾ-ਪੱਤਰ ਸਵੀਕਾਰ ਕਰ ਲਿਆ ਅਤੇ ਵਿਸਕਾਨਸਿਨ ਮੈਡੀਸਿਨ ਯੂਨੀਵਰਸਿਟੀ ਜੁਆਇਨ ਕਰ ਲਈ। ਉਹ ਆਪਣੇ ਪਰਿਵਾਰ ਸਮੇਤ ਵਿਸਕਾਨਸਿਨ ਵਿਚ ਹੀ ਪੱਕੇ ਵਸ ਗਏ।
ਡਾ. ਗੁਰਵਤਨ ਸਿੰਘ ਕਹਿੰਦੇ ਹਨ ਕਿ ਉਹ ਖੋਜ ਕਾਰਜਾਂ ਪ੍ਰਤੀ ਅਭਿਲਾਸ਼ੀ ਸਨ, ਇਸ ਅਰਥ ਵਿਚ ਕਿ ਉਹ ਸਭ ਤੋਂ ਵਧੀਆ ਵਿਗਿਆਨੀ ਬਣਨਾ ਚਾਹੁੰਦੇ ਸਨ`। ਉਨ੍ਹਾਂ ਨੇ ਜੀਵ-ਜੰਤੂਆਂ, ਪਸ਼ੂਆਂ ਆਦਿ `ਤੇ ਜਿੰਨੇ ਵੀ ਖੋਜ ਕਾਰਜ ਕੀਤੇ, ਰਾਸ਼ਟਰੀ ਸਿਹਤ ਸੰਸਥਾ ਦੀ ਪ੍ਰਵਾਨਗੀ ਅਤੇ ਵਿਸ਼ਵ ਪੱਧਰੀ ਪ੍ਰੋਟੋਕੋਲਾਂ/ਸਟੈਂਡਰਡਜ਼ ਅਨੁਸਾਰ ਹੀ ਸੰਪੰਨ ਕੀਤੇ। ਦਵਾਈਆਂ ਉੱਪਰ ਕੰਮ ਕਰਦਿਆਂ ਵੀ ਉਨ੍ਹਾਂ ਨੇ ਵਿਸ਼ਵ ਪੱਧਰ ਦੀਆਂ ਰਿਪੋਰਟਾਂ ਮੁਤਾਬਕ ਖੋਜ ਕੀਤੀ। ਇਨ੍ਹਾਂ ਖੋਜ ਕਾਰਜਾਂ ਵਿਚ ਪਸ਼ੂਆਂ/ਜੀਵ-ਜੰਤੂਆਂ ਦੀ ਸਿਹਤ ਸੰਭਾਲ, ਰੱਖਿਆ, ਪੋਸਟ ਕੇਅਰ ਤੇ ਦਰਦ ਆਦਿ `ਤੇ ਕੰਮ ਵਿਸ਼ੇਸ਼ ਸਨ। ਡਾ. ਮੀਰਾਨਪੁਰੀ ਨੇ ਡਾ. ਡੇਨੀਅਲ ਕੇ. ਰੈਸਨਿਕ, ਜੋ ਕਿ ਅਮਰੀਕਾ ਦੇ ਪ੍ਰਸਿੱਧ ਨਿਊਰੋ ਸਰਜਨ ਹਨ, ਨਾਲ ਵੀ ਕੰਮ ਕੀਤਾ।ਉਨ੍ਹਾਂ ਨਾਲ ਖੋਜ ਕਾਰਜ ਕਰਦਿਆਂ ਇਹ ਪਤਾ ਲਗਾਇਆ ਕਿ ਰੀੜ੍ਹ ਦੀ ਹੱਡੀ ਦੇ ਜ਼ਖਮਾਂ ਕਰਕੇ ਨਿਊਰੋਪੈਥਿਕ ਦਰਦ ਕਿਉਂ ਹੁੰਦੀ ਹੈ ਅਤੇ ਇਸ ਦਾ ਇਲਾਜ ਕਿਵੇਂ ਕੀਤਾ ਜਾਣਾ ਸੰਭਵ ਹੈ। ਉਨ੍ਹਾਂ ਦੇ ਖੋਜ ਤਜਰਬੇ ਮੁਤਾਬਕ ਸੱਟ ਦੇ ਗੰਭੀਰ ਪੜਾਅ ਦੌਰਾਨ ਦਰਦ ਲਈ ਕੁਝ ਐਗੋਨਿਸਟ ਵਿਰੋਧੀ ਜ਼ੀਨ ਅਤੇ ਰਿਸੈਪਟਰ ਹੀ ਜ਼ਿੰਮੇਵਾਰ ਹੁੰਦੇ ਹਨ। ਉਨ੍ਹਾਂ ਨੇ ਚੂਹਿਆਂ ਦੇ ਮਾਡਲਾਂ `ਤੇ ਕੁਝ ਦਵਾਈਆਂ ਦੀ ਕਾਰਜਸ਼ੀਲ ਰਿਕਵਰੀ ਅਤੇ ਪ੍ਰਭਾਵਸ਼ੀਲਤਾ ਦਾ ਅਧਿਐਨ ਵੀ ਕੀਤਾ ਹੈ। ਅਧਰੰਗ ਅਤੇ ਰੀੜ੍ਹ ਦੀ ਹੱਡੀ ਦੀ ਸੱਟ ਦੌਰਾਨ ਮਰੀਜ਼ਾਂ ਦਾ ਬਚਾਅ ਕਿਵੇਂ ਕਰਨਾ ਹੈ, ਇਸ `ਤੇ ਵੀ ਡਾ. ਮੀਰਾਨਪੁਰੀ ਦਾ ਖੋਜ ਗਰੁੱਪ ਨਵੀਆਂ ਖੋਜਾਂ ਕਰ ਰਿਹਾ ਹੈ। ਇਸ ਲਈ ਫੰਡ ਇਕੱਠਾ ਕਰਨ ਵਾਸਤੇ ਉਨ੍ਹਾਂ ਨੇ ਕ੍ਰਿਸਟੋਫਰ ਰੀਵੇ ਫਾਊਂਡੇਸ਼ਨ ਵਿਚ ਵੀ ਅਪਲਾਈ ਕੀਤਾ।
ਡਾ[ਮੀਰਾਨਪੁਰੀ ਸਾਲ 2003 ਤੋਂ ਵਿਸਕਾਨਸਿਨ ਯੂਨੀਵਰਸਿਟੀ ਦੇ ਮੈਡੀਸਿਨ ਅਤੇ ਪਬਲਿਕ ਹੈਲਥ ਸਕੂਲ ਦੇ ਨਿਊਰੋਲੋਜੀ ਸਰਜਰੀ ਵਿਭਾਗ ਵਿਚ ਸੀਨੀਅਰ ਵਿਗਿਆਨੀ ਵਜੋਂ ਲਗਾਤਾਰ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੈਨੇਡਾ ਦੇ ਸਸਕੈਚਵਨ ਪ੍ਰਾਂਤ ਦੀ ਸਸਕਾਟੂਨ ਯੂਨੀਵਰਸਿਟੀ ਦੇ ਬਾਇਓ-ਕੀਟਨਾਸ਼ਕ ਖੋਜ ਪ੍ਰਯੋਗਸ਼ਾਲਾ ਵਿਚ ਖੋਜ ਵਿਗਿਆਨੀ ਅਤੇ ਡਿਪਟੀ ਡਾਇਰੈਕਟਰ ਵਜੋਂ ਕੰਮ ਕੀਤਾ। 1988-1993 ਤਕ ਉਨ੍ਹਾਂ ਨੇ ਇਸੇ ਯੂਨੀਵਰਸਿਟੀ ਦੇ ਅਪਲਾਈਡ ਮਾਈਕਰੋ ਬਾਇਓਲੋਜੀ ਅਤੇ ਫੂਡ ਸਾਇੰਸ ਵਿਭਾਗ ਵਿਚ ਸੀਨੀਅਰ ਪ੍ਰੋਫੈਸਰ ਵਜੋਂ ਕੰਮ ਕੀਤਾ। ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਵੀ ਬਹੁਤ ਕਾਰਜ ਕੀਤੇ। ਉਨ੍ਹਾਂ ਨੇ ਮਨੁੱਖੀ ਓਨਕੋਲੋਜੀ ਵਿਭਾਗ, ਮੈਡੀਕਲ ਮਾਈਕਰੋਬਾਇਓਲੋਜੀ ਵਿਭਾਗ, ਵੈਟਰਨਰੀ ਸਾਇੰਸ ਵਿਭਾਗ, ਵਿਸਕਾਨਸਿਨ ਮੈਡੀਕਲ ਕਾਲਜ, ਮੈਡੀਕਲ ਖੋਜ ਕੇਂਦਰ, ਕੈਂਸਰ ਕਲੀਨਿਕ ਕੇਂਦਰ, ਟੌਕਸੀਕੋਲੋਜੀ ਵਿਭਾਗ ਅਤੇ ਫਾਰਮਾਕੋਲੋਜੀ ਵਿਭਾਗ ਆਦਿ ਵਿਚ 1985-1988 ਤਕ ਖੋਜ ਨਾਲ ਸਬੰਧਤ ਕੰਮ ਕੀਤੇ। 1976-1982 ਤਕ ਉਨ੍ਹਾਂ ਨੇ ਭਾਰਤੀ ਵੈਟਰਨਰੀ ਖੋਜ ਕੇਂਦਰ, ਅੰਤਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੀ ਐਨਾਪਲਾਜ਼ਮੋਸਿਸ ਪ੍ਰਯੋਗਸ਼ਾਲਾ ਵਿਚ ਖੋਜ ਕਰਤਾ ਵਜੋਂ ਵੀ ਕੰਮ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਨੇ ਸਵੀਡਿਸ਼ ਅੰਤਰਰਾਸ਼ਟਰੀ ਵਿਕਾਸ ਪ੍ਰੋਜੈਕਟ `ਤੇ ਵੀ ਕੰਮ ਕੀਤਾ ਅਤੇ ਨਵੀਆਂ ਖੋਜਾਂ ਪੇਟੈਂਟ ਕਰਵਾਈਆਂ। 1975-76 ਦੌਰਾਨ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਸਹਾਇਕ ਖੋਜ ਕਰਤਾ ਵਜੋਂ ਕੰਮ ਕਰਦੇ ਰਹੇ। ਇੱਥੇ ਉਨ੍ਹਾਂ ਦੀ ਖੋਜ ਦਾ ਮੁੱਖ ਵਿਸ਼ਾ `ਏਕੀਕ੍ਰਿਤ ਕੀਟ ਕੰਟਰੋਲ` ਸੀ। ਡਾ. ਮੀਰਾਨਪੁਰੀ ਨੇ ਜੀਵ-ਜੰਤੂਆਂ ਦੀ ਜੀਨ ਥੈਰੇਪੀ, ਹੋਰ ਕਈ ਕਿਸਮ ਦੀਆਂ ਬਿਮਾਰੀਆਂ ਦੇ ਇਲਾਜ ਲਈ ਕਈ ਵੱਕਾਰੀ ਸੰਸਥਾਵਾਂ ਤੋਂ ਫੰਡ ਇਕੱਠੇ ਕਰ ਕੇ ਖੋਜ ਕਾਰਜ ਪੂਰੇ ਕੀਤੇ। 1993-2003 ਤਕ ਉਨ੍ਹਾਂ ਨੇ ਜੀਵ-ਜੰਤੂਆਂ ਦੇ ਇਲਾਜ ਲਈ ਕਾਫੀ ਖੋਜ-ਕਾਰਜਾਂ ਨੂ ਸਿਰੇ ਚੜ੍ਹਾਇਆ। ਉਨ੍ਹਾਂ ਦਾ ਇਕ ਖੋਜ ਕਾਰਜ ਕਿ `ਇੱਕ ਰਸਾਇਣ 2,3,7,8-ਟੈਟਰਾਕਲੋਰੋਡਾਈਬੈਨਜ਼ੋ-ਪੀ-ਡਾਇਓਕਸੀਨ ਦੀ ਵਰਤੋਂ ਨਾਲ ਛੋਟੇ ਜੀਵ-ਜੰਤੂਆਂ ਦੇ ਹੈਪੇਟੋਬਿਲਰੀ ਫੰਕਸ਼ਨ `ਤੇ ਕੀ ਪ੍ਰਭਾਵ ਪੈਂਦਾ ਹੈ` ਵਿਸ਼ਵ ਪੱਧਰ `ਤੇ ਕਾਫੀ ਸਲਾਹਿਆ ਗਿਆ। ਇਸ ਰਸਾਇਣ ਦਾ ਜੀਵਾਂ ਦੇ ਜਿਗਰ, ਦਿਲ ਅਤੇ ਦਿਮਾਗ `ਤੇ ਕੀ ਪ੍ਰਭਾਵ ਪੈਂਦਾ ਹੈ, ਬਾਰੇ ਕਾਫੀ ਦਿਲਚਸਪ ਖੋਜ ਕਾਰਜ ਕੀਤਾ ਗਿਆ। ਸਮੇਂ-ਸਮੇਂ `ਤੇ ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਕਾਫੀ ਫੰਡ ਵੀ ਮੁਹੱਈਆ ਕਰਵਾਏ। 1992 ਵਿਚ ਡਾ. ਮੀਰਾਨਪੁਰੀ ਨੂੰ ਪੀ[ਏ[ਯੂ, ਲੁਧਿਆਣਾ ਵਿਚ ਕੀਟ ਵਿਗਿਆਨ ਦੇ ਵਿਸ਼ੇ `ਤੇ ਬੇਮਿਸਾਲ ਖੋਜ-ਪੱਤਰ ਪੜ੍ਹਨ ਲਈ ਸਨਮਾਨਿਤ ਕੀਤਾ ਗਿਆ। 1970-2014 ਤਕ ਉਨ੍ਹਾਂ ਨੇ ਜੀਵਾਂ-ਪਸ਼ੂਆਂ ਅਤੇ ਮਨੁੱਖਾਂ ਦੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਨਵੀਆਂ ਖੋਜਾਂ ਕੀਤੀਆਂ ਅਤੇ ਕਈ ਮਾਡਲ ਵੀ ਪੇਸ਼ ਕੀਤੇ। 2003-2013 ਤਕ ਉਹ ਡਾ. ਡੇਨੀਅਲ਼ ਰੈਸਨਿਕ ਪ੍ਰਯੋਗਸ਼ਾਲਾ, ਵਿਸਕਾਨਸਿਨ ਵਿਚ ਮੁੱਖ ਫੈਕਲਟੀ ਐਡਵਾਈਜ਼ਰ ਅਤੇ ਪ੍ਰੋਫੈਸਰ ਵਜੋਂ ਵੀ ਕੰਮ ਕਰਦੇ ਰਹੇ।

ਸਭ ਤੋਂ ਵੱਕਾਰੀ ਫੈਲੋਸ਼ਿਪ ਉਨ੍ਹਾਂ ਨੂੰ (NIH ZogArty) ਵੱਲੋਂ ਪ੍ਰਦਾਨ ਕੀਤੀ ਗਈ। ਇਕ ਵਧੀਆ ਵਿਗਿਆਨੀ ਅਤੇ ਪ੍ਰੋਫੈਸਰ ਵਜੋਂ ਡਾ. ਮੀਰਾਨਪੁਰੀ ਨੂੰ ਕਾਇਨੈਟਿਕ ਫਾਊਂਡੇਸ਼ਨ ਫੈਲੋਸ਼ਿਪ ਐਵਾਰਡ (2013), ਹਿਲਡੇਲ ਫੈਕਲਟੀ ਰਿਸਰਚ ਫੈਲੋਸ਼ਿਪ ਐਵਾਰਡ, ਪੀ[ਐਚਡੀ[ ਖੋਜ ਮੈਂਟੌਰ ਐਵਾਰਡ, ਵਿਸਕਾਨਸਿਨ ਯੂਨੀਵਰਸਿਟੀ (2011), ਮੈਡੀਸਨ ਦੇ ਖੇਤਰ ਵਿਚ ਵਧੀਆ ਖੋਜ-ਕਾਰਜ ਐਵਾਰਡ, ਵਿਸਕਾਨਸਿਨ ਮੈਡੀਸਿਨ ਯੂਨੀਵਰਸਿਟੀ (2010), ਸਪਾਈਨ ਕਲੀਨਿਕਲ ਫੈਲੋਸ਼ਿਪ ਐਵਾਰਡ ਆਦਿ ਸਨਮਾਨਾਂ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪਸ਼ੂ-ਕਲਚਰ ਤੇ ਖੋਜ ਕਾਰਜ ਸਰਟੀਫਿਕੇਟ, ਪੂਨਾ ਯੂਨੀਵਰਸਿਟੀ, ਯੂਜੀਸੀ/ਡੀਐਸਟੀ, CÈIR ਪ੍ਰੋਜੈਕਟ ਐਵਾਰਡ ਆਦਿ ਵੀ ਮਿਲੇ।
ਅੱਜ-ਕੱਲ੍ਹ ਡਾ. ਸਾਹਿਬ ਅਤੇ ਉਨ੍ਹਾਂ ਦਾ ਪਰਿਵਾਰ ਅਮਰੀਕਾ ਦੇ ਵਿਸਕਾਨਸਿਨ ਸ਼ਹਿਰ ਵਿਚ ਰਹਿੰਦੇ ਹਨ। ਉਹ ਹੁਣ ਡਾ. ਆਜ਼ਮ ਅਹਿਮਦ ਦੀ ਨਿਊਰੋਸਰਜਰੀ ਪ੍ਰਯੋਗਸ਼ਾਲਾ ਵਿਚ ਸੀਨੀਅਰ ਵਿਗਿਆਨੀ ਹਨ। ਉਨ੍ਹਾਂ ਦੀ ਪਤਨੀ ਵੀ ਵਿਸਕਾਨਸਿਨ ਯੂਨੀਵਰਸਿਟੀ ਦੇ ਮੈਡੀਸਿਨ ਅਤੇ ਪਬਲਿਕ ਹੈਲਥ ਵਿਭਾਗ ਵਿਚ ਸਪੈਸ਼ਲਿਸਟ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦੇ ਦੋ ਪੁੱਤਰਾਂ ਨੇ ਵੀ ਵਿਸਕਾਨਸਿਨ ਮੈਡੀਸਿਨ ਯੂਨੀਵਰਸਿਟੀ ਤੋਂ ਡਾਕਟਰੀ ਕੀਤੀ ਹੈ। ਡਾ. ਮੀਰਾਨਪੁਰੀ ਵਿਸਕਾਨਸਿਨ ਗੁਰਦੁਆਰਾ ਸਿੱਖ ਸੁਸਾਇਟੀ ਦੇ ਪ੍ਰਧਾਨ ਵੀ ਹਨ।
ਪ੍ਰੋ[ (ਡਾ[) ਮਨਜੀਤ ਸਿੰਘ ਕੰਗ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਸਨ ਤਾਂ ਡਾ. ਮੀਰਾਨਪੁਰੀ ਨੂੰ ਸੱਦਿਆ ਗਿਆ ਅਤੇ ਉਨ੍ਹਾਂ ਦੇ ਖੋਜ-ਕਾਰਜਾਂ ਨੂੰ ਸਲਾਹਿਆ ਗਿਆ। ਡਾ. ਮੀਰਾਨਪੁਰੀ ਪਹਿਲੇ ਪੰਜਾਬੀ ਵਿਗਿਆਨੀ ਹਨ, ਜਿਨ੍ਹਾਂ ਨੇ ਤਿੰਨ ਖੋਜ ਖੇਤਰਾਂ: ਖੇਤੀਬਾੜੀ, ਪਸ਼ੂ-ਚਿਕਿਤਸਾ ਅਤੇ ਮਨੁੱਖੀ ਸਿਹਤ ਵਿਗਿਆਨ ਵਿਚ ਵਧੀਆ ਖੋਜ-ਕਾਰਜ ਕੀਤੇ ਹਨ। ਉਹ ਪੰਜਾਬ ਵਿਚ ਕਿਸਾਨਾਂ ਅਤੇ ਖੇਤੀਬਾੜੀ ਨਾਲ ਸਬੰਧਤ ਕਈ ਮੁੱਦਿਆਂ ਨੂੰ ਸੁਲਝਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਅੰਦਰ ਵਾਈਸ ਚਾਂਸਲਰ ਦੀ ਮਦਦ ਨਾਲ `ਬਾਇਓ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਉੱਤਮਤਾ ਦਾ ਕੇਂਦਰ` ਸਥਾਪਤ ਕਰਨਾ ਚਾਹੁੰਦੇ ਸਨ ਪਰ ਕਈ ਸਿਆਸੀ ਕਾਰਨਾਂ ਕਰਕੇ ਉਨ੍ਹਾਂ ਦਾ ਇਹ ਵੱਡਾ ਪ੍ਰੋਜੈਕਟ ਅਧੂਰਾ ਰਹਿ ਗਿਆ। ਆਪਣੇ 40 ਸਾਲਾਂ ਦੇ ਖੋਜ-ਕਾਰਜਾਂ ਦੌਰਾਨ ਉਨ੍ਹਾਂ ਨੇ 200 ਤੋਂ ਵੱਧ ਅੰਡਰ ਗਰੈਜੂਏਟ, ਮੈਡੀਕਲ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ। ਇੰਗਲੈਂਡ ਅਤੇ ਉੱਤਰੀ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਨਾਲ ਖੋਜ ਸਮਝੌਤੇ ਵੀ ਕੀਤੇ ਤਾਂ ਕਿ ਵਧੀਆ ਸਿੱਖਿਆ ਦਾ ਇੱਕ-ਦੂਜੀ ਯੂਨੀਵਰਸਿਟੀ ਨਾਲ ਆਦਾਨ-ਪ੍ਰਦਾਨ ਹੋ ਸਕੇ। ਇਨ੍ਹਾਂ ਸਮਝੌਤਿਆਂ ਵਿਚ ਉੱਨਤ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ/ਵਿਧੀਆਂ, ਜੀਵ-ਜੰਤੂ ਤੇ ਪਸ਼ੂ-ਚਿਕਿਤਸਾ ਅਤੇ ਮੈਡੀਕਲ ਵਿਗਿਆਨ ਦੀਆਂ ਨਵੀਆਂ ਪੈੜਾਂ ਪ੍ਰਮੁੱਖ ਸਨ।ਉਨ੍ਹਾਂ ਦੇ ਬਣਾਏ ਮਾਡਲ ਅਸਲ ਵਿਚ ਯੂ.ਕੇ ਅਤੇ ਕੈਨੇਡਾ ਵਿਚ ਜ਼ਿਆਦਾ ਵਰਤੇ ਜਾ ਰਹੇ ਹਨ ਤਾਂ ਕਿ ਖੇਤੀਬਾੜੀ ਵਿਭਿੰਨਤਾ, ਜੀਵ-ਜੰਤੂਆਂ ਦਾ ਸਹੀ ਵਿਸ਼ਲੇਸ਼ਣ ਅਤੇ ਉਨ੍ਹਾਂ ਦੇ ਕੁਦਰਤੀ ਸਮਤੋਲ ਦਾ ਮਾਡਲ ਸਿਹਤ ਦੀ ਗੁਣਵੱਤਾ ਦੇ ਉਦੇਸ਼ ਨਾਲ ਚੰਗੀ ਨਰੋਈ ਖੇਤੀਬਾੜੀ ਕ੍ਰਾਂਤੀ ਨੂੰ ਅਪਣਾਉਣ ਅਤੇ ਉਸ ਦਾ ਪਾਲਣ ਕਰਨ ਵਿਚ ਮਦਦ ਕਰੇ।
ਡਾ.ਮੀਰਾਨਪੁਰੀ ਮੁਤਾਬਕ 1960 ਦੀ ਹਰੀ ਕ੍ਰਾਂਤੀ ਦਾ ਮਾਡਲ ਖੁਰਾਕ ਲਈ ਅਨਾਜ ਦੇ ਉਤਪਾਦਨ ਦੀ ਮਾਤਰਾ ਨੂੰ ਵਧਾਉਣ ਦੇ ਉਦੇਸ਼ ਨਾਲ ਲਿਆਂਦਾ ਗਿਆ ਸੀ ਪਰ ਨਰੋਈ ਸਿਹਤ ਦੀ ਸਿਰਜਣਾ ਲਈ ਸਿਹਤਮੰਦ ਖੇਤੀਬਾੜੀ ਕ੍ਰਾਂਤੀ (ਫਸਲਾਂ ਦਾ ਅਜਿਹਾ ਮਾਡਲ ਵਿਕਸਿਤ ਕਰਨਾ ਜਿਸ ਵਿਚ ਕੀਟ-ਨਾਸ਼ਕ, ਖਾਦਾਂ, ਹੋਰ ਕਈ ਕਿਸਮ ਦੇ ਫਸਲੀ ਰਸਾਇਣ ਨਾ ਵਰਤੇ ਜਾਣ) ਆਉਣੀ ਸਮੇਂ ਦੀ ਮੁੱਖ ਲੋੜ ਹੈ। ਆਰਗੈਨਿਕ ਖੇਤੀ ਦਾ ਢਾਂਚਾ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਇਸ ਸਬੰਧੀ ਉਨ੍ਹਾਂ ਨੇ ਸਮੇਂ-ਸਮੇਂ `ਤੇ ਅਮਰੀਕਾ ਤੋਂ ਪੰਜਾਬ ਅਤੇ ਹਰਿਆਣਾ ਆ ਕੇ ਤਕਰੀਬਨ ਸਾਰੀਆਂ ਯੂਨੀਵਰਸਿਟੀਆਂ ਵਿਚ ਭਾਸ਼ਣ ਵੀ ਦਿੱਤੇ ਅਤੇ ਸਿਹਤਮੰਦ ਖੇਤੀ, ਵਧੀਆ ਸਾਫ ਵਾਤਾਵਰਨ, ਸਿਹਤਮੰਦ ਡੇਅਰੀ ਫਾਰਮਿੰਗ ਆਦਿ ਵਿਸ਼ਿਆਂ ਵਿਚ ਖੋਜ-ਕਾਰਜਾਂ ਨੂੰ ਵਧਾਉਣ `ਤੇ ਵੀ ਜ਼ੋਰ ਦਿੱਤਾ। ਉਹ ਪੰਜਾਬ ਵਿਚ ਤਕਨਾਲੋਜੀ ਅਤੇ ਨਵੀਆਂ ਵਿਗਿਆਨਕ ਵਿਧੀਆਂ ਦੀ ਸਹਾਇਤਾ ਨਾਲ ਨਵੇਂ ਖੇਤੀ, ਪਸ਼ੂ ਅਤੇ ਸਿਹਤ ਮਾਡਲ ਲਿਆਉਣ ਲਈ ਤਤਪਰ ਹਨ। ਉਹ ਚਾਹੁੰਦੇ ਹਨ ਕਿ ਪੰਜਾਬ ਦੇ ਨੌਜਵਾਨ ਸਿਹਤ, ਸਾਇੰਸ, ਖੇਤੀ-ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਅੱਗੇ ਨਿਕਲਣ ਅਤੇ ਪੰਜਾਬ ਅਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ। ਪੰਜਾਬ ਨੂੰ ਅਜਿਹੇ ਮਹਾਨ ਵਿਗਿਆਨੀ ਦੀਆਂ ਸੇਵਾਵਾਂ ਲੈਣ ਦੀ ਲੋੜ ਹੈ ਤਾਂ ਕਿ ਪੰਜਾਬ ਨੂੰ ਹੋਰ ਪ੍ਰਫੁੱੁਿਲਤ ਕੀਤਾ ਜਾ ਸਕੇ।